ਸਰਬੱਤ ਦੇ ਭਲੇ ਲਈ ਸਰਬੱਤ ਵੱਲੋਂ ਖ਼ੂਨ ਦਾਨ……… ਮਿੰਟੂ ਬਰਾੜ

ਐਡੀਲੇਡ : ਬੀਤੇ ਦਿਨੀਂ ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿਖੇ ਖ਼ੂਨ ਦਾਨ ਕੈਂਪ ਲਗਾਇਆ ਗਿਆ ਜਿਹੜਾ ਕਿ ਆਸਟ੍ਰੇਲੀਆ ਭਰ ਵਿਚ ਇੱਕੋ ਦਿਨ ਸਰਬੱਤ ਦੇ ਭਲੇ ਅਤੇ ਸਿੱਖ ਸ਼ਹੀਦਾਂ ਦੀ ਯਾਦ ‘ਚ ਲਗਾਏ ਗਏ ਕੈਂਪਾਂ ਦਾ ਇੱਕ ਹਿੱਸਾ ਸੀ।ਸੰਯੋਗਵਸ ਕੈਂਪ ਦੇ ਦੂਜੇ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਅਵਤਾਰ ਦਿਹਾੜਾ ਸੀ। ਇਸ ਚੰਗੇ ਮੌਕੇ ਤੇ ਸੰਗਤਾਂ ਖ਼ੂਨਦਾਨ ਕਰਨ ‘ਚ ਬੜੀਆਂ ਉਤਸ਼ਾਹਿਤ ਦਿਖਾਈ ਦਿੱਤੀਆਂ। ਕੈਂਪ ਦੀ ਸ਼ੁਰੂਆਤ ਗਿਆਨੀ ਬਲਜੀਤ ਸਿੰਘ ਹੋਰਾਂ ਵੱਲੋਂ ਕੀਤੀ ਸਰਬੱਤ ਦੇ ਭਲੇ ਲਈ ਅਰਦਾਸ ਨਾਲ ਹੋਈ। ਇਸ ਕੈਂਪ ਦੀ ਖ਼ਾਸ ਗਲ ਇਹ ਰਹੀ ਕਿ ਵਿਦੇਸ਼ ਦੇ ਰੁਝੇਵਿਆਂ ਭਰੇ ਜੀਵਨ ਚੋਂ ਵਕਤ ਕੱਢ ਕੇ ਆਸ ਤੋਂ ਵੱਧ ਲੋਕਾਂ ਨੇ ਖ਼ੂਨ ਦਾਨ ਕਰ ਕੇ ਜਿੱਥੇ ਮਾਨਵਤਾ ਪ੍ਰਤੀ ਆਪਣੀ ਜ਼ੁੰਮੇਵਾਰੀ ਦਿਖਾਈ ਉੱਥੇ ਸਿੱਖ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤਿਆਂ।ਸਿੱਖ ਕੌਮ ਦਾ ਸਰਬੱਤ ਦੇ ਭਲੇ ਬਾਰੇ ਸੋਚਣ ਦਾ ਸੁਨੇਹਾ ਦੂਜੇ ਭਾਈਚਾਰਿਆਂ ਵਿਚ ਦੇਣ ਦੀ ਵੀ ਕੋਸ਼ਿਸ਼ ਕੀਤੀ। ਜਿਸ ਵਿਚ ਵੱਡੀ ਸਫਲਤਾ ਵੀ ਮਿਲੀ। 

ਇਸ ਮੌਕੇ ਤੇ ਰੈੱਡ ਕਰਾਸ ਦੇ ਮਾਹਿਰਾਂ ਨੇ ਗੱਲ ਕਰਦਿਆਂ ਦੱਸਿਆ ਕਿ ਆਂਕੜੇ ਦੱਸਦੇ ਹਨ ਕਿ ਜ਼ਿੰਦਗੀ ਦੌਰਾਨ ਹਰ ਤੀਜੇ ਬੰਦੇ ਨੂੰ ਖ਼ੂਨ ਦੀ ਲੋੜ ਪੈਂਦੀ ਹੈ ਤੇ ਹਰ ਤੀਹ ਮਗਰ ਇੱਕ ਬੰਦਾ ਖ਼ੂਨਦਾਨ ਕਰਦਾ ਹੈ। ਜਿਸ ਕਾਰਨ ਹਰ ਵਕਤ ਬਲੱਡ ਬੈਂਕਾਂ ਵਿਚ ਖ਼ੂਨ ਦੀ ਕਮੀ ਮਹਿਸੂਸ ਹੁੰਦੀ ਰਹਿੰਦੀ ਹੈ। ਸਿੱਖ ਭਾਈਚਾਰੇ ਵੱਲੋਂ ਪਾਏ ਜਾ ਰਹੇ ਇਸ ਯੋਗਦਾਨ ਤੇ ਉਨ੍ਹਾਂ ਤਸੱਲੀ ਦਰਸਾਈ ਤੇ ਧੰਨਵਾਦ ਵੀ ਕੀਤਾ।ਇਸ ਮੌਕੇ ਤੇ ਰੁਪਿੰਦਰ ਸਿੰਘ ਨੇ ਸਾਰੀ ਸਿੱਖ ਕੌਮ ਨੂੰ ਇੱਕ ਸੁਨੇਹਾ ਦਿੰਦੇ ਦੱਸਿਆ ਕਿ ਆਸਟ੍ਰੇਲੀਆ ਵਿਚ ਖ਼ੂਨਦਾਨ ਕਰਨ ਲਈ ਸਿੱਖ ਕੌਮ ਨੂੰ ਇੱਕ ਵੱਖਰਾ ਕੋਡ 8ਬੀ.ਐੱਸ.ਆਈ.ਕੇ. ਦਿੱਤਾ ਗਿਆ ਹੈ ਜਿਸ ਤਹਿਤ ਜਦੋਂ ਵੀ ਕੋਈ ਖ਼ੂਨਦਾਨ ਕਰਦਾ ਹੈ ਤਾਂ ਉਨ੍ਹਾਂ ਨੂੰ ਇਹ ਕੋਡ ਜ਼ਰੂਰ ਦੱਸਣਾ ਚਾਹੀਦਾ ਹੈ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਅਸੀਂ ਮਾਨਵਤਾ ਲਈ ਕਿੰਨੇ ਕੁ ਜਾਗਰੂਕ ਹੋਏ ਹਾਂ। ਇਥੇ ਇਹ ਜ਼ਿਕਰਯੋਗ ਹੈ ਕਿ ਰੈੱਡ ਕਰਾਸ ਵੱਲੋਂ ਇਸ ਕੈਂਪ ਲਈ ਸੌ ਯੂਨਿਟ ਬਲੱਡ ਲੈਣ ਦਾ ਟਾਰਗੈਟ ਸੀ ਤੇ ਜੋ ਸਾਡੇ ਨੌਜਵਾਨਾਂ ਨੇ ਬੜੀ ਆਸਾਨੀ ਨਾਲ ਪੂਰਾ ਕਰ ਦਿੱਤਾ। ਹਾਲੇ ਬਹੁਤ ਸਾਰੇ ਖ਼ੂਨਦਾਨੀ ਹੋਰ ਤਿਆਰ ਸਨ ਪਰ ਉਨ੍ਹਾਂ ਦੇ ਟੀਚੇ ਸੌ ਨਾਲੋਂ ਅੱਠ ਯੂਨਿਟ ਵੱਧ ਹੋ ਗਏ। ਇੱਕ ਹੋਰ ਵੀ ਬਹੁਤ ਖ਼ਾਸ ਗੱਲ ਜੋ ਦੇਖਣ ਨੂੰ ਮਿਲੀ ਉਹ ਬੀਬੀਆਂ ਵੱਲੋਂ ਖ਼ੂਨਦਾਨ ਕਰਨ ਚ ਜੋ ਉਤਸ਼ਾਹ ਦਿਖਾਇਆ ਉਹ ਕਬੀਲੇ ਤਾਰੀਫ਼ ਸੀ।

*****

No comments: