ਇਹ ਕੈਸੀ ਰੁੱਤ ਆਈ.......... ਲੇਖ਼ / ਖੁਸ਼ਪ੍ਰੀਤ ਸਿੰਘ (ਆਸਟ੍ਰੇਲੀਆ)


ਕੀ ਅਸੀਂ ਆਪਣੇ ਪੈਰਾਂ ਤੇ ਆਪ ਕੁਹਾੜੀ ਮਾਰ ਰਹੇ ਹਾਂ?

ਪੰਜਾਬ ਦੇ ਪ੍ਰਸਿੱਧ ਗਾਇਕ ਗੁਰਦਾਸ ਮਾਨ ਦੇ ਗਾਣੇ ''ਲੱਖ ਪਰਦੇਸੀ ਹੋਈਏ, ਆਪਣਾ ਦੇਸ਼ ਨੀ ਭੰਡੀਦਾ, ਜਿਹੜੇ ਮੁਲਕ ਦਾ ਖਾਈਏ ਉਸ ਦਾ ਬੁਰਾ ਨੀ ਮੰਗੀਦਾ..‘ ਦੀਆਂ ਸਤਰਾਂ ਭਾਰਤੀ ਲੋਕਾਂ ਖਾਸ ਕਰਕੇ ਪੰਜਾਬੀਆਂ ਦੇ ਸਰਬੱਤ ਦੇ ਭਲੇ ਬਾਰੇ ਸੁਭਾਅ ਨੂੰ ਉਜਾਗਰ ਕਰਦੀਆਂ ਹਨ। ਭਾਰਤੀ ਲੋਕ ਜਿਹੜੇ ਵੀ ਦੇਸ਼ ਵਿਚ ਗਏ, ਨਾ ਸਿਰਫ ਉਹਨਾਂ ਦੇਸ਼ਾਂ ਨੂੰ ਆਪਣਾ ਹੀ ਸਮਝਿਆ ਸਗੋਂ ਉਹਨਾਂ ਦੇਸ਼ਾਂ ਦੀ ਤਰੱਕੀ ਦੇ ਲਈ ਆਪਣਾ ਖੂਨ ਪਸੀਨਾ ਵਹਾਇਆ ਅਤੇ ਉਥੋਂ ਦੀ ਮਿੱਟੀ ਨੂੰ ਸੋਨੇ ਵਿਚ ਬਦਲ ਦਿੱਤਾ। ਦੁਨੀਆ ਦਾ ਕੋਈ ਵੀ ਦੇਸ਼ ਅਜਿਹਾ ਨਹੀਂ, ਜਿੱਥੇ ਭਾਰਤੀਆਂ ਦੇ ਮਿਹਨਤੀ ਹੱਥਾਂ ਨੇ ਆਪਣੀ ਕਰਾਮਾਤ ਨਾ ਦਿਖਾਈ ਹੋਵੇ। ਇਸ ਤਰ੍ਹਾਂ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਦੀ ਸਾਖ ਵਿਦੇਸ਼ਾਂ ਵਿਚ ਇਕ ਮਿਹਨਤੀ ਅਤੇ ਵਫ਼ਾਦਾਰ ਕੌਮ ਵਜੋਂ ਸਥਾਪਤ ਹੋਈ, ਪ੍ਰੰਤੂ ਕੁਝ ਸਮੇਂ ਦੌਰਾਨ ਆਸਟ੍ਰੇਲੀਆ ਵਿਚ ਰਹਿੰਦੇ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਨੇ ਪਦਾਰਥਵਾਦ ਦੀ ਅੰਨ੍ਹੀ ਦੌੜ ਵਿਚ ਸ਼ਾਮਲ ਹੋ ਕੇ ਅਜਿਹੇ ਕਾਰੇ ਕੀਤੇ ਹਨ, ਜਿਸ ਨਾਲ ਨਾ ਸਿਰਫ ਆਸਟ੍ਰੇਲੀਆ ਵਿਚ ਭਾਰਤੀ ਲੋਕਾਂ ਦੇ ਅਕਸ ਨੂੰ ਢਾਅ ਲੱਗੀ ਹੈ, ਸਗੋਂ ਭਾਰਤ ਸਰਕਾਰ ਤੇ ਆਸਟ੍ਰੇਲੀਆ ਸਰਕਾਰ ਦੇ ਆਪਸੀ ਸੰਬੰਧਾਂ ਵਿਚ ਕੁੜੱਤਣ ਪੈਦਾ ਹੋ ਗਈ। ਭਾਵੇਂ ਪਹਿਲਾਂ ਸਾਡੇ ਪੰਜਾਬੀ ਐਨ. ਆਰ.ਆਈਜ਼ ਨੇ ਭਾਰਤ ਵਿਚ ਕਈ-ਕਈ ਕੁੜੀਆਂ ਨਾਲ ਵਿਆਹ ਕਰਵਾਉਣ ਅਤੇ ਪੈਸਾ ਕਮਾਉਣ ਲਈ ਕਬੂਤਰਬਾਜ਼ੀ ਦੇ ਜਾਇਜ਼-ਨਜਾਇਜ਼ ਕਿੱਸੇ ਪਹਿਲਾਂ ਹੀ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੇ ਰਹੇ ਹਨ। ਪ੍ਰੰਤੂ ਪਿਛਲੇ ਦਿਨਾਂ ਦੌਰਾਨ ਆਸਟ੍ਰੇਲੀਆ ਵਿਚ ਨਿਰੰਤਰ ਵਾਪਰ ਰਹੀਆਂ ਅਪਰਾਧਿਕ ਘਟਨਾਵਾਂ ਵਿਚ ਜਿਸ ਤਰ੍ਹਾਂ ਹਿੰਦੁਸਤਾਨੀਆਂ ਖਾਸ ਕਰਕੇ ਪੰਜਾਬੀਆਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ, ਉਸ ਨਾਲ ਸਾਡੇ ਦੇਸ਼ ਦੇ ਲੋਕਾਂ ਨੇ ਇਖਲਾਕੀ ਗਿਰਾਵਟ ਦੀਆਂ ਨੀਵਾਣਾਂ ਦੇ ਸਾਰੇ ਹੱਦ ਬੰਨ੍ਹੇ ਪਾਰ ਕਰ ਦਿੱਤੇ ਹਨ। ਇਸ ਤਰ੍ਹਾਂ ਸਾਡੇ ਦੇਸ਼ ਦੇ ਲੋਕ ਖਾਸ ਕਰਕੇ ਸਾਡੇ ਪੰਜਾਬੀ ਇੱਥੇ ਆ ਕੇ ''ਭਰਾ ਮਾਰੂ ਜੰਗ‘‘ ਵਿਚ ਉਲਝੇ ਹੋਏ ਹਨ। ਇਸ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਆਸਟ੍ਰੇਲੀਆ ਵਿਚ ਵੱਸਦੇ ਭਾਰਤੀਆਂ ਦੇ ਇਤਿਹਾਸ ਦਾ ਇਹ ਸਭ ਤੋਂ ਕਾਲਾ ਦੌਰ ਸਾਬਤ ਹੋ ਰਿਹਾ ਹੈ।
ਇਹ ਤਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਆਸਟ੍ਰੇਲੀਆ ਇਕ ਮਲਟੀ-ਕਲਚਰਲ ਦੇਸ਼ ਹੈ, ਜਿੱਥੇ ਵੱਖੋ-ਵੱਖ ਮੁਲਕਾਂ ਤੋਂ ਆ ਕੇ ਲੋਕ ਵੱਸੇ ਹੋਏ ਹਨ। ਪੂਰੇ ਵਿਸ਼ਵ ਵਿਚ ਆਸਟ੍ਰੇਲੀਆ ਦੀ ਗਿਣਤੀ ਸ਼ਾਂਤ ਮੁਲਕ ਵਜੋਂ ਕੀਤੀ ਜਾਂਦੀ ਹੈ, ਜਿਸ ਕਾਰਨ ਹਰ ਕੋਈ ਇੱਥੇ ਆ ਕੇ ਰਹਿਣ ਨੂੰ ਤਰਜੀਹ ਦਿੰਦਾ ਹੈ। ਅੱਜ ਤੋਂ ਅੱਠ ਸਾਲ ਪਹਿਲਾਂ ਆਸਟ੍ਰੇਲੀਆ ਵਿਚ ਭਾਰਤੀਆਂ ਦੀ ਗਿਣਤੀ ਆਟੇ ਵਿਚ ਲੂਣ ਬਰਾਬਰ ਸੀ, ਪ੍ਰੰਤੂ ਜਿਉਂ ਹੀ ਆਸਟ੍ਰੇਲੀਆ ਸਰਕਾਰ ਨੇ ਵਿਦਿਆਰਥੀ ਵੀਜ਼ਾ ਸ਼ਰਤਾਂ ਨਰਮ ਕੀਤੀਆਂ ਤਾਂ ਭਾਰਤੀ ਨੌਜਵਾਨ ਮੁੰਡੇ, ਕੁੜੀਆਂ ਦਾ ਇਕ ਤਰ੍ਹਾਂ ਨਾਲ ਹੜ੍ਹ ਹੀ ਆ ਗਿਆ। ਭਾਰਤੀ ਵਿਦਿਆਰਥੀਆਂ ਦੀ ਆਮਦ ਨਾਲ ਜਿੱਥੇ ਆਸਟ੍ਰੇਲੀਆ ਦੀ ਆਰਥਿਕ ਸਥਿਤੀ ਨੂੰ ਬਲ ਮਿਲਿਆ, ਉਥੇ ਹੀ ਕਾਰੋਬਾਰੀ ਸਥਿਤੀ ਵੀ ਮਜ਼ਬੂਤ ਹੋਈ। ਇਹ ਵੀ ਜੱਗ ਜ਼ਾਹਿਰ ਹੈ ਕਿ ਭਾਰਤੀ ਜਿੱਥੇ ਵੀ ਜਾਂਦੇ ਹਨ, ਆਪਣੀ ਵੱਖਰੀ ਪਛਾਣ ਬਣਾ ਲੈਂਦੇ ਹਨ ਅਤੇ ਇਹੋ ਕਾਰਨ ਸੀ ਕਿ ਆਸਟ੍ਰੇਲੀਆ ਦੇ ਹਰੇਕ ਕਾਰੋਬਾਰ ਵਿਚ ਭਾਰਤੀਆਂ ਦੀ ਸ਼ਮੂਲੀਅਤ ਵਧਣ ਲੱਗੀ ਤੇ ਮਿਹਨਤੀ ਸੁਭਾਅ ਕਾਰਨ ਹਰ ਕਿਤੇ ਭਾਰਤੀਆਂ ਨੂੰ ਵਧੀਆ ਮਾਣ ਸਨਮਾਨ ਮਿਲਿਆ। ਸਮੇਂ ਦੇ ਚਲਦਿਆਂ ਜਿੱਥੇ ਭਾਰਤੀ ਮਿਹਨਤੀ ਸੁਭਾਅ ਕਰਕੇ ਹਰਮਨ ਪਿਆਰੇ ਹੋ ਗਏ, ਸਮੇਂ ਦੇ ਚਲਦਿਆਂ ਭਾਰਤੀਆਂ ਉਪਰ ਹਮਲਿਆਂ ਦਾ ਦੌਰ ਸ਼ੁਰੂ ਹੋਇਆ, ਅਤੇ ਇਹਨਾਂ ਹਮਲਿਆਂ ਨੂੰ ਨਸਲੀ ਹਮਲੇ ਕਰਾਰ ਦਿੱਤਾ ਗਿਆ ਤੇ ਕਾਫ਼ੀ ਹੱਦ ਤੱਕ ਇਹ ਗੱਲਾਂ ਸਹੀ ਵੀ ਸਾਬਤ ਹੋਈਆਂ ਤੇ ਸਰਕਾਰ ਤੇ ਨੁਮਾਇੰਦਿਆਂ ਨੇ ਇਹ ਗੱਲ ਮੰਨੀ ਕਿ ਭਾਰਤੀਆਂ ਉਪਰ ਹੋਏ ਹਮਲੇ ਨਸਲੀ ਹਨ। ਜਿਸ ਕਾਰਨ ਆਸਟ੍ਰੇਲੀਆ ਦੇ ਲੋਕਾਂ ਦੀ ਭਾਰਤੀਆਂ ਪ੍ਰਤੀ ਹਮਦਰਦੀ ਵਧਣ ਲੱਗੀ ਅਤੇ ਭਾਰਤੀ ਮੀਡੀਏ ਨੇ ਆਸਟ੍ਰੇਲੀਆ ਸਰਕਾਰ ਨੂੰ ਦੋਵੇਂ ਹੱਥੋਂ ਲਿਆ। ਅਖ਼ਬਾਰਾਂ ਵਿਚ ਵੱਡੀਆਂ-ਵੱਡੀਆਂ ਖ਼ਬਰਾਂ ਛਾਪ ਕੇ ਚੈਨਲਾਂ ਵਿਚ ਖੌਫ਼ਨਾਕ ਤਰੀਕੇ ਨਾਲ ਖ਼ਬਰਾਂ ਦਿਖਾ ਕੇ ਆਸਟ੍ਰੇਲੀਆਈ ਲੋਕਾਂ ਨੂੰ ਹਿੰਸਕ ਸਾਬਤ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਸਿੱਟੇ ਵਜੋਂ ਭਾਰਤੀ ਵਿਦਿਆਰਥੀਆਂ ਨੇ ਰੋਸ ਰੈਲੀਆਂ ਕੱਢੀਆਂ ਤੇ ਇਹਨਾਂ ਰੈਲੀਆਂ ਦੌਰਾਨ ਭੰਨ-ਤੋੜ ਵਰਗੀਆਂ ਹਿੰਸਕ ਕਾਰਵਾਈਆਂ ਨੂੰ ਅੰਜ਼ਾਮ ਦਿੱਤਾ। ਕੋਈ ਵੀ ਸ਼ਾਂਤ ਮੁਲਕ ਦੇ ਵਾਸੀ ਇਹ ਕਦੀ ਵੀ ਨਹੀਂ ਚਾਹੁੰਣਗੇ ਕਿ ਉਹਨਾਂ ਦੇ ਦੇਸ਼ ਵਿਚ ਕੋਈ ਬਾਹਰੀ ਲੋਕ ਆ ਕੇ ਹਿੰਸਕ ਕਾਰਵਾਈਆਂ ਨੂੰ ਅੰਜ਼ਾਮ ਦੇਣ ਤੇ ਉਹਨਾਂ ਦੀ ਸ਼ਾਂਤੀ ਭੰਗ ਹੋਵੇ। ਸਮੇਂ ਦੇ ਨਾਲ ਆਸਟ੍ਰੇਲੀਆਈ ਲੋਕ ਭਾਰਤੀਆਂ ਤੋਂ ਕਿਨਾਰਾ ਕਰਨ ਲੱਗ ਪਏ ਜੋ ਕਿ ਭਾਰਤੀਆਂ ਦੇ ਅਕਸ ਲਈ ਇਕ ਸ਼ਰਮ ਵਾਲੀ ਗੱਲ ਸੀ। ਖ਼ਬਰਾਂ ਦਾ ਪਿੜ ਇਕ ਵਾਰ ਭਖਿਆ ਜਦੋਂ ਇਕ ਸੜੀ ਹੋਈ ਲਾਸ਼ ਪੁਲਿਸ ਨੂੰ ਗ੍ਰਿਫਥ ਵਿਖੇ ਮਿਲੀ। ਭਾਰਤੀਆਂ ਵਿਚ ਫਿਰ ਰੋਸ ਦੀ ਲਹਿਰ ਦੌੜ ਗਈ ਤੇ ਇਸਨੂੰ ਨਸਲੀ ਹਮਲਾ ਕਰਾਰ ਦਿੱਤਾ ਗਿਆ, ਪ੍ਰੰਤੂ ਆਸਟ੍ਰੇਲੀਆ ਸਰਕਾਰ ਦੇ ਭਾਰਤੀਆਂ ਦੇ ਕੇਸਾਂ ਨੂੰ ਗੰਭੀਰਤਾ ਲੈਣ ਕਾਰਨ ਜਦੋਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਤਾਂ ਸਾਡੇ ਆਪਣਿਆਂ ਵੱਲੋਂ ਕੀਤੀਆਂ ਹਰਕਤਾਂ ਨਾਲ ਸਾਰੇ ਭਾਰਤੀ ਭਾਈਚਾਰੇ ਨੂੰ ਸ਼ਰਮਸਾਰ ਹੋਣਾ ਪਿਆ ਕਿਉਂਕਿ ਦੋਸ਼ੀ ਖੁਦ ਸਾਡੇ ਆਪਣੇ ਸਨ। ਉਸ ਤੋਂ ਬਾਅਦ ਉਪਰੋ ਥਲੀ ਕਤਲਾਂ ਦਾ ਸਿਲਸਿਲਾ ਸ਼ੁਰੂ ਹੋਇਆ, ਜਿਸ ਵਿਚ ਨਿਤਿਨ ਗਰਗ ਜਿਸ ਦੇ ਕਤਲ ਦੇ ਕੇਸ ਦੀ ਜਾਂਚ ਚੱਲ ਰਹੀ ਹੈ, ਉਸ ਤੋਂ ਬਾਅਦ ਪਰਥ ਵਿਚ ਕਤਲ ਕੀਤੇ ਦੋ ਸਕੇ ਭਰਾਵਾਂ ਦਾ ਕਤਲ, ਉਹਨਾਂ ਦੇ ਦੋਸਤ ਨੇ ਹੀ ਕੀਤਾ। ਉਸ ਤੋਂ ਬਾਅਦ ਜੋ ਸਭ ਤੋਂ ਦਿਲ ਕੰਬਾਊ ਘਟਨਾ, ਜਿਸਨੇ ਕਿ ਸਭ ਨੂੰ ਸ਼ਰਮ ਲਈ ਮਜਬੂਰ ਕਰ ਦਿੱਤਾ ਕਿ ਕੋਈ ਇੰਨੀ ਗਿਰੀ ਹੋਈ ਹਰਕਤ ਕਰਨ ਲਈ ਕਿੱਥੇ ਤੱਕ ਜਾ ਸਕਦਾ ਹੈ। ਛੋਟੇ ਬੱਚੇ ਗੁਰਸ਼ਾਨ ਦੇ ਕਤਲ ਵਿਚ ਵੀ ਉਹਨਾਂ ਦੇ ਪਰਿਵਾਰ ਦੇ ਨਜ਼ਦੀਕੀ ਦੀ ਸ਼ਮੂਲੀਅਤ ਨੇ ਭਾਰਤੀ ਭਾਈਚਾਰੇ ਨੂੰ ਪਾਣੀ-ਪਾਣੀ ਕਰ ਦਿੱਤਾ ਤੇ ਕਿਸੇ ਅੱਗੇ ਬੋਲਣ ਜੋਗਾ ਨਹੀਂ ਛੱਡਿਆ। ਭਾਵੇਂ ਇਨ੍ਹਾਂ ਕਤਲਾਂ ਪਿੱਛੇ ਕਾਰਨ ਕੋਈ ਵੀ ਸੀ ਪਰ ਇਸ ਕਾਰਨ ਇਨ੍ਹਾਂ ਦੇ ਪਰਿਵਾਰਾਂ ਨੂੰ ਤਾਂ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉਥੇ ਹੀ ਪੂਰਾ ਭਾਰਤੀ ਭਾਈਚਾਰਾ ਆਪਣੇ ਆਪ ਨੂੰ ਹੀਣਾ ਮਹਿਸੂਸ ਕਰ ਰਿਹਾ ਹੈ। ਕੁਝ ਲੋਕਾਂ ਦੀ ਕਰਨੀ ਦੇ ਕਾਰਨ ਭੁਗਤਣੀ ਸਾਰਿਆਂ ਨੂੰ ਪੈ ਸਕਦੀ ਹੈ। ਇਨ੍ਹਾਂ ਸਾਰਿਆਂ ਕੇਸਾਂ ਵਿਚ ਜਿੱਥੇ ਦੋਵੇਂ ਦੇਸ਼ਾਂ ਦੇ ਵਕਾਰ ਦਾਅ ‘ਤੇ ਲੱਗੇ ਹੋਏ ਸਨ, ਉਥੇ ਭਾਰਤੀ ਮੀਡੀਆ ਹੁਣ ਕੁਝ ਨਹੀਂ ਸੀ ਬੋਲ ਰਿਹਾ। ਹੋਰ ਤਾਂ ਹੋਰ ਇੰਨਾ ਕੁਝ ਹੋਣ ਦੇ ਬਾਵਜੂਦ ਤੇ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਲੋਕ ਦਿਲ ਖੋਲ੍ਹ ਕੇ ਅਜਿਹੇ ਕੰਮਾਂ ਨੂੰ ਅੰਜ਼ਾਮ ਦੇ ਰਹੇ ਹਨ, ਜਿਵੇਂ ਕਿ ਪਿਛਲੇ ਦਿਨੀਂ ਇਕ ਭਾਰਤੀ ਨੌਜਵਾਨ ਵੱਲੋਂ ਚੰਦ ਕੁ ਡਾਲਰਾਂ ਦੇ ਲਾਲਚ ਵਿਚ ਜਿੱਥੇ ਪਹਿਲਾਂ ਆਪਣੀ ਕਾਰ ਨੂੰ ਅੱਗ ਲਗਾਈ ਤੇ ਆਪਣੇ ਆਪ ਨੂੰ ਅੱਗ ਲਗਾਈ ਤਾਂ ਕਿ ਮਾਮਲਾ ਪੂਰੀ ਤਰ੍ਹਾਂ ਨਸਲੀ ਵਿਖਾਇਆ ਜਾ ਸਕੇ। ਪ੍ਰੰਤੂ ਵਿਕਟੋਰੀਆ ਪੁਲਿਸ ਦੀ ਸੂਝ-ਬੂਝ ਨੇ ਜਿਸ ਤਰ੍ਹਾਂ ਇਸ ਕੇਸ ਨੂੰ ਖੋਲ੍ਹ ਕੇ ਸਾਹਮਣੇ ਰੱਖਿਆ ਤਾਂ ਭਾਰਤੀ ਖਾਸ ਕਰਕੇ ਪੰਜਾਬੀਆਂ ਤੋਂ ਸਭ ਦਾ ਵਿਸ਼ਵਾਸ ਹੀ ਜਾਂਦਾ ਰਿਹਾ। ਅੱਜ ਆਲਮ ਇਹ ਹੈ ਕਿ ਸਾਡੇ ਲੋਕ ਭਾਰਤ ਵਿਚੋਂ ਇੱਥੇ ਆ ਕੇ ਇੱਥੋਂ ਦੇ ਕਾਨੂੰਨਾਂ ਮੁਤਾਬਕ ਰਹਿਣਾ ਪਸੰਦ ਨਹੀਂ ਕਰਦੇ। ਮੰਨਿਆ ਕਿ ਇੱਥੋਂ ਦਾ ਕਾਨੂੰਨ ਸਖ਼ਤ ਨਹੀਂ ਹੈ ਪਰ ਇਹ ਮਾਰ ਕਿਸੇ ਹੋਰ ਪਾਸਿਉਂ ਵੀ ਪੈ ਸਕਦੀ ਹੈ। ਅੱਜਕਲ੍ਹ ਭਾਰਤੀ ਭਾਈਚਾਰੇ ਵੱਲੋਂ ਕਰਵਾਏ ਜਾਂਦੇ ਸਮਾਗਮਾਂ ਖਾਸ ਕਰਕੇ ਜੋ ਪੰਜਾਬੀਆਂ ਵੱਲੋਂ ਕਰਵਾਏ ਜਾਂਦੇ ਹਨ, ਬਹੁਤ ਹੀ ਘੱਟ ਨੇਪਰੇ ਚੜ੍ਹਦੇ ਹਨ। ਅਕਸਰ ਸਮਾਗਮਾਂ ਵਿਚ ਲੜਾਈਆਂ ਦੇਖਣ ਨੂੰ ਮਿਲਦੀਆਂ ਹਨ। ਕੋਈ ਵੀ ਪਰਿਵਾਰ ਵਾਲਾ ਬੰਦਾ ਆਪਣੇ ਪਰਿਵਾਰ ਨਾਲ ਕੋਈ ਫਿਲਮ ਜਾਂ ਸਭਿਆਚਾਰਕ ਮੇਲਾ ਦੇਖਣ ਤੋਂ ਕਤਰਾਉਂਦਾ ਹੈ। ਨਵੇਂ ਸਾਲ ਦੇ ਜਸ਼ਨਾਂ ਮੌਕੇ ਜਿੱਥੇ ਇੱਥੋਂ ਦੇ ਲੋਕਾਂ ਵੱਲੋਂ ਇਹ ਜਸ਼ਨ ਵਧੀਆ ਤਰੀਕੇ ਨਾਲ ਮਨਾਏ ਜਾਂਦੇ ਹਨ, ਉਥੇ ਹੀ ਸਾਡੇ ਬਹੁਤੇ ਨੌਜਵਾਨ ਸ਼ਰਾਬਾਂ ਪੀ ਕੇ ਇਹਨਾਂ ਜਸ਼ਨਾਂ ਵਿਚ ਰੰਗ ਵਿਚ ਭੰਗ ਪਾਉਂਦੇ ਅਕਸਰ ਦੇਖੇ ਜਾਂਦੇ ਹਨ। ਟਰੇਨਾਂ ਤੇ ਟਰਾਮਾਂ ਵਿਚ ਉਚੀ-ਉਚੀ ਆਵਾਜ਼ ਵਿਚ ਗਾਣੇ ਸੁਣਨਾ ਤੇ ਆਪਣੇ ਦੇਸ਼ ਦੀਆਂ ਕੁੜੀਆਂ ਨੂੰ ਹੀ ਫਬਤੀਆਂ ਕੱਸਣਾ, ਇਹੋ ਜਿਹੇ ਵਰਤਾਰੇ ਸਾਨੂੰ ਅੱਗੇ ਲੈ ਕੇ ਜਾਣ ਦੀ ਬਜਾਏ ਪਿੱਛੇ ਲੈ ਕੇ ਜਾ ਰਹੇ ਹਨ। ਅੱਜ ਸਾਡੇ ਭਾਰਤੀਆਂ ਦਾ ਅਕਸ ਇੱਥੇ ਇੰਨਾ ਵਿਗੜ ਚੁੱਕਾ ਹੈ ਕਿ ਕੋਈ ਵੀ ਬੈਂਕ ਭਾਰਤੀ ਨੂੰ ਕ੍ਰੈਡਿਟ ਕਾਰਡ ਦੇਣ ਸਮੇਂ ਤੇ ਲੋਨ ਲੈਣ ਸਮੇਂ ਸੌ-ਸੌ ਸੁਆਲ ਪੁੱਛਦਾ ਹੈ ਤੇ ਫਿਰ ਕਿਤੇ ਜਾ ਕੇ ਕੰਮ ਬਣਦਾ ਹੈ, ਕਿਉਂਕਿ ਸਾਡੇ ਲੋਕਾਂ ਨੇ ਇੱਥੋਂ ਦੀਆਂ ਸਹੂਲਤਾਂ ਦਾ ਨਾਜਾਇਜ਼ ਫਾਇਦਾ ਉਠਾ ਕੇ ਇਹਨਾਂ ਲੋਕਾਂ ਨੂੰ ਭਾਰਤੀਆਂ ਪ੍ਰਤੀ ਆਪਣੇ ਨਿਯਮ ਬਦਲਣ ਲਈ ਮਜਬੂਰ ਕਰ ਦਿੱਤਾ ਹੈ।
ਅੱਜ ਦੇ ਸਮੇਂ ਵਿਚ ਭਾਰਤ ਵਿਚ ਵੱਡੀਆਂ-ਵੱਡੀਆਂ ਡਿਗਰੀਆਂ ਕਰਕੇ ਵੀ ਨੌਕਰੀਆਂ ਨਹੀਂ ਮਿਲ ਰਹੀਆਂ। ਇੱਥੇ ਆ ਕੇ ਲੱਖਾਂ ਰੁਪਏ ਖਰਚ ਕੇ ਹਰ ਕੋਈ ਆਪਣਾ ਚੰਗਾ ਭਵਿੱਖ ਸਿਰਜਣ ਲਈ ਪਹੁੰਚਿਆ ਹੈ, ਪ੍ਰੰਤੂ ਕੁਝ ਕੁ ਮੁੱਠੀ ਭਰ ਲੋਕਾਂ ਦੀਆਂ ਮਾੜੀਆਂ ਹਰਕਤਾਂ ਕਰਨ ਕਰਕੇ ਸਵਾਲੀਆ ਨਿਸ਼ਾਨ ਸਾਰਿਆਂ ਦੇ ਭਵਿੱਖ ‘ਤੇ ਲੱਗਣ ਲਈ ਤਿਆਰ ਖੜ੍ਹਾ ਹੈ। ਵੀਜ਼ਾ ਨਿਯਮਾਂ ਵਿਚ ਨਿੱਤ ਹੋ ਰਹੀਆਂ ਤਬਦੀਲੀਆਂ ਨੇ ਵਿਦਿਆਰਥੀ ਵਰਗ ਨੂੰ ਪ੍ਰੇਸ਼ਾਨੀ ਦੇ ਰਾਹ ਪਾ ਦਿੱਤਾ ਹੈ ਅਤੇ ਹਰ ਕਿਸੇ ਨੂੰ ਆਪਣਾ ਭਵਿੱਖ ਡੁੱਬਦਾ ਨਜ਼ਰ ਆ ਰਿਹਾ ਹੈ।
ਉਪਰੋਕਤ ਚਰਚਾ ਦੇ ਆਧਾਰ ‘ਤੇ ਅਸੀਂ ਕਹਿ ਸਕਦੇ ਹਾਂ ਕਿ ਜੇਕਰ ਅਸੀਂ ਅਜੇ ਵੀ ਨਾ ਸੰਭਲੇ ਅਤੇ ਆਪਣੀਆਂ ਆਪਹੁਦਰੀਆਂ ਤੇ ਰੋਕ ਨਾ ਲਗਾਈ ਤਾਂ ਉਹ ਦਿਨ ਦੂਰ ਨਹੀਂ, ਜਦੋਂ ਵਿਦੇਸ਼ੀ ਧਰਤੀਆਂ, ਜਿੱਥੋਂ ਦੇ ਡਾਲਰਾਂ ਦੀ ਚਮਕ ਦਮਕ ਹਰ ਸਮੇਂ ਸਾਡੇ ਲੋਕਾਂ ਦੀਆਂ ਅੱਖਾਂ ਚੁੰਧਿਆਉਂਦੀ ਹੈ, ਉਹ ਹਮੇਸ਼ਾ ਹਮੇਸ਼ਾ ਲਈ ਆਪਣੇ ਦਰਵਾਜ਼ੇ ਸਾਡੇ ਲਈ ਬੰਦ
ਕਰ ਲੈਣਗੀਆਂ।
ਸਾਡੀਆਂ ਕੀਤੀਆਂ ਹੋਈਆਂ ਗਲਤੀਆਂ ਨਾ ਸਗੋਂ ਸਾਡੀਆਂ ਆਉਣ ਵਾਲੀਆਂ ਪੁਸ਼ਤਾਂ ਨੂੰ ਭੁਗਤਣੀਆਂ ਪੈਣਗੀਆਂ ਬਲਕਿ ਸਾਡੇ ਬਜ਼ੁਰਗਾਂ ਦੀਆਂ ਕੀਤੀਆਂ ਹੋਈਆਂ ਘਾਲਣਾਵਾਂ ਵੀ ਅਜਾਈਂ ਚਲੀਆਂ ਜਾਣਗੀਆਂ ਤੇ ਸਾਡੀਆਂ ਇਨ੍ਹਾਂ ਗਲਤੀਆਂ ਲਈ ਇਤਿਹਾਸ ਸਾਨੂੰ ਕਦੇ ਮੁਆਫ਼ ਨਹੀਂ ਕਰੇਗਾ।
''ਐਸੇ ਦੌਰ ਵੀ ਦੇਖੇ ਹੈਂ, ਤਾਰੀਖ ਕੇ ਪੰਨੋਂ ਮੇਂ
ਲਮਹੋਂ ਨੇ ਖਤਾ ਕੀ ਔਰ ਸਦੀਔਂ ਨੇ
ਖ਼ਤਾ ਪਾਈ।‘‘

****

No comments: