ਤੇ ਸਿਵਾ ਬੁਝ ਗਿਆ ਸੀ.......... ਕਹਾਣੀ / ਸਿ਼ਵਚਰਨ ਜੱਗੀ ਕੁੱਸਾ

ਹਰਦੀਪ ਨੂੰ ਸ਼ਾਮ ਨੂੰ ਜੰਗਲ-ਪਾਣੀ ਜਾਣ ਦੀ ਆਮ ਆਦਤ ਸੀ। ਜਦ ਉਸ ਨੂੰ ਚਾਰ-ਪੰਜ ਵਜੇ ਮਾੜੀ ਮੋਟੀ ਵਿਹਲ ਮਿਲਦੀ ਤਾਂ ਉਹ ਆਪਣਾ ਸਾਈਕਲ ਚੁੱਕ ਖੇਤਾਂ ਨੂੰ ਤੁਰ ਪੈਂਦਾ। ਭਾਵੇਂ ਪੰਜਾਬ ਦੇ ਮਾੜੇ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਹਰ ਘਰ ਨੇ ਟੁਆਇਲਟ ਘਰੇ ਹੀ ਪੁਟਵਾ ਲਈ ਸੀ, ਪਰ ਹਰਦੀਪ ਨੇ ਆਪਣਾ 'ਰੁਟੀਨ' ਕਦੇ ਨਾ ਬਦਲਿਆ। ਛੋਟੀ ਉਮਰ ਵਿਚ ਹੀ ਉਸ ਦਾ ਪ੍ਰਮਾਤਮਾਂ 'ਤੇ ਅਥਾਹ ਵਿਸ਼ਵਾਸ ਸੀ। ਹਰ ਇਕ ਦਾ ਭਲਾ ਸੋਚਣ ਵਾਲੇ ਮਨੁੱਖ ਦਾ ਕਿਸੇ ਨੇ ਕੀ ਬੁਰਾ ਕਰਨਾ ਸੀ? ਉਸ ਨੂੰ ਕਦੇ ਡਰ ਨਹੀਂ ਲੱਗਿਆ ਸੀ।

ਜਦ ਉਹ ਸਿਵਿਆਂ ਕੋਲੋਂ ਦੀ ਗੁਜ਼ਰਨ ਲੱਗਿਆ ਤਾਂ ਕਿਸੇ ਦੀ ਚਿਖ਼ਾ 'ਲੱਟ-ਲੱਟ' ਮੱਚ ਰਹੀ ਸੀ। ਚਿਖ਼ਾ ਦੇ ਪਾਸੇ ਅੱਠ-ਦਸ ਬੰਦੇ ਮਸੋਸੇ ਜਿਹੇ ਖੜ੍ਹੇ ਸਨ। ਮਨਹੂਸ ਹਾਲਾਤਾਂ ਵਿਚੋਂ ਗੁਜ਼ਰਦੇ ਪੰਜਾਬ ਦੇ ਹਰ ਪਿੰਡ ਵਿਚ ਕਿਸੇ ਨਾ ਕਿਸੇ ਦਾ ਸਿਵਾ ਬਲਦਾ ਹੀ ਰਹਿੰਦਾ ਸੀ। ਮੌਤ ਨਾਚ ਕਰਦੀ ਸੀ। ਕਿਸੇ ਦੇ ਪਤੀ ਦਾ ਸਿਵਾ, ਕਿਸੇ ਦੇ ਪੁੱਤ ਦਾ ਸਿਵਾ, ਕਿਸੇ ਦੇ ਭਰਾ ਦਾ ਸਿਵਾ ਅਤੇ ਕਿਸੇ ਮਾਸੂਮ ਬੱਚੇ ਦੇ ਪਿਉ ਦਾ ਸਿਵਾ ਬਲਦਾ ਹੀ ਰਹਿੰਦਾ ਸੀ। ਕੋਈ 'ਕਰਾਸ-ਫ਼ਾਇਰਿੰਗ' ਵਿਚ ਮਾਰਿਆ ਜਾਂਦਾ, ਕੋਈ 'ਮੁਕਾਬਲੇ' ਵਿਚ ਮਾਰਿਆ ਜਾਂਦਾ ਅਤੇ ਕੋਈ...!
ਲੋਕ ਚੁੱਪ-ਚਾਪ ਚਿਖ਼ਾ 'ਤੇ ਆਖਰੀ ਡੱਕੇ ਸੁੱਟ ਕੇ ਤੁਰ ਜਾਂਦੇ। ਪਰ ਕੋਈ ਪੁੱਛਣ ਅਤੇ ਕਹਿਣ ਦਾ ਸਾਹਸ ਹੀ ਨਾ ਕਰਦਾ। ਕਿਉਂਕਿ ਲੋਕਾਂ ਦੀ ਜ਼ੁਬਾਨ 'ਤੇ ਆਮ ਦੋ ਹੀ ਗੱਲਾਂ ਹੁੰਦੀਆਂ ਸਨ, "ਪੁਲਸ ਨੇ ਕੁੱਟ ਕੇ ਮਾਰਤਾ!" ਜਾਂ "ਮੁਕਾਬਲੇ 'ਚ ਮਾਰਿਆ ਗਿਆ!" ਸੱਚ ਕੀ ਹੁੰਦਾ? ਲੋਕ ਸਭ ਕੁਝ ਪਤਾ ਹੁੰਦੇ ਹੋਏ ਵੀ 'ਚੂੰ' ਨਾ ਕਰਦੇ! ਕਿਹੜਾ ਅੱਗੋਂ ਕੋਈ ਕਾਰਵਾਈ ਹੋਣੀ ਸੀ? ਬੱਸ! ਕਹਿਣ-ਸੁਣਨ ਵਾਲੇ ਦੇ ਹੀ ਪੁੜੇ 'ਸੇਕੇ' ਜਾਂਦੇ ਸਨ!
ਹਰਦੀਪ ਨੇ ਇਕ ਘੋਰ ਉਦਾਸ ਹੋਈ ਬਿਰਧ ਮਾਈ ਨੂੰ ਰੋਕ ਲਿਆ। ਸ਼ਾਇਦ ਉਹ ਚਿਖ਼ਾ ਕੋਲੋਂ ਹੀ ਆ ਰਹੀ ਸੀ।
-"ਇਹ ਕੌਣ ਮਰ ਗਿਆ ਬੇਬੇ?" ਹਰਦੀਪ ਨੇ ਅੰਦਰਲਾ ਸਾਹਸ ਇਕੱਠਾ ਕਰਕੇ ਪੁੱਛਿਆ। ਹਕੀਕਤ ਸੁਣਨ ਲਈ ਆਪਣੇ ਆਪ ਨੂੰ ਤਿਆਰ ਕੀਤਾ।
-"ਪ੍ਰਸਿੰਨੀ ਮਜਬਣ ਮਰਗੀ ਪੁੱਤਾ, ਹਾਏ...!" ਮਾਈ ਇਕ ਤਰ੍ਹਾਂ ਨਾਲ ਫਿ਼ੱਸ ਹੀ ਪਈ। ਉਸ ਦੀਆਂ ਬੁਝੀਆਂ ਅੱਖਾਂ ਚੋਣ ਲੱਗ ਪਈਆਂ।
-"ਹੈਂ...!" ਹਰਦੀਪ ਦਾ ਤਰਾਹ ਨਿਕਲ ਗਿਆ।
-"ਨਪੁੱਤੇ ਰੱਬ ਨੇ ਇਕ ਕੁੜੀ ਕਿਉਂਟਣ ਦਾ ਵੀ ਟੈਮ ਨਾ ਦਿੱਤਾ-ਬੰਦਾ ਚਾਹੁੰਦਾ ਕੀ ਐ-ਹੋ ਕੀ ਜਾਂਦੈ? ਕੀ ਉਸ ਡਾਢੇ ਰੱਬ ਅੱਗੇ ਕੋਈ ਜੋਰ ਐ? ਕਿਹੜੇ ਕਿਸੇ ਨੇ ਖੜ੍ਹਾ ਕੇ ਪੁੱਛਣੈਂ ਜਾਂ ਡਾਂਗ ਮਾਰਨੀ ਐਂ?"
-"..........।" ਹਰਦੀਪ ਦਾ ਅੰਦਰ 'ਝਰਨ-ਝਰਨ' ਕੰਬੀ ਜਾ ਰਿਹਾ ਸੀ। ਉਸ ਦਾ ਸੁਡੌਲ ਸਰੀਰ ਮਿੱਟੀ ਹੋਇਆ ਪਿਆ ਸੀ।
-"ਐਮੇਂ ਬੰਦਾ ਮੇਰੀ-ਮੇਰੀ ਕਰਦਾ ਤੁਰਿਆ ਫਿਰਦਾ ਰਹਿੰਦੈ-ਕਰਦਾ ਤਾਂ ਔਹ ਐ-ਨੀਲੀ ਛੱਤ ਆਲਾ!" ਮਾਈ ਫਿ਼ਸਦੀ, ਅਸਮਾਨ ਵੱਲ ਨੂੰ ਹੱਥ ਜੋੜਦੀ ਤੁਰ ਗਈ।
-"ਨਹੀਂ! ਰੱਬ ਐਡਾ ਨਿਰਦਈ ਨਹੀਂ-ਜਿੱਡੇ ਨਿਰਦਈ ਉਸ ਦੇ ਬੰਦੇ ਐ।" ਹਰਦੀਪ ਦਾ ਮਨ ਬੋਲਿਆ।
-"ਕਹਿੰਦੇ ਐ ਰੱਬ ਇਨਸਾਫ਼ ਕਰਦੈ-ਆਹ ਤੇਰਾ ਇਨਸਾਫ਼ ਐ ਰੱਬਾ? ਜੇ ਵਾਕਿਆ ਈ ਤੇਰਾ ਆਹ ਇਨਸਾਫ਼ ਐ-ਤਾਂ ਜਾਹ, ਮੈਂ ਤੈਨੂੰ ਜਾਂ ਤੇਰੇ ਇਨਸਾਫ਼ ਨੂੰ ਨਹੀਂ ਮੰਨਦਾ!" ਉਸ ਦੀ ਰੂਹ ਅੰਦਰੋ-ਅੰਦਰੀ ਕੱਟੀ-ਵੱਢੀਦੀ ਜਾ ਰਹੀ ਸੀ। ਉਹ ਦਿਮਾਗ ਅਤੇ ਰੱਬ ਨਾਲ ਅੰਦਰੋ-ਅੰਦਰੀ ਬੁਰੀ ਤਰ੍ਹਾਂ ਨਾਲ ਯੁੱਧ ਕਰਦਾ ਚਿਖ਼ਾ ਕੋਲ ਪਹੁੰਚ ਗਿਆ। ਚਿਖ਼ਾ ਆਪਣੇ ਪੂਰੇ ਜੋਬਨ 'ਤੇ ਮੱਚ ਰਹੀ ਸੀ। ਜੀਭਾਂ ਕੱਢਦੀਆਂ ਲਾਟਾਂ ਵਿਚੋਂ ਹਰਦੀਪ ਨੂੰ ਪ੍ਰਸਿੰਨੀ ਮਜਬਣ ਦੀ ਨੁਹਾਰ ਪ੍ਰਤੱਖ ਦਿਸ ਰਹੀ ਸੀ! ਇਕ ਬੜੇ ਹੀ ਦਿਲ ਵਾਲੀ, ਪਰ ਲਾਚਾਰ ਔਰਤ ਦੀ ਨੁਹਾਰ! ਪ੍ਰਸਿੰਨੀ ਦੇ ਬੋਲ ਉਸ ਦੇ ਦਿਲ ਨੂੰ ਕਿਸੇ ਛੁਰੀ ਵਾਂਗ ਪੱਛ ਰਹੇ ਸਨ।
-"ਬੱਸ ਡਾਕਦਾਰ ਜੀ-ਮੈਨੂੰ ਮੇਰੀ ਧੀ ਦੇ ਵਿਆਹ ਤੱਕ ਜਿਉਂਦੀ ਰੱਖ ਲਵੋ-ਫਿਰ ਮੈਂ ਜਿਉਣਾਂ ਵੀ ਕਾਹਦੇ ਆਸਰੇ ਜਾਂ ਕਿਸ ਆਸਤੇ ਐ? ਜੇ ਮੈਂ ਈ ਤੁਰਗੀ-ਤਾਂ ਇਹਨੂੰ ਬਿਚਾਰੀ ਨੂੰ ਕੀਹਨੇ ਬੂਹਿਓਂ ਉਠਾਉਣੈਂ?"
ਉਮਰ ਭਰ ਦੁੱਖਾਂ ਤਕਲੀਫ਼ਾਂ ਨਾਲ ਜੱਦੋਜਹਿਦ ਕਰਨ ਵਾਲਾ ਪ੍ਰਸਿੰਨੀ ਦਾ ਸਰੀਰ ਇਕ ਸੁਆਹ ਦੀ ਢੇਰੀ ਬਣਦਾ ਜਾ ਰਿਹਾ ਸੀ। ਹਰਦੀਪ ਨੂੰ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਉਸ ਦੀ ਆਤਮਾਂ, ਉਸ ਦੀ ਜ਼ਮੀਰ ਸੁਆਹ ਹੋ ਰਹੀ ਸੀ! ਉਹ ਚਿਖ਼ਾ ਨੂੰ ਧੁਖਦੀ ਛੱਡ, ਸਾਈਕਲ ਲੈ ਕੇ ਰਾਹ 'ਤੇ ਆ ਗਿਆ। ਉਸ ਦੀਆਂ ਅੱਖਾਂ ਵਿਚੋਂ ਹੰਝੂ 'ਪਰਲ-ਪਰਲ' ਚੱਲ ਰਹੇ ਸਨ। ਪ੍ਰਸਿੰਨੀ ਦੀ ਸ਼ਕਲ ਉਸ ਦੇ ਦਿਮਾਗ ਅੰਦਰ ਬੜੀ ਤੇਜ਼ੀ ਨਾਲ ਘੁੰਮ ਰਹੀ ਸੀ। ਉਸ ਨੇ ਸਾਈਕਲ 'ਤੇ ਚੜ੍ਹਨ ਲਈ ਹੰਭਲਾ ਮਾਰਿਆ, ਪਰ ਲੱਤਾਂ ਜਵਾਬ ਦੇ ਗਈਆਂ ਅਤੇ ਉਹ 'ਧੜ੍ਹੰਮ' ਕਰਕੇ ਰਾਹ 'ਤੇ ਹੀ ਡਿੱਗ ਪਿਆ। ਕਾਫ਼ੀ ਚਿਰ ਪਿਆ ਰਿਹਾ। ਫਿਰ ਉਠਣ ਦਾ ਹੌਸਲਾ ਹੀ ਨਾ ਪਿਆ।
ਹਨ੍ਹੇਰਾ ਹੋ ਚੁੱਕਾ ਸੀ।
ਲੋਕ ਖੇਤੋਂ ਘਰਾਂ ਨੂੰ ਪਰਤ ਰਹੇ ਸਨ।
-"ਨੀ ਆਹ ਕੌਣ ਪਿਐ?" ਖੇਤੋਂ ਝੋਨਾਂ ਝਾੜ ਕੇ ਆਉਂਦੀ ਇਕ ਬੁੜ੍ਹੀ ਨੇ ਦੂਜੀ ਨੂੰ ਪੁੱਛਿਆ। ਸਿਰ 'ਤੇ ਉਸ ਦੇ ਪਰਾਲੀ ਦੀ ਭਰੀ ਚੁੱਕੀ ਹੋਈ ਸੀ।
-"ਨ੍ਹੀ ਹੋਊ ਕੋਈ...! ਨਸ਼ੇ ਆਲੀਆਂ ਗੋਲੀਆਂ ਖਾਧੀਆਂ ਲੱਗਦੀਐਂ ਭੁੱਜ ਜਾਣੇ ਦੀਆਂ...!" ਦੂਜੀ ਬੋਲੀ। ਪਹਿਚਾਨਣ ਦੀ ਉਸ ਨੂੰ ਕਿਸੇ ਨੇ ਵੀ ਕੋਸਿ਼ਸ਼ ਨਾ ਕੀਤੀ। ਉਹ ਗੱਲਾਂ ਕਰਦੀਆਂ ਅੱਗੇ ਤੁਰ ਗਈਆਂ। ਹਰਦੀਪ ਨੇ ਸਾਰੀ ਤਾਕਤ ਇਕੱਠੀ ਕੀਤੀ ਅਤੇ ਆਪਣੇ ਨਾਲ ਸਾਈਕਲ ਵੀ ਖੜ੍ਹਾ ਕਰ ਲਿਆ। ਊਧ-ਮਧੂਣਾਂ ਜਿਹਾ ਹੋਇਆ ਉਹ ਪਿੰਡ ਵੱਲ ਨੂੰ ਤੁਰ ਪਿਆ।
ਹਰਦੀਪ ਦਾ ਜਨਮ ਇਕ ਗਰੀਬ ਕਿਸਾਨ ਬਾਪ ਦੇ ਘਰ ਹੋਇਆ ਸੀ। ਉਸ ਨੇ ਦਸਵੀਂ ਜਮਾਤ ਤੱਕ ਪੜ੍ਹਾਈ ਕੀਤੀ। ਕਾਲਜ ਦਾ ਖਰਚਾ ਬਾਪੂ ਝੱਲ ਨਹੀਂ ਸਕਦਾ ਸੀ। ਪੜ੍ਹਨਾ ਉਹ ਅੱਗੇ ਵੀ ਚਾਹੁੰਦਾ ਸੀ। ਪਰ ਘਰ ਦੀ ਗਰੀਬੀ ਦੇਖ ਕੇ ਮੁੰਡਾ ਚੁੱਪ ਕਰ ਗਿਆ। ਕਾਲਜ ਜਾਣ ਦੀ ਖਾਹਿਸ਼ ਮੁੰਡੇ ਅੰਦਰ ਹੀ ਦਮ ਤੋੜ ਗਈ। ਸਤਾਰ੍ਹਾਂ ਸਾਲ ਦੀ ਉਮਰ ਵਿਚ ਹਰਦੀਪ ਨੇ ਆਪਣੇ ਮਾਂ-ਬਾਪ ਅੱਗੇ ਕਦੇ ਪੂਰਾ ਮੂੰਹ ਖੋਲ੍ਹ ਕੇ ਵੀ ਗੱਲ ਨਹੀਂ ਸੀ ਕੀਤੀ।
ਹਰਦੀਪ ਦੇ ਬਾਪੂ ਨੇ ਉਸ ਨੂੰ ਨਾਲ ਦੇ ਪਿੰਡ ਇਕ ਡਾਕਟਰ ਕੋਲ ਛੱਡ ਦਿੱਤਾ। ਵਾਹੀ ਵਿਚ ਉਹ ਹਰਦੀਪ ਨੂੰ ਪਾਉਣਾਂ ਨਹੀਂ ਚਾਹੁੰਦਾ ਸੀ। ਨਾਲੇ ਵਾਹੀ ਨੂੰ, ਬਾਪੂ ਕੋਲੇ ਕਿਹੜਾ ਝੱਖੜਆਲੀਏ ਸਰਦਾਰ ਵਾਲੀ ਢੇਰੀ ਸੀ? ਮਾੜੀ-ਮੋਟੀ ਜ਼ਮੀਨ ਸੀ। ਜਿਸ ਨਾਲ ਪੰਜ-ਪਾਂਜੇ ਵੀ ਪੂਰੇ ਨਹੀਂ ਹੁੰਦੇ ਸਨ। ਸਾਰੀ ਉਮਰ ਬਾਪੂ ਮਿੱਟੀ ਨਾਲ ਮਿੱਟੀ ਹੋਇਆ ਰਿਹਾ ਸੀ। ਪਰ ਦੋ ਪੱਕੇ ਖਣ ਨਹੀਂ ਉਸਾਰ ਸਕਿਆ ਸੀ। ਕੰਧਾਂ ਦੇ ਲਿਉੜ ਡਿੱਗਣੋਂ ਨਹੀਂ ਹਟੇ ਸਨ। ਬੇਬੇ ਵਿਚਾਰੀ ਸਾਰੀ ਉਮਰ ਪਿੰਡ ਵਾਲੇ ਛੱਪੜ ਤੋਂ ਮਿੱਟੀ ਢੋਅ-ਢੋਅ ਕੇ ਕੰਧਾਂ ਨੂੰ ਮਜਬੂਤ ਬਣਾਉਣ ਦੀ ਕੋਸਿ਼ਸ਼ ਵਿਚ ਹੀ ਅੱਕਲਕਾਨ ਹੋਈ ਰਹੀ ਸੀ। ਪਰ ਮੀਂਹ-ਕਣੀਂ ਵਿਚ ਉਹਨਾਂ ਦਾ ਜਿਉਣਾਂ ਦੁੱਭਰ ਹੋ ਜਾਂਦਾ।
"ਡਾਕਦਾਰ ਜੀ-ਇਹਨੂੰ ਟੀਕਾ ਟੱਲਾ ਲਾਉਣਾਂ ਸਿਖਾ ਦਿਓ-ਜਦੋਂ ਮਾੜਾ ਮੋਟਾ ਕੰਮ ਸਿੱਖ ਗਿਆ-ਕਿਤੇ ਸਹੁਰੇ ਦੀ ਦੁਕਾਨ ਖੁਲ੍ਹਵਾ ਦਿਆਂਗੇ।" ਬਾਪੂ ਨੇ ਡਾਕਟਰ ਨੂੰ ਆਖਿਆ ਸੀ।
-"ਬੰਤਾ ਸਿਆਂ! ਇਹ ਪਹਿਲੀ ਜਮਾਤ ਦੀ ਪੈਂਤੀ ਨਹੀਂ ਬਈ ਬੰਦਾ ਆਥਣ ਨੂੰ ਸਿੱਖ ਜਾਊ-ਇਸ ਵਿਚ ਕਾਫ਼ੀ ਲਗਨ ਮਿਹਨਤ ਦੀ ਜਰੂਰਤ ਐ-।" ਖ਼ੁਦ ਦਸਵੀਂ ਫ਼ੇਲ੍ਹ ਡਾਕਟਰ ਆਪਣੇ ਆਪ ਨੂੰ ਬੀ ਏ ਪਾਸ ਦੱਸਦਾ ਸੀ। ਕਿਸੇ ਡਾਕਟਰ ਕੋਲ ਸ਼ਹਿਰ ਉਸ ਨੇ ਦੋ ਸਾਲ ਲਾ ਕੇ ਆਪਣੀ ਪ੍ਰੈਕਟਿਸ ਤੋਰ ਲਈ ਸੀ ਅਤੇ ਹੁਣ ਆਪਣੇ ਆਪ ਨੂੰ ਬੀ ਏ ਐੱਮ ਐੱਸ ਡਿਗਰੀ ਪਾਸ ਦਰਸਾਉਂਦਾ ਸੀ!
-"ਚਾਹੇ ਕੁੱਟ ਕੇ ਧੌੜੀ ਲਾਹ ਦਿਓ-ਪਰ ਮੇਰੀ ਮਿੰਨਤ ਐ ਜੀ-ਇਹਨੂੰ ਬੰਦਾ ਬਣਾ ਦਿਓ।" ਬੰਤਾ ਸਿੰਘ ਨੇ ਵਿਆਈਆਂ ਪਾਟੇ ਹੱਥ ਜੋੜੇ।
-"ਕੀ ਨਾਂ ਐਂ ਬਈ ਕਾਕਾ ਤੇਰਾ?"
-"ਜੀ ਹਰਦੀਪ ਸਿੰਘ।"
-"ਕੰਮ ਤਾਂ ਤੈਨੂੰ ਦਿਆਂਗੇ ਸਿਖਾ-ਪਰ ਇਕ ਦੋ ਸਾਲ ਐਥੇ ਲਾਉਣੇ ਪੈਣਗੇ-ਤੇ ਨਾਲੇ ਘਰ ਦਾ ਮਾੜਾ ਮੋਟਾ ਚੱਕਣ-ਧਰਨ ਵੀ ਨਾਲ ਕਰਨਾ ਪਊ।"
-"ਮੈਖਿਆ ਹਜੂਰ ਚਾਹੇ ਗੋਹਾ ਸਿਟਵਾ ਲਿਆ ਕਰਿਓ!" ਬੰਤਾ ਹਰਦੀਪ ਵੱਲੋਂ ਬੋਲਿਆ। ਉਹ ਕਿਸੇ ਸੂਰਤ ਵਿਚ ਵੀ ਪੁੱਤ ਨੂੰ ਵਾਹੀ ਵਿਚ ਅੱਕਲਕਾਨ ਹੋਇਆ ਨਹੀਂ ਦੇਖ ਸਕਦਾ ਸੀ।
-"ਹੋਰ ਸੁਣ! ਰੋਟੀ ਪਾਣੀ ਤੇਰਾ ਐਥੇ-ਪਿੰਡ ਜਾਣ ਲਈ ਪੂਛ ਨਾ ਤੁੜਾਈਂ!" ਡਾਕਟਰ ਨੇ ਰੋਟੀ, ਪਾਣੀ ਅਤੇ ਰਹਾਇਸ਼ ਦਾ ਅਹਿਸਾਨ ਜਤਾ ਕੇ ਕੰਨ ਕੀਤੇ। ਮੁਫ਼ਤੋ-ਮੁਫ਼ਤੀ ਵਿਚ ਮਿਲਿਆ ਦਸਵੀਂ ਪਾਸ ਮੁੰਡਾ ਉਸ ਨੂੰ ਮਾੜਾ ਨਹੀਂ ਸੀ।
-"ਲੈ ਜੀ ਪਿੰਡ ਆ ਕੇ ਇਹਨੇ ਟੋਭਾ ਭਰਨੈਂ? ਉਹੀ ਪਿੰਡ ਐ ਜਿੱਥੇ ਅਸੀਂ ਸਾਰੀ ਉਮਰ ਖਪਦੇ ਮਰਗੇ-ਜੇ ਪਿੰਡ ਦਾ ਨਾਂ ਵੀ ਲਵੇ-ਖੌਂਸੜਾ ਲਾਹ ਲਿਓ-ਮੇਰੇ ਵੱਲੋਂ ਖੁੱਲ੍ਹੀ ਛੁੱਟੀ ਐ।" ਆਖ ਬੰਤਾ ਸਿੰਘ ਤੁਰ ਗਿਆ ਸੀ।
ਬੱਸ! ਉਸ ਦਿਨ ਤੋਂ ਹਰਦੀਪ ਦੀ ਜਿ਼ੰਦਗੀ ਇਸ ਪਿੰਡ ਵਿਚ ਸ਼ੁਰੂ ਹੋ ਗਈ ਸੀ। ਹਰਦੀਪ ਨੂੰ ਡਾਕਟਰ ਦੀ ਰੱਖੀ ਮੱਝ ਵਾਸਤੇ ਪੱਠੇ ਲਿਆਉਣੇ ਪੈਂਦੇ, ਉਗਰਾਹੀ ਕਰਨੀ ਪੈਂਦੀ, ਕਣਕ ਮੱਕੀ ਦੀਆਂ ਬੋਰੀਆਂ ਉਧਾਰ ਵਾਲਿਆਂ ਤੋਂ ਡਾਕਟਰ ਦੇ ਘਰ ਨੂੰ ਢੋਹਣੀਆਂ ਪੈਂਦੀਆਂ। ਖ਼ਾਸ ਕਰਕੇ ਹਰਦੀਪ ਨੂੰ ਡਾਕਟਰ ਦੇ ਨਲੀਚੋਚਲ ਜਿਹੇ ਬੱਚਿਆਂ ਤੋਂ ਬਹੁਤ ਚਿੜ੍ਹ ਸੀ। ਉਸ ਦੇ ਦੁੱਧ ਸੁੱਟਦੇ ਜੁਆਕ ਹਮੇਸ਼ਾ "ਰੀਂ-ਰੀਂ" ਕਰਦੇ ਰਹਿੰਦੇ। ਜਿਹਨਾਂ ਦੀ ਟਹਿਲ ਸੇਵਾ ਸਿਰਫ਼ ਹਰਦੀਪ ਨੂੰ ਹੀ ਕਰਨੀ ਪੈਂਦੀ। ਡਾਕਟਰ ਦੀ ਘਰਵਾਲੀ ਨੂੰ ਤਾਂ ਸੁਰਖੀ-ਬਿੰਦੀ ਹੀ ਵਿਹਲ ਨਹੀਂ ਦਿੰਦੀ ਸੀ। ਪਰ ਹਰਦੀਪ ਬਾਪੂ ਦੀ ਖ਼ਾਹਿਸ਼ ਆਪਣੀ ਜ਼ਮੀਰ ਕੁਚਲ ਕੇ ਵੀ ਪੂਰੀ ਕਰਨੀ ਚਾਹੁੰਦਾ ਸੀ। ਇਕ ਹੋਰ ਕੰਮ ਸਿਖਦੇ ਮੁੰਡੇ "ਨਿੱਕੀ" ਨਾਲ ਉਹ ਕਾਫ਼ੀ ਘੁਲ ਮਿਲ ਗਿਆ ਸੀ। ਜਿ਼ੰਦਗੀ ਦੇ ਰਾਹ ਵਿਚ ਆਉਂਦੇ ਇੱਟਾਂ-ਰੋੜਿਆਂ ਨਾਲ ਜਿਵੇਂ ਹਰਦੀਪ ਨੇ ਇਕ ਤਰ੍ਹਾਂ ਨਾਲ ਸਮਝੌਤਾ ਕਰ ਲਿਆ ਸੀ। ਇੱਟਾਂ ਰੋੜੇ ਜਿ਼ੰਦਗੀ ਦੇ ਰਾਹ ਦਾ ਇਕ ਅੰਗ ਹਨ। ਮੁਸ਼ਕਿਲਾਂ ਨਾਲ ਖਿੜੇ ਮੱਥੇ ਸਾਹਮਣਾ ਕਰਨ ਵਾਲੇ ਹੀ ਮਹਾਨ ਹੋ ਨਿੱਬੜਦੇ ਹਨ। "ਮਰੂੰ-ਮਰੂੰ" ਕਰਨ ਵਾਲੇ ਰਾਹ ਵਿਚ ਹੀ ਮਿੱਟੀ ਬਣ ਜਾਂਦੇ ਹਨ!
ਤਕਰੀਬਨ ਇਕ ਸਾਲ ਹੋ ਗਿਆ ਸੀ ਹਰਦੀਪ ਨੂੰ ਡਾਕਟਰ ਕੋਲ ਆਇਆਂ। ਪਰ ਉਸ ਨੇ ਪਿੰਡ ਜਾਣ ਦਾ ਕਦੀ ਨਾਂ ਤੱਕ ਨਾ ਲਿਆ। ਬੇਬੇ ਅਤੇ ਬਾਪੂ ਉਸ ਨੂੰ ਕਦੀਂ-ਕਦਾਈਂ ਮਿਲ ਜਾਂਦੇ ਸਨ। ਬਾਪੂ ਹਰਦੀਪ ਨੂੰ ਟੀਕੇ ਲਾਉਂਦਾ ਅਤੇ ਮਰੀਜ਼ਾਂ ਦੀ ਮਾੜੀ-ਮੋਟੀ ਚੈੱਕ-ਅੱਪ ਕਰਦਾ ਵੇਖ ਫੁੱਲਿਆ ਨਹੀਂ ਸਮਾਉਂਦਾ ਸੀ। ਹਰਦੀਪ ਦੇ ਗਲ ਵਿਚ ਪਾਇਆ ਸਟੈਥੋਸਕੋਪ ਦੇਖ ਕੇ ਬੇਬੇ ਬਾਪੂ ਨੂੰ ਗੁੱਝਾ-ਗੁੱਝਾ ਆਖਦੀ:
-"ਸੁੱਖ ਨਾਲ ਪੂਰਾ ਡਾਕਦਾਰ ਲੱਗਦੈ!"
-"ਤੂੰ ਜੁਆਕ ਨੂੰ ਨਜ਼ਰ ਨਾ ਲਾਦੀਂ-ਸਾਅਲੀ ਢੇਅਡ!" ਬਾਪੂ ਤੋਂ ਖੁਸ਼ੀ ਸਾਂਭੀ ਨਹੀਂ ਜਾਂਦੀ ਸੀ। ਜਿਸ ਦਿਨ ਬਾਪੂ ਹਰਦੀਪ ਨੂੰ ਮਿਲ ਕੇ ਜਾਂਦਾ ਤਾਂ ਪਿੰਡ ਜਾ ਕੇ ਚਾਰ ਪੈੱਗ 'ਰੂੜੀ-ਮਾਰਕਾ' ਦੇ ਜ਼ਰੂਰ ਚਾਹੜਦਾ ਸੀ। ਖ਼ੁਸ਼ੀ ਉਸ ਦੀਆਂ ਅੱਖਾਂ ਅਤੇ ਕੱਛਾਂ ਵਿਚ ਕੁਤਕੁਤਾੜੀਆਂ ਕਰਦੀ ਰਹਿੰਦੀ।
-"ਸਾਲ ਖੰਡ ਹੋਰ ਐ ਦਲੀਪ ਕੁਰੇ-।" ਉਹ ਪੀਤੀ ਵਿਚ ਘਰੇ ਜਾ ਕੇ ਗੱਲ ਤੋਰ ਲੈਂਦਾ।
-"ਬੱਸ ਆਪਣਾ ਹਰਦੀਪ ਸਿਉਂ ਪੂਰਾ ਡਾਕਦਾਰ ਬਣਜੂਗਾ-ਫੇਰ ਉਹਦੀ ਪਿੰਡ ਈ ਦੁਕਾਨ ਖੁਲ੍ਹਵਾ ਦਿਆਂਗੇ-ਜਦੋਂ ਮੈਂ ਸੱਥ ਵਿਚੋਂ ਦੀ ਲੰਘਿਆ ਕਰੂੰਗਾ-ਲੋਕ ਆਖਿਆ ਕਰਨਗੇ-ਆਹ ਜਾਂਦੈ ਬਈ ਡਾਕਦਾਰ ਹਰਦੀਪ ਸਿੰਘ ਉਪਲ ਦਾ ਪਿਉ-ਫੇਰ ਮੈਂ ਪਿੰਡ 'ਚ ਚੌੜਾ ਹੋ ਕੇ ਤੁਰਿਆ ਕਰੂੰ-ਗਰੀਬ ਗੁਰਬੇ ਨੂੰ ਦੁਆਈ ਸਸਤੀ ਦੁਆਇਆ ਕਰੂੰ-ਅੱਬਲ ਤਾਂ ਮੁਖ਼ਤ!"
ਦਲੀਪ ਕੌਰ ਚੁੱਪ ਚਾਪ ਸੁਣੀਂ ਜਾਂਦੀ।
-"ਦਲੀਪ ਕੁਰੇ! ਅਸੀਂ ਉਹ ਕਿਸਾਨ ਪੁੱਤ ਐਂ-ਜਿਹੜੇ ਫ਼ਸਲ ਬੀਜਣ ਲੱਗੇ 'ਗਰੀਬ ਗੁਰਬੇ ਦੇ ਭਾਗਾਂ ਨੂੰ-ਰਾਹੀ ਪਾਂਧੀ ਦੇ ਭਾਗਾਂ ਨੂੰ' ਆਖ ਕੇ ਬੀਜਣਾ ਸ਼ੁਰੂ ਕਰਦੇ ਐਂ।" ਉਹ ਹਿੱਕ 'ਚ ਧੱਫ਼ੇ ਮਾਰ-ਮਾਰ ਕਹਿੰਦਾ।
ਕਪਾਹਾਂ ਦੀ ਚੁਗਾਈ ਸ਼ੁਰੂ ਹੋਣ 'ਤੇ ਸੀ। ਹਰ ਕੋਈ ਆਪਣਾ ਕਮਰਕੱਸਾ ਕੱਸ ਰਿਹਾ ਸੀ। ਮਜਦੂਰ ਆਪਣੀ ਥਾਂ ਅਤੇ ਕਿਸਾਨ ਆਪਣੀ ਥਾਂ!
-"ਹਰਦੀਪ!" ਡਾਕਟਰ ਨੇ ਹਾਕ ਮਾਰੀ।
-"ਹਾਂ ਜੀ?"
-"ਜਾਹ ਪ੍ਰਸਿੰਨੀ ਦੇ ਟੀਕਾ ਲਾ ਕੇ ਆ!"
ਹਰਦੀਪ ਬੈਗ ਚੁੱਕ ਤੁਰ ਗਿਆ।
ਪ੍ਰਸਿੰਨੀ ਅਲਾਣੀ ਮੰਜੀ 'ਤੇ ਪਈ ਹੁੰਗਾਰ ਮਾਰ ਰਹੀ ਸੀ। ਉਸ ਦਾ ਚਿਹਰਾ ਪੀਲਾ ਜ਼ਰਦ ਹੋਇਆ ਪਿਆ ਸੀ ਅਤੇ ਮੰਜੀ 'ਚ ਪਈ ਉਹ ਹੱਡੀਆਂ ਦੀ ਮੁੱਠ ਹੀ ਤਾਂ ਜਾਪਦੀ ਸੀ! ਉਸ ਦੇ ਸਿਰਹਾਣੇਂ ਉਸ ਦੀ ਧੀ ਅੱਕੀ ਭੁੰਜੇ ਹੀ ਬੈਠੀ ਪਾਣੀ ਪਿਆਉਣ ਦੀ ਕੋਸਿ਼ਸ਼ ਕਰ ਰਹੀ ਸੀ।
-"ਕੀ ਹਾਲ ਐ ਤੁਹਾਡਾ?" ਹਰਦੀਪ ਨੇ ਟੀਕਾ ਲਾਉਣ ਤੋਂ ਬਾਅਦ ਪੁੱਛਿਆ। ਪੀਲੀਏ ਦੀ ਬਿਮਾਰੀ ਪ੍ਰਸਿੰਨੀ ਨੂੰ ਪੂਰੀ ਤਰ੍ਹਾਂ ਜਕੜ ਚੁੱਕੀ ਸੀ। ਪਈ ਪ੍ਰਸਿੰਨੀ ਨੇ 'ਨਾਂਹ' ਵਿਚ ਹੱਥ ਹਿਲਾਇਆ। ਪਰ ਕਮਜ਼ੋਰੀ ਕਾਰਨ ਬੋਲ ਨਾ ਸਕੀ। ਉਸ ਨੇ ਇਸ਼ਾਰੇ ਨਾਲ ਹਰਦੀਪ ਨੂੰ ਕੋਲ ਬੈਠਣ ਲਈ ਮੰਜੀ 'ਤੇ ਹੱਥ ਮਾਰਿਆ।
-"ਹਰਦੀਪ ਸ਼ੇਰਾ! ਡਾਕਦਾਰ ਨੂੰ ਕਹੀਂ-ਕੱਲ੍ਹ ਨੂੰ ਟੀਕਾ ਲਾਉਣ ਮੇਰੇ ਆਪ ਆਵੇ।" ਪ੍ਰਸਿੰਨੀ ਨੇ ਬੜੀ ਔਖ ਨਾਲ ਗੱਲ ਪੂਰੀ ਕੀਤੀ। ਹਰਦੀਪ ਨੇ 'ਹਾਂ' ਵਿਚ ਸਿਰ ਹਿਲਾਇਆ। ਪਰ ਅੰਦਰੋਂ ਉਹ ਉਦਾਸ ਹੋ ਗਿਆ। ਕਿਉਂਕਿ ਡਾਕਟਰ ਨੇ ਪ੍ਰਸਿੰਨੀ ਦੇ ਘਰ ਟੀਕਾ ਲਾਉਣ ਕਦੀ ਆਉਣਾਂ ਹੀ ਨਹੀਂ ਸੀ। ਡਾਕਟਰ ਬੜਾ ਲਾਲਚੀ ਅਤੇ ਬਦ ਬੰਦਾ ਸੀ। ਖਾਂਦੇ-ਪੀਂਦੇ ਘਰੀਂ ਉਹ ਟੀਕਾ ਸਕੂਟਰ 'ਤੇ ਆਪ ਲਾਉਣ ਜਾਂਦਾ। ਪਰ ਗਰੀਬ ਗੁਰਬੇ ਦੇ ਘਰ ਨਿੱਕੀ ਜਾਂ ਹਰਦੀਪ ਨੂੰ ਹੀ ਭੇਜ ਛੱਡਦਾ। ਪ੍ਰੈਕਟਿਸ ਚਲਾਉਣ ਸਮੇਂ ਉਸ ਨੇ ਲੋਕਾਂ ਦੀ ਕਾਫ਼ੀ ਖਾਤਿਰ ਕੀਤੀ ਸੀ। ਪਰ ਹੁਣ ਜਦ ਉਸ ਦੀ ਪ੍ਰੈਕਟਿਸ ਪੂਰੀ ਤਰ੍ਹਾਂ ਚੱਲ ਨਿਕਲੀ ਸੀ ਤਾਂ ਡਾਕਟਰ ਨੇ ਆਪਣੀ ਸੀਮਤ ਅਮੀਰ ਲੋਕਾਂ ਤੱਕ ਹੀ ਕਰ ਲਈ ਸੀ। ਗਰੀਬ ਗੁਰਬੇ ਦੇ ਹਿੱਸੇ ਨਿੱਕੀ ਅਤੇ ਹਰਦੀਪ ਹੀ ਆਉਂਦੇ!
ਅਗਲੇ ਦਿਨ ਪ੍ਰਸਿੰਨੀ ਦੀ ਹਾਲਤ ਬਹੁਤ ਖਰਾਬ ਹੋ ਗਈ। ਵਿਹੜੇ ਦੇ ਕੁਝ ਬੁੜ੍ਹੀਆਂ ਬੰਦੇ ਪ੍ਰਸਿੰਨੀ ਦਾ ਮੰਜਾ ਡਾਕਟਰ ਕੋਲ ਹੀ ਚੁੱਕ ਲਿਆਏ। ਪ੍ਰਸਿੰਨੀ ਮਰੀ ਜਿਹੀ ਅਵਾਜ਼ ਵਿਚ ਡਾਕਟਰ ਅੱਗੇ ਦੁਹਾਈ ਦੇ ਰਹੀ ਸੀ:
-"ਬੱਸ ਡਾਕਦਾਰ ਜੀ-ਮੈਨੂੰ ਮੇਰੀ ਧੀ ਦੇ ਵਿਆਹ ਤੱਕ ਜਿਉਂਦੀ ਰੱਖ ਲਵੋ-ਫਿਰ ਮੈਂ ਜਿਉਣਾਂ ਵੀ ਕਾਹਦੇ ਆਸਰੇ ਜਾਂ ਕਿਸੇ ਆਸਤੇ ਐ? ਜੇ ਮੈਂ ਈ ਤੁਰ ਗਈ ਤਾਂ ਇਹਨੂੰ ਵਿਚਾਰੀ ਨੂੰ ਕੀਹਨੇ ਬੂਹਿਓਂ ਉਠਾਉਣੈਂ?"
-"ਮੈਂ ਇੰਜੈਕਸ਼ਨ ਲਿਖ ਦਿੰਨੈ-ਸ਼ਹਿਰੋਂ ਮੰਗਵਾ ਲਓ-ਘਬਰਾਉਣ ਦੀ ਕੋਈ ਗੱਲ ਨਹੀਂ।" ਡਾਕਟਰ ਨੇ ਚਿੱਟ ਲਿਖ ਦਿੱਤੀ।
ਵਿਹੜੇ ਵਾਲਿਆਂ ਨੇ ਪੈਸੇ ਇਕੱਠੇ ਕਰ ਕੇ, ਸ਼ਹਿਰੋਂ ਟੀਕੇ ਮੰਗਵਾ ਲਏ ਅਤੇ ਡਾਕਟਰ ਸਪੁਰਦ ਕਰ ਦਿੱਤੇ।
-"ਜਿਹੜੇ ਟੀਕੇ ਆਪਾਂ ਪ੍ਰਸਿੰਨੀ ਲਈ ਸ਼ਹਿਰੋਂ ਮੰਗਵਾਏ ਐ-ਉਹ ਆਪਾਂ ਪ੍ਰਸਿੰਨੀ ਦੇ ਨ੍ਹੀ ਲਾਉਣੇ!" ਰਾਤ ਨੂੰ ਰੋਟੀ ਖਾਂਦਾ ਡਾਕਟਰ ਆਖ ਰਿਹਾ ਸੀ।
-"ਹੋਰ ਕੀਹਦੇ ਲਾਉਣੇ ਐਂ ਜੀ?" ਨਿੱਕੀ ਅਤੇ ਹਰਦੀਪ ਇਕੱਠੇ ਹੀ ਬੋਲੇ। ਰੋਟੀ ਉਹਨਾਂ ਦੇ ਹੱਥਾਂ ਵਿਚ ਜਿਵੇਂ ਆਕੜ ਗਈ ਸੀ।
-"ਮੇਲੂ ਬਲੈਕੀਏ ਦੀ ਘਰਵਾਲੀ ਦੇ! ਮੋਟੀ ਸਾਮੀਂ ਐਂ-ਮਜਬਣ ਤੋਂ ਆਪਾਂ ਨੂੰ ਕੀ ਮਿਲੂ?"
-"ਤੇ ਪ੍ਰਸਿੰਨੀ ਦੇ ਕੀ ਲਾਵਾਂਗੇ ਜੀ?" ਹਰਦੀਪ 'ਬਿੱਟ-ਬਿੱਟ' ਡਾਕਟਰ ਦੇ ਜਮਦੂਤ ਮੂੰਹ ਵੱਲ ਤੱਕ ਰਿਹਾ ਸੀ।
-"ਪ੍ਰਸਿੰਨੀ ਦੇ ਲਾਓ ਬੀ-ਟਵੈੱਲਵ...! ਕਾਕਾ ਇਹ ਬਿਜ਼ਨਿਸ ਐ..! ਬੀ-ਟਵੈੱਲਵ ਆਪਾਂ ਨੂੰ ਪੱਚੀ ਪੈਸੇ ਵਿਚ ਪੈਂਦੈ-ਅਤੇ ਜਿਹੜੇ ਟੀਕੇ ਵਿਹੜੇ ਵਾਲਿਆਂ ਨੇ ਸ਼ਹਿਰੋਂ ਮੰਗਵਾਏ ਐ-ਉਹ ਇਕ ਟੀਕਾ ਪੈਂਦੈ ਛੇ ਰੁਪਏ ਦਾ-ਛੇ ਤੋਂ ਬਣਾਉਣੇ ਐਂ ਆਪਾਂ ਸਿੱਧੇ ਚੌਵੀ ਰੁਪਈਏ! ਨਾਲੇ ਇਹਨਾਂ ਮਜ੍ਹਬੀਆਂ ਨੂੰ ਕੀ ਪਤੈ ਬਈ ਕਿਹੜਾ ਟੀਕਾ ਲਾਇਐ? ਬੱਸ ਟੀਕੇ ਦਾ ਰੰਗ ਲਾਲ ਹੋਵੇ-ਦਸ ਦਿਨ ਗਾਈ ਜਾਣਗੇ: ਬੜਾ ਤਾਕਤਵਰ ਟੀਕਾ ਸੀ ਬਈ...!" ਰੋਟੀ ਖਾ ਕੇ ਡਾਕਟਰ ਹੱਥ ਧੋਣ ਚਲਾ ਗਿਆ। ਪਰ ਬੁਰਕੀ ਹਰਦੀਪ ਦੇ ਸੰਘ ਵਿਚ ਫ਼ਸ ਗਈ। ਉਸ ਨੂੰ ਮਹਿਸੂਸ ਹੋਇਆ ਕਿ ਉਹ ਡਾਕਟਰ ਦਾ ਅੰਨ ਨਹੀਂ, ਗਰੀਬ ਪ੍ਰਸਿੰਨੀ ਦਾ ਮਾਸ ਖਾ ਰਿਹਾ ਹੈ! ਉਸ ਨੇ ਬੁਰਕੀ ਉਗਲੱਛ ਦਿੱਤੀ ਅਤੇ ਰਹਿੰਦੀ ਰੋਟੀ ਉਸ ਨੇ ਵੀਹੀ ਵਿਚ ਖੜ੍ਹੇ ਕੁੱਤੇ ਨੂੰ ਪਾ ਦਿੱਤੀ। ਨਾਲ ਬੈਠੇ ਨਿੱਕੀ ਦਾ ਵੀ ਇਹੋ ਹਾਲ ਸੀ!
ਸਾਰੀ ਰਾਤ ਦੋਹਾਂ ਨੂੰ ਹੀ ਨੀਂਦ ਨਾ ਪਈ। ਉਹਨਾਂ ਨੇ ਇਕ-ਦੂਜੇ ਨਾਲ ਜ਼ੁਬਾਨ ਵੀ ਸਾਂਝੀ ਨਾ ਕੀਤੀ। ਪਰ ਬਰਾਬਰ ਉਹਨਾਂ ਦੇ ਦਿਮਾਗਾਂ ਅੰਦਰ ਸੋਚਾਂ ਦੀ ਘੋੜ-ਦੌੜ ਜਾਰੀ ਸੀ। ਮੇਲੂ ਬਲੈਕੀਏ ਦੀ ਪਤਨੀ ਪ੍ਰਤੀ ਡਾਕਟਰ ਇਤਨਾ ਫਿ਼ਕਰਮੰਦ ਸੀ ਅਤੇ ਪ੍ਰਸਿੰਨੀ ਗਰੀਬਣੀ ਪ੍ਰਤੀ ਇਤਨਾ ਬੇਕਿਰਕ? ਮੇਲੂ ਬਲੈਕੀਆ, ਕਿਉਂਕਿ ਮੋਟੀ ਅਸਾਮੀ ਸੀ ਅਤੇ ਪ੍ਰਸਿੰਨੀ ਅਰਥਾਤ ਇਕ ਮਾਂ, ਜੋ ਸਿਰਫ਼ ਆਪਦੀ ਧੀ ਦੇ ਵਿਆਹ ਤੱਕ ਹੀ ਜਿ਼ੰਦਾ ਰਹਿਣ ਦੀ ਤਮੰਨਾਂ ਰੱਖਦੀ ਸੀ! ਮੇਲੂ ਬਲੈਕੀਏ ਕੋਲ ਤਾਂ ਬੇਅੰਤ ਪੈਸਾ ਸੀ, ਲੋੜ ਪੈਣ 'ਤੇ ਉਹ ਆਪਣੀ ਪਤਨੀ ਦਾ ਇਲਾਜ਼ ਕਿਸੇ ਚੰਗੇ ਹਸਪਤਾਲ ਵਿਚ ਵੀ ਕਰਵਾ ਸਕਦਾ ਸੀ। ਦੋ ਨੰਬਰ ਦਾ ਬਣਾਇਆ ਪੈਸਾ ਉਹ ਬੜੀ ਬੇਕਿਰਕੀ ਨਾਲ ਵਰਤਦਾ ਨਹੀਂ, ਸਗੋਂ ਉਡਾਉਂਦਾ ਸੀ! ਹਜ਼ਾਰ-ਹਜ਼ਾਰ ਰੁਪਏ ਦੀ ਤਾਂ ਸ਼ਰਾਬ ਹੀ ਉਹ ਪੁਲੀਸ ਨੂੰ ਪਿਆ ਦਿੰਦਾ ਸੀ। ਪਰ ਵਿਚਾਰੀ ਪ੍ਰਸਿੰਨੀ...? ਜੋ ਸਾਰੀ ਦਿਹਾੜੀ ਮਜ਼ਦੂਰੀ ਕਰਦੀ ਸੀ ਅਤੇ ਸ਼ਾਮ ਨੂੰ ਉਸੀ ਮਜ਼ਦੂਰੀ ਦਾ ਆਟਾ ਲੈ ਕੇ ਆਪਣਾ ਅਤੇ ਆਪਣੀ ਧੀ ਦਾ ਪੇਟ ਪਾਲਦੀ ਸੀ! ਵਿਹੜੇ ਵਾਲਿਆਂ ਨੇ ਗਰੀਬ ਹੋਣ ਦੇ ਬਾਵਜੂਦ ਵੀ ਪੈਸੇ ਇਕੱਠੇ ਕੀਤੇ, ਸਿਰਫ਼ ਪ੍ਰਸਿੰਨੀ ਦੇ ਇਲਾਜ਼ ਵਾਸਤੇ! ਸਿਰਫ਼ ਪ੍ਰਸਿੰਨੀ ਦੀ ਆਖਰੀ ਇੱਛਾ ਪੂਰੀ ਕਰਨ ਵਾਸਤੇ! ਉਸ ਦੀ ਧੀ ਦੇ ਵਿਆਹ ਤੱਕ ਜਿ਼ੰਦਾ ਰਹਿਣ ਜਾਂ ਰੱਖਣ ਵਾਸਤੇ! ਤੇ ਇਹੇ ਜਮਦੂਤ ਕਹਿ ਰਿਹਾ ਹੈ ਕਿ ਉਸ ਦੇ ਟੀਕੇ, ਉਸ ਦੇ ਹੀ ਨਹੀਂ ਲਾਉਣੇ? ਇਹ ਕਿਧਰਲਾ ਇਨਸਾਫ਼ ਹੈ? ਆਦਮੀ ਜਾਤਾਂ ਨਾਲ ਉਚਾ-ਨੀਵਾਂ ਨਹੀਂ ਹੁੰਦਾ। ਆਪਣੇ ਕਰਮ-ਕਾਰਜ ਕਰਕੇ ਊਚ-ਨੀਚ ਹੁੰਦਾ ਹੈ! ਫਿਰ ਨੀਚ ਡਾਕਟਰ ਹੋਇਆ ਜਾਂ ਵਿਹੜੇ ਵਾਲੇ? ਡਾਕਟਰ ਤਾਂ ਆਦਮਖੋਰ ਹੈ! ਡਾਕਟਰ ਦਾ ਪਹਿਲਾ ਫ਼ਰਜ਼ ਹੈ ਮਰੀਜ਼ ਦੀ ਜਿ਼ੰਦਗੀ ਬਚਾਉਣਾ, ਤੇ ਇਹੇ ਬੁੱਚੜ ਕਿਸੇ ਗਰੀਬਣੀ ਦੀ ਜਿ਼ੰਦਗੀ ਦੀ ਤੁਲਨਾ ਸਿਰਫ਼ ਕੁਝ ਪੈਸਿਆਂ ਨਾਲ ਕਰ ਰਿਹਾ ਹੈ...?
ਨਿੱਕੀ ਅਤੇ ਹਰਦੀਪ ਜਿਵੇਂ ਪਏ ਸਨ, ਉਵੇਂ ਹੀ ਮੂੰਹ ਹਨ੍ਹੇਰੇ ਹੀ ਉਠ ਖੜ੍ਹੇ ਹੋਏ। ਮੂੰਹ ਹੱਥ ਧੋ ਕੇ ਬਗੈਰ ਚਾਹ ਪੀਤਿਆਂ ਹੀ ਉਹ ਜੰਗਲ-ਪਾਣੀ ਹੋ ਤੁਰੇ। ਤੁਰਦੇ-ਤੁਰਦੇ ਉਹ ਪ੍ਰਸਿੰਨੀ ਦੇ ਸਿਵੇ 'ਤੇ ਪਹੁੰਚ ਗਏ। ਸਿਵਾ ਬੁਝ ਗਿਆ ਸੀ...! ਉਹਨਾਂ ਦੇ ਮਨ ਭਰ ਕੇ ਉਛਲ ਗਏ। ਉਹ ਚੁੱਪ-ਚਾਪ, ਖ਼ਾਮੋਸ਼ ਰੋਂਦੇ ਰਹੇ। ਉਹਨਾਂ ਦੇ ਹੰਝੂ ਪ੍ਰਸਿੰਨੀ ਦੇ ਸਿਵੇ ਦੀ ਸੁਆਹ 'ਤੇ 'ਤਰਿੱਪ-ਤਰਿੱਪ' ਵਰ੍ਹਦੇ ਰਹੇ।
-"ਨਿੱਕੀ-ਦੱਸ ਐਨਾਂ ਕੁਛ ਕਿੱਥੇ ਭਰਾਂਗੇ...?"
-"ਅੱਖੀਂ ਦੇਖ ਕੇ ਮੱਖੀ ਨਹੀਂ ਨਿਗਲੀ ਜਾਂਦੀ।"
-"ਮੈਂ ਨਹੀਂ ਡਾਕਟਰੀ ਸਿੱਖਣੀ।"
-"ਮੈਂ ਤਾਂ ਆਪ ਨਹੀਂ ਸਿੱਖਣੀ।" ਅਤੇ ਉਹ ਆਪਣੇ-ਆਪਣੇ ਪਿੰਡਾਂ ਨੂੰ ਚੁੱਪ-ਚਾਪ ਹੋ ਤੁਰੇ। ਡਾਕਟਰ ਦੇ ਪਿੰਡ ਨੂੰ ਹਮੇਸ਼ਾ-ਹਮੇਸ਼ਾ ਲਈ "ਅਲਵਿਦਾ" ਆਖ ਕੇ! ਨਿੱਕੀ ਅਤੇ ਹਰਦੀਪ ਦੇ ਅਰਮਾਨਾਂ ਦਾ ਸਿਵਾ ਬੁਝ ਗਿਆ ਸੀ। "ਗਰੀਬ ਗੁਰਬੇ ਦੇ ਭਾਗਾਂ ਨੂੰ - ਰਾਹੀ ਪਾਂਧੀ ਦੇ ਭਾਗਾਂ ਨੂੰ" ਆਖ ਕੇ ਬੀਜ ਪਾਉਣ ਵਾਲੇ ਬਾਪੂ ਦੇ ਸੁਪਨੇ ਦਾ ਸਿਵਾ ਬੁਝ ਗਿਆ ਸੀ। ਪ੍ਰਸਿੰਨੀ ਦਾ ਸਿਵਾ ਬੁਝ ਗਿਆ ਸੀ। ਧੀ ਦੇ ਵਿਆਹ ਤੱਕ ਜਿ਼ੰਦਾ ਰਹਿਣ ਦੀ ਆਖਰੀ ਖ਼ਾਹਿਸ਼ ਮਨ ਵਿਚ ਰੱਖਣ ਵਾਲੀ ਮਾਂ ਦਾ ਸਿਵਾ ਬੁਝ ਗਿਆ ਸੀ। ---ਤੇ ਸਿਵਾ ਬੁਝ ਗਿਆ ਸੀ? ਬੱਸ! ਸਿਵਾ ਬੁਝ ਗਿਆ ਸੀ...!
-"ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ।। ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ।। ਜਿਸਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ।।" ਦੂਰੋਂ ਕਿਸੇ ਗੁਰਦੁਆਰੇ ਦੇ ਸਪੀਕਰ ਵਿਚੋਂ ਅਵਾਜ਼ ਆ ਰਹੀ ਸੀ।

No comments: