ਨਿਮਾਣਾ ਜਿਹਾ ਮੇਰਾ ਮਾਣ
ਅਣਗੌਲਿ਼ਆ ਮੇਰਾ ਥਹੁ-ਪਤਾ
ਤਾਰਿਆਂ ਦੇ ਦੇਸ਼ 'ਚ ਉਡਦਾ ਕਣ
ਕਾਹਦੇ 'ਤੇ ਗਰਬ ਕਰੇ
ਕਿੰਨੀ ਕੁ ਯਾਤਰਾ
ਸਮੁੰਦਰ 'ਚ ਉਠਦੇ ਬੁਲਬੁਲੇ ਦੀ
ਪੱਤੇ 'ਤੇ ਡਿੱਗੀ ਕਣੀ
ਕਿੰਜ ਮੁਖ਼ਾਤਿਬ ਹੋਵੇ ਸ਼ੂਕਦੇ ਦਰਿਆ ਨੂੰ
ਗੁਲਾਬੀ ਮਹਿਕ ਦਾ ਬੁੱਲਾ
ਕਿੰਜ ਬਹਿਸ ਕਰੇ ਝੱਖੜਾਂ ਨਾਲ਼
ਅੱਖਾਂ 'ਚ ਲਿਖੀ ਬੇਵਸੀ ਦੀ ਵਰਣਮਾਲ਼ਾ
ਕਿਵੇਂ ਅਰਥ ਕਰੇ
ਮਰਮਰ 'ਤੇ ਉਕਰੇ ਸਿ਼ਲਾਲੇਖ ਦੇ
ਮੈਂ ਇਕ ਅਣਲਿਖੀ ਨਜ਼ਮ
ਇਕ ਅਣਗਾਈ ਗ਼ਜ਼ਲ
ਕੀ ਮਾਣ ਕਰਾਂ
ਮਹਾਂ ਸ਼ਬਦ-ਕੋਸ਼ਾਂ 'ਤੇ
ਇਕ ਲਫ਼ਜ਼ ਹੈ ਮੇਰੇ ਕੋਲ਼, ਮੁਹੱਬਤ
ਇਕ ਅਹਿਸਾਸ ਹੈ ਮੇਰੇ ਕੋਲ਼, ਦੋਸਤੀ
ਹੜ੍ਹਾਂ ਦੀ ਰੁੱਤ ਵਿੱਚ
ਨਾ ਇਹ ਬੇੜੀਆਂ ਬਣੇ ਨਾ ਮਲਾਹ
ਚੇਤਨਾ ਵਿਚ ਗੁਫਾਵਾਂ ਦਾ ਅੰਧਕਾਰ
ਅਵਚੇਤਨ ਵਿਚ ਸੂਰਜਾਂ ਦਾ ਪਰਿਵਾਰ
ਰੂਹ ਦੀ ਮਿੱਟੀ 'ਚ ਕਿਹੜਾ ਰੰਗ ਬੀਜਾਂ
ਕਿ ਧੁੱਪ ਦੇ ਫੁੱਲ ਖਿੜ ਪੈਣ
ਮੇਰੇ ਪੈਰਾਂ ਹੇਠ
ਅਨੰਤ ਦਿਸ਼ਾਵਾਂ ਦਾ ਕੇਂਦਰ
ਕਿਹੜੀ ਦਿਸ਼ਾ ਦੀ ਸੇਧ ਲਵਾਂ
ਕਿ ਖੁ਼ਦ ਤੋਂ ਪਾਰ ਹੋ ਜਾਵਾਂ
ਕਿਹੜੀ ਕਿਰਨ ਨੂੰ ਅਰਘ ਚੜਾਵਾਂ
ਕਿ ਰਾਖ ਤੋਂ ਅੰਗਿਆਰ ਹੋ ਜਾਵਾਂ.......
------
(ਗੁਰੂਦੇਵ)
ਹਵਾ ਦਾ ਕੋਈ ਵੇਗ ਨਹੀਂ ਹੁੰਦਾ
ਅਰੁੱਕ ਵੇਗ ਹੀ ਸਿਰਨਾਵਾਂ ਉਸਦਾ
ਫੁੱਲ
ਆਪਣੀ ਮਹਿਕ 'ਤੇ ਮਾਣ ਨਹੀਂ ਕਰਦੇ
ਪਾਣੀ ਬੇਖ਼ਬਰ ਆਪਣੀ ਤਰਲਤਾ ਤੋਂ
ਅਣਕਹੇ ਬੋਲ
ਲਫ਼ਜ਼ਾਂ ਦੇ ਤਲਬਗਾਰ ਨਹੀਂ ਹੁੰਦੇ
ਉਡ ਕੇ ਆ ਬਹਿੰਦੇ ਚੁੱਪ ਦੀ ਸਲੇਟ 'ਤੇ
ਕੋਈ ਬੂਹਾ ਨਹੀਂ ਹੁੰਦਾ
ਅੰਧਕਾਰ ਦੇ ਮਹਿਲ ਦਾ
ਛੱਤਾਂ ਪਾੜ ਕੇ ਲੰਘਣਾ ਪੈਂਦਾ
ਜਾਗਦੀਆਂ ਕਿਰਨਾਂ ਨੂੰ
ਮੁਹੱਬਤ ਦੀ ਮਹਿਕ
ਹਵਾ ਦਾ ਮੋਢਾ ਨਹੀਂ ਮੰਗਦੀ
ਕੰਧਾਂ ਦੇ ਅਰਥ ਨਹੀਂ ਜਾਣਦੀ
ਬਸ ਪੁੱਜ ਜਾਂਦੀ
ਇਕ ਸਾਹ ਤੋਂ ਦੂਜੇ ਸਾਹ ਤੱਕ
ਕਿਸੇ ਬਿੰਦੂ ਨਾਲ਼ ਮੋਹ ਪਾਲਣਾ
ਖੜੋਤ ਹੈ ਮੌਤ ਵਰਗੀ
ਦਿਸ਼ਾਵਾਂ ਵੱਲ ਪਿੱਠ ਕਰਨੀ
ਨਿਰੀ ਖ਼ੁਦਕਸ਼ੀ
ਵਿਸ਼ੇਸ਼ਣਾਂ ਤੋਂ ਬੇਪਰਵਾਹ ਸਹਿਜ ਵਿਚਰੀਏ
ਤਾਂ ਹਰ ਹਨੇਰੀ ਗੁਫ਼ਾ 'ਚੋਂ ਪਾਰ ਹੋ ਜਾਈਦਾ
ਸੰਨਾਟੇ ਦਾ ਰਾਗ ਸੁਣ ਲਈਦਾ
ਮੱਥੇ ਵਿਚਲਾ ਭਾਂਬੜ
ਸਹਿਜ ਹੋ ਮਸ਼ਾਲ ਬਣਦਾ
ਤਾਂ ਦਿਸ਼ਾਵਾਂ ਪੈਰਾਂ ਹੇਠ ਵਿਛ ਜਾਂਦੀਆਂ
ਹੇ ਸਖੀ !
ਤੂੰ ਆਪਣੇ ਅੰਦਰਲੇ ਸਚਿਆਰ ਨੂੰ
ਪਰਤੱਖ ਹੋਣ ਤੋਂ ਨਾ ਰੋਕੀਂ........
No comments:
Post a Comment