ਦਿਲ ਦੀ ਗਹਿਰਾਈ.......... ਗ਼ਜ਼ਲ / ਬੂਟਾ ਸਿੰਘ ਚੌਹਾਨ

ਪਹਿਲਾਂ ਮੈਨੂੰ ਮੇਰੇ ਦਿਲ ਦੀ ਗਹਿਰਾਈ ਤੱਕ ਜਾਣ
ਫੇਰ ਤੂੰ ਕੋਈ ਫਤਵਾ ਦੇਈਂ, ਫੇਰ ਤੂੰ ਦੇਈਂ ਮਾਣ

ਖਾਲੀ ਅੰਬਰ, ਖੁਰਦੇ ਕੰਢੇ, ਪੌਣ 'ਚ ਉਡਦੀ ਰੇਤਾ
ਇਹਨਾਂ ਦੀ ਪਹਿਚਾਣ ਅਸੀਂ ਹਾਂ, ਇਹ ਸਾਡੀ ਪਹਿਚਾਣ


ਉਹਨਾਂ ਲਈ ਤਲਵਾਰਾਂ ਹਨ ਜੋ ਫੁੱਲਾਂ ਵਰਗੇ ਕੋਮਲ
ਫੁੱਲ ਬਣਦੇ ਨੇ ਦੁੱਖ ਉਹਨਾਂ ਲਈ ਜੋ ਲੈਂਦੇ ਹਿੱਕ ਤਾਣ

ਖੜ੍ਹੇ ਰਹਿਣ ਵਿਚ ਹੀ ਉਸ ਵੇਲੇ ਸੌ ਸਿਆਣਪ ਹੁੰਦੀ
ਚਾਰ ਚੁਫੇਰੇ ਨਜ਼ਰ ਮਾਰਿਆਂ ਦਿੱਸੇ ਜਦੋਂ ਢਲਾਣ

ਅਪਣਾ ਜੀਅ ਪਰਚਾਵਣ ਖ਼ਾਤਰ ਸੱਥ 'ਚ ਬੈਠੇ ਲੋਕੀ
ਵੱਢਣੋਂ ਪਹਿਲਾਂ ਖਾਧੀ ਹੋਈ ਫ਼ਸਲ ਸਲਾਹੀ ਜਾਣNo comments: