ਜੇ ਤੂੰ ਅਕਲਿ ਲਤੀਫ਼ ਹੈ ਕਾਲ਼ੇ ਲਿਖ ਨਾ ਲੇਖ ।
ਆਪਨੜੇ ਗਿਰੀਵਾਨ ਮਹਿ ਸਿਰ ਨੀਵਾਂ ਕਰ ਦੇਖ ।।
-- ਬਾਬਾ ਸ਼ੇਖ਼ ਫ਼ਰੀਦ ਜੀ


ਕਲਾਮ ਬੁੱਲ੍ਹੇ ਸ਼ਾਹ

ਬੁੱਲ੍ਹੇ ਨੂੰ ਲੋਕ ਮੱਤੀਂ ਦੇਂਦੇ ਬੁੱਲ੍ਹਿਆ ਤੂੰ ਜਾ ਬਹੁ ਮਸੀਤੀ
ਵਿਚ ਮਸੀਤਾਂ ਕੀ ਕੁਝ ਹੁੰਦਾ ਜੇ ਦਿਲੋਂ ਨਿਮਾਜ਼ ਨਾ ਕੀਤੀ
ਬਾਹਰੋਂ ਪਾਕ ਕੀਤੇ ਕੀ ਹੁੰਦਾ ਜੇ ਅੰਦਰੋਂ ਨਾ ਗਈ ਪਲੀਤੀ
ਬਿਨ ਮੁਰਸ਼ਦ ਕਾਮਲ ਬੁੱਲਿਆ ਤੇਰੀ ਐਵੇਂ ਗਈ ਇਬਾਦਤ ਕੀਤੀ



ਸੁਲਘਦਾ ਸੰਵਾਦ.......... ਨਜ਼ਮ/ਕਵਿਤਾ / ਦਰਸ਼ਨ ਬੁੱਟਰ ( ਸ਼੍ਰੋਮਣੀ ਕਵੀ )

(ਜਗਿਆਸਾ )

ਗੁਰੂਦੇਵ!
ਮੈਂ ਅਪਣੇ ਡਗਮਗਾਉਂਦੇ ਸਾਏ ਸਮੇਤ
ਤੇਰੀਆਂ ਵਿਸ਼ਾਲ ਚਾਨਣੀਆਂ ਦੇ
ਰੂਬਰੂ ਹੁੰਦੀ ਹਾਂ


ਪੈਰਾਂ ਹੇਠੋਂ ਖੁਰਦੀ ਜਾ ਰਹੀ
ਭੁਰਭੁਰੇ ਵਿਸ਼ਵਾਸਾਂ ਦੀ ਰੇਤ
ਮੈਂ ਮੁੰਤਜਿ਼ਰ ਹਾਂ
ਤੇਰੀ ਮੁੱਠੀ ਵਿਚਲੀ ਚੱਪਾ ਕੁ ਜ਼ਮੀਨ ਦੀ

ਜਦੋਂ ਵੀ ਤੇਰੇ ਸੁੱਚੇ ਬੋਲਾਂ ਨੂੰ
ਸੌਂਫੀਏ ਸਾਹਾਂ ਦੇ ਸਾਜ਼ 'ਤੇ ਗੁਣਗੁਣਾਉਂਦੀ ਹਾਂ
ਤਾਂ ਹਵਾ ਪਿਆਜ਼ੀ ਅਹਿਸਾਸ
ਮਨ ਦੀ ਮਿੱਟੀ 'ਚ
ਪੁੰਗਰਨ ਲੱਗ ਪੈਂਦੇ ਨੇ

ਰੂਹ ਦੀ ਸਰਦਲ 'ਤੇ
ਤੇਰੀ ਆਮਦ ਦਾ ਸੁਲੱਖਣਾ ਪਲ
ਲਕਸ਼ ਬਿੰਦੂ ਹੈ ਮੇਰੇ ਸਕੂਨ ਦਾ
ਤੇਰੀ ਸਹਿਜ ਤੱਕਣੀ
ਤ੍ਰਿਪਤ ਕਰਦੀ ਮਾਰੂਥਲੀ ਔੜਾਂ ਨੂੰ


ਮੈਂ ਤੈਨੂੰ ਪਾਣੀ ਵਾਂਗ
ਰੱਕੜਾਂ 'ਤੇ ਫੈਲਿਆ ਵੇਖਦੀ ਹਾਂ
ਮਹਿਕ ਵਾਂਗ ਫਿ਼ਜ਼ਾ 'ਚ ਘੁਲਿ਼ਆ ਤੱਕਦੀ ਹਾਂ

ਤੂੰ ਆਪਣੀ ਗਿਆਨ ਬਗੀਚੀ ਦੇ
ਦੋ ਫੁੱਲ ਮੇਰੇ ਕਾਸੇ 'ਚ ਪਾ
ਦਮ ਘੁਟਿਆ ਪਿਆ ਹੈ ਸੱਜਰੀ ਮਹਿਕ ਬਿਨਾਂ

ਤੂੰ ਆਪਣੀ ਸੁਲਘਦੀ ਖ਼ਾਮੋਸ਼ੀ ਨੂੰ
ਬੋਲਣ ਲਈ ਆਖ
ਅਨੁਭਵ ਦੇ ਸੂਖਮ ਪਲਾਂ ਦੀ ਕਥਾ ਛੇੜ

ਤੇ ਬਾਤ ਪਾ ਕੋਈ
ਵੇਦਾਂ ਕਤੇਬਾਂ ਤੋਂ ਪਾਰ ਦੀ
ਕਿ ਮੇਰੀ ਰਾਤ ਕਟ ਜਾਵੇ.......

(ਗੁਰੂਦੇਵ )

ਹੇ ਸਖੀ !
ਸੱਚ ਦੀ ਪਰਿਭਾਸ਼ਾ ਨੂੰ
ਲੋੜ ਨਹੀਂ ਸ਼ਬਦ ਜਾਲ਼ ਦੀ
ਤਬਸਰਿਆਂ ਦੀ ਦਿਲਕਸ਼ ਇਬਾਰਤ
ਨਹੀਂ ਹੈ ਜੀਵਨ ਦਾ ਫ਼ਲਸਫ਼ਾ

ਮੁਸਾਫਿ਼ਰ ਇਕੱਲਾ ਨਹੀਂ ਹੁੰਦਾ
ਜੇ ਕੋਈ 'ਬੋਲ ' ਹਮਸਫ਼ਰ ਹੋਵੇ
ਅਰਥਾਂ ਦੇ ਜੰਗਲ ਵਿਚ ਵਿਚਰਦੇ
ਸੁੱਚੇ ਸ਼ਬਦ
ਮਸਤਕਾਂ ਨੂੰ ਚੀਰ ਕੇ ਰਾਹ ਲੱਭਦੇ

ਹਨੇਰਿਆਂ 'ਚ ਕੈਦ ਧੜਕਦੇ ਸਾਏ
ਸੂਰਜ ਚੜ੍ਹਨ ਦਾ ਇੰਤਜ਼ਾਰ ਨਹੀਂ ਕਰਦੇ
ਅਪਣੇ ਨਕਸ਼ਾਂ 'ਚੋਂ
ਜਗਦੀਆਂ ਕਿਰਨਾਂ ਆਪ ਜਗਾਉਂਦੇ

ਤੂੰ ਮੇਰੇ ਨਾਲ਼ ਨਹੀਂ
ਮੇਰੀ ਬਾਤ ਵਿਚਲੇ
ਕਿਰਦਾਰਾਂ ਨਾਲ਼ ਇਕਸੁਰ ਹੋ

ਅੱਖਾਂ ਮੀਟ ਯਕੀਨ ਕਰੀਂ
ਹਵਾ 'ਚ ਤੈਰਦੇ ਮੇਰੇ ਬੋਲਾਂ 'ਤੇ
ਇਨ੍ਹਾਂ 'ਤੇ ਪੈਰ ਧਰਦੀ
ਚੜ੍ਹ ਜਾਵੀਂ
ਤਲਾਸ਼ ਦੀ ਸਿਖਰਲੀ ਮੰਜਿ਼ਲ 'ਤੇ

ਕੋਈ ਕੋਈ ਸਫ਼ਰ
ਪੈਰਾਂ ਨਾਲ਼ ਨਹੀਂ
ਸਿਰਾਂ ਨਾਲ਼ ਤੈਅ ਕਰੀਦਾ
ਪੈਰਾਂ ਹੇਠਲੇ ਰਾਹਾਂ ਤੋਂ ਪਹਿਲਾਂ
ਸੋਚਾਂ ਵਿਚੋਂ ਸੂਲਾਂ ਚੁਗੀਦੀਆਂ

ਸੱਚ ਦੇ ਕੇਸਰੀ ਫੁੱਲ
ਪੁੰਗਰਦੇ ਨੇ
ਸੂਹੇ ਸੁਫ਼ਨਿਆਂ ਦੀਆਂ ਵਾਦੀਆਂ ਅੰਦਰ
ਜੇ
ਰੂਹ ਦੀ ਪਾਕੀਜ਼ਗੀ ਕੋਲ਼ ਕੋਲ਼ ਹੋਵੇ......


ਦੀਵੇ.......... ਗ਼ਜ਼ਲ / ਰਾਜਿੰਦਰਜੀਤ

ਮਸਾਣਾਂ ਜਾਂ ਮੜ੍ਹੀਆਂ 'ਤੇ ਬਾਲਾਂਗੇ ਦੀਵੇ
ਘਰਾਂ ਦੇ ਕਦੋਂ ਪਰ ਸੰਭਾਲਾਂਗੇ ਦੀਵੇ

ਹਨੇਰੇ ਦੇ ਜਦ ਵੀ ਤੁਸੀਂ ਬੀਜ ਬੀਜੇ
ਅਸੀਂ ਵੀ ਘਰਾਂ 'ਚ ਉਗਾ ਲਾਂਗੇ ਦੀਵੇ


ਲਗਾਵਾਂਗੇ ਮੱਥੇ 'ਤੇ ਦੀਵੇ ਦੀ ਮੂਰਤ
ਬਸ ਏਦਾਂ ਅਸੀਂ ਵੀ ਕਹਾਲਾਂਗੇ ਦੀਵੇ

ਗਤੀ ਜੇ ਹਵਾਵਾਂ ਦੀ ਇਸ ਤੋਂ ਵਧੇਗੀ
ਤਾਂ ਹਿੱਕਾਂ ਦੇ ਅੰਦਰ ਛੁਪਾ ਲਾਂਗੇ ਦੀਵੇ

ਰਹੇ ਜਦ ਨਾ ਹਾਣੀ ਅਸੀਂ ਰੌਸ਼ਨੀ ਦੇ
ਤਾਂ ਆਪੇ ਹੀ ਅਪਣੇ ਬੁਝਾ ਲਾਂਗੇ ਦੀਵੇ



ਬਹੁਤ ਖੂ਼ਬ.......... ਗ਼ਜ਼ਲ / ਜਸਪਾਲ ਘਈ

ਖ਼ੂਨ ਸਿੰਮਦਾ ਹੈ ਤਾਂ ਬਣਦੇ ਨੇ ਇਹ ਅਸ਼ਆਰ, ਬਹੁਤ ਖੂ਼ਬ
ਯਾਨੀ ਚੁਭਿਆ ਹੀ ਰਹੇ ਦਿਲ 'ਚ ਸਦਾ ਖ਼ਾਰ, ਬਹੁਤ ਖ਼ੂਬ

ਅਪਣੇ ਚਿਹਰੇ 'ਚ ਨਜ਼ਰ ਆਇਆ ਜਾਂ ਮੁਜਰਮ ਤਾਂ ਗਏ ਚੌਂਕ
ਹੁਣ ਕਟਹਿਰਾ ਹੈ, ਤੇ ਸ਼ੀਸ਼ੇ ਨੇ ਗੁਨਾਹਗਾਰ, ਬਹੁਤ ਖ਼ੂਬ


ਜਿਸ ਨੇ ਪੰਜ ਸਾਲ ਨ ਪਾਈ ਮਿਰੇ ਕਾਸੇ 'ਚ ਕਦੇ ਖ਼ੈਰ
ਉਹ ਮੇਰੇ ਦਰ 'ਤੇ ਖੜ੍ਹੈ ਬਣ ਕੇ ਤਲਬਗਾਰ, ਬਹੁਤ ਖੂ਼ਬ

ਜੋ ਖ਼ੁਦਾ ਨੇ ਸੀ ਅਤਾ ਕੀਤੇ ਗੁਜ਼ਰ ਹੀ ਗਏ ਦਿਨ ਚਾਰ
ਬੇਕਰਾਰੀ 'ਚ ਕਟੇ ਭਾਵੇਂ, ਕਟੇ ਯਾਰ, ਬਹੁਤ ਖੂਬ

ਨਜ਼ਮ ਅੰਦਰ ਵੀ ਤਲਾਸ਼ੇ, ਤੇ ਗ਼ਜ਼ਲ ਵਿਚ ਵੀ ਕਰੀ ਭਾਲ਼
ਅਰਥ ਲਫ਼ਜ਼ਾਂ ਦੇ ਮਿਲੇ ਆਰ ਕਦੇ ਪਾਰ, ਬਹੁਤ ਖੂ਼ਬ

ਦਾਦ ਮਿਲਦੀ ਤਾਂ ਹੈ, ਲੇਕਿਨ ਕਦੇ ਏਦਾਂ ਵੀ ਮਿਲੇ ਦਾਦ
ਸਿ਼ਅਰ ਖੁ਼ਦ ਉਠ ਕੇ ਪੁਕਾਰਨ ਕਿ ਐ ਫ਼ਨਕਾਰ, ਬਹੁਤ ਖੂ਼ਬ


ਯੇਹ ਕੰਬਖ਼ਤ ਇਸ਼ਕ.......... ਵਿਅੰਗ / ਮਿੰਟੂ ਬਰਾੜ

ਇਸ਼ਕ ਨੇ ਗ਼ਾਲਬ ਨਿਕੰਮਾ ਕਰ ਦੀਆ,
ਵਰਨਾ ਹਮ ਵੀ ਆਦਮੀ ਥੇ ਕਾਮ ਕੇ।
ਮਿਰਜ਼ਾ ਗ਼ਾਲਬ ਸਾਹਿਬ ਨੇ ਸ਼ਾਇਦ ਜਦੋਂ ਇਹ ਸ਼ੇਅਰ ਲਿਖਿਆ ਹੋਣਾ ਤਾਂ ਉਨ੍ਹਾਂ ਕਦੇ ਨਹੀਂ ਸੋਚਿਆ ਹੋਣਾ ਕੇ ਇਹ ਰਹਿੰਦੀ ਦੁਨੀਆ ਤੱਕ ਸਿਰ ਚੜ੍ਹ ਕੇ ਬੋਲਦਾ ਰਹੇਗਾ। ਉਂਜ ਤਾਂ ਕਹਿੰਦੇ ਹਨ ਕੇ ਚੰਗਾ ਸ਼ੇਅਰ ਉਹ ਹੁੰਦਾ ਜੋ ਹਰ ਇਕ ਨੂੰ ਆਪਣਾ-ਆਪਣਾ ਜਿਹਾ ਲੱਗੇ ਤੇ ਸੱਚ ਦੇ ਕਰੀਬ ਹੋਵੇ।

ਮੌਜੂਦਾ ਵਕਤ ਚ ਜੇ ਇਹ ਸ਼ੇਅਰ ਪੜ੍ਹਨ ਦਾ ਸਚਮੁਚ ਹੱਕਦਾਰ ਕੋਈ ਹੈ ਤਾਂ ਉਹ ਹੈ ਬਜ਼ੁਰਗ ਕਾਂਗਰਸੀ ਨੇਤਾ,ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਭਜਨ ਲਾਲ ਤੇ ਸਾਬਕਾ ਮੰਤਰੀ ਸ੍ਰੀਮਤੀ ਜਸਮਾ ਦੇਵੀ ਜੀ ਦਾ ਹੋਣਹਾਰ, ਸਭ ਤੋਂ ਵੱਡਾ ,ਕਾਲਕਾ ਹਲਕੇ ਤੋਂ ਲਗਾਤਾਰ ਤਿੰਨ ਵਾਰ ਜਿੱਤਿਆ ਐਂਮ.ਐਂਲ.ਏ. ਤੇ ਭੂਪਿੰਦਰ ਸਿੰਘ ਹੁੱਡਾ ਸਰਕਾਰ ਦਾ ਉਪ ਮੁੱਖ ਮੰਤਰੀ ਜਨਾਬ ਚੰਦਰ ਮੋਹਨ ਉਰਫ਼ ਚਾਂਦ ਮੁਹੰਮਦ ਹੀ ਹੈ।ਮੈਨੂੰ ਨਹੀਂ ਲਗਦਾ ਕਿ ਤੁਹਾਨੂੰ ਕਿਉਂ ਕਹਿਣਾ ਪਵੇ, ਕਿਉਂਕਿ ਜਨਾਬ ਹੋਰਾਂ ਦਾ ਇਸ਼ਕ ਹੁਣ ਕੋਈ ਲੁਕਿਆ ਨਹੀਂ। ਜੇ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਖ਼ਬਰਾਂ ਵਾਲੇ ਚੈਨਲਾਂ ਕੋਲ ਕੋਈ ਮਸਾਲੇਦਾਰ ਖ਼ਬਰ ਹੈ ਤਾਂ ਉਹ ਚੰਦਰ ਮੋਹਨ ਉਰਫ਼ ਚਾਂਦ ਮੁਹੰਮਦ ਤੇ ਅਨੁਰਾਧਾ ਬਾਲੀ ਉਰਫ਼ ਫਿਜ਼ਾ ਦੇ ਇਸ਼ਕ ਦੇ ਕਿੱਸੇ ਹੀ ਤਾਂ ਹਨ। ਤੇ ਹੋਵੇ ਵੀ ਕਿਉਂ ਨਾ, ਇਹੋ ਜਿਹੇ ਕਿੱਸੇ ਕੋਈ ਰੋਜ਼-ਰੋਜ਼ ਥੋੜ੍ਹਾ ਹੀ ਬਣਦੇ ਹਨ।ਸਦੀਆਂ ਲਗ ਜਾਂਦੀਆਂ ਇੰਨਾ ਨੂੰ ਹੋਂਦ ਚ ਆਉਂਦਿਆਂ।
ਤੁਸੀ ਹੁਣ ਆਪ ਹੀ ਦੇਖ ਲਓ ਪਤਾ ਨਹੀਂ ਕਿਹੜੇ ਯੁਗੜਿਆਂ ਦੀ ਗੱਲ ਹੈ ਜਦੋਂ ਰਾਂਝੇ ਨੇ ਤਖ਼ਤ ਹਜ਼ਾਰਾ ਛਡਿਆ ਵੀ ਸੀ ਕਿ ਨਹੀਂ? ਤੇ ਪਤਾ ਨਹੀਂ ਕਦੋਂ ਮਿਰਜ਼ੇ ਨੇ ਆਪਣਾ ਰਾਜ ਭਾਗ ਤਿਆਗਿਆ ਸੀ ਕਿ ਨਹੀਂ? ਮੇਰਾ ਇਥੇ ਸਾਡੇ ਮਹਾਨ ਕਿੱਸਾਕਾਰਾਂ ਤੇ ਸ਼ੱਕ ਕਰਨਾ ਜਾਂ ਕੋਈ ਉਂਗਲੀ ਉਠਾਉਣ ਦਾ ਮਕਸਦ ਨਹੀਂ, ਮੈਂ ਤਾਂ ਸਿਰਫ਼ ਇਹ ਹੀ ਜਤਾਉਣਾ ਚਾਹੁੰਦਾ ਹਾਂ ਕੇ ਜੋ ਆਪਾਂ ਅੱਖੀਂ ਨਹੀਂ ਦੇਖਿਆ ਉਸ ਤੇ ਥੋੜ੍ਹਾ ਬਹੁਤ ਤਾਂ ਕਿੰਤੂ-ਪ੍ਰੰਤੂ ਹੋ ਹੀ ਜਾਂਦਾ ।
ਪਰ ਇਥੇ ਤਾਂ ਅੱਜ ਦੇ ਇਸ ਇੰਦਰ ਨੇ ਸਚਮੁਚ ਹੀ ਆਪਣੀ ਬੇਗੋ ਲਈ ਆਪਣੀ ਹੱਟੀ ਨੂੰ ਅੱਗ ਲਾ ਲਈ ਹੈ।ਰਾਂਝੇ ਤੇ ਮਿਰਜ਼ੇ ਵਰਗੇ ਤਾਂ ਹਾਲੇ ਰਾਜ ਭਾਗ ਦੇ ਦਾਅਵੇਦਾਰ ਹੀ ਸਨ ਪਰ ਇਹ ਜਨਾਬ ਤਾਂ ਆਪਣੇ ਸਿਰੋਂ ਤਾਜ ਵਗਾਹ ਕੇ ਆਏ ਹਨ। ਇਸ ਨੂੰ ਕਹਿੰਦੇ ਹਨ - ਤਿਆਗ ਤੇ ਜਦੋਂ ਇਹੋ ਜਿਹੇ ਕਿੱਸੇ ਮੌਜੂਦਾ ਸਮੇਂ ਚ ਹੋ ਰਹੇ ਹੋਣ ਤਾਂ ਟੀ.ਵੀ. ਚੈਨਲਾਂ ਵਾਲੇ ਇਨ੍ਹਾਂ ਨੂੰ ਨਾ ਦਿਖਾਉਣ ਤਾਂ ਵਿਚਾਰੇ ਆਸ਼ਕ ਸਾਹਿਬ ਦੀ ਕੁਰਬਾਨੀ ਤਾਂ ਅਜਾਈਂ ਹੀ ਚਲੀ ਜਾਣੀ ਸੀ।
ਲਓ ਜੇ ਹੁਣ ਆਪਾਂ ਵਿਸਥਾਰ ਨਾਲ ਦੇਖਦੇ ਹਾਂ ਕਿ ਇਹ ਸਭ ਕੁਝ ਹੋਇਆ ਕਿੱਦਾਂ ਤੇ ਇਸ ਦੇ ਵਿਸਥਾਰ ਚ ਜਾਣ ਲਈ ਚਾਰ ਕੁ ਦਹਾਕੇ ਪਿੱਛੇ ਮੁੜਨਾ ਪਊ। ਇਹ ਗੱਲ ਸੱਠ ਦੇ ਦਹਾਕੇ ਦੀ ਹੈ ਜਦੋਂ ਹਾਲੇ ਨਵਾਂ-ਨਵਾਂ ਹਰਿਆਣਾ ਹੋਂਦ ਚ ਆਇਆ ਸੀ ਓਸ ਟਾਈਮ ਬਿਸ਼ਨੋਈ ਭਾਈਚਾਰੇ ਨਾਲ ਸੰਬੰਧ ਰੱਖਣ ਵਾਲਾ ਇਕ ਪਰਵਾਰ ਜੋ ਕਿ ਵੰਡ ਸਮੇਂ ਜਿਲ੍ਹਾ ਬਹਾਵਲਪੁਰ ਪਾਕਿਸਤਾਨ ਤੋਂ ਉਂਠ ਕੇ ਓਦੋਂ ਦੇ ਸਾਂਝੇ ਪੰਜਾਬ ਦੇ ਹਿਸਾਰ ਜਿੱਲ੍ਹੇ ਦੀ ਆਦਮਪੁਰ ਮੰਡੀ ਵਿਚ ਆ ਵਸਿਆ ਸੀ ਤੇ ਹੌਲੀ-ਹੌਲੀ ਆਪਣੇ ਪੈਰ ਜਮਾਉਣ ਲਈ ਵਪਾਰ ਕਰਨ ਲੱਗਿਆ ਸੀ। ਇਸੇ ਪਰਵਾਰ ਦੇ ਇਕ ਅਣਥੱਕ ਤੇ ਮਿਹਨਤੀ ਨੌਜਵਾਨ ਨੇ ਵੱਡੀ ਮਿਹਨਤ ਕੀਤੀ। ਅੱਜ ਵੀ ਪ੍ਰਤੱਖ ਦਰਸ਼ੀ ਦੱਸਦੇ ਹਨ ਕਿ ਭਜਨ ਲਾਲ ਨਾ ਦਾ ਇਹ ਨੌਜਵਾਨ ਬੱਸਾਂ ਰਾਹੀਂ ਘਿਓ ਦੇ ਪੀਪੇ ਪੰਜਾਬ ਦੇ ਬਾਰਡਰ ਨਾਲ ਲਗਦੀ ਕਾਲਾਂ ਵਾਲੀ ਮੰਡੀ ਚ ਲਿਆ ਕੇ ਵੇਚਦਾ ਸੀ ਤੇ ਵਟਾਂਦਰੇ ਚ ਛੋਲੇ ਇਥੋਂ ਲੈ ਕੇ ਜਾਂਦਾ ਸੀ।(ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਭਜਨ ਲਾਲ ਸਾਈਕਲ ਉੱਤੇ ਪਿੰਡਾਂ ਵਿਚ ਕਪੜੇ ਵੇਚਿਆ ਕਰਦਾ ਸੀ।)
ਐਨੀ ਮਿਹਨਤ ਸਦਕਾ ਭਜਨ ਲਾਲ ਨੂੰ ਚੌਧਰੀ ਭਜਨ ਲਾਲ ਬਣਦੇ ਦੇਰ ਨਾ ਲੱਗੀ ਤੇ ਜਦੋਂ ਪੰਜਾਬ ਤੇ ਹਰਿਆਣਾ ਵੱਖ ਹੋਏ ਤਾਂ ਗ਼ੈਰ ਜਾਟ ਲੋਕਾਂ ਚ ਚੌਧਰੀ ਸਾਹਿਬ ਦੀ ਤੂਤੀ ਬੋਲਣ ਲੱਗ ਗਈ ਸੀ ਤੇ ਓਸ ਤੋਂ ਬਾਅਦ ਤਾਂ ਚੱਲ ਸੋ ਚੱਲ ਸੰਨ। 1979 ਚ ਆ ਕੇ ਉਹ ਹਰਿਆਣਾ ਦੇ ਪਹਿਲੀ ਵਾਰ ਮੁੱਖ ਮੰਤਰੀ ਬਣ ਗਏ। ਫੇਰ ਰਾਜੀਵ ਗਾਂਧੀ ਸਰਕਾਰ ਚ ਕੇਂਦਰੀ ਖੇਤੀ ਮੰਤਰੀ ਰਹੇ ਤੇ ਮੁੜ 1991 ਚ ਦੂਜੀ ਵਾਰ ਹਰਿਆਣਾ ਦੇ ਮੁੱਖ ਮੰਤਰੀ ਬਣੇ। ਵਾਰੀ ਤਾਂ ਤੀਜੀ ਵੀ ਇਨ੍ਹਾਂ ਦੀ ਆ ਗਈ ਸੀ ਪਰ ਇਸ ਵਾਰ ਕਾਂਗਰਸ ਕਿਸੇ ਜਾਟ ਨੂੰ ਮੁੱਖ ਮੰਤਰੀ ਦੀ ਗੱਦੀ ਤੇ ਬੈਠਾ ਦੇਖਣਾ ਚਾਹੁੰਦੀ ਸੀ। ਸੋ ਬਾਜ਼ੀ ਮਾਰ ਗਿਆ ਭੂਪਿੰਦਰ ਸਿੰਘ ਹੁੱਡਾ। ਪਰ ਦੂਜੇ ਪਾਸੇ ਪੁਰਾਣੇ ਤੇ ਟਕਸਾਲੀ ਕਦਾ ਵਰ ਭਜਨ ਲਾਲ ਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ ਸੀ। ਸੋ ਇਥੇ ਕਿਸਮਤ ਨੇ ਗੇੜਾ ਖਾਧਾ ਤੇ ਸਾਡੀ ਅਜ ਦੀ ਕਹਾਣੀ ਦੇ ਮੁੱਖ ਪਾਤਰ ਯਾਨੀ ਕਿ ਚੰਦਰ ਮੋਹਨ ਉਰਫ਼ ਚਾਂਦ ਮੁਹੰਮਦ ਦੇ ਹਿੱਸੇ ਹਰਿਆਣਾ ਦੇ ਉਪ ਮੁਖ ਮੰਤਰੀ ਦੀ ਕੁਰਸੀ ਆਈ।ਹੁਣ ਇਸ ਕਹਾਣੀ ਤੋਂ ਸਹਿਜੇ ਹੀ ਸਿੱਟਾ ਕੱਢਿਆ ਜਾ ਸਕਦਾ ਕਿ ਚਾਹੇ ਭਜਨ ਲਾਲ ਨੂੰ ਭਜਨੇ ਤੋਂ ਚੌਧਰੀ ਭਜਨ ਲਾਲ ਬਣਨ ਲਈ ਲੱਖ ਪਾਪੜ ਵੇਲਣੇ ਪਏ ਹੋਣ ਪਰ ਇਨ੍ਹਾਂ ਦੇ ਘਰ ਜੰਮੇ ਦੋਹਾਂ ਪੁੱਤਰਾਂ ਨੂੰ ਤਾਂ ਆਪਾਂ ਸਾਉਣ ਦੇ ਅੰਨ੍ਹੇ ਕਹਿ ਸਕਦੇ ਹਾਂ ਜਿਨ੍ਹਾਂ ਜਨਮ ਤੋਂ ਲੈ ਕੇ ਅੱਜ ਤੱਕ ਹਰਾ ਹੀ ਹਰਾ ਦੇਖਿਆ।
ਹੁਣ ਆਪਾਂ ਫੇਰ ਆਪਣੇ ਅਜ ਦੇ ਹੀਰੋ ਤੇ ਆਉਂਦੇ ਹਾਂ ਜਨਾਬ ਹੋਰਾਂ ਨੂੰ ਜੰਮਦਿਆਂ ਹੀ ਸਾਰੇ ਸੁਖ ਮਿਲੇ ਤੇ ਛੋਟੀ ਉਮਰੇ ਹੀ ਚੌਧਰ ਵੀ ਹੱਥ ਆ ਗਈ ਜਦੋਂ ਕਾਂਗਰਸ ਨੇ ਕਾਲਕਾ ਤੋਂ ਇਨ੍ਹਾਂ ਨੂੰ ਟਿਕਟ ਨਾਲ ਨਿਵਾਜ਼ ਦਿਤਾ। ਬਾਪ ਦੇ ਲਾਏ ਰੁੱਖ ਨੂੰ ਫਲ ਲੱਗਿਆ ਤੇ ਇਹ ਐਂਮ.ਐਂਲ.ਏ. ਜਿੱਤ ਗਏ। ਬੱਸ ਫੇਰ ਕੀ ਸੀ ਚੌਧਰ ਬਾਪ ਕੋਲੋਂ ਆਪ ਕੋਲ ਆਉਣ ਲੱਗ ਪਈ ਸੀ।ਬੱਸ ਇਸ ਤੋਂ ਬਾਅਦ ਹੀ ਕੋਈ ਘਾਲਾ ਮਾਲਾ ਹੋਇਆ ਜਦੋਂ ਇਕ ਵਕੀਲ ਕੁੜੀ 37 ਸਾਲਾ ਅਨੁਰਾਧਾ ਬਾਲੀ ਨੇ ਆ ਕੇ 43 ਸਾਲਾ ਜਨਾਬ ਚੰਦਰ ਮੋਹਨ ਸਾਹਿਬ ਹੋਰਾਂ ਦੇ ਦਿਲ ਤੇ ਦਸਤਕ ਦੇ ਦਿੱਤੀ ਤੇ ਪਤਾ ਨਹੀਂ ਕਦੋਂ ਜਨਾਬ ਬੱਬੂ ਮਾਨ ਹੋਰਾਂ ਦਾ ਗੀਤ “ਮੈਨੂੰ ਪਤਾ ਹੀ ਨਹੀਂ ਲੱਗਿਆ ਕਦ ਪਿਆਰ ਹੋ ਗਿਆ” ਗੁਣ ਗੁਨ੍ਹਾਉਣ ਲਗ ਪਏ।ਲਉ ਜੀ ਜੇ ਹੁਣ ਚੋਰੀ ਦਾ ਗੁੜ ਬੁੱਕਲ ਵਿਚ ਭੰਨ ਕੇ ਖਾਈ ਜਾਂਦੇ ਤਾਂ ਕੀਹਨੂੰ ਇਤਰਾਜ਼ ਹੋਣਾ ਸੀ। ਪਰ ਜਦੋਂ ਦੋ ਜਵਾਕਾਂ ਦਾ ਪਿਓ ਤੇ 18 ਵਰ੍ਹਿਆਂ ਤੋਂ ਵਿਚਾਰੀ ਸੀਮਾ ਰਾਣੀ ਨਾਲ ਵਿਆਹਿਆ ਬੰਦਾ ਸ਼ਰ੍ਹੇਆਮ ਇਸ਼ਕ ਫਰਮਾਏਗਾ ਤਾਂ ਵੀਰ ਇਹ ਵਿਚਾਰਾ ਮੀਡੀਆ ਕਿਥੇ ਜਾਵੇਗਾ। ਇਕ ਦਿਨ ਕਿਸੇ ਪੱਤਰਕਾਰ ਵੀਰ ਦੀ ਨਿਗਾਹ ਪੈ ਗਈ ਕੇ ਕਿੰਨੇ ਦਿਨ ਹੋ ਗਏ ਉਪ ਮੁਖ ਮੰਤਰੀ ਸਾਹਿਬ ਨੂੰ ਆਪਣੇ ਦਫ਼ਤਰ ਆਇਆ। ਸ਼ੁਰੂ-ਸ਼ੁਰੂ ਚ ਤਾਂ ਲੋਕਾਂ ਜਿਆਦਾ ਧਿਆਨ ਨਹੀਂ ਦਿੱਤਾ ਇਨ੍ਹਾਂ ਖ਼ਬਰਾਂ ਵੱਲ ਪਰ ਜਦੋਂ ਵਕਤ ਗੁਜ਼ਰਦਾ ਗਿਆ ਤਾਂ ਹਰ ਇਕ ਦਾ ਧਿਆਨ ਇਸ ਪਾਸੇ ਨੂੰ ਗਿਆ। ਬੇਸ਼ੱਕ ਪਰਵਾਰ ਕੋਲੋਂ ਇਹ ਗੱਲ ਲੁਕੀ ਨਹੀਂ ਸੀ ਪਰ ਇਹ ਉਦੋਂ ਜੱਗ ਜ਼ਾਹਰ ਹੋ ਗਈ ਜਦੋਂ ਇਕ ਦਿਨ ਮਜਨੂੰ ਜੀ ਆਪਣੀ ਲੈਲਾ ਨੂੰ ਲੈ ਕੇ ਮੀਡੀਆ ਦੇ ਸਾਹਮਣੇ ਆ ਗਏ ਤੇ ਕਹਿਣ ਲੱਗੇ “ਛੋੜ ਆਏ ਵੋ ਗਲੀਆਂ”
ਹੁਣ ਗੱਲ ਆ ਗਈ ਗਲੀਆਂ ਛੱਡਣ ਦੀ।ਘਰਦਿਆਂ ਤੋਂ ਬਿਨਾਂ ਕਿਸੇ ਨੂੰ ਕੀ ਇਤਰਾਜ਼ ਸੀ ਗਲੀਆਂ ਛੱਡਣ ਦਾ, ਬਾਕੀਆਂ ਲਈ ਤਾਂ ਮਸਾਲੇਦਾਰ ਖ਼ਬਰਾਂ ਹੀ ਸੀ ਇਹ ਕਾਂਡ, ਪਰ ਜਨਾਬ ਨੇ ਤਾਂ ਹੱਦ ਕਰ ਦਿੱਤੀ ਜਦੋਂ ਘਰ ਦੀਆਂ ਗਲੀਆਂ ਦੇ ਨਾਲ-ਨਾਲ ਆਪਣੇ ਧਰਮ ਦੀਆਂ ਗਲੀਆਂ ਵੀ ਛੱਡ ਦਿੱਤੀਆਂ, ਤੇ ਬੜੇ ਹੀ ਸ਼ਾਨ ਨਾਲ ਕੈਮਰਿਆਂ ਦੇ ਸਾਹਮਣੇ ਬੈਠ ਕੇ ਇਹ ਆਧੁਨਿਕ ਸੱਸੀ ਪੁੰਨੂੰ ਦੁਨੀਆ ਨੂੰ ਕਹਿ ਰਹੇ ਸੀ ਕੇ ਹੁਣ ਸਾਨੂੰ ਚੰਦਰ ਮੋਹਨ ਤੇ ਅਨੁਰਾਧਾ ਬਾਲੀ ਕਹਿ ਕੇ ਨਾ ਬੁਲਾਓ, ਅਸੀਂ ਤਾਂ ਹੁਣ ਇਸਲਾਮ ਧਾਰਨ ਕਰ ਲਿਆ ਤੇ ਚਾਂਦ ਮੁਹੰਮਦ ਤੇ ਫਿਜ਼ਾ ਬਣ ਗਏ ਹਾਂ।ਇਸ ਨੂੰ ਕਹਿੰਦੇ ਆ ਵਕਤ-ਵਕਤ ਦੇ ਰਾਗ। ਇਕ ਵਕਤ ਇਸ ਬਿਸ਼ਨੋਈ ਪਰਵਾਰ ਤੇ ਉਹ ਸੀ ਜਦੋਂ ਇੰਨਾ ਦੇ ਵਡੇਰਿਆਂ ਇਸਲਾਮ ਕਬੂਲਣ ਦੀ ਥਾਂ ਤੇ ਇਨ੍ਹਾਂ ਆਪਣੀ ਵਸੀ-ਵਸਾਈ ਦੁਨੀਆ ਛੱਡ ਦਿੱਤੀ ਸੀ ਤੇ ਗ਼ਰੀਬੀ ਨੂੰ ਗਲ ਲਾ ਲਿਆ ਸੀ। ਪਰ ਹੁਣ ਦੇਖੋ ਇਸ ਪੀੜ੍ਹੀ ਦਾ ਹਾਲ ! ਧਰਮ ਛੱਡ ਵੀ ਕੋਣ ਰਿਹਾ ਜਿਸ ਦੇ ਮੋਢਿਆਂ ਤੇ ਹਿੰਦੁਸਤਾਨ ਦੇ ਇਕ ਅਹਿਮ ਰਾਜ ਦਾ ਭਾਰ ਸੀ ਜੇ ਕੋਈ ਛੋਟਾ ਜੁਆਕ ਇੰਝ ਕਰਦਾ ਤਾਂ ਚਲੋ ਬਚਪਣਾ ਕਿਹਾ ਜਾ ਸਕਦਾ ਸੀ। ਹੁਣ ਇਸ ਨੂੰ ਤੁਸੀਂ ਕੀ ਕਹੋਗੇ? ਇਥੇ ਮੈਨੂੰ ਰਹਿ ਰਹਿ ਕੇ ਸਾਡੇ ਗੁਰੂ ਸਾਹਿਬਾਨਾਂ ਦੀਆਂ ਕੁਰਬਾਨੀਆਂ ਯਾਦ ਆ ਰਹੀਆਂ ਕਿ ਕਿਵੇਂ ਉਨ੍ਹਾਂ ਧਰਮ ਨੂੰ ਬਚਾਉਣ ਲਈ ਸਰਬੰਸ ਬਾਰ ਦਿਤਾ ਸੀ।ਵਾਰ-ਵਾਰ ਇਹ ਲਾਈਨਾਂ ਮੇਰੇ ਜਿਹਨ ਚ ਆ ਰਹੀਆਂ ਸੀ ਕਿ “ਨਾ ਕਹੂ ਅਬ ਕੀ ਨਾ ਕਹੂ ਤਬ ਕੀ, ਜੇ ਨਾ ਹੋਤੇ ਗੋਬਿੰਦ ਸਿੰਘ ਸੁੰਨਤ ਹੋਤੀ ਸਭ ਕੀ”ੇ। ਚਲੋ ਛੱਡੋ ਜੀ ਇਥੇ ਤਾਂ ਜਨਾਬ ਹੋਰਾਂ ਆਪਣੇ ਵੱਡ-ਵਡੇਰਿਆਂ ਦੀ ਲਾਜ ਨਹੀਂ ਰੱਖੀ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਕੁਰਬਾਨੀ ਤਾਂ ਇਹਨਾਂ ਲਈ ਦੂਰ ਦੀ ਗੱਲ ਹੈ।
ਇਹ ਕਹਾਣੀ ਇਥੇ ਹੀ ਖ਼ਤਮ ਹੋਣ ਵਾਲੀ ਨਹੀਂ, ਅਸਲੀ ਮੋੜ ਤਾਂ ਹੁਣ ਆਉਣੇ ਹਨ। ਲਓ ਜੀ ਜਦੋਂ ਜਨਾਬ ਹੋਰਾਂ ਮੀਡੀਆ ਸਾਹਮਣੇ ਗੱਲ ਖਿਲਾਰ ਹੀ ਦਿੱਤੀ ਤਾਂ ਬਾਕੀ ਪਰਵਾਰ ਤਾਂ ਪਹਿਲਾਂ ਹੀ ਤਿਆਰ ਬੈਠਾ ਸੀ। ਉਨ੍ਹਾਂ ਨੂੰ ਤਾਂ ਜਦੋਂ ਦੀਆਂ ਪਿਆਰ ਪੀਂਘਾ ਹੁਲਾਰੇ ਲੈ ਰਹੀਆਂ ਸਨ ਓਸੇ ਦਿਨ ਤੋਂ ਹੀ ਭਿਣਕ ਸੀ ਬੱਸ ਲੋਕ ਲੱਜੋਂ ਆਪਣੀ ਇੱਜ਼ਤ ਸਾਂਭੀ ਬੈਠੇ ਸਨ। ਫੇਰ ਕੀ ਸੀ ਬੁਲਾ ਲਈ ਚੌਧਰੀ ਭਜਨ ਲਾਲ ਜੀ ਨੇ ਵੀ ਪ੍ਰੈਂਸ ਕਾਨਫਰੰਸ ਆਪਣੇ ਛੋਟੇ ਮੁੰਡੇ ਕੁਲਦੀਪ ਬਿਸ਼ਨੋਈ ਨਾਲ ਮਿਲ ਕੇ ਤੇ ਕਰ ਦਿੱਤਾ ਬੇਦਖ਼ਲ ਤੇ ਨਾਲ ਦੀ ਨਾਲ ਹੀ ਮੁੱਖ ਮੰਤਰੀ ਹੁੱਡਾ ਸਾਹਿਬ ਨੇ ਵੀ ਕੁਰਸੀ ਖਿਸਕਾ ਲਈ ਉਪ ਮੁੱਖ ਮੰਤਰੀ ਵਾਲੀ, ਕਮਾਂਡੋ ਵਾਲੇ ਵੀ ਛੱਡ ਗਏ ਸਾਥ ਨਾਲ ਦੀ ਨਾਲ। ਪਰ ਜੇ ਹਾਲੇ ਸਾਥ ਸੀ ਤਾਂ ਫਿਜ਼ਾ ਦਾ ਜ਼ਰੂਰ ਸੀ। ਹੁਣ ਤੱਕ ਤਾਂ ਗੱਲਾਂ ਦੇ ਹਵਾਈ ਕਿਲ੍ਹੇ ਸਨ ਤੇ ਹੁਣ ਸ਼ੁਰੂ ਹੋ ਚੁੱਕਿਆ ਸੀ ਕੁਰਬਾਨੀਆਂ ਦਾ ਦੌਰ ਇਸ ਪ੍ਰੇਮੀ ਜੋੜੇ ਤੇ, ਫਿਜ਼ਾ ਤਾਂ ਚਲੋ ਜਿਵੇਂ ਤਿਵੇਂ ਇਕ ਮੱਧ ਵਰਗੀ ਜ਼ਿੰਦਗੀ ਚੋ ਦੀ ਲੰਘ ਕੇ ਆਈ ਸੀ। ਪਰ ਆਪਣੇ ਚਾਂਦ ਜੀ ਤਾਂ ਜਿਉਂ ਜੰਮੇ ਸੀ ਕਦੇ ਸੁੱਖ ਨਾਲ ਗ੍ਰਹਿਣ ਦੇਖਿਆ ਹੀ ਨਹੀਂ ਸੀ, ਹਾਲੇ ਤੱਕ ਹਵਾਵਾਂ ਰੁਮਕਦੀਆਂ ਰਹੀਆਂ ਸਨ ਝੱਖੜ ਤਾਂ ਪਹਿਲੀ ਬਾਰ ਝੁੱਲਿਆ ਸੀ ਜਨਾਬ ਹੋਰਾਂ ਦੀ ਜ਼ਿੰਦਗੀ ਚ, ਤੇ ਹੁਣ ਸੀ ਅਸਲੀ ਪਰਖ ਦੀ ਘੜੀ, ਇੱਕ ਰਾਜੇ ਮਹਾਰਾਜਿਆਂ ਜਿਹੀ ਜ਼ਿੰਦਗੀ ਜਿਉਣ ਵਾਲਾ ਇਕ ਦਮ ਇਕ ਛੋਟੇ ਜਿਹੇ ਫਲੈਟ ਚ ਬਿਨਾਂ ਕਿਸੇ ਜਾਇਦਾਦ ਦੇ ਇਕੱਲੇ ਪਿਆਰ ਰਸ ਚ ਡੁੱਬ ਕੇ ਦੇਖੋ ਕਿੰਨੇ ਦਿਨ ਲੰਘਾਉਂਦਾ? ਜਿਥੇ ਹੁਕਮ ਚਲਦੇ ਸੀ ਲੋਕਾਂ ਤੇ ਓਥੇ ਹੁਣ ਲੋਕਾਂ ਦੇ ਜ਼ਬਾਨੀ ਤੀਰ ਝੱਲਣੇ ਪੈਣੇ ਸੀ।
ਚਲੋ ਜੀ ਕਿਵੇਂ ਨਾ ਕਿਵੇਂ ਜ਼ਿੰਦਗੀ ਚੱਲਣ ਲੱਗ ਪਈ। ਜਨਾਬ ਲਗ ਪਏ ਆਪਣੇ ਵੋਟਰਾਂ ਨੂੰ ਭਰਮਾਉਣ ਤੇ ਕਹਿੰਦੇ ਇਸ ਬਾਰ ਤੁਹਾਡਾ ਚਾਂਦ ਫਿਜ਼ਾ ਨਾ ਦੀ ਬੱਦਲੀ ਦੇ ਓਹਲੇ ਬਹਿ ਕੇ ਤੁਹਾਡੀ ਸੇਵਾ ਕਰੇਗਾ ਤੇ ਆਉਣ ਵਾਲੇ ਵੋਟਾਂ ਚ ਤੁਸੀਂ ਫਿਜ਼ਾ ਨੂੰ ਜਿਤਾਉਣਾ ਹੈ। ਪਰ ਇਹ ਤਾਂ ਦੂਰ ਦੀਆਂ ਗੱਲਾਂ ਸੀ ਹਾਲੇ ਕਿਸਮਤ ਨੂੰ ਤਾਂ ਕੁਝ ਹੋਰ ਹੀ ਮਨਜ਼ੂਰ ਸੀ । ਇਥੇ ਮੈਂ ਕੁਝ ਦੋਸ਼ ਅੱਜ ਦੇ ਯੁੱਗ ਨੂੰ ਵੀ ਦੇਣਾ ਚਾਹਾਂਗਾ ਕਿਉਂਕਿ ਕੰਪਿਊਟਰ ਯੁੱਗ ਹੋਣ ਕਾਰਣ ਸਭ ਕੁਝ ਝੱਟ-ਪੱਟ ਹੋ ਜਾਂਦਾ ਸੋ ਰਾਂਝੇ ਨੇ ਤਾਂ ਕਹਿੰਦੇ ਆ ਕੇ ਬਾਰਾਂ ਸਾਲ ਮੱਝਾਂ ਚਰਾਉਣਾ ਚ ਹੀ ਲੰਘਾ ਦਿੱਤੇ ਸੀ। ਪਰ ਇਥੇ ਤਾਂ ਆਧੁਨਿਕ ਯੁੱਗ ਦੇ ਰਾਂਝੇ ਦੇ ਪੱਲੇ ਬਾਰਾਂ ਹਫ਼ਤੇ ਵੀ ਹੀਰ ਦੇ ਹੱਥ ਦੀ ਚੂਰੀ ਨਸੀਬ ਨਹੀਂ ਹੋਈ।ਜੱਗ-ਜਹਾਨ ਨੂੰ ਤਾਂ ਉਦੋਂ ਪਤਾ ਲੱਗਿਆ ਜਦੋਂ ਇਕ ਬਾਰ ਫੇਰ ਕੈਮਰਿਆਂ ਮੂਹਰੇ ਫਿਜ਼ਾ ਆਈ ਬੈਠੀ ਸੀ ਬੱਸ ਫ਼ਰਕ ਇੰਨਾ ਸੀ ਕਿ ਇਸ ਬਾਰ ਉਹ ਇਕੱਲੀ ਸੀ ਤੇ ਇਸ ਦਾ ਪੁੰਨੂੰ ਇਸ ਨੂੰ ਛੱਡ ਕੇ ਤੁਰ ਗਿਆ ਸੀ । ਸੱਸੀ ਵਿਚਾਰੀ ਧਾਹਾਂ ਮਾਰ-ਮਾਰ ਕੇ ਪੁੰਨੂੰ ਦੇ ਅਗਵਾ ਹੋਣ ਦਾ ਰੌਲਾ ਪਾ ਰਹੀ ਸੀ ਤੇ ਆਖੀਰ ਅੱਠ ਘੰਟਿਆਂ ਦੇ ਵਿਰਲਾਪ ਪਿਛੋਂ ਇਕ ਚੈਨਲ ਤੇ ਪੁੰਨੂੰ ਦੀ ਆਵਾਜ਼ ਸੁਣਨ ਨੂੰ ਮਿਲੀ ਕਿ ਮੈਂ ਕੋਈ ਬੱਚਾ ਨਹੀਂ ਜਿਸ ਨੂੰ ਅਗਵਾ ਕਰ ਲਿਆ ਹੈ। ਮੈਂ ਆਪਣੀ ਮਰਜ਼ੀ ਨਾਲ ਹਰਿਦੁਆਰ ਆਇਆ ਹਾਂ। ਪਰ ਸੱਚ ਤਾਂ ਕੁਝ ਹੋਰ ਹੀ ਸੀ ਜਨਾਬ ਦਾ ਮੋਬਾਈਲ ਕੋਈ ਹੋਰ ਹੀ ਲੋਕੇਸ਼ਨ ਦਿਖਾ ਰਿਹਾ ਸੀ।ਤੇ ਮੀਡੀਆ ਕਹਿੰਦਾ ਕਿ ਅਖੀਰ ਸ਼ਾਮ ਨੂੰ ਦਿੱਲੀ ਦੇ ਬੱਸ ਅੱਡੇ ਤੇ ਪੁਲਿਸ ਨੇ ਇਕ ਸ਼ੱਕੀ ਢੰਗ ਨਾਲ ਭੱਜ ਰਹੇ ਬੰਦੇ ਨੂੰ ਫੜਿਆ ਤਾਂ ਉਹ ਵਿਚਾਰਾ ਆਪਣਾ ਚਾਂਦ ਹੀ ਸੀ । ਦੇਖੋ ਕਿਸਮਤ ਦੇ ਰੰਗ ਯਾਰੋ ਕਿ ਇਨ੍ਹਾਂ ਦੇ ਬਜ਼ੁਰਗਾਂ ਨੇ ਬੱਸਾਂ ਤੇ ਧੱਕੇ ਖਾ-ਖਾ ਕੇ ਆਪਣੀ ਅਕਲ ਨਾਲ ਆਪਣੀ ਔਲਾਦ ਨੂੰ ਜਹਾਜ਼ਾਂ ਤੇ ਚੜ੍ਹਨ ਦੇ ਕਾਬਿਲ ਬਣਾ ਦਿੱਤਾ ਸੀ।ਪਰ ਅੱਗੇ ਔਲਾਦ ਦੇ ਦਿਮਾਗ਼ ਦੇ ਵਾਰੇ-ਵਾਰੇ ਜਾਈਏ ਜੋ ਜਹਾਜ਼ਾਂ ਨੂੰ ਛੱਡ ਕੇ ਫੇਰ ਬਸ ਅੱਡਿਆ ਤੇ ਭੱਜੀ ਫਿਰਦੀ ਹੈ। ।
ਇਸ ਕਹਾਣੀ ਦਾ ਅੰਤ ਹਾਲੇ ਆ ਵੀ ਨਹੀਂ ਸਕਦਾ ਕਿਉਂਕਿ ਹਾਲੇ ਇਹ ਲੇਖ ਲਿਖੇ ਜਾਣ ਤੱਕ ਜਾਰੀ ਹੈ ਤੇ ਪਲ-ਪਲ ਨਵੇਂ ਮੋੜ ਲੈ ਰਹੀ ਹੈ ਜਿਵੇਂ ਕਿ ਵਿਚਾਰੀ ਫਿਜ਼ਾ ਨੀਂਦ ਦੀਆਂ ਗੋਲੀਆਂ ਜਿਆਦਾ ਮਾਤਰਾ ਚ ਖਾਣ ਕਰਕੇ ਚੌਵੀ ਘੰਟੇ ਹਸਪਤਾਲ ਚ ਗੁਜਾਰ ਕੇ ਆਈ ਹੈ ਤੇ ਵਿਚਾਰੀ ਆਸ ਲਾਈ ਬੈਠੀ ਸੀ ਕੇ ਕਦੋਂ ਮੇਰਾ ਚੰਦ ਚੜ੍ਹੇਗਾ ਤੇ ਕਦੋਂ ਮੈਂ ਉਸ ਨੂੰ ਅਰਘ ਦੇਵਾਂਗੀ। ਪਰ ਵਿਚਾਰੀ ਇਹ ਭੁਲੀ ਬੈਠੀ ਸੀ ਕੇ ਜੋ ਚੰਦਰ ਆਪਣੀ ਸੀਮਾ ਚ (ਕੋਲ) ਨਹੀਂ ਰਹਿ ਸਕਿਆ ਉਹ ਚਾਂਦ ਫਿਜ਼ਾ ਦਾ ਵਿਹੜਾ ਕਦੋਂ ਰੁਸ਼ਨਾਉਣ ਲੱਗਿਆ।ਥੋੜ੍ਹੇ ਦਿਨ ਸਦਮੇ ਚ ਰਹਿਣ ਤੋਂ ਪਿਛੋਂ ਫਿਜ਼ਾ ਜੀ ਦੇ ਸ਼ੁਭ ਚਿੰਤਕਾਂ ਨੇ ਫੇਰ ਅਜ ਦੀ ਇਸ ਹੀਰ ਸਲੇਟੀ ਨੂੰ ਹੌਸਲਾ ਦਿਤਾ ਕੇ ਹੱਥ ਤੇ ਹੱਥ ਧਰ ਕੇ ਬੈਠੇ ਤੋਂ ਕੁੱਝ ਨਹੀਂ ਮਿਲਣ ਵਾਲਾ ਤੇ ਕੁੱਝ ਨਾ ਕੁੱਝ ਕਰਦੇ ਰਹਿਣਾ ਚ ਹੀ ਹੁਣ ਤਾਂ ਭਲਾਈ ਹੈ। ਸੋ ਫੇਰ ਆਪਣੇ ਚੈਨਲਾਂ ਵਾਲੇ ਵੀਰ ਜੋ ਕਿ ਬੜੀ ਕੁਰਬਾਨੀ ਕਰ ਰਹੇ ਸਨ ਚੋਬੀ ਘੰਟੇ ਫਿਜ਼ਾ ਦੇ ਦਰਵਾਜ਼ੇ ਮੂਹਰੇ ਕੁੱਝ ਨਵਾ ਤੇ ਚਟਪਟਾ ਹਾਸਿਲ ਕਰਨ ਲਈ ਨੂੰ ਕੁੱਝ ਰਾਹਤ ਆਈ ਜਦੋਂ ਇਸ ਹੀਰ ਨੇ ਰਾਂਝੇ ਤੇ ਪਤਾ ਨਹੀਂ ਕਿਹੜੀ ਮਜਬੂਰੀ ਬਸ ਤੇ ਦਿਲ ਤੇ ਪੱਥਰ ਧਰ ਕੇ ਅਗਵਾ ਤੇ ਬਲਾਤਕਾਰ ਜਿਹੇ ਦੋਸ਼ ਲਾ ਦਿੱਤੇ ਤੇ ਉਂਧਰ ਜਨਾਬ ਚਾਂਦ ਜੀ ਨੂੰ ਜਦ ਲੱਗੀ ਪੁਲਿਸ ਲੱਭਣ ਤਾਂ ਲੰਡਨੋਂ ਇਕ ਫੈਕਸ ਆਈ ਕੇ ਅਸੀਂ ਤਾਂ ਆਪਣਾ ਇਲਾਜ ਕਰਾਉਣ ਇਥੇ ਆਏ ਹਾਂ। ਮੇਰੇ ਜਿਹੇ ਨਾ ਸਮਝ ਫੇਰ ਚਕਰਾ ਚ ਪੈ ਗਏ ਕੇ ਕੱਲ ਤਕ ਤਾਂ ਜਨਾਬ ਹੋਰਾਂ ਕੋਲ ਦੁਆਨੀ ਨਹੀਂ ਸੀ ਤੇ ਇਹ ਲੰਦਨ ਪਤਾ ਨਹੀਂ ਕਿੰਞ ਪਹੁੰਚ ਗਏ ਤੇ ਦੂਜੀ ਦੁਚਿੱਤੀ ਇਹ ਸੀ ਕੇ ਕੱਲ ਤਕ ਦੇਖਣ ਨੂੰ ਤਾਂ ਚਾਂਦ ਜੀ ਬੜੇ ਲਿਸ਼ਕਾਰੇ ਮਾਰ ਰਹੇ ਸਨ ਇਹ ਹੁਣ ਕਿਹੜੀ ਬਿਮਾਰੀ ਚੰਬੜ ਗਈ? ਸੋਚ ਸੋਚ ਕੇ ਸਾਡੀ ਛੋਟੇ ਬੰਦਿਆ ਦੀ ਛੋਟੀ ਸੋਚ ਇਸ ਨਤੀਜੇ ਤੇ ਪਹੁੰਚੀ ਕੇ ਇਹ ਬਿਮਾਰੀ ਜਰੂਰ ਕੀਤੇ ਦਿਮਾਗ਼ ਚ ਹੋਵੇਗੀ ਨਹੀਂ ਤਾਂ ਭੱਲਾਂ ਇਕ ਪਿੰਡ ਦਾ ਸਰਪੰਚ ਆਪਣੀ ਕੁਰਸੀ ਛੱਡਣ ਨੂੰ ਤਿਆਰ ਨਹੀਂ ਹੁੰਦਾ ਤੇ ਇਹ ਤਾਂ ਇਕ ਮੋਹਰੀ ਸੂਬੇ ਦੇ ਡਿਪਟੀ ਮੁੱਖ ਮੰਤਰੀ ਦੀ ਕੁਰਸੀ ਦੇ ਲੱਤ ਮਾਰ ਕੇ ਭੱਜੇ ਹਨ। ਤਾਹੀ ਤਾਂ ਸੋਚਦਾ ਕੇ ਦਰੁਸਤ ਦਿਮਾਗ਼ ਨਾਲ ਤਾਂ ਇੰਝ ਫੈਸਲਾ ਨਹੀਂ ਹੋ ਸਕਦਾ।
ਮੈਨੂੰ ਤਾਂ ਲਗਦਾ ਇਹ ਫ਼ਸਲੀ ਬਟੇਰ ਸੀ ਜੋ ਚੋਗ ਚੁਗ ਕੇ ਉਡਾਰੀ ਮਾਰ ਚੁੱਕਿਆ।ਪਰ ਇਹ ਤਾਂ ਮੇਰੀ ਸੋਚ ਹੈ ਹਾਲੇ ਪਤਾ ਨਹੀਂ ਵਕਤ ਦੇ ਗਰਭ ਵਿਚ ਕੀ ਸੱਚ ਲੁਕਿਆ ਪਿਆ ਪਰ ਹੁਣ ਤੱਕ ਜੋ ਇਤਿਹਾਸ ਹੋ ਚੁੱਕਿਆ ਉਹ ਤਾਂ ਕੋਈ ਸਨਮਾਨ ਵਧਾਉਣ ਵਾਲਾ ਨਹੀਂ ਤਾਂਹੀਓਂ ਤਾਂ ਮੇਰੇ ਜਿਹੇ ਨਾ ਸਮਝ ਨੂੰ ਵੀ ਵਿਅੰਗ ਕਰਨ ਦਾ ਮੌਕਾ ਮਿਲ ਗਿਆ ਨਹੀਂ ਤਾਂ ਮੇਰੀ ਕੀ ਜੁਰਅਤ ਸੀ ਕਿ ਚੌਧਰੀ ਭਜਨ ਲਾਲ ਦੇ ਪਰਵਾਰ ਤੇ ਵਿਅੰਗ ਲਿਖ ਸਕਦਾ।ਅਖੀਰ ਵਿਚ ਮੀਡੀਆ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜੋ ਕਿ ਸਾਰੇ ਜਰੂਰੀ ਕੰਮ ਛੱਡ ਕੇ ਅੱਜ ਦੇ ਇਨ੍ਹਾਂ ਆਧੁਨਿਕ ਆਸ਼ਕਾਂ ਦੀਆਂ ਪ੍ਰੇਮ ਕਹਾਣੀਆਂ ਦਾ ਸਾਡੇ ਜਿਹੇ ਵਿਦੇਸ਼ਾਂ ਚ ਬੈਠੇ ਲੋਕਾਂ ਨੂੰ ਸਿੱਧਾ ਪ੍ਰਸਾਰਨ ਦਿਖਾ ਰਹੇ ਹਨ ਤੇ ਨਾਲ਼ੇ ਜਰੂਰੀ ਕੰਮਾਂ ਦਾ ਕੀ ਹੈ ਇਹ ਤਾਂ ਜਿੰਦਗੀ ਭਰ ਚਲਦੇ ਹੀ ਰਹਿਣੇ ਹਨ। ਭੱਲਾਂ ਕਦੇ ਇਹੋ ਜਿਹੇ ਆਸ਼ਕ ਰੋਜ-ਰੋਜ ਜੰਮਦੇ ਹਨ ?

ਹੋਰਾਂ ਲਈ ਨੇ.......... ਗ਼ਜ਼ਲ / ਜਸਵਿੰਦਰ

ਹੋਰਾਂ ਲਈ ਨੇ ਗਾਗਰਾਂ ਇਕ ਦੋ ਬਥੇਰੀਆਂ
ਤੇਰੀ ਨਦੀ ਤੋਂ ਮੇਰੀਆਂ ਤੇਹਾਂ ਲੰਮੇਰੀਆਂ

ਤੇਰੇ ਸ਼ਹਿਰ ਦੇ ਬਾਣੀਏ ਲੈ ਗਏ ਉਧਾਲ਼ ਕੇ
ਜਦ ਵੀ ਉਮੰਗਾਂ ਮੇਰੀਆਂ ਹੋਈਆਂ ਲਵੇਰੀਆਂ


ਚੰਗਾ ਭਲਾ ਸੀ ਓਸਨੂੰ ਇਕਦਮ ਕੀ ਹੋ ਗਿਆ
ਪਹਿਲਾਂ ਬਣਾਉਂਦਾ ਹੈ ਤੇ ਫਿਰ ਢਾਹੁੰਦਾ ਹੈ ਢੇਰੀਆਂ

ਹਾਲੇ ਵੀ ਸਦੀਆਂ ਬਾਅਦ ਹੈ ਕੰਬਦੀ ਦਰੋਪਤੀ
ਮਰਦਾਂ ਜੁਆਰੀਆਂ ਜਦੋਂ ਨਰਦਾਂ ਬਖੇ਼ਰੀਆਂ

ਏਧਰ ਤਾਂ ਨਾਗਾਂ ਘੇਰ ਲਏ ਚਿੜੀਆਂ ਦੇ ਆਲ੍ਹਣੇ
ਉੱਡੀਆਂ ਤਾਂ ਓਧਰ ਅੰਬਰੀਂ ਕਾਗਾਂ ਨੇ ਘੇਰੀਆਂ

ਉਹਨਾਂ ਨੂੰ ਗੂੰਗੇ ਵਕਤ ਨੇ ਸੁਕਰਾਤ ਨਾ ਕਿਹਾ
ਯਾਰਾਂ ਨੇ ਏਥੇ ਪੀਤੀਆਂ ਜ਼ਹਿਰਾਂ ਬਥੇਰੀਆਂ

ਧਰਤੀ ਨੂੰ ਕੱਜਣ ਵਾਸਤੇ ਪੁੰਨਿਆਂ ਦੀ ਰਾਤ ਨੂੰ
ਮਾਈ ਨੇ ਬਹਿ ਕੇ ਚੰਨ ‘ਤੇ ਕਿਰਨਾਂ ਅਟੇਰੀਆਂ




ਚੋਣਵੇਂ ਸਿ਼ਅਰ..........ਸਿ਼ਅਰ / ਰਣਬੀਰ ਕੌਰ

ਜ਼ਹਿਰ ਦਾ ਪਿਆਲਾ ਮੇਰੇ ਹੋਠਾਂ 'ਤੇ ਆ ਕੇ ਰੁਕ ਗਿਆ
ਰਹਿ ਗਿਆ ਮੇਰੇ ਅਤੇ ਸੁਕਰਾਤ ਵਿਚਲਾ ਫ਼ਾਸਿਲਾ
--ਸੁਰਜੀਤ ਪਾਤਰ

ਮੈਂ ਵਿਕ ਜਾਣਾ ਸੀ ਹੁਣ ਤਕ ਹੋਰ ਕਈਆਂ ਵਾਂਗਰਾਂ ਯਾਰੋ

ਮੇਰੀ ਅਪਣੀ ਖ਼ੁਦੀ ਨੇ ਮੈਨੂੰ ਸਸਤਾ ਹੋਣ ਨਾ ਦਿੱਤਾ
--ਸੁਨੀਲ ਚੰਦਿਆਣਵੀ

ਕਿਧਰ ਗਏ ਓ ਪੁੱਤਰੋ ਦਲਾਲਾਂ ਦੇ ਆਖੇ
ਮਰਨ ਲਈ ਕਿਤੇ ਦੂਰ ਮਾਂਵਾਂ ਤੋਂ ਚੋਰੀ
ਕਿਸੇ ਹੋਰ ਧਰਤੀ 'ਤੇ ਵਰ੍ਹਦਾ ਰਿਹਾ ਮੈਂ
ਤੇਰੇ ਧੁਖਦੇ ਖ਼ਾਬਾਂ ਤੇ ਚਾਵਾਂ ਤੋਂ ਚੋਰੀ
--ਸੁਰਜੀਤ ਪਾਤਰ

ਕੋਈ ਰੀਝ ਸੀਨੇ 'ਚ ਦਬ ਗਈ ਕੋਈ ਖ਼ਾਬ ਅੱਖਾਂ 'ਚ ਮਰ ਗਿਆ
ਤੇਰੀ ਬੇਰੁਖ਼ੀ ਨੂੰ ਖ਼ਬਰ ਨਹੀਂ ਮੇਰੇ ਦਿਲ 'ਤੇ ਕੀ ਕੀ ਗੁਜ਼ਰ ਗਿਆ
ਮੇਰੇ ਦੋਸਤਾਂ ਨੇ ਕਦਮ ਕਦਮ ਮੇਰੀ ਸੋਚਣੀ ਨੂੰ ਕੁਰੇਦਿਆ
ਮੈਂ ਸੰਭਲ ਗਿਆ, ਮੈਂ ਬਦਲ ਗਿਆ, ਮੈਂ ਸੰਵਰ ਗਿਆ, ਮੈਂ ਨਿਖ਼ਰ ਗਿਆ
--ਐੱਸ ਨਸੀਮ

ਦੁਨੀਆਦਾਰੀ ਇੰਜ ਪਰਚਾਇਆ,ਹੇਜ ਰਿਹਾ ਨਾ ਅੰਬਰ ਦਾ
ਦਰ ਖੁੱਲ੍ਹਾ ਹੈ ਪਰ ਵੀ ਨੇ ਪਰ ਸੀਨੇ ਵਿਚ ਪਰਵਾਜ਼ ਨਹੀਂ
--ਅਮਰੀਕ ਪੂੰਨੀ

ਜੇ ਤੁਰਨਾ ਸੱਚ ਦੇ ਰਸਤੇ ਤਾਂ ਇਹਦੇ ਹਰ ਪੜਾ ਉੱਤੇ
ਕਦੇ 'ਚਮਕੌਰ' ਆਏਗਾ ਕਦੇ 'ਸਰਹੰਦ' ਆਏਗਾ
--ਅਮਰਜੀਤ ਕੌਰ ਨਾਜ਼

ਅੱਥਰੂ ਹਰ ਅੱਖ ਦੇ ਕਰ ਕਰ ਇਕੱਤਰ ਦੋਸਤੋ
ਬਣ ਗਿਆ ਹੈ ਮੇਰਾ ਦਿਲ ਗ਼ਮ ਦਾ ਸਮੁੰਦਰ ਦੋਸਤੋ

ਰੰਗ, ਖੁਸ਼ਬੂ,ਰੌਸ਼ਨੀ ਤੇ ਪਿਆਰ ਲੈ ਆਇਆ ਹਾਂ ਮੈਂ
ਤੇਰੀ ਖ਼ਾਤਰ ਦੇਖ ਕੀ ਕੀ ਯਾਰ ਲੈ ਆਇਆ ਹਾਂ ਮੈਂ
--ਅਜਾਇਬ ਚਿੱਤਰਕਾਰ

ਪਿੰਡ ਦੀਆਂ ਗਲ਼ੀਆਂ.......... ਨਜ਼ਮ/ਕਵਿਤਾ / ਰਿਸ਼ੀ ਗੁਲਾਟੀ

ਮੇਰੇ ਪਿੰਡ ਕਾਸਮਭੱਟੀ
ਜਿਲ੍ਹਾ ਫਰੀਦਕੋਟ ਦਾ
ਸੂਰਘੁਰੀ ਦੇ ਰਾਹ ਤੇ ਪੈਂਦਾ ਛੱਪੜ
ਛੋਟਾ ਜਿਹਾ

ਵਿੱਚ ਤੈਰਦੀਆਂ ਮੱਝਾਂ, ਗਾਵਾਂ
ਨਾਲ਼ ਉਹਨਾਂ ਦੇ ਕਟਰੂ
ਕੁਝ ਛੋਟੇ
ਕੁਝ ਵੱਡੇ
ਉਹਨਾਂ ਦੀਆਂ ਪਿੱਠਾਂ ਤੇ ਬੈਠੇ ਨਿਆਣੇ
ਮਲ਼-ਮਲ਼ ਨੁਹਾਉਂਦੇ
ਝੂਟੇ ਲੈਂਦੇ
ਕੈਨੇਡਾ ਦੀ “ਮਰਸਰੀ” ਸਮਝਦੇ
ਮੱਝਾਂ ਨੂੰ, ਗਾਵਾਂ ਨੂੰ
ਮੁਸ਼ਕ ਪਿਆ ਪੈਂਦਾ ਗੋਬਰ ਦਾ
ਸੜਕ ਤੱਕ ਚਿੱਕੜ ਛੱਪੜ ਦਾ
ਜਦ ਉਹ ਛੱਪੜ ਵਿੱਚੋਂ ਨਿਕਲਦੀਆਂ
ਕਾਲੀਆਂ ਸ਼ਾਹ
ਕੁੰਢੇ ਸਿੰਗ
ਦਗ਼-ਦਗ਼ ਕਰਦੇ ਪਿੰਡੇ
ਘਰ ਵੱਲ ਚਲਦੀਆਂ
ਤਾਜ਼ਾ ਦੁੱਧ, ਖੂਬ ਮੱਖਣ ਤੇ ਘਿਓ
ਪਿੰਡ ਦੇ ਸੂਏ ਤੱਕ ਲੰਬੀ ਰੇਸ
ਕੱਲਿਆਂ ਹੀ
ਉਤਸ਼ਾਹ ਜਿੰਦਗੀ ਦਾ
ਕੱਚੇ ਕੋਠਿਆਂ ਵਿੱਚ ਵੀ ਬਰਕਰਾਰ
***
ਫਰੀਦਕੋਟ ‘ਚ
ਏਅਰ ਕੰਡੀਸ਼ਨਰ ਦਫ਼ਤਰ ‘ਚ
ਆਪਣੀ ਗੋਗੜ ਤੇ ਹੱਥ ਫਿਰਾ ਰਿਹਾ
ਰਾਤ ਦੀ ਬਦਹਜ਼ਮੀ
ਸਵੇਰੇ ਦਫ਼ਤਰ ਤੋਂ ਲੇਟ
ਮੇਜ਼ ਤੇ ਪਈਆਂ ਦਵਾਈਆਂ
ਨਿਰੀ ਮਿੱਟੀ
ਨਿਰੀ ਧੂੜ
ਧੂੜ ਸਾਫ਼ ਹੋਣ ਦੀ ਉਡੀਕ ‘ਚ
ਬਾਹਰ ਖੜ੍ਹਾ ਨੀਲਾ ਮੋਟਰਸਾਈਕਲ
ਟੈਂਸ਼ਨ
ਕੰਮ-ਕਾਜ ਦੀ
ਬੱਚਿਆਂ ਦੀ ਪੜ੍ਹਾਈ ਦੀ
ਦੁਪਹਿਰੇ, ਰਾਤੀਂ ਖੁਸ਼ਕ ਰੋਟੀ
ਤੇ ਮੁੜਕੇ
ਨੀਂਦ ਦੀਆਂ ਗੋਲੀਆਂ
ਮਨ ਕਿਉਂ ਨਾ ਲੋਚੇ
“ਕਾਸਮਭੱਟੀ” ਦੀਆਂ ਗਲੀਆਂ ?
***
ਬਾਰੀ ‘ਚੋਂ ਬਾਹਰ ਦੇਖ ਰਿਹਾ
ਲਾਲ ਰੰਗ ਦੀ ‘ਫੋਰਡ’ ਕਾਰ
ਬਾਰੀ ਇੱਕ ਕਮਰੇ ਦੀ
ਹੈ ਆਸਟ੍ਰੇਲੀਆ ਦੇ ਸ਼ਹਿਰ ਦੀ
ਪਰ ਜਾਪੇ ਪੰਜਾਬ ‘ਚ
ਕਿਸੇ ਖੇਤ ‘ਚ ਮੋਟਰ ਕਮਰੇ ਦੀ
ਸੱਤ ਜਣੇ ਫਸੇ ਪਏ ਇੱਕ ਦੂਜੇ ‘ਚ
ਕੀ ਇਹ ਨੇ ਵਿਦੇਸ਼ੀ ਭਈਏ ?
ਕਿੰਨੇ ਕੁ ਦੁੱਖ ਹੋਰ ਸਹੀਏ ?
ਹੁਣ ਨਾ ਪੇਟ ਗੈਸ
ਤੇ ਨਾ ਬਦਹਜ਼ਮੀ
ਸਭ ਚੁੱਕ ਦਿੱਤੀ ਮਜ਼ਦੂਰੀ ਨੇ
ਬੇਬਸੀ ਤੇ ਮਜ਼ਬੂਰੀ ਨੇ
ਭੁੱਲ ਗਏ ਕੰਪਿਊਟਰ
ਤੇ ਭੁੱਲੇ ਖਾਤੇ-ਵਹੀਆਂ
ਹੱਥ ‘ਚ ਆ ਗਈਆਂ ਰੰਬੇ-ਕਹੀਆਂ
ਕਦੇ ਰੋਟੀਆਂ ਕੱਚੀਆਂ
ਤੇ ਕਦੇ ਜਲੀਆਂ
ਮਨ ਕਿਉਂ ਨਾ ਲੋਚੇ
“ਫਰੀਦਕੋਟ” ਦੀਆਂ ਗਲੀਆਂ ?

ਮੈਨੂੰ ਕੀ ? ਤੇ ਤੈਨੂੰ ਕੀ ?.......... ਵਿਅੰਗ / ਸੁਰਿੰਦਰ ਭਾਰਤੀ ਤਿਵਾੜੀ

ਭਾਰਤ ਇੱਕ ਮਹਾਨ ਦੇਸ਼ ਹੈ ਅਤੇ ਅਸੀਂ ਹਾਂ ਇਸਦੀ ਮਹਾਨ ਸੰਤਾਨ। ਸਾਡਾ ਦੇਸ਼ ਲਗਭਗ ਦੋ ਸੋ ਸਾਲ ਤੱਕ ਅੰਗ੍ਰੇਜਾਂ ਦਾ ਗੁਲਾਮ ਰਿਹਾ ਪਰ ਹੁਣ ਇਹ ‘ਵਿਚਾਰਾ’ ਆਜ਼ਾਦ ਹੋ ਗਿਆ। ਹਜਾਰਾਂ ਬਹਾਦਰ ਭਾਰਤ ਮਾਤਾ ਦੇ ਪੁੱਤਰਾਂ ਧੀਆਂ ਨੇ ਤਸੀਹੇ ਝੱਲੇ। ਕਈ ਅਣਸੁਣੇ ਅਜਿਹੇ ਸ਼ਹੀਦ ਵੀ ਹੋਏ ਜਿੰਨਾਂ ਬਾਰੇ ਅੱਜ ਵੀ ਕੋਈ ਨਹੀਂ ਜਾਣਦਾ। ਆਪਣੀ ਜਵਾਨੀ ਦੇਸ਼ ਤੇ ਵਾਰ ਕੇ ਅੱਜ ਦੀ ਪੀੜ੍ਹੀ ਨੂੰ ਆਜ਼ਾਦੀ ਦਾ ਤੋਹਫਾ ਦੇਣ ਵਾਲੇ ਦੇਸ਼ ਦੀ ਖੁਸ਼ਹਾਲੀ ਦੀ ਕਾਮਨਾਂ ਕਰਦੇ ਚਲੇ ਗਏ। ਪੰਜਾਬੀ ਦੀ ਇੱਕ ਕਹਾਵਤ ਹੈ ‘ਭੁੱਖੇ ਜੱਟ ਕਟੋਰਾ ਲੱਭਾ ਪਾਣੀ ਪੀ ਪੀ ਆਫਰਿਆ’। ਆਜ਼ਾਦੀ ਦਾ ਅਰਥ 1947 ਤੋਂ ਬਾਦ ਹੀ ਬਦਲ ਗਿਆ ਲੱਗਦਾ ਹੈ। ਅਸੀਂ ਦੇਸ਼ ਦੇ ਆਜ਼ਾਦ ਨਾਗਰਿਕ, ਸਾਨੂੰ ਕੁਝ ਵੀ ਕਰਨ ਦੀ ਆਜ਼ਾਦੀ, ਦੁਬਾਰਾ ਗੁਲਾਮ ਹੋਣ ਦੀ ਵੀ।
ਇਸ ਦੇਸ਼ ਦੇ ਹਰ ਇੱਕ ਨਾਗਰਿਕ ਨੂੰ ਧਨ ਕਮਾਉਣ, ਸਿੱਖਿਆ ਪ੍ਰਾਪਤ, ਸਵੈਮਾਨ ਨਾਲ ਜਿਓਣ, ਸਵੈ-ਰੱਖਿਆ ਕਰਨ, ਸਮਾਨਤਾ ਤੇ ਤਰੱਕੀ ਕਰਨ ਦੇ ਅਧਿਕਾਰ ਪ੍ਰਾਪਤ ਹਨ ਪਰ ......ਪਰ ਮੇਨੂੰ ਸਭ ਤੋਂ ਜਿ਼ਆਦਾ ਅਧਿਕਾਰ ਹਨ, ਸਭ ਤੋਂ ਜਿ਼ਆਦਾ ਆਜ਼ਾਦ ਮੈਂ। ਫਿਰ ਕੀ ਹੋ ਜੂ ਜੇਕਰ ਕਿਸੇ ਨਾਗਰਿਕ ਦਾ ਹੱਕ ਮਾਰਿਆ ਜਾਵੇਗਾ ਪਰ ਮੈਨੂੰ ਸਭ ਤੋਂ ਵੱਧ ਮਿਲਣਾ ਚਾਹੀਦਾ ਹੈ। ਬੱਸ ਮੇਰਾ ਖਿਆਲ ਰੱਖੋ ਬਾਕੀ ਦੁਨੀਆਂ ਜਾਵੇ ਭਾੜ ਵਿੱਚ। ਮੇਰੇ ਜ਼ਾਇਜ਼ ਨਾਜ਼ਾਇਜ਼ ਢੰਗ ਨਾਲ ਧਨ ਜੋੜੇ ਧਨ ਦਾ, ਰਾਜਨੀਤਿਕ ਪਹੁੰਚ ਅਤੇ ਨਿੱਜੀ ਅਸਰ ਰਸੂਖ ਦਾ ਕੀ ਲਾਭ ਹੋਇਆ ਜੇਕਰ ਮੈਨੂੰ ਦੂਸਰਿਆਂ ਤੋਂ ਵੱਧ ਹੀ ਨਾਂ ਮਿਲਿਆ? ਕਿਸੇ ਹੋਰ ਦਾ ਕੰਮ ਹੋਵੇ ਨਾਂ ਹੋਵੇ ਮੇਰੇ ਜ਼ਾਇਜ਼ ਨਾਜ਼ਾਇਜ਼ ਕੰਮ ਹੋਣੇ ਅਤਿ ਜ਼ਰੂਰੀ ਹਨ, ਇਹ ਪਰਵਾਹ ਨਾਂ ਕਰਨੀ ਕਿ ਦੇਸ਼ ਦਾ ਜਾਂ ਕਿਸੇ ਹੋਰ ਦਾ ਕਿੰਨ੍ਹਾ ਨੁਕਸਾਨ ਹੋ ਰਿਹਾ ਹੈ। ਇਹ ਗੱਲ ਵੱਖਰੀ ਹੈ ਕਿ ਜੇਕਰ ਮੇਰੇ ਤੋਂ ਕੋਈ ਵੱਧ ਲੈ ਗਿਆ ਫਿਰ ਮੈਂ ਕਨੂੰਨ ਦੀ ਦੁਹਾਈ ਦੇਣ ਲਈ ਆਜ਼ਾਦ। ਮੇਰੇ ਸੁਆਰਥ ਦੇ ਰਾਹ ਵਿੱਚ ਰੋੜਾ ਨਾਂ ਬਣਿਓਂ, ਬਾਕੀ ਸਾਰਾ ਦੇਸ਼ ਲੱਟ ਕੇ ਖਾ ਲਵੋ ......... ਤਾਂ ਮੈਨੂੰ ਕੀ?
ਕਿਸੇ ਨੇ ਰਾਸ਼ਟਰੀ ਜ਼ਾਇਦਾਦ ਨੂੰ ਨੁਕਸਾਨ ਪਹੁੰਚਾਇਆ ......... ਤਾਂ ਮੈਨੂੰ ਕੀ? ਕੋਈ ਜਨਤਕ ਸਥਾਨ ਤੇ ਕੂੜਾ ਸੁੱਟ ਰਿਹਾ ......... ਤਾਂ ਮੈਂ ਕੀ ਕਰਾਂ? ਸਰਕਾਰ ਲੋਕ ਵਿਰੋਧੀ ਕੰਮ ਕਰ ਰਹੀ ਹੈ ......... ਤਾਂ ਮੈਨੂੰ ਕੀ? ਸਮਾਜ ਦੀ ਵੰਡ ਹੋ ਰਹੀ ਹੈ .......... ਤਾ ਮੈਨੂੰ ਕੀ? ਕੋਈ ਦੇਸ਼ ਵਿਰੋਧੀ ਵਿਅਕਤੀ ਨੂੰ ਜਨ-ਪ੍ਰਤੀਨਿਧੀ ਚੁਣ ਲਿਆ ......... ਤਾਂ ਮੈਂ ਫਿਰ ਕੀ ਕਰਾਂ। ਕੋਈ ਵਾਤਾਵਰਣ ਨੂੰ ਪ੍ਰਦੂਸ਼ਤ ਕਰ ਰਿਹਾ ਹੈ ......... ਤਾਂ ਮੈਨੂੰ ਕੀ? ਕੋਈ ਦੇਸ਼ ਧ੍ਰੋਹ ਕਮਾ ਰਿਹਾ ਹੈ ......... ਤਾਂ ਮੈਨੂੰ ਕੀ? ਭ੍ਰਿਸ਼ਟਾਚਾਰ ਫੈਲ ਰਿਹਾ ਹੈ ......... ਤਾਂ ਮੈਨੂੰ ਕੀ? ਰਾਜਨੀਤੀ ਦਾ ਅਪਰਾਧੀਕਰਨ ਹੋ ਰਿਹਾ ਹੈ ......... ਤਾਂ ਮੈਂ ਕੀ ਕਰਾਂ? ਮੇਰੇ ਤੋਂ ਬਿਨਾਂ ਕਿਸੇ ਹੋਰ ਦੇ ਮਨੁੱਖੀ ਅਧਿਕਾਰਾਂ ਦਾ ਹਨਣ ਹੋ ਰਿਹਾ ਹੈ ......... ਤਾਂ ਮੈਨੂੰ ਕੀ? ਤਗੜੇ ਦਾ ਸੱਤੀਂ ਵਿਹੀ ਸੌ ......... ਤਾਂ ਮੈਨੂੰ ਕੀ ਹੋਣ ਦਿਓ। ਸੰਸਕ੍ਰਿਤੀ ਦਾ ਘਾਣ ਹੋ ਰਿਹਾ ਹੈ ......... ਤਾਂ ਮੈਨੂੰ ਕੀ? ਕਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ......... ਤਾਂ ਮੈਨੂੰ ਕੀ? ਆਰਥਿਕ ਸ਼ੋਸ਼ਣ ਜੋਰਾਂ ਤੇ ਹੈ ......... ਤਾਂ ਮੈਨੂੰ ਕੀ? ਇੱਕੋ ਗੱਲ ਪੁਛਦਾਂ ਦੱਸੋ ਬੱਸ ਮੈਨੂੰ ਕੀ? ਬਸ, ਬਸ, ਬਸ, ਮੈਂ ਆਜ਼ਾਦ, ਕੁਝ ਵੀ ਕਰਨ ਦੀ ਮਰਜ਼ੀ।
ਜੇਕਰ ਕਿਸੇ ਵੱਡੇ ‘ਦੇਸ਼ ਭਗਤ’ ਨੇ ਮੈਨੂੰ ਸਮਝਾਉਣ ਦੀ ਕੋਸਿ਼ਸ਼ ਕੀਤੀ ਤਾਂ ਮੇਰਾ ਜਵਾਬ ਪਹਿਲਾਂ ਹੀ ਸੁਣ ਲਵੋ ........ ਓਏ ਤੈਨੂੰ ਕੀ? ਮੈਂ ਅਜਿਹਾ ਦੇਸ਼ ਭਗਤ ਬਣ ਗਿਆ ਹਾਂ ਕਿ ਆਪਣੇ ਕੰਮ ਵਿੱਚ ਕਿਸੇ ਦੀ ਦਖਲ ਅੰਦਾਜ਼ੀ ਬਰਦਾਸ਼ਤ ਨਹੀਂ। ਰਿਸ਼ਵਤ ਦੇ ਕੇ ਕੰਮ ਕਰਵਾਇਆ ਤਾਂ ਤੈਨੂੰ ਕੀ। ਜਨਤਕ ਸੜਕ ਤੋੜ ਰਿਹਾ ਹਾਂ ...... ਤਾਂ ਤੈਨੂੰ ਕੀ? ਕਿਸੇ ਹੋਰ ਨਾਲ ਠੱਗੀ ਮਾਰੀ ...... ਤਾਂ ਤੈਨੂੰ ਕੀ? ਰਾਜਨੀਤਿਕ ਸ਼ਕਤੀ ਨਾਲ ਨਾਜ਼ਾਇਜ਼ ਕੰਮ ਲਿਆ ...... ਤਾਂ ਤੈਨੂੰ ਕੀ? ਵੋਟ ਨਹੀਂ ਪਾਈ ...... ਤਾਂ ਪੁੱਛਣ ਵਾਲਾ ਤੂੰ ਕੌਣ? ਮੈਂ ਸਰਕਾਰੀ ਕਰਮਚਾਰੀ ਪਰ ਕੰਮ ਨਹੀਂ ਕਰਦਾ ...... ਤਾਂ ਤੈਨੂੰ ਕੀ? ਆਪਣੀ ਮਰਜ਼ੀ ਨਾਲ ਰਸਤਾ ਬੰਦ ਕਰ ਦਿੱਤਾ ......ਤਾਂ ਪੁੱਛਣ ਵਾਲਾ ਤੂੰ ਕੌਣ? ‘ਤੇਰੇ ਇਸ ਤਰਾਂ ਕਰਨ’ ਨਾਲ ਦੇਸ਼ ਦਾ ਨੁਕਸਾਨ ਹੋਵੇਗਾ ...... ਪਰ ਤੈਨੂੰ ਕੀ? ਕੋਈ ਸਰਕਾਰੀ ਪੈਸੇ ਦਾ ਦੁਰਉਪਯੋਗ ਕਰ ਰਿਹਾ ...... ਤਾਂ ਤੈਨੂੰ ਕੀ? ਮੇਰੇ ਤੋਂ ਬਿਨਾਂ ਕਿਸੇ ਨੂੰ ਚੂਨਾਂ ਲਾ ਰਿਹਾ ਹੈ ......ਤਾਂ ਪੁੱਛਣ ਵਾਲਾ ਤੂੰ ਕੌਣ?
ਸਾਂਝਾ ਕੰਮ ਕੋਈ ਹੋਵੇ, ਇੱਕੋ ਸਲੋਗਨ ...... ਮੈਨੂੰ ਕੀ ਜਾਂ ਤੈਨੂੰ ਕੀ। ਮੇਰੇ ਵਾਂਗ ਦੇਸ਼ ਦਾ ਹਰ ਨਾਗਰਿਕ ਅਜਿਹਾ ਬਣ ਗਿਆ ਹੈ ਕਿ ਉਸਨੂੰ ਕੇਵਲ ਆਪਣੇ ਸਵਾਰਥ ਦੇ ਚਸ਼ਮੇ ਵਿੱਚੋਂ ਹੀ ਦਿਸਦਾ ਹੈ। ਕੁਝ ਲੋਕ ਤਾਂ ਮੰਨਦੇ ਹਨ ਕਿ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਨਾਲ ਅੰਗ੍ਰੇਜਾਂ ਨੇ ਸਾਡੇ ਤੇ ਰਾਜ ਕੀਤਾ ਪਰ ਹੁਣ ਸਾਡੀ ‘ਮੈਨੂੰ ਕੀ ਤੇ ਤੈਨੂੰ ਕੀ’ ਦੀ ਨੀਤੀ ਦੇਸ਼ ਨੂੰ ਪੂਰੀ ਤਰਾਂ ਖੋਖਲਾ ਕਰ ਰਹੀ ਹੈ।



ਫ਼ਾਸਲਾ.......... ਗ਼ਜ਼ਲ / ਜਸਪਾਲ ਘਈ

ਵਧ ਗਿਆ ਹੈ ਬਸ ਮਨਾਂ ਤੇ ਚਿਹਰਿਆਂ ਦਾ ਫ਼ਾਸਲਾ
ਉਂਝ ਤਾਂ ਕੁਝ ਵੀ ਨਹੀਂ ਆਪਣੇ ਘਰਾਂ ਦਾ ਫ਼ਾਸਲਾ

ਬੇਵਿਸਾਹੀ ਮੇਰਿਆਂ ਖੰਭਾਂ ਨੂੰ ਇਕ ਦੂਜੇ 'ਤੇ ਹੈ
ਖ਼ਾਬ ਹੀ ਰਹਿਣੈ ਮੇਰੇ ਲਈ ਅੰਬਰਾਂ ਦਾ ਫ਼ਾਸਲਾ


ਫੁੱਲ ਨੇ ਬਾਹਰ ਤੇ ਅੰਦਰ ਜ਼ਰਦ ਪੱਤੇ ਖੜਕਦੇ
ਉਫ਼, ਇਹ ਦੁਨੀਆਂ , ਤੇ ਮਨ ਦੇ ਮੌਸਮਾਂ ਦਾ ਫ਼ਾਸਲਾ

ਮੇਰੇ ਇਕ ਅੱਥਰੂ ਦੇ ਅੰਦਰ ਹੀ ਸਿਮਟ ਕੇ ਰਹਿ ਗਿਆ
ਇਸ ਮਹਾਂਨਗਰੀ ਤੋਂ ਉਸ ਮੇਰੇ ਗਰਾਂ ਦਾ ਫ਼ਾਸਲਾ

ਹਰ ਕਿਸੇ ਸਰਗਮ ਨੇ ਗੁੰਮ ਜਾਣੈ ਇਵੇਂ ਹੀ ਸ਼ੋਰ ਵਿਚ
ਜੇ ਰਿਹਾ ਕਾਇਮ ਸਿਰਾਂ 'ਤੇ ਕਲਗੀਆਂ ਦਾ ਫ਼ਾਸਲਾ

ਦਿਸਦੇ ਅਣਦਿਸਦੇ ਹਜ਼ਾਰਾਂ ਪਿੰਜਰਿਆਂ 'ਚੋਂ ਗੁਜ਼ਰਦੈ
ਤੇਰੇ ਅਸਮਾਨਾਂ ਦਾ ਤੇ ਮੇਰੇ ਪਰਾਂ ਦਾ ਫ਼ਾਸਲਾ

ਜਸ਼ਨ ਦੇ ਏਹਨਾਂ ਚਿਰਾਗਾਂ ਵਿਚ ਲਹੂ ਮੇਰਾ ਭਰੋ
ਕੁਝ ਘਟੇ ਇਸ ਲੋਅ ਦਾ ਨ੍ਹੇਰੇ ਘਰਾਂ ਦਾ ਫ਼ਾਸਲਾ


ਤੁਰਨ ਦਾ ਹੌਸਲਾ.......... ਗ਼ਜ਼ਲ / ਰਾਜਿੰਦਰਜੀਤ

ਤੁਰਨ ਦਾ ਹੌਸਲਾ ਤਾਂ ਪੱਥਰਾਂ 'ਤੇ ਪੈਰ ਧਰਦਾ ਹੈ
ਬਦਨ ਸ਼ੀਸ਼ੇ ਦਾ ਪਰ ਹਾਲੇ ਤਿੜਕ ਜਾਵਣ ਤੋਂ ਡਰਦਾ ਹੈ

ਕਿਤੇ ਕੁਝ ਧੜਕਦਾ ਹੈ ਜਿ਼ੰਦਗੀ ਦੀ ਤਾਲ 'ਤੇ ਹੁਣ ਵੀ
ਕਿਤੇ ਕੁਝ ਔੜ ਦੇ ਸੀਨੇ ਦੇ ਉੱਤੇ ਸ਼ਾਂਤ ਵਰ੍ਹਦਾ ਹੈ


ਅਜੇ ਤਾਈਂ ਵੀ ਮੇਰੇ ਰਾਮ ਦਾ ਬਣਵਾਸ ਨਾ ਮੁੱਕਿਆ
ਮੇਰੇ ਅੰਦਰਲਾ ਰਾਵਣ ਰੋਜ਼ ਹੀ ਸੜਦਾ ਤੇ ਮਰਦਾ ਹੈ

ਕਿਸੇ ਵੀ ਘਰ ਦੀਆਂ ਨੀਹਾਂ 'ਚ ਉਹ ਤਾਹੀਓਂ ਨਹੀਂ ਲੱਗਦਾ
ਉਹ ਪੱਥਰ ਆਪਣੇ ਹੀ ਸੇਕ ਸੰਗ ਪਿਘਲਣ ਤੋਂ ਡਰਦਾ ਹੈ

ਜਦੋਂ ਵੀ ਤੁਰਦਿਆਂ ਅਕਸਰ ਮੈਂ ਠੋਕਰ ਖਾ ਕੇ ਡਿਗਦਾ ਹਾਂ
ਮੇਰਾ ਆਪਾ ਮੇਰੀ ਨੀਅਤ ਦੇ ਸਿਰ ਇਲਜ਼ਾਮ ਧਰਦਾ ਹੈ

ਅਜੇ ਤੱਕ ਵੀ ਇਹਨਾਂ ਦੀ ਹੋਂਦ ਤੇ ਔਕਾਤ ਹੈ ਵੱਖਰੀ
ਅਜੇ ਚਾਨਣ ਤੇ ਨ੍ਹੇਰੇ ਵਿੱਚ ਕੋਈ ਬਾਰੀਕ ਪਰਦਾ ਹੈ


ਮੈਂ ਨਾ ਤੈਨੂੰ ਜਾਣਿਆ.......... ਗ਼ਜ਼ਲ / ਸੁਨੀਲ ਚੰਦਿਆਣਵੀ

ਮੈਂ ਨਾ ਤੈਨੂੰ ਜਾਣਿਆ ਬੇਸਮਝ ਸਾਂ ਜਰਵਾਣਿਆ
ਤੂੰ ਬਹਾਰਾਂ ਮਾਣੀਆਂ ਵੇ ਪੰਛੀਆ ਉਡ ਜਾਣਿਆ

ਤੋੜਦਾ ਅੰਬਰੋਂ ਤੂੰ ਤਾਰੇ ਤੋੜ 'ਤਾ ਤਾਰੇ ਦੇ ਵਾਂਗ
ਕਿੰਜ ਮੈਂ ਗਾਵਾਂ ਮੈਂ ਤੈਨੂੰ ਦਰਦ ਭਰਿਆ ਗਾਣਿਆ


ਮੈਂ ਸ਼ਮਾਂ ਸਾਂ, ਮੈਂ ਸਾਂ ਸੂਰਜ, ਚੰਦ ਤਾਰੇ ਸਾਂ ਉਦੋਂ
ਹੁਣ ਕੀ ਤੇਰੀ ਨਜ਼ਰ 'ਤੇ ਪਰਦਾ ਪਿਆ ਡੁੱਬ ਜਾਣਿਆ

ਤੂੰ ਸੈਂ ਦੱਸਦਾ ਮਾਰੂਥਲ ਵਿਚ ਮੈਨੂੰ ਇਕ ਵਗਦੀ ਨਦੀ
ਤੂੰ ਨਦੀ ਦੀ ਸਾਗਰਾਂ ਲਈ ਤੜਪ ਨੂੰ ਨਾ ਜਾਣਿਆ

ਮੈਂ ਨਦੀ ਦੇ ਵਾਂਗਰਾਂ ਤਾਘਾਂ 'ਚ ਕੰਢੇ ਖੋਰ 'ਤੇ
ਤੂੰ ਨਾ ਰੁੱਖਾ ਗੌਲਿ਼ਆ ਮੈਂ ਕਿੰਨਾ ਰੇਤਾ ਛਾਣਿਆ



ਮੰਗ ਕੁਝ.......... ਗ਼ਜ਼ਲ / ਹਰਦਿਆਲ ਸਾਗਰ

ਮੰਗ ਕੁਝ ਰਾਜੇ ਨੇ ਰੁੱਖ ਨੂੰ ਦੂਰ ਹੋ ਕੇ ਆਖਿਆ
ਧੁੱਪ ਸੀ, ਫਿਰ ਉਸ ਦੀ ਹੀ ਛਾਂ ਵਿਚ ਖਲੋ ਕੇ ਆਖਿਆ

ਬਹੁਤ ਮੈਲੈ਼ ਰਸਤਿਆਂ ਰਾਹੀਂ ਤੂੰ ਕੀਤਾ ਹੈ ਸਫ਼ਰ
ਇਕ ਸਮੁੰਦਰ ਨੇ ਨਦੀ ਦੇ ਪੈਰ ਧੋ ਕੇ ਆਖਿਆ


ਕੁਝ ਹਨ੍ਹੇਰਾ ਹੋਣ ਦੇ, ਥੱਕੇ ਮੁਸਾਫਿਰ ਸੌਣ ਦੇ
ਮੈਂ ਉਦ੍ਹੇ ਚਿਹਰੇ ਨੂੰ ਹੱਥਾਂ ਵਿਚ ਲੁਕੋ ਕੇ ਆਖਿਆ

ਹੁਣ ਤੇਰਾ ਪੈਗ਼ਾਮ ਕਿਉਂ ਹੁੰਦਾ ਹੈ ਜਾਂਦਾ ਮੁਖ਼ਤਸਰ
ਇਸ਼ਕ ਨੇ ਖੰਜਰ ਮੇਰੇ ਦਿਲ ਵਿਚ ਡੁਬੋ ਕੇ ਆਖਿਆ

ਰੱਬ ਦੇ ਦਿੱਤਾ ਮੈਂ ਬੱਚੇ ਨੂੰ ਮਨਾਵਣ ਦੇ ਲਈ
'ਇਹ ਨਹੀਂ ਮੇਰਾ ਖਿਡੌਣਾ' ਉਸ ਨੇ ਰੋ ਕੇ ਆਖਿਆ


ਦਿਲ ਦੀ ਗਹਿਰਾਈ.......... ਗ਼ਜ਼ਲ / ਬੂਟਾ ਸਿੰਘ ਚੌਹਾਨ

ਪਹਿਲਾਂ ਮੈਨੂੰ ਮੇਰੇ ਦਿਲ ਦੀ ਗਹਿਰਾਈ ਤੱਕ ਜਾਣ
ਫੇਰ ਤੂੰ ਕੋਈ ਫਤਵਾ ਦੇਈਂ, ਫੇਰ ਤੂੰ ਦੇਈਂ ਮਾਣ

ਖਾਲੀ ਅੰਬਰ, ਖੁਰਦੇ ਕੰਢੇ, ਪੌਣ 'ਚ ਉਡਦੀ ਰੇਤਾ
ਇਹਨਾਂ ਦੀ ਪਹਿਚਾਣ ਅਸੀਂ ਹਾਂ, ਇਹ ਸਾਡੀ ਪਹਿਚਾਣ


ਉਹਨਾਂ ਲਈ ਤਲਵਾਰਾਂ ਹਨ ਜੋ ਫੁੱਲਾਂ ਵਰਗੇ ਕੋਮਲ
ਫੁੱਲ ਬਣਦੇ ਨੇ ਦੁੱਖ ਉਹਨਾਂ ਲਈ ਜੋ ਲੈਂਦੇ ਹਿੱਕ ਤਾਣ

ਖੜ੍ਹੇ ਰਹਿਣ ਵਿਚ ਹੀ ਉਸ ਵੇਲੇ ਸੌ ਸਿਆਣਪ ਹੁੰਦੀ
ਚਾਰ ਚੁਫੇਰੇ ਨਜ਼ਰ ਮਾਰਿਆਂ ਦਿੱਸੇ ਜਦੋਂ ਢਲਾਣ

ਅਪਣਾ ਜੀਅ ਪਰਚਾਵਣ ਖ਼ਾਤਰ ਸੱਥ 'ਚ ਬੈਠੇ ਲੋਕੀ
ਵੱਢਣੋਂ ਪਹਿਲਾਂ ਖਾਧੀ ਹੋਈ ਫ਼ਸਲ ਸਲਾਹੀ ਜਾਣ



ਫ਼ਰੀਦਾ ਸਾਹਿਬ ਦੀ ਕਰਿ ਚਾਕਰੀ ਦਿਲ ਦੀ ਲਾਹਿ ਭਰਾਕਿ
ਦਰਵੇਸਾਂ ਨੂੰ ਲੋੜੀਐ ਰੁੱਖਾਂ ਦੀ ਜੀਰਾਂਦਿ ।।
- ਬਾਬਾ ਸ਼ੇਖ਼ ਫ਼ਰੀਦ ਜੀ



ਕਲਾਮ ਬੁੱਲ੍ਹੇ ਸ਼ਾਹ ਜੀ

ਸਾਵਣ ਸੋਹੇ ਮੇਘਲਾ ਘਟ ਸੋਹੇ ਕਰਤਾਰ
ਠੋਰ ਠੋਰ ਅਨਾਇਤ ਬਸੇ ਪਪੀਹਾ ਕਰੇ ਪੁਕਾਰ

ਸੋਹਣ ਮਲਿਹਾਰਾਂ ਸਾਰੇ ਸਾਵਣ
ਦੂਤੀ ਦੁੱਖ ਲੱਗੇ ਉੱਠ ਜਾਵਣ
ਨੀਂਗਰ ਖੇਡਣ ਕੁੜੀਆਂ ਗਾਵਣ
ਮੈਂ ਘਰ ਰੰਗ ਰੰਗੀਲੇ ਆਵਣ
ਆਸਾਂ ਪੁੰਨੀਆਂ

ਮੇਰੀਆਂ ਆਸਾਂ ਰੱਬ ਪੁਚਾਈਆਂ
ਮੈਂ ਤਾਂ ਉਨ ਸੰਗ ਅੱਖੀਆਂ ਲਾਈਆਂ
ਸਈਆਂ ਦੇਣ ਮੁਬਾਰਕ ਆਈਆਂ
ਸ਼ਾਹ ਅਨਾਇਤ ਆਖਾਂ ਸਾਈਆਂ
ਆਸਾਂ ਪੁੰਨੀਆਂ

ਜ਼ਰੂਰੀ ਚਿੱਠੀ ਪੰਜਾਬੀਆਂ ਦੇ ਨਾਂ........... ਲੇਖ਼ / ਰਿਸ਼ੀ ਗੁਲਾਟੀ

ਸਮੂਹ ਪੰਜਾਬੀਆਂ ਨੂੰ ਮੋਹ ਭਿੱਜੀ ਸਤਿ ਸ੍ਰੀ ਅਕਾਲ ।
ਦੋਸਤੋ ! ਬੜੀ ਜਲਦੀ ਵਿੱਚ ਆਪ ਜੀ ਇਹ ਚਿੱਠੀ ਲਿਖਣ ਕਰਕੇ ਬਿਨਾਂ ਕਿਸੇ ਭੂਮਿਕਾ ਦੇ ਸਿੱਧਾ ਮੁੱਦੇ ਵਾਲੀ ਗੱਲ ਤੇ ਆਉਂਦਾ ਹਾਂ । ਇਸ ਮੁੱਦੇ ਤੇ ਬਹੁਤ ਜਿ਼ਆਦਾ ਸੋਚ ਵਿਚਾਰ ਕਰਨ ਦਾ ਮੌਕਾ ਵੀ ਨਹੀਂ ਮਿਲਿਆ,ਕਿਉਂ ਜੋ ਮੈਂ ਇਹ ਚਾਹੁੰਦਾ ਸੀ ਕਿ ਜਲਦੀ ਤੋਂ ਜਲਦੀ ਆਪ ਜੀ ਦੇ ਸਨਮੁੱਖ ਆਪਣੀ ਗੱਲ ਰੱਖ ਸਕਾਂ ਤਾਂ ਜੋ ਆਪ ਜਲਦੀ ਤੋਂ ਜਲਦੀ ਆਪਣੀ ਕੀਮਤੀ ਰਾਏ ਦੇ ਸਕੋਂ । ਗੱਲ ਇਉਂ ਹੈ ਕਿ ਆਪਾਂ ਸਭ ਆਪਣੇ ਸੁਨਹਿਰੇ ਭਵਿੱਖ ਦੀ ਆਸ ‘ਚ ਲੱਖਾਂ ਰੁਪਇਆ ਲਗਾ ਕੇ ਪੜ੍ਹਨ ਲਈ ਆਸਟ੍ਰੇਲੀਆ ਆਏ ਹੋਏ ਹਾਂ । ਇਹ ਕੋਈ ਜ਼ਰੂਰੀ ਨਹੀਂ ਕਿ ਜੋ ਆਪਾਂ ਸੋਚੀਏ ਜਾਂ ਚਾਹੀਏ, ਉਦਾਂ ਹੀ ਹੋਏ ਜਾਂ ਉਹੀ ਸਭ ਕੁਝ ਸਾਨੂੰ ਪ੍ਰਾਪਤ ਹੋਏ, ਕਿਉਂ ਜੋ ਦੁੱਖ-ਸੁੱਖ ਸਰੀਰਾਂ ਦੇ ਨਾਲ਼ ਹਨ । ਇਹ ਕਈ ਵਾਰ ਦੇਖਣ ਜਾਂ ਪੜ੍ਹਨ ‘ਚ ਆਇਆ ਹੈ ਕਿ ਕਈ ਵਿਦਿਆਰਥੀਆਂ ਦੀ ਅਨਹੋਣੀ ਮੌਤ ਹੋ ਚੁੱਕੀ ਹੈ । ਮੌਤ ਇੱਕ ਅਟੱਲ ਸਚਾਈ ਹੈ, ਕੋਈ ਵੀ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦਾ । ਜਿੰਦਗੀ ‘ਚ ਸਫ਼ਲ ਹੋਣ ਲਈ, ਜੋ ਸੰਘਰਸ਼ ਦਾ ਰਸਤਾ ਅਸੀਂ ਅਪਣਾ ਰੱਖਿਆ ਹੈ, ਉਸ ਰਸਤੇ ਤੇ ਚੱਲਦਿਆਂ ਅਸੀਂ ਇੰਨੇ ਕੁ ਵਿਅਸਤ ਜਾਂ ਪ੍ਰੇਸ਼ਾਨ ਹਾਂ ਕਿ “ਮੌਤ” ਸ਼ਬਦ ਕਿਸੇ ਦੇ ਯਾਦ ਚੇਤੇ ਵੀ ਨਹੀਂ ਹੈ, ਜਦ ਕਿ ਹਰ ਇੱਕ ਦਾ ਅੰਜ਼ਾਮ ਇਹੀ ਹੈ । ਹੁਣ ਸਮੱਸਿਆ ਇਹ ਹੈ ਕਿ ਜੋ ਕੋਈ ਬਦਕਿਸਮਤ ਇਸ ਅਣਹੋਣੀ ਦਾ ਸਿ਼ਕਾਰ ਹੋ ਜਾਂਦਾ ਹੈ, ਉਸਦੀ ਲਾਸ਼ ਪੰਜਾਬ ਭੇਜਣ ਤੇ ਬਹੁਤ ਜਿ਼ਆਦਾ ਖ਼ਰਚ ਆਉਂਦਾ ਹੈ । ਜਿਸ ਲਈ ਸਮਾਜ ਸੇਵੀ ਸੰਸਥਾਵਾਂ ਨੂੰ ਵਾਰ-ਵਾਰ ਅਪੀਲਾਂ ਕਰਨੀਆਂ ਪੈਂਦੀਆਂ ਹਨ ਤੇ ਕਈ ਵਾਰ ਜ਼ਰੂਰਤ ਮੁਤਾਬਿਕ ਫੰਡ ਇਕੱਠੇ ਹੋਣ ਤੇ ਟਾਈਮ ਲੱਗ ਸਕਦਾ ਹੈ ਤੇ ਲਾਸ਼ ਸਮੇਂ ਸਿਰ ਨਹੀਂ ਭੇਜੀ ਜਾ ਸਕਦੀ । ਇਹ ਆਪਾਂ ਸਮਝ ਸਕਦੇ ਹਾਂ ਕਿ ਕਿਸੇ ਵੀ ਮਾਪਿਆਂ ਦਾ, ਜਿਨ੍ਹਾਂ ਦਾ ਜੁਆਨ ਧੀ-ਪੁੱਤ ਇਸ ਦੁਨੀਆਂ ਤੋਂ ਚਲਾ ਜਾਂਦਾ ਹੈ, ਉਨ੍ਹਾਂ ਤੇ ਕੀ ਬੀਤਦੀ ਹੋਵੇਗੀ ? ਜਦ ਲਾਸ਼ ਫੰਡ ਦੀ ਕਮੀ ਕਰਕੇ ਮਾਪਿਆਂ ਨੂੰ ਨਾ ਭੇਜੀ ਜਾ ਸਕਦੀ ਹੋਵੇ ਤਾਂ ਉਹ ਹੋਰ ਜਿ਼ਆਦਾ ਕੰਡਿਆਂ ਦੀ ਸੇਜ ਤੇ ਹੋ ਜਾਂਦੇ ਹਨ । ਮਜ਼ਬੂਰ ਮਾਪੇ ਘਰ ਬੈਠੇ ਵਿਲਕਦੇ ਰਹਿੰਦੇ ਹਨ, ਲਾਸ਼ ਇੱਥੇ ਰੁਲਦੀ ਰਹਿੰਦੀ ਹੈ । ਅਜਿਹੇ ਮੌਕੇ ਮਾਪੇ ਚਾਹੇ ਚੰਡੀਗੜ੍ਹ ਕੋਠੀ ‘ਚ ਬੈਠੇ ਹੋਣ ਜਾਂ ਫਰੀਦਕੋਟ ਕਿਰਾਏ ਦੇ ਮਕਾਨ ‘ਚ, ਸਭ ਦੀਆਂ ਭਾਵਨਾਵਾਂ ਬਰਾਬਰ ਹੁੰਦੀਆਂ ਹਨ । ਸਭ ਦੀ ਇੱਕ ਹੀ ਇੱਛਾ ਹੁੰਦੀ ਹੈ, ਸਭ ਨੂੰ ਇਹੀ ਲੱਗਦਾ ਹੈ ਕਿ ਬੱਸ ਉਹ ਜਾਣ ਵਾਲੇ ਦਾ “ਮੂੰਹ” ਦੇਖ ਲੈਣ, ਜਿੰਦਗੀ ‘ਚ ਹੋਰ ਕੁਝ ਨਹੀਂ ਚਾਹੀਦਾ । ਬਥੇਰੇ ਅਜਿਹੇ ਲੋਕ ਵਿਦੇਸ਼ਾਂ ‘ਚ ਵੱਸਦੇ ਨੇ, ਜਿਹੜੇ ਪੰਜਾਬ ‘ਚ ਕਿਸੇ ਆਪਣੇ ਪਿਆਰੇ ਦੇ ਜਹਾਨ-ਏ-ਫ਼ਾਨੀ ਤੋਂ ਤੁਰ ਜਾਣ ਤੇ ਉਸਨੂੰ ਜਾਂਦੀ ਵਾਰ ਦਾ ਸਲਾਮ ਵੀ ਨਾ ਕਹਿ ਸਕੇ । ਬਹੁਤਿਆਂ ਦੇ ਜਨਮ ਦਾਤੇ ਜਾਂ ਮਾਂ ਜਾਏ ਤੁਰ ਗਏ । ਬਥੇਰਿਆਂ ਦੀਆਂ ਰੱਖੜੀ ਬੰਨਣ ਵਾਲੀਆਂ ਭੈਣਾਂ ਤੁਰ ਗਈਆਂ । ਕੀ ਜਾਣ ਵਾਲਿਆਂ ਦੇ ਅੰਤਿਮ ਦਰਸ਼ਨ ਨਾ ਕਰ ਸਕਣ ਵਾਲੇ, ਅਜਿਹੇ ਸਮੇਂ ਆਪਣੇ ਇੱਥੇ ਆ ਕੇ ਵਸਣ ਤੇ ਪਛਤਾਵਾ ਨਹੀਂ ਕਰਦੇ ਹੋਣਗੇ ? ਕੀ ਡਾਲਰਾਂ ਦੀ ਚਮਕ ਆਪਣੇ ਪਿਆਰਿਆਂ ਦੀ ਯਾਦ ਧੁੰਦਲਾ ਕਰ ਸਕਦੀ ਹੈ ? ਯਾਦ ਰਹੇ, ਸਮਾਂ ਕਿਸੇ ਦੇ ਵੱਸ ਨਹੀਂ ਹੈ, ਕਿਸੇ ‘ਤੇ ਵੀ ਆਪਣਾ ਬੁਰਾ ਪ੍ਰਭਾਵ ਪਾ ਸਕਦਾ ਹੈ । ਮੇਰੇ ‘ਤੇ, ਤੁਹਾਡੇ ‘ਤੇ, ਰਾਮ ਲਾਲ ‘ਤੇ, ਸੋਹਣ ਸਿੰਘ ‘ਤੇ, ਡੇਵਿਡ ‘ਤੇ, ਅਲੀ ਹਸਨ ‘ਤੇ । ਕੌਣ ਦਾਅਵਾ ਕਰ ਸਕਦਾ ਹੈ ਕਿ ੳਹਦੇ ਦੁਆਲੇ ਬੁਰਾ ਸਮਾਂ ਆਉਣ ਤੋਂ “ਲਛਮਣ ਰੇਖਾ” ਖਿੱਚੀ ਹੋਈ ਹੈ ?
ਜ਼ਰਾ ਆਪਣਾ ਧਿਆਨ ਕੇਂਦਰਿਤ ਕਰੋ, ਪੰਜਾਬ ‘ਚ ਬੈਠੇ ਉਸ ਬਦਨਸੀਬ ਪਰਿਵਾਰ ‘ਤੇ, ਜਿਸ ਦਾ ਜਵਾਨ ਪੁੱਤ ਸਾਲ ਜਾਂ ਦੋ ਸਾਲ ਪਹਿਲਾਂ ਸੁਨਿਹਰੇ ਭਵਿੱਖ ਦੀ ਆਸ ‘ਚ ਏਥੇ ਆਇਆ ਤੇ ਬੇਰਹਿਮ ਮੌਤ ਨੇ ਉਸਨੂੰ ਆਪਣੇ ਪੰਜਿਆਂ ‘ਚ ਜਕੜ ਲਿਆ । ਹੁਣ ਕੀ ਇਹ ਜ਼ਰੂਰੀ ਹੈ ਕਿ ਹਰ ਇੱਕ ਦੇ ਮਾਪਿਆਂ ਦੀ ਜੇਬ ਏਨਾਂ ਭਾਰ ਝੱਲਦੀ ਹੋਵੇ ਕਿ ਲਾਸ਼ ਮੰਗਵਾਉਣ ਤੇ ਖਰਚ ਕਰ ਸਕਦੇ ਹੋਣ । ਜੇਕਰ ਲਾਸ਼ ਨਾ ਪਹੁੰਚ ਸਕੇ ਤੇ ਉਸਦਾ ਅੰਤਿਮ ਸੰਸਕਾਰ ਇੱਥੇ ਕਰਕੇ ਉਸਦੇ “ਫੁੱਲ” ਘਰਦਿਆਂ ਨੂੰ ਭੇਜ ਦਿੱਤੇ ਜਾਣ ਤਾਂ ਕੀ ਬੀਤੇਗੀ ਉਸ ਬਦਨਸੀਬ ਮਾਂ ਤੇ, ਜੋ ਆਪਣੇ ਲਾਲ ਨੂੰ ਆਖਰੀ ਪਿਆਰ ਨਾ ਦੇ ਸਕੀ । ‘ਤੇ ਤੁਹਾਡੇ ਤੇ ਕੀ ਬੀਤੇਗੀ ਜੇਕਰ ਉਹ ਮਾਂ ਤੁਹਾਨੂੰ ਹੀ ਕਹੇ, “ਮੇਰੇ ਜਾਂਦੇ ਪੁੱਤ ਨੂੰ ਤਾਂ ਕੋਈ ਨਹੀਂ ਸੀ ਰੋਕ ਸਕਦਾ, ਪਰ ਜੇ ਤੁਸੀਂ ਦਸ-ਦਸ, ਵੀਹ-ਵੀਹ ਡਾਲਰ ‘ਕੱਠੇ ਕਰਕੇ ਉਸਦੀ ਲਾਸ਼ ਪਹੁੰਚਦੀ ਕਰ ਦਿੰਦੇ ਤਾਂ ਮੈਂ ਆਪਣੇ ਪੁੱਤ ਦਾ ਮੂੰਹ ਤਾਂ ਦੇਖ ਲੈਂਦੀ, ਉਸਨੂੰ ਜਾਂਦੀ ਵਾਰੀ ਪਿਆਰ ਤਾਂ ਕਰ ਲੈਂਦੀ ।” ਕੀ ਜੁਆਬ ਦਿਓਗੇ ????? ਸ਼ਾਇਦ ਤੁਸੀਂ ਵੀ ਪਛਤਾਓਗੇ, ਇਹ ਸੋਚ ਕੇ ਕਿ ਚਾਹੇ ਜਾਣ ਵਾਲਾ ਤੁਹਾਡਾ ਕੋਈ ਨਹੀਂ ਸੀ ਪਰ ਕਿਸੇ ਮਾਂ ਦਾ ਤਾਂ ਪੁੱਤ ਸੀ, ਕਿਸੇ ਬਾਪ ਦੇ ਬੁਢਾਪੇ ਦੀ ਡੰਗੋਰੀ ਸੀ, ਕਿਸੇ ਭੈਣ ਦਾ ਵੀਰ ਤੇ ਕਿਸੇ ਵੀਰ ਦੀ ਬਾਂਹ ਸੀ । ਤੁਸੀਂ ਉਸਦੇ ਵਿਲਕਦੇ ਪਰਿਵਾਰ ਨੂੰ ਚਾਹੇ ਦੇਖ ਨਹੀਂ ਸਕਦੇ ਸੀ ਪਰ ਉਸਦੇ ਅੰਤਿਮ ਦਰਸ਼ਨ ਕਰਵਾਉਣ ਦਾ ਇੱਕ ਸਾਧਨ ਬਣ ਸਕਦੇ ਸੀ ।
ਪਿਆਰੇ ਵੀਰੋ, ਰੱਬ ਸਭ ਦੀਆਂ ਲੰਬੀਆਂ ਉਮਰਾਂ ਕਰੇ ਪਰ ਸਚਾਈ ਤੋਂ ਕੋਈ ਨਹੀਂ ਭੱਜ ਸਕਦਾ । ਇਹ ਸਭ ਕੁਝ ਲਿਖਣ ਦਾ ਮਕਸਦ ਆਪ ਸਭ ਸਮਝ ਹੀ ਗਏ ਹੋਵੋਗੇ । ਕਈਆਂ ਨਾਲ ਸੋਚ ਵਿਚਾਰ ਕਰਨ ਤੋਂ ਬਾਅਦ ਹੀ ਇਹ ਵਿਚਾਰ ਜਨਤਕ ਤੌਰ ਤੇ ਆਪ ਸਭ ਨਾਲ ਸਾਂਝਾ ਕਰ ਰਿਹਾ ਹਾਂ ਕਿ ਕੋਈ ਅਜਿਹੀ ਸੰਸਥਾ ਜਾਂ ਫੰਡ ਬਣਾਇਆ ਜਾਵੇ, ਜਿਸ ਵਿੱਚ ਮਾਇਆ ਇਕੱਤਰ ਕਰਕੇ ਕੇਵਲ ਅਜਿਹੇ ਹੀ ਦੁਖਿਆਰੇ ਪਰਿਵਾਰਾਂ ਦੀ ਮੱਦਦ ਕੀਤੀ ਜਾਏ । ਜਿੰਨੇ ਵੀ ਵਿਦਿਆਰਥੀ ਹਨ ਘੱਟੋ ਘੱਟ ਕੇਵਲ 10 ਡਾਲਰ ਪ੍ਰਤੀ ਮਹੀਨਾ ਇਕੱਠਾ ਕਰਕੇ ਸੰਸਥਾ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾਉਣ । ਜ਼ਰੂਰੀ ਨਹੀਂ ਸਿਰਫ਼ 10 ਡਾਲਰ ਹੀ, ਜਿ਼ਆਦਾ ਵੀ ਕਰਵਾ ਸਕਦੇ ਹਨ, ਇਹ ਤਾਂ ਆਪਣੀ ਸਕੀਮ ਸਮਝਾਉਣ ਦਾ ਇੱਕ ਤਰੀਕਾ ਮਾਤਰ ਹੈ । ਇਹ ਵੀ ਸੋਚ ਨਹੀਂ ਰੱਖਣੀ ਕਿ ਕੋਈ ਪੈਸੇ ਇਕੱਤਰ ਕਰਨ ਲਈ ਆਏਗਾ ਜਾਂ ਪਰਚੀ ਕੱਟੇਗਾ । ਇਹ ਤਾਂ ਦਿਲਾਂ ਦੇ ਸੌਦੇ ਨੇ, ਦਿਲ ਮੰਨੇ ਦੀ ਗੱਲ ਹੈ । ਅਗਰ ਦਿਲ ‘ਚ ਕਿਸੇ ਅਣਜਾਣ ਪਰਿਵਾਰ ਦੀ ਮੱਦਦ ਕਰਨ ਦੀ ਭਾਵਨਾਂ ਆਉਂਦੀ ਹੈ ਤਾਂ ਬੈਂਕ ਜਾ ਕੇ ਪੈਸੇ ਜਮ੍ਹਾ ਕਰਵਾਉਣਾ ਮਾਮੂਲੀ ਗੱਲ ਹੈ । ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਦਸ ਡਾਲਰ ਜਮ੍ਹਾਂ ਕਰਵਾਉਣ ਕੌਣ ਜਾਏ । ਉਸਦਾ ਵੀ ਇਲਾਜ ਹੈ । ਜੇਕਰ ਤੁਸੀਂ ਜਾਗਰੂਕ ਹੋ ਸਕਦੇ ਹੋ ਤਾਂ ਆਪਣਾ ਆਲਾ-ਦੁਆਲਾ ਵੀ ਜਾਗਰੂਕ ਕਰ ਸਕਦੇ ਹੋ । ਵਾਰੀ ਸਿਰ ਸਭ ਦੀ ਡਿਊਟੀ ਲੱਗ ਸਕਦੀ ਹੈ । ਜੇਕਰ ਤੁਸੀਂ ‘ਕੱਲੇ ਹੀ ਇਸ ਮਹਾਂਯੱਗ ਵਿੱਚ ਹਿੱਸਾ ਪਾਉਣਾ ਚਾਹੁੰਦੇ ਹੋ ਤਾਂ ਪੰਜਾਹ ਡਾਲਰ ਜਮ੍ਹਾਂ ਕਰਵਾ ਕੇ ਪੰਜ ਮਹੀਨਿਆਂ ਲਈ ਆਪਣੇ ਆਪ ਨੂੰ ਸੰਤੁਸ਼ਟ ਮਹਿਸੂਸ ਕਰ ਸਕਦੇ ਹੋ । ਜੇ ਘੱਟ-ਵੱਧ ਵੀ ਕਰਵਾਉਂਦੇ ਹੋ ਤਾਂ ਵੀ ਨਾ ਤਾਂ ਕੋਈ ਤੁਹਾਡੇ ਤੋਂ ਹਿਸਾਬ ਮੰਗੇਗਾ ਤੇ ਨਾ ਹੀ ਬਕਾਏ ਲਈ ਤਕਾਜ਼ਾ ਕਰੇਗਾ । ਹਾਂ ! ਤੁਸੀਂ ਜਰੂਰ ਸੰਸਥਾ ਤੋਂ ਹਿਸਾਬ ਮੰਗਣ ਦੇ ਹੱਕਦਾਰ ਹੋ, ਚਾਹੇ ਕੋਈ ਡਾਲਰ ਦਿੰਦੇ ਹੋ ਜਾਂ ਨਹੀਂ । ਸਾਰੀ ਦੀ ਸਾਰੀ ਰਕਮ ਬੈਂਕ ਵਿੱਚ ਜਮ੍ਹਾਂ ਹੋਏਗੀ । ਜ਼ਰਾ ਸੋਚ ਕੇ ਦੇਖੋ ਕਿ ਇਸ ਵੇਲੇ ਆਸਟ੍ਰੇਲੀਆ ‘ਚ ਕਰੀਬ ਇੱਕ ਲੱਖ ਭਾਰਤੀ ਵਿਦਿਆਰਥੀ ਹਨ, ਜੇਕਰ ਆਪਣੇ ਨਾਲ਼ ਕੇਵਲ 1000 ਹੀ ਜੁੜਦੇ ਹਨ ਤਾਂ ਦਸ ਡਾਲਰ ਦੇ ਹਿਸਾਬ ਨਾਲ਼ ਦਸ ਹਜ਼ਾਰ ਡਾਲਰ ਪ੍ਰਤੀ ਮਹੀਨਾ ਇਕੱਤਰ ਹੋ ਜਾਣਗੇ ਜੋ ਕਿ ਇੱਕ ਲਾਸ਼ ਭਾਰਤ ਭੇਜਣ ਲਈ ਬਹੁਤ ਵੱਡਾ ਰੋਲ ਅਦਾ ਕਰ ਸਕਦੇ ਹਨ । ਹੁਣ ਦੇਖੋ ਕਿ ਤੁਹਾਡੀ ਨੇਕ ਕਮਾਈ ‘ਚੋਂ ਦਿੱਤੇ ਕੇਵਲ 10 ਡਾਲਰਾਂ ਨਾਲ਼ ਕਿੰਨੇ ਪੁੰਨ ਦਾ ਕੰਮ ਹੋ ਗਿਆ । ਮਾਪਿਆਂ ਦਾ ਪੁੱਤਰ ਤਾਂ ਆਪਾਂ ਵਾਪਿਸ ਨਹੀਂ ਲਿਆ ਸਕਦੇ, ਪਰ ਜਾਂਦੀ ਵਾਰ ਦੇ ਆਖਰੀ ਮੇਲੇ ਕਰਵਾਉਣ ਦੇ ਪੁੰਨ ਦੇ ਕਾਰਜ ‘ਚ ਜਰੂਰ ਭਾਗੀਦਾਰ ਹੋ ਸਕਦੇ ਹਾਂ ।
ਸੋਚ ਇਹ ਹੈ ਕਿ ਰੱਬ ਨਾ ਕਰੇ, ਜਦ ਵੀ ਕਦੀ ਕਿਸੇ ‘ਤੇ ਅਜਿਹੀ ਦੁੱਖ ਦੀ ਘੜੀ ਆ ਜਾਵੇ ਤੇ ਉਹ ਸੰਸਥਾ ਨਾਲ ਸੰਪਰਕ ਕਰੇ ਤਾਂ ਸੰਸਥਾ ਦੇ ਮੈਂਬਰ, ਹੋਈ ਅਨਹੋਣੀ ਦੀ ਪੂਰੀ ਪੜਚੋਲ ਕਰਨਗੇ ਤੇ ਦੁਖੀ ਪਰਿਵਾਰ ਦੀ ਜੋ ਵੀ ਮੁਨਾਸਿਬ ਮੱਦਦ ਕਰਨੀ ਬਣਦੀ ਹੈ, ਉਹ ਕਰਨਗੇ । ਸੰਸਥਾ ਹੋਰ ਕੀ ਕੰਮ ਕਰ ਸਕਦੀ ਹੈ, ਇਸ ਕਿਸਮ ਦਾ ਕੋਈ ਆਇਡੀਆ ਫਿਲਹਾਲ ਮੇਰੇ ਦਿਮਾਗ ਵਿੱਚ ਨਹੀਂ ਆਇਆ ਪਰ ਇਹ ਸੰਸਥਾ ਪੂਰਣ ਰੂਪ ਵਿੱਚ ਧਾਰਮਿਕ ਤੇ ਸਿਆਸੀ ਕਾਰਗੁਜ਼ਾਰੀਆਂ ਤੋਂ ਪਰ੍ਹੇ ਹੋਵੇਗੀ । ਜੇਕਰ ਕਿਸੇ ਵਿਦਿਆਰਥੀ ਦੀ ਫ਼ੀਸ ਦਾ ਇੰਤਜ਼ਾਮ ਨਹੀਂ ਹੁੰਦਾ ਜਾਂ ਪੈਸੇ ਖ਼ਤਮ ਹੋ ਗਏ ਤਾਂ ਸੰਸਥਾ ਅਜਿਹੇ ਲੋਕਾਂ ਦੀ ਮੱਦਦ ਨਹੀਂ ਕਰ ਸਕੇਗੀ । ਅੱਜ ਦੀ ਸੋਚ ਮੁਤਾਬਿਕ ਤਾਂ ਕੇਵਲ ਵਿਦਿਆਰਥੀਆਂ, ਉਨ੍ਹਾਂ ਦੇ ਪਤੀ-ਪਤਨੀ ਜਾਂ ਬੱਚੇ ਨਾਲ਼ ਹੋਈ ਅਨਹੋਣੀ ਵਿੱਚ ਹੀ ਮੱਦਦ ਕੀਤੀ ਜਾਵੇਗੀ ।
ਇੱਥੇ ਵਸਦੇ ਪੁਰਾਣੇ ਬਸਿ਼ੰਦਿਆਂ ਦੀ ਮੱਦਦ ਤੋਂ ਬਿਨਾਂ ਵੀ ਅਸੀਂ ਕੁਝ ਕਰਨ ਜੋਕਰੇ ਨਹੀਂ ਹੋਵਾਂਗੇ । ਜੇਕਰ ਉਹ ਸਾਡੇ ਮਾਰਗ ਦਰਸ਼ਕ ਬਣਨਗੇ ਤਾਂ ਹੀ ਇਹ ਕੰਮ ਅਮਲੀ ਰੂਪ ਵਿੱਚ ਸੁਚਾਰੂ ਢੰਗ ਨਾਲ਼ ਸਿਰੇ ਚੜ੍ਹ ਸਕਦਾ ਹੈ । ਸੰਸਥਾ ਦੀ ਮਾਇਕ ਮੱਦਦ ਲਈ ਅਪੀਲ ਤਾਂ ਸਭ ਨੂੰ ਹੀ ਹੋਇਆ ਕਰੇਗੀ । ਅਗਲੀ ਬੇਨਤੀ ਮੀਡੀਆ ਲਈ ਹੈ ਕਿ ਉਨ੍ਹਾਂ ਦੀ ਮੱਦਦ ਬਿਨਾਂ ਅਸੀੰ ਆਪਣੀ ਸੋਚ, ਆਪਣੇ ਮੰਤਵ ਨੂੰ ਆਮ ਜਨਤਾ ਵਿੱਚ ਨਹੀਂ ਰੱਖ ਸਕਾਂਗੇ । ਇਸ ਲਈ ਉਨ੍ਹਾਂ ਦੇ ਵੀ ਭਰਪੂਰ ਸਹਿਯੋਗ ਦੀ ਜ਼ਰੂਰਤ ਰਹੇਗੀ ।
ਪੰਜਾਬੀ ਭਰਾਓ ! ਇਹ ਹੈ ਮੋਟੀ ਜਿਹੀ ਰੂਪ-ਰੇਖਾ, ਜਿਸਨੂੰ ਤੁਹਾਡੀ ਸਭ ਦੀ ਮੱਦਦ ਨਾਲ ਨੇਪਰੇ ਚਾੜ੍ਹਿਆ ਜਾ ਸਕਦਾ ਹੈ । ਯਾਦ ਰਹੇ, ਇਹ ਸਭ ਗੱਲਾਂ ਕੋਈ ਫੈਸਲਾ ਨਹੀਂ ਹਨ, ਕੇਵਲ ਇੱਕ ਸੋਚ ਮਾਤਰ ਹੈ, ਜੋ ਤੁਹਾਡੇ ਨਾਲ਼ ਸਾਂਝੀ ਕੀਤੀ ਹੈ । ਹੁਣ ਸਭ ਅੱਗੇ ਇਹ ਬੇਨਤੀ ਹੈ ਕਿ ਆਪਣੇ ਵਿਚਾਰ ਦੱਸੋ ਕਿ ਕੀ ਪੁੰਨ ਦਾ ਅਜਿਹਾ ਕਾਰਜ ਕਰਨ ਬਾਰੇ ਸੋਚਣਾ ਚਾਹੀਦਾ ਹੈ ? ਜੋ ਗੱਲਾਂ ਤੁਹਾਡੇ ਨਾਲ਼ ਕੀਤੀਆਂ, ਕੀ ਤੁਹਾਨੂੰ ਜਚੀਆਂ ਹਨ ? ਇਹੀ ਸਭ ਤੋਂ ਪਹਿਲਾ ਸੁਆਲ ਹੈ, ਬਾਕੀ ਤਾਂ ਵਿਚਾਰਾਂ ਹੀ ਬਾਅਦ ਦੀਆਂ ਹਨ । ਜੇਕਰ ਜਚੀਆਂ ਹਨ ਤੇ ਤੁਹਾਡਾ ਹਾਂ ਪੱਖੀ ਜੁਆਬ ਹੈ ਤਾਂ ਇਹ ਮਾਰਗ ਦਰਸ਼ਨ ਕਰੋ ਕਿ ਸੰਸਥਾ ਕਿਸ ਤਰ੍ਹਾਂ ਬਣਾਈ ਜਾਏ ? ਮੈਂਬਰ ਕਿੱਥੋਂ ਤੇ ਕਿੰਝ ਚੁਣੇ ਜਾਣ ? ਫੰਡ ਕਿੱਦਾਂ ਇਕੱਤਰ ਕੀਤੇ ਜਾਣ ? ਅਨਹੋਣੀ ਹੋਣ ਤੇ ਮੱਦਦ ਕਰਨ ਦਾ ਫੈਸਲਾ ਕਿੰਝ ਲਿਆ ਜਾਏ ? ਕਿੰਨੀ ਮੱਦਦ ਕੀਤੀ ਜਾਏ ? ਅਜਿਹੀਆਂ ਬੁਨਿਆਦੀ ਸਲਾਹਾਂ ਦੀ ਜ਼ਰੂਰਤ ਹੈ । ਤੁਹਾਡੀ ਸੋਚ ਹਾਂ ਪੱਖੀ ਹੈ ਜਾਂ ਨਾਂਹ ਪੱਖੀ, ਸੂਚਿਤ ਜ਼ਰੂਰ ਕਰਨਾ । ਮੋਬਾਇਲ ਤੇ ਮੈਸੇਜ ਭੇਜ ਸਕਦੇ ਹੋ ਜਾਂ ਈ-ਮੇਲ ਤਾਂ ਸਭ ਤੋਂ ਵਧੀਆ ਤਰੀਕਾ ਹੈ, ਆਪਣੇ ਵਿਚਾਰ ਪਰਗਟ ਕਰਨ ਤੇ ਸੇਧ ਦੇਣ ਦਾ । ਇਹ ਕੋਈ ਇੱਕ ਅੱਧੇ ਦਿਨ ਦੀ ਖੇਡ ਤਾਂ ਹੈ ਨਹੀਂ । ਜੇਕਰ ਹਾਂ ਪੱਖੀ ਹੁੰਗਾਰਾ ਮਿਲਦਾ ਹੈ ਤਾਂ ਅਗਲੀਆਂ ਸਲਾਹਾਂ ਕਰਨ ਲਈ ਆਪ ਸਭ ਨਾਲ਼ ਮੀਡੀਆ ਦੇ ਜ਼ਰੀਏ ਵਾਰ ਵਾਰ ਮਿਲਣਾ ਹੋਏਗਾ ਤੇ ਟਾਈਮ ਤਾਂ ਹਰ ਕੰਮ ਤੇ ਲੱਗਦਾ ਹੀ ਹੈ ।
ਦੋਸਤੋ ! ਅੱਜ ਜੋ ਬੀਜ ਅੱਜ ਤੁਹਾਡੇ ਹਿਰਦਿਆਂ ‘ਚ ਬੀਜਣ ਦੀ ਕੋਸਿ਼ਸ਼ ਕਰ ਰਿਹਾ ਹਾਂ, ਉਸਨੂੰ ਖਾਦ-ਪਾਣੀ ਦੇਣਾ ਤੇ ਮੀਂਹ-ਹਨੇਰੀ ਤੋਂ ਬਚਾ ਕੇ ਰੱਖਣਾ ਤੁਹਾਡੇ ਵੱਸ ਹੈ । ਹੋ ਸਕਦਾ ਹੈ ਇਸ ਬੀਜ ਨੂੰ ਪੁੰਗਰ ਕੇ ਭਰਪੂਰ ਦਰੱਖਤ ਬਨਣ ਤੇ ਵਰ੍ਹੇ ਲੱਗ ਜਾਣ ਤੇ ਉਸ ਸਮੇਂ ਤੱਕ ਮੈਂ ਆਸਟ੍ਰੇਲੀਆ ‘ਚ ਨਾ ਹੋਵਾਂ ਕਿਉਂ ਜੋ ਅੱਜ ਦੇ ਹਾਲਤਾਂ ਮੁਤਾਬਿਕ ਕੇਵਲ ਡੇਢ ਸਾਲ ਹੀ ਇੱਥੇ ਹਾਂ । ਪਰ ਅਗਰ ਤੁਸੀਂ ਭਰਪੂਰ ਸਹਿਯੋਗ ਦਿਓ ਤਾਂ ਸ਼ਾਇਦ ਕਿਸੇ ਅਜਿਹੀ ਮਾਂ ਦੀਆਂ ਆਂਦਰਾਂ ਠੰਢੀਆਂ ਕਰਨ ‘ਚ ਕਾਮਯਾਬ ਹੋ ਜਾਈਏ, ਜਿਸ ਦਾ ਪੁੱਤ-ਧੀ ਇਸ ਦੁਨੀਆਂ ਤੋਂ ਤੁਰ ਗਿਆ ਹੋਵੇ । ਹੋ ਸਕਦਾ ਹੈ ਕਿ ਅਜਿਹੀ ਸੋਚ ਪਹਿਲਾਂ ਵੀ ਕਿਸੇ ਦੇ ਦਿਮਾਗ ‘ਚ ਆਈ ਹੋਵੇ ਤੇ ਕਿਸੇ ਕਾਰਨ ਨੇਪਰੇ ਨਾ ਚੜ੍ਹ ਸਕੀ ਹੋਵੇ । ਜੇਕਰ ਕੋਈ ਅਜਿਹਾ ਵੀਰ ਇਸ ਖ਼ਤ ਨੂੰ ਪੜ੍ਹਦਾ ਹੈ ਤਾਂ ਉਹ ਜ਼ਰੂਰ ਹੀ ਸੰਪਰਕ ਕਰਨ ਦੀ ਖੇਚਲ ਕਰੇ ਤਾਂ ਜੋ ਉਹ ਮੁਨਾਸਿਬ ਸੇਧ ਤੇ ਜਾਣਕਾਰੀ ਦੇ ਸਕੇ ।

ਮੋਬਾਇਲ : 0433 442 722
ਈ ਮੇਲ : rishi22722@yahoo.com

ਬੇਵਸੀ ਦੀ ਵਰਣਮਾਲਾ਼.......... / ਨਜ਼ਮ/ਕਵਿਤਾ / ਦਰਸ਼ਨ ਬੁੱਟਰ (ਸ਼੍ਰੋਮਣੀ ਕਵੀ)

ਨਿਮਾਣਾ ਜਿਹਾ ਮੇਰਾ ਮਾਣ
ਅਣਗੌਲਿ਼ਆ ਮੇਰਾ ਥਹੁ-ਪਤਾ
ਤਾਰਿਆਂ ਦੇ ਦੇਸ਼ 'ਚ ਉਡਦਾ ਕਣ
ਕਾਹਦੇ 'ਤੇ ਗਰਬ ਕਰੇ

ਕਿੰਨੀ ਕੁ ਯਾਤਰਾ

ਸਮੁੰਦਰ 'ਚ ਉਠਦੇ ਬੁਲਬੁਲੇ ਦੀ
ਪੱਤੇ 'ਤੇ ਡਿੱਗੀ ਕਣੀ
ਕਿੰਜ ਮੁਖ਼ਾਤਿਬ ਹੋਵੇ ਸ਼ੂਕਦੇ ਦਰਿਆ ਨੂੰ

ਗੁਲਾਬੀ ਮਹਿਕ ਦਾ ਬੁੱਲਾ
ਕਿੰਜ ਬਹਿਸ ਕਰੇ ਝੱਖੜਾਂ ਨਾਲ਼
ਅੱਖਾਂ 'ਚ ਲਿਖੀ ਬੇਵਸੀ ਦੀ ਵਰਣਮਾਲ਼ਾ
ਕਿਵੇਂ ਅਰਥ ਕਰੇ
ਮਰਮਰ 'ਤੇ ਉਕਰੇ ਸਿ਼ਲਾਲੇਖ ਦੇ

ਮੈਂ ਇਕ ਅਣਲਿਖੀ ਨਜ਼ਮ
ਇਕ ਅਣਗਾਈ ਗ਼ਜ਼ਲ
ਕੀ ਮਾਣ ਕਰਾਂ
ਮਹਾਂ ਸ਼ਬਦ-ਕੋਸ਼ਾਂ 'ਤੇ

ਇਕ ਲਫ਼ਜ਼ ਹੈ ਮੇਰੇ ਕੋਲ਼, ਮੁਹੱਬਤ
ਇਕ ਅਹਿਸਾਸ ਹੈ ਮੇਰੇ ਕੋਲ਼, ਦੋਸਤੀ
ਹੜ੍ਹਾਂ ਦੀ ਰੁੱਤ ਵਿੱਚ
ਨਾ ਇਹ ਬੇੜੀਆਂ ਬਣੇ ਨਾ ਮਲਾਹ

ਚੇਤਨਾ ਵਿਚ ਗੁਫਾਵਾਂ ਦਾ ਅੰਧਕਾਰ
ਅਵਚੇਤਨ ਵਿਚ ਸੂਰਜਾਂ ਦਾ ਪਰਿਵਾਰ
ਰੂਹ ਦੀ ਮਿੱਟੀ 'ਚ ਕਿਹੜਾ ਰੰਗ ਬੀਜਾਂ
ਕਿ ਧੁੱਪ ਦੇ ਫੁੱਲ ਖਿੜ ਪੈਣ

ਮੇਰੇ ਪੈਰਾਂ ਹੇਠ
ਅਨੰਤ ਦਿਸ਼ਾਵਾਂ ਦਾ ਕੇਂਦਰ
ਕਿਹੜੀ ਦਿਸ਼ਾ ਦੀ ਸੇਧ ਲਵਾਂ
ਕਿ ਖੁ਼ਦ ਤੋਂ ਪਾਰ ਹੋ ਜਾਵਾਂ
ਕਿਹੜੀ ਕਿਰਨ ਨੂੰ ਅਰਘ ਚੜਾਵਾਂ
ਕਿ ਰਾਖ ਤੋਂ ਅੰਗਿਆਰ ਹੋ ਜਾਵਾਂ.......
------

(ਗੁਰੂਦੇਵ)

ਹਵਾ ਦਾ ਕੋਈ ਵੇਗ ਨਹੀਂ ਹੁੰਦਾ
ਅਰੁੱਕ ਵੇਗ ਹੀ ਸਿਰਨਾਵਾਂ ਉਸਦਾ
ਫੁੱਲ
ਆਪਣੀ ਮਹਿਕ 'ਤੇ ਮਾਣ ਨਹੀਂ ਕਰਦੇ
ਪਾਣੀ ਬੇਖ਼ਬਰ ਆਪਣੀ ਤਰਲਤਾ ਤੋਂ

ਅਣਕਹੇ ਬੋਲ
ਲਫ਼ਜ਼ਾਂ ਦੇ ਤਲਬਗਾਰ ਨਹੀਂ ਹੁੰਦੇ
ਉਡ ਕੇ ਆ ਬਹਿੰਦੇ ਚੁੱਪ ਦੀ ਸਲੇਟ 'ਤੇ

ਕੋਈ ਬੂਹਾ ਨਹੀਂ ਹੁੰਦਾ
ਅੰਧਕਾਰ ਦੇ ਮਹਿਲ ਦਾ
ਛੱਤਾਂ ਪਾੜ ਕੇ ਲੰਘਣਾ ਪੈਂਦਾ
ਜਾਗਦੀਆਂ ਕਿਰਨਾਂ ਨੂੰ

ਮੁਹੱਬਤ ਦੀ ਮਹਿਕ
ਹਵਾ ਦਾ ਮੋਢਾ ਨਹੀਂ ਮੰਗਦੀ
ਕੰਧਾਂ ਦੇ ਅਰਥ ਨਹੀਂ ਜਾਣਦੀ
ਬਸ ਪੁੱਜ ਜਾਂਦੀ
ਇਕ ਸਾਹ ਤੋਂ ਦੂਜੇ ਸਾਹ ਤੱਕ

ਕਿਸੇ ਬਿੰਦੂ ਨਾਲ਼ ਮੋਹ ਪਾਲਣਾ
ਖੜੋਤ ਹੈ ਮੌਤ ਵਰਗੀ
ਦਿਸ਼ਾਵਾਂ ਵੱਲ ਪਿੱਠ ਕਰਨੀ
ਨਿਰੀ ਖ਼ੁਦਕਸ਼ੀ

ਵਿਸ਼ੇਸ਼ਣਾਂ ਤੋਂ ਬੇਪਰਵਾਹ ਸਹਿਜ ਵਿਚਰੀਏ
ਤਾਂ ਹਰ ਹਨੇਰੀ ਗੁਫ਼ਾ 'ਚੋਂ ਪਾਰ ਹੋ ਜਾਈਦਾ
ਸੰਨਾਟੇ ਦਾ ਰਾਗ ਸੁਣ ਲਈਦਾ

ਮੱਥੇ ਵਿਚਲਾ ਭਾਂਬੜ
ਸਹਿਜ ਹੋ ਮਸ਼ਾਲ ਬਣਦਾ
ਤਾਂ ਦਿਸ਼ਾਵਾਂ ਪੈਰਾਂ ਹੇਠ ਵਿਛ ਜਾਂਦੀਆਂ

ਹੇ ਸਖੀ !
ਤੂੰ ਆਪਣੇ ਅੰਦਰਲੇ ਸਚਿਆਰ ਨੂੰ
ਪਰਤੱਖ ਹੋਣ ਤੋਂ ਨਾ ਰੋਕੀਂ........

ਤੇ ਸਿਵਾ ਬੁਝ ਗਿਆ ਸੀ.......... ਕਹਾਣੀ / ਸਿ਼ਵਚਰਨ ਜੱਗੀ ਕੁੱਸਾ

ਹਰਦੀਪ ਨੂੰ ਸ਼ਾਮ ਨੂੰ ਜੰਗਲ-ਪਾਣੀ ਜਾਣ ਦੀ ਆਮ ਆਦਤ ਸੀ। ਜਦ ਉਸ ਨੂੰ ਚਾਰ-ਪੰਜ ਵਜੇ ਮਾੜੀ ਮੋਟੀ ਵਿਹਲ ਮਿਲਦੀ ਤਾਂ ਉਹ ਆਪਣਾ ਸਾਈਕਲ ਚੁੱਕ ਖੇਤਾਂ ਨੂੰ ਤੁਰ ਪੈਂਦਾ। ਭਾਵੇਂ ਪੰਜਾਬ ਦੇ ਮਾੜੇ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਹਰ ਘਰ ਨੇ ਟੁਆਇਲਟ ਘਰੇ ਹੀ ਪੁਟਵਾ ਲਈ ਸੀ, ਪਰ ਹਰਦੀਪ ਨੇ ਆਪਣਾ 'ਰੁਟੀਨ' ਕਦੇ ਨਾ ਬਦਲਿਆ। ਛੋਟੀ ਉਮਰ ਵਿਚ ਹੀ ਉਸ ਦਾ ਪ੍ਰਮਾਤਮਾਂ 'ਤੇ ਅਥਾਹ ਵਿਸ਼ਵਾਸ ਸੀ। ਹਰ ਇਕ ਦਾ ਭਲਾ ਸੋਚਣ ਵਾਲੇ ਮਨੁੱਖ ਦਾ ਕਿਸੇ ਨੇ ਕੀ ਬੁਰਾ ਕਰਨਾ ਸੀ? ਉਸ ਨੂੰ ਕਦੇ ਡਰ ਨਹੀਂ ਲੱਗਿਆ ਸੀ।

ਜਦ ਉਹ ਸਿਵਿਆਂ ਕੋਲੋਂ ਦੀ ਗੁਜ਼ਰਨ ਲੱਗਿਆ ਤਾਂ ਕਿਸੇ ਦੀ ਚਿਖ਼ਾ 'ਲੱਟ-ਲੱਟ' ਮੱਚ ਰਹੀ ਸੀ। ਚਿਖ਼ਾ ਦੇ ਪਾਸੇ ਅੱਠ-ਦਸ ਬੰਦੇ ਮਸੋਸੇ ਜਿਹੇ ਖੜ੍ਹੇ ਸਨ। ਮਨਹੂਸ ਹਾਲਾਤਾਂ ਵਿਚੋਂ ਗੁਜ਼ਰਦੇ ਪੰਜਾਬ ਦੇ ਹਰ ਪਿੰਡ ਵਿਚ ਕਿਸੇ ਨਾ ਕਿਸੇ ਦਾ ਸਿਵਾ ਬਲਦਾ ਹੀ ਰਹਿੰਦਾ ਸੀ। ਮੌਤ ਨਾਚ ਕਰਦੀ ਸੀ। ਕਿਸੇ ਦੇ ਪਤੀ ਦਾ ਸਿਵਾ, ਕਿਸੇ ਦੇ ਪੁੱਤ ਦਾ ਸਿਵਾ, ਕਿਸੇ ਦੇ ਭਰਾ ਦਾ ਸਿਵਾ ਅਤੇ ਕਿਸੇ ਮਾਸੂਮ ਬੱਚੇ ਦੇ ਪਿਉ ਦਾ ਸਿਵਾ ਬਲਦਾ ਹੀ ਰਹਿੰਦਾ ਸੀ। ਕੋਈ 'ਕਰਾਸ-ਫ਼ਾਇਰਿੰਗ' ਵਿਚ ਮਾਰਿਆ ਜਾਂਦਾ, ਕੋਈ 'ਮੁਕਾਬਲੇ' ਵਿਚ ਮਾਰਿਆ ਜਾਂਦਾ ਅਤੇ ਕੋਈ...!
ਲੋਕ ਚੁੱਪ-ਚਾਪ ਚਿਖ਼ਾ 'ਤੇ ਆਖਰੀ ਡੱਕੇ ਸੁੱਟ ਕੇ ਤੁਰ ਜਾਂਦੇ। ਪਰ ਕੋਈ ਪੁੱਛਣ ਅਤੇ ਕਹਿਣ ਦਾ ਸਾਹਸ ਹੀ ਨਾ ਕਰਦਾ। ਕਿਉਂਕਿ ਲੋਕਾਂ ਦੀ ਜ਼ੁਬਾਨ 'ਤੇ ਆਮ ਦੋ ਹੀ ਗੱਲਾਂ ਹੁੰਦੀਆਂ ਸਨ, "ਪੁਲਸ ਨੇ ਕੁੱਟ ਕੇ ਮਾਰਤਾ!" ਜਾਂ "ਮੁਕਾਬਲੇ 'ਚ ਮਾਰਿਆ ਗਿਆ!" ਸੱਚ ਕੀ ਹੁੰਦਾ? ਲੋਕ ਸਭ ਕੁਝ ਪਤਾ ਹੁੰਦੇ ਹੋਏ ਵੀ 'ਚੂੰ' ਨਾ ਕਰਦੇ! ਕਿਹੜਾ ਅੱਗੋਂ ਕੋਈ ਕਾਰਵਾਈ ਹੋਣੀ ਸੀ? ਬੱਸ! ਕਹਿਣ-ਸੁਣਨ ਵਾਲੇ ਦੇ ਹੀ ਪੁੜੇ 'ਸੇਕੇ' ਜਾਂਦੇ ਸਨ!
ਹਰਦੀਪ ਨੇ ਇਕ ਘੋਰ ਉਦਾਸ ਹੋਈ ਬਿਰਧ ਮਾਈ ਨੂੰ ਰੋਕ ਲਿਆ। ਸ਼ਾਇਦ ਉਹ ਚਿਖ਼ਾ ਕੋਲੋਂ ਹੀ ਆ ਰਹੀ ਸੀ।
-"ਇਹ ਕੌਣ ਮਰ ਗਿਆ ਬੇਬੇ?" ਹਰਦੀਪ ਨੇ ਅੰਦਰਲਾ ਸਾਹਸ ਇਕੱਠਾ ਕਰਕੇ ਪੁੱਛਿਆ। ਹਕੀਕਤ ਸੁਣਨ ਲਈ ਆਪਣੇ ਆਪ ਨੂੰ ਤਿਆਰ ਕੀਤਾ।
-"ਪ੍ਰਸਿੰਨੀ ਮਜਬਣ ਮਰਗੀ ਪੁੱਤਾ, ਹਾਏ...!" ਮਾਈ ਇਕ ਤਰ੍ਹਾਂ ਨਾਲ ਫਿ਼ੱਸ ਹੀ ਪਈ। ਉਸ ਦੀਆਂ ਬੁਝੀਆਂ ਅੱਖਾਂ ਚੋਣ ਲੱਗ ਪਈਆਂ।
-"ਹੈਂ...!" ਹਰਦੀਪ ਦਾ ਤਰਾਹ ਨਿਕਲ ਗਿਆ।
-"ਨਪੁੱਤੇ ਰੱਬ ਨੇ ਇਕ ਕੁੜੀ ਕਿਉਂਟਣ ਦਾ ਵੀ ਟੈਮ ਨਾ ਦਿੱਤਾ-ਬੰਦਾ ਚਾਹੁੰਦਾ ਕੀ ਐ-ਹੋ ਕੀ ਜਾਂਦੈ? ਕੀ ਉਸ ਡਾਢੇ ਰੱਬ ਅੱਗੇ ਕੋਈ ਜੋਰ ਐ? ਕਿਹੜੇ ਕਿਸੇ ਨੇ ਖੜ੍ਹਾ ਕੇ ਪੁੱਛਣੈਂ ਜਾਂ ਡਾਂਗ ਮਾਰਨੀ ਐਂ?"
-"..........।" ਹਰਦੀਪ ਦਾ ਅੰਦਰ 'ਝਰਨ-ਝਰਨ' ਕੰਬੀ ਜਾ ਰਿਹਾ ਸੀ। ਉਸ ਦਾ ਸੁਡੌਲ ਸਰੀਰ ਮਿੱਟੀ ਹੋਇਆ ਪਿਆ ਸੀ।
-"ਐਮੇਂ ਬੰਦਾ ਮੇਰੀ-ਮੇਰੀ ਕਰਦਾ ਤੁਰਿਆ ਫਿਰਦਾ ਰਹਿੰਦੈ-ਕਰਦਾ ਤਾਂ ਔਹ ਐ-ਨੀਲੀ ਛੱਤ ਆਲਾ!" ਮਾਈ ਫਿ਼ਸਦੀ, ਅਸਮਾਨ ਵੱਲ ਨੂੰ ਹੱਥ ਜੋੜਦੀ ਤੁਰ ਗਈ।
-"ਨਹੀਂ! ਰੱਬ ਐਡਾ ਨਿਰਦਈ ਨਹੀਂ-ਜਿੱਡੇ ਨਿਰਦਈ ਉਸ ਦੇ ਬੰਦੇ ਐ।" ਹਰਦੀਪ ਦਾ ਮਨ ਬੋਲਿਆ।
-"ਕਹਿੰਦੇ ਐ ਰੱਬ ਇਨਸਾਫ਼ ਕਰਦੈ-ਆਹ ਤੇਰਾ ਇਨਸਾਫ਼ ਐ ਰੱਬਾ? ਜੇ ਵਾਕਿਆ ਈ ਤੇਰਾ ਆਹ ਇਨਸਾਫ਼ ਐ-ਤਾਂ ਜਾਹ, ਮੈਂ ਤੈਨੂੰ ਜਾਂ ਤੇਰੇ ਇਨਸਾਫ਼ ਨੂੰ ਨਹੀਂ ਮੰਨਦਾ!" ਉਸ ਦੀ ਰੂਹ ਅੰਦਰੋ-ਅੰਦਰੀ ਕੱਟੀ-ਵੱਢੀਦੀ ਜਾ ਰਹੀ ਸੀ। ਉਹ ਦਿਮਾਗ ਅਤੇ ਰੱਬ ਨਾਲ ਅੰਦਰੋ-ਅੰਦਰੀ ਬੁਰੀ ਤਰ੍ਹਾਂ ਨਾਲ ਯੁੱਧ ਕਰਦਾ ਚਿਖ਼ਾ ਕੋਲ ਪਹੁੰਚ ਗਿਆ। ਚਿਖ਼ਾ ਆਪਣੇ ਪੂਰੇ ਜੋਬਨ 'ਤੇ ਮੱਚ ਰਹੀ ਸੀ। ਜੀਭਾਂ ਕੱਢਦੀਆਂ ਲਾਟਾਂ ਵਿਚੋਂ ਹਰਦੀਪ ਨੂੰ ਪ੍ਰਸਿੰਨੀ ਮਜਬਣ ਦੀ ਨੁਹਾਰ ਪ੍ਰਤੱਖ ਦਿਸ ਰਹੀ ਸੀ! ਇਕ ਬੜੇ ਹੀ ਦਿਲ ਵਾਲੀ, ਪਰ ਲਾਚਾਰ ਔਰਤ ਦੀ ਨੁਹਾਰ! ਪ੍ਰਸਿੰਨੀ ਦੇ ਬੋਲ ਉਸ ਦੇ ਦਿਲ ਨੂੰ ਕਿਸੇ ਛੁਰੀ ਵਾਂਗ ਪੱਛ ਰਹੇ ਸਨ।
-"ਬੱਸ ਡਾਕਦਾਰ ਜੀ-ਮੈਨੂੰ ਮੇਰੀ ਧੀ ਦੇ ਵਿਆਹ ਤੱਕ ਜਿਉਂਦੀ ਰੱਖ ਲਵੋ-ਫਿਰ ਮੈਂ ਜਿਉਣਾਂ ਵੀ ਕਾਹਦੇ ਆਸਰੇ ਜਾਂ ਕਿਸ ਆਸਤੇ ਐ? ਜੇ ਮੈਂ ਈ ਤੁਰਗੀ-ਤਾਂ ਇਹਨੂੰ ਬਿਚਾਰੀ ਨੂੰ ਕੀਹਨੇ ਬੂਹਿਓਂ ਉਠਾਉਣੈਂ?"
ਉਮਰ ਭਰ ਦੁੱਖਾਂ ਤਕਲੀਫ਼ਾਂ ਨਾਲ ਜੱਦੋਜਹਿਦ ਕਰਨ ਵਾਲਾ ਪ੍ਰਸਿੰਨੀ ਦਾ ਸਰੀਰ ਇਕ ਸੁਆਹ ਦੀ ਢੇਰੀ ਬਣਦਾ ਜਾ ਰਿਹਾ ਸੀ। ਹਰਦੀਪ ਨੂੰ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਉਸ ਦੀ ਆਤਮਾਂ, ਉਸ ਦੀ ਜ਼ਮੀਰ ਸੁਆਹ ਹੋ ਰਹੀ ਸੀ! ਉਹ ਚਿਖ਼ਾ ਨੂੰ ਧੁਖਦੀ ਛੱਡ, ਸਾਈਕਲ ਲੈ ਕੇ ਰਾਹ 'ਤੇ ਆ ਗਿਆ। ਉਸ ਦੀਆਂ ਅੱਖਾਂ ਵਿਚੋਂ ਹੰਝੂ 'ਪਰਲ-ਪਰਲ' ਚੱਲ ਰਹੇ ਸਨ। ਪ੍ਰਸਿੰਨੀ ਦੀ ਸ਼ਕਲ ਉਸ ਦੇ ਦਿਮਾਗ ਅੰਦਰ ਬੜੀ ਤੇਜ਼ੀ ਨਾਲ ਘੁੰਮ ਰਹੀ ਸੀ। ਉਸ ਨੇ ਸਾਈਕਲ 'ਤੇ ਚੜ੍ਹਨ ਲਈ ਹੰਭਲਾ ਮਾਰਿਆ, ਪਰ ਲੱਤਾਂ ਜਵਾਬ ਦੇ ਗਈਆਂ ਅਤੇ ਉਹ 'ਧੜ੍ਹੰਮ' ਕਰਕੇ ਰਾਹ 'ਤੇ ਹੀ ਡਿੱਗ ਪਿਆ। ਕਾਫ਼ੀ ਚਿਰ ਪਿਆ ਰਿਹਾ। ਫਿਰ ਉਠਣ ਦਾ ਹੌਸਲਾ ਹੀ ਨਾ ਪਿਆ।
ਹਨ੍ਹੇਰਾ ਹੋ ਚੁੱਕਾ ਸੀ।
ਲੋਕ ਖੇਤੋਂ ਘਰਾਂ ਨੂੰ ਪਰਤ ਰਹੇ ਸਨ।
-"ਨੀ ਆਹ ਕੌਣ ਪਿਐ?" ਖੇਤੋਂ ਝੋਨਾਂ ਝਾੜ ਕੇ ਆਉਂਦੀ ਇਕ ਬੁੜ੍ਹੀ ਨੇ ਦੂਜੀ ਨੂੰ ਪੁੱਛਿਆ। ਸਿਰ 'ਤੇ ਉਸ ਦੇ ਪਰਾਲੀ ਦੀ ਭਰੀ ਚੁੱਕੀ ਹੋਈ ਸੀ।
-"ਨ੍ਹੀ ਹੋਊ ਕੋਈ...! ਨਸ਼ੇ ਆਲੀਆਂ ਗੋਲੀਆਂ ਖਾਧੀਆਂ ਲੱਗਦੀਐਂ ਭੁੱਜ ਜਾਣੇ ਦੀਆਂ...!" ਦੂਜੀ ਬੋਲੀ। ਪਹਿਚਾਨਣ ਦੀ ਉਸ ਨੂੰ ਕਿਸੇ ਨੇ ਵੀ ਕੋਸਿ਼ਸ਼ ਨਾ ਕੀਤੀ। ਉਹ ਗੱਲਾਂ ਕਰਦੀਆਂ ਅੱਗੇ ਤੁਰ ਗਈਆਂ। ਹਰਦੀਪ ਨੇ ਸਾਰੀ ਤਾਕਤ ਇਕੱਠੀ ਕੀਤੀ ਅਤੇ ਆਪਣੇ ਨਾਲ ਸਾਈਕਲ ਵੀ ਖੜ੍ਹਾ ਕਰ ਲਿਆ। ਊਧ-ਮਧੂਣਾਂ ਜਿਹਾ ਹੋਇਆ ਉਹ ਪਿੰਡ ਵੱਲ ਨੂੰ ਤੁਰ ਪਿਆ।
ਹਰਦੀਪ ਦਾ ਜਨਮ ਇਕ ਗਰੀਬ ਕਿਸਾਨ ਬਾਪ ਦੇ ਘਰ ਹੋਇਆ ਸੀ। ਉਸ ਨੇ ਦਸਵੀਂ ਜਮਾਤ ਤੱਕ ਪੜ੍ਹਾਈ ਕੀਤੀ। ਕਾਲਜ ਦਾ ਖਰਚਾ ਬਾਪੂ ਝੱਲ ਨਹੀਂ ਸਕਦਾ ਸੀ। ਪੜ੍ਹਨਾ ਉਹ ਅੱਗੇ ਵੀ ਚਾਹੁੰਦਾ ਸੀ। ਪਰ ਘਰ ਦੀ ਗਰੀਬੀ ਦੇਖ ਕੇ ਮੁੰਡਾ ਚੁੱਪ ਕਰ ਗਿਆ। ਕਾਲਜ ਜਾਣ ਦੀ ਖਾਹਿਸ਼ ਮੁੰਡੇ ਅੰਦਰ ਹੀ ਦਮ ਤੋੜ ਗਈ। ਸਤਾਰ੍ਹਾਂ ਸਾਲ ਦੀ ਉਮਰ ਵਿਚ ਹਰਦੀਪ ਨੇ ਆਪਣੇ ਮਾਂ-ਬਾਪ ਅੱਗੇ ਕਦੇ ਪੂਰਾ ਮੂੰਹ ਖੋਲ੍ਹ ਕੇ ਵੀ ਗੱਲ ਨਹੀਂ ਸੀ ਕੀਤੀ।
ਹਰਦੀਪ ਦੇ ਬਾਪੂ ਨੇ ਉਸ ਨੂੰ ਨਾਲ ਦੇ ਪਿੰਡ ਇਕ ਡਾਕਟਰ ਕੋਲ ਛੱਡ ਦਿੱਤਾ। ਵਾਹੀ ਵਿਚ ਉਹ ਹਰਦੀਪ ਨੂੰ ਪਾਉਣਾਂ ਨਹੀਂ ਚਾਹੁੰਦਾ ਸੀ। ਨਾਲੇ ਵਾਹੀ ਨੂੰ, ਬਾਪੂ ਕੋਲੇ ਕਿਹੜਾ ਝੱਖੜਆਲੀਏ ਸਰਦਾਰ ਵਾਲੀ ਢੇਰੀ ਸੀ? ਮਾੜੀ-ਮੋਟੀ ਜ਼ਮੀਨ ਸੀ। ਜਿਸ ਨਾਲ ਪੰਜ-ਪਾਂਜੇ ਵੀ ਪੂਰੇ ਨਹੀਂ ਹੁੰਦੇ ਸਨ। ਸਾਰੀ ਉਮਰ ਬਾਪੂ ਮਿੱਟੀ ਨਾਲ ਮਿੱਟੀ ਹੋਇਆ ਰਿਹਾ ਸੀ। ਪਰ ਦੋ ਪੱਕੇ ਖਣ ਨਹੀਂ ਉਸਾਰ ਸਕਿਆ ਸੀ। ਕੰਧਾਂ ਦੇ ਲਿਉੜ ਡਿੱਗਣੋਂ ਨਹੀਂ ਹਟੇ ਸਨ। ਬੇਬੇ ਵਿਚਾਰੀ ਸਾਰੀ ਉਮਰ ਪਿੰਡ ਵਾਲੇ ਛੱਪੜ ਤੋਂ ਮਿੱਟੀ ਢੋਅ-ਢੋਅ ਕੇ ਕੰਧਾਂ ਨੂੰ ਮਜਬੂਤ ਬਣਾਉਣ ਦੀ ਕੋਸਿ਼ਸ਼ ਵਿਚ ਹੀ ਅੱਕਲਕਾਨ ਹੋਈ ਰਹੀ ਸੀ। ਪਰ ਮੀਂਹ-ਕਣੀਂ ਵਿਚ ਉਹਨਾਂ ਦਾ ਜਿਉਣਾਂ ਦੁੱਭਰ ਹੋ ਜਾਂਦਾ।
"ਡਾਕਦਾਰ ਜੀ-ਇਹਨੂੰ ਟੀਕਾ ਟੱਲਾ ਲਾਉਣਾਂ ਸਿਖਾ ਦਿਓ-ਜਦੋਂ ਮਾੜਾ ਮੋਟਾ ਕੰਮ ਸਿੱਖ ਗਿਆ-ਕਿਤੇ ਸਹੁਰੇ ਦੀ ਦੁਕਾਨ ਖੁਲ੍ਹਵਾ ਦਿਆਂਗੇ।" ਬਾਪੂ ਨੇ ਡਾਕਟਰ ਨੂੰ ਆਖਿਆ ਸੀ।
-"ਬੰਤਾ ਸਿਆਂ! ਇਹ ਪਹਿਲੀ ਜਮਾਤ ਦੀ ਪੈਂਤੀ ਨਹੀਂ ਬਈ ਬੰਦਾ ਆਥਣ ਨੂੰ ਸਿੱਖ ਜਾਊ-ਇਸ ਵਿਚ ਕਾਫ਼ੀ ਲਗਨ ਮਿਹਨਤ ਦੀ ਜਰੂਰਤ ਐ-।" ਖ਼ੁਦ ਦਸਵੀਂ ਫ਼ੇਲ੍ਹ ਡਾਕਟਰ ਆਪਣੇ ਆਪ ਨੂੰ ਬੀ ਏ ਪਾਸ ਦੱਸਦਾ ਸੀ। ਕਿਸੇ ਡਾਕਟਰ ਕੋਲ ਸ਼ਹਿਰ ਉਸ ਨੇ ਦੋ ਸਾਲ ਲਾ ਕੇ ਆਪਣੀ ਪ੍ਰੈਕਟਿਸ ਤੋਰ ਲਈ ਸੀ ਅਤੇ ਹੁਣ ਆਪਣੇ ਆਪ ਨੂੰ ਬੀ ਏ ਐੱਮ ਐੱਸ ਡਿਗਰੀ ਪਾਸ ਦਰਸਾਉਂਦਾ ਸੀ!
-"ਚਾਹੇ ਕੁੱਟ ਕੇ ਧੌੜੀ ਲਾਹ ਦਿਓ-ਪਰ ਮੇਰੀ ਮਿੰਨਤ ਐ ਜੀ-ਇਹਨੂੰ ਬੰਦਾ ਬਣਾ ਦਿਓ।" ਬੰਤਾ ਸਿੰਘ ਨੇ ਵਿਆਈਆਂ ਪਾਟੇ ਹੱਥ ਜੋੜੇ।
-"ਕੀ ਨਾਂ ਐਂ ਬਈ ਕਾਕਾ ਤੇਰਾ?"
-"ਜੀ ਹਰਦੀਪ ਸਿੰਘ।"
-"ਕੰਮ ਤਾਂ ਤੈਨੂੰ ਦਿਆਂਗੇ ਸਿਖਾ-ਪਰ ਇਕ ਦੋ ਸਾਲ ਐਥੇ ਲਾਉਣੇ ਪੈਣਗੇ-ਤੇ ਨਾਲੇ ਘਰ ਦਾ ਮਾੜਾ ਮੋਟਾ ਚੱਕਣ-ਧਰਨ ਵੀ ਨਾਲ ਕਰਨਾ ਪਊ।"
-"ਮੈਖਿਆ ਹਜੂਰ ਚਾਹੇ ਗੋਹਾ ਸਿਟਵਾ ਲਿਆ ਕਰਿਓ!" ਬੰਤਾ ਹਰਦੀਪ ਵੱਲੋਂ ਬੋਲਿਆ। ਉਹ ਕਿਸੇ ਸੂਰਤ ਵਿਚ ਵੀ ਪੁੱਤ ਨੂੰ ਵਾਹੀ ਵਿਚ ਅੱਕਲਕਾਨ ਹੋਇਆ ਨਹੀਂ ਦੇਖ ਸਕਦਾ ਸੀ।
-"ਹੋਰ ਸੁਣ! ਰੋਟੀ ਪਾਣੀ ਤੇਰਾ ਐਥੇ-ਪਿੰਡ ਜਾਣ ਲਈ ਪੂਛ ਨਾ ਤੁੜਾਈਂ!" ਡਾਕਟਰ ਨੇ ਰੋਟੀ, ਪਾਣੀ ਅਤੇ ਰਹਾਇਸ਼ ਦਾ ਅਹਿਸਾਨ ਜਤਾ ਕੇ ਕੰਨ ਕੀਤੇ। ਮੁਫ਼ਤੋ-ਮੁਫ਼ਤੀ ਵਿਚ ਮਿਲਿਆ ਦਸਵੀਂ ਪਾਸ ਮੁੰਡਾ ਉਸ ਨੂੰ ਮਾੜਾ ਨਹੀਂ ਸੀ।
-"ਲੈ ਜੀ ਪਿੰਡ ਆ ਕੇ ਇਹਨੇ ਟੋਭਾ ਭਰਨੈਂ? ਉਹੀ ਪਿੰਡ ਐ ਜਿੱਥੇ ਅਸੀਂ ਸਾਰੀ ਉਮਰ ਖਪਦੇ ਮਰਗੇ-ਜੇ ਪਿੰਡ ਦਾ ਨਾਂ ਵੀ ਲਵੇ-ਖੌਂਸੜਾ ਲਾਹ ਲਿਓ-ਮੇਰੇ ਵੱਲੋਂ ਖੁੱਲ੍ਹੀ ਛੁੱਟੀ ਐ।" ਆਖ ਬੰਤਾ ਸਿੰਘ ਤੁਰ ਗਿਆ ਸੀ।
ਬੱਸ! ਉਸ ਦਿਨ ਤੋਂ ਹਰਦੀਪ ਦੀ ਜਿ਼ੰਦਗੀ ਇਸ ਪਿੰਡ ਵਿਚ ਸ਼ੁਰੂ ਹੋ ਗਈ ਸੀ। ਹਰਦੀਪ ਨੂੰ ਡਾਕਟਰ ਦੀ ਰੱਖੀ ਮੱਝ ਵਾਸਤੇ ਪੱਠੇ ਲਿਆਉਣੇ ਪੈਂਦੇ, ਉਗਰਾਹੀ ਕਰਨੀ ਪੈਂਦੀ, ਕਣਕ ਮੱਕੀ ਦੀਆਂ ਬੋਰੀਆਂ ਉਧਾਰ ਵਾਲਿਆਂ ਤੋਂ ਡਾਕਟਰ ਦੇ ਘਰ ਨੂੰ ਢੋਹਣੀਆਂ ਪੈਂਦੀਆਂ। ਖ਼ਾਸ ਕਰਕੇ ਹਰਦੀਪ ਨੂੰ ਡਾਕਟਰ ਦੇ ਨਲੀਚੋਚਲ ਜਿਹੇ ਬੱਚਿਆਂ ਤੋਂ ਬਹੁਤ ਚਿੜ੍ਹ ਸੀ। ਉਸ ਦੇ ਦੁੱਧ ਸੁੱਟਦੇ ਜੁਆਕ ਹਮੇਸ਼ਾ "ਰੀਂ-ਰੀਂ" ਕਰਦੇ ਰਹਿੰਦੇ। ਜਿਹਨਾਂ ਦੀ ਟਹਿਲ ਸੇਵਾ ਸਿਰਫ਼ ਹਰਦੀਪ ਨੂੰ ਹੀ ਕਰਨੀ ਪੈਂਦੀ। ਡਾਕਟਰ ਦੀ ਘਰਵਾਲੀ ਨੂੰ ਤਾਂ ਸੁਰਖੀ-ਬਿੰਦੀ ਹੀ ਵਿਹਲ ਨਹੀਂ ਦਿੰਦੀ ਸੀ। ਪਰ ਹਰਦੀਪ ਬਾਪੂ ਦੀ ਖ਼ਾਹਿਸ਼ ਆਪਣੀ ਜ਼ਮੀਰ ਕੁਚਲ ਕੇ ਵੀ ਪੂਰੀ ਕਰਨੀ ਚਾਹੁੰਦਾ ਸੀ। ਇਕ ਹੋਰ ਕੰਮ ਸਿਖਦੇ ਮੁੰਡੇ "ਨਿੱਕੀ" ਨਾਲ ਉਹ ਕਾਫ਼ੀ ਘੁਲ ਮਿਲ ਗਿਆ ਸੀ। ਜਿ਼ੰਦਗੀ ਦੇ ਰਾਹ ਵਿਚ ਆਉਂਦੇ ਇੱਟਾਂ-ਰੋੜਿਆਂ ਨਾਲ ਜਿਵੇਂ ਹਰਦੀਪ ਨੇ ਇਕ ਤਰ੍ਹਾਂ ਨਾਲ ਸਮਝੌਤਾ ਕਰ ਲਿਆ ਸੀ। ਇੱਟਾਂ ਰੋੜੇ ਜਿ਼ੰਦਗੀ ਦੇ ਰਾਹ ਦਾ ਇਕ ਅੰਗ ਹਨ। ਮੁਸ਼ਕਿਲਾਂ ਨਾਲ ਖਿੜੇ ਮੱਥੇ ਸਾਹਮਣਾ ਕਰਨ ਵਾਲੇ ਹੀ ਮਹਾਨ ਹੋ ਨਿੱਬੜਦੇ ਹਨ। "ਮਰੂੰ-ਮਰੂੰ" ਕਰਨ ਵਾਲੇ ਰਾਹ ਵਿਚ ਹੀ ਮਿੱਟੀ ਬਣ ਜਾਂਦੇ ਹਨ!
ਤਕਰੀਬਨ ਇਕ ਸਾਲ ਹੋ ਗਿਆ ਸੀ ਹਰਦੀਪ ਨੂੰ ਡਾਕਟਰ ਕੋਲ ਆਇਆਂ। ਪਰ ਉਸ ਨੇ ਪਿੰਡ ਜਾਣ ਦਾ ਕਦੀ ਨਾਂ ਤੱਕ ਨਾ ਲਿਆ। ਬੇਬੇ ਅਤੇ ਬਾਪੂ ਉਸ ਨੂੰ ਕਦੀਂ-ਕਦਾਈਂ ਮਿਲ ਜਾਂਦੇ ਸਨ। ਬਾਪੂ ਹਰਦੀਪ ਨੂੰ ਟੀਕੇ ਲਾਉਂਦਾ ਅਤੇ ਮਰੀਜ਼ਾਂ ਦੀ ਮਾੜੀ-ਮੋਟੀ ਚੈੱਕ-ਅੱਪ ਕਰਦਾ ਵੇਖ ਫੁੱਲਿਆ ਨਹੀਂ ਸਮਾਉਂਦਾ ਸੀ। ਹਰਦੀਪ ਦੇ ਗਲ ਵਿਚ ਪਾਇਆ ਸਟੈਥੋਸਕੋਪ ਦੇਖ ਕੇ ਬੇਬੇ ਬਾਪੂ ਨੂੰ ਗੁੱਝਾ-ਗੁੱਝਾ ਆਖਦੀ:
-"ਸੁੱਖ ਨਾਲ ਪੂਰਾ ਡਾਕਦਾਰ ਲੱਗਦੈ!"
-"ਤੂੰ ਜੁਆਕ ਨੂੰ ਨਜ਼ਰ ਨਾ ਲਾਦੀਂ-ਸਾਅਲੀ ਢੇਅਡ!" ਬਾਪੂ ਤੋਂ ਖੁਸ਼ੀ ਸਾਂਭੀ ਨਹੀਂ ਜਾਂਦੀ ਸੀ। ਜਿਸ ਦਿਨ ਬਾਪੂ ਹਰਦੀਪ ਨੂੰ ਮਿਲ ਕੇ ਜਾਂਦਾ ਤਾਂ ਪਿੰਡ ਜਾ ਕੇ ਚਾਰ ਪੈੱਗ 'ਰੂੜੀ-ਮਾਰਕਾ' ਦੇ ਜ਼ਰੂਰ ਚਾਹੜਦਾ ਸੀ। ਖ਼ੁਸ਼ੀ ਉਸ ਦੀਆਂ ਅੱਖਾਂ ਅਤੇ ਕੱਛਾਂ ਵਿਚ ਕੁਤਕੁਤਾੜੀਆਂ ਕਰਦੀ ਰਹਿੰਦੀ।
-"ਸਾਲ ਖੰਡ ਹੋਰ ਐ ਦਲੀਪ ਕੁਰੇ-।" ਉਹ ਪੀਤੀ ਵਿਚ ਘਰੇ ਜਾ ਕੇ ਗੱਲ ਤੋਰ ਲੈਂਦਾ।
-"ਬੱਸ ਆਪਣਾ ਹਰਦੀਪ ਸਿਉਂ ਪੂਰਾ ਡਾਕਦਾਰ ਬਣਜੂਗਾ-ਫੇਰ ਉਹਦੀ ਪਿੰਡ ਈ ਦੁਕਾਨ ਖੁਲ੍ਹਵਾ ਦਿਆਂਗੇ-ਜਦੋਂ ਮੈਂ ਸੱਥ ਵਿਚੋਂ ਦੀ ਲੰਘਿਆ ਕਰੂੰਗਾ-ਲੋਕ ਆਖਿਆ ਕਰਨਗੇ-ਆਹ ਜਾਂਦੈ ਬਈ ਡਾਕਦਾਰ ਹਰਦੀਪ ਸਿੰਘ ਉਪਲ ਦਾ ਪਿਉ-ਫੇਰ ਮੈਂ ਪਿੰਡ 'ਚ ਚੌੜਾ ਹੋ ਕੇ ਤੁਰਿਆ ਕਰੂੰ-ਗਰੀਬ ਗੁਰਬੇ ਨੂੰ ਦੁਆਈ ਸਸਤੀ ਦੁਆਇਆ ਕਰੂੰ-ਅੱਬਲ ਤਾਂ ਮੁਖ਼ਤ!"
ਦਲੀਪ ਕੌਰ ਚੁੱਪ ਚਾਪ ਸੁਣੀਂ ਜਾਂਦੀ।
-"ਦਲੀਪ ਕੁਰੇ! ਅਸੀਂ ਉਹ ਕਿਸਾਨ ਪੁੱਤ ਐਂ-ਜਿਹੜੇ ਫ਼ਸਲ ਬੀਜਣ ਲੱਗੇ 'ਗਰੀਬ ਗੁਰਬੇ ਦੇ ਭਾਗਾਂ ਨੂੰ-ਰਾਹੀ ਪਾਂਧੀ ਦੇ ਭਾਗਾਂ ਨੂੰ' ਆਖ ਕੇ ਬੀਜਣਾ ਸ਼ੁਰੂ ਕਰਦੇ ਐਂ।" ਉਹ ਹਿੱਕ 'ਚ ਧੱਫ਼ੇ ਮਾਰ-ਮਾਰ ਕਹਿੰਦਾ।
ਕਪਾਹਾਂ ਦੀ ਚੁਗਾਈ ਸ਼ੁਰੂ ਹੋਣ 'ਤੇ ਸੀ। ਹਰ ਕੋਈ ਆਪਣਾ ਕਮਰਕੱਸਾ ਕੱਸ ਰਿਹਾ ਸੀ। ਮਜਦੂਰ ਆਪਣੀ ਥਾਂ ਅਤੇ ਕਿਸਾਨ ਆਪਣੀ ਥਾਂ!
-"ਹਰਦੀਪ!" ਡਾਕਟਰ ਨੇ ਹਾਕ ਮਾਰੀ।
-"ਹਾਂ ਜੀ?"
-"ਜਾਹ ਪ੍ਰਸਿੰਨੀ ਦੇ ਟੀਕਾ ਲਾ ਕੇ ਆ!"
ਹਰਦੀਪ ਬੈਗ ਚੁੱਕ ਤੁਰ ਗਿਆ।
ਪ੍ਰਸਿੰਨੀ ਅਲਾਣੀ ਮੰਜੀ 'ਤੇ ਪਈ ਹੁੰਗਾਰ ਮਾਰ ਰਹੀ ਸੀ। ਉਸ ਦਾ ਚਿਹਰਾ ਪੀਲਾ ਜ਼ਰਦ ਹੋਇਆ ਪਿਆ ਸੀ ਅਤੇ ਮੰਜੀ 'ਚ ਪਈ ਉਹ ਹੱਡੀਆਂ ਦੀ ਮੁੱਠ ਹੀ ਤਾਂ ਜਾਪਦੀ ਸੀ! ਉਸ ਦੇ ਸਿਰਹਾਣੇਂ ਉਸ ਦੀ ਧੀ ਅੱਕੀ ਭੁੰਜੇ ਹੀ ਬੈਠੀ ਪਾਣੀ ਪਿਆਉਣ ਦੀ ਕੋਸਿ਼ਸ਼ ਕਰ ਰਹੀ ਸੀ।
-"ਕੀ ਹਾਲ ਐ ਤੁਹਾਡਾ?" ਹਰਦੀਪ ਨੇ ਟੀਕਾ ਲਾਉਣ ਤੋਂ ਬਾਅਦ ਪੁੱਛਿਆ। ਪੀਲੀਏ ਦੀ ਬਿਮਾਰੀ ਪ੍ਰਸਿੰਨੀ ਨੂੰ ਪੂਰੀ ਤਰ੍ਹਾਂ ਜਕੜ ਚੁੱਕੀ ਸੀ। ਪਈ ਪ੍ਰਸਿੰਨੀ ਨੇ 'ਨਾਂਹ' ਵਿਚ ਹੱਥ ਹਿਲਾਇਆ। ਪਰ ਕਮਜ਼ੋਰੀ ਕਾਰਨ ਬੋਲ ਨਾ ਸਕੀ। ਉਸ ਨੇ ਇਸ਼ਾਰੇ ਨਾਲ ਹਰਦੀਪ ਨੂੰ ਕੋਲ ਬੈਠਣ ਲਈ ਮੰਜੀ 'ਤੇ ਹੱਥ ਮਾਰਿਆ।
-"ਹਰਦੀਪ ਸ਼ੇਰਾ! ਡਾਕਦਾਰ ਨੂੰ ਕਹੀਂ-ਕੱਲ੍ਹ ਨੂੰ ਟੀਕਾ ਲਾਉਣ ਮੇਰੇ ਆਪ ਆਵੇ।" ਪ੍ਰਸਿੰਨੀ ਨੇ ਬੜੀ ਔਖ ਨਾਲ ਗੱਲ ਪੂਰੀ ਕੀਤੀ। ਹਰਦੀਪ ਨੇ 'ਹਾਂ' ਵਿਚ ਸਿਰ ਹਿਲਾਇਆ। ਪਰ ਅੰਦਰੋਂ ਉਹ ਉਦਾਸ ਹੋ ਗਿਆ। ਕਿਉਂਕਿ ਡਾਕਟਰ ਨੇ ਪ੍ਰਸਿੰਨੀ ਦੇ ਘਰ ਟੀਕਾ ਲਾਉਣ ਕਦੀ ਆਉਣਾਂ ਹੀ ਨਹੀਂ ਸੀ। ਡਾਕਟਰ ਬੜਾ ਲਾਲਚੀ ਅਤੇ ਬਦ ਬੰਦਾ ਸੀ। ਖਾਂਦੇ-ਪੀਂਦੇ ਘਰੀਂ ਉਹ ਟੀਕਾ ਸਕੂਟਰ 'ਤੇ ਆਪ ਲਾਉਣ ਜਾਂਦਾ। ਪਰ ਗਰੀਬ ਗੁਰਬੇ ਦੇ ਘਰ ਨਿੱਕੀ ਜਾਂ ਹਰਦੀਪ ਨੂੰ ਹੀ ਭੇਜ ਛੱਡਦਾ। ਪ੍ਰੈਕਟਿਸ ਚਲਾਉਣ ਸਮੇਂ ਉਸ ਨੇ ਲੋਕਾਂ ਦੀ ਕਾਫ਼ੀ ਖਾਤਿਰ ਕੀਤੀ ਸੀ। ਪਰ ਹੁਣ ਜਦ ਉਸ ਦੀ ਪ੍ਰੈਕਟਿਸ ਪੂਰੀ ਤਰ੍ਹਾਂ ਚੱਲ ਨਿਕਲੀ ਸੀ ਤਾਂ ਡਾਕਟਰ ਨੇ ਆਪਣੀ ਸੀਮਤ ਅਮੀਰ ਲੋਕਾਂ ਤੱਕ ਹੀ ਕਰ ਲਈ ਸੀ। ਗਰੀਬ ਗੁਰਬੇ ਦੇ ਹਿੱਸੇ ਨਿੱਕੀ ਅਤੇ ਹਰਦੀਪ ਹੀ ਆਉਂਦੇ!
ਅਗਲੇ ਦਿਨ ਪ੍ਰਸਿੰਨੀ ਦੀ ਹਾਲਤ ਬਹੁਤ ਖਰਾਬ ਹੋ ਗਈ। ਵਿਹੜੇ ਦੇ ਕੁਝ ਬੁੜ੍ਹੀਆਂ ਬੰਦੇ ਪ੍ਰਸਿੰਨੀ ਦਾ ਮੰਜਾ ਡਾਕਟਰ ਕੋਲ ਹੀ ਚੁੱਕ ਲਿਆਏ। ਪ੍ਰਸਿੰਨੀ ਮਰੀ ਜਿਹੀ ਅਵਾਜ਼ ਵਿਚ ਡਾਕਟਰ ਅੱਗੇ ਦੁਹਾਈ ਦੇ ਰਹੀ ਸੀ:
-"ਬੱਸ ਡਾਕਦਾਰ ਜੀ-ਮੈਨੂੰ ਮੇਰੀ ਧੀ ਦੇ ਵਿਆਹ ਤੱਕ ਜਿਉਂਦੀ ਰੱਖ ਲਵੋ-ਫਿਰ ਮੈਂ ਜਿਉਣਾਂ ਵੀ ਕਾਹਦੇ ਆਸਰੇ ਜਾਂ ਕਿਸੇ ਆਸਤੇ ਐ? ਜੇ ਮੈਂ ਈ ਤੁਰ ਗਈ ਤਾਂ ਇਹਨੂੰ ਵਿਚਾਰੀ ਨੂੰ ਕੀਹਨੇ ਬੂਹਿਓਂ ਉਠਾਉਣੈਂ?"
-"ਮੈਂ ਇੰਜੈਕਸ਼ਨ ਲਿਖ ਦਿੰਨੈ-ਸ਼ਹਿਰੋਂ ਮੰਗਵਾ ਲਓ-ਘਬਰਾਉਣ ਦੀ ਕੋਈ ਗੱਲ ਨਹੀਂ।" ਡਾਕਟਰ ਨੇ ਚਿੱਟ ਲਿਖ ਦਿੱਤੀ।
ਵਿਹੜੇ ਵਾਲਿਆਂ ਨੇ ਪੈਸੇ ਇਕੱਠੇ ਕਰ ਕੇ, ਸ਼ਹਿਰੋਂ ਟੀਕੇ ਮੰਗਵਾ ਲਏ ਅਤੇ ਡਾਕਟਰ ਸਪੁਰਦ ਕਰ ਦਿੱਤੇ।
-"ਜਿਹੜੇ ਟੀਕੇ ਆਪਾਂ ਪ੍ਰਸਿੰਨੀ ਲਈ ਸ਼ਹਿਰੋਂ ਮੰਗਵਾਏ ਐ-ਉਹ ਆਪਾਂ ਪ੍ਰਸਿੰਨੀ ਦੇ ਨ੍ਹੀ ਲਾਉਣੇ!" ਰਾਤ ਨੂੰ ਰੋਟੀ ਖਾਂਦਾ ਡਾਕਟਰ ਆਖ ਰਿਹਾ ਸੀ।
-"ਹੋਰ ਕੀਹਦੇ ਲਾਉਣੇ ਐਂ ਜੀ?" ਨਿੱਕੀ ਅਤੇ ਹਰਦੀਪ ਇਕੱਠੇ ਹੀ ਬੋਲੇ। ਰੋਟੀ ਉਹਨਾਂ ਦੇ ਹੱਥਾਂ ਵਿਚ ਜਿਵੇਂ ਆਕੜ ਗਈ ਸੀ।
-"ਮੇਲੂ ਬਲੈਕੀਏ ਦੀ ਘਰਵਾਲੀ ਦੇ! ਮੋਟੀ ਸਾਮੀਂ ਐਂ-ਮਜਬਣ ਤੋਂ ਆਪਾਂ ਨੂੰ ਕੀ ਮਿਲੂ?"
-"ਤੇ ਪ੍ਰਸਿੰਨੀ ਦੇ ਕੀ ਲਾਵਾਂਗੇ ਜੀ?" ਹਰਦੀਪ 'ਬਿੱਟ-ਬਿੱਟ' ਡਾਕਟਰ ਦੇ ਜਮਦੂਤ ਮੂੰਹ ਵੱਲ ਤੱਕ ਰਿਹਾ ਸੀ।
-"ਪ੍ਰਸਿੰਨੀ ਦੇ ਲਾਓ ਬੀ-ਟਵੈੱਲਵ...! ਕਾਕਾ ਇਹ ਬਿਜ਼ਨਿਸ ਐ..! ਬੀ-ਟਵੈੱਲਵ ਆਪਾਂ ਨੂੰ ਪੱਚੀ ਪੈਸੇ ਵਿਚ ਪੈਂਦੈ-ਅਤੇ ਜਿਹੜੇ ਟੀਕੇ ਵਿਹੜੇ ਵਾਲਿਆਂ ਨੇ ਸ਼ਹਿਰੋਂ ਮੰਗਵਾਏ ਐ-ਉਹ ਇਕ ਟੀਕਾ ਪੈਂਦੈ ਛੇ ਰੁਪਏ ਦਾ-ਛੇ ਤੋਂ ਬਣਾਉਣੇ ਐਂ ਆਪਾਂ ਸਿੱਧੇ ਚੌਵੀ ਰੁਪਈਏ! ਨਾਲੇ ਇਹਨਾਂ ਮਜ੍ਹਬੀਆਂ ਨੂੰ ਕੀ ਪਤੈ ਬਈ ਕਿਹੜਾ ਟੀਕਾ ਲਾਇਐ? ਬੱਸ ਟੀਕੇ ਦਾ ਰੰਗ ਲਾਲ ਹੋਵੇ-ਦਸ ਦਿਨ ਗਾਈ ਜਾਣਗੇ: ਬੜਾ ਤਾਕਤਵਰ ਟੀਕਾ ਸੀ ਬਈ...!" ਰੋਟੀ ਖਾ ਕੇ ਡਾਕਟਰ ਹੱਥ ਧੋਣ ਚਲਾ ਗਿਆ। ਪਰ ਬੁਰਕੀ ਹਰਦੀਪ ਦੇ ਸੰਘ ਵਿਚ ਫ਼ਸ ਗਈ। ਉਸ ਨੂੰ ਮਹਿਸੂਸ ਹੋਇਆ ਕਿ ਉਹ ਡਾਕਟਰ ਦਾ ਅੰਨ ਨਹੀਂ, ਗਰੀਬ ਪ੍ਰਸਿੰਨੀ ਦਾ ਮਾਸ ਖਾ ਰਿਹਾ ਹੈ! ਉਸ ਨੇ ਬੁਰਕੀ ਉਗਲੱਛ ਦਿੱਤੀ ਅਤੇ ਰਹਿੰਦੀ ਰੋਟੀ ਉਸ ਨੇ ਵੀਹੀ ਵਿਚ ਖੜ੍ਹੇ ਕੁੱਤੇ ਨੂੰ ਪਾ ਦਿੱਤੀ। ਨਾਲ ਬੈਠੇ ਨਿੱਕੀ ਦਾ ਵੀ ਇਹੋ ਹਾਲ ਸੀ!
ਸਾਰੀ ਰਾਤ ਦੋਹਾਂ ਨੂੰ ਹੀ ਨੀਂਦ ਨਾ ਪਈ। ਉਹਨਾਂ ਨੇ ਇਕ-ਦੂਜੇ ਨਾਲ ਜ਼ੁਬਾਨ ਵੀ ਸਾਂਝੀ ਨਾ ਕੀਤੀ। ਪਰ ਬਰਾਬਰ ਉਹਨਾਂ ਦੇ ਦਿਮਾਗਾਂ ਅੰਦਰ ਸੋਚਾਂ ਦੀ ਘੋੜ-ਦੌੜ ਜਾਰੀ ਸੀ। ਮੇਲੂ ਬਲੈਕੀਏ ਦੀ ਪਤਨੀ ਪ੍ਰਤੀ ਡਾਕਟਰ ਇਤਨਾ ਫਿ਼ਕਰਮੰਦ ਸੀ ਅਤੇ ਪ੍ਰਸਿੰਨੀ ਗਰੀਬਣੀ ਪ੍ਰਤੀ ਇਤਨਾ ਬੇਕਿਰਕ? ਮੇਲੂ ਬਲੈਕੀਆ, ਕਿਉਂਕਿ ਮੋਟੀ ਅਸਾਮੀ ਸੀ ਅਤੇ ਪ੍ਰਸਿੰਨੀ ਅਰਥਾਤ ਇਕ ਮਾਂ, ਜੋ ਸਿਰਫ਼ ਆਪਦੀ ਧੀ ਦੇ ਵਿਆਹ ਤੱਕ ਹੀ ਜਿ਼ੰਦਾ ਰਹਿਣ ਦੀ ਤਮੰਨਾਂ ਰੱਖਦੀ ਸੀ! ਮੇਲੂ ਬਲੈਕੀਏ ਕੋਲ ਤਾਂ ਬੇਅੰਤ ਪੈਸਾ ਸੀ, ਲੋੜ ਪੈਣ 'ਤੇ ਉਹ ਆਪਣੀ ਪਤਨੀ ਦਾ ਇਲਾਜ਼ ਕਿਸੇ ਚੰਗੇ ਹਸਪਤਾਲ ਵਿਚ ਵੀ ਕਰਵਾ ਸਕਦਾ ਸੀ। ਦੋ ਨੰਬਰ ਦਾ ਬਣਾਇਆ ਪੈਸਾ ਉਹ ਬੜੀ ਬੇਕਿਰਕੀ ਨਾਲ ਵਰਤਦਾ ਨਹੀਂ, ਸਗੋਂ ਉਡਾਉਂਦਾ ਸੀ! ਹਜ਼ਾਰ-ਹਜ਼ਾਰ ਰੁਪਏ ਦੀ ਤਾਂ ਸ਼ਰਾਬ ਹੀ ਉਹ ਪੁਲੀਸ ਨੂੰ ਪਿਆ ਦਿੰਦਾ ਸੀ। ਪਰ ਵਿਚਾਰੀ ਪ੍ਰਸਿੰਨੀ...? ਜੋ ਸਾਰੀ ਦਿਹਾੜੀ ਮਜ਼ਦੂਰੀ ਕਰਦੀ ਸੀ ਅਤੇ ਸ਼ਾਮ ਨੂੰ ਉਸੀ ਮਜ਼ਦੂਰੀ ਦਾ ਆਟਾ ਲੈ ਕੇ ਆਪਣਾ ਅਤੇ ਆਪਣੀ ਧੀ ਦਾ ਪੇਟ ਪਾਲਦੀ ਸੀ! ਵਿਹੜੇ ਵਾਲਿਆਂ ਨੇ ਗਰੀਬ ਹੋਣ ਦੇ ਬਾਵਜੂਦ ਵੀ ਪੈਸੇ ਇਕੱਠੇ ਕੀਤੇ, ਸਿਰਫ਼ ਪ੍ਰਸਿੰਨੀ ਦੇ ਇਲਾਜ਼ ਵਾਸਤੇ! ਸਿਰਫ਼ ਪ੍ਰਸਿੰਨੀ ਦੀ ਆਖਰੀ ਇੱਛਾ ਪੂਰੀ ਕਰਨ ਵਾਸਤੇ! ਉਸ ਦੀ ਧੀ ਦੇ ਵਿਆਹ ਤੱਕ ਜਿ਼ੰਦਾ ਰਹਿਣ ਜਾਂ ਰੱਖਣ ਵਾਸਤੇ! ਤੇ ਇਹੇ ਜਮਦੂਤ ਕਹਿ ਰਿਹਾ ਹੈ ਕਿ ਉਸ ਦੇ ਟੀਕੇ, ਉਸ ਦੇ ਹੀ ਨਹੀਂ ਲਾਉਣੇ? ਇਹ ਕਿਧਰਲਾ ਇਨਸਾਫ਼ ਹੈ? ਆਦਮੀ ਜਾਤਾਂ ਨਾਲ ਉਚਾ-ਨੀਵਾਂ ਨਹੀਂ ਹੁੰਦਾ। ਆਪਣੇ ਕਰਮ-ਕਾਰਜ ਕਰਕੇ ਊਚ-ਨੀਚ ਹੁੰਦਾ ਹੈ! ਫਿਰ ਨੀਚ ਡਾਕਟਰ ਹੋਇਆ ਜਾਂ ਵਿਹੜੇ ਵਾਲੇ? ਡਾਕਟਰ ਤਾਂ ਆਦਮਖੋਰ ਹੈ! ਡਾਕਟਰ ਦਾ ਪਹਿਲਾ ਫ਼ਰਜ਼ ਹੈ ਮਰੀਜ਼ ਦੀ ਜਿ਼ੰਦਗੀ ਬਚਾਉਣਾ, ਤੇ ਇਹੇ ਬੁੱਚੜ ਕਿਸੇ ਗਰੀਬਣੀ ਦੀ ਜਿ਼ੰਦਗੀ ਦੀ ਤੁਲਨਾ ਸਿਰਫ਼ ਕੁਝ ਪੈਸਿਆਂ ਨਾਲ ਕਰ ਰਿਹਾ ਹੈ...?
ਨਿੱਕੀ ਅਤੇ ਹਰਦੀਪ ਜਿਵੇਂ ਪਏ ਸਨ, ਉਵੇਂ ਹੀ ਮੂੰਹ ਹਨ੍ਹੇਰੇ ਹੀ ਉਠ ਖੜ੍ਹੇ ਹੋਏ। ਮੂੰਹ ਹੱਥ ਧੋ ਕੇ ਬਗੈਰ ਚਾਹ ਪੀਤਿਆਂ ਹੀ ਉਹ ਜੰਗਲ-ਪਾਣੀ ਹੋ ਤੁਰੇ। ਤੁਰਦੇ-ਤੁਰਦੇ ਉਹ ਪ੍ਰਸਿੰਨੀ ਦੇ ਸਿਵੇ 'ਤੇ ਪਹੁੰਚ ਗਏ। ਸਿਵਾ ਬੁਝ ਗਿਆ ਸੀ...! ਉਹਨਾਂ ਦੇ ਮਨ ਭਰ ਕੇ ਉਛਲ ਗਏ। ਉਹ ਚੁੱਪ-ਚਾਪ, ਖ਼ਾਮੋਸ਼ ਰੋਂਦੇ ਰਹੇ। ਉਹਨਾਂ ਦੇ ਹੰਝੂ ਪ੍ਰਸਿੰਨੀ ਦੇ ਸਿਵੇ ਦੀ ਸੁਆਹ 'ਤੇ 'ਤਰਿੱਪ-ਤਰਿੱਪ' ਵਰ੍ਹਦੇ ਰਹੇ।
-"ਨਿੱਕੀ-ਦੱਸ ਐਨਾਂ ਕੁਛ ਕਿੱਥੇ ਭਰਾਂਗੇ...?"
-"ਅੱਖੀਂ ਦੇਖ ਕੇ ਮੱਖੀ ਨਹੀਂ ਨਿਗਲੀ ਜਾਂਦੀ।"
-"ਮੈਂ ਨਹੀਂ ਡਾਕਟਰੀ ਸਿੱਖਣੀ।"
-"ਮੈਂ ਤਾਂ ਆਪ ਨਹੀਂ ਸਿੱਖਣੀ।" ਅਤੇ ਉਹ ਆਪਣੇ-ਆਪਣੇ ਪਿੰਡਾਂ ਨੂੰ ਚੁੱਪ-ਚਾਪ ਹੋ ਤੁਰੇ। ਡਾਕਟਰ ਦੇ ਪਿੰਡ ਨੂੰ ਹਮੇਸ਼ਾ-ਹਮੇਸ਼ਾ ਲਈ "ਅਲਵਿਦਾ" ਆਖ ਕੇ! ਨਿੱਕੀ ਅਤੇ ਹਰਦੀਪ ਦੇ ਅਰਮਾਨਾਂ ਦਾ ਸਿਵਾ ਬੁਝ ਗਿਆ ਸੀ। "ਗਰੀਬ ਗੁਰਬੇ ਦੇ ਭਾਗਾਂ ਨੂੰ - ਰਾਹੀ ਪਾਂਧੀ ਦੇ ਭਾਗਾਂ ਨੂੰ" ਆਖ ਕੇ ਬੀਜ ਪਾਉਣ ਵਾਲੇ ਬਾਪੂ ਦੇ ਸੁਪਨੇ ਦਾ ਸਿਵਾ ਬੁਝ ਗਿਆ ਸੀ। ਪ੍ਰਸਿੰਨੀ ਦਾ ਸਿਵਾ ਬੁਝ ਗਿਆ ਸੀ। ਧੀ ਦੇ ਵਿਆਹ ਤੱਕ ਜਿ਼ੰਦਾ ਰਹਿਣ ਦੀ ਆਖਰੀ ਖ਼ਾਹਿਸ਼ ਮਨ ਵਿਚ ਰੱਖਣ ਵਾਲੀ ਮਾਂ ਦਾ ਸਿਵਾ ਬੁਝ ਗਿਆ ਸੀ। ---ਤੇ ਸਿਵਾ ਬੁਝ ਗਿਆ ਸੀ? ਬੱਸ! ਸਿਵਾ ਬੁਝ ਗਿਆ ਸੀ...!
-"ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ।। ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ।। ਜਿਸਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ।।" ਦੂਰੋਂ ਕਿਸੇ ਗੁਰਦੁਆਰੇ ਦੇ ਸਪੀਕਰ ਵਿਚੋਂ ਅਵਾਜ਼ ਆ ਰਹੀ ਸੀ।