…ਲੈ ਵਲਗੂਲੀਏ ਆਲੇ ਸਿੱਧੂਆਂ ਦੀ ਸੁਣ ਲੈ……… ਵਿਅੰਗ / ਸੁਮੀਤ ਟੰਡਨ (ਆਸਟ੍ਰੇਲੀਆ)


ਪਿਆਰੇ ਪਾਠਕੋ, ਜੇ ਕੋਈ ਵਿਅਕਤੀ ਮੈਨੂੰ ਪ੍ਰਸ਼ਨ ਕਰੇ ਕਿ ਉਹ ਕਿਹੜੀਆਂ ਚੀਜ਼ਾਂ ਹਨ, ਜਿਹੜੀਆਂ ਮੇਰੇ ਦਿਲ ਨੂੰ ਸੱਭ ਤੋਂ ਵੱਧ ਸਕੂਨ ਦਿੰਦੀਆਂ ਹਨ ਜਾਂ ਹਰ ਸਮੇਂ ਵਿੱਚ ਮੇਰੇ ਦਿਲ ਨੂੰ ਭਾਉਂਦੀਆਂ ਹਨ ਤਾਂ ਬੇ-ਝਿਜਕ ਮੇਰਾ ਜਵਾਬ ਹੈ ਮੇਰੇ ਪਿੰਡ ਦੀਆਂ ਗੱਲਾਂ ਜਾਂ ਉਹ ਗੱਲਾਂ ਜਿਨ੍ਹਾਂ ਦੀ ਛਾਂ ਹੇਠ ਜ਼ਿੰਦਗ਼ੀ ਦੇ ਅਣਭੋਲ ਵਰ੍ਹੇ ਗੁਜ਼ਾਰੇ ਹਨ। ਗੱਲ ਭਾਵੇਂ ਪੜ੍ਹਨ ਦੀ ਕਰਾਂ ਜਾਂ ਲਿਖਣ ਦੀ ਪਰ ਮੈਨੂੰ ਉਹੀ ਪੜ੍ਹਨਾ ਲਿਖਣਾ ਚੰਗਾ ਲੱਗਦਾ ਹੈ, ਜਿਸ ਵਿੱਚ ਮੇਰਾ ਪੇਂਡੂ ਝਲਕਾਰਾ ਪੇਸ਼ ਹੁੰਦਾ ਹੋਵੇ!
ਕਈ ਗੱਲਾਂ ਜ਼ਿੰਦਗ਼ੀ ਵਿੱਚ ਆਂਵਲੇ ਦੇ ਮੁਰੱਬੇ ਵਰਗੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਚੱਖਣ ਤੋਂ ਬਾਅਦ ਭਾਵ ਸੁਣਨ ਤੋਂ ਬਾਅਦ ਹੀ ਉਨ੍ਹਾਂ ਦੀ ਠੰਢਕ ਅਤੇ ਸਵਾਦ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਅਤੇ ਕਈ ਗੱਲਾਂ ਜ਼ਿੰਦਗ਼ੀ ਵਿੱਚ ਅਜਿਹੀਆਂ ਹਨ ਕਿ ਜਿਨ੍ਹਾਂ ਦੇ ਜਵਾਬ ਸ਼ਾਇਦ ਸਵਾਲਾਂ ਕੋਲ ਵੀ ਨਹੀਂ ਹੁੰਦੇ ! ਅਜਿਹੇ ਸਵਾਲ ਜ਼ਿਆਦਾਤਰ ਪਿੰਡਾਂ ਦੀਆਂ ਸੱਥਾਂ ‘ਚੋਂ ਫੁੱਟਦੇ ਸਨ, ਅਜਿਹੇ ਸਵਾਲਾਂ ਦਾ, ਸਵਾਲ ਪੁੱਛਣ ਵਾਲੇ ‘ਤੇ ਵਧੇਰੇ ਨਿਰਭਰ ਕਰਦਾ ਸੀ ਕਿ ਪੁੱਛਣ ਵਾਲੇ ਦਾ ਸੁਭਾਅ ਕਿਹੋ ਜਿਹਾ ਹੈ, ਉਸਦੀ ਦਿੱਖ, ਭਾਸ਼ਾ ਸ਼ੈਲੀ ਜਾਂ ਫਿਰ ਉਸਦਾ ਰੁਤਬਾ ਸਮਾਜ ਵਿੱਚ ਕਿਸ ਤਰ੍ਹਾਂ ਦਾ ਹੈ। ਪਿੰਡਾਂ ਦੀਆਂ ਸੱਥਾਂ ਦੇ ਸ਼ਿੰਗਾਰ ਮੰਨੇ ਜਾਂਦੇ ਅਮਲੀ, ਵਿਹਲੜ, ਜਾਂ ਬਜ਼ੁਰਗ ਲੋਕ ਜਾਂ ਕੁਝ ਹੋਰ, ਅਜਿਹੇ ਕਿਰਦਾਰ ਬਾਖ਼ੂਬ ਨਿਭਾਉਂਦੇ ਸਨ। ਆਮ ਗੱਲਾਂ ਨੂੰ ਮਸਾਲਾ ਜੜ ਕੇ ਕਰਨ ਨਾਲ ਇਨ੍ਹਾਂ ਵਿੱਚੋਂ ਜੋ ਮਜ਼ਾ ਆਉਂਦਾ ਸੀ, ਨੂੰ ਸ਼ਾਇਦ ਹੀ ਭੁਲਾਉਣਾ ਔਖਾ ਹੈ ! ਇਹ ਗੱਲਾਂ ਆਮ ਤੌਰ ‘ਤੇ ਊਠ ਦੇ ਵਾਵਰੋਲੇ ਵਰਗੀਆਂ ਹੀ ਹੁੰਦੀਆਂ ਸਨ, ਕਈ ਵਾਰ ਤਾਂ ਗੱਲ ਬਾਤ ਨਤੀਜਾ ‘ਖੋਦਿਆ ਪਹਾੜ ਨਿਕਲਿਆ ਚੂਹਾ’ ਵਾਂਗ ਹੀ ਹੁੰਦਾ ਸੀ। ਅਜਿਹੇ ਲੋਕਾਂ ਵੱਲੋਂ ਛੱਡੀਆਂ ਜਾਂਦੀਆਂ ਸ਼ੁਰਲੀਆਂ ਸੱਥਾਂ ਵਿੱਚ ਕਿੰਨੇ-ਕਿੰਨੇ ਦਿਨ ਸੁਲਗਦੀਆਂ ਰਹਿੰਦੀਆਂ।ਪੇਂਡੂ ਮਾਹੌਲ ‘ਚ ਪਲੇ ਲੋਕਾਂ ਲਈ ਇਹ ਆਮ ਗੱਲਾਂ ਹਨ ਕਿ ਖੁੰਢ ਚਰਚਾ ਕੀ ਹੁੰਦੀ ਹੈ? ਪਰ ਅਜੋਕੇ ਸਮੇਂ ਵਿੱਚ ਪਿੰਡਾਂ ਦੇ ਵੀ ਸ਼ਹਿਰੀਕਰਨ ਹੋਣ ਕਾਰਨ ਲੋਕਾਂ ਕੋਲ ਇੱਕ ਦੂਜੇ ਦਾ ਦੁੱਖ ਸੁੱਖ ਵੰਡਾਉਣ ਲਈ ਸਮੇਂ ਦੀ ਥੋੜ੍ਹ ਨੇ ਜ਼ਿੰਦਗ਼ੀ ਵਿੱਚੋਂ ਹਾਸੇ ਠੱਠੇ ਘਟਾ ਦਿੱਤੇ ਹਨ। ਕਿੱਥੇ ਤਾਂ ਦਿਨ ਭਰ ਦੀ ਥਕਾਨ ਮਿਟਾਉਣ ਲਈ, ਸੁੱਖ-ਸਾਂਦ ਪੁੱਛਣ ਲਈ ਜਾਂ ਆਪਣੇ ਆਪ ਨੂੰ ਅਪਡੇਟ ਰੱਖਣ ਲਈ ਸੱਥਾਂ ਹੀ ਸਾਧਨ ਹੁੰਦੀਆਂ ਸਨ ਪਰ ਹੁਣ ਸਮੇਂ ਨੇ ਇਹ ਥਾਂ ਟੈਲੀਵਿਜ਼ਨ ਨੂੰ ਦੇ ਦਿੱਤੀ ਹੈ। ਜਿਸ ਨਾਲ ਇਨਸਾਨ ਦੀ ਬੁੱਧੀ ਤਾਂ ਬੇਸ਼ੱਕ ਵਿਕਸਿਤ ਹੋਈ ਹੈ ਪਰ ਬੁੱਲੀਆਂ ‘ਤੇ ਹਾਸੇ ਸੀਮਿਤ ਹੋ ਕੇ ਰਹਿ ਗਏ ਹਨ। ਸਮੇਂ ਦੀ ਤੇਜ ਰਫ਼ਤਾਰ ਨੇ ਭਾਵੇਂ ਸੱਥਾਂ ਨੂੰ ਪਿੰਡਾਂ ਵਿੱਚੋਂ ਲਗਭਗ ਗ਼ਾਇਬ ਕਰ ਦਿੱਤਾ ਹੈ ਪਰ ਫਿਰ ਵੀ ਇਨ੍ਹਾਂ ਦੀ ਛਾਪ ਰਹਿੰਦੀ ਦੁਨੀਆ ਤੱਕ ਅਮਿੱਟ ਰਹੇਗੀ। ਖੁੰਢ ਚਰਚਾ ਜਾਂ ਅਮਲੀਆਂ ਦੇ ਕਿੱਸੇ ਜਿਨ੍ਹਾਂ ਲੋਕਾਂ ਨੇ ਹਕੀਕਤ ‘ਚ ਦੇਖੇ ਸੁਣੇ ਹੋਣ ਉਨ੍ਹਾਂ ਨੂੰ ਤਾਂ ਅਜਿਹੀਆਂ ਗੱਲਾਂ ਦੀਵੇ ਨੂੰ ਲੋਅ ਦਖਾਉਣ ਬਰਾਬਰ ਹਨ ਪਰ ਜਿਨ੍ਹਾਂ ਨਹੀਂ ਸੁਣੇ ਉਹ ਹੁਣ; ‘ਹੱਥ ਕੰਗਣ ਨੂੰ ਆਰਸੀ ਕੀ ਤੇ ਪੜ੍ਹੇ ਲਿਖੇ ਨੂੰ ਫਾਰਸੀ ਕੀ’ ਤੁਸੀਂ ਆਪ ਹੀ ਪੜ੍ਹ ਲਵੋ :-
ਸਿਖ਼ਰ ਦੁਪਿਹਰ, ਜੇਠ ਦਾ ਮਹੀਨਾ, ਦੀਪਾ ਅਤੇ ਘੋਲਾ ਬਰੋਟੇ ਹੇਠਾਂ ਬੈਠੇ ਆਪਸ ‘ਚ ‘ਗੱਪਾਂ’ ਕੁੱਟ ਰਹੇ ਸਨ ਕਿ ਕੋਲੋਂ ਦੀ ਅਚਾਨਕ ਉਨ੍ਹਾਂ ਦਾ “ਬਾਂਦਰ ਕੀਲੇ” ਵੇਲੇ ਦਾ ਪੁਰਾਣਾ ਬੇਲੀ ‘ਕਰਮਾ’ ਸਾਇਕਲ ਉੱਤੋਂ ਦੀ ਲੰਘਣ ਲੱਗਿਆ; (ਜੋ ਪੜ੍ਹ ਲਿਖ ਕੇ ਹੁਣ ਨੇੜਲੇ ਪਿੰਡ ਦੇ ਸਕੂਲ ‘ਚ ਮਾਸਟਰ ਲੱਗ ਗਿਆ ਹੈ ਅਤੇ ਉਹ ਦੋਵੇਂ ਅਮਲ ਦੇ ਪੱਟੇ ਥੜ੍ਹੇ ਜੋਗੇ ਹੀ ਰਹਿ ਗਏ ) ਤਾਂ ਦੀਪੇ ਨੇ ਬਿਨਾ ਦੇਰ ਕੀਤਿਆਂ ਹਾਕ ਮਾਰ ਲਈ । ਕਰਮਾ, ਦੀਪੇ ਦੀ ਆਵਾਜ਼ ਸੁਣ ਸਾਇਕਲ ਨੂੰ ਸਟੈਂਡ ੳੁੱਤੇ ਲਾ ਉਨ੍ਹਾਂ ਕੋਲ ਆ ਖੜ੍ਹਾ ਹੋਇਆ ਤੇ ਅੱਖਾਂ ਤੋਂ ਐਨਕ ਉਤਾਰ ਮੂਕੇ ਨਾਲ ਪਸੀਨੇ ਨਾਲ ਭਿੱਜਿਆ ਮੂੰਹ ਪੂੰਝਣ ਲੱਗ ਪਿਆ। ਘੋਲੇ ਨੇ ਬਿਨਾ ਮੌਕਾ ਗਵਾਉਂਦਿਆਂ ਕਰਮੇ ‘ਤੇ ਵਿਅੰਗ ਜੜ ਦਿੱਤਾ : “ਕਰਮਿਆ ਤੂੰ ਐਨਾ ਪੜ੍ਹ ਲਿਖ ਗਿਐਂ, ਬਾਈ ਮਾਸਟਰ ਲੱਗ ਗਿਐਂ, ਸਾਰੇ ਪਿੰਡ ‘ਚ ਤੇਰੀ ਟੋਰ੍ਹ ਐ, ਲੈ ਮੈਨੂੰ ਇੱਕ ਗੱਲ ਦੀ ਸਮਝ ਨੀ ਆਈ ਕਿ ਤੇਰੇ ਆਹ ਊਠ ਖੋਪੇ ਕਿਹੜੀ ਗੱਲੋਂ ਲੱਗ ਪਏ ਯਾਰਾ? ਵਿਹਲੜਾਂ ਦੇ ਤਾਂ ਚੱਲ ਮੰਨਿਆ ਕਿ ਆਹ ਊਠ ਖੋਪੇ ਲੱਗ ਜਾਂਦੇ ਆ ਪਰ ਤੇਰੇ ਕਜ ਕਾਸਤੋਂ ਪੈ ਗਿਆ ਬਾਈ ਸਿਆਂ” ! ਊਂ ਗੱਲ ਹਰਾਨੀ ਆਲੀ ਤੇ ਸੋਲਾਂ ਆਨੇ ਸੱਚੀ ਐ ਬਾਈ ਘੋਲੇ ਦੀ , ਦੀਪੇ ਨੇ ਵੀ ਘੋਲੇ ਦੀ ਹਾਂ-ਚ-ਹਾਂ ਮਲਾਉਂਦਿਆਂ ਕਿਹਾ ! ਕਰਮਾ ਇੱਕ ਤਾਂ ਗਰਮੀ ਦਾ ਸਤਾਇਆ ਸੀ ਜਿਸਨੇ ਵੀਹ ਕੋਹ ਤੱਕ ਸਾਇਕਲ ਦੇ ਪੈਡਲ ਘਸਾ ਕੇ ਸਕੂਲ ਤੋਂ ਪਿੰਡ ਤੱਕ ਦੀ ਵਾਟ ਮੁਕਾਈ ਸੀ ਅਤੇ ਉੱਤੋਂ ਪਿੰਡ ‘ਚ ਵੜਨ ਤੋਂ ਪਹਿਲਾਂ ਹੀ ਪਿੰਡ ਦੇ ਸ਼ੁਭਚਿੰਤਕ ਜਾਂ ਅਰਦਲੀ (ਪਹਿਰੇਦਾਰ) ਮੂਹਰੇ ਟੱਕਰ ਗਏ, ਜਿਨ੍ਹਾਂ ਕੋਲ ਕਿਸੇ ਦਾ ਹਾਲ-ਚਾਲ ਪੁੱਛਣ ਲਈ ਸਮਾਂ ਨਹੀਂ ਪਰ ਨਜ਼ਰ ਦੀ ਐਨਕ ਲਗਾਉਣ ਦਾ ਕਜ (ਨੁਕਸ) ਪੈਣ ਦਾ ਫਿਕਰ ਹੈ।
ਕਰਮੇ ਨੇ ਦੋਹਾਂ ਵੱਲ ਡੌਰ-ਭੌਰ ਝਾਖ ਕੇ, ਬਰੋਟੇ ਦੀ ਸੰਘਣੀ ਛਾਂ ਹੇਠ ਥੜ੍ਹਾ ਮੱਲਦਿਆਂ ਪਹਿਲਾਂ ਤਾਂ ਫਤਿਹ ਬੁਲਾਈ ਅਤੇ ਫਿਰ ਸਫ਼ਾਈ ਦਿੰਦਿਆਂ ਕਹਿਣ ਲੱਗਾ, ਬੇਲੀਓ ਮੈਂ ਕਿਹੜਾ ਭੀਮਸੈਨ ਸੁਰਮਚੀ ਦੀ ਹੱਟੀ ‘ਤੇ ਸੁਰਮੇਦਾਨੀਆਂ ਭਰਦਾਂ ! ਜਿਹੜੀਆਂ ਮੇਰੇ ਐਨਕਾਂ ਨਾ ਲੱਗਣ, ਬਾਈ ਮੈਂ ਤਾਂ ਸਾਰਾ ਦਿਨ ਕਤਾਬਾਂ ‘ਚ ਮੱਥਾ ਮਾਰ-ਮਾਰ ਕੇ ਦੂਹਰਾ ਹੁੰਨਾਂ, ਇਸੇ ਲਈ ਨਿਗ੍ਹਾ ਟਕਾਉਣ ਨੂੰ ਲੋਆਏ ਨੇ ਆਹ ਖੋਪੇ, ਨਾਲੇ ਹੋਰ ਕਿਹੜਾ ਇਹਨਾਂ ਦੀ ਮੈਂ ਟੋਹਰ ਮਾਰਨੀ ਆ ਪਿੰਡ ‘ਚ ।ਊਂ ਵੀ ਖੋਪੇ ਉਨ੍ਹਾਂ ਦੇ ਹੀ ਲੱਗਦੇ ਆ ਜਿਹੜੇ ਕੋਈ ਦਮਾਗ਼ੀ ਘਸਾਈ ਜਾਂ ਅੱਖਾਂ ਨਾਲ ਬਾਰੀਕੀ ਦਾ ਕੰਮ ਕਰਨ! ਵਿਹਲੜਾਂ ਨੂੰ ਕੀ ਭਾਉਂਦੇ ਨੇ ਇਹ ਖੋਪੇ? ਖੋਪੇ ਲੋੜ ਨੂੰ ਚੜ੍ਹਾਏ ਨੇ ਟੋਹਰ ਨੂੰ ਨੀ! ਦੱਸੋ ਸਵਾਲ ਵੀ ਕੀ ਪੁੱਛਦੇ ਆ ਅਖੇ ਤੇਰੇ ਐਨਕਾਂ ਕਿਊਂ ਲੱਗ ਗਈਆਂ ? ਠੇਡੇ ਖਾ ਕੇ ਗਿਰਨ ਤੋਂ ਚੰਗਾ ਈ ਐ ਕਿ ਬੰਦਾ ਕਜ ਹੀ ਪਾ ਲਵੇ।
ਦੀਪੇ ਨੇ ਕਰਮੇ ਨੂੰ ਵਿੱਚੋਂ ਟੋਕਦਿਆਂ ਅਗਲੀ ਗੱਲ ਛੇੜ ਲਈ ….”
“ਲੈ ਬਾਈ ਸਿਆਂ ਆਹ ਨਾਲ ਦੇ ਪਿੰਡ ਆਲਿਆਂ, ਵਲਗੂਲੀਏ ਆਲੇ ਸਿੱਧੂਆਂ ਦੀ ਸੁਣ ਲੈ, ਦੇਖ ਕਿੰਨੀ ਪੈਲੀ ਆ ਸਹੁਰਿਆਂ ਦੀ, ਕਹਿੰਦੇ ਸਿਡਣੀ ਤੱਕ ਨਾਓਂ ਵੱਜਦਾ ਡਾਹਡਿਆਂ ਦਾ। ਰੱਬ ਨੇ ਵਾਹਵਾ ਦਿੱਤਾ; ਘਰ ‘ਚ ਕਿਸੇ ਚੀਜ਼ ਦਾ ਅੰਤ ਨੀ,ਚੌਥੇ ਦਿਨ ਮੀਂਹ ਪੈਂਦੈ ਕਰਮਾਂ ਆਲਿਆਂ ਦੇ; ਮੈਂ ਤਾਂ ਸੁਣਿਆ ਬਾਈ ਕੋਈ ਮੀਂਹ ਸੁੱਕਾ ਨੀ ਜਾਣ ਦਿੰਦੇ, ਜਿੱਦੇ ਸਰਦਾਰਨੀ ਗੁਲਗੁਲੇ ਨਾ ਪਕਾਉਂਦੀ ਹੋਵੇ ! ਰੱਜ ਕੇ ਰਜਾਏ ਦਾਤੇ ਨੈ ਪਰ ਫੇਰ ਵੀ ਤੂੰ ਡਾਹਢਾ ਏ ਵਾਗਰੂ, ਤੇਰੀਆਂ ਤੂੰ ਹੀ ਜਾਣੇ …ਸੱਚਿਆ ਪਾਛਾ ! ਲੈ ਹੁਣ ਇਨ੍ਹਾਂ ਦੇ ਜੁਆਕਾਂ ਦੀ ਹੀ ਸੁਣ ਲੈ, “ਕਹਿੰਦੇ ਭਾਈ ਛੀਆਂ ਸਾਲਾਂ ਦੇ ਮੁੰਡੇ ਦੇ ਦੰਦਾਂ ਨੂੰ ਕੀੜਾ ਲੱਗ ਗਿਆ !” ਲੈ ਭਲਾ, ਜੇ ਅਮੀਰਾਂ ਦਾ ਹਾਹ ਹਾਲ ਐ ਤਾਂ ਭਾਈ ਸਾਡੇ ਸਰੀਰਾਂ ‘ਚਂ ਤਾਂ ਸੱਪ ਕਦੇ ਵੀ ਬਰਮੀਆਂ ਬਣਾ ਲੈਣ ! ਸਾਨੂੰ ਕੌਣ ਬਚਾਊ …?”
ਕਰਮੇ ਨੇ ਦੀਪੇ ਨੂੰ ਵਿੱਚੋਂ ਰੋਕ ਕੇ ਕਿਹਾ, ਦੀਪਿਆ ਦੰਦਾਂ ਨੂੰ ਕੀੜੇ ਨਾਲ ਅਮੀਰੀ ਗ਼ਰੀਬੀ ਦਾ ਕੀ ਲੈਣਾ ਹੋਇਆ ? ਥੋਡੀ ਗੱਲ ਦਾ ਕੋਈ ਸਿਰ ਪੈਰ ਵੀ ਹੁੰਦੈ ਕਦੇ! ਜੁਆਕਾਂ ਦੇ ਦੰਦਾਂ ਨੂੰ ਕੀੜਾ ਖੰਡ ਦੇ ਫੱਕਿਆ ਨਾਲ ਲੱਗਦੈ ਨਾ ਕਿ ਅਮੀਰੀ ਗ਼ਰੀਬੀ ਕਰਕੇ। ਤੁਸੀਂ ਵੀ ਬੱਸ ਐਵੇਂ ਹੀ ਜੋ ਮੂੰਹ ਆਉਂਦੀ ਸੁੱਟ ਦਿੰਦੇ ਓ। ਗੱਲ ਦਾ ਸਿਰਾ ਵੀ ਦੇਖਿਆ ਕਰੋ , ਬੱਸ ਊਂ ਈ ਸਿਰਾ ਲਾ ਦਿੰਦੇ ਓ ।
ਕਰਮੇ ਦੀ ਤਲਖੀ ਨਾਲ ਇੱਕ ਵਾਰ ਬਰੋਟੇ ਹੇਠ ਚੁੱਪ ਛਾ ਗਈ।ਘੋਲੇ ਨੇ ਹੌਲੀ ਜਹੀ ਖੰਗੂਰਾ ਜਿਹਾ ਮਾਰ ਕੇ ਕਰਮੇ ਨੂੰ ਸਾਇਕਲ ਨਾਲ ਲਮਕਦੇ ਝੋਲੇ ਬਾਰੇ ਪੁੱਛਿਆ: ਕੀ ਗੱਲ ਸ਼ਹਿਰੀਆ, ਹੁਣ ਸ਼ਹਿਰ ਦਾ ਮਾਲ ਚੋਰੀ-ਚੋਰੀ ਖਾਏਂਗਾ ਸਾਥੋਂ? ਸਾਨੂੰ ਵੀ ‘ਪੰਜਰਤਨੀ’ ਚਖਾ ਦੇ ਕਦੇ ਸ਼ਹਿਰ ਦੀ ! ਅਸੀਂ ਵੀ ਤੇਰੇ ਪੁਰਾਣੇ ਬੇਲੀ ਆਂ ਕੁਹੜੀਆ । ਕਰਮੇ ਨੇ ਘੋਲੇ ਨੂੰ ਤਾੜਦਿਆਂ ਝੋਲੇ ਨੂੰ ਸਾਇਕਲ ਨਾਲੋਂ ਲਾਹ ਲਿਆ ਤੇ ਖੱਬੀ ਲੱਤ ਨਾਲ ਦੂਹਰਾ ਕਰ ਕੇ ਧਰ ਲਿਆ। ਸ਼ਹਿਰ ਤੋਂ ਖਰੀਦ ਕੇ ਲਿਆਂਦੀ ਅਖ਼ਬਾਰ ਨੂੰ ਝੋਲੇ ‘ਚੋਂ ਕੱਢ, ਦੋਹਾਂ ਮੂਹਰੇ ਵਿਛਾ ਦਿੱਤਾ ਤੇ ਕਿਹਾ ਆਹ ਹੈ “ਪੰਜਤਾਰਨੀ” , ਲਓ ਵੰਡ ਲਓ ਦੋਵੇਂ ਜਣੇ। ਦੀਪੇ ਨੇ ਮੱਲਕ ਦੇਣੀ ਅਖ਼ਬਾਰ ‘ਚੋਂ ਪਰਚਾ ਖਸਕਾਇਆ ਤੇ ਆਵਦੇ ਜਣੇ ਗਹੁ ਨਾਲ ਫਰੋਲਣ ਲੱਗ ਪਿਆ। ਦੋ ਪੰਨੇ ਫਰੋਲਣ ਤੋਂ ਬਾਅਦ ਕੋਈ ਤਸਵੀਰ ਦੇਖ ਕੇ ਉੱਭੜਵਾਹਾ ਜਿਹਾ ਬੋਲਿਆ; ਘੋਲਿਆ ਆਹ ਤਾਂ ਆਪਣਾ ਮਿੰਟੂ… ਐ। ਬਾਈ ਦੀ ਆਏ ਦਿਨ ਫੋਟੋ ਆਉਂਦੀ ਐ ! ਲੈ ਹੁਣ ਐਤਕਾਂ ਲੱਗਦਾ ਬਾਈ ਕੋਈ ਹੋਰ ਮੱਲ੍ਹ ਮਾਰੂ। ਲਾਊ ਕੋਈ ਸਿਰਾ, ਲੱਗ ਰਿਹੈ ਫ਼ੋਟੋ ਦੇਖ ਕੇ ! ਮੈਨੂੰ ਤਾਂ ਪੂਰਾ ਜਕੀਨ ਐ, ਇਹ ਬਾਈ ਮਿੰਟੂ ਈ ਐ, ਘੋਲੇ ਨੇ ਵੀ ਹਾਂ-ਚ-ਹਾਂ ਦੇ ਮਾਰੀ । ਮੈਂ ਤਾਂ ਕਹਿੰਦਾ ਬਾਈ ਨੂੰ “ਅਰਜਣ ਵਾਰਡ” ਦੁਆਈਏ। ਹੋਰ ਤਾਂ ਬਾਈ ਨੇ ਸਾਰੇ ਹੂੰਝ ਲੇ, ਹਾ-ਹੀ ਬਚਿਆ, ਕੇਰਾਂ ਬਣਾਉਂਦੇ ਆਂ ਕੋਈ ਜੁਗਤ ਬਾਈ ਆਸਤੇ !
ਕਰਮਾ : ਹੈਂ…….ਅਰਜੁਨ ਐਵਾਰਡ ! ਥੋਨੂੰ ਪਤਾ ਵੀ ਹੈ ਕਿ ਕਿਹੜਾ ਐਵਾਰਡ ਕਿਸ ਲਈ ਬਣਿਆ ਅਮਲੀਓ? ਬੱਸ ਗੱਲ ਫੁਰਨੀ ਚਾਹੀਦੀ ,ਫਹੁੜਾ ਜਿੱਥੇ ਮਰਜ਼ੀ ਜੜ ਦਿਓ! ਕਰਮੇ ਨੇ ਦੋਹਾਂ ਵੱਲ ਦੇਖ ਕੇ ਚੁੱਪ ਵੱਟ ਲਈ ਤੇ ਨਾਸ੍ਹਾਂ ਥਾਣੀ ਸਾਹ ਦੇ ਲੰਬੇ-ਲੰਬੇ ਫੁਂਕਾਰੇ ਮਾਰਨ ਲੱਗ ਗਿਆ। ਦੀਪਾ ਫੇਰ ਵੀ ਨਾ ਬੋਲਣੋ ਹਟਿਆ ਤੇ ਕਹਿਣ ਲੱਗਾ; ਘੋਲਿਆ ਲੈ ਐਂ ਦੇਖ, ਬਾਈ ਦਾ ਊਂ ਸਾਰਾ ਕੁੱਝ ਸੂਤ ਆ ਪਰ ਹਾਹ ਰੱਬ ਦੇ ਰੰਗ ਦੇਖ ਲਓ, ਜੇ ਛੱਪੜ ਫਾੜ ਕੇ ਦਿੰਦੈ ਤਾਂ ਚੂੰਡੀ ‘ਚ ਖੋਹ ਵੀ ਲੈਂਦੇ ! ਕਰਮੇ ਨੂੰ ਲੱਗਿਆ ਕਿ ਹੁਣ ਦੀਪਾ ਕੋਈ ਸਿਆਣੀ ਗੱਲ ਕਰੂ ! ਪਰ….
…ਲੈ ਤੂੰ ਹੁਣ ਐਂ ਦੇਖ ਲੈ ਆਹ ਬਾਈ ਕਿੱਡਾ ਵੱਡਾ ਲਖਾਰੀ ਐ, ਸਾਰੇ ਮੰਨਦੇ ਆ! ਪਰ ਹੁਣ ਜੇ ਰੱਬ ਨੇ ਕਲਮ ਨੂੰ ਬਲ ਬਖਛਿਆ ਤਾਂ ਨਾਲ ਦੀ ਨਾਲ ਸਿਰ ‘ਤੇ ‘ਗੰਜ’ ਪਾ ਤਾ ! ਹੁਣ ਤੂੰ ਆਪ ਦੇਖ ਘੋਲਿਆ ਬਾਈ ਹੈ ਨਾ ਰੱਬ ਡਾਹਡਾ, ਵਾਗਰੂ-ਵਾਗਰੂ, ਤੂੰ ਜਾਣੀ ਜਾਣ ਮਾਰਾਜ- ਸੱਚਿਆ ਪਾਛਾ । ਡਰੀਏ ਤੇਰੀ ਡਾਂਗ ਤੋਂ। ਆਪਾਂ ਫੇਰ ਚੰਗੇ ਆਂ ਘੋਲਿਆ; ਜ਼ਮਾਨਾ ਬੜਾ ਕੈੜਾ ਬਾਈ ਸਿਆਂ, ਡਰੀਏ ਰੱਬ ਕੋਲੋਂ । ਹੈਂ……….ਰੱਬ…ਗੰਜ….ਲਖਾਰੀ ….ਆਹ ਕੀ ਕਮਲਿਓ? ਕਰਮੇ ਨੇ ਆਹ ਗੱਲ ਸੁਣਦੇ ਸਾਰ ਮੂਹਰਲੀਆਂ ਦੋ ਉਂਗਲੀਆਂ ਦੀ ਗੁਲੇਲ ਬਣਾ ਕੇ ਡੇਲਿਆਂ ‘ਤੇ ਧਰ ਲਈ। ਓਏ ਇਨ੍ਹਾਂ ਗੱਲਾਂ ਦਾ ਆਪਸ ‘ਚ ਕੀ ਲੈਣ ਦੇਣ ਐ ਪਤੰਦਰੋ ! ਲਖਾਰੀ ਹੋਣਾ ਅੱਡ ਗੱਲ ਐ ਤੇ ਸਿਰ ਤੋਂ ਵਾਲ ਝੜਨੇ ਅੱਡ। ਨਾਲੇ ਮੈਂ ਪੜ੍ਹਿਆ ਸੀ ਕਿ ਵਾਲਾਂ ਦੇ ਝੜਨ ਦਾ ਕਾਰਨ ਜ਼ਿਆਦਾਤਰ ਦਮਾਗ਼ੀ ਬੋਝ ਹੁੰਦਾ, ਜਿਸ ਲਈ ਵਾਲ ਝੜ ਜਾਂਦੇ ਹਨ। ਘੋਲੇ ਨੇ ਕਰਮੇ ਨੂੰ ਵਿੱਚੋਂ ਬੋਚਦਿਆਂ ਕਿਹਾ, ਲੈ ਬਾਈ ਸਿਆਂ ਤੂੰ ਹਰ ਗੱਲ ਨੂੰ ਡਮਾਕ ਨਾ ਜੋੜ ਦਿੰਨੈ, ਤੈਨੂੰ ਕੀ ਲੱਗਦਾ ਸਾਡੇ ਕੋਲੇ ਹੈ ਨੀ…..ਡਮਾਕ ? ਊਂ ਵੀ ਲਿਖਣ ਨਾਲੋਂ ਪੜ੍ਹਨ ਨੂੰ ਬਾਹਲਾ ਡਮਾਕ ਚਾਹੀਦੈ…ਹੱਲਾ । ਬਾਈ ਇਹ ਸਾਰੇ ਰੱਬ ਦੇ ਰੰਗ ਐ, ਤੂੰ ਮੰਨ ਭਾਵੇਂ ਨਾ ਮੰਨ। ਸਾਨੂੰ ਤਾਂ ਜਕੀਨ ਐ। ਉਹ ਬੈਠਾ ਲੀਲੀ ਛਤਰੀ ਆਲਾ।
ਇਸ ਵਾਰ ਵੀ ਕਰਮੇ ਨੂੰ ਮੱਥਾ ਫਿੱਟਣ ਦੀ ਬਜਾਇ ਹੋਰ ਕੁੱਝ ਨਹੀਂ ਸੁੱਝਿਆ। ਦੋਹਾਂ ਦੀਆਂ ਗੱਲਾਂ ਤੋਂ ਉਕਤਾਇਆ ਕਰਮਾ ਜਦੋਂ ਜਾਣ ਲਈ ਖੜ੍ਹਾ ਹੋਇਆ ਤਾਂ ਦੀਪੇ ਨੇ ਬਾਂਹ ਤੋਂ ਫੜ ਕੇ ਕਰਮੇ ਨੂੰ ਫੇਰ ਬਿਠਾਲ ਲਿਆ ਤੇ ਪੁੱਛਣ ਲੱਗਾ: ਕਰਮਿਆਂ ਐਂ ਦੱਸ “ਪਹਿਲਾਂ ਮੁਰਗੀ ਬਣੀ ਜਾਂ ਆਂਡਾ” । 

ਕਰਮੇ ਨੇ ਦੋਹਾਂ ਤੋਂ ਖਹਿੜਾ ਛੁਡਾਣ ਲਈ ਹੱਥ ਜੋੜ ਕਿਹਾ ਬਾਈ ਦੋਨੋਂ ਕੱਠੇ ਹੀ ਆਏ ਸਨ। ਥੋਡੇ ਘਰੇ ਮੁਰਗੀ ਗਿਰ੍ਹੀ ਸੀ ਤੇ ਘੋਲੇ ਕੇ ਘਰੇ ਆਂਡਾ। ਮੈਨੂੰ ਬਖ਼ਸ਼ੋ ! ਤਿੰਨੇ ਜਣੇ ਠਹਾਕੇ ਨਾਲ ਹੱਸ ਪਏ।
ਕਰਮਿਆਂ ਲੈ ਐਂ ਦੇਖ ਆਪਣੇ ਪਿੰਡ ਆਲਾ ਬੋਪਾਰਾਏ ਕਿੱਡਾ ਸੁਲਝਿਆ ਬੰਦੈ, ਸਾਰੇ ਮੰਨਦੇ ਵੀ ਆ ਬਾਈ ਦੀ ਗੱਲ-ਬਾਤ ਨੂੰ, ਲੈ ਤੂੰ ਹੁਣ ਐਂ ਦੇਖ ਲੈ ਸੌਰ੍ਹਾ ਗੱਲ ਕਰਦਾ ਕਰਦਾ ਵਿੱਚੇ ਭੁੱਲ ਜਾਂਦੈ, ਕਿ ਕੀਹਨੂੰ ਕੀ ਕਿਹਣਾ ਸੀ….ਕੇਰਾਂ ਮੈਨੂੰ ਕਹਿੰਦਾ ਘੋਲਿਆ ਬਾਈ ਸਾਡੇ ਘਰੇ ਮੁੰਡੇ ਦੇ ਵਿਆਹ ਨੂੰ ਸੀਰਨੀ ਤੈਂ ਬਣਾਉਣੀ, ਆਹ ਹੁਣ ਤੇਰੀ ਜੁੰਮੇਆਰੀ ਆ ਮੇਰਾ ਵੀਰ, ਹੈਂ…ਮੇਰਾ ਵੀਰ ! ਚੰਗਾ ਮੇਰਾ ਵੀਰ, ਹੁਣ ਫੇਰ ਨਾ ਕਹੀਂ, ਹੈਂ, ਲੈ ਅੱਜ ਈ ਦੱਸ ਤਾ ਤੈਨੂੰ।
ਲੈ ਭਾਈ ਮੈਂ ਸਾਰਾ ਅੱਲੜ ਜੁੱਲੜ ਕੱਠਾ ਕਰ ਲਿਆ। ਮੰਗ ਮਗਾ ਕੇ ਝਰਨੀ ਦਾ ਜਗਾੜ ਵੀ ਬਣਾ ਲਿਆ।ਜਿੱਦੈਂ ਮੈਂ ਘਰੇ ਗਿਆ ਮੈਨੂੰ ਕਹਿੰਦਾ ਕਿੱਧਰ ਅਮਲੀਆ।….ਕਿੱਧਰ ਮੂੰਹ ਚੱਕਿਐ ?
ਲੈ ਮੈਂ ਕਿਹਾ ਬਾਈ ਤੈਂ ਆਪ ਹੀ ਤਾਂ ਸੱਦਿਆ ਸੀ ਸੀਰਨੀ ਬਣਾਉਣ ਨੂੰ, ਲੈ ਆਪਾਂ ਤਾਂ ਆ ਗੇ ਲਾਣਾ ਬਾਣਾ ਲੈ ਕੇ, ਦੱਸ ਕੇਰਾਂ ਕਿੱਥੇ ਪੱਟੀਏ ਭੱਠੀ ? ਜਦੋਂ ਮੈਂ ਐਨੀ ਗੱਲ ਕਹੀ ਉਹ ਤਾਂ ਪਤੰਦਰ ਮੇਰੇ ਪਿੱਛੇ ਜੁੱਤੀ ਲੈ ਕੇ ਪੈ ਗਿਆ। ਕਹਿੰਦਾ ਬਣਾਉਂਦਾ ਤੈਥੋਂ ਸੀਰਨੀ ਨਾਲ ਸੱਕਰਪਾਰੇ ….ਵਗ ਜਾ ਐਥੋਂ ਲੱਗਦਾ ਸੀਰਨੀ ਦਾ। ਸਾਡੇ ਘਰੇ ਕਿਹੜੀ ਬੂਰੀ ਮੱਝ ਸੂਈ ਆ ਜਿਹੜੀਆਂ ਸੀਰਨੀਆ ਭਾਲਦਾ! ਲਓ ਜੀ ਆਹ ਤਾਂ ਮੇਰੇ ਨਾਲ ਕੀਤੀ ! ਉਹ ਤਾਂ ਬਾਅਦ ‘ਚ ਪਤਾ ਚੱਲਿਆ ਕਿ ਉਹ ਤਾਂ ਮੇਰੇ ਨਾਲ ਗੱਲ ਕਰਦਾ- ਕਰਦਾ ਭੁੱਲ ਗਿਆ ਸੀ ਕਿ ਵਿਆਹ ਦੀ ਭਾਜੀ ਉਹ ਆਵਦੇ ਮੁੰਡੇ ਦੀ ਨੀਂ, ਗਰਚਿਆਂ ਦੇ ਟੱਬਰ ਦੇ ਬਣਾਉਣ ਨੂੰ ਕਹਿੰਦਾ ਸੀ ! ਨਾਲੇ ਉਹਦੇ ਤਾਂ ਕੋਈ ਮੁੰਡਾ ਵੀ ਹੈ ਨੀਂ, ਹਾਹ ਤਾਂ ਮੈਂ ਫੇਰ ਡਮਾਕ ਲਾ ਕੇ ਸੋਚਿਆ !
ਉਹ ਹੋ ਘੋਲਿਆ; ਤੈਨੂੰ ਦੇਖਣਾ ਚਾਹੀਦਾ ਸੀ ਬਾਈ ਫੇਰ ਐਂਵੇ ਥੋੜ੍ਹੋ ਮੂੰਹ ਚੱਕ ਕੇ ਤੁਰ ਜਾਈਦੈ ਕਿਸੇ ਦੇ ਘਰੇ। ਨਾਲੇ ਉਸਨੇ ਤੈਨੂੰ ਮੁੰਡੇ ਦੇ ਵਿਆਹ ਤੇ ਸੱਦਿਆ ਸੀ ਮੱਝ ਦੇ ਜਣੇਪੇ ‘ਤੇ ਥੋੜ੍ਹੀ, ਕਰਮੇ ਨੇ ਦੀਪੇ ਨੂੰ ਹਲੂਣਦਿਆਂ ਟਿੱਚਰ ਨਾਲ ਗੱਲ ਆਖੀ, ਤਿੰਨਾਂ ਵਿੱਚ ਹਾਸਾ ਫਿਰ ਛਿੜ ਪਿਆ।
ਸੰਝ ਦਾ ਵੇਲਾ ਨੇੜੇ ਆਉਣ ਲੱਗਿਆ, ਸੂਰਜ ਦੀਆਂ ਕਿਰਣਾਂ ‘ਚ ਲਾਲੀ ਦਾ ਰੰਗ ਗੂੜ੍ਹਾ ਜਾਪਣ ਲੱਗ ਪਿਆ, ਦੀਪਾ ਤੇ ਘੋਲੇ ਨੇ ਹੌਲੀ-ਹੌਲੀ ਪੈਰਾਂ ਵਿੱਚ ਖੁੱਸੇ ਅੜਾਉਣੇ ਸ਼ੁਰੂ ਕਰ ਦਿੱਤੇ ਅਤੇ ਤੰਬੇ ਝਾੜਦੇ ਖੜ੍ਹੇ ਹੋ ਗਏ। ਕਰਮਾ ਉਨ੍ਹਾਂ ਦੇ ਇਸ ਵਰਤਾਰੇ ਨੂੰ ਗਹੁ ਨਾਲ ਤੱਕਦਾ ਰਿਹਾ ਤੇ ਹੈਰਾਨ ਹੁੰਦਾ ਰਿਹਾ ! ਅਖੀਰ ਦੋਏ ਖੜ੍ਹੇ ਹੋਏ ਤੇ ਕਰਮੇ ਨੂੰ ਆਖਣ ਲੱਗੇ; ਲੈ ਬਈ ਕਰਮਿਆ ਅੱਜ ਦਾ ਦਿਨ ਤਾਂ ਵਧੀਆ ਲੰਘ ਗਿਆ ਬੇਲੀਆ, ਤੂੰ ਠਹਿਰਿਆ ਸ਼ਹਿਰੀ ਬੰਦਾ, ਘਰੇ ਕੰਮ ਕਾਰ ਤਾਂ ਤੇਰੇ ਕੋਈ ਹੈ ਨੀ ਤੈਨੂੰ, ਹਾਹ ਕਤਾਬਾਂ ‘ਚ ਮੱਥਾ ਖਪਾਈ ਕਰੀ ਜਾਨਾਂ ਹਾਹ ਕੋਈ ਖਾਸ ਕੰਮ ਤਾਂ ਹੈਂ ਨੀਂ ਸਾਡੇ ਜਣੇ, ਲੈ ਆਪਾਂ ਚੱਲੇ ਘਰਾਂ ਨੂੰ, ਜਾ ਕੇ ਕੱਖ ਕੂੜਾ ਵੀ ਕਰਨੈ। ਲੈ ਤੂੰ ਸਾਂਭ ਆਵਦੀ ਜਿਣਸ(ਅਖ਼ਬਾਰ) ਸਾਨੂੰ ਛੁੱਟੀਆਂ ਬਖ਼ਸ਼।
ਦੋਹਾਂ ਨੇ ਪੈਰਾਂ ‘ਚ ਖੁੱਸੇ ਅੜਾਏ, ਤੰਬੇ ਝਾੜੇ, ਮੋਢੇ ਤੇ ਪਰਨੇ ਸੰਵਾਰੇ ਅਤੇ ਥੜ੍ਹੇ ਤੋਂ ਉਤਰ ਪਹੀ ਵੱਲ ਹੋ ਪਏ…..।
ਕਰਮਾ ਜਿਹੜਾ ਸਕੂਲ਼ ਵਿੱਚ ਪੜ੍ਹਾ ਕੇ, ਸਾਰਾ ਦਿਨ ਮਗ਼ਜ ਖਪਾਈ ਕਰਵਾ ਕੇ, ਅਤੇ ਅੰਤ ਦੀ ਗਰਮੀ ‘ਚ ਸਾਇਕਲ ਦੀਆਂ ਚੀਕਾਂ ਘਡਾ ਕੇ ਘਰ ਨੂੰ ਮੁੜ ਰਿਹਾ ਸੀ, ਇੱਕ ਪਲ ਲਈ ਹੈਰਾਨ ਹੁੰਦਾ ਸੋਚਦਾ ਰਿਹਾ, ਬਾਹਲੇ ਕੰਜਰ ਨਿਕਲੇ ਦੋਵੇਂ,! ਇੱਕ ਤਾਂ ਮੈਨੂੰ ਆਵਾਜ਼ ਮਾਰ ਕੇ ਬੁਲਾਇਆ, ਦੂਜਾ ਮੈਥੋਂ ਗੱਲਾਂ ਸੁਣੀਆਂ ਤੇ ਤੀਜਾ ਮੈਨੂੰ ਜਾਂਦੇ ਜਾਂਦੇ ਨੂੰ ਵਿਹਲੜ ਕਹਿ ਗਏ ? ਕਮਾਲ ਐ ਯਾਰ ! ਐਦਾਂ ਦੇ ਵੀ ਲੋਕ ਦੁਨੀਆ ‘ਚ ਹੁੰਦੇ ਨੇ… ?
ਇੱਕ ਮਿੰਟ ਲਈ ਉਸੇ ਥਾਂ ‘ਤੇ ਖੜ੍ਹਾ ਕਰਮਾ ਸਕੂਲ ਤੋਂ ਨਿਕਲਣ ਵੇਲੇ ਦੇ ਬੋਲਾਂ ਨੂੰ ਯਾਦ ਕਰਨ ਲੱਗਾ, ਜਿਹੜੇ ਉਸਨੇ ਸਕੂਲ ਦੀ ਕੰਧ ਨਾਲ ਲੱਗੇ ਕਿਸੇ ਧਾਰਮਿਕ ਦੀਵਾਨ ਵਿੱਚ ਸੁਣੇ ਸਨ; ਕੋਈ ਡੱਡਣੀਆਂ ਵਾਲਾ ਬਾਬਾ ਸੰਗਤ ਦੇ ਭਰੇ ਪੰਡਾਲ ਵਿੱਚ, ਕਿਸੇ ਗਾਇਕ ਦੇ ਵਿਰੋਧ ਵਿੱਚ, ਬਾਂਹ ਲੰਮੀ ਕਰ-ਕਰ ਸੰਗਤ ਨੂੰ ਮਨਘੜਤ ਕਹਾਣੀ ਨਾਲ ਉਕਸਾ ਰਿਹਾ ਸੀ, ਕਿ ਸਾਧ ਸੰਗਤ ਸਮਾਂ ਬਾਹਲਾ ਖ਼ਰਾਬ ਆ ਗਿਐ, ਹੁਣ ਤਾਂ ਜੇ ਅਸੀਂ ਵੀ ਜੂਸ ਪੀਂਦੇ ਹਾਂ ਤਾਂ ਵੀ ਕਈ ਲੋਗ ਅਤਰਾਜ਼ ਕਰਦੇ ਨੇ, ਕਹਿੰਦੇ ਨੇ :… ਤੁਸੀਂ ਵੀ ਜੂਸ ਪੀਨੇਂ ਓ… ?
ਕਰਮੇ ਦਾ ਮੱਥਾ ਠਣਕਿਆ, ਤੇ ਆਪਣੇ ਆਪ ਨੂੰ ਕਹਿਣ ਲੱਗਾ, ਮਨਾ ਤੂੰ ਦੀਪੇ ਅਤੇ ਘੋਲੇ ਦੀਆਂ ਗੱਲਾਂ ਦਾ ਬੁਰਾ ਮਨਾ ਗਿਆ, ਜਿਨ੍ਹਾਂ ਨੂੰ ਦੁਨੀਆਦਾਰੀ ਦੀ ਸੱਚੀਂ ਸਮਝ ਨਹੀਂ ਪਰ ਆਹ ਦੇਖ ਅਜਿਹੇ ਲੋਕ ਜਿਹੜੇ ਸੱਭ ਜਾਣ ਬੁੱਝ ਲੋਕਾਂ ਨੂੰ ਉਕਸਾਉਂਦੇ ਹਨ , ਬੇਤੁਕੀਆਂ ਗੱਲਾਂ ਨਾਲ ਦੁਨੀਆ ਨੂੰ ਗ਼ੁਮਰਾਹ ਕਰਦੇ ਹਨ, ਜਨਤਾ ਦਾ ਮਾਨਸਿਕ ਸ਼ੋਸ਼ਣ ਕਰਦੇ ਹਨ, ਭੋਲ਼ੀ ਭਾਲੀ ਜਨਤਾ ਦਾ ਬੇ-ਵਜਾਹ ਸਮਾਂ ਬਰਬਾਦ ਕਰਦੇ ਹਨ ਅਤੇ ਅਖੀਰ ਉਨ੍ਹਾਂ ਨੂੰ ਧੂੜ ਦੇ ਟੱਟੂ ਤੇ ਬਿਠਾ ਆਪ ਬੱਤੀ ਵਾਲੀ ਕਾਰ ‘ਤੇ ਫੁਰਰਰ ਹੋ ਜਾਂਦੇ ਨੇ। ਇਨ੍ਹਾਂ ਦਾ ਗ਼ੁਮਰਾਹ ਹੋਇਆ ਬੰਦਾ ਤਾਂ ਕਿਧਰੇ ਦਾ ਵੀ ਨਹੀਂ ਰਹਿੰਦਾ, “ਘਰ ਦਾ ਵੀ ਨਹੀਂ ਤੇ ਘਾਟ ਦਾ ਵੀ ਨਹੀਂ”।
ਅਜਿਹੇ ਸਮਾਗਮਾਂ ਤੋਂ ਤਾਂ ਚੰਗਾ ਹੈ ਕਿ ਬੰਦਾ ਪਿੰਡ ਦੀ ਸੱਥ ‘ਚ ਇਨ੍ਹਾਂ ਰੌਣਕੀ ਬੰਦਿਆਂ ਨਾਲ ਹਾਸਾ-ਠੱਠਾ ਕਰਕੇ ਸਮਾਂ ਖ਼ਰਾਬ ਕਰੇ, ਜਿਨ੍ਹਾਂ ਨਾਲ ਦਿਲ ਅਤੇ ਦਿਮਾਗ਼ ਤੰਦਰੁਸਤ ਰਹਿੰਦੇ ਹਨ ।
ਕਰਮਾ ਇਸੀ ਦੁਚਿੱਤੀ ‘ਚ ਫਸਿਆ ਸਾਇਕਲ ਅਤੇ ਝੋਲੇ ਨੂੰ ਸਾਂਭਦਾ, ਜਿਹੜੀ ਪਹੀ ਤੋਂ ਉਤਰਿਆ ਸੀ, ਉਸੇ ਤੇ ਫੇਰ ਹੋ ਲਿਆ।
****

No comments: