ਕਾਂ ਬਨਾਮ ਕਿਰਤ ਦੀ ਲੁਟ......... ਲੇਖ / ਗੁਰਪ੍ਰੇਮ ਸਿੰਘ ਬਰਾੜ

                       ਨਿੱਕੇ ਹੁੰਦੇ ਇੱਕ ਕਹਾਣੀ ਸੁਣਦੇ ਹੁੰਦੇ ਸੀ ਕਾਂ ਅਤੇ ਚਿੜੀ ਦੀ, ਜਿਸ ਵਿੱਚ ਕਾਂ ਅਤੇ ਚਿੜੀ ਸਾਝੀਂ ਖੇਤੀ ਕਰਦੇ ਹੁੰਦੇ ਹਨ  ਫਸਲ ਉਪਰ ਕੰਮ ਕਰਨ ਸਮੇਂ ਕਾਂ ਚਿੜੀ ਨੂੰ ਕਹਿਦਾਂ ਰਹਿਦਾਂ ਹੈ “ਚੱਲ ਚਿੜੀਏ ਮੈਂ ਆਇਆ” ਪਰ ਕੰਮ ਕਰਵਾੳਣ ਨਹੀਂ ਜਾਂਦਾ ਕੰਮ ਇਕੱਲੀ ਚਿੜੀ ਕਰਦੀ ਹੈ ਪਰ ਫਸਲ਼ ( ਭਾਵ ਕਿਰਤ ਦਾ ਫਲ਼) ਉਪਰ ਕਬਜਾ ਕਾਂ ਕਰ ਲੈਦਾਂ ਹੈ ਅਤੇ ਚਿੜੀ ਨੂੰ ਤੂੜੀ (ਭਾਵ ਰਹਿਦ ਖੂੰਹਦ) ਛੱਡਦਾ ਹੈ ਬਚਪਨ ਵਿਚ ਇਹ ਕਹਾਣੀ ਸੁਣ ਕੇ ਕੁਝ ਵੀ ਪੱਲੇ ਨਹੀਂ ਸੀ ਪੈਂਦਾ ਬਸ ਇਕ ਸਰਸਰੀ ਜਿਹੀ ਕਹਾਣੀ ਲੱਗਦੀ ਹੁੰਦੀ ਸੀ ਪਰ ਹੁੱਣ ਇਸ ਦੀ ਸਮਝ ਪੈਂਦੀ ਹੈ ਕਿ ਕਹਾਣੀ ਦਾ ਪਾਤਰ ਕਾਂ ਚਲਾਕ ਜਾਂ ਸੈਤਾਂਨ (ਭਾਵ ਕਿਰਤ ਦੀ ਲੁਟ ਕਰਨ ਵਾਲੀ ) ਜਮਾਤ ਦੀ ਨੁਮਾਇਦਗੀ ਕਰਦਾ ਹੈ ਅਤੇ ਚਿੜੀ ਆਮ ਅਤੇ ਲਾਚਾਰ ਲੋਕਾਂ ਦੀ ਪਰਤੀਕ ਹੈ ਅਤੇ ਕਹਾਣੀ ਦਾ ਵਿਸ਼ਾ ਸੈਤਾਨ ਲੋਕਾਂ ਵੱਲੌਂ ਆਮ ਲੋਕਾਂ ਦੀ ਕਿਰਤ ਦੀ ਲੁਟ ਹੈ ਕਿ ਕਿਰਤ ਚਿੜੀ ਕਰਦੀ ਹੈ ਅਤੇ ਲੁਟਦਾ ਕਾਂ ਹੈ1 ਇਹ ਸਿਲਸਲਾ ਅੱਜ ਵੀ ਬਾਦਸਤੂਰ ਜਾਰੀ ਹੈ ਜਾਰੀ ਹੀ ਨਹੀਂ ਬਲਕਿ ਹੋਰ ਵੀ ਵੱਡੀ ਪੱਧਰ ਅਤੇ ਬੜੀ ਚਲਾਕੀ ਨਾਲ ਕੀਤੀ ਜਾ ਰਹੀ ਹੈ1 ਇਸ ਤੋਂ ਪਹਿਲਾ ਕਿ ਮੈਂ ਆਪਣੀ ਗੱਲ ਅੱਗੇ ਵਧਾਵਾਂ ਆਮ ਲੋਕ ਚਿਤੀਆਂ ਹਨ ਇਸ ਨੂੰ ਪ੍ਰਮਾਣਤ ਕਰਦੀ ਇਕ ੳਦਾਹਰਨ ਦੇਣੀ ਚਾਹਾਗਾਂ, ਗੁਰੁ ਗੋਬਿਦ ਸਿੰਘ ਜੀ ਨੇ ਵੀ ਆਮ ਅਤੇ ਲਤਾੜੇ ਹੋਏ ਲੋਕਾਂ ਨੂੰ ਸੰਗਠਤ ਕਰਦੇ ਹੋਏ ਕਿਹਾ ਸੀ ।  
                 "ਚਿੜੀਓਂ ਤੋਂ ਮੈਂ ਬਾਜ ਤੜਾਉਂ
                   ਤਬੈ ਗੋਬਿੰਦ ਸਿੰਘ ਨਾਮ ਕਹਾਓੁਂ” 
ਇਥੇ ਜਿਥੇ ਆਮ ਲੌਕਾਂ ਨੂੰ ਚਿੜੀਆਂ ਕਿਹਾ ਹੈ ਉਥੇ ਮੋਜੂਦਾ ਰਾਜ ਕਰਦੀ ਲੁਟੇਰੀ ਜਮਾਤ ਨੂੰ ਬਾਜ ਕਿਹਾ ਹੈ ਭਾਵੇਂ ਗੁਰੁ ਗੋਬਿਦ ਸਿੰਘ ਜੀ ਤਰਾਂ ਵੱਖੋ ਵੱਖ ਸਮਿਆਂ ਵਿੱਚ ਵੱਖੋ ਵੱਖ ਲੋਕਾਂ ਵੱਲੋਂ ਚਿੜੀਆਂ ਨੂੰ ਸੰਗਠਤ ਕਰਕੇ ਇਹਨਾਂ ਬਾਜਾਂ ਅਤੇ ਕਾਵਾਂ ਨਾਲ {ਵਿਰੁੱਧ} ਜੱਦੋਜਹਿਦ  ਕੀਤੀ ਵੀ ਅਤੇ ਕਰ ਵੀ ਰਹੀਆਂ ਹਨ ਪਰ ਚਿੜੀਆਂ ਦੀ ਜੂਨ ਬਦ ਤੋਂ ਬਦਤਰ ਹੋ ਰਹੀ ਹੈ ਅਤੇ ਕਾਂ ਭਾਵੇਂ ਉਹ ਗੋਰੇ, ਭੁਰੇ ਜਾਂ ਕਾਲੇ ਹੋਣ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰ ਰਹੇ ਹਨ। ਸਤਯੁਗ ਜਿਸ ਵਿੱਚ ਮਨੁੱਖ ਨੇ ਅਜੇ ਬਹੁਤਾ ਵਿਕਾਸ ਨਹੀ
ਸੀ ਕੀਤਾ ਜੰਗਲਾ ਵਿੱਚ ਰਹਿਦਾ ਸੀ ਉਸ ਦੀ ਖੁਰਾਕ ਪਸ਼ੂ, ਪੰਛੀ ਅਤੇ ਬਨਸ਼ਪਤੀ ਸੀ ਉਸ ਤੌਂ ਬਾਅਦ ਜਿਓਂ-ਜਿਓਂ ਮਨੁੱਖਤਾ ਨੇ ਵਿਕਾਸ ਵਾਲੇ ਪਾਸੇ ਪੁਲਾਘਾਂ ਪੁਟੀਆਂ ਤਿਓਂ-ਤਿਓਂ ਇਹ ਸਿਲਸਿਲਾ ਸ਼ੁਰੂ ਹੋਇਆ ਗੁਲਾਮਦਾਰੀ ਯੁਗ ਵਿੱਚ ਕੁਝ ਤਾਕਤਵਰ ਲੋਕ ਦੂਸਰੇ ਲੌਕਾਂ ਨੂੰ ਗੁਲਾਮ ਬਣਾ ਕੇ ਆਪਣੇ ਤੌਂ ਕਮਜੋਰ ਲੋਕਾਂ ਤੋਂ ਪੁਸ਼ੂਆਂ ਦੀ ਤਰਾਂ ਕੰਮ ਕਰਵਾਉਦੇਂ  ਜਿਵੇਂ-ਜਿਵੇਂ ਯੁੱਗ ਪਲਟੇ ਅਤੇ ਮਾਲਕ-ਗੁਲਾਮ ਨੇ ਜਗੀਰਦਾਰੀ ਯੁੱਗ ਵਿੱਚ ਜਗੀਰਦਾਰ-ਮੁਜ਼ਾਰਾ ਅਤੇ ਸਰਮਾਏਦਾਰੀ ਯੁੱਗ ਵਿੱਚ ਸਰਮਾਏਦਾਰ-ਮਜਦੂਰ ਵਿੱਚ ਕਾਇਆ ਪਲਟੀ ਕੀਤੀ ਅਤੇ ਇਨਾਂ ਧਿਰਾਂ ਵਿਚ ਹਮੇਸ਼ਾ ਸੰਘਰਸ ਵੀ ਚਲਦਾ ਰਿਹਾ ਹੈ ਜਿਸ ਤਰਾ ਉਪਰ ਗੁਰੁ ਗੋਬਿਦ ਸਿੰਘ ਜੀ ਦੀ ਉਦਾਹਰਨ ਪੇਸ਼ ਕੀਤੀ ਹੈ ਉਸ ਲੜੀ ਵਿਚ ਬੰਦਾ ਬਹਾਦਰ ਵੀ ਆਉਦਾ ਹੈ, ਇਸ ਵਿਚ ਪੈਰਿਸ ਕਮਿਊਨ{ਭਾਵੇਂ ਉਹ ਕੁਝ ਸਮਾਂ ਹੀ ਰਿਹਾ} ਵੀ ਕੋਸ਼ਿਸ ਸੀ। 1917 ਦਾ ਅਕਤੂਬਰ ਇਨਕਲਾਬ ਜਿਹੜਾ ਤਕਰੀਬਨ ਪੋਣੀ ਸਦੀ ਰਿਹਾ ਨੇ ਚਿੜੀਆਂ ਨੂੰ ਬਲ ਬਖਸ਼ਿਆ ਪਰ ਉਸ ਦੇ ਟੁਟਣ ਨਾਲ ਕਾਵਾਂ ਦੇ ਹੋਸਲੇ ਬੜੇ ਬੁਲੰਦ ਹੋਏ ਅੱਜ ਕਾਂ ਵੱਡੇ ਵੱਡੇ ਠੂੰਗੇ ਵੀ ਮਾਰ ਰਹੇ ਹਨ ਅਤੇ ਕਾਵਾਂ ਰੋਲੀ ਵੀ ਬਹੁਤ ਪਾ ਰਹੇ ਹਨ।
                         ਅੱਜ ਦੇ ਸਰਮਾਏਦਾਰੀ ਯੁੱਗ ਵਿੱਚ ਸਰਮਾਏਦਾਰ ਆਪਣੇ ਮਾਤਹਿਤ ਕੰਮ ਕਰਦੇ ਕਿਰਤੀ ਦੀ ਰੱਜ ਕੇ ਲੁੱਟ ਕਰਦਾ ਹੈ ਉਸ ਨੂੰ ਪੈਦਾਵਾਰ ਦੇ ਮੁਕਾਬਲੇ ਘੱਟ ਉਜਰਤਾਂ ਦੇ ਕੇ ਅਤੇ ਕਿਰਤੀ ਦੁਆਰਾ ਤਿਆਰ ਕੀਤੇ ਮਾਲ ਨੂੰ ਆਮ ਲੋਕਾਂ ਵਿੱਚ ਮਹਿਗੇ ਭਾਅ ਵੇਚ ਕੇ ਲੁਟ ਵੀ ਕਰ ਰਹੇ ਹਨ ਅਤੇ ਦੂਸਰੇ ਪਾਸੇ ਕਾਵਾਂ ਰੋਲੀ ਵੀ ਇਹ ਪਾ ਰਹੇ ਹਨ ਕਿ ਖਪਤਕਾਰ ਵਧ ਗਏ ਹਨ ਜਾਂ ਖਪਤਕਾਰ ਅਮੀਰ ਹੋ ਹਨ ਅਤੇ ਖਪਤ ਵਧ ਗਈ (ਜਾਰਜ ਬੁਸ਼ ਨੇ ਕਿਹਾ ਸੀ ਭਾਰਤੀ ਲੋਕ ਅਮੀਰ ਹੋ ਗਏ ਹਨ ਇਸੇ ਕਾਰਨ ਖਪਤ ਅਤੇ ਵਸਤਾਂ ਦੇ ਭਾਅ ਵਧ ਰਹੇ ਹਨ) ਦੂਸਰੇ ਪਾਸੇ ਕੁਝ ਲੋਕ ਪੱਖੀ ਲੀਡਰ ਵੀ ਇਹੀ ਰੋਲਾ ਪਾਉਦੇਂ ਹਨ ਕਿ ਖਪਤਕਾਰਾਂ ਦੀ ਲੁਟ ਹੋ ਰਹੀ ਹੈ ਜਦਕਿ ਇਹ ਵਿਚਾਰ ਹੀ ਗਲਤ ਹੈ ਕਿ ਮੁਨਾਫਾ ਖਪਤਕਾਰ ਤੋਂ ਮਿਲਦਾ ਹੈ ਇਹ ਖਪਤਕਾਰ ਹਨ ਕੋਣ? ਅਜਿਹੀ ਸ਼੍ਰੇਣੀ ਹੈ ਹੀ ਨਹੀਂ ਜਿਹੜੀ ਖਪਤ ਹੀ ਕਰਦੀ ਹੋਵੇ ਭਾਵ ਖ੍ਰੀਦਦੀ ਹੀ ਹੋਵੇ ਵੇਚਦੀ ਨਾ ਹੋਵੇ। ਆਮ ਜਨਤਾ ਇਕ ਜਿਨਸ ਵੇਚਦੀ ਹੈ ਉਹ ਹੈ ਕਿਰਤ! ਅਸੀਂ ਕਿਰਤ ਵੇਚ ਕੇ ਕਰੰਸੀ ਪ੍ਰਾਪਤ ਕਰਦੇ ਹਾਂ ਫਿਰ ਇਹ ਕਰੰਸੀ ਵੇਚ ਕੇ ਮੰਡੀ ਵਿਚੋਂ ਲੋੜ ਦੀਆਂ ਵਸਤਾਂ ਖ੍ਰੀਦਦੇ ਹਾਂ। ਜੇਕਰ ਅਸੀਂ ਕਿਰਤ ਵੇਚ ਕੇ ਆਪਣੀਆਂ ਲੋੜਾਂ ਦੀ ਪੂਰਤੀ ਬਰਾਬਰ ਕਰੀਏ ਤਾਂ ਸਰਮਾਏ ਵਿਚ ਕੋਈ ਵਾਧਾ ਨਹੀਂ ਹੁੰਦਾ ਪਰ ਇਥੇ ਇਹ ਗੱਲ ਸਪਸ਼ੱਟ ਹੈ ਕਿ ਅਸੀਂ ਆਪਣੀ ਕਿਰਤ ਸਸਤੀ ਵੇਚਦੇ ਹਾਂ ਅਤੇ ਲੋੜਾਂ ਦੀ ਪੂਰਤੀ ਲਈ ਵਸਤਾਂ ਮਹਿਗੀਆਂ ਖ੍ਰੀਦਦੇ ਹਾਂ ਇਸ ਵਿੱਚ ਮੁਨਾਫਾ ਲੁਕਿਆ ਹੋਇਆ ਹੈ ਹੁਣ ਅਸੀਂ ਆਪ ਅੰਦਾਜਾ ਲਗਾ ਸਕਦੇ ਹਾਂ ਅਸੀਂ ਕਿਰਤ ਕਿਸ ਕੋਲ ਵੇਚ ਰਹੇ ਹਾਂ ਅਤੇ ਕਿਹੜੀਆਂ ਕੰਪਨੀਆਂ ਦੀਆਂ ਬਣਾਈਆਂ ਚੀਜਾਂ ਦੀ ਖਪਤ ਕਰਦੇ ਹਾਂ ਅਤੇ ਕਿਹੜਿਆਂ ਕਾਵਾਂ ਦੇ ਸਰਮਾਏ ਵਿਚ ਵਾਧਾ ਕਰਦੇ ਹਾਂ।
                   ਇਹ ਕਾਂ ਰੂਪੀ ਸਰਮਾਏਦਾਰ ਚਿੜੀ ਰੂਪੀ ਲੋਕਾਂ ਦੀ ਕਿਰਤ ਪਹਿਲਾਂ ਵਰਤ ਕੇ ਉਜਰਤਾਂ ਮਹੀਨੇ ਜਾਂ ਹਫਤਿਆਂ ਬਾਅਦ ਦਿੰਦੇ ਹਨ ਅਤੇ ਆਪਣਾ ਸਮਾਨ ਨਗਦ ਵੇਚਦੇ ਹਨ। ਮਜਦੂਰ ਨੂੰ ਉਸਦਾ ਮੁੜਕਾ ਸੁੱਕਣ ਤੋਂ ਪਹਿਲਾਂ ਉਸਦੀ ਉਜ਼ਰਤ ਦੇਣ ਦੀ ਬਜ਼ਾਏ ਉਸ ਨੂੰ ਖਰਚਣ ਲਈ ਆਪਣੇ ਲੁਟੇ ਸਰਮਾਏ ਵਿਚੋਂ ਵੱਖੋ-ਵੱਖ ਕਰੇਡਿਟ ਲਾਈਨਾਂ( ਵਿਆਜੂ ਪੇਸੈ) ਦੇ ਕੇ ਆਪਣੇ ਸਰਮਾਏ ਨੂੰ ਵਿੱਤੀ ਸਰਮਾਏ ਵਿੱਚ ਤਬਦੀਲ ਕਰਦੇ ਹਨ। ਇਸ ਤਰਾਂ ਆਮ ਜਨਤਾ ਨੂੰ ਪੇਸੈ ਵਿਆਜੂ ਦੇਣ ਅਤੇ ਆਪਣੀਆ ਕੰਪਨੀਆ ਦੁਆਰਾ ਬਣਾਈਆਂ ਵਸਤਾਂ ਵੇਚਣ ਲਈ ਇਸ਼ਤਿਆਰਾਂ ਰੂਪੀ ਕਾਵਾਂ ਰੋਲੀ ਪਾ ਕੇ ਆਮ ਲੋਕਾਂ ਦੇ ਸੁਪਨੇ ਜਗ੍ਹਾ ਕੇ ਭਾਵਨਾਤਮਕ ਖਿਲਵਾੜ ਕਰਕੇ ਸਰਮਾਏ ਵਿਚ ਵਾਧਾ ਕੀਤਾ ਜਾਦਾਂ ਹੈ।
                             ਅੱਜ ਕੱਲ ਦੀਆਂ ਸਰਕਾਰਾਂ ਵੀ ਇ੍ਹਨਾਂ ਕਾਵਾਂ ਦੀ ਜਮਾਤ ਦੀ ਕਮਾਈ ਵਿੱਚ ਵਾਧਾ ਕਰਦੀਆਂ ਯੋਜਨਾਵਾਂ ਨੂੰ ਸਹਿਯੋਗ ਦਿਦਿੰਆਂ ਹਨ ਅਤੇ ਆਮ ਲੋਕਾਂ ਨੂੰ ਹੋਰ ਲਤਾੜਨ ਵਿਚ ਮਗਨ ਹਨ। ਅੱਜ ਦੀਆਂ ਬਹੁਤੀਆਂ ਸਰਕਾਰਾਂ ਅਮਰੀਕਾ ਤੋਂ ਲੈਕੇ ਭਾਰਤ ਤੱਕ ਦੇਸ਼ਾਂ ਦੇ ਪਬਲਿਕ ਸੈਕਟਰਾਂ ਨੂੰ ਤੋੜ ਕੇ ਨਿਜੀਕਰਨ ਕਰ ਰਹੀਆਂ ਹਨ। ਆਮ ਲੋਕਾਂ ਤੋਂ ਵਿਦਿਆ ਖੋਹੀ ਜਾ ਰਹੀ ਹੈ, ਸਿਹਤ ਸੇਵਾਵਾਂ ਤਾਂ ਬਿਲਕੁਲ ਤਹਿਸ ਨਹਿਸ ਕਰ ਦਿਤੀਆਂ ਹਨ ਭਾਵ ਚਿੜੀਆਂ ਅਤੇ ਉਹਨਾਂ ਦੀਆਂ ਆਉਦੀਆਂ ਪੀੜੀਆਂ ਦਾ ਬੋਧਿਕ ਅਤੇ ਸਰੀਰਕ ਸਤਿਆਨਾਸ਼ ਕਰਕੇ ਕਾਵਾਂ ਰੋਲੀ ਇਹ ਪਾਈ ਜਾ ਰਹੀ ਹੈ ਕਿ ਲੋਕ ਕੰਮ ਹੀ ਨਹੀਂ ਕਰਦੇ, ਲੋਕ ਪੜਦੇ ਹੀ ਨਹੀਂ। ਗੱਲ ਕੀ ਹਰ ਗੱਲ ਵਿਚ ਚਿੜੀਆਂ ਹੀ ਦੋਸ਼ੀ।
             ਧਰਮ ਵੀ ਕਾਵਾਂ ਦੀ ਜਮਾਤ ਵਿੱਚ ਖੜੇ ਨਜ਼ਰ ਆਉਦੇਂ ਹਨ ਧਰਮ ਯੁਗਾਂ ਯੁਗਤਰਾਂ ਤੋਂ ਹੀ ਲੁਟੇਰੀ ਜਮਾਤ ਦਾ ਪੂਰਕ ਰਿਹਾ ਹੈ। ਇਹ ਗੱਠਜੋੜ ਕਦੇ ਵੀ ਨਹੀਂ ਚਾਹੁੰਦਾ ਕਿ ਲਤਾੜੇ ਹੋਏ ਆਮ ਲੋਕ ਉਪਰ ਆ ਜਾਣ। ਜੇਕਰ ਸਮਾਜ ਵਿਚ ਵਖੋ-ਵੱਖ ਸਮਿਸਆਵਾਂ ਰਹਿਦੀਆਂ ਹਨ ਤਾਂ ਲੋਕਾਂ ਦੀ ਧਰਮ ਵਿੱਚ ਦਿਲਚਸਪੀ ਬਣੀ ਰਹਿੰਦੀ ਹੈ ਅਤੇ ਰਾਜ਼ਨੀਤੀ ਦੇ ਰਹਿਮੋਕਰਮ ਦੀ ਵੀ ਲੋੜ ਰਹਿਦੀ ਹੈ ਧਰਮ ਲਤਾੜੇ ਹੋਏ ਲੋਕਾਂ ਨੂੰ ਅਜਿਹਾ ਥੋਥਾ ਸਹਾਰਾ ਦਿੰਦਾ ਕਿ ਇਹ ਸਭ ਕੁਝ ਕਿਸਮਤ ਦਾ ਦੋਸ਼ ਹੈ ਜਾਂ ਭਾਗਾਂ ਦਾ ਲਿਖਿਆ ਹੋਇਆ ਹੈ ਧਰਮ ਇਸ ਜਨਮ ਦੀ ਗਲ ਹੀ ਨਹੀਂ ਕਰਦਾ ਅਗਲੇ ਜਨਮਾਂ ਨੂੰ ਸੁਧਾਰਨ ਦੀ ਗੱਲ ਹੀ ਕਰਦਾ ਹੈ।
                      ਜਦਕਿ ਇਹ ਸਭ ਕੁਝ ਲਈ ਰਾਜ ਪ੍ਰਬੰਧ ਅਤੇ ਕੁਝ ਮੁਠੀ ਭਰ ਲੋਕ ਜਿਮੇਵਾਰ ਹਨ ਅਤੇ ਆਪਣੀ ਕਿਸਮਤ ਬਦਲ਼ਣ ਲਈ ਰਾਜ ਪ੍ਰਬੰਧ ਬਦਲਣਾ ਪਵੇਗਾ। ਜੇਕਰ ਲਤਾੜੇ ਹੋਏ ਆਮ ਲੋਕ ਰਾਜਨੀਤੀ ਉਪਰ ਕਾਬਜ਼ ਹੁੰਦੇ ਹਨ ਤਾਂ ਹੀ ਕਾਵਾਂ ਵੱਲੋ ਕੀਤੀ ਜਾਦੀਂ ਲੁਟ ਬੰਦ ਹੋਵੇਗੀ ਅਤੇ ਹਕੀਕੀ ਇਨਕਲਾਬ ਹੋਵੇਗਾ। ਹਕੀਕੀ ਇਨਕਲਾਬ ਹੀ ਕਿਰਤੀ ਵਰਗ ਦੀ ਕਿਰਤ ਦੀ ਲੁੱਟ ਬੰਦ ਕਰੇਗਾ। ਕਾਨੂੰਨ ਦੁਆਰਾ ਹੀ ਕੰਮ ਦਿਹਾੜੀ ਛੋਟੀ ਅਤੇ ਉਜਰਤਾਂ ਵਿਚ ਵਾਧਾ ਕਰਕੇ ਸਮਾਜ ਵਿੱਚ ਖੁਸ਼ਹਾਲੀ ਅਤੇ ਗਿਆਨ ਲਿਆਵੇਗਾ। ਇਸ ਸਭ ਕਾਸੇ ਲਈ ਅਗਾਂਹ ਵਧੂ ਧਿਰਾਂ ਨੂੰ ਉਸਾਰੂ ਰੋਲ ਅਦਾ ਕਰਕੇ, ਗਿਆਨ ਦੀ ਮਿਸ਼ਾਲ ਬਾਲ਼ ਕੇ ਹਕੀਕੀ ਇਨਕਲਾਬ ਵੱਲ ਵਧਣਾ ਚਾਹੀਦਾ ਹੈ।      
****


No comments: