ਘੂੰ ਘੂੰ

ਘੂੰ ਘੂੰ ਦੀ ਇਹ ਕਿਹੋ ਜਿਹੀ ਆਵਾਜ਼ ਸੀ, ਜਿਸਨੇ ਮੈਨੂੰ ਮੇਰੀ ਮਿੱਠੀ ਨੀਂਦ ਤੋਂ ਜਗਾ ਦਿੱਤਾ । ਮੈਂ ਤਾਂ ਸੁਪਨਿਆਂ ਦੇ ਸਾਗਰ ਵਿੱਚ ਗੋਤੇ ਲਗਾ ਰਹੀ ਸੀ । ਪਰੀਆਂ ਮੈਨੂੰ ਖਿਡਾ ਰਹੀਆਂ ਸਨ । ਮੱਠੀ-ਮੱਠੀ ਹਵਾ ਮੈਨੂੰ ਫੁੱਲਾਂ ਦੀ ਗੋਦ ਵਿੱਚ ਲੇਟੀ ਹੋਈ ਨੂੰ ਮਧੁਰ ਸੰਗੀਤ ਸੁਣਾ ਰਹੀ ਸੀ । ਕਿਸੇ ਮੰਦਰ ਵਿੱਚ ਘੰਟੀਆਂ ਦੀ ਟੁਣਕਾਰ ਹੋ ਰਹੀ ਜਾਪਦੀ ਸੀ । ਇਹ ਅਣਜਾਣੀ ਜਿਹੀ ਘੂੰ-ਘੂੰ ਦੀ ਆਵਾਜ਼ ਮੈਨੂੰ ਚੰਗੀ ਨਹੀਂ ਲੱਗ ਸੀ ਰਹੀ । ਇਹ ਆਵਾਜ਼ ਲਗਾਤਾਰ ਤੇਜ਼ ਹੋ ਰਹੀ ਸੀ । ਮੈਨੂੰ ਇਸ ਭਿਆਨਕ ਆਵਾਜ਼ ਤੋਂ ਡਰ ਲੱਗ ਰਿਹਾ ਸੀ । ਮੈਂ ਕਿਸ ਨੂੰ ਪੁਕਾਰਦੀ, ਇੱਥੇ ਮੈਂ ਇਕੱਲੀ ਸਾਂ । ਮੈਂ ਡਰ ਕਾਰਨ ਹੱਥ ਪੈਰ ਮਾਰ ਰਹੀ ਸਾਂ । ਡਰ ਨਾਲ ਮੇਰੀ ਧੜਕਨ ਲਗਾਤਾਰ ਤੇਜ਼ ਹੋ ਰਹੀ ਸੀ । ਮੇਰੇ ਨੰਨੇ ਜਿਹੇ ਧੜਕਦੇ ਦਿਲ ਵਿੱਚੋਂ ਇੱਕ ਆਵਾਜ਼ ਆਈ, ਮੰਮੀ… ਪਾਪਾ… ਪਤਾ ਨਹੀਂ ਇਹ ਮੰਮੀ ਪਾਪਾ ਕੀ ਹੁੰਦੇ ਨੇ ਪਰ ਇਹਨਾਂ ਸ਼ਬਦਾਂ ਨੂੰ ਪੁਕਾਰਨ ਨਾਲ ਮੇਰਾ ਹੌਸਲਾ ਵਧਿਆ, ਬੇਚੈਨੀ ਤੋਂ ਰਾਹਤ ਮਿਲਦੀ ਜਾਪੀ । ਘੂੰ-ਘੂੰ ਤੋਂ ਲੱਗ ਰਿਹਾ ਡਰ ਘਟਦਾ ਜਾਪਿਆ, ਹਾਲਾਂਕਿ ਇਹ ਆਵਾਜ਼ ਲਗਾਤਾਰ ਆ ਰਹੀ ਸੀ । ਮੈਂ ਵੀ ਲਗਾਤਾਰ ਮੰਮੀ ਪਾਪਾ ਕਹਿਣਾ ਸ਼ੁਰੂ ਕਰ ਦਿੱਤਾ । ਹਾਲਾਂਕਿ ਮੈਂ ਬੋਲ ਨਹੀਂ ਸਾਂ ਸਕਦੀ, ਮੈਨੂੰ ਬੋਲਣਾ ਹੀ ਨਹੀਂ ਆਉਂਦਾ ਸੀ, ਪਰ ਮੈਂ ਦਿਲ ਵਿੱਚ ਇਹ ਨਾਮ ਜਪਦੀ ਰਹੀ । ਮੰਮੀ ਪਾਪਾ – ਮੰਮੀ ਪਾਪਾ । ਮੇਰਾ ਜਾਪ ਘੂੰ-ਘੂੰ ਦੀ ਆਵਾਜ਼ ਵਿੱਚ ਮੱਧਮ ਹੋਣ ਲੱਗ ਪਿਆ ? ਮੈਂ ਧਿਆਨ ਨਾਲ ਸੁਣਨ ਦੀ ਕੋਸ਼ਿਸ਼ ਕੀਤੀ । ਉਹਨਾਂ ਕੰਨਾਂ ਨਾਲ ਜਿਨਾਂ ਨਾਲ ਲੋਕ ਲਤਾ ਮੰਗੇਸ਼ਕਰ ਦੇ ਗੀਤ ਸੁਣਦੇ ਹਨ, ਉਹੀ ਕੰਨ ਜਿਨਾਂ ਨਾਲ ਕਲਪਨਾ ਚਾਵਲਾ ਨੇ ਅੰਤਰਿਕਸ਼ ਵਿੱਚ ਵਿਚਰਦੇ ਹੋਏ ਨਾਸਾ ਸਪੇਸ ਸੈਂਟਰ ਤੋਂ ਸੰਦੇਸ਼ ਸੁਣੇ ਸਨ । ਮੈਂ ਇੱਧਰ ਉਧਰ ਤੱਕਿਆ, ਮੈਂ ਸੁਣਿਆ ਕਿ ਇਹ ਆਵਾਜ਼ ਮੇਰੇ
ਉਪੱਰਲੇ ਪਾਸਿਉਂ ਆ ਰਹੀ ਸੀ, ਮੇਰੇ ਸਿਰ ਵੱਲੋਂ । ਸਿਰ ਵਿੱਚ ਦਿਮਾਗ ਹੁੰਦਾ ਹੈ । ਇੰਦਰਾ ਗਾਂਧੀ ਦਾ ਦਿਮਾਗ ਜਾਂ ਮਾਰਗਰੇਟ ਥੈਚਰ ਦਾ ਦਿਮਾਗ, ਜਿਨਾਂ ਨੇ ਸਫਲਤਾ ਪੂਰਵਕ ਸ਼ਾਸ਼ਨ ਚਲਾਇਆ । ਮੈਰੀ ਕਿਊਰੀ ਦਾ ਦਿਮਾਗ, ਜਿਸਨੂੰ ਸਾਇੰਸ ਦੇ ਖੇਤਰ ਵਿੱਚ ਮਹੱਤਵਪੂਰਨ ਖੋਜ ਕਰਨ ਤੇ ਨੋਬਲ ਪੁਰਸਕਾਰ ਮਿਲਿਆ ਸੀ । ਘੂੰ-ਘੂੰ ਦੀ ਆਵਾਜ਼ ਹੋਰ ਤੇਜ਼ ਹੋਣ ਕਰਕੇ ਮੈਨੂੰ ਹੋਰ ਜ਼ਿਆਦਾ ਡਰ ਲੱਗਣ ਲੱਗ ਪਿਆ । ਮੰਮੀ ਪਾਪਾ ਦਾ ਜਾਪ ਹੋਰ ਤੇਜ਼ ਹੋ ਗਿਆ ਤੇ ਮੈਂ ਡਰ ਕਾਰਨ ਆਪਣੇ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ । ਉਹ ਹੱਥ ਪੈਰ ਜਿਨਾਂ ਦੇ ਆਸਰੇ ਭਾਰ ਚੁੱਕ ਕੇ ਕਰਣਮ ਮਲੇਸ਼ਵਰੀ ਨੇ ਉਲੰਪਿਕ ਖੇਡਾਂ ਵਿੱਚ ਤਮਗਾ ਜਿੱਤ ਕੇ ਭਾਰਤ ਦੀ ਪੱਤ ਬਚਾਈ ਸੀ । ਉਹ ਪੈਰ ਜਿਨਾਂ ਨਾਲ ਪੀ ਟੀ ਊਸ਼ਾ ਨੇ ਸੰਸਾਰ ਦੀਆਂ ਸਭ ਦੂਰੀਆਂ ਸਰ ਕਰ ਲਈਆਂ ਸਨ । ਮੈਨੂੰ ਜਾਪਣ ਲੱਗਾ ਜਿਵੇਂ ਮੈਂ ਘੂੰ-ਘੂੰ ਤੋਂ ਬਚਣ ਲਈ ਦੌੜ ਰਹੀ ਹੋਵਾਂ । ਮੇਰਾ ਸਾਹ ਚੜ ਗਿਆ । ਮੈਂ ਹੋਰ ਨਹੀਂ ਦੌੜ ਸਕੀ । ਮੇਰਾ ਸੀਨਾ ਧਕ-ਧਕ ਕਰ ਰਿਹਾ ਸੀ । ਉਹੀ ਸੀਨਾ ਜਿਸ ਦਾ ਅੰਮ੍ਰਿੰਤ ਪਿਲਾ ਕੇ ਇਸ ਸੰਸਾਰ ਦੀਆਂ ਮਾਵਾਂ ਨੇ ਸ਼ੇਰ ਪਾਲੇ ।

ਇਹ ਕੀ… ਮੈਨੂੰ ਸਿਰ ਵਿੱਚ ਦਰਦ ਮਹਿਸੂਸ ਹੋਣ ਲੱਗਾ । ਮੰਮੀ ਪਾਪਾ ਦੇ ਮੰਤਰ ਨੇ ਸਾਥ ਛੱਡ ਦਿੱਤਾ ।

“ਬਚਾਓ ! ਬਚਾਓ !! ਹਾਏ… ਦਰਦ ਨਾਲ ਮੇਰਾ ਸਿਟ ਪਾਟ ਰਿਹਾ ਹੈ । ਮੰਮੀ ਪਾਪਾ, ਮੈਨੂੰ ਬਚਾਓ । ਮੈਨੂੰ ਇੰਝ ਲੱਗਦੈ, ਜਿਵੇਂ ਮੇਰੇ ਸਿਰ ਵਿੱਚ ਕੋਈ ਮੋਰੀ ਕੱਢ ਰਿਹੈ । ਹਾਏ !!!! ਮੇਰਾ ਸਿਰ ਗਿਆ । ਮੰਮੀ ਮੰਮੀ …ਪਾਪਾ ਪਾਪਾ …”

ਮੈਂ ਦਰਦ ਨਾਲ ਚੀਖਦੀ ਰਹੀ, ਚਿਲਾਉਂਦੀ ਰਹੀ । ਘੂੰ-ਘੂੰ ਦੀ ਅਵਾਜ਼ ਹੋਰ ਵਧ ਗਈ । ਇਹ ਆਵਾਜ਼ ਮੇਰੇ ਦਿਮਾਗ ਵਿੱਚੋਂ ਆ ਰਹੀ ਮਹਿਸੂਸ ਹੋ ਰਹੀ ਸੀ ।

“ ਹਾਏ !!! ਮੇਰੀਆਂ ਝੀਲ ਵਰਗੀਆਂ ਸੁੰਦਰ ਅੱਖਾਂ ਤੇ ਸੱਜਰੇ ਗੁਲਾਬ ਦੀਆਂ ਪੱਤੀਆਂ ਵਰਗੇ ਕੋਮਲ ਬੁੱਲਾਂ ਤੇ ਕਿਸ ਚੀਜ਼ ਦੇ ਛਿੱਟੇ ਪੈ ਰਹੇ ਹਨ ? ਮੇਰਾ ਸੰਘ ਕਿਉਂ ਘੁੱਟਿਆ ਜਾ ਰਿਹਾ ਏ ? ਮੇਰੀ ਆਵਾਜ਼ ਕਿਉਂ ਬੰਦ ਹੋ ਰਹੀ ਹੈ ?” ਮੈਂ ਤੜਪੀ ।

ਅਚਾਨਕ ਮੈਨੂੰ ਆਪਣਾ ਸਿਰ ਇੱਕ ਦਮ ਹਲਕਾ ਜਾਪਣ ਲੱਗਾ । ਘੂੰ-ਘੂੰ ਮੇਰੇ ਸੀਨੇ ਵਿੱਚ ਹੋ ਰਹੀ ਸੀ ਪਰ ਹੁਣ ਕੋਈ ਦਰਦ ਨਹੀਂ ਸੀ ਮਹਿਸੂਸ ਹੋ ਰਿਹਾ, ਕੋਈ ਡਰ ਨਹੀਂ ਸੀ ਲੱਗ ਰਿਹਾ । ਮੈਨੂੰ ਜਾਪ ਰਿਹਾ ਸੀ ਜਿਵੇਂ ਮੈਂ ਆਸਮਾਨ ਵਿੱਚ ਉਡੱ ਰਹੀ ਹੋਵਾਂ। ਮੇਰੇ ਹੱਥ, ਮੇਰੇ ਪੈਰ, ਮੇਰਾ ਸਰੀਰ ਇੱਕ ਦਮ ਹਲਕਾ-ਫੁਲਕਾ ਹੋ ਕੇ ਖਲਾਅ ਵਿੱਚ ਵਿਚਰ ਰਿਹਾ ਜਾਪਦਾ ਸੀ । ਮੈਂ ਇੱਕ ਦਮ ਸ਼ਾਂਤ ਸੀ । ਆਨੰਦ ਹੀ ਆਨੰਦ ਸੀ…ਮੈਂ ਜਪ ਰਹੀ ਸੀ… ਮੰਮੀ ਪਾਪਾ - ਮੰਮੀ ਪਾਪਾ !!!!

ਹੱਥ ਧੋਂਦੀ ਡਾਕਟਰਨੀ ਨੂੰ ਅੱਧਖੜ ਉਮਰ ਦੀ ਜਨਾਨੀ ਕਹਿ ਰਹੀ ਸੀ “ਡਾਕਟਰਨੀ ਜੀ… ਤੂੰ ਤਾਂ ਸਾਡਾ ਪੁੰਨ ਹੀ ਖੱਟ ਲਿਆ, ਆਹ ਚੱਕ ਦਸ ਹਜ਼ਾਰ ਰੁਪਇਆ” । 

ਵਾਰਡ ਵਿੱਚ ਬੈਠੀ ਉਸ ਜਨਾਨੀ ਤੇ ਉਹਦੇ ਪੁੱਤ ਨੂੰ ਚਾਅ ਚੜ੍ਹਿਆ ਹੋਇਆ ਸੀ, ਡਾਕਟਰਨੀ ਨੂੰ ਦਸ ਹਜ਼ਾਰ ਰੁਪਇਆ ਦੇ ਕੇ ਚਾਰ ਪੰਜ ਲੱਖ ਰੁਪਇਆ ਬਚਾ ਲੈਣ ਦਾ । ਵਾਰਡ ਤੋਂ ਬਾਹਰ ਕੂੜੇ ਵਾਲੇ ਡੱਬੇ ਵਿੱਚ ਤਾਜ਼ੇ ਮਾਸ ਦਾ ਲੋਥੜਾ ਜੋ ਕਿ ਦਿਲ ਵਰਗੀ ਸ਼ਕਲ ਦਾ ਸੀ, ਮੰਮੀ ਪਾਪਾ ਦਾ ਜਾਪ ਕਰਦਾ ਹੋਇਆ ਇਸ ਦਾ ਮਤਲਬ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ।

1 comment:

Dee said...

ਵਾਰਡ ਵਿੱਚ ਬੈਠੀ ਉਸ ਜਨਾਨੀ ਤੇ ਉਹਦੇ ਪੁੱਤ ਨੂੰ ਚਾਅ ਚੜ੍ਹਿਆ ਹੋਇਆ ਸੀ, ਡਾਕਟਰਨੀ ਨੂੰ ਦਸ ਹਜ਼ਾਰ ਰੁਪਇਆ ਦੇ ਕੇ ਚਾਰ ਪੰਜ ਲੱਖ ਰੁਪਇਆ ਬਚਾ ਲੈਣ ਦਾ ।
Rishi ji kabley tareef hia tuhadi eh mini kahani.
very true and Heart touching.
Jug jug jieyo Rishi ji
Davinder Kaur
California