ਡਾ. ਨੂਰ ਦਾ ਤੁਰ ਜਾਣਾ- ‘ਉਹ ਬਾਗਾਂ ‘ਚੋਂ ਲੰਘਦੀ ਹਵਾ ਸੰਗ ਮਹਿਕ ਵਾਂਗ ਤੁਰਿਆ’……… ਲੇਖ / ਜਤਿੰਦਰ ਔਲ਼ਖ


ਸਮੇਂ ਦੇ ਨਾਲ਼ ਤੁਰ ਪੈਣਾ ਕਿੰਨਾ ਅਸਾਨ ਹੈ ਤੇ ਪਰ ਸਮੇਂ ਨੂੰ ਮਿਲਨਸਾਰ ਮਿੱਤਰ ਵਾਂਗ ਮਿਲ ਲੈਣਾ ਤੇ ਗਲਵੱਕੜੀ ‘ਚ ਭਰ ਲੈਣਾ ਕਿਸੇ ਵਿਰਲੇ ਦੀ ਅਦਾ ਬਣਦਾ ਹੈ। ਪਰ ਉਹ ਅਜਿਹਾ ਸ਼ਖਸ਼ ਸੀ ਜੋ ਸਮੇਂ ਲਈ ਕਿਸੇ ਮੁਕੱਦਸ ਬੁਝਾਰਤ ਵਰਗਾ ਸੀ। ਉਹ ਪੋਹ ਦੀਆਂ ਕਕਰੀਲੀਆਂ ਰਾਤਾਂ ਨੂੰ ਧੂਣੀ ਬਾਲਦਾ ਤਾਂ ਸਮਾਂ ਉਸਦਾ ਨਿੱਘ ਮਾਣ ਲੈਂਦਾ। ਤਾਰਾਮੰਡਲਾਂ ਦੀਆਂ ਪਰਾਲੌਕਿਕ ਹਰਕਤਾਂ ਦੀ ਸਮਝ ਅਤੇ ਬ੍ਰਹਿਮੰਡੀ ਪਸਾਰਾਂ ਵਿਚ ਉਹ ਇਕ ਅਕੀਦੇ ਵਾਂਗ ਫੈਲਿਆ ਤੇ ਜੀਵਿਆ। ਉਸ ਲਈ ਆਖ਼ਰੀ ਛਿਣ ਵੀ ਸ਼ੁਰੂਆਤ ਸੀ। ਤੇ ਹਰ ਛਿਣ ਕਿਸੇ ਨਵੀਂ ਸ਼ੁਰੂਆਤ ਵਾਂਗ। ਸਮੇਂ ਕੋਲ਼ ਉਸ ਲਈ ਖਾਸ ਸਾਰਨੀ ਸੀ। ਪਰ ਉਹ ਕਦੀ ਇਸ ਸਾਰਨੀ ਦੇ ਅਧੀਨ ਨਾ ਰਿਹਾ। ਸਗੋਂ ਸਮਾਂ ਉਸ ਖ਼ਾਤਿਰ ਢਲ ਜਾਂਦਾ। ਉਸ ਨੇ ਅੰਮ੍ਰਿਤਸਰ ਆਉਣ ਲਈ ਟਿਕਟਾਂ ਤਾਂ ਸ਼ਤਾਬਦੀ ਐਕਸਪਰੈਸ ਦੀਆਂ ਬੁੱਕ ਕਰਵਾਈਆਂ ਹੁੰਦੀਆਂ ਪਰ ਪਤਾ ਲੱਗਦਾ ਕਿ ਉਹ ਨਿਊਯਾਰਕ ਜਾਣ ਵਾਲ਼ੇ ਹਵਾਈ ਜਹਾਜ ਵਿਚ ਬੈਠ ਗਏ ਹਨ। ਤਾਂ ਭਰੀ-ਪੀਤੀ ਸ਼ਤਾਬਦੀ ਖਾਲੀ-ਖਾਲੀ ਆਉਂਦੀ। ਪਰ ਉਹਦੀਆਂ ਹਰਕਤਾਂਕੌਣ ਜਾਣੇ/ ਜੋ ਹੋਵੇ ਨੂਰ.. ਬਸ ਨਿਰਾ ਨੂਰ…ਭਾਈ ਵੀਰ ਸਿੰਘ ਵੀ ਕਹਿ ਗਿਆ ਹੈ ‘ਨਿਰਾ ਨੂਰ ਤੁਸੀਂ ਹੱਥ ਨਾ ਆਏ ਸਾਡੀ ਕੰਬਦੀ ਰਹੀ ਕਲਾਈ’।

ਬੁੱਧਵਾਰ ਨੂੰ ਕਨੇਡਾ ਤੋਂ ਸੁਖਿੰਦਰ ਹੁਰਾਂ ਦੀ ਈਮੇਲ ਮਿਲ਼ੀ। ਜਿਸ ਵਿਚ ਉਹਨਾਂ ਆਪਣੇ ਵੱਡੇ ਭਰਾ ਡਾ. ਸੁਤਿੰਦਰ ਸਿੰਘ ਨੂਰ ਹੁਰਾਂ ਦੇ ਅਕਾਲ ਚਲਾਣੇ ਦੀ ਸੂਚਨਾ ਦਿੱਤੀ। ਇਸ ਤੋਂ ਪਹਿਲਾਂ ਵੀ ਕੁਝ ਲੇਖਕਾਂ ਦੇ ਮੈਸੇਜ਼ ਫੋਨ ‘ਤੇ ਆ ਚੁੱਕੇ ਸਨ।ਮੈਂ ਰੋਜ਼ ਦਿੱਲੀਉਂ ਕਿਸੇ ਨਾ ਕਿਸੇ ਤੋਂ ਫੋਨ ‘ਤੇ ਡਾ. ਨੂਰ ਦੀ ਸਿਹਤ ਬਾਰੇ ਪੁੱਛਦਾ ਰਹਿੰਦਾ। ਉਹ ਰਾਤ ਡਾ. ਨੂਰ ਦੇ ਤੁਰ ਜਾਣ ਵਾਲ਼ੀ ਰਾਤ ਸੀ, ਪੂਰੇ ਸੰਸਾਰ ‘ਚ ਵੱਸੇ ਪੰਜਾਬੀ ਸਾਹਿਤ ਪ੍ਰੇਮੀਆਂ ਨੂੰ ਹਿਲਾ ਕੇ ਰੱਖ ਦੇਣ ਵਾਲ਼ੀ ਡਾ. ਨੂਰ ਦੇ ਅਕਾਲ ਚਲਾਣੇ ਦੀ ਖ਼ਬਰ ਹਰ ਪਾਸੇ ਫੈਲ ਚੁੱਕੀ ਸੀ। ਡਾ. ਸੁਤਿੰਦਰ ਸਿੰਘ ਨੂਰ ਹੁਰੀਂ ਪਿਛਲੇ ਦਿਨੀਂ ਸਿਹਤ ਢਿੱਲੀ ਹੋਣ ਕਾਰਨ ਫਾਨੀ ਸੰਸਾਰ ਤੋਂ ਸਦਾ ਲਈ ਤੁਰ ਗਏ। ਲੰਮੀ ਸਾਹਿਤਕ ਘਾਲਣਾ, ਅਤੇ ਕਈ ਤਰ੍ਹਾਂ ਦੀਆਂ ਪ੍ਰਾਪਤੀਆਂ ਉਹਨਾਂ ਦੇ ਨਾਮ ਜੁੜੀਆਂ ਹੋਈਆਂ ਸਨ। ਭਾਰਤੀ ਸਾਹਿਤ ਅਕੈਡਮੀ ਦੇ ਉਹ ਮੌਜੂਦਾ ਸੀਨੀਅਰ ਮੀਤ ਪ੍ਰਧਾਨ ਸਨ। 
ਡਾ. ਨੂਰ ਦੀ ਸ਼ਖਸ਼ੀਅਤ ਬਾਰੇ ਮੈਂ ਆਪਣੀ ਇਕ ਨਜ਼ਮ ਦੀਆਂ ਕੁਝ ਸਤਰਾਂ ਦੇਣ ਦੀ ਖੁੱਲ ਲੈ ਰਿਹਾਂ :
ਜੇ ਉਹ ਵਗਦੇ ਪਾਣੀ ਜਿਹੇ ਨੇ
ਤਾਂ ਮੈਂ ਵੀ
ਨਦੀ 'ਚ ਪਿਆ ਪੱਥਰ ਨਹੀਂ
ਜੇ ਤੁਰਾਂਗਾ ਤਾਂ ਇਵੇਂ 
ਜਿਵੇਂ ਬਾਗ 'ਚੋਂ ਲੰਘਦੀ ਹਵਾ ਨਾਲ਼
ਮਹਿਕ ਹੋ ਤੁਰਦੀ ਹੈ
ਸ੍ਰੀ ਸੁਤਿੰਦਰ ਸਿੰਘ ਨੂਰ ਹੁਰਾਂ ਨੂੰ ਸਮੇਂ ਦੇ ਵਹਿੰਦੇ ਪਾਣੀਆਂ 'ਚ ਪੱਥਰ ਬਣਕੇ ਪਏ ਰਹਿਣ ਦੀ ਆਦਤ ਨਹੀ ਸੀ। ਉਹ ਬਾਗਾਂ 'ਚੋਂ ਲੰਘਦੀਆਂ ਸਮੇਂ ਦੀਆਂ ਹਵਾਵਾਂ ਸੰਗ ਮਹਿਕ ਬਣ ਰੁਖ਼ਸਤ ਹੁੰਦਾ ਸੀ। ਜਿਵੇਂ ਡਾ. ਨੂਰ ਸਮੇਂ ਨੂੰ ਤੁਰਨ ਦੀ ਜਾਚ ਦੱਸਣ ਆਇਆ ਹੋਵੇ। ਕੁਝ ਕੰਮ ਖਾਸ ਬੰਦਿਆਂ ਦੇ ਜਿੰਮੇ ਲੱਗੇ ਹੁੰਦੇ ਹਨ। ਅਣਥੱਕ ਘਾਲਣਾ ਅਤੇ ਉੱਚੇ ਅਹੁਦੇ 'ਤੇ ਬੈਠ ਕੇ ਵੀ ਖੁਦ ਨੂੰ ਧਰਤੀ 'ਤੇ ਖੜੇ ਮਹਿਸੂਸ ਕਰਨਾ ਇਹ ਸਾਰਿਆਂ ਦੀ ਫ਼ਿਤਰਤ ਦਾ ਹਿੱਸਾ ਨਹੀਂ ਹੁੰਦਾ। ਮੈਂ ਡਾ. ਨੂਰ ਨੂੰ ਕਦੀ ਵੀ ਥੱਕੇ ਹੋਏ ਜਾਂ ਕੰਮ ਤੋਂ ਅੱਕੇ ਹੋਏ ਨਹੀ ਦੇਖਿਆ। ਉਹ ਕੇਵਲ ਤੇ ਕੇਵਲ ਉਸਾਰੂ ਕੰਮਾਂ ਲਈ ਹੀ ਬਣਿਆ ਸੀ। ਤੇ ਉਸਾਰੂਪਨ ਜਿੰਨਾਂ ਦੀ ਖ਼ਸਲਤ ਹੋਵੇ ਉਹ ਢਾਹੁਣਾ ਨਹੀ ਜਾਣਦੇ। 
ਅੱਜ ਤੋਂ ਤਿੰਨ ਸਾਲ ਪਹਿਲਾਂ ਅੰਮ੍ਰਿਤਸਰ ਥੀਏਟਰ ਪਰਸਨਜ਼ ਦੁਆਰਾ ਕਰਵਾਏ ਇਕ ਸਮਾਗਮ  'ਤੇ ਉਹਨਾਂ ਸਿਹਤ ਢਿਲੀ ਹੋਣ ਜਾਣ ਦੀ ਗੱਲ ਕੀਤੀ ਸੀ। ਸਪਸ਼ਟ ਦਿਖਾਈ ਦੇ ਰਿਹਾ ਸੀ ਕਿ ਉਹਨਾਂ ਨੂੰ ਤੁਰਨ 'ਚ ਮੁਸ਼ਕਲ ਆ ਰਹੀ ਸੀ। 5 ਅਕਤੂਬਰ 1940 'ਚ  ਕੋਟਕਪੂਰੇ ਪੰਜਾਬੀ ਲੇਖਕ ਸ਼੍ਰੀ ਹਰੀ ਸਿੰਘ ਜਾਚਕ ਦੇ ਘਰ ਜਨਮੇ ਡਾ. ਨੂਰ  ਇਸ ਉਮਰ 'ਚ ਵੀ ਜੁਆਨਾਂ ਵਾਂਗ ਕੰਮ ਕਰਦੇ ਸਨ। ਉਹ ਲਗਾਤਾਰ ਸਫ਼ਰ ਵਿਚ ਰਹਿੰਦੇ ਹੋਏ ਦੁਨੀਆਂ ਭਰ ਦੇ ਸਾਹਿਤਕ ਸਮਾਗਮਾਂ 'ਚ ਸ਼ਿਰਕਤ ਕਰਦੇ।
ਜਿਸ ਦਿਨ ਉਹਨਾਂ ਨੂੰ ਸਿਹਤ ਵਿਗੜ ਜਾਣ ਕਾਰਨ ਹਸਪਤਾਲ ਭਰਤੀ ਕਰਵਾਉਣਾ ਪਿਆ ਉਸ ਦਿਨ ਉਹ ਦਿਨ ਭਰ ਦੇ ਲੰਮੇ ਸਫ਼ਰ ਤੋਂ ਬਾਅਦ ਦਿੱਲੀ ਆਏ ਸਨ। ਅਤੇ ਆਉਂਦਿਆਂ ਹੀ ਉਹਨਾਂ ਆਰਾਮ ਨਹੀ ਕੀਤਾ ਸਗੋਂ ਸਾਹਿਤ ਅਕੈਡਮੀ ਦੇ ਇਕ ਸਮਾਗਮ 'ਚ ਸ਼ਿਰਕਤ ਕਰਨ ਲਈ ਚਲੇ ਗਏ। ਜਿੱਥੇ ਪੋਲੈਂਡ ਦਾ ਇਕ ਮਸ਼ਹੂਰ ਕਵੀ ਆਇਆ ਹੋਇਆ ਸੀ ਜਿਸਦੀ ਕਿਤਾਬ ਰਿਲੀਜ਼ ਹੋਣੀ ਸੀ। ਸਮਾਗਮ 'ਚ  ਡਾ. ਨੂਰ ਨੇ ਅੰਗਰੇਜ਼ੀ ਵਿਚ ਭਾਸ਼ਣ ਦਿੱਤਾ। ਸਮਾਗਮ ਤੋਂ ਤੁਰਤ ਬਾਅਦ ਉਹ ਪ੍ਰੋ. ਇੰਦੇ ਨੂੰ ਕਹਿਣ ਲੱਗੇ ਕਿ 'ਮੈਨੂੰ ਕੁਝ ਵੀ ਪਤਾ ਨਹੀਂ ਲੱਗਾ ਕਿ ਮੈਂ ਕੀ ਬੋਲ ਗਿਆ ਹਾਂ।' ਸਪਸ਼ਟ ਸੀ ਕਿ ਇਸ ਸਮੇਂ ਉਹਨਾਂ ਦੇ ਦਿਮਾਗ ਦੇ ਸੈੱਲ ਤੇਜੀ ਨਾਲ਼ ਖਤਮ ਹੋ ਰਹੇ ਸਨ। ਅਤੇ ਅਜਿਹੇ ਸਮੇਂ ਸੋਚਣ ਸ਼ਕਤੀ 'ਤੇ ਵਸ ਨਹੀ ਰਹਿੰਦਾ ਸਗੋਂ ਸੋਚ ਆਪਣੀ ਮਰਜੀ ਨਾਲ਼ ਭਟਕਣ ਲੱਗਦੀ ਹੈ। ਅਜਿਹੇ ਮੌਕੇ 'ਤੇ ਇਨਸਾਨ ਘਰ ਮੰਜੇ ‘ਤੇ ਜਾਂ ਤਾਂ ਹੂੰਗ ਰਿਹਾ ਹੁੰਦਾ ਹੈ ਜਾਂ ਡਾਕਟਰਾਂ ਦੇ ਵੱਸ ਪਿਆ ਹੋਵੇਗਾ, ਪਰ ਡਾ. ਨੂਰ ਸਾਰਾ ਦਿਨ ਦੇ ਲੰਮੇ ਸਫ਼ਰ ਤੋਂ ਬਾਅਦ  ਲੰਮਾ ਸਮਾਂ ਸਮਾਗਮ ‘ਚ ਹਾਜ਼ਰੀ ਭਰਦੇ ਰਹੇ। ਇਹ ਸਿਰਫ ਉਹ ਹੀ ਕਰ ਸਕਦੇ ਸਨ। ਉਹ ਸਮੇਂ ਨੂੰ ਆਪਣੀ ਮਰਜੀ ਨਾਲ਼ ਤੋਰਦੇ ਸਨ ਤੇ ਕਦੀ ਢਹਿੰਦੀਆਂ ਕਲਾਂ ‘ਚ ਨਾ ਆਉਂਦੇ। 
ਡਾ. ਨੂਰ ਨੂੰ ਚਿੰਤਾ ਸੀ ਕਿ ਭਾਸ਼ਣ ਵਿਚ ਪਤਾ ਨਹੀ ਉਹਨਾਂ ਕੀ ਕਹਿ ਦਿੱਤਾ। ਪਰ ਹੈਰਾਨੀ ਦੀ ਗੱਲ ਸੀ ਕਿ ਉਹਨਾਂ ਬਹੁਤ ਹੀ ਭਾਵਪੂਰਤ ਅਤੇ ਸਾਰਥਿਕ ਢੰਗ ਨਾਲ਼ ਗੱਲ ਕੀਤੀ। ਕੁਝ ਸਮੇਂ ਬਾਅਦ ਹੀ ਇਕ ਦਵਾਈ ਰਿਐਕਸ਼ਨ ਕਰ ਜਾਣ ਕਾਰਨ ਉਹਨਾਂ ਨੂੰ ਹਸਪਤਾਲ ਭਰਤੀ ਕਰਾਉਣਾ ਪਿਆ। ਜਿੱਥੇ ਉਹਨਾਂ ਦੀ ਸਿਹਤ ਜਿਆਦਾ ਵਿਗੜ ਗਈ। ਜਿੱਥੇ ਕੁਝ ਦਿਨ ਵੈਂਟੀਲੇਟਰ ‘ਤੇ ਰੱਖਣ ਮਗਰੋਂ ਉਹਨਾਂ ਦਾ ਦਿਹਾਂਤ ਹੋ ਗਿਆ। 
ਉਹਨਾਂ ਨੂੰ ਕੰਮ ਦਾ ਜਨੂੰਨ ਸੀ, ਵੱਧਦੀ ਉਮਰ ਅਤੇ ਬਿਮਾਰੀ ਕਦੀ ਵੀ ਰੁਕਾਵਟ ਨਾ ਬਣੀ। ਪੰਜਾਬੀ ਦੇ ਕਿਸੇ ਸ਼ਾਇਰ ਨੇ ਲਿਖਿਆ : 
ਮੈਂ ਕਿਹਾ ਹਵਾ ਨੂੰ ਕੋਈ ਗੱਲ ਸੁਣਾ
ਉਸ ਕਿਹਾ ਵਿਹਲ ਨਹੀ ਰੁਮਕਣ ਤੋਂ ਸਿਵਾ
ਡਾ. ਨੂਰ  ਵਗਦੀਆਂ ਹਵਾਵਾਂ ਦਾ ਸਿਰਨਾਵਾਂ ਸੀ ਜੋ ਠਹਿਰਦੀਆਂ ਹਨ ਤਾਂ ਹੋਰਾਂ ਨੂੰ ਸਾਹ ਦੇਣ ਲਈ। 
ਹਾਲ ਹੀ ਵਿਚ ਉਹ ਭਾਰੀ ਮਿਹਨਤ ਨਾਲ਼ ਸਮਕਾਲੀ ਸਾਹਿਤ ਦਾ  ਅਨੁਵਾਦਿਤ ਕਵਿਤਾ ਅੰਕ ਕੱਢ ਕੇ ਹਟੇ ਸਨ। ਅਜੇ ਬਹੁਤ ਯੋਜਨਾਵਾਂ ਸਨ ਉਹਨਾਂ ਦੇ ਏਜੰਡੇ ‘ਤੇ। ਪੰਜਾਬੀ ਦੇ ਘੱਟ ਬਜਟ ਵਾਲ਼ੇ ਸਾਹਿਤਕ ਪਰਚਿਆਂ ਦੀ ਆਰਥਿਕ ਸਹਾਇਤਾ ਲਈ ਉਹ  ਕੋਸ਼ਿਸ਼ਾਂ ਕਰ ਰਹੇ ਸਨ। 
ਉਹਨਾਂ ਦੀ ਸ਼ਖਸ਼ੀਅਤ ਦੇ ਕੁਝ ਖਾਸ ਗੁਣਾਂ ਨੂੰ ਮੈਂ ਵਿਅਕਤ ਕਰਾਂ ਤਾਂ ਸਭ ਤੋਂ ਵੱਡਾ ਗੁਣ ਇਹੀ ਨਜ਼ਰ ਆਉਂਦਾ ਹੈ ਕਿ  ‘ ਕੰਮਾਂ ਅਤੇ ਜ਼ਿੰਮੇਵਾਰੀਆਂ ਨੂੰ ਕੋਈ ਨਾਂਹ ਨਹੀਂ’ । ਬਿਮਾਰੀ-ਛਿਮਾਰੀ ਦਾ ਕੋਈ ਬਹਾਨਾਂ ਨਹੀ, ਹਮੇਸ਼ਾਂ ਖਿੜੇ ਮੱਥੇ ਹਰ ਕੰਮ ਲਈ ਤਿਆਰ।ਥੋੜ੍ਹੀ ਜਿਹੀ ਸਥਾਪਤੀ ਤੋਂ ਬਾਅਦ ਲੇਖਕਾਂ ਦਾ ਰੁਖ਼ ਹੋਰ ਹੋ ਜਾਂਦਾ। ਉਹ ਫੋਨ ‘ਤੇ  ਖੁੱਲ ਕੇ ਗੱਲ ਕਰਨ ਤੋਂ ਕੰਨੀ ਕਤਰਾਉਣ ਲੱਗ ਜਾਂਦਾ ਹੈ। ਪਰ ਡਾ. ਨੂਰ  ਹਰ ਵੇਲ਼ੇ  ਹਰ ਕਿਸੇ ਨਾਲ਼ ਆਪਣਿਆਂ ਵਾਂਗ ਪੇਸ਼ ਆਉਂਦੇ। ਲੇਖਕਾਂ ਨੂੰ ਉਹਨਾਂ ਪ੍ਰਤੀ ਕੋਈ ਨਾ ਕੋਈ ਕੰਮ ਪਿਆ ਰਹਿੰਦਾ ਪਰ ਨਾਂਹ ਤਾਂ ਸੀ ਹੀ ਨਹੀ। 
ਹਿਤੈਸ਼ੀਆਂ ਦੇ ਨਾਲ਼ ਵਿਰੋਧੀਆਂ ਦੀ ਗਿਣਤੀ ਵੀ ਘੱਟ ਨਹੀ ਸੀ।ਕੁਝ ਲੋਕ ਉਹਨਾਂ ਦੇ ਲਗਾਤਾਰ ਸਮਾਗਮਾਂ ਅਤੇ ਸਫ਼ਰ ‘ਤੇ ਤੁਰੇ ਰਹਿਣ ਦੀ ਆਦਤ ‘ਤੇ ਤਨਜ਼ਾਂ ਕਰਦੇ। ਪਰ ਡਾ. ਨੂਰ ਲਈ ਹਰ ਸਮਾਗਮ ਜਿੱਥੇ ਉਹਨਾਂ ਨੂੰ ਬੁਲਾਇਆ ਜਾਂਦਾ, ਪਹੁੰਚਣਾ ਲਾਜ਼ਮੀ ਹੁੰਦਾ ਕਿਉਂਕਿ ਹਰ ਨਵੀਂ ਯਾਤਰਾ ਅਤੇ ਸਮਾਗਮ ਉਹਨਾਂ ਲਈ ਕਿਸੇ ਤੀਰਥ ਅਸਥਾਨ ਵਾਂਗ ਹੁੰਦਾ, ਕੁਝ ਨਵੇਂ ਲੋਕਾਂ ਨੂੰ ਮਿਲਦੇ, ਕੁਝ ਨਵੇਂ ਅਨੁਭਵਾਂ ‘ਚੋਂ ਗੁਜ਼ਰਦੇ। ਨਵੇਂ ਅਨੁਭਵਾਂ ਨੂੰ ਗ੍ਰਹਿਣ ਕਰਨ ਦੀ ਆਦਤ  ਉਹਨਾਂ ਨੂੰ ਹਮੇਸ਼ਾਂ ਜੁਆਨ ਰੱਖਦੀ।
ਦਸੰਬਰ ਵਿਚ ਅੰਮ੍ਰਿਤਸਰ ਕੁਝ ਦਿਨਾਂ ਦੇ ਕਵਿਤਾ ਉਤਸਵ ਸਮੇਂ ਉਹ ਆਏ। ਉਤਸਵ ਤੋਂ ਇਕ ਦਿਨ ਪਹਿਲਾਂ ਵਿਰਸਾ ਵਿਹਾਰ ‘ਚ ਸਮਾਗਮ ਸੀ। ਪਰ ਡਾ. ਨੂਰ ਹੁਰਾਂ ਦਾ ਜਹਾਜ ਲੇਟ ਸੀ, ਸਮਾਗਮ ਵੀ ਲੇਟ ਕਰ ਦਿੱਤਾ ਗਿਆ। ਡੀ. ਸੀ. ਸਹਿਬ ‘ਤੇ ਹੋਰ ਸਾਰੇ ਲੇਖਕ ਉਡੀਕਵਾਨ ਸਨ। ਅੰਤ ਡਾ. ਨੂਰ  ਹੁਰਾਂ ਦੇ ਆਉਣ ‘ਤੇ ਸਮਾਗਮ ਸ਼ੁਰੂ ਕੀਤਾ ਗਿਆ। 
ਡਾ. ਨੂਰ ਦੇ ਸ਼ਬਦਕੋਸ਼ ‘ਚ ਨਾਂਹ ਨਾਮ ਦਾ ਸ਼ਬਦ ਨਹੀ ਸੀ। ਉਹਨਾਂ ਦੀ ਇਸੇ ਆਦਤ ਦਾ ਲਾਭ ਕਈ ਲੇਖਕ ਅਤੇ ਸੰਸਥਾਵਾਂ ਉਠਾਉਂਦੀਆਂ  ਅਤੇ ਉਹਨਾਂ ਦੇ ਜਿੰਮੇ ਕੋਈ ਨਾ ਕੋਈ ਕੰਮ ਲਾ ਛੱਡਦੇ।ਹਰ ਸਾਹਿਤਕ ਕੰਮ ਉਹਨਾਂ ਦਾ ਆਪਣਾ ਕੰਮ ਹੁੰਦਾ। ਅਤੇ ਕਾਮਯਾਬੀ ਨਾਲ਼ ਸਿਰੇ ਚਾੜਨਾ  ਡਾ. ਨੂਰ ਦਾ ਕਰਤਵ ਬਣ ਜਾਂਦਾ।
ਇਕ ਪਾਸੇ ਕਮਾਲ ਦਾ ਉਤਸ਼ਾਹ, ਲਗਨ, ਮਿਹਨਤ ਅਤੇ ਚੜ੍ਹਦੀ ਕਲਾ ਅਤੇ ਦੂਜੇ ਪਾਸੇ ‘ਪਤਾ ਨਹੀਂ ਕਾਹਦਾ ਬਣਿਆ ਇਹ ਬੰਦਾ’ ਵਰਗੀਆਂ ਤਨਜ਼ੀ ਟਿੱਪਣੀਆਂ। ਪਰ ਉਹਨਾਂ ਨੂੰ ਕੋਈ ਪਰਵਾਹ ਨਹੀਂ ਸੀ ਕਿ ਕੋਈ ਕੀ ਕਹਿੰਦਾ ਹੈ। ਦਰਿਆ ਕਦੋਂ ਰਾਹ ਪੁੱਛਦੇ ਹਨ? ਉਹ ਤਾਂ ਅਪਣੇ ਰਾਹ ਆਪ ਬਣਾ ਲੈਂਦੇ ਹਨ। ਦਰਿਆਵਾਂ ਨੁੰ ਸਿਰਫ ਵਹਿਣ ਦਾ ਹੁਕਮ ਹੁੰਦਾ ਹੈ। ਪੂਰਾ ਬ੍ਰਹਿਮੰਡ ਗਤੀ ਵਿਚ ਹੈ, ਨਿਰੰਤਰ ਗਤੀਸ਼ੀਲਤਾ ਬ੍ਰਹਿਮੰਡੀ ਕ੍ਰਮ ਹੈ। ਇਸੇ ਕ੍ਰਮ ਦਾ ਨਾਮ ਸੀ ਡਾ. ਸੁਤਿੰਦਰ ਸਿੰਘ ਨੂਰ।

****

No comments: