2010 ਦੀ ਵਿਸਾਖੀ ‘ਤੇ ਦਸਮੇਸ਼ ਪਿਤਾ ਨਾਲ ਕੁਝ ਗੱਲਾਂ........ ਲੇਖ਼ / ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)


ਲਿਖ-ਤੁਮ,
“ਹਉ ਅਪਰਾਧੀ ਗੁਨਹਗਾਰ ਹਉ ਬੇਮੁਖ ਮੰਦਾ।।”
ਪੜ੍ਹ-ਤੁਮ,
ਬਹੁਤ ਬਹੁਤ ਬਹੁਤ ਸਤਿਕਾਰਯੋਗ ਸਰਬੰਸ- ਦਾਨੀ, ਦਸ਼ਮੇਸ਼-ਪਿਤਾ ਜੀਓ....
ਚਰਨ ਬੰਦਨਾ ਕਬੂਲ ਕਰੋ।
ਜਦੋਂ 1699ਵੇਂ ਦੀ ਵਿਸਾਖੀ ਵੱਲ ਧਿਆਨ ਗਿਆ ਤਾਂ 2010 ਦੀ ਇਸ ਵਿਸਾਖੀ ਬਾਰੇ ਸੋਚ ਕੇ ਤੁਹਾਡੇ ਨਾਲ ਗੱਲਾਂ ਕਰਨ ਨੂੰ ਮਨ ਕਾਹਲਾ ਜਿਹਾ ਹੋਣ ਲੱਗ ਗਿਆ ਸੀ। ਮਾਫ਼ ਕਰਨਾ ਕਿ ਮੈਂ ਕਮਅਕਲ ਨਿਰਣੇ ਕਾਲਜੇ ਹੀ ਤੁਹਾਡੇ ਨਾਲ ਗੱਲੀਂ ਜੁਟ ਗਿਆ। ਪੁੱਤਰਾਂ ਨੂੰ ਇੰਨਾ ਕੁ ਤਾਂ ਹੱਕ ਹੁੰਦਾ ਹੀ ਹੈ ਕਿ ਉਹ ਆਪਣੇ ਦਲੀਲ-ਪਸੰਦ ਪਿਤਾ ਨਾਲ ਆਪਣੀਆਂ ਗੱਲਾਂ ਸਾਂਝੀਆਂ ਕਰ ਸਕਣ।
ਦਸ਼ਮੇਸ਼ ਪਿਤਾ ਜੀ, ਤੁਸੀਂ ਤਾਂ ਵਿਸਾਖੀ ਦੇ ਦਿਨ ਨੂੰ 'ਖਾਲਸਾ ਪੰਥ' ਦਾ ਨੀਂਹ ਪੱਥਰ ਰੱਖਣ ਦੇ ਇਤਿਹਾਸਕ ਦਿਨ ਵਜੋਂ ਚੁਣਿਆ ਸੀ। ਕਿਰਤੀ ਲੋਕਾਂ ਨੂੰ ਮਿਹਨਤ ਮੁਸ਼ੱਕਤ ਤੋਂ ਪਾਸੇ ਹੋ ਕੇ ਦੋ ਪਲ ਨੱਚਣ ਟੱਪਣ ਦੇ ਮਕਸਦ ਨਾਲ ਚੱਲੇ ਆਉਂਦੇ ਵਿਸਾਖੀ ਦੇ ਤਿਓਹਾਰ ਨੂੰ ਤੁਸੀਂ ਉਸ ਖਾਲਸੇ ਦੀ ਸਿਰਜਣਾ ਲਈ ਚੁਣਿਆ ਸੀ ਜਿਸਦਾ ਪਹਿਲਾ ਉਦੇਸ਼ ਹੀ ਕਿਰਤ ਦੀ ਲੁੱਟ ਭਾਵ ਨਿਤਾਣਿਆਂ ਦੀ ਜ਼ਾਲਮਾਂ ਹੱਥੋਂ ਲੁੱਟ ਹੋਣ ਤੋਂ ਬਚਾਉਣਾ ਸੀ। ਇਹ ਹਰਗਿਜ ਨਹੀਂ ਸੀ ਕਿ ਉਸੇ ਦਿਨ ਦੀ ਪਵਿੱਤਰਤਾ ਨੂੰ ਪੰਥ ਦੀ ਸੇਵਾ ਦੇ ਨਾਂ 'ਤੇ ਕਾਨਫਰੰਸਾਂ ਕਰਕੇ ਇੱਕ ਦੂਜੇ ਨੂੰ ਭੰਡਿਆ ਜਾਵੇ ਜਾਂ ਜੁਆਕਾਂ ਵਰਗੀਆਂ ਬਿਆਨਬਾਜ਼ੀਆਂ ਕਰਕੇ ਕੁਰਬਾਨੀਆਂ ਭਰੇ ਪੰਥ ਦੇ ਰੁਤਬੇ ਦਾ ਲੋਕਾਂ ਸਾਹਮਣੇ ਮੌਜੂ ਬਣਾਇਆ ਜਾਵੇ। ਗੁਰੂ ਜੀ, ਕਿੰਨਾ ਹਾਸੋਹੀਣਾ ਕੰਮ ਹੁੰਦੈ ਜਦੋਂ ਸ਼੍ਰੋਮਣੀ ਕਮੇਟੀ ਵੱਲੋਂ ਇਸ ਦਿਨ ਤੁਹਾਡੇ ਖਾਲਸੇ ਦੀ ਸਾਜਣਾ ਦੀ ਹਰ ਵਰ੍ਹੇਗੰਢ ਮੌਕੇ ਸਮਾਗਮ ਕੀਤੇ ਜਾਂਦੇ ਹਨ, ਪਰ ਇੱਕ ਦੂਜੇ ਦੇ ਭੰਡੀ ਪ੍ਰਚਾਰ ਤੋਂ ਬਿਨਾਂ ਕੋਈ ਦੂਜੀ ਗੱਲ ਹੀ ਨਹੀਂ ਹੁੰਦੀ। ਆਹ ਐਤਕੀ ਦੇਖ ਲਿਓ.... ਐਤਕੀਂ ਤਾਂ ਸਾਡੇ ਜੱਥੇਦਾਰਾਂ ਤੇ ਬਾਦਲ ਸਾਬ੍ਹ ਕਿਆਂ ਕੋਲ ਵਿਸਾਖੀ ਸਮਾਗਮਾਂ 'ਤੇ ਅਖਬਾਰਾਂ ਲਈ ਬਿਆਨ ਦਾਗਣ ਵਾਸਤੇ ਮੁੱਦਿਆਂ ਦੇ ਹੀ ਟੋਕਰੇ ਭਰੇ ਪਏ ਹਨ। ਐਤਕੀਂ ਖੁੰਬ ਠਪਵਾਉਣ ਲਈ ਪ੍ਰੋ; ਦਰਸਨ ਸਿਉਂ, ਜੱਥੇਦਾਰ ਝੀਂਡਾ, ਅਵਤਾਰ ਸਿਉਂ ਸਰਨਾ ਵਰਗੇ ਤਾਂ ਨੀਂ ਮਾਂ ਨੂੰ ਜੰਮੇ..... ਇਹਨਾਂ ਨੂੰ ਦੇਖਿਉ ਕਿਵੇਂ ਲੰਮੇ ਹੱਥੀਂ ਲਿਆ ਜਾਂਦੈ। ਬੜੇ ਦੁੱਖ ਨਾਲ ਕਹਿਣਾ ਪੈ ਰਿਹੈ ਕਿ ਤੁਸੀਂ ਜਿਸ ਤਰ੍ਹਾਂ ਦੇ ਸਮਾਜ ਦੀ ਸਿਰਜਣਾ ਕਰਨ ਦਾ ਸੁਪਨਾ ਦੇਖਿਆ ਸੀ ਓਹ ਤਾਂ 311 ਸਾਲ ਬੀਤ ਜਾਣ ਦੇ ਬਾਵਜੂਦ ਵੀ ਜਿਉਂ ਦਾ ਤਿਉਂ ਹੈ। ਤੁਸੀਂ ਤਾਂ ਜਾਤ ਪਾਤ ਦਾ ਪਾੜਾ ਖਤਮ ਕਰਨ ਦਾ ਰਾਹ ਚੁਣਿਆ ਸੀ ਪਰ ਆਪਣੇ ਆਪ ਨੂੰ ਸਿੱਖ ਪੰਥ ਦੇ ਠੇਕੇਦਾਰ ਅਖਵਾਉਣ ਵਾਲੇ ਲੋਕਾਂ ਨੇ ਤਾਂ ਤੁਹਾਡੀ ਸੋਚ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਇਮਾਨਦਾਰੀ ਨਾਲ ਕੋਈ ਕਦਮ ਹੀ ਨਹੀਂ ਚੁੱਕਿਆ। ਪੰਜ ਅਰਬ ਤੋਂ ਵੀ ਵੱਧ ਦੇ ਲਾਹੇ ਦੇ ਬਜਟ ਵਾਲੀ ਸ੍ਰੋਮਣੀ ਕਮੇਟੀ ਦੇ ਜੱਥੇਦਾਰਾਂ ਨੂੰ ਤਾਂ ਵਿਚਾਰਿਆਂ ਨੂੰ 'ਪ੍ਰਚਾਰ' ਲਈ ਮਿਲੀਆਂ ਆਪਣੀਆਂ ਮੁਫਤ ਦੀਆਂ ਗੱਡੀਆਂ 'ਤੇ ਹੂਟਰ- ਲਾਲ ਬੱਤੀਆਂ ਲਾਉਣ ਦਾ ਲਾਲਚ ਹੀ ਹੋਰ ਕੁਝ ਸੋਚਣ ਨਹੀਂ ਦੇ ਰਿਹਾ। ਜਿਹਨਾਂ ਨੇ ਤੁਹਾਡੀ ਇਨਕਲਾਬੀ ਸੋਚ ਨੂੰ ਆਮ ਲੋਕਾਂ ਦੇ ਜਿ਼ਹਨ ਦਾ ਹਿੱਸਾ ਬਣਾਉਣਾ ਸੀ, ਓਹ ਤਾਂ ਖੁਦ ਮਾਇਆਧਾਰੀ ਹੋਏ ਪਏ ਹਨ। ਜਿਸਦੀ ਉਦਾਹਰਣ ਸਰਵਉੱਚ ਧਾਰਮਿਕ ਅਸਥਾਨ ਦੇ ਗਲਿਆਰਿਆਂ ਅੰਦਰੋਂ ਕਦੇ ਦੇਗ ਵਾਲੀਆਂ ਪਰਚੀਆਂ, ਕਦੇ ਫਰਨੀਚਰ ਘੁਟਾਲੇ ਦੀਆਂ ਅਖ਼ਬਾਰਾਂ ਰਾਹੀਂ ਨਸ਼ਰ ਹੋਈਆਂ ਖ਼ਬਰਾਂ ਤੋਂ ਲਈ ਜਾ ਸਕਦੀ ਹੈ। ਇਹਨਾਂ ‘ਤੇ ਹੀ ਬਾਣੀ ਦਆਂਿ ਪੰਕਤੀਆਂ ਵਧੇਰੇ ਲਾਗੂ ਹੁੰਦੀਆਂ ਹਨ ਕਿ,
ਮਾਇਆਧਾਰੀ ਅਤਿ ਅੰਨਾ ਬੋਲਾ।।
ਸ਼ਬਦ ਨ ਸੁਣਈ ਬਹੁ ਰੋਲ ਘਚੋਲਾ।।
ਲੋਕਾਂ ਨੂੰ ਸੇਧ ਦੇਣ ਵਾਲੇ ਜੱਥੇਦਾਰ ਤਾਂ ਵਿਚਾਰੇ ਖੁਦ 'ਤੁਣਕਿਆਂ' ਆਸਰੇ ਚਲਦੇ ਨੇ.... ਉਹ ਤੁਹਾਡੀਆਂ ਸਿੱਖਿਆਵਾਂ ਦਾ ਪ੍ਰਚਾਰ ਕਿਹੜੇ ਵੇਲੇ ਕਰਨ, ਉਹਨਾਂ ਨੂੰ ਤਾਂ ਇੱਕ ਪ੍ਰਵਾਰ ਤੋਂ ਬਿਨਾਂ ਦਿਸਦਾ ਹੀ ਕੁਛ ਨਹੀਂ। ਉਹ ਤਾਂ ਉਹਨਾਂ ਥਾਵਾਂ 'ਤੇ ਜਾ ਕੇ ਹਾਜ਼ਰੀਆਂ ਭਰ ਆਉਂਦੇ ਨੇ ਜਿੱਥੇ ਪਹਿਲਾਂ ਹੀ ਲੋਕਾਂ ਦਾ ਖ਼ਾਸਾ ਜਮਘਟ ਲੱਗਿਆ ਹੁੰਦੈ.... ਗੁਰੂ ਜੀ, ਅੱਜ ਤੋਂ 10 ਕੁ ਸਾਲ ਪਹਿਲਾਂ ਇੱਕ ਆਪੇ ਬਣੇ ਬਾਬਾ ਜੀ ਨੇ ਪੰਜਾਬ 'ਚ ਇੱਕ ਥੇਹ 'ਚੋਂ ਸੋਨੇ ਦੀਆਂ ਮੋਹਰਾਂ ਕੱਢਣ ਦਾ ਕੌਤਕ ਕਰਨਾ ਸੀ ਪਰ ਤਰਕਸ਼ੀਲਾਂ ਦੀ ਵਿਰੋਧਤਾ ਕਰਕੇ ਬਾਬਾ ਜੀ ਕੌਤਕ ਨਹੀਂ ਸਨ ਕਰ ਸਕੇ। ਬਾਦ 'ਚ ਉਹਨਾਂ ਨੇ ਆਪਣਾ ਗੁਰਦੁਆਰਾ ਬਣਾ ਕੇ 'ਅੰਮ੍ਰਿਤ ਸੰਚਾਰ' ਕਰਨਾ ਸ਼ੁਰੂ ਕਰ ਦਿੱਤਾ। ਅੱਜਕੱਲ੍ਹ ਬਾਬਾ ਜੀ ਦੀ ਸਰਕਾਰੇ ਦਰਬਾਰੇ ਪੂਰੀ ਚੜ੍ਹਾਈ ਹੈ। ਹੋਰ ਤਾਂ ਹੋਰ ਅਕਾਲ ਤਖਤ ਦੇ ਜੱਥੇਦਾਰ ਸਾਬ੍ਹ ਵੀ ਲੰਘਦੇ ਕਰਦੇ ਗੇੜਾ ਮਾਰ ਜਾਦੇ ਨੇ। ਗੁਰੂ ਜੀ, ਇਸ ਬਾਬਾ ਜੀ ਨੇ ਵੀ ਲੋਕਾਂ ਨੂੰ ਤੁਹਾਡੀਆਂ ਇਤਿਹਾਸਕ ਨਿਸ਼ਾਨੀਆਂ ਦੇ ਦਰਸ਼ਨ ਕਰਵਾਏ ਹਨ। ਇਹਨਾਂ ਸਮਾਗਮਾਂ ਵਿੱਚ ਵੀ ਜੱਥੇਦਾਰ ਸਾਬ੍ਹ ਚੌਕੜੀ ਮਾਰੀ ਬੈਠੇ ਸਨ। ਕਦੇ ਕਦੇ ਖਿਆਲ ਆਉਂਦੈ ਕਿ ਬਾਬਾ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਤੁਸੀਂ ਵੀ ਤਾਂ ਲੋਕਾਈ ਨੂੰ ਪ੍ਰਚਾਰ ਰਾਹੀਂ ਹੀ ਸਿਆਣੇ ਕਰਨ ਦੇ ਉਪਰਾਲੇ ਕੀਤੇ ਸਨ। ਤੁਹਾਡੇ ਵੱਲੋਂ ਤਾਂ ਪ੍ਰਚਾਰ ਉੱਪਰ ਕੀਤੇ ਖਰਚਿਆਂ ਦਾ ਕਿੱਧਰੋਂ ਕੋਈ ਪ੍ਰਮਾਣ ਨਹੀਂ ਮਿਲਦਾ ਕਿ ਗੁਰੂਆਂ ਨੇ ਪ੍ਰਚਾਰ ਲਈ ਐਨੇ ਹਜ਼ਾਰ ਜਾਂ ਐਨੇ ਲੱਖ ਖਰਚ ਦਿੱਤੇ। ਪਰ ਅੱਜ ਕੀ ਦੇਖਦੇ ਹਾਂ ਕਿ ਸਿੱਖੀ ਦੇ ਪ੍ਰਚਾਰ ਲਈ ਲੱਖਾਂ ਕਰੋੜਾਂ ਖਰਚੇ ਜਾ ਰਹੇ ਹਨ ਪਰ ਸਿੱਖੀ ਮਨਾਂ ਦੀ ਬਜਾਏ 'ਤਨਾਂ' ਉੱਪਰ ਵਧੇਰੇ ਉੱਕਰੀ ਜਾ ਰਹੀ ਹੈ। ਕੀ ਇਸਨੂੰ 'ਸਸਤਾ ਪ੍ਰਚਾਰ' ਕਿਹਾ ਜਾਵੇ ਕਿ ਤੁਹਾਡੇ ਵੱਲੋਂ ਬਖਸ਼ੇ ਕੱਕਾਰਾਂ 'ਚੋਂ ਇੱਕ ਕੱਕਾਰ ਕੜੇ ਨੂੰ ਮੇਰੇ ਵਰਗੇ ਘੋਨ-ਮੋਨ ਜਿਹੇ ਵੀ ਸਿਰਫ ਤੇ ਸਿਰਫ ਇੱਕ ਦੂਜੇ ਦਾ ਨੱਕ ਭੰਨ੍ਹਣ ਲਈ ਹੀ ਵਰਤ ਰਹੇ ਹਨ ਜਾਂ ਫਿਰ 'ਅਸਲ ਪਛਾਣ ਪੰਜਾਬੀ ਦੀ ਗਲ ਪਾਇਆ ਖੰਡਾ' ਗੀਤ ਵਾਂਗ ਆਪਣੇ ਪੰਜਾਬੀ ਹੋਣ ਦਾ ਪ੍ਰਮਾਣ ਦੇਣ ਲਈ ਨੌਜ਼ਵਾਨ ਗਲਾਂ 'ਚ ਖੰਡੇ ਪਾ ਰਹੇ ਹਨ ਜਾਂ ਡੌਲਿਆਂ 'ਤੇ ਖੰਡੇ ਖੁਣਵਾ ਰਹੇ ਹਨ। ਜਾਂ ਕਿਸੇ ਹਜ਼ਾਮ ਕੋਲੋਂ ਵਾਲਾਂ ਦੀ ਕੱਟ ਵੱਢ ਕਰਵਾ ਕੇ ਗਿੱਚੀਆਂ 'ਚ ਖੰਡੇ ਬਣਵਾ ਕੇ ਦੱਸ ਰਹੇ ਹਨ ਕਿ 'ਅਸੀਂ ਪੰਜਾਬੀ ਹਾਂ'।
ਗੁਰੂ ਜੀ, ਤੁਸੀਂ ਤਾਂ ਵਣਜ ਕੀਤਾ ਸੀ ਕਿ ਲੋਕਾਈ ਦਾ ਮਾਸ ਚੂੰਡਣ ਵਾਲਿਆਂ ਤੋਂ ਖਹਿੜ੍ਹਾ ਛੁਡਾਉਣ ਲਈ ਚਾਰੇ ਸਾਹਿਬਜ਼ਾਦੇ ਕੌਮ ਲਈ ਕੁਰਬਾਨ ਕਰ ਦਿੱਤੇ। ਪਰ ਹੁਣ ਕੀ ਦੇਖਦੇ ਹਾਂ ਕਿ ਸਾਡੇ ਆਪਣੇ ਲੋਕ ਆਪਣਿਆਂ ਦਾ ਹੀ ਮਾਸ ਚੂੰਡਣ ਲਈ ਤੁਹਾਡਾ ਨਾਂ ਵਰਤ ਰਹੇ ਹਨ। ਸਰਕਾਰਾਂ ਆਪਣੇ ਬੁਨਿਆਦੀ ਫ਼ਰਜ਼ਾਂ ਤੋਂ ਵੀ ਮੁਨਕਰ ਹੋਈਆਂ ਪਈਆਂ ਹਨ ਤੇ ਸਰਕਾਰੀ ਸਕੂਲਾਂ ਦਾ ਮੰਦਾ ਹਾਲ ਹੋਇਆ ਪਿਐ। ਆਮ ਲੋਕਾਂ ਤੋਂ ਥੋੜ੍ਹੇ ਜਿਹੇ 'ਉਤਲੇ' ਲੋਕਾਂ ਨੇ ਕਿਧਰੇ ‘ਦਸਮੇਸ਼ ਪਬਲਿਕ ਸਕੂਲ’ ਖੋਲ੍ਹ ਲਏ ਨੇ, ਕਿਧਰੇ ‘ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ’ ਖੋਲ੍ਹ ਲਏ ਨੇ ਤੇ ਕਿਧਰੇ ‘ਮਾਤਾ ਗੁਜ਼ਰੀ ਜੀ ਗਰਲਜ਼ ਕਾਲਜ’਼ ਖੋਲ੍ਹ ਲਏ ਨੇ। ਨਾਂ ਤੁਹਾਡਾ ਤੇ ਜੇਬਾਂ ਆਪਣੀਆਂ ਨੱਕੋ ਨੱਕ ਭਰ ਰਹੇ ਨੇ ਸਿਆਸਤੀ ਲੋਕ। ਮਨਚਾਹੀਆਂ ਫੀਸਾਂ ਵਸੂਲੀਆਂ ਜਾਂਦੀਆਂ ਨੇ। ਸਰਕਾਰੀ ਨੌਕਰੀਆਂ ਤੋਂ ਝਾਕ ਹਟਾ ਚੁੱਕੇ ਬੇਰੁਜ਼ਗਾਰ ਅਧਿਆਪਕਾਂ, ਮਾਪਿਆਂ ਅਤੇ ਵਿਦਿਆਰਥੀਆਂ ਦਾ ਰੱਜ ਕੇ ਸ਼ੋਸ਼ਣ ਕੀਤਾ ਜਾਂਦਾ ਹੈ। ਇੱਥੇ ਹੀ ਬੱਸ ਨਹੀਂ ਤੁਹਾਡੇ ਨਾਂ ਦਾ ਲਾਹਾ ਲੈਣ ‘ਚ ਤਾਂ ਸੂਦਖੋਰ ਆੜ੍ਹਤੀਏ ਵੀ ਪਿੱਛੇ ਨਹੀਂ... ਤੁਹਾਨੂੰ ਵੀ ਪਤੈ ਕਿ ਹਟਵਾਣੀਏ ਨੇ ਆਪਣੇ ਗਾਹਕ ‘ਤੇ ਹੀ ਤਰਸ ਕਰ ਲਿਆ ਤਾਂ ਫੇਰ ਓਹਦਾ ਗੱਲਾ ਕਿਵੇਂ ਭਰੂ? ਆੜ੍ਹਤੀਏ ਨੇ ਵੀ ਆਪਣੇ ਮੁਨਾਫੇ ਲਈ ਅੰਨਦਾਤੇ ਨੂੰ ਹੀ ਗੋਡਿਆਂ ਹੇਠਾਂ ਲੇਣੈ.... ਗੁਰੂ ਜੀ, ਬਥੇਰਿਆਂ ਨੇ ਤਾਂ ਆਪਣੀ ਆੜ੍ਹਤ ਦੀਆ ਦੁਕਾਨਾਂ ਦੇ ਨਾਂ ਵੀ ਤੁਹਾਡੇ ਨਾਂ ‘ਤੇ ਰੱਖ ਲਏ ਹਨ ਜਿਵੇਂ ‘ਦਸਮੇਸ਼ ਟਰੇਡਿੰਗ ਕੰਪਨੀ’ ਵਗੈਰਾ ਵਗੈਰਾ। ਹੋਰ ਤਾਂ ਹੋਰ ਤੁਸੀਂ ਤਾਂ ਆਨੰਦ ਕਾਰਜਾਂ ਦੀ ਰਸਮ ਮਨੁੱਖੀ ਰਿਸ਼ਤਿਆਂ ਨੂੰ ਪਵਿੱਤਰਤਾ ਦੇ ਬੰਧਨ ‘ਚ ਬੰਨ੍ਹਣ ਲਈ ਵਿੱਢੀ ਸੀ ਪਰ ਗੁਰੂ ਜੀ ਤੁਹਾਡੇ ਸਿੱਖਾਂ ਦੀ ਜ਼ਮੀਰ ਇੰਨੀ ਗਿਰ ਗਈ ਹੈ ਕਿ ਆਨੰਦ ਕਾਰਜਾਂ ਨੂੰ ਵਿਦੇਸ਼ਾਂ ‘ਚ ਪੈਰ ਜਮਾਉਣ ਲਈ ਪੌੜੀ ਵਜੋਂ ਵਧੇਰੇ ਵਰਤ ਰਹੇ ਹਨ। ਰੌਂਗਟੇ ਖੜ੍ਹੇ ਕਰਨ ਦੇਣ ਵਾਲੀਆਂ ਇਹ ਗੱਲਾਂ ਤਾਂ ਪੰਜਾਬ ਦੇ ਹਰ ਬੱਚੇ ਬੱਚੇ ਨੂੰ ਪਤਾ ਹੋਣਗੀਆਂ ਕਿ ਕਿਵੇਂ ਕੈਨੇਡਾ ਅਮਰੀਕਾ ਜਾਣ ਲਈ ਆਪਣੀਆਂ ਹੀ ਧੀਆਂ ਨਾਲ ਲੋਰੀਆਂ ਦੇਣ ਵਾਲੇ ਪਿਉਆਂ ਨੇ ਤੇ ਆਪਣੀਆਂ ਸਕੀਆਂ ਭੈਣਾਂ ਤੋਂ ਰੱਖੜੀਆਂ ਬੰਨ੍ਹਵਾਉਣ ਵਾਲੇ ਭਰਾਵਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ‘ਚ ਹੀ ਲਾਵਾਂ ਲੈਣ ਦਾ ਕੰਜਰਕਿੱਤਾ ਵਿੱਢਿਆ ਹੋਇਆ ਹੈ। ਗੁਰੂ ਜੀ ਇਹੋ ਜਿਹੇ ਲੋਕਾਂ ਨੂੰ ਤੁਸੀਂ ਕਿੱਧਰ ਦੇ ਸਿੱਖ ਕਹੋਗੇ ਜੋ ਸਿਰਫ ਤੇ ਸਿਰਫ ਪੈਸੇ ਦੇ ਪੁੱਤ ਬਣ ਗਏ ਨੇ, ਬੇਸ਼ੱਕ ਨਾਵਾਂ ਨਾਲ ‘ਸਿੰਘ ਜਾਂ ਕੌਰ’ ਲੱਗਿਆ ਹੋਇਆ ਹੈ? ਜਿਹੜੇ ਲੋਕਾਂ ਨੇ ਵਿਦੇਸ਼ਾਂ ਦੇ ਵੀਜਿਆਂ ਦੇ ਲਾਲਚ ‘ਚ ਆਪਣੀ ਜ਼ਮੀਰ ਹੀ ਗਹਿਣੇ ਕਰ ਦਿੱਤੀ, ਉਹਨਾਂ ਲੋਕਾਂ ਤੋਂ ਸਿੱਖੀ ਦੇ ਭਲੇ ਦੀ ਕੀ ਆਸ ਰੱਖੀ ਜਾ ਸਕਦੀ ਹੈ। ਗੁਰੂ ਜੀ ਇੱਕ ਗੱਲ ਭੁੱਲ ਚੱਲਿਆ ਸੀ..... ਇਹ ਤਾਂ ਆਮ ਲੋਕਾਂ ਦੀ ਗੱਲ ਸੀ। ਹੁਣ ਉਹਨਾਂ ਲੀਡਰਾਂ ਦੀ ਵੀ ਸੁਣ ਲਓ ਜੋ ਸਿੱਖਾਂ ਨੂੰ ਤਰ੍ਹਾਂ ਤਰ੍ਹਾਂ ਦੇ ਸਬਜ਼ਬਾਗ ਦਿਖਾ ਰਹੇ ਨੇ। ਵੀਜ਼ਾ ਤਾਂ ਲੀਡਰਾਂ ਲਈ ਵੀ ਰੱਬੀ ਦਾਤ ਵਰਗਾ ਪ੍ਰਤੀਤ ਹੁੰਦੈ। ਜੇ ਅਜਿਹਾ ਨਾ ਹੁੰਦਾ ਤਾਂ ਕਿਸੇ ਵੇਲੇ ਪੰਜਾਬ ‘ਚੋਂ ਮੈਂਬਰ ਪਾਰਲੀਮੈਂਟ ਵਜੋਂ ਜਿੱਤੇ ਸਿੱਖ ਆਗੂ ਸਾਬ੍ਹ ਇੰਗਲੈਂਡ ਦਾ ਵੀਜ਼ਾ ਲੈਣ ਵੇਲੇ ਵੀ ਇਸੇ ਮੁੱਦੇ ‘ਤੇ ਅੜਦੇ ਕਿ “ਮੈਂ ਤਾਂ ਜਹਾਜ਼ ‘ਚ ਵੀ ਕਿਰਪਾਨ ਨਾਲ ਲਿਜਾਣੀ ਹੈ।” ਪਰ ਅਫ਼ਸੋਸ ਕਿ ਉਕਤ ਆਗੂ ਸਾਬ੍ਹ ਪਾਰਲੀਮੈਂਟ ‘ਚ ਕਿਰਪਾਨ ਨਾਲ ਲਿਜਾਣ ਲਈ ਅੜ ਬੈਠੇ ਸਨ ਪਰ ਜਹਾਜ ਬਿਨਾਂ ਕਿਰਪਾਨ ਤੋਂ ਹੀ ਚੜ੍ਹ ਆਏ ਸਨ।
ਗੁਰੂ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਕਲਨਤਾ ਵੇਲੇ ਜੋ ‘ਕਮੇਟੀ’ ਬਣੀ ਸੀ ਉਸ ਵਿੱਚ ਤਾਂ ਸਭ ਗੁਰੂ ਸਾਹਿਬਾਨ, ਭਗਤ, ਭੱਟ ਗੈਰ ਸਿੱਖ ਹੀ ਸਨ। ਕਿਉਂਕਿ ਸਿੱਖੀ ਦਾ ਸੰਕਲਪ ਤਾਂ ਤੁਸੀਂ 1699 ‘ਚ ਦਿੱਤਾ ਸੀ। ਫਿਰ ਉਸੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ‘ਤੇ ਇਹ ਕਿੱਧਰ ਦਾ ਅਮਲ ਹੋਇਆ ਕਿ ਅੱਜ ਗੈਰ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵਾਲੇ ਗੁਰਦੁਆਰਾ ਸਾਹਿਬਾਨਾਂ ਦੀਆਂ ਕਮੇਟੀਆਂ ਜਾਂ ਚੋਣਾਂ ਤੋਂ ਹੀ ਦੂਰ ਕਰ ਦਿੱਤਾ ਗਿਆ ਹੈ। ਤੁਹਾਡੀ ਦੂਰ ਅੰਦੇਸ਼ੀ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 6 ਗੁਰੂ ਸਾਹਿਬਾਨਾਂ, 15 ਭਗਤਾਂ ਤੇ 11 ਭੱਟਾ ਦੀ ਬਾਣੀ ਹੀ ਦਰਜ਼ ਕਰਵਾਈ ਨਾ ਕਿ ਆਪਣੀ। ਜੇ ਸਿੱਖ ਜਾਂ ਗੈਰ ਸਿੱਖ ਦਾ ਪਾੜਾ ਪਾਉਣ ਦੀ ਹੀ ਗੱਲ ਹੁੰਦੀ ਤਾਂ ਤੁਸੀਂ ਵੀ ਔਰੰਗਜ਼ੇਬ ਤੋਂ ਤੰਗ ਹੋ ਕੇ ਤੁਹਾਡੀ ਸ਼ਰਣ ਆਏ ਭਾਈ ਨੰਦ ਲਾਲ ਜੀ ਨੂੰ ਸਭ ਤੋਂ ਪਹਿਲਾਂ ਭਾਈ ਨੰਦ ਸਿੰਘ ਬਣਾ ਲਿਆ ਹੁੰਦਾ। ਜਿਸ ਸਿੱਖੀ ਨੂੰ ਤੁਸੀਂ ਵਿਸ਼ਾਲ ਅਰਥ ਦਿੱਤੇ, ਉਸਨੂੰ ਤਾਂ ਅਸੀਂ ਖੁਦ ਹੀ ਵਲਗਣਾਂ ‘ਚ ਕੈਦ ਕਰੀ ਜਾ ਰਹੇ ਹਾਂ। ਤੁਸੀਂ ਤਾਂ ਹਿੰਦੂਆਂ ਦੀ ਰੱਖਿਆ ਲਈ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਖੁਦ ਸ਼ਹੀਦੀ ਦੇਣ ਲਈ ਤੋਰਿਆ ਸੀ ਤੇ ਮੁਸਲਮਾਨ ਵੀ ਆਪ ਜੀ ਦੇ ਪ੍ਰੇਮ ‘ਚ ਰੰਗੇ ਆਪ ਜੀ ਨੂੰ ‘ਉੱਚ ਦਾ ਪੀਰ’ ਕਹਿ ਕੇ ਵਡਿਆ ਗਏ ਸਨ ਤੇ ਪੀਰ ਬੁੱਧੂ ਸ਼ਾਹ ਜੀ ਵੀ ਆਪਣੇ ਖਾਨਦਾਨ, 700 ਮੁਰੀਦਾਂ ਨੂੰ ਸਿੱਖੀ ਲਈ ਕੁਰਬਾਨ ਕਰ ਗਏ ਸਨ। ਗੁਰੁਆਂ ਨੇ ਤਾਂ ਸ੍ਰੀ ਹਰਮੰਦਰ ਸਾਹਿਬ ਜੀ ਦੀ ਨੀਂਹ ਵੀ ਸਾਂਈਂ ਮੀਆਂ ਮੀਰ ਜੀ ਤੋਂ ਰਖਵਾਈ ਸੀ ਤਾਂ ਕਿ ਆਪਸੀ ਭਰੱਪਾ ਬਣਿਆ ਰਹੇ। ਪਰ ਹੁਣ ਆਹ ਕੀ ਹੋ ਰਿਹਾ ਹੈ ਕਿ ਸਿੱਖਾਂ ਤੋਂ ਬਗੈਰ ਕਿਸੇ ‘ਹੋਰ’ ਨੂੰ ਗੁਰੂ ਘਰਾਂ ਦੀਆਂ ‘ਕਮੇਟੀਆਂ’ ਦੇ ਨੇੜੇ ਵੀ ਨਹੀਂ ਫਟਕਣ ਦਿੱਤਾ ਜਾ ਰਿਹਾ। ਗੁਰੂ ਜੀ, ਜੇ ਗੈਰ ਸਿੱਖਾਂ ਨੂੰ ਗੁਰੂ ਘਰਾਂ ‘ਚੋਂ ਹੀ ਸਤਿਕਾਰ ਨਹੀਂ ਮਿਲੇਗਾ ਤਾਂ ਉਹ ਗੁਰੂ ਘਰਾਂ ਦਾ ਸਤਿਕਾਰ ਕਿਸ ਤਰ੍ਹਾਂ ਕਰਨਗੇ? ਇਸ ਨਾਲ ਤਾਂ ਦੂਰੀਆਂ ਹੋਰ ਵਧਣਗੀਆਂ। 311 ਸਾਲ ਦਾ ਸਫ਼ਰ ਤੈਅ ਕਰ ਚੁੱਕੀ ਸਿੱਖੀ ਫਿਰ ਉਸੇ ਕੇਂਦਰ ਬਿੰਦੂ ‘ਤੇ ਨਾ ਆ ਜਾਵੇ ਜਿੱਥੋਂ ਤੁਸੀਂ ਇਸ ਨੂੰ ‘ਹਰੀ ਝੰਡੀ’ ਦਿੱਤੀ ਸੀ।
ਗੁਰੂ ਜੀ, ਆਮ ਲੋਕਾਂ ਤੱਕ ਤਾਂ 311 ਸਾਲ ਬੀਤ ਜਾਣ ਦੇ ਬਾਵਜੂਦ ਵੀ ਸਿੱਖੀ ਦੇ ਸਹੀ ਅਰਥ ਨਹੀਂ ਪਹੁੰਚੇ। ਼ਲੋਕ ਤਾਂ ਵਿਚਾਰੇ ਆਪਣੀ ਹੋਣੀ ਦੇ ਖੁਦ ਮਾਲਕ ਬਣਨ ਨਾਲੋਂ ਦਰ ਦਰ ਮੱਥੇ ਰਗੜਣ ਲਈ ਮਜ਼ਬੂਰ ਕੀਤੇ ਪਏ ਹਨ। ਜਿਹਨਾਂ ਲੋਕਾਂ ਨੇ ਤੁਹਾਡੀਆਂ ਸਿੱਖਿਆਵਾਂ ਨੂੰ ਅੱਗੇ ਪਰਸਾਰਿਤ ਕਰਨਾ ਸੀ ਓਹ ਤਾਂ ਖੁਦ ਹੀ ਇਖਲਾਕੀ ਤੌਰ ‘ਤੇ ਪੰਜ ਵਿਕਾਰਾਂ ਨੇ ਮਧੋਲੇ ਪਏ ਹਨ। ਗੁਰਦੁਆਰਾ ਛੇਹਰਟਾ ਸਾਹਿਬ ਅੰਮ੍ਰਿਤਸਰ ਦੇ ਮੈਨੇਜ਼ਰ ਉੱਪਰ ਪਰ-ਇਸਤਰੀ ਨਾਲ ਰੰਗਰਲੀਆਂ ਮਨਾਉਣ ਦੇ ਦੋਸ਼ ‘ਚ ਦਰਜ ਹੋਏ ਕੇਸ ਤੇ ਬੇਦੀ ਸਾਬ੍ਹ ਦੇ ਕਾਮੀ ਪੁਰਸ਼ ਵਜੋਂ ਅਖਬਾਰਾਂ ‘ਚ ਨਸ਼ਰ ਹੋਈਆਂ ਨਿਰਵਸਤਰ ਤਸਵੀਰਾਂ ਇਸ ਦੀ ਪੁਖਤਾ ਉਦਾਹਰਣ ਹਨ। ਗੁਰੂ ਜੀ, ਅਸੀਂ ਤਾਂ ਸਗੋਂ ਪਹਿਲਾਂ ਨਾਲੋਂ ਵੀ ਵਧੇਰੇ ਬੂਝੜ ਹੋ ਗਏ ਹਾਂ ਕਿ ਕਦੇ ਕੋਈ ‘ਸਿਆਣਾ’ ਕਹਿ ਦਿੰਦੈ ਕਿ ਗੁਰਦੁਆਰਾ ਸਾਹਿਬਾਨਾਂ ‘ਚ ਭਗਤ ਰਵੀਦਾਸ ਜੀ ਦੀਆਂ ਨੰਗੇ ਸਿਰ ਵਾਲੀਆਂ ਤਸਵੀਰਾਂ ਨਹੀਂ ਲੱਗਣੀਆਂ ਚਾਹੀਦੀਆਂ... ਕਦੇ ਕੁਝ ਕਦੇ ਕੁਝ। ਇੱਕ ਸਵਾਲ ਮਨ ‘ਚ ਬਾਰ ਬਾਰ ਆਉਂਦੈ ਕਿ ਜੇ ਧਰਮ ਦੇ ਠੇਕੇਦਾਰ ਅਖਵਾਉਂਦੇ ਇਹ ਲੋਕ ਇਹੋ ਜਿਹੀਆਂ ਬੇਤੁਕੀਆਂ ਬਿਆਨਬਾਜੀਆਂ ਕਰਦੇ ਹਨ ਤਾਂ ਫਿਰ ਉਹ ਗੋਲਕਾਂ ‘ਚ ਗਾਂਧੀ ਦੀ ਫੋਟੋ ਵਾਲੇ ਨੋਟ ਜਾਂ ਮਹਾਰਾਣੀ ਦੀ ਫੋਟੋ ਵਾਲੇ ਪੌਂਡ ਡਾਲਰ ਟੇਕਣ ਵਾਲਿਆਂ ਨੂੰ ਕਿਉਂ ਨਹੀਂ ਰੋਕਦੇ? ਕਿਉਂਕਿ ਨਾ ਤਾਂ ਨੋਟਾਂ ਉੱਪਰਲੀ ਫੋਟੋ ‘ਚ ਗਾਂਧੀ ਦੇ ‘ਟੂਟੀ ਵਾਲੀ ਪੱਗ’ ਬੰਨ੍ਹੀ ਹੋਈ ਹੈ ਤੇ ਨਾ ਹੀ ਮਹਾਰਾਣੀ ਨੇ ਪੌਂਡਾਂ ‘ਤੇ ਚੁੰਨੀ ਨਾਲ ਸਿਰ ਢਕਿਆ ਹੋਇਆ ਹੈ।
ਗੁਰੂ ਜੀ, ਚਿੱਠੀ ਬੰਦ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਅਮੁੱਲੀ ਸਿੱਖੀ ਨੂੰ ਨੋਟਾਂ ਜਾਂ ਪੌਡਾਂ-ਡਾਲਰਾਂ ਬਦਲੇ ਆਪਣੇ ਹਿਸਾਬ ਨਾਲ ਢਾਲਣ ਵਾਲਿਆਂ ਨੂੰ ਪਿਆਰ ਨਾਲ ਸਮਝਾ ਬੁਝਾ ਕੇ ਸੁਮੱਤ ਬਖਸ਼ੋ। ਇਕੱਲੇ ਔਰੰਗਜ਼ੇਬ ਲਈ ਤਾਂ ਤੁਸੀਂ ਜ਼ਫ਼ਰਨਾਮਾ ਲਿਖ ਦਿੱਤਾ ਸੀ ਪਰ ਘਰ ਘਰ ਬੈਠੇ ਆਪਣੇ ਹੀ ਔਰੰਗਜ਼ੇਬਾਂ ਲਈ ਕਿਸੇ ਹੋਰ ਵਧੇਰੇ ਪ੍ਰਭਾਵਸ਼ਾਲੀ ਤਰਕ-ਬਾਣ ਦੀ ਲੋੜ ਪਵੇਗੀ।
ਦਸਮੇਸ਼ ਪਿਤਾ ਜੀ ਲਫ਼ਜ਼ਾਂ ਦੀ ਵਾਧ-ਘਾਟ ਜਾਂ ਛੋਟਾ ਮੂੰਹ ਵੱਡੀ ਬਾਤ ਵਰਗੀ ਕੋਈ ਗੱਲ ਕਹੀ ਗਈ ਹੋਵੇ ਤਾਂ ਅਣਜਾਣ ਜਾਣ ਕੇ ਖਿਮਾ ਕਰਨਾ।
ਤੁਹਾਡਾ ਹਮੇਸ਼ਾ ਕਰਜ਼ਦਾਰ.....।
ਅਣਜਾਣ ਬੱਚਾ।
****



No comments: