ਸਾਡੇ ਪਿੰਡ ਦੀ ਗੱਲ ਐ, ਕੋਈ ਵੇਖ ਲਾ ਬਈ ਦੋ-ਵੀਹਾਂ ਤੇ ਸੱਤ ਵ੍ਹਰਿਆਂ ਦੀ । ਉਦੋਂ ਤਾਏ ਬਿਸ਼ਨੇ ਕੀ ਮੱਝ ਨੇ ਕੱਟੀ ਦਿੱਤੀ ਸੀ, ਬਲਾ ਸੋਹਣੀ । ਉਹਨਾਂ ਨੇ ਗੁੜ ਵੰਡਿਆ ਸੀ । ਮੇਰਾ ਤਾਇਆ ਸੀ ‘ਸਰਪੈਂਚ’ ਤੇ ਪੁਲਸ ਆਲੇ ਕਿਸੇ ਹੋਰ ਪਿੰਡ ਦਾ ਕੇਸ ਭੁਗਤਣ ਆਏ ਵੀ ਸਾਡੇ ਘਰੇ ਹੀ ਆ ਜਾਂਦੇ ਸੀ । ਆਉਂਦੇ ਵੀ ਕਿਉਂ ਨਾ ? ਆਉਂਦਿਆਂ ਨੂੰ ਦੁੱਧ, ਖਾਣ ਨੂੰ ਕੁੱਕੜ ਦੀ ਦਾਲ ਨਾਲ਼ “ਮਹਾਰਾਜਾ ਧੀਰਾਜ” ਆਲੀ ਰੱਤੀ-ਸੰਤਰਾ ਮਾਰਕਾ ਦਾਰੂ । ਗੱਲ ਮੁਕਾ, ਜੇ ਕਿਤੇ ਆਉਂਦੇ ਜਾਂਦਿਆਂ ਨੇ ਰੁਕਣਾ ਤਾਂ ਤਾਇਆ ਜੀ ਨੇ ਸੁਲਹਾ ਮਾਰਨੀ “ਰੋਟੀ-ਪਾਣੀ” ਦੀ ਦਿਉ ਗੱਲ । ਪੁਲਸ ਆਲੇ ਭਾਵੇਂ ਦੁਜੇ ਪਿੰਡੋਂ ਐਨ ‘ਕੇਰਾਂ ਕੁੱਖਾਂ’ ਕੱਢਕੇ ਆਏ ਹੁੰਦੇ ਤਾਂ ਵੀ ਕਹਿਣਾ “ਰੋਟੀ ਤਾਂ ਬ੍ਹੋਘ ਸਿਆਂ ਖਾ ਕੇ ਆਏ ਹਾਂ । ਮੁੰਡਿਆਂ ਨੂੰ ਆਖ ਦੋ ਕੁੱਕੜ ਬਣਾ ਲੈਣ । ਚੱਲ ਤੇਰਾ ਮਾਣ ਰਹਿ ਜੂ । ਐਂ ਨਾ ਆਖੀਂ, ਬਈ ਮੇਰੇ ਘਰੋਂ ਕੁਸ਼ ਖਾਧਾ ਪੀਤਾ ਨੀਂ ।
ਇੱਕ ਵਾਰੀ ਆਪਣੇ ਕੁਲਵਿੰਦਰ ਖ੍ਹੈਰੇ ਵਰਗੇ ਨੂੰ ਫੜ ਕੇ ਲਿਆਏ । ਉਸ ‘ਤੇ ਕਿਸੇ ਨੇ ਡਾਇਰੀ (ਪੁਲਸ ਵਾਲਿਆਂ ਨੂੰ ਸੂਹ ਦੇਣੀ) ਦਿੱਤੀ ਸੀ, ਬਈ ਉਹ ਦਾਰੂ ਕੱਢਦਾ ਐ । ਚੇਤ ਵਿਸਾਖ ਦਾ ਮਹੀਨਾ ਸੀ । ਸਾਡੀਆਂ ਟਾਹਲੀਆਂ ਹੇਠ ਆ ਬੈਠੇ । ਚਾਹ ਪਾਣੀ ਪੀਣ ਪਿੱਛੋਂ ਠਾਣੇਦਾਰ ਉਸਨੂੰ ਕਹਿੰਦਾ “ਹਾਂ ਬਈ ਦੱਸ ‘ਫੇ ਜ੍ਹਿੜੇ ਤੂੰ ਦਾਰੂ ਦੇ ਘੜੇ ਪਾਏ ਐ, ਉਹ ਕਿੱਥੇ ਐ ? ਜੇ ਤਾਂ ਸਿੱਧੀ ਤਰਾਂ ਦੱਸ ਦਏਂਗਾ ਤੇਰਾ ਛੇਤੀ ਖ੍ਹੈੜਾ ਛੁੱਟ ਜੂ । ਨਹੀਂ ‘ਫੇ ਤੈਨੂੰ ਪਤਾ ਈ ਐ । ਸਾਡੇ ਮ੍ਹੂਹਰੇ ਤਾਂ ਯਮਰਾਜ਼ ਵੀ ਕੱਥਕ ਕਰਨ ਲੱਗ ਜਾਂਦਾ ਐ ।”




















