ਸੁਲਘਦਾ ਸੰਵਾਦ.......... ਨਜ਼ਮ/ਕਵਿਤਾ / ਦਰਸ਼ਨ ਬੁੱਟਰ ( ਸ਼੍ਰੋਮਣੀ ਕਵੀ )

(ਜਗਿਆਸਾ )

ਗੁਰੂਦੇਵ!
ਮੈਂ ਅਪਣੇ ਡਗਮਗਾਉਂਦੇ ਸਾਏ ਸਮੇਤ
ਤੇਰੀਆਂ ਵਿਸ਼ਾਲ ਚਾਨਣੀਆਂ ਦੇ
ਰੂਬਰੂ ਹੁੰਦੀ ਹਾਂ


ਪੈਰਾਂ ਹੇਠੋਂ ਖੁਰਦੀ ਜਾ ਰਹੀ
ਭੁਰਭੁਰੇ ਵਿਸ਼ਵਾਸਾਂ ਦੀ ਰੇਤ
ਮੈਂ ਮੁੰਤਜਿ਼ਰ ਹਾਂ
ਤੇਰੀ ਮੁੱਠੀ ਵਿਚਲੀ ਚੱਪਾ ਕੁ ਜ਼ਮੀਨ ਦੀ

ਜਦੋਂ ਵੀ ਤੇਰੇ ਸੁੱਚੇ ਬੋਲਾਂ ਨੂੰ
ਸੌਂਫੀਏ ਸਾਹਾਂ ਦੇ ਸਾਜ਼ 'ਤੇ ਗੁਣਗੁਣਾਉਂਦੀ ਹਾਂ
ਤਾਂ ਹਵਾ ਪਿਆਜ਼ੀ ਅਹਿਸਾਸ
ਮਨ ਦੀ ਮਿੱਟੀ 'ਚ
ਪੁੰਗਰਨ ਲੱਗ ਪੈਂਦੇ ਨੇ

ਰੂਹ ਦੀ ਸਰਦਲ 'ਤੇ
ਤੇਰੀ ਆਮਦ ਦਾ ਸੁਲੱਖਣਾ ਪਲ
ਲਕਸ਼ ਬਿੰਦੂ ਹੈ ਮੇਰੇ ਸਕੂਨ ਦਾ
ਤੇਰੀ ਸਹਿਜ ਤੱਕਣੀ
ਤ੍ਰਿਪਤ ਕਰਦੀ ਮਾਰੂਥਲੀ ਔੜਾਂ ਨੂੰ


ਮੈਂ ਤੈਨੂੰ ਪਾਣੀ ਵਾਂਗ
ਰੱਕੜਾਂ 'ਤੇ ਫੈਲਿਆ ਵੇਖਦੀ ਹਾਂ
ਮਹਿਕ ਵਾਂਗ ਫਿ਼ਜ਼ਾ 'ਚ ਘੁਲਿ਼ਆ ਤੱਕਦੀ ਹਾਂ

ਤੂੰ ਆਪਣੀ ਗਿਆਨ ਬਗੀਚੀ ਦੇ
ਦੋ ਫੁੱਲ ਮੇਰੇ ਕਾਸੇ 'ਚ ਪਾ
ਦਮ ਘੁਟਿਆ ਪਿਆ ਹੈ ਸੱਜਰੀ ਮਹਿਕ ਬਿਨਾਂ

ਤੂੰ ਆਪਣੀ ਸੁਲਘਦੀ ਖ਼ਾਮੋਸ਼ੀ ਨੂੰ
ਬੋਲਣ ਲਈ ਆਖ
ਅਨੁਭਵ ਦੇ ਸੂਖਮ ਪਲਾਂ ਦੀ ਕਥਾ ਛੇੜ

ਤੇ ਬਾਤ ਪਾ ਕੋਈ
ਵੇਦਾਂ ਕਤੇਬਾਂ ਤੋਂ ਪਾਰ ਦੀ
ਕਿ ਮੇਰੀ ਰਾਤ ਕਟ ਜਾਵੇ.......

(ਗੁਰੂਦੇਵ )

ਹੇ ਸਖੀ !
ਸੱਚ ਦੀ ਪਰਿਭਾਸ਼ਾ ਨੂੰ
ਲੋੜ ਨਹੀਂ ਸ਼ਬਦ ਜਾਲ਼ ਦੀ
ਤਬਸਰਿਆਂ ਦੀ ਦਿਲਕਸ਼ ਇਬਾਰਤ
ਨਹੀਂ ਹੈ ਜੀਵਨ ਦਾ ਫ਼ਲਸਫ਼ਾ

ਮੁਸਾਫਿ਼ਰ ਇਕੱਲਾ ਨਹੀਂ ਹੁੰਦਾ
ਜੇ ਕੋਈ 'ਬੋਲ ' ਹਮਸਫ਼ਰ ਹੋਵੇ
ਅਰਥਾਂ ਦੇ ਜੰਗਲ ਵਿਚ ਵਿਚਰਦੇ
ਸੁੱਚੇ ਸ਼ਬਦ
ਮਸਤਕਾਂ ਨੂੰ ਚੀਰ ਕੇ ਰਾਹ ਲੱਭਦੇ

ਹਨੇਰਿਆਂ 'ਚ ਕੈਦ ਧੜਕਦੇ ਸਾਏ
ਸੂਰਜ ਚੜ੍ਹਨ ਦਾ ਇੰਤਜ਼ਾਰ ਨਹੀਂ ਕਰਦੇ
ਅਪਣੇ ਨਕਸ਼ਾਂ 'ਚੋਂ
ਜਗਦੀਆਂ ਕਿਰਨਾਂ ਆਪ ਜਗਾਉਂਦੇ

ਤੂੰ ਮੇਰੇ ਨਾਲ਼ ਨਹੀਂ
ਮੇਰੀ ਬਾਤ ਵਿਚਲੇ
ਕਿਰਦਾਰਾਂ ਨਾਲ਼ ਇਕਸੁਰ ਹੋ

ਅੱਖਾਂ ਮੀਟ ਯਕੀਨ ਕਰੀਂ
ਹਵਾ 'ਚ ਤੈਰਦੇ ਮੇਰੇ ਬੋਲਾਂ 'ਤੇ
ਇਨ੍ਹਾਂ 'ਤੇ ਪੈਰ ਧਰਦੀ
ਚੜ੍ਹ ਜਾਵੀਂ
ਤਲਾਸ਼ ਦੀ ਸਿਖਰਲੀ ਮੰਜਿ਼ਲ 'ਤੇ

ਕੋਈ ਕੋਈ ਸਫ਼ਰ
ਪੈਰਾਂ ਨਾਲ਼ ਨਹੀਂ
ਸਿਰਾਂ ਨਾਲ਼ ਤੈਅ ਕਰੀਦਾ
ਪੈਰਾਂ ਹੇਠਲੇ ਰਾਹਾਂ ਤੋਂ ਪਹਿਲਾਂ
ਸੋਚਾਂ ਵਿਚੋਂ ਸੂਲਾਂ ਚੁਗੀਦੀਆਂ

ਸੱਚ ਦੇ ਕੇਸਰੀ ਫੁੱਲ
ਪੁੰਗਰਦੇ ਨੇ
ਸੂਹੇ ਸੁਫ਼ਨਿਆਂ ਦੀਆਂ ਵਾਦੀਆਂ ਅੰਦਰ
ਜੇ
ਰੂਹ ਦੀ ਪਾਕੀਜ਼ਗੀ ਕੋਲ਼ ਕੋਲ਼ ਹੋਵੇ......


No comments: