ਮੂੰਹ ਆਈ ਬਾਤ ਨਾਂ ਰਹਿੰਦੀ ਏ......... ਲੇਖ / ਹਰਮੰਦਰ ਕੰਗ


ਮਨੁੱਖ ਜਨਮ ਤੋਂ ਹੀ ਕਿਸੇ ਨਾਂ ਕਿਸੇ ਸਮਾਜ ਅਤੇ ਧਰਮ ਨਾਲ ਜੁੜਿਆ ਹੋਇਆ ਹੁੰਦਾ ਹੈ ਅਤੇ ਉਸਨੂੰ ਸਮਾਜਿਕ ਰਹੁ ਰੀਤਾਂ ‘ਤੇ ਚੱਲਣ ਅਤੇ ਆਪਣੇਂ ਧਰਮ ਵਿੱਚ ਅਕੀਦਾ ਬਣਾ ਕੇ ਰੱਖਣ ਦੇ ਢੰਗ ਤਰੀਕੇ ਅਤੇ ਸੁਝਾਅ ਮੁਫਤ ਵਿੱਚ ਪ੍ਰਾਪਤ ਹੋ ਜਾਂਦੇ ਹਨ।ਇਹ ਵੀ ਕਿਹਾ ਜਾਂਦਾ ਹੈ ਕਿ ਜੋ ਮਨੁੱਖ ਸਮਾਜ ਤੋਂ ਅਲੱਗ ਹੋ ਕੇ ਰਹਿੰਦਾ ਜਾਂ ਤਾਂ ਉਹ ਦੇਵਤਾ ਹੈ ਜਾਂ ਫਿਰ ਸ਼ੈਤਾਨ।ਕਹਿਣ ਤੋਂ ਭਾਵ ਕਿ ਸਮਾਜ ਹੀ ਸਾਡੇ ਕਿਰਦਾਰ ਅਤੇ ਚਰਿੱਤਰ ਦਾ ਨਿਰਮਾਣ ਕਰਦਾ ਹੈ।ਪਰ ਜਿੰਦਗੀ ਜਿਊਦਿਆਂ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਕਈ ਵਾਰੀ ਜਿੰਦਗੀ ਦੇ ਮਾਲਾ ਮਣਕਿਆਂ ਨੂੰ ਬੇ-ਤਰਤੀਬਾ ਵੀ ਕਰ ਦਿੰਦੀ ਹੈ।ਸਮਾਜ ਵਿੱਚ ਵਿੱਚਰਦਿਆਂ ਹੀ ਅਸੀਂ ਉਹਨਾਂ ਸਾਰੀਆਂ ਮਾੜੀਆਂ ਚੰਗੀਆਂ ਗੱਲਾਂ ਨੂੰ ਵੀ ਗ੍ਰਹਿਣ ਕਰਦੇ ਹਾਂ ਜਿਹਨਾਂ ਨੇਂ ਸਾਡਾ ਸਮਾਜਿਕ ਭਵਿੱਖ ਅਤੇ ਕਿਰਦਾਰ ਨਿਰਧਾਰਿਤ ਕਰਨਾਂ ਹੁੰਦਾ ਹੈ।ਕਈ ਵਾਰੀ ਅਜਿਹਾ ਕਰਦੇ ਕਰਦੇ ਅਸੀ ਝੂਠੇ ਲੋਕ ਦਿਖਾਵੇ ਅਤੇ ਸਵਾਰਥਪੁਣੇਂ ਦਾ ਸ਼ਿਕਾਰ ਵੀ ਹੋ ਜਾਂਦੇ ਹਾਂ।ਰੋਜ ਮਰ੍ਹਾ ਦੀ ਜਿੰਦਗੀ ਵਿੱਚ ਅਸੀਂ ਹਰ ਰੋਜ ਕਿੰਨੇਂ ਹੀ ਵਰਤਾਰਿਆਂ ਵਿੱਚੋਂ ਦੀ ਗੁਜਰਦੇ ਹਾਂ।ਹੁਣ ਜੇਕਰ ਅਸੀਂ ਆਤਮ ਮੰਥਨ ਕਰੀਏ ਤਾਂ ਪਤਾ ਲੱਗਦਾ ਹੈ ਕਿ ਹੁਣ ਰਿਸ਼ਤੇਦਾਰੀਆਂ,ਆਪਸੀ ਮੋਹ ਪਿਆਰ ਬੱਸ ਬੀਤੇ ਸਮੇਂ ਦੀਆਂ ਗੱਲਾਂ ਬਣ ਕੇ ਰਹਿ ਗਈਆਂ ਹਨ ਅਤੇ ਅਸੀਂ ਕਿਸੇ ਨਾਟਕ ਦੇ ਪਾਤਰ ਵਾਂਗੂੰ ਸਵਾਰਥਪੁਣੇ ਅਤੇ ਲੋਕ ਦਿਖਾਵੇ ਦਾ ਦੋਗਲਾ ਕਿਰਦਾਰ ਨਿਭਾਉਂਦੇ ਹੋਏ ਆਪਣੀ ਅਸਲ ਜਿੰਦਗੀ ਦੇ ਪੈਂਡਿਆਂ ਤੋਂ ਉੱਖੜ ਜਾਂਦੇ ਹਾਂ।ਅੱਜ ਅਨੇਕਾਂ ਉਦਾਹਰਣਾਂ ਸਾਨੂੰ ਮਿਲ ਜਾਂਦੀਆਂ ਹਨ ਜੋ ਉਪਰੋਕਤ ਲਿਖੀਆਂ ਗੱਲਾਂ ਦੀ
ਪ੍ਰੋੜਤਾ ਕਰਨ ਵਿੱਚ ਸਹਾਈ ਹੋਣਗੀਆਂ।ਬਜੁਰਗਾਂ ਤੋਂ ਸੁਣਦੇ ਹਾਂ ਕਿ ਪੁਰਾਣੇਂ ਜਮਾਨਿਆਂ ਵਿੱਚ ਆਪਸੀ ਭਾਈਚਾਰਕ ਸਾਂਝ ਅਤੇ ਮੋਹ ਪਿਆਰ ਦੀਆਂ ਤੰਦਾਂ ਏਨੀਆਂ ਪੀਡੀਆਂ ਹੁੰਦੀਆਂ ਸਨ ਕਿ ਜੇਕਰ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਸੀ ਤਾਂ ਸਾਰੇ ਪਿੰਡ ਦੇ ਘਰਾਂ ਦੇ ਚੁੱਲ੍ਹੇ ਠੰਢੇ ਰਹਿੰਦੇ ਸਨ।ਪਰ ਹੁਣ ਗੱਲਾਂ ਹੋਰ ਨੇਂ।ਸਮਾਜਿਕ ਤਾਣੇਂ ਬਾਣੇਂ ਦੇ ਘੇਰੇ ਵਿੱਚ ਹੁਣ ਅਸੀਂ ਝੂਠੇ ਲੋਕ ਦਿਖਾਵੇ ਜਿਆਦਾ ਕਰਦੇ ਹਾਂ ਅਤੇ ਉਹ ਵੀ ਆਪਣੇਂ ਸਵਾਰਥ ਲਈ।ਹੁਣ ਹਰ ਰੋਜ ਦੋ ਤਰ੍ਹਾਂ ਦੇ ਵਿਅਕਤੀ ਮਰਦੇ ਹਨ।ਇੱਕ ਆਮ ਲੋਕ ਅਤੇ ਇੱਕ ਖਾਸ ਲੋਕ।ਆਮ ਵਿਅਕਤੀ ਦੀ ਜੇਕਰ ਜਿਊਂਦੇ ਜੀਅ ਬੁੱਕਤ ਨਹੀਂ ਪਈ ਤਾਂ ਮਰ ਕੇ ਕੀ ਪੈਂਣੀਂ ਸੀ।ਪਰ ਜੇਕਰ ਕੋਈ ਅਸਰ ਰਸੂਖ ਵਾਲਾ ਬੰਦਾ ਚੜ੍ਹਾਈ ਕਰ ਜਾਵੇ ਤਾਂ ਉਸਦੀ ਅੰਤਿਮ ਅਰਦਾਸ ‘ਤੇ ਸ਼ਰਧਾਂਜਲੀ ਦੇਣ ਵਾਲਿਆਂ ਦੀ ਵਾਰੀ ਨਹੀਂ ਆਉਦੀ ‘ਤੇ ਉਤੋਂ ਫਿਰ ਸ਼ਰਧਾਜਲੀ ਦੇਣ ਵਾਲੇ ਸੱਜਣ ਵੀ ਮੋਏ ਵਿਅਕਤੀ ਨੂੰ ‘ਸਵਰਗਵਾਸੀ’ ਕਹਿ ਕਹਿ ਕੇ ਉਸਨੂੰ ਧੱਕੇ ਨਾਲ ਹੀ ਸਵਰਗਾਂ ਦਾ ਵਾਸੀ ਬਣਾ ਛੱਡਦੇ ਹਨ ਭਾਵੇਂ ਉਸਨੇਂ ਸਾਰੀ ਜਿੰਦਗੀ ਕੁਕਰਮ ਕੀਤੇ ਹੋਣ ‘ਤੇ ਉਸਨੂੰ ਨਰਕਾਂ ਵਿੱਚ ਵੀ ਢੋਈ ਨਾਂ ਮਿਲਦੀ ਹੋਵੇ ‘ਤੇ ਸ਼ਰਧਾਂਜਲੀ ਦੇਣ ਵਾਲੇ ਸੱਜਣ ਵੀ ਉਸਦੀਆਂ ਤਾਰੀਫਾਂ ਦੇ ਪੁਲ ਬੰਨਦੇ ਹੋਏ ਮਰਨ ਵਾਲੇ ਵਿਅਕਤੀ ਨਾਲ ਆਪਣੀ ਗੂੜ੍ਹੀ ਸਾਂਝ ਹੋਣ ਦਾ ਅਜਿਹਾ ਪ੍ਰਗਟਾਵਾ ਕਰਦੇ ਹਨ ਕਿ ਸੁਣਨ ਵਾਲੇ ਵੀ ਦੰਗ ਰਹਿ ਜਾਂਦੇ ਹਨ।ਵੈਸੇ ਸ਼ਰਧਾਂਜਲੀ ਵੇਲੇ ਬੋਲਣ ਵਾਲੇ ਨੂੰ ਆਪਣੀ ਆਵਾਜ ਅਤੇ ਪਰਿਵਾਰ ਨੂੰ ਆਪਣੀਂ ਪ੍ਰਸ਼ੰਸਾ ਚੰਗੀ ਲੱਗ ਰਹੀ ਹੁੰਦੀ ਹੈ,ਹੋਰ ਕਿਸੇ ਦੀ ਸ਼ਰਧਾਂਜਲੀ ਵਿੱਚ ਕੋਈ ਦਿਲਚਸਪੀ ਨਹੀਂ ਹੁੰਦੀ।ਇਸ ਕਰਕੇ ਕਿਸੇ ਮਰਨ ਵਾਲੇ ਦੀ ਅੰਤਿਮ ਅਰਦਾਸ ਵਿੱਚ ਹਾਜਰੀ ਲਗਵਾਉਣ ਗਏ ਕਈ ਬੰਦੇ ਉੱਥੇ ਬੈਠੇ ਬੈਠੇ ਮੋਬਾਈਲ ‘ਤੇ ਹੀ ਆਪਣੇ ਕੰਮ ਨਿਪਟਾਉਣ ਵਿੱਚ ਲੱਗੇ ਹੋਏ ਹੁੰਦੇ ਹਨ ‘ਤੇ ਕਈ ਮਿੱਤਰ ਭਾਵੇਂ ਲੇਟ ਆਉਂਦੇ ਹਨ ਪਰ ਜਾਂਣ ਵੇਲੇ ਵਿੱਛੜੇ ਸੱਜਣ ਦੇ ਕਿਸੇ ਪਰਿਵਾਰਕ ਮੈਂਬਰ ਨੂੰ ਮਿਲ ਕੇ ਦੋ ਮਿੰਟ ਉਸ ਨਾਲ ਸ਼ੋਕ ਪ੍ਰਗਟਾਵਾ ਕਰਕੇ ਆਪਣੀਂ ਹਾਜਰੀ ਲਗਵਾ ਕੇ ਇਹ ਕਹਿ ਰਹੇ ਹੁੰਦੇ ਹਨ ਕਿ ਮੈਂ ਵੀ ਆਇਆ ਸੀ ਸਮਾਗਮ ਵਿੱਚ,ਯਾਦ ਰੱਖਿਓ।ਸ਼ਰਧਾਂਜਲੀ ਸਮਾਗਮ ਵਿੱਚ ਆਂਈਆਂ ਬੀਬੀਆਂ ਤਾਂ ਕਈ ਵਾਰੀ ਇੱਕ ਦੂਜੀ ਨਾਲ ਜਾਂਣ ਪਛਾਣ ਕੱਢ ਕੇ ਕਈ ਵਾਰੀ ਕਿਸੇ ਮੁੰਡੇ ਕੁੜੀ ਦੇ ਰਿਸ਼ਤੇ ਕਰਵਾਉਣ ਲਈ ਵੀ ਪੁੱਛ ਪੜਤਾਲ ਕਰਨ ਤੋਂ ਗੁਰੇਜ ਨਹੀਂ ਕਰਦੀਆਂ।
ਸਾਡੇ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਮਨਾਉਣ ਵੇਲੇ ਸਿਆਸੀ ਆਗੂਆਂ ਦੇ ਭਾਸ਼ਣ ਸੁਣ ਕੇ ਅਸੀਂ ਅੰਦਾਜਾ ਲਗਾ ਸਕਦੇ ਹਾਂ ਕਿ ਇਹਨਾਂ ਸਿਆਸੀ ਲੋਕਾਂ ਦੇ ਦਿਲ ਵਿੱਚ ਸੱਚਮੁੱਚ ਹੀ ਸ਼ਹੀਦਾਂ ਪ੍ਰਤੀ ਸਤਿਕਾਰ ਹੈ ਜਾਂ ਫਿਰ ਸਵਾਰਥਪੁਣੇ ਅਤੇ ਝੂੱਠੇ ਲੋਕ ਦਿਖਾਵੇ ਦਾ ਪ੍ਰਗਟਾਵਾ।ਵੱਖ ਵੱਖ ਦਿਨ ਤਿਓਹਾਰ ਸ਼ਹੀਦੀ ਜੋੜ ਮੇਲਿਆਂ ‘ਤੇ ਹੁੰਦੀਆਂ ਸਿਆਸੀ ਕਾਨਫਰਾਂਸਾਂ ਵਿੱਚ ਇਹਨਾਂ ਸਿਆਸੀ ਆਗੂਆਂ ਨੇਂ ਸਿਰਫ ਆਪਣੀ ਪਾਰਟੀ ਜਾਂ ਸਰਕਾਰ ਦੀਆਂ ਤਰੀਫਾਂ ਅਤੇ ਵਿਰੋਧੀਆਂ ਨੂੰ ਹੀ ਭੰਡਣਾਂ ਹੁੰਦਾ ਹੈ।ਕਈ ਵਾਰੀ ਤਾਂ ਇਹ ਵਿਰੋਧੀਆਂ ਨੂੰ ਭੰਡਣ ਵੇਲੇ ਏਨੀਂ ਨੀਂਵੀਂ ਪੱਧਰ ਦੀ ਸ਼ਬਦਾਵਲੀ ਦਾ ਪ੍ਰਯੋਗ ਕਰਦੇ ਹਨ ਕਿ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਕਿਸ ਪਵਿੱਤਰ ਅਸਥਾਨ ਉੱਤੇ ਖੜ ਕੇ,ਕਿੰਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਇਕੱਤਰ ਹੋਏ ਹਾਂ ‘ਤੇ ਉਹਨਾਂ ਦੀ ਕੁਰਬਾਨੀ ਦਾ ਕੀ ਮੰਤਵ ਸੀ।ਅੱਗੋਂ ਭੋਲੀ ਭਾਲੀ ਜਨਤਾਂ ਵੀ ਇਹਨਾਂ ਦੀਆਂ ਲੱਛੇਦਾਰ ਗੱਲਾਂ ਸੁਣ ਕੇ ਹੱਸਦੀ ਹੱਸਦੀ ਘਰਾਂ ਨੂੰ ਪਰਤਦੀ ਹੈ।
ਚਾਰ ਸਾਲ ਤੱਕ ਆਪਣੇਂ ਸਕੇ ਤਾਏ ਵਲੋਂ ਦਿੱਤੇ ਗੀਟਿਆਂ ਨਾਲ ਖੇਡ ਕੇ ਹੁਣੇਂ ਹੁਣੇਂ ਮਨਪ੍ਰੀਤ ਬਾਦਲ ਵਜਾਰਤ ਚੋਂ ਅਤੇ ਆਕਾਲੀ ਦਲ ਵਿੱਚੋਂ ਵਿਦਾ ਹੋਏ ਹਨ।ਇਹਨਾਂ ਚਾਰ ਸਾਲਾਂ ਦੇ ਵਕਫੇ ਅੰਦਰ ਜਦੋਂ ਕਦੇ ਵੀ ਮਨਪ੍ਰੀਤ ਬਾਦਲ ਅੰਦਰਲੀ ਬਗਾਵਤ ਜਿੰਦਾਬਾਦ ਕਹਿੰਦੀ ਸੀ ਤਾਂ ਪਿਓ ਪੁੱਤ{ਬਾਦਲ-ਸੁਖਬੀਰ} ਦੀਆਂ ਘੁਰਕੀਆਂ ਉਹਨੂੰ ਸ਼ਾਂਤ ਕਰਵਾ ਦਿੰਦੀਆਂ ਸਨ।ਪਰ ਪੰਜਾਬ ਸਿਰ ਚੜੇ ਕਰਜੇ ਦੇ ਮੁੱਦੇ ਅਤੇ ਸਬਸਿਡੀਆਂ ਬੰਦ ਕਰਕੇ ਖਜਾਨੇ ‘ਤੇ ਚੜੇ ਬੋਝ ਨੂੰ ਘਟਾਉਣ ਅਤੇ ਪੰਜਾਬ ਦੀ ਆਰਥਿਕਤਾ ਨੂੰ ਮੁੜ ਲੀਹੇ ਪਾਉਣ ਦੀਆਂ ਮਨਪ੍ਰੀਤ ਬਾਦਲ ਦੀਆਂ ਤਜਵੀਜਾਂ ਪਹਿਲੀ ਗੱਲ ਤਾਂ ਉਹਨਾਂ ਅਨਪੜ੍ਹ ਜਥੇਦਾਰਾਂ ਦੇ ਸਮਝ ਹੀ ਨਹੀਂ ਆਈਆਂ ਜਿਹਨਾਂ ਨੇ ਪਾਰਟੀ ਦਾ ਅਨੁਸ਼ਾਸ਼ਨ ਭੰਗ ਕਰਨ ਦਾ ਮਨਪ੍ਰੀਤ ਉੱਪਰ ਦੋਸ਼ ਮੜ੍ਹਿਆ ਹੈ।ਪਰ ਇਹ ਤਜਵੀਜਾਂ ਵੱਡੇ ਬਾਦਲ ਅਤੇ ਛੋਟੇ ਬਾਦਲ ਦੇ ਜਰੂਰ ਸਮਝ ਆ ਗਈਆਂ ਸਨ।ਜਦ ਇਹਨਾਂ ਪਿਓ ਪੁੱਤਾਂ ਨੂੰ ਲੱਗਿਆ ਕਿ ਹੁਣ ਸਰਕਾਰੀ ਕੈਸ਼ ਤੇ ਐਸ਼ ਕਰਨ ਤੋਂ ਰੋਕਣ ਵਾਲਾ ਇਹਨਾਂ ਦਾ ਸਕਾ ਭਾਈ ਭਤੀਜਾ ਜਿਆਦਾ ਹੀ ਪੈਰ ਪਸਾਰਨ ਲੱਗਾ ਹੈ ਤਾਂ ਇਹਨਾਂ ਦੋਵਾਾਂ ਨੇ ਪਾਰਟੀ ਦੀ ਅਨੁਸ਼ਾਸ਼ਨੀਂ ਕਮੇਟੀ ਦੇ ਅਨਪੜ੍ਹ ਜਥੇਦਾਰਾਂ ਤੋਂ ਮਤਾ ਪਾਸ ਕਰਵਾ ਕੇ ਮਨਪ੍ਰੀਤ ਨੂੰ ਖੂੰਜੇ ਲਗਾ ਦਿੱਤਾ।ਚਲੋ ਇਹ ਤਾਂ ਹੋਣਾਂ ਹੀ ਸੀ।ਪਰ ਹੁਣ ਅਕਾਲੀ ਦਲ ਦੇ ਅਤੇ ਪਾਰਟੀ ਵਿੱਚਲੇ ਬਾਦਲਾਂ ਦੇ ਸ਼ੁਭਚਿੰਤਕ ਦੋਵੇਂ ਬਾਦਲਾਂ ਨੂੰ ਖੁਸ਼ ਕਰਨ ਲਈ ਲੋਕ ਦਿਖਾਵੇ ਅਤੇ ਸਵਾਰਥਪੁਣੇਂ ਲਈ ਮਨਪ੍ਰੀਤ ਵਲੋਂ ਕਰਜੇ ਦੇ ਸੰਬੰਧ ਵਿੱਚ ਪੰਜਾਬ ਦੀ ਭਲਾਈ ਲਈ ਲਏ ਗਏ ਸਟੈਂਡ ਦੇ ਵਿਰੋਧ ਵਿੱਚ ਨਿੱਤ ਅਖਬਾਰਾਂ ਵਿੱਚ ਬਿਆਨ ਦਾਗ ਕੇ ਆਪ ਤਾਂ ਸੁਰਖੀਆਂ ਵਿੱਚ ਰਹਿੰਦੇ ਹੀ ਹਨ ‘ਤੇ ਨਾਲ ਹੀ ਬਾਦਲ ਐਂਡ ਪਾਰਟੀ ਨੂੰ ਖੁਸ਼ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੇ।ਇਹਨਾਂ ਬਿਆਨ ਦਾਗਣ ਵਾਲਿਆਂ ਵਿੱਚੋਂ ਬਹੁਤਿਆਂ ਨੂੰ ਤਾਂ ਪੰਜਾਬ ਸਿਰ ਚੜ੍ਹੇ ਕਰਜੇ ਦੀ ‘ਸਟੈਟਿਕਸ’ ਦਾ ਅਜੇ ਊੜਾ ਆੜਾ ਵੀ ਨੀਂ ਆਉਦਾ।ਹੁਣ ਆਕਾਲੀ ਪਾਰਟੀ ਦੇ ਇਕੱਠਾਂ ਵਿੱਚ ਅਜਿਹੇ ਝੂੱਠੇ ਲੋਕ ਦਿਖਾਵੇ ਦਾ ਪ੍ਰਗਟਾਵਾ ਕਰਨ ਲਈ ਅਜਿਹੀ ਦੁੱਕੀ ਤਿੱਕੀ ਨੂੰ ਵਾਰੀ ਨਹੀਂ ਮਿਲਦੀ।ਇਸ ਮਤ ਪਿੱਛੇ ਇੱਕੋ ਹੀ ਸਵਾਰਥ ਲੁਕਿਆਂ ਹੋਇਆ ਹੈ,ਕੁਰਸੀ ਬਚਾਉਣ ਦਾ ਜਾਂ ਫਿਰ ਅੱਗੇ ਤੋਂ ਕੁਰਸੀ ਹਥਿਆਉਣ ਦਾ।ਪੰਥ ਦੇ ‘ਮਾਨਤਾ ਪ੍ਰਾਪਤ ਜਥੇਦਾਰਾਂ’ ਨੇਂ ਮਨਪ੍ਰੀਤ ਵਿਰੁੱਧ ਇਹ ਕਹਿ ਕੇ ਮੋਰਚਾ ਖੋਲ ਲਿਆ ਹੈ ਕਿ ਉਸਨੇਂ ਖੰਡੇ ਬਾਟੇ ਦਾ ਅਮ੍ਰਿਤ ਭੰਗ ਕੀਤਾ ਹੈ ‘ਤੇ ਉਸਨੂੰ ਅਕਾਲ ਤਖਤ ਸਹਿਬ ‘ਤੇ ਤਲਬ ਕੀਤਾ ਜਾਵੇਗਾ।ਚਾਰ ਸਾਲ ਤੱਕ ਮਨਪ੍ਰੀਤ ਦੇ ਖਜਾਨਾਂ ਮੰਤਰੀ ਹੁੰਦਿਆਂ ਉਸ ਨਾਲ ਫੋਟੋਆਂ ਖਿਚਵਾ ਕੇ ਆਪਣੇਂ ਡਰਾਇੰਗ ਰੂਮਾਂ ਵਿੱਚ ਸਜਾਉਣ ਵਾਲੇ ਇਹਨਾਂ ਜਥੇਦਾਰਾਂ ਨੂੰ ਪਹਿਲਾਂ ਕਦੇ ਮਨਪ੍ਰੀਤ ਦੇ ਅਮ੍ਰਿਤ ਭੰਗ ਹੋਣ ਖਿਆਲ ਤੱਕ ਨਹੀਂ ਆਇਆ।
ਸੋ ਸਵਾਰਥਪੁਣੇ ਲਈ ਝੂਠੇ ਲੋਕ ਦਿਖਾਵੇ ਕਰਨ ਵਾਲੇ ਦੋਗਲੇ ਕਿਰਦਾਰ ਨਿਭਾਉਣ ਵਾਲੇ ਬੰਦਿਆਂ ਦੀ ਜਮੀਰ ਹਰ ਵਕਤ ਕਤਲ ਹੁੰਦੀ ਰਹਿੰਦੀ ਹੈ।ਪਰ ਆਪਣੀ ਅੰਤਰ ਆਤਮਾਂ ਦੀ ਆਵਾਜ ਸੁਣ ਕੇ ਲੋਕ ਹਿੱਤਾਂ ਲਈ ਕਾਰਜ ਕਰਨ ਵਾਲੇ ਸ਼ਖਸ ਹਮੇਸ਼ਾਂ ਜੱਗ ‘ਤੇ ਨਾਂਮ ਕਮਾ ਕੇ ਦੂਜਿਆਂ ਲਈ ਉਦਾਹਰਣਾਂ ਬਣਦੇ ਹਨ।
****

No comments: