ਦੋ ਚਮਚੇ.......... ਵਿਅੰਗ / ਸਾਧੂ ਰਾਮ ਲੰਗੇਆਣਾ (ਡਾ.)

ਸਿਆਣਿਆ ਨੇ ਸੱਚ ਹੀ ਕਿਹਾ ਹੈ ਕਿ ਹੱਸਣਾ ਵੀ ਇੱਕ ਕਲਾ ਹੈ ਹਾਸੇ ਨਾਲ ਜਿੱਥੇ ਸਾਡਾ ਸਰੀਰ ਚੁਸਤ-ਫੁਸਤ ਰਹਿੰਦਾ ਹੈ ਉਂਥੇ ਅਸਲੀ ਹਾਸਿਆਂ ਨਾਲ ਮਿਲਦੇ ਵਿਟਾਮਿਨਾਂ ਕਾਰਨ ਸਾਡਾ ਮਾਨਸਿਕ ਤਣਾਓ ਵੀ ਸਾਡੇ ਤੋਂ ਮੁਕਤ ਹੁੰਦਾ ਹੈ ਭਵਿੱਖ ਵਿੱਚ ਸਾਡੇ ਨਾਲ ਕਦੇ-ਕਦੇ ਅਜਿਹੇ ਲੋਕ ਵਿਚਰਦੇ ਹਨ ਜੋ ਸਦਾ ਖੁਦ ਵੀ ਖਿੜੇ ਮੱਥੇ ਰਹਿੰਦੇ ਹਨ ਅਤੇ ਦੂਜਿਆਂ ਨੂੰ ਵੀ ਹਾਸਿਆਂ, ਮਖੌਲਾਂ ਨਾਲ ਮਿੰਟਾਂ ਸਕਿੰਟਾਂ ਚ ਲੋਟਪੋਟ ਕਰ ਦਿੰਦੇ ਹਨ
ਏਸੇ ਤਰਾਂ ਹੀ ਸਾਡੇ ਮੁਹੱਲੇ ਵਿੱਚ ਵੀ ਰਹਿੰਦੇ ਤਾਇਆ ਨਰੈਂਣਾ ਤੇ ਤਾਈ ਨਿਹਾਲੀ ਜੋ ਹਰ ਸਮੇਂ ਹਸਮੁੱਖ ਚਿਹਰਿਆਂ ਨਾਲ ਆਪ ਵੀ ਖਿੜੇ ਰਹਿੰਦੇ ਸਨ ਅਤੇ ਹਾਸਰਸ ਗੱਲਾਂਬਾਤਾਂ ਰਾਹੀਂ ਕਈ-ਕਈ ਵਾਰ ਅਜਿਹਾ ਦੂਸਰੇ ਉਂਤੇ ਵਿਅੰਗਮਈ ਟੋਟਕਾ ਕੱਸਦੇ ਸਨ ਕਿ ਮਰਨੇ ਵਾਲੇ ਘਰ ਸੱਥਰ ਤੇ ਬੈਠੇ ਲੋਕ ਵੀ ਹਾਸਿਆਂ ਨਾਲ ਲੋਟਪੋਟ ਹੋਣ ਲਈ ਮਜ਼ਬੂਰ ਹੋ ਜਾਂਦੇ ਸਨ ਇੱਕ ਵਾਰ ਸਾਡੇ ਮੁਹੱਲੇ ਵਾਲੇ ਲੋਕ ਹੋਲੀ ਦੇ ਤਿਓਹਾਰ ਵਾਲੇ ਦਿਨ ਇਕੱਠੇ ਹੋ ਕੇ ਤਾਏ ਤਾਈ ਨੂੰ ਕਹਿਣ ਲੱਗੇ ਕਿ ਤੁਸੀਂ ਹਮੇਸ਼ਾ ਦੂਜਿਆਂ ਤੇ ਟੋਟਕੇ ਕੱਸਦੇ ਰਹਿੰਦੇ ਹੋ ਪਰ ਇਸ ਵਾਰ ਅਪ੍ਰੈਲ਼ ਫੂਲ (ਮਖੌਲਾਂ ਵਾਲਾ ਦਿਨ) ਵਾਲੇ ਦਿਨ ਤੁਸੀਂ ਸਾਨੂੰ ਸਾਡੇ ਸਾਹਮਣੇ ਦੋਵੇਂ ਆਪਸ ਵਿੱਚ ਇੱਕ ਦੂਜੇ ਉਤੇ ਅਜਿਹਾ ਹਾਸਰਸ ਵਿਅੰਗਮਈ ਟੋਟਕਾ ਕੱਸ ਕੇ ਦਿਖਾਓ ਕੇ ਜਿਸ ਨਾਲ ਸਾਡੀਆਂ ਹਾਸਿਆਂ ਦੀਆਂ ਨਿਕਲਦੀਆਂ ਕੁਤਕਤਾੜੀਆਂ ਲਈ ਹੋਰ ਵੀ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇ ਪਰ ਸ਼ਰਤ ਇਹ ਹੈ ਕਿ ਤੁਹਾਡੀ ਆਪਸ ਵਿੱਚ ਕਬੱਡੀ ਦੇ ਖਿਡਾਰੀਆਂ ਵਾਂਗ ਕਿਤੇ ਵਿਅੰਗ ਕੱਸਣ ਲਈ ਅੰਦਰ ਖਾਤੇ ਕਿਤੇ ਸੀਟੀ ਨਾਂ ਰਲੀ ਹੋਵੇ ਤੇ ਗੱਲ ਵੀ ਮੌਕੇ ਦੀ ਹੀ ਕੀਤੀ ਜਾਵੇ ਇਸ ਬਦੌਲਤ ਜਿਹੜਾ ਤੁਹਾਡੇ ਚੋਂ ਅੱਵਲ ਹੋਇਆ ਸਾਰੇ ਮੁਹੱਲੇ ਵੱਲੋਂ ਉਸਨੂੰ ਸਨਮਾਨਿਤ ਕੀਤਾ ਜਾਵੇਗਾ।
ਅਪ੍ਰੈਲ ਫੂਲ ਵਾਲਾ ਦਿਨ ਆ ਗਿਆ ਸੀ ਸਾਰੇ ਮੁਹੱਲੇ ਦੀਆਂ ਔਰਤਾਂ ਸਾਂਝੀ ਜਗ੍ਹਾ ਵਿੱਚ ਲੱਗੇ ਪਿੱਪਲ ਹੇਠਾਂ ਦੁਪਹਿਰ ਦੇ ਸਮੇਂ ਇਕੱਠੀਆਂ ਬੈਠੀਆਂ ਸਨ ਤਾਇਆ-ਤਾਈ ਵੀ ਆਪਣੇ ਵਿਅੰਗਮਈ ਟੋਟਕੇ ਲਈ ਪੂਰੇ ਉਤਾਵਲੇ ਸਨ ਇਕੱਠੀਆਂ ਬੈਠੀਆਂ ਔਰਤਾਂ ਕੋਲ ਤਾਇਆ ਵੀ ਜਾ ਕੇ ਇੱਕ ਪਾਸੇ ਮੰਜੀ ਤੇ ਲੇਟ ਗਿਆ ਤੇ ਐਵੇਂ-ਝੈਂਵੇ ਦੀ ਨੀਂਦ ਚ ਹੋ ਕੇ ਘੁਰਾੜੇ ਜਿਹੇ ਮਾਰਨ ਲੱਗ ਪਿਆ ਉਧਰੋਂ ਔਰਤਾਂ ਦਾ ਆਪਸੀ ਰਾਗ ਅਲਾਪਣਾਂ ਜ਼ੋਰਾਂ ਤੇ ਮਘਿਆ ਹੋਇਆ ਸੀ ਆਪਣੇ ਪਤੀਆਂ ਦੀਆਂ ਸਿਫਤਾਂ-ਚੁਗਲੀਆਂ ਕਰਦੀਆਂ ਹੋਈਆਂ ਚੋਂ ਕੋਈ ਕਹਿ ਰਹੀ ਸੀ ਮੇਰਾ ਪਤੀ ਤਾਂ ਦੇਵਤਾ ਐ ਦੇਵਤਾ… ਕੋਈ ਕਿਸੇ ਤਰਾਂ ਸੁਲਾ ਰਹੀ ਸੀ ਤੇ ਕੋਈ ਕਿਸੇ ਤਰਾਂ ਨਿੰਦਿਆ ਕਰਦੀ ਹੋਈ ਦਿਲ ਦੇ ਦੁੱਖੜੇ ਫਰੋਲ ਰਹੀ ਸੀ
ਏਨੇ ਨੂੰ ਜਦੋਂ ਤਾਈ ਨਿਹਾਲੀ ਦੀ ਵਾਰੀ ਆਈ ਤਾਂ ਤਾਈ ਆਪਣੇ ਪਤੀ ਤਾਏ ਨਰੈਣੇਂ ਬਾਰੇ ਕਹਿ ਰਹੀ ਸੀ ਮੇਰਾ ਪਤੀ ਤਾਂ ਸੁੱਚਾ ਨਗ ਐ ਤੇ ਬੱਸ ਭਗਤ ਧੰਨਾ ਜੱਟ ਐ ਧੰਨਾ ਜੱਟ
ਥੋੜੇ ਚਿਰ ਬਾਅਦ ਜਦੋਂ ਮਹਿਫਲ ਖਤਮ ਹੋਣ ਕਿਨਾਰੇ ਹੋਈ ਤਾਂ ਤਾਇਆ ਇਕਦਮ ਅੱਬੜ ਵਾਹਿਆਂ ਵਾਂਗ ਉਂਠਿਆ ਤੇ ਤਾਈ ਵੱਲ ਖੂੰਡਾ ਚੁੱਕਦਾ ਹੋਇਆ ਗਰਮ ਜੋਸ਼ੀ ਨਾਲ ਕਹਿਣ ਲੱਗਾ ਨਿਹਾਲੀਏ ਤੂੰ ਤਾਂ ਮੈਨੂੰ ਗਊਆਂ ਚਾਰਨ ਵਾਲਾ ਸਮਝ ਛੱਡਿਐ ਮੈਂ ਸਾਰੀ ਉਮਰ ਤੈਨੂੰ ਕਿਸੇ ਪਾਸਿਓਂ ਚੋਹੁ ਨਹੀਂ ਲੱਗਣ ਦਿੱਤੀ ਐਰੇ ਵਗੇਰੇ ਕਾਫੀ ਗਰਮ ਸ਼ਬਦ ਕਹਿ ਗਿਆ
ਐਨਾ ਸੁਣ ਸਾਰੀ ਔਰਤਾਂ ਦੀ ਮਹਿਫਲ ਘਬਰਾ ਗਈ ਅਤੇ ਡਾਹਢੀ ਘਬਰਾਈ ਤੇ ਤਲਖੀ ਭਰੇ ਲਹਿਜੇ ਵਿੱਚ ਪਾਣੀ-ਪਾਣੀ ਹੋਈ ਤਾਈ ਤਾਏ ਨੂੰ ਕਹਿਣ ਲੱਗੀ ਕਿ ਨਰੈਂਣਿਆਂ ਮੈਂ ਤਾਂ ਤੈਨੂੰ ਅੱਜ ਤੱਕ ਮੰਦੜਾ ਬੋਲ ਨਹੀਂ ਕਦੇ ਬੋਲਿਆ… ਨਾਲੇ ਗਊਆਂ ਚਾਰਨ ਵਾਲੇ ਹੋਣ ਸਾਡੇ ਦੁਸ਼ਮਣ ਜਾਂ ਹੋਣ ਸਾਡੇ ਸ਼ਰੀਕ ਜਿੰਨਾਂ ਜੈ ਖਾਣਿਆਂ ਨੇ ਅੱਜ ਸਾਡੇ ਘਰ ਦਾ ਬਟਵਾਰਾ ਕਰਵਾਉਣ ਲਈ ਇਹ ਫੂਕ ਮਾਰੀ ਐ ਤੂੰ ਤਾਂ ਨਰੈਣਿਆਂ ਸੁੱਖ ਨਾਲ 20 ਘਮਾਂ ਜ਼ਮੀਨ ਦਾ ਮਾਲਕ ਐ, ਸਿਰੋਂ ਸਰਦਾਰ ਐ…ਸਿਰੋ ਸਰਦਾਰ…
ਤਾਈ ਵੱਲ ਖੂੰਡਾ ਉਕਰੀ ਖੜੇ ਤਾਏ ਨੂੰ ਤਿੰਨ-ਚਾਰ ਔਰਤਾਂ ਨੇ ਜਦੋਂ ਠੰਡਾ ਹੋਣ ਲਈ ਮਿੰਨਤਾਂ ਤਰਲਾ ਜਿਹਾ ਕੀਤਾ ਤਾਂ ਤਾਇਆ ਤਾਈ ਨੂੰ ਕਹਿਣ ਲੱਗਾ ਕਿ ਚੱਲ ਨਿਹਾਲੀਏ ਤੂੰ ਐਂ ਦੱਸ ਬਈ ਜਿਹੜਾ ਗਊਆਂ ਦਾ ਫਲਾਣਾ ਪਾਲਕੀ ਸੀ ਤੇ ਉਸਦਾ ਨਾਂਅ ਕੀ ਸੀ ਤਾਂ ਤਾਈ ਝਿਜਕਦੀ ਜਿਹੀ ਹੋਈ ਕਹਿਣ ਲੱਗੀ… ਧੰਨ ਜੱਟ…
ਤੇ ਨਿਹਾਲੀਏ ਹੁਣ ਪੁੱਛ ਇਹਨਾਂ ਸਾਰੀਆਂ ਜਾਣੀਆਂ ਨੂੰ ਤੂੰ ਮੈਨੂੰ ਚੱਲਦੀ ਮਹਿਫਲ ਚ ਧੰਨਾ ਜੱਟ ਕਿਹਾ ਸੀ ਕਿ ਨਹੀ ਤੇ ਨਾਲੋਂ ਨਾਲ ਇਸ ਵਿਅੰਗ ਮਈ ਟੋਟਕੇ ਦਾ ਪਾਜ਼ ਖੁੱਲਦੇ ਹੀ ਜਿੱਥੇ ਤਾਏ ਦੀਆਂ ਬੁਰਾਛਾਂ ਹਾਸੇ ਨਾਲ ਖਿੜ ਖਿੜ ਹੋਈਆਂ ਉਂਥੇ ਦੂਜੇ ਪਾਸੇ ਸਾਰੀ ਮਹਿਫਲ ਵਿੱਚ ਵੀ ਹਾਸੇ ਦਾ ਚੜਚੋਲੜ ਪੈ ਗਿਆ ਤਾਏ ਦਾ ਅਪ੍ਰੈਲ ਫੂਲ ਨੁਕਤਾ ਦੇਖ ਉਪਰੰਤ ਨਾਲੋ-ਨਾਲ ਤਾਈ ਨੇ ਵੀ ਆਪਣੇ ਅਪ੍ਰੈਲ ਫੂਲ ਦੀ ਤਿਆਰੀ ਕਰ ਲਈ ਤੇ ਉਸਨੇ ਸਾਰੇ ਮੁਹੱਲੇ ਵਾਲਿਆਂ ਨੂੰ ਸ਼ਾਮੀ ਇੱਕ ਛੋਟੀ ਜਿਹੀ ਟੀ ਪਾਰਟੀ ਤੇ ਬੁਲਾਵਾ ਦੇ ਦਿੱਤਾ
ਘਰ ਆਇਆ ਨੂੰ ਤਾਈ ਨਿਹਾਲੀ ਨੇ ਪਹਿਲਾਂ ਚਾਹ-ਪਾਣੀ ਪਿਲਾਇਆ ਤੇ ਫਿਰ ਸਾਰਿਆਂ ਨੂੰ ਸੇਵੀਆਂ ਦੀਆਂ ਪਲੇਟਾਂ ਵਰਤਾਉਣ ਉਪਰੰਤ ਜਦੋਂ ਉਹ ਸੇਵੀਆਂ ਦੀ ਨੱਕੋ-ਨੱਕ ਭਰੀ ਪਲੇਟ ਮਹਿਫਲ ਦੇ ਵਿਚਾਲੇ ਬੈਠੇ ਤਾਏ ਨੂੰ ਫੜਾਉਣ ਲੱਗੀ ਤਾਂ ਤਾਇਆ ਪਲੇਟ ਦੇਖ ਕਹਿਣ ਲੱਗਾ… ਬੱਸ ਨਿਹਾਲੀਏ ਮੇਰੇ ਲਈ ਤਾਂ ਦੋ ਚਮਚੇ… ਮੈ ਤਾਂ ਸਿਰਫ ਤੇ ਸਿਰਫ ਦੋ ਚਮਚੇ ਹੀ ਖਾਊਂਗਾ
ਤਾਈ ਉਨੇ ਪੁੱਠੇ ਪੈਰੀਂ ਮੁੜ ਇੱਕ ਪਲੇਟ ਫਿਰ ਲੈ ਕੇ ਤਾਏ ਦੇ ਮੂਹਰੇ ਜਾ ਖੜੀ
ਹੁਣ ਤਾਇਆ ਵੀ ਤਾਈ ਕੋਲੋਂ ਪਲੇਟ ਫੜ੍ਹਨ ਤੋਂ ਝਿਜਕ ਰਿਹਾ ਸੀ ਤੇ ਲੋਕ ਉਨਾਂ ਦੇ ਮੂੰਹ ਵੱਲ ਦੇਖ ਰਹੇ ਸਨ
ਨਿਹਾਲੀ:- ਨਰੈਣਿਆ ਫਟਾਫਟ ਫੜ ਤੇ ਖ਼ਾਹ ਕੇ ਕੰਮ ਨਬੇੜ ਮੈਂ ਹੋਰ ਵੀ ਕੰਮ ਕਰਨੈਂ…
ਨਰੈਂਣਾ:- ਪਰ ਪਲੇਟ ਵਿੱਚ ਹੈ ਵੀ ਕੀ… ਜਿਹੜਾ ਮੈਂ ਖਾਵਾਂ…
ਨਿਹਾਲੀ:- ਨਰੈਂਣਿਆਂ ਤੈਨੂੰ ਕੀ ਪਿਆ ਦਿਸਦਾ ਪਲੇਟ ਵਿੱਚ
ਨਰੈਂਣਾ:- ਖਾਲੀ ਪਲੇਟ ਚ ਸਿਰਫ ਦੋ ਚਮਚੇ
ਨਿਹਾਲੀ:- ਤੇ ਫਿਰ ਨਰੈਣਿਆਂ ਖਾਹ ਹੁਣ ਏਨਾਂ ਪਤੰਦਰਾਂ ਦੋ ਚਮਚਿਆਂ ਨੂੰ…, ਤੂੰ ਸਿਰਫ ਤੇ ਸਿਰਫ ਦੋ ਚਮਚੇ ਹੀ ਮੰਗੇ ਸਨ ਜੋ ਤੇਰੇ ਮੂਹਰੇ ਹਾਜ਼ਰ-ਨਾਜ਼ਰ ਨੇ…
ਤਾਈ ਨਿਹਾਲੀ ਦੇ ਤਾਏ ਉਂਪਰ ਹੋਏ ਇਸ ਜ਼ਬਰਦਸਤ ਵਿਅੰਗ ਟੋਟਕੇ ਨਾਲ ਹਾਸੀ ਹੱਸਦਿਆਂ ਸਾਰਿਆਂ ਦੀ ਪੀਤੀ ਹੋਈ ਚਾਹ ਨੱਕ ਵਿੱਚਦੀ ਨਿਕਲ ਗਈ ਉਪਰੰਤ ਲੋਟ-ਪੋਟ ਹੋਏ ਸਾਰੇ ਮੁਹੱਲੇ ਵਾਲਿਆਂ ਨੇ ਦੋਵਾਂ ਨੂੰ ਇੱਕੋ ਜਿਹਾ ਦਰਜਾ ਦਿੰਦੇ ਹੋਏ ਸਨਮਾਨਿਤ ਵੀ ਕਰ ਦਿੱਤਾ
****



No comments: