‘ਮੇਰੀ ਪੱਤਰਕਾਰੀ ਦੇ ਰੰਗ’ ਉਂਪਰ ਇੱਕ ਪੂਰਣ ਝਾਤ .......... ਲੇਖ਼ / ਗੁਰਕੀਰਤ ਸਿੰਘ ਟਿਵਾਣਾ

ਕੈਲਗਰੀ ਦੇ ਬਾਬਾ ਬੋਹੜ ਪ੍ਰੋ.ਮਨਜੀਤ ਸਿੰਘ ਸਿੱਧੂ ਨਾਲ ਮੇਰੀ ਪਹਿਲੀ ਮੁਲਾਕਾਤ 2005 ਵਿੱਚ ‘ਇੰਡੋ-ਕਨੇਡੀਅਨ ਆਸੌਸੀਏਸ਼ਨ ਆਫ ਇਮੀਗਰਾਂਟ ਸੀਨੀਅਰਜ਼’ ਦੀ ਮੀਟਿੰਗ ਦੌਰਾਨ ਹੋਈ।ਉਹਨਾਂ ਦੀ ਉਮਰ ਜੀਵਨ ਅਤੇ ਤਜੱਰਬੇ ਅਤੇ ਪੱਤਰਕਾਰੀ ਦੇ ਖੇਤਰ ਵਿੱਚ ਅਜੇ ਵੀ ਸਰਗਰਮ ਹੋਣ ਕਾਰਨ ਮੈਂ ਉਨ੍ਹਾਂ ਦੀ ਸ਼ਖ਼ਸ਼ੀਅਤ ਤੋਂ ਪ੍ਰਭਾਵਤ ਹੋਣ ਨਾਲੋਂ ਕਿਤੇ ਵਧੇਰੇ ਦਬਿਆ ਰਹਿੰਦਾ ਸਾਂ। ਮੇਰੇ ਪੱਤਰਕਾਰੀ ਜੀਵਨ ਦੌਰਾਨ ਮੈਨੂੰ ਬਹੁਤ ਸਾਰੇ ਪੱਤਰਕਾਰਾਂ ਅਤੇ ਸਾਹਿਤਕਾਰਾਂ ਨਾਲ ਮਿਲਣ ਦਾ ਮੌਕਾ ਮਿਲਦਾ ਰਿਹਾ, ਪ੍ਰੰਤੂ ਪ੍ਰੋ. ਮਨਜੀਤ ਸਿੰਘ ਦੀ ਉਮਰ ਦਾ ਕੋਈ ਸਰਗਰਮ ਪੱਤਰਕਾਰ( ਰੱਬ ਉਨ੍ਹਾਂ ਨੂੰ ਹੋਰ ਲੰਮੀ ਉਮਰ ਬਖ਼ਸ਼ੇ) ਮੈਨੂੰ ਨਹੀਂ ਜਾਣਦਾ। ਏਨੀਂ ਲੰਮੀ ਉਮਰ ਦੇ ਮੇਰੇ ਜਾਣਕਾਰ ਮੀਡੀਆ ਦੇ ਲੋਕ ਤਾਂ ਥੱਕ ਹਾਰ ਕੇ ਇਸ ਕਿੱਤੇ ਨੂੰ ਤਿਆਗ ਕੇ ਆਪਣੇ ਪੁਰਾਣੇ ਦਿਨ ਯਾਦ ਕਰਕੇ ਜੀਵਨ ਬਿਤਾ ਰਹੇ ਹਨ। ਪੱਤਰਕਾਰੀ ਦੀਆਂ ਕੁੱਝ ਕਰੜੀਆਂ ਸ਼ਰਤਾਂ ,ਲੋੜਾਂ ਅਤੇ ਮਜਬੂਰੀਆਂ ਹੁੰਦੀਆਂ ਹਨ, ਜਿਨ੍ਹਾਂ ਉਂਤੇ ਲਗਾਤਾਰ ਪੂਰੇ ਉਂਤਰਨ ਦੀ ਹਿੰਮਤ ਅਤੇ ਜਿਗਰਾ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ।
ਪਿਛਲੇ ਤਿੰਨ ਸਾਲਾਂ ਤੋਂ ਮੈਂ ਹਰ ਸਾਲ ਛੇ ਛੇ ਮਹੀਨੇ ਲਈ ਕੈਲਗਰੀ ਆ ਰਿਹਾ ਹਾਂ, ਅਤੇ ਪ੍ਰੋ. ਮਨਜੀਤ ਸਿੰਘ ਹੁਰਾਂ ਨੂੰ ਤਕਰੀਬਨ ਹਰ ਹਫ਼ਤੇ ਮਿਲਦਾ ਰਹਿੰਦਾ ਹਾਂ।ਪਹਿਲੀ ਨਜ਼ਰੇ ਤਾਂ ਪ੍ਰੋ. ਮਨਜੀਤ ਸਿੰਘ ਕੈਲਗਰੀ ਦੇ ਗੁਰਦਵਾਰੇ ਵਿੱਚ ਲੱਡੂ ਜਲੇਬੀਆਂ ਛਕਣ ਅਤੇ ਤਾਸ਼ ਖੇਡਣ ਵਾਲੇ ਬਾਬਿਆਂ ਵਰਗੇ ਹੀ ਲੱਗਦੇ ਹਨ।ਪਰ ਜ਼ਰਾ ਗਹੁ ਨਾਲ ਦੇਖਿਆਂ ਉਹਨਾਂ ਦੀਆਂ ਚੰਚਲ ਅੱਖਾਂ ਦੀ ਚਮਕ ਕਿਸੇ ਬੇਚੈਨ ਸਮਾਜ ਸੁਧਾਰਕ ਵਰਗੀ ਲੱਗਦੀ ਹੈ ਜੋ ਇੱਕੋ ਹੂੰਝੇ ਦੇ ਵਿੱਚ ਸਾਰੀ ਦੁਨੀਆਂ ਦੇ ਮਸਲੇ ਹੱਲ ਕਰਕੇ ਇੱਕ ਨਵੇਂ ਨਰੋਏ ਵਿਸ਼ਵ ਨੂੰ ਸਿਰਜਣ ਲਈ ਤਤਪਰ ਹੋਵੇ। ਇਸੇ ਲਈ ਜਦੋਂ ਪ੍ਰੋ.ਸਾਹਿਬ ਬੋਲਣ ਲੱਗਦੇ ਹਨ ਤਾਂ ਉਹਨਾਂ ਦੇ ਵਿਚਾਰਾਂ ਦਾ ਵਹਾ ਕੋਈ ਹੱਦ ਬੰਨਾਂ ਨਹੀਂ ਦੇਖਦਾ ਇੱਕੋ ਸਾਹੇ ਉਹ ਨਿਗੂਣੀ ਜਿਹੀ ਗੱਲ ਦੀ ਤੰਦ ਫੜ੍ਹ ਕੇ ਉਸਨੂੰ ਵਿਸ਼ਵ ਪੱਧਰ ਤੱਕ ਲੈ ਜਾਣ ਦੇ ਮਾਹਰ ਹਨ।ਹਰ ਸਰੋਤਾ ਉਨ੍ਹਾਂ ਦੇ ਜੀਵਨ ਦੇ ਨਿੱਗਰ ਤਜੱਰਬੇ ਅਤੇ ਵਿਸਾਲ ਘੇਰੇ, ਸਮਾਜਕ,ਆਰਥਕ, ਸਿਆਸੀ, ਧਾਰਮਕ, ਵਿਗਿਆਨਕ,ਮਨੋਵਿਗਿਆਨਕ, ਗੱਲ ਕੀ ਹਰ ਵਿਸ਼ੇ ਤੇ ਪਕੜ ਅਤੇ ਇਸ ਸੱਭ ਕਾਸੇ ਨੂੰ ਹਰ ਇੱਕ ਨਾਲ ਸਾਂਝੇ ਕਰਨ ਦੀ ਕਾਹਲ ਅਤੇ ਪ੍ਰਬਲ ਇੱਛਾ ਨੂੰ ਡੱਕ ਨਹੀਂ ਸਕਦਾ ਅਤੇ ਉਹਨਾਂ ਦੇ ਵਿਚਾਰਾਂ ਦੀ ਤੀਬਰ ਗਤੀ ਦਾ ਹਾਣੀ ਨਹੀਂ ਬਣ ਸਕਦਾ।ਪ੍ਰੋ. ਸਾਹਿਬ ਕੋਲ ਸਰੋਤਿਆਂ ਨੂੰ ਵਿਚਾਰਕ ਤੌਰ ਉਂਤੇ ਆਪਣੇ ਨਾਲ ਰਲਾ ਕੇ ਤੋਰਨ ਦੀ ਫ਼ੁਰਸਤ ਨਹੀਂ ਹੁੰਦੀ। ਇਸ ਕਾਹਲ ਨੂੰ ਅਸੀਂ ਆਪਣੇ ਆਪਣੇ ਜੀਵਨ ਵਿੱਚ ਇਸ ਪੜਾਅ ਤੇ ਪਹੁੰਚ ਕੇ ਹੀ ਸਮਝ ਸਕਾਂਗੇ।
ਖੈਰ ਚੰਗੀ ਗੱਲ ਇਹ ਹੈ ਕਿ ਬਾਬਾ ਬੋਹੜ ਜੀ ਨੇ ਆਪਣੀ ਪੱਤਰਕਾਰੀ ਜੀਵਨ ਦੇ ਸੱਭ ਮਿੱਠੇ, ਖੱਟੇ ਤੇ ਤਲਖ਼ ਤਜਰਬੇ ਸਾਡੇ ਸੱਭ ਲਈ ਲਿਖ਼ਤ ਰੂਪ ਵਿੱਚ ਪਰੋਸ ਦਿੱਤੇ ਹਨ।ਉਹਨਾਂ ਦੀ ਪੱਤਰਕਾਰੀ ਦੇ ਵਿਸ਼ਾਲ ਕੈਨਵਸ ਵਿੱਚ ਤਹਿਸੀਲ ਪੱਧਰ ਤੋਂ ਲੇ ਕੇ ਵਿਸ਼ਵ ਪੱਧਰ ਤੱਕ ਮਸਲਿਆਂ ਸਬੰਧੀ ਆਪਣੇ ਤਜਰਬੇ ਅਤੇ ਵਿਚਾਰ ਉਲੀਕੇ ਹੋਏ ਹਨ।
ਕਾਮਰੇਡ ਹੋਣ ਕਰਕੇ ਪ੍ਰੋ. ਸਾਹਿਬ ਸਾਮਰਾਜਵਾਦ ਅਤੇ ਵਿਸ਼ਵੀਕਰਨ ਨੂੰ ਆਮ ਲੋਕਾਂ ਦੇ ਹਿੱਤਾਂ ਦੀ ਕਸਵੱਟੀ ਉਂਤੇ ਪਰਖ਼ਦੇ ਦੋਹਾਂ ਨੁੰ ਤ੍ਰਿਸਕਾਰਣੋਂ ਨਹੀਂ ਝਿਜਕਦੇ।ਜਿੱਥੇ ਉਹ ਭਾਰਤ ਦੀ ਕੇਂਦਰੀ ਸਰਕਾਰ ਨੂੰ ਅਮ੍ਰੀਕਾ ਨਾਲ ਪ੍ਰਮਾਣੂ ਸਮਝੌਤੇ ਦੀਆਂ ਬਾਰੀਕੀਆਂ ਬਾਰੇ ਖ਼ਬਰਦਾਰ ਕਰਦੇ ਹਨ ਉਥੇ ਪੱਛਮੀ ਬੰਗਾਲ ਦੀ ਸਰਕਾਰ ਨੂੰ ਵੀ ਪੱਛਮੀ ਵਿਕਾਸ ਮਾਡਲ ਨੂੰ ਅੰਨ੍ਹੇਵਾਹ ਲਾਗੂ ਕਰਨ ਲਈ ਨਹੀਂ ਬਖ਼ਸ਼ਦੇ।ਇਸੇ ਤਰ੍ਹਾਂ ਪੰਜਾਬ ਵਿੱਚ ਪਿਛਲੇ ਸਾਲ ਚੋਣਾਂ ਦੋਰਾਨ ਅਤੇ ਪਿੱਛੋਂ ਅਕਾਲੀ ਦਲ ਦੀ ਕੁਨਬਾ ਪ੍ਰਸਤੀ ਦੀ ਨੀਤੀ ਅਤੇ ਪੁੱਤਰ ਮੋਹ ਹੋ ਕੇ ਜਨਤਕ ਹਿੱਤਾਂ ਅਤੇ ਲੋਕ ਰਾਜੀ ਕਦਰਾਂ ਕੀਮਤਾਂ ਨੂੰ ਛਿੱਕੇ ਟੰਗ ਕੇ ਜਨਤਾ ਨੂੰ ਹਰ ਪ੍ਰਕਾਰ ਦੇ ਲਾਲਚ ਦੇ ਕੇ ਗੁਮਰਾਹ ਕਰਨ ਲਈ , ਇਸ ਕੋਝੀ ਸਿਆਸਤ ਨੂੰ ਨਕਾਰਿਆ ਹੈ।ਉਥੇ ਆਮ ਲੋਕਾਂ ਨੂੰ ਅਖੌਤੀ ਜਨ ਸੇਵਕਾਂ ਦੀਆਂ ਚਾਲਾਂ ਤੋਂ ਸਾਵਧਾਨ ਰਹਿਣ ਲਈ ਪ੍ਰੇਰਿਆ ਵੀ ਹੈ।ਉਹਨਾਂ ਨੇ ਅਜੋਕੇ ਭਾਰਤ ਵਿੱਚ ਲਗਾਤਾਰ ਨਿਘਰ ਰਹੀਆਂ ਕਦਰਾਂ ਕੀਮਤਾਂ ਨੂੰ ਉਭਾਰ ਕੇ ਇੱਕ ਮਜਬੂਤ ਅਧਾਰ ਪ੍ਰਦਾਨ ਕਰਨ ਲਈ ਲੋਕਾਂ ਨੁੰ ਵੋਟ ਦੀ ਤਾਕਤ ਵਾਰੇ ਗਿਆਨ ਦੇਣ ਅਤੇ ਇਸ ਲੋਕਰਾਜੀ ਅਧਿਕਾਰ ਦੀ ਯੋਗ ਵਰਤੋਂ ਕਰਨ ਦੀ ਲੋੜ ਉਂਤੇ ਜ਼ੋਰ ਦਿੱਤਾ ਹੈ।
ਪ੍ਰੋ. ਸਾਹਿਬ ਲਈ ਪਾਰਲੀਮਾਨੀ ਪਰੰਪਰਾਵਾਂ ਦੀ ਸਿਆਸੀ ਪਾਰਟੀਆਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਬੇਹੁਰਮਤੀ ਇੱਕ ਦੁਖਦਾਈ ਗੱਲ ਹੈ।ਉਨ੍ਹਾਂ ਜਿੱਥੇ ਮਾਰਲੀਮੈਂਟ ਦੇ ਮੈਂਬਰਾਂ ਨੂੰ ਆਪਣੇ ਕਰਤਵ ਸੁਹਿਰਦਤਾ ਨਾਲ ਨਿਭਾਉਣ ਦੀ ਅਪੀਲ ਕੀਤੀ ਹੈ ਉਥੇ ਆਮ ਲੋਕਾਂ ਨੂੰ ਅਜਿਹੇ ਵਿਹਾਰ ਵਿਰੱਧ ਆਵਾਜ਼ ਬੁਲੰਦ ਕਰਨ ਲਈ ਪ੍ਰੇਰਿਆ ਵੀ ਹੈ।
ਆਪਣੇ ਇੱਕ ਸੰਪਾਦਕੀ ਵਿੱਚ ਪ੍ਰੋ. ਸ਼ਾਹਿਬ ਨੇ ਉਸ ਵੇਲੇ ਦੇ ਰੂਸੀ ਪ੍ਰਧਾਨ ਪੂਤਨ ਵੱਲੋਂ ਅਮ੍ਰੀਕਾ ਨੂੰ ਧੱਕੜਸ਼ਾਹ ਗਰਦਾਨਣ ਦਾ ਜਿੱਥੇ ਸੁਆਗਤ ਕੀਤਾ ਹੈ ਉਥੇ ਅਮਨ ਪਸੰਦ ਲੋਕਾਂ ਨੂੰ ਇੱਕ ਜੁੱਟ ਹੋ ਕੇ ਅਮ੍ਰੀਕੀ ਨੀਤੀਆਂ ਵਿਰੱਧ ਆਵਾਜ਼ ਉਠਾਉਣ ਲਈ ਲਾਮਬਦ ਹੋਣ ਲਈ ਕਿਹਾ ਹੈ।
ਸਿਆਸਤ ਤੋਂ ਇਲਾਵਾ ਪ੍ਰੋ. ਸ਼ਾਹਿਬ ਨੇ ਵਿਦਿਆ ਸਮਾਜਕ ਬੁਰਾਈਆਂ, ਸਿੱਖ ਵਿਰਸਾ , ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਚੋਣ , ਹਰਿਆਣਾ ਦੇ ਗੁਰਦਵਾਰਿਆਂ ਲਈ ਵੱਖਰੀ ਪ੍ਰਬੰਧਕ ਕਮੇਟੀ ਦੇ ਮਾਮਲੇ ਨੂੰ ਵੀ ਆਪਣੇ ਸੰਪਾਦਕੀ ਵਿਸ਼ਿਆਂ ਵਿੱਚ ਸ਼ਾਮਲ ਕੀਤਾ ਹੈ । ਉਹਨਾਂ ਨੇ ਪਿਛਾਂਹ ਖਿਚੂ ਧਾਰਮਿਕ ਵਿਚਾਰਾਂ,ਅੰਧਵਿਸ਼ਵਾਸ਼ ਨੂੰ ਨਿੰਦਣ ਅਤੇ ਸੱਚੇ ਸਿੱਖੀ ਵਿਰਸੇ ਨੂੰ ਅੱਖੋਂ ਉਹਲੇ ਕਰਕੇ ਸਸਤੀ ਸ਼ੋਹਰਤ ਲਈ ਨਨਕਾਣਾ ਸਾਹਿਬ ਵਿੱਚ ਇਤਹਾਸਕ ਪਾਲਕੀ ਦੀ ਥਾਂ ਸੋਨੇ ਦੀ ਪਾਲਕੀ ਨੂੰ ਸਥਾਪਤ ਕਰ ਕੇ ਸੰਗਤਾਂ ਦੇ ਦਿਲਾਂ ਵਿੱਚੋਂ ਕੁਰਬਾਨੀ ਦੇ ਜਜ਼ਬੇ ਨੂੰ ਕੱਢ ਦੇਣ ਦੇ ਬਰਾਬਰ ਕਹਿਣ ਦੀ ਦਲੇਰੀ ਵਿਖਾਈ ਹੈ।
ਭਾਵੇਂ ਪ੍ਰੋ. ਸਾਹਿਬ ਕਵਿਤਾਵਾਂ, ਗ਼ਜ਼ਲਾਂ ਅਤੇ ਸੰਗੀਤ ਵਰਗੀਆਂ ਕੋਮਲ ਕਲਾਵਾਂ ਪ੍ਰਤੀ ਆਪਣੇ ਆਰੰਗਜ਼ੇਬੀ ਰਵੱਈਏ ਉਂਤੇ ਬੜਾ ਫ਼ਖ਼ਰ ਕਰਦੇ ਹਨ ਪਰ ਅਮ੍ਰਿਤਾ ਪ੍ਰੀਤਮ,ਗੁਰਚਰਨ ਰਾਮਪੁਰੀ,ਸੁਰਜੀਤ ਪਾਤਰ ਆਦਿ ਸਾਹਿਤਕਾਰਾਂ, ਫਿਲਮਾਂ ਅਤੇ ਨੱਟਕਾਂ ਵਾਰੇ ਲਿਖੀਆਂ ਸਾਹਿਤਕ ਰਿਪੋਰਟਾਂ ਪੜ੍ਹਕੇ ਤਾਂ ਇਹੀ ਕਿਹਾ ਜਾ ਸਕਦਾ ਹੈ ਕਿ ਉਹ ਆਪਣੇ ਹਿਰਦੇ ਵਿਚਲੇ ਸ਼ਿੰਗਾਰ ਰਸ ਦੇ ਚਸ਼ਮੇ ਦੇ ਵਹਾਅ ਨੂੰ ਰੋਕ ਨਹੀਂ ਸਕਦੇ। ਪਰ ਇਸ ਨੂੰ ਰੋਕਣ ਦੇ ਪਿਛੇ ਰੋਕਣ ਦੇ ਪਿੱਛੇ ਕੀ ਰਾਜ ਹੇ ਇਸਦਾ ਪਤਾ ਨਹੀਂ। ਖੈਰ, ਮੈਂ ਜਿੱਥੇ ੳਨ੍ਹਾਂ ਦੀ ਕਿਤਾਬ ਦੇ ਖਰੜੇ ਨੂੰ ਮਾਣਿਆ ਹੈ ਉਥੇ ਮੈਨੂੰ ਇਸ ਵਿੱਚ ਬੋਲੀ ਵਿਆਕਰਣ ਦੇ ਨਿਯਮਾਂ ਆਦਿ ਦੀ ਉਲੰਘਣਾ ਚੁਭੀ ਵੀ ਹੈ। ਪਰ ਜਿਵੇਂ ਕਿਹਾ ਜਾਂਦਾ ਹੈ ਕਿ ‘jornalism is literature in a hurry’ ਯਾਨੀ ਪੱਤਰਕਾਰੀ ਕਾਹਲੀ ਵਿੱਚ ਰਚਿਆ ਸਾਹਿਤ ਹੈ। ਇਸ ਲਈ ਇਹ ਤਰੁਟੀਆਂ ਅਖੋਂ ਉਹਲੇ ਕਰਕੇ ਪਿਛਲੇ ਛੇ ਦਹਾਕਿਆਂ ਤੋਂ ਵੱਧ ਸਮੇਂ ਦੇ ਤਜਰਬਿਆਂ ਨੂੰ ਸਮਝਣਾ ਇੱਕ ਸੰਤੁਸ਼ਟੀ ਦੇਣ ਵਾਲਾ ਹੁਲਾਰਾ ਹੈ।
ਕੀ ਪਾਠਕਾਂ ਪਾਸ ਏਨਾਂ ਲੰਮਾ ਸਾਹਿਤਕ ਪੈਂਡਾ ਕਰਨ ਦਾ ਸਮਾਂ ਹੈ? ਪਰ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਜਿਹੜਾ ਪਾਠਕ ਪ੍ਰੋ. ਸਾਹਿਬ ਦੀ ਪੱਤਰਕਾਰੀ ਦੇ ਪੈਂਡੇ ਉਤੇ ਥੋੜਾ ਬਹੁਤਾ ਵੀ ਚੱਲੇਗਾ, ਉਹ ਨਿਰਾਸ਼ ਨਹੀਂ ਹੋਵੇਗਾ।

No comments: