ਲੱਭ ਸੂਰਜਾਂ ਨੂੰ ਅਰਸ਼ 'ਚੋਂ......... ਗ਼ਜ਼ਲ / ਅਮਰਜੀਤ ਟਾਂਡਾ (ਡਾ.)

ਲੱਭ ਸੂਰਜਾਂ ਨੂੰ ਅਰਸ਼ 'ਚੋਂ ਘਰੀਂ ਵਿਛ ਗਈ ਹੈ ਗਹਿਰ
ਰਾਤ ਦਿਨ ਸੀ ਘੁੱਗ ਵਸਦਾ ਧੁਖ਼ ਪਿਆ ਮੇਰਾ ਸ਼ਹਿਰ

ਕਿੱਥੋਂ ਲਿਆਵਾਂ ਮੁੰਦਰਾਂ ਨਹੀਂ ਲੱਭਦਾ ਟਿੱਲਾ ਨਾ ਨਾਥ
ਸਨ ਰੁਮਕਦੀਆਂ ਹਵਾਵਾਂ ਜਿੱਥੇ ਤੌਖਲੇ ਓਥੇ ਹਰ ਪਹਿਰ

ਬਲਦੀਆਂ ਰੂਹਾਂ ਨੂੰ ਨਾ ਜਿੱਥੇ ਇਜ਼ਾਜਤ ਹੈ ਮਰਨ ਦੀ
ਕਿੰਜ਼ ਸੌਣਗੀਆਂ ਪੌਣਾਂ ਜਿੱਥੇ ਪਲ ਪਲ ਉੱਗਦਾ ਕਹਿਰ

ਜੋ ਵਗਦੇ ਸਨ ਕਿਸੇ ਰਾਗ ਵਿਚ ਸੋਚਦੇ ਨੇ ਰੁਕ ਰੁਕ
ਉਹਨਾਂ ਪਾਣੀਆਂ ਦੀ ਹਿੱਕ ਤੋਂ ਗੁੰਮ ਗਈ ਹੈ ਲਹਿਰ

ਪੁਲ ਅਜੇ ਵੀ ਉਹ ਕੰਬਦਾ ਜਿਥੇ ਮਾਰੇ ਗਏ ਮੇਰੇ ਯਾਰ
ਸੂਹਾ ਪਾਣੀ ਓਦਾ ਹੋ ਗਿਆ ਨੀਲੀ ਵਗਦੀ ਸੀ ਜੋ ਨਹਿਰ

ਰਹਿਣ ਦੇਵੋ ਮਹਿਕਾਂ ਮੇਰੇ ਗੀਤਾਂ ਤੇ ਨਜ਼ਮਾਂ ਵਿਚ
ਨਾ ਛੇੜੋ ਮੇਰੇ ਹਰਫ਼ ਜੜ੍ਹੇ ਵਿਚ ਸਤਰਾਂ ਲੈ ਬਹਿਰ

ਰੁੱਖ ਚੰਗੇ ਭਲੇ ਇਨਸਾਨ ਸਨ ਹੈਵਾਨ ਗਏ ਨੇ ਬਣ
ਘੋਲ ਦਿਤੀ ਪਤਾ ਨਹੀਂ ਕੀਹਨੇ ਵਗਦੇ ਝਨ੍ਹਾਂ 'ਚ ਜ਼ਹਿਰ

****

No comments: