ਨਵੇਂ ਸਾਲ ਦੀ ਵਧਾਈ.......... ਗ਼ਜ਼ਲ / ਸ਼ਮਸ਼ੇਰ ਸਿੰਘ ਸੰਧੂ

ਲੈਣੀ ਖ਼ਬਰ ਹੈ ਬਣਦੀ ਫਿਰ ਦੋਸਤਾਂ ਦੇ ਹਾਲ ਦੀ
ਏਸੇ ਲਈ ਮੈਂ ਚਾਹਾਂ ਦੇਣੀ ਵਧਾਈ ਸਾਲ ਦੀ।

ਡੁੱਲੇ ਨਾ ਖ਼ੂਨ ਕਿਧਰੇ ਐਸਾ ਇਹ ਸਾਲ ਆਵੇ
ਰਲਕੇ ਨਸੀਬ ਹੋਵੇ ਹੋਲੀ ਸਦਾ ਗੁਲਾਲ ਦੀ।

ਤਾਜਰ ਜੋ ਮੌਤ ਦੇ ਨੇ ਵੇਚਣ ਬਰੂਦ ਨਿਸਦਿਨ
ਕਦਤਕ ਤੜ੍ਹੀ ਹੈ ਰਹਿਣੀ ਔਣੀ ਘੜੀ ਜ਼ਵਾਲਦੀ।

ਲੋਕਾਂ ਨੂੰ ਸਾਹ ਸੁਖਾਲਾ ਲੈਣਾ ਨਸੀਬ ਹੋਵੇ
ਅਪਣੀ ਕਮਾਕੇ ਖਾਵਣ ਰੋਟੀ ਸਭੋ ਹਲਾਲ ਦੀ।


ਉੱਡਣ ਜੇ ਰਲਕੇ ਪੰਛੀ ਸ਼ਕਤੀ ਲਗਾਕੇ ਸਾਰੇ
ਟੁੱਟੇਗੀ ਤੰਦ ਲਾਜ਼ਮ ਪਸਰੇ ਚੁਫੇਰੇ ਜਾਲ ਦੀ।

ਮਜ਼ਹਬ ਤੇ ਰੰਗ ਨਸਲਾਂ ਤਜੀਏ ਇਹ ਸਭ ਵਖੇਂਵੇਂ
ਬਚਨੀ ਤਦੇ ਲੁਕਾਈ ਆਉਣੀ ਘੜੀ ਕਮਾਲ ਦੀ।

****

No comments: