Showing posts with label ਸ਼ਮਸ਼ੇਰ ਮੋਹੀ. Show all posts
Showing posts with label ਸ਼ਮਸ਼ੇਰ ਮੋਹੀ. Show all posts

ਦਾਦਰ ਪੰਡੋਰਵੀ ਦੇ ਨਵੇਂ ਗ਼ਜ਼ਲ-ਸੰਗ੍ਰਹਿ ‘ਆਲ੍ਹਣਿਆਂ ਦੀ ਚਿੰਤਾ’ ਦੀ ਗ਼ਜ਼ਲਕਾਰੀ……… ਰੀਵਿਊ / ਸ਼ਮਸ਼ੇਰ ਮੋਹੀ (ਡਾ.)



ਪੰਜਾਬੀ ਵਿਚ ਗ਼ਜ਼ਲ ਬੜੀ ਲੋਕਪ੍ਰਿਯ ਵਿਧਾ ਹੈ।ਪੰਜਾਬੀ ਪਾਠਕਾਂ ਵਲੋਂ ਇਸ ਨੂੰ ਬੜੀ ਭਰਵੀਂ ਪ੍ਰਵਾਨਗੀ ਮਿਲ ਰਹੀ ਹੈ। ਇਸ ਪ੍ਰਵਾਨਗੀ ਦੇ ਲਲਚਾਏ ਬਹੁਤ ਸਾਰੇ ਅਜਿਹੇ ਸ਼ਾਇਰ ਵੀ ਇਸ ਵਿਧਾ ’ਤੇ ਹੱਥ ਅਜ਼ਮਾਈ ਕਰ ਰਹੇ ਹਨ, ਜਿਹਨਾਂ ਨੂੰ ਗ਼ਜ਼ਲ ਦੇ ਬਨਿਆਦੀ ਢਾਂਚੇ ਬਾਰੇ ਮੁਢਲਾ ਗਿਆਨ ਵ ਨਹੀਂ। ਅਜਿਹਾ ਕਰਕੇ ਜਿੱਥੇ ਉਹ ਸਾਹਿਤਕ ਪ੍ਰਦੂਸ਼ਣ ਫੈਲਾ ਰਹੇ ਹਨ, ਉੱਥੇ ਗ਼ਜ਼ਲ ਵਿਧਾ ਨੂੰ ਵੀ ਕਿੰਤੂ-ਪ੍ਰੰਤੂ ਦਾ ਕੇਂਦਰ ਬਣਾ ਧਰਦੇ ਹਨ।ਪਰ ਗ਼ਜ਼ਲਗੋਆਂ ਦੀ ਭੀੜ ’ਚੋਂ ਕੁਝ ਨਾਂ ਅਜਿਹੇ ਵੀ ਹਨ ਜੋ ਬੜੀ ਸ਼ਿੱਦਤ ਨਾਲ਼ ਇਸ ਵਿਧਾ ਨੂੰ ਸਮਝਦੇ- ਸਿਰਜਦੇ ਹਨ। ਅਜਿਹੇ ਨਾਵਾਂ ਵਿਚੋਂ  ਇਕ ਨਾਂ ਹੈ ਦਾਦਰ ਪੰਡੋਰਵੀ, ਜਿਸਨੇ ਆਪਣੇ ਦੂਜੇ ਗ਼ਜ਼ਲ-ਸੰਗ੍ਰਹਿ ‘ਆਲ੍ਹਣਿਆਂ ਦੀ ਚਿੰਤਾ’ ਨਾਲ਼ ਆਪਣੀ ਪੁਖ਼ਤਾ ਕਾਵਿ ਸੋਝੀ ਦੀ ਬੜੀ ਖ਼ੂਬਸੂਰਤ ਪੇਸ਼ਕਾਰੀ ਕੀਤੀ ਹੈ।


ਇਕ ਨਦੀ ਨੂੰ.......... ਗ਼ਜ਼ਲ / ਸ਼ਮਸ਼ੇਰ ਮੋਹੀ


ਇਕ ਨਦੀ ਨੂੰ ਪਹਾੜਾਂ ਦੀ ਢਲਵਾਨ ਤੋਂ
ਕੋਲ਼ ਸਾਗਰ ਦੇ ਪਹਿਲਾਂ ਬੁਲਾਇਆ ਗਿਆ
ਫੇਰ ਉਸਦੀ ਰਵਾਨੀ 'ਤੇ ਕਰ ਤਬਸਰੇ
ਹੁਕਮ ਪਰਤਣ ਦਾ ਪੜ੍ਹ ਕੇ ਸੁਣਾਇਆ ਗਿਆ

ਕੀ ਪਤਾ ਕਿਉਂ ਸੀ ਉਸਦਾ ਸ਼ੁਦਾ ਹੋ ਗਿਆ
ਉਹ ਜੋ ਸੁਪਨੇ ਜਿਹਾ ਸੀ ਜੁਦਾ ਹੋ ਗਿਆ
ਨਾਮ ਦਿਲ 'ਤੇ ਇਵੇਂ ਉਹਦਾ ਲਿਖਿਆ ਪਿਐ
ਜੀਕੂੰ ਪੱਥਰ 'ਤੇ ਹੋਵੇ ਲਿਖਾਇਆ ਗਿਆ

ਰਾਜ਼ ਖ਼ੁਦ ਤੋਂ ਵੀ ਅਪਣੇ ਛੁਪਾਉਂਦਾ ਰਿਹਾ
ਰੋਜ਼ ਚਿਹਰੇ 'ਤੇ ਚਿਹਰਾ ਲਗਾਉਂਦਾ ਰਿਹਾ
ਜੋ ਨਾ ਬਦਲੇ ਹਵਾਵਾਂ ਦਾ ਰੁਖ਼ ਵੇਖਕੇ
ਮੈਥੋਂ ਆਪਾ ਨਾ ਐਸਾ ਬਣਾਇਆ ਗਿਆ

ਕਿਉਂ ਮੈਂ ਪੰਛੀ ਦੇ ਨਾਂ ਸੀ ਉਡਾਰੀ ਲਿਖੀ
ਉਹਨਾਂ ਇਸਦੀ ਸਜ਼ਾ ਮੈਨੂੰ ਭਾਰੀ ਲਿਖੀ
ਭਾਵੇਂ ਚੁਪ ਹੋ ਗਿਆ ਮੈਂ ਘੜੀ ਦੀ ਘੜੀ
ਪਰ ਨਾ ਸੋਚਾਂ ਨੂੰ ਬੰਜਰ ਬਣਾਇਆ ਗਿਆ

ਸੁੱਤਿਆਂ ਨੂੰ ਜਗਾਉਂਦੇ ਮੇਰੇ ਗੀਤ ਨੇ
ਮੇਰੇ ਬੋਲਾਂ ਤੋਂ ਤਾਂ ਹੀ ਉਹ ਭੈਭੀਤ ਨੇ
ਮੈਂ ਨਾ ਭੇਜਾਂ ਹਵਾ ਹੱਥ ਸੁਨੇਹੇ ਕਿਤੇ
ਮੇਰੇ ਬੋਲਾਂ 'ਤੇ ਪਹਿਰਾ ਲਗਾਇਆ ਗਿਆ

ਸੁਲਗਣ........ ਗ਼ਜ਼ਲ / ਸਮਸ਼ੇਰ ਮੋਹੀ

ਤੇਰਿਆਂ ਕਦਮਾਂ 'ਚ ਨੇ ਜੇ ਸੁਲਗਦੇ ਥਲ ਬੇਹਿਸਾਬ
ਮੇਰੀਆਂ ਪਲਕਾਂ 'ਚ ਛਲਕਣ ਨਾ ਕਿਵੇਂ ਰਾਵੀ, ਚਨਾਬ

ਉਮਰ ਦੇ ਸਭ ਪੰਨਿਆਂ 'ਤੇ ਹਿਜਰ ਹੀ ਜੇ ਦਰਜ ਹੈ
ਮਾਇਨੇ ਕੀ ਵਸਲ ਦੇ ਦੱਸੇਗੀ ਫਿਰ ਕੋਈ ਕਿਤਾਬ

ਕੰਡਿਆਂ 'ਤੇ ਤੁਰਦਿਆਂ ਹੀ ਹੈ ਗ਼ੁਜ਼ਾਰੀ ਉਮਰ ਮੈਂ
ਕੀ ਪਤਾ ਕਿਸ ਨੂੰ ਤੁਸੀਂ ਹੋ ਆਖਦੇ ਸੂਹਾ ਗੁਲਾਬ

ਆਪਣੇ ਆਪੇ ਨੂੰ ਮਿਲਿਆਂ ਯੁੱਗ ਹੈ ਇਕ ਬੀਤਿਆ
ਓਸਦੇ ਪਲ ਪਲ ਦਾ ਹੀ ਰਖਦਾ ਰਿਹਾ ਮੈਂ ਤਾਂ ਹਿਸਾਬ

ਇਸ ਤਰ੍ਹਾਂ ਦੀ ਨੀਂਦ ਦੇ ਮੇਰੇ ਲਈ ਲਈ ਕੀ ਅਰਥ ਨੇ
ਜਿਸ 'ਚ ਉਸਦੀ ਮਹਿਕ ਰੰਗੇ ਹੋਣ ਨਾ ਅਣਗਿਣਤ ਖ਼ਾਬ

ਦੂਰ ਏਥੋਂ ਬਰਸਦੇ ਬੱਦਲ ਨੂੰ ਏਨਾ ਤਾਂ ਕਹੀਂ
ਯਾਦ ਕਰਦਾ ਹੈ ਬੜਾ ਤੈਨੂੰ ਕਿਤੇ ਸੁਕਦਾ ਤਲਾਬ

ਇਕ ਖ਼ੁਂਦਾਰ ਕਵੀ ਦੀ ਅਲਵਿਦਾ………… ਸ਼ਰਧਾਂਜਲੀ / ਡਾ. ਸ਼ਮਸ਼ੇਰ ਮੋਹੀ

1935 ’ਚ ਜਨਮੇ ਡਾ. ਜਗਤਾਰ ਦੇ ਸਾਹਿਤਕ ਸਫ਼ਰ ਦਾ ਆਗ਼ਾਜ਼ ਰੁੱਤਾਂ ਰਾਂਗਲੀਆਂ (1957) ਕਾਵਿ-ਸੰਗ੍ਰਹਿ ਨਾਲ਼ ਹੁੰਦਾ ਹੈ।ਫਿਰ ਉਸ ਤੋਂ ਬਾਅਦ ਤਲਖ਼ੀਆ ਰੰਗੀਨੀਆਂ (1960), ਅਧੂਰਾ ਆਦਮੀ (1967), ਲਹੂ ਦੇ ਨਕਸ਼ (1973), ਛਾਂਗਿਆ ਰੁੱਖ (1976), ਸ਼ੀਸ਼ੇ ਦਾ ਜੰਗਲ (1980), ਜਜ਼ੀਰਿਆਂ ਵਿਚ ਘਿਰਿਆ ਸਮੁੰਦਰ (1985), ਚਨੁਕਰੀ ਸ਼ਾਮ (1990), ਜੁਗਨੂੰ ਦੀਵਾ ਤੇ ਦਰਿਆ (1992), ਅੱਖਾਂ ਵਾਲ਼ੀਆਂ ਪੈੜਾਂ (1999), ਪ੍ਰਵੇਸ਼ ਦੁਆਰ (2003) ਅਤੇ ਮੋਮ ਦੇ ਲੋਕ (2006) ਰਾਹੀਂ ਨਿਰੰਤਰ ਕਾਵਿ-ਸਿਰਜਣਾ ਜਾਰੀ ਰੱਖ ਕੇ ਪੰਜਾਬੀ ਕਾਵਿ-ਖੇਤਰ ਵਿਚ ਨਿੱਗਰ ਪੈੜਾਂ ਪਾਈਆਂ।
ਜਗਤਾਰ ਦੀ ਕਵਿਤਾ ਦੀ ਸ਼ਕਤੀ ਦਾ ਅੰਦਾਜ਼ਾ ਇਸ ਤੱਥ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਪਿਛਲੇ ਪੰਜ-ਛੇ ਦਹਾਕਿਆਂ ਵਿਚ ਪੰਜਾਬੀ ਕਾਵਿ ਨੂੰ ਜਿਨ੍ਹਾਂ- ਜਿਨ੍ਹਾਂ ਕਾਵਿ-ਧਾਰਾਵਾਂ ਜਾਂ ਲਹਿਰਾਂ ਨਾਲ਼ ਜੋੜਿਆ ਜਾਂਦਾ ਹੈ, ਉਹਨਾਂ ਸਭ ਨਾਲ਼ ਜਗਤਾਰ ਦਾ ਨਾਂ ਜੁੜਦਾ ਹੀ ਨਹੀਂ, ਸਗੋਂ ਜਗਤਾਰ ਇਕ ਅਜਿਹਾ ਵਾਹਿਦ ਸ਼ਾਇਰ ਹੈ ਜਿਸ ਦੇ ਨਾਂ ਤੋਂ ਬਿਨਾਂ ਉਹਨਾਂ ਦਾ ਜ਼ਿਕਰ ਅਧੂਰਾ ਹੈ।
ਭਾਵੇਂ ਡਾ. ਜਗਤਾਰ ਨਜ਼ਮ ਅਤੇ ਗ਼ਜ਼ਲ ਦੋਵੇਂ ਕਾਵਿ-ਰੂਪਾਂ ਵਿਚ ਬਰਾਬਰ ਦਿਲਚਸਪੀ ਨਾਲ ਸਿਰਜਣਾ ਕਰਦੇ ਸਨ, ਪਰ ਪੰਜਾਬੀ ਗ਼ਜ਼ਲ ਨੂੰ ਡਾ. ਜਗਤਾਰ ਦੀ ਬਹੁਮੁਲੀ ਦੇਣ ਹੈ।ਪੰਜਾਬੀ ਤੋਂ ਪਹਿਲਾਂ ਉਰਦੂ ਅਤੇ ਫ਼ਾਰਸੀ ਵਿਚ ਗ਼ਜ਼ਲ ਆਪਣੀ ਹੋਂਦ ਦਾ ਭਰਵਾਂ ਸਬੂਤ ਪੇਸ਼ ਕਰ ਚੁੱਕੀ ਸੀ। ਜਗਤਾਰ ਨੇ ਉਹਨਾਂ ਭਾਸ਼ਾਵਾਂ ਦੇ ਗਿਆਤਾ ਹੋਣ ਕਾਰਨ ਉਹਨਾਂ ਭਾਸ਼ਾਵਾਂ ਦੀ ਗ਼ਜ਼ਲ ਦਾ ਗਹਿਰਾ ਅਧਿਐਨ ਕਰਨ ਪਿੱਛੋਂ ਪੰਜਾਬੀ ਵਿਚ ਅਜਿਹੀ ਗ਼ਜ਼ਲ ਸਿਰਜਣਾ ਕੀਤੀ ਜਿਸ ਦਾ ਮਿਆਰ ਕਿਸੇ ਤਰ੍ਹਾਂ ਵੀ ਉਰਦੂ-ਫ਼ਾਰਸੀ ਤੋਂ ਘੱਟ ਨਹੀਂ।
ਜਗਤਾਰ ਦਾ ਜੀਵਨ ਸੰਘਰਸ਼ ਭਰਿਆ ਰਿਹਾ ਹੈ।ਉਹਦੇ ਆਪਣੇ ਕਹਿਣ ਮੁਤਾਬਿਕ ੳਹਨੇ ਆਪਣੀ ਜ਼ਿੰਦਗੀ ਦੇ ਹਰ ਮੋੜ ’ਤੇ ਹਾਦਸੇ ਦੇਖੇ।ਉਹ ਤਾਂ ਏਥੋਂ ਤੱਕ ਕਹਿੰਦੇ ਹਨ ਕਿ ਹਾਦਸੇ ਮੇਰੇ ਜਨਮ ਤੋਂ ਵੀ ਪਹਿਲਾਂ ਸ਼ੁਰੂ ਹੋ ਚੁੱਕੇ ਸਨ। ਪਰ ਜਗਤਾਰ ਇਕ ਅਜਿਹੇ ਬੁਲੰਦ-ਖ਼ਿਆਲ ਸ਼ਖ਼ਸ ਸਨ ਜਿਹਨਾਂ ਨੇ ਹਾਦਸਿਆਂ ਅੱਗੇ ਆਤਮ ਸਮਰਪਣ ਨਹੀਂ ਕੀਤਾ, ਸਗੋਂ ਅਪਣੇ ਦਰਦ ਨੂੰ ਲੋਕ-ਦਰਦ ਨਾਲ਼ ਜੋੜ ਕੇ ਹਰ ਹਾਲ ਵਿਚ ਹਾਲਾਤ ਨਾਲ਼ ਲੜਨ ਦੀ ਜ਼ੁੱਰਤ ਦਿਖਾਈ।ਇਹੀ ਪੈਂਤੜਾ ਉਹਨਾਂ ਦੇ ਕਾਵਿ ਦੀ ਸ਼ਕਤੀ ਬਣ ਕੇ ਸਾਹਮਣੇ ਆਇਆ। ਕੁਝ ਉਦਾਹਰਨਾਂ ਦੇਖੀਆਂ ਜਾ ਸਕਦੀਆਂ ਹਨ-
ਹਰ ਮੋੜ ਤੇ ਸਲੀਬਾਂ, ਹਰ ਪੈਰ ਤੇ ਹਨੇਰਾ
ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ

ਪੱਥਰ ਤੇ ਨਕਸ਼ ਹਾਂ, ਮੈ ਮਿੱਟੀ ਤੇ ਤਾਂ ਨਹੀਂ ਹਾਂ
ਜਿੰਨਾ ਕਿਸੇ ਮਿਟਾਇਆ ਹੁੰਦਾ ਗਿਆ ਡੂੰਘੇਰਾ

ਕਿੰਨੀ ਕੁ ਦੇਰ ਆਖ਼ਰ ਧਰਤੀ ਹਨੇਰ ਜਰਦੀ
ਕਿੰਨੀ ਕੁ ਦੇਰ ਰਹਿੰਦਾ ਖ਼ਾਮੋਸ਼ ਖ਼ੂਨ ਮੇਰਾ
ਡਾ. ਜਗਤਾਰ ਨੇ ਕਾਵਿ-ਸਿਰਜਣਾ ਤੋਂ ਇਲਾਵਾ ਸੰਪਾਦਨਾ, ਸਮੀਖਿਆ, ਅਨੁਵਾਦ ਅਤੇ ਕੋਸ਼ਕਾਰੀ ਦੇ ਖੇਤਰ ਵਿਚ ਵੀ ਮਹੱਤਵਪੂਰਨ ਕੰਮ ਕੀਤਾ ਹੈ।
ਡਾ. ਜਗਤਾਰ ਦੀ ਸ਼ਖ਼ਸੀਅਤ ਬੜੀ ਵਚਿੱਤਰ ਸੀ । ਮੇਰੇ ਵਰਗੇ ਅਨੇਕਾਂ ਲੋਕ ਉਹਨਾਂ ਨੂੰ ਰੁੱਖਾ ਤੇ ਮੂੰਹ-ਫੱਟ ਸਮਝ ਕੇ ਉਹਨਾਂ ਤੋਂ ਭੈਅ ਖਾਂਦੇ ਸਨ।ਅਸਲ ਵਿਚ ਉਹ ਅਪਣੇ ਇਕ ਸ਼ਿਅਰ ਵਿਚ ਕੀਤੇ ਖ਼ੁਲਾਸੇ ਮੁਤਾਬਿਕ ਬਾਹਰੋ ਭਾਵੇਂ ਨਾਰੀਅਲ ਵਰਗੇ ਸਖ਼ਤ ਦਿਸਦੇ ਸਨ, ਪਰ ਅੰਦਰੋਂ ਗਰੀ ਵਰਗੇ ਨਰਮ ਸਨ। ਉਹ ਬੜੀ ਬੇਬਾਕ ਸ਼ਖ਼ਸੀਅਤ ਦੇ ਮਾਲਕ ਸਨ।ਆਪਣੀ ਕੌੜੀ ਪਰ ਸੱਚੀ ਗੱਲ ਕਹਿਣ ਤੋਂ ਉਹ ਜ਼ਰਾ ਵੀ ਨਹੀਂ ਘਬਰਾਉਂਦੇ ਸਨ।ਡਰਦੇ ਤਾਂ ਉਹ ਮੌਤ ਤੋਂ ਵੀ ਨਹੀਂ ਸਨ।ਕੁਝ ਸਮਾ ਪਹਿਲਾ ਮੈਂ ਉਹਨਾਂ ਨਾਲ਼ ਉਹਨਾਂ ਦੀ ਗ਼ਜ਼ਲ ਅਤੇ ਗ਼ਜ਼ਲ ਰੂਪਾਕਾਰ ਬਾਰੇ ਇਕ ਮੁਲਾਕਾਤ ਦੇ ਸਿਲਸਿਲੇ ਵਿਚ ਉਹਨਾਂ ਨੂੰ ਮਿਲਿਆ ਤਾਂ ਮੈਨੂੰ ਅੁਹ ਆਪਣੀ ਪਛਾਣ ਤੋਂ ਉਲਟ ਕੁਝ ਥੱਕੇ-ਹਾਰੇ ਜਿਹੇ ਲੱਗੇ। ਮੈਂ ਕਿਹਾ, ਡਾ. ਸਾਹਿਬ ਤੁਹਾਡੀ ਸ਼ਾਇਰੀ ਤਾਂ ਡਿੱਗਿਆਂ ਨੂੰ ਵੀ ਉਠਾਉਣ ਵਾਲ਼ੀ ਹੈ, ਤੁਸੀਂ ਏਨੇ ਮਾਯੂਸ ਕਿਉਂ ਹੋਏ ਬੈਠੇ ਹੋ, ਤਾਂ ਝੱਟ ਆਪਣੇ ਅਸਲੀ ਅੰਦਾਜ਼ ਵਿਚ ਆ ਕੇ ਬੋਲੇ, ਨਹੀਂ ਮੈਂ ਮੌ ਤੋਂ ਨਹੀਂ ਡਰਦਾ, ਭਾਵੇਂ ਹੁਣੇ ਆ ਜਾਏ। ਮੈਂ ਕਿਹੜਾ ਕਹਿਣੈ ਕਿ ਥੋੜ੍ਹੀ ਦੇਰ ਰੁਕ ਜਾ, ਮੈਂ ਪੱਗ ਬੰਨ ਲਵਾਂ, ਮੈਂ ਕਹਿਣੈ ਚੱਲ! ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਦਾ ਹੋਇਆ ਉਹਨਾਂ ਦੇ ਇਕ ਸ਼ਿਅਰ ਨਾਲ਼ ਆਪਣੀ ਗੱਲ ਖ਼ਤਮ ਕਰਦਾ ਹਾਂ-
ਪਰ ਜੇ ਭਿੱਜੇ ਹੋਣ ਮੁਸ਼ਕਿਲ ੳਂਡਣਾ
ਹੈ ਵਿਦਾ ਦਾ ਵਕਤ ਅੱਖਾਂ ਨਾ ਭਰੋ

ਦੀਪ ਜਗਾਉਂਦਾ ਫਿਰਦਾ ਹਾਂ.......... ਗਜਲ / ਸ਼ਮਸ਼ੇਰ ਮੋਹੀ

ਅਪਣੀ ਰੂਹ ਨੂੰ ਚਾੜ੍ਹ ਕੇ ਸੂਲ਼ੀ ਖੇਲ੍ਹ ਦਿਖਾਉਂਦਾ ਫਿਰਦਾ ਹਾਂ
ਮੈਂ ਅੰਨ੍ਹਿਆਂ ਦੇ ਸ਼ਹਿਰ ’ਚ ਐਵੇਂ ਦੀਪ ਜਗਾਉਂਦਾ ਫਿਰਦਾ ਹਾਂ

ਮਕਤਲ ਵਰਗੇ ਸ਼ਹਿਰ ਤੇਰੇ ਵਿਚ ਜਦ ਵੀ ਆਉਣਾ ਪੈਂਦਾ ਹੈ
ਅੱਖਾਂ ਵਿਚਲੇ ਅਪਣੇ ਉਜਲੇ ਖ਼ਾਬ ਲੁਕਾਉਂਦਾ ਫਿਰਦਾ ਹਾਂ

ਦਿਲ ਕਹਿੰਦਾ ਹੈ ਤੋੜ ਕੇ ਪਿੰਜਰਾ ਚੱਲ ਕਿਧਰੇ ਹੁਣ ਉਡ ਚਲੀਏ

ਖ਼ਬਰੇ ਕਿਉਂ ਮੈਂ ਇਸ ਦਿਲ ਦੀ ਆਵਾਜ਼ ਦਬਾਉਂਦਾ ਫਿਰਦਾ ਹਾਂ

ਉਸ ਦੇ ਦਿਲ ਦੇ ਹਰਫ਼ਾਂ ਤੋਂ ਮੈਂ ਅਕਸਰ ਸੂਹੀ ਲੋਅ ਲੈ ਕੇ
ਅਪਣੇ ਮਨ ਦਾ ਹਰ ਨ੍ਹੇਰਾ ਕੋਨਾ ਰੁਸ਼ਨਾਉਂਦਾ ਫਿਰਦਾ ਹਾਂ

ਮੇਰੇ ਮਨ ਦਾ ਬੋਝ ਕਿਤੇ ਨਾ ਉਸ ਨੂੰ ਢੋਣਾ ਪੈ ਜਾਵੇ
ਏਸੇ ਖ਼ਾਤਰ ਹੋਠਾਂ ’ਤੇ ਮੁਸਕਾਨ ਸਜਾਉਂਦਾ ਫਿਰਦਾ ਹਾਂ

ਇਸ ਤੋਂ ਵੱਧ ਕੇ ਅਪਣੀ ਹੋਰ ਸ਼ਨਾਖ਼ਤ ਹੁਣ ਮੈਂ ਕੀ ਦੱਸਾਂ
ਸ਼ੀਸ਼ਾ ਹਾਂ ਹਰ ਪੱਥਰ ਤੋਂ ਪਹਿਚਾਣ ਛੁਪਾਉਂਦਾ ਫਿਰਦਾ ਹਾਂ

ਪਰਵਾਜ਼ ਦਾ ਵੀ ਹੈ ਖਿ਼ਆਲ...ਗ਼ਜ਼ਲ / ਡਾ. ਸ਼ਮਸ਼ੇਰ ਮੋਹੀ


ਹੁਣ ਨਹੀਂ ਆਉਂਦਾ ਜਿਨ੍ਹਾਂ ਨੂੰ ਭੁੱਲ ਕੇ ਸਾਡਾ ਖਿ਼ਆਲ
ਯਾਦ ਆਉਂਦੇ ਹੋਰ ਵੀ ਉਹ ਹਰ ਬਦਲਦੀ ਰੁੱਤ ਨਾਲ਼

ਕਿਸ ਤਰ੍ਹਾਂ ਮੈਂ ਪੇਟ ਖ਼ਾਤਰ ਖੰਭ ਗਹਿਣੇ ਧਰ ਦਿਆਂ
ਸਿਰਫ਼ ਚੋਗੇ ਦਾ ਨਹੀਂ ਪਰਵਾਜ਼ ਦਾ ਵੀ ਹੈ ਸਵਾਲ

ਤੇਰਿਆਂ ਜ਼ੁਲਮਾਂ ਦੀ ਸ਼ਾਇਦ ਅੱਗ ਹੀ ਕੁਝ ਤੇਜ਼ ਹੈ
ਖੂਨ ਮੇਰੇ ਦਾ ਨਾ ਤਾਂ ਹੀ ਹੋ ਰਿਹਾ ਮੱਠਾ ਉਬਾਲ