ਕੀ ਦਿੱਤਾ ਤੇ ਕੀ ਲਿਆ ਆਸਟ੍ਰੇਲੀਆ ਤੋਂ.......... ਲੇਖ਼ / ਯੁੱਧਵੀਰ ਸਿੰਘ (ਆਸਟ੍ਰੇਲੀਆ)

ਜੋ ਕੁੱਝ ਪਿਛਲੇ ਦਿਨਾਂ ਵਿਚ ਆਸਟ੍ਰੇਲੀਆ ਵਿਚ ਵਾਪਰਿਆ ਹੈ, ਉਹਨਾਂ ਘਟਨਾਵਾਂ ਨੇ ਸਾਰੇ ਭਾਰਤੀਆਂ ਨੂੰ ਖਾਸ ਕਰਕੇ ਪੰਜਾਬੀਆਂ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈ, ਕਿਉਂਕਿ ਜ਼ਿਆਦਾ ਘਟਨਾਵਾਂ ਪੰਜਾਬੀਆਂ ਨਾਲ ਹੋਈਆਂ ਆਸਟ੍ਰੇਲੀਆ ਵਿਚ। ਭਾਰਤੀ ਮੀਡੀਆ ਨੇ ਬੜੇ ਚਟਕਾਰੇ ਲੈ ਕੇ ਖ਼ਬਰਾਂ ਛਾਪੀਆਂ ਪਰ ਜਦੋਂ ਪੁਲਿਸ ਨੇ ਤਫ਼ਤੀਸ਼ ਕੀਤੀ ਤਾਂ ਅੱਧੇ ਤੋਂ ਜ਼ਿਆਦਾ ਅਪਰਾਧਾਂ ਵਿਚ ਪੰਜਾਬੀ ਹੀ ਮੁਜ਼ਰਮ ਨਿਕਲੇ। ਐਸਨਡੈਨ ਅੱਗ ਕਾਂਡ ਹੋਇਆ ਜਾਂ ਰਣਜੋਧ ਸਿੰਘ ਕਾਂਡ। ਇਹਨਾਂ ਨੇ ਸਾਰਿਆਂ ਦੀ ਮਿੱਟੀ ਪਲੀਤ ਕਰ ਦਿੱਤੀ। ਰਹਿੰਦੀ ਖੂੰਹਦੀ ਕਸਰ ਪਰਥ ਵਿਚ ਦੋ ਸਕੇ ਭਰਾਵਾਂ ਨੂੰ ਇਕ ਪੰਜਾਬੀ ਨੇ ਕੁੱਝ ਡਾਲਰਾਂ ਪਿੱਛੇ ਜਾਨੋਂ ਮਾਰ ਕੇ ਪੂਰੀ ਕਰ ਦਿੱਤੀ। ਇਕ ਮਿੰਟ ਦੇ ਗੁੱਸੇ ਨੇ ਇਕ ਘਰ ਦੇ ਦੋ ਚਿਰਾਗ ਬੁਝਾ ਦਿੱਤੇ। ਗੋਰਿਆਂ ਤੋਂ ਡਰਦੇ ਪੰਜ-ਪੰਜ ਮੁੰਡੇ ਤਾਂ ਦੁੱਧ ਦੀ ਕੈਨੀ ਲੈਣ ਜਾਂਦੇ ਹਨ। ਉਸ ਸਮੇਂ ਇਹ ਗੁੱਸਾ ਕਿੱਥੇ ਹੁੰਦਾ ਹੈ। ਗੋਰਿਆਂ ਤੋਂ ਛਿੱਤਰ ਖਾ ਕੇ ਪੰਜਾਬੀ ਚੁੱਪ ਕਰ ਜਾਂਦੇ ਹਨ ਤੇ ਆਪਸ ਵਿਚ ਚਾਕੂ ਚਲਾ ਦਿੰਦੇ ਹਨ। ਲੱਖ ਦੀ ਲਾਹਨਤ ਹੈ, ਇਹੋ ਜਿਹੀ ਬਹਾਦਰੀ ‘ਤੇ।
ਇਤਿਹਾਸ ਗਵਾਹ ਹੈ ਜਦੋਂ ਵੀ ਕੋਈ ਨਵੀਂ ਕੌਮ ਆਸਟ੍ਰੇਲੀਆ ਆਈ ਹੈ, ਉਹਨਾਂ ਨਾਲ ਧੱਕਾ ਹੋਇਆ ਹੈ। ਚਾਹੇ ਗ੍ਰੀਕ ਹੋਣ, ਚਾਹੇ ਇਟਾਲੀਅਨ, ਚਾਹੇ ਲਿਬਨਾਨੀ ਜਾਂ ਭਾਰਤੀ। ਪਰ ਬਾਅਦ ਵਿਚ ਭਾਈਚਾਰਕ ਸਾਂਝ ਵੀ ਕਾਫ਼ੀ ਬਣੀ। ਭਾਰਤੀਆਂ ਨਾਲ ਤਾਂ ਇਹ ਰੋਸਾ ਦੋ ਤਿੰਨ ਸਾਲ ਤੋਂ ਜ਼ਿਆਦਾ ਭਖਿਆ ਹੈ। ਜਦੋਂ ਦੇ ਸਟੂਡੈਂਟ ਵੀਜ਼ੇ ‘ਤੇ ਕਾਫ਼ੀ ਭਾਰਤੀ ਇੱਥੇ ਪੁੱਜੇ ਹਨ। ਕਈ ਭਾਰਤੀ ਤਾਂ ਇਹੋ ਜਿਹੇ ਹਨ, ਜਿਹੜੇ ਦਿੱਲੀ ਸਿਰਫ ਆਸਟ੍ਰੇਲੀਆ ਲਈ ਹਵਾਈ ਜਹਾਜ਼ ਫੜਨ ਆਏ ਸੀ। ਜਿਹਨਾਂ ਨੇ ਕਦੇ ਵੱਡੇ ਸ਼ਹਿਰ ਦਾ ਮਾਹੌਲ ਨਹੀਂ ਵੇਖਿਆ, ਉਹ ਸਮੁੰਦਰ ਪਾਰ ਕਰਕੇ ਪਰੀਆਂ ਦੇ ਦੇਸ਼ ਆਸਟ੍ਰੇਲੀਆ ਆ ਪੁੱਜੇ। ਇੱਥੋਂ ਦੀ ਚਮਕ ਨੇ ਅੱਖਾਂ ਚੁੰਧਿਆ ਦਿੱਤੀਆਂ। ਇੱਥੇ ਕੋਈ ਅਮੀਰ-ਗਰੀਬ ਦਾ ਸਵਾਲ ਨਹੀਂ ਹੈ। ਗਰੀਬ ਬੰਦਾ ਤਾਂ ਚੰਡੀਗੜ੍ਹ ਤੱਕ ਨਹੀਂ ਜਾ ਸਕਦਾ। ਆਸਟ੍ਰੇਲੀਆ ਕਿੱਥੋਂ ਆ ਸਕਦਾ ਹੈ ਗਰੀਬ ਇਨਸਾਨ। ਇਹਨਾਂ ਦੀ ਖੁੱਲ੍ਹੀ ਛੋਟ ਮਿਲੀ ਵੇਖ ਕੇ ਕਈ ਲੋਕਾਂ ਨੇ ਆਸਟ੍ਰੇਲੀਆ ਵੱਲ ਰੁੱਖ ਕੀਤਾ। ਸਪਾਊਜ਼ ਵੀਜ਼ਾ ਵੀ ਖੁੱਲ੍ਹੇ ਆਮ ਹੋ ਗਿਆ। ਇਸਦਾ ਕਈ ਲੋਕਾਂ ਨੇ ਨਾਜਾਇਜ਼ ਫਾਇਦਾ ਉਠਾਇਆ। ਸ਼ਰ੍ਹੇਆਮ ਕੰਟਰੈਕਟ ਵਿਆਹ ਹੋਏ। ਕਈ ਨੌਜਵਾਨਾਂ ਦੇ ਮਾਪਿਆਂ ਨੇ ਇਹ ਸੋਚ ਕਿ ਆਸਟ੍ਰੇਲੀਆ ਵਿਆਹ ਕਰਾ ਕੇ ਭੇਜ ਦਿੱਤਾ ਕਿ ਸ਼ਾਇਦ ਆਸਟ੍ਰੇਲੀਆ ਜਾ ਕੇ ਸੁਧਰ ਜਾਣਗੇ ਪਰ ਕਿੱਥੋਂ ਸੁਧਰਦੇ ਹਨ ਇਹ ਵੀਰ। ਔਰਤ ਨੂੰ ਤਾਂ ਕੁਸਕਣ ਵੀ ਨਹੀਂ ਦਿੰਦੇ। ਉਹਦੀ ਮੰਨਣ ਕਿਵੇਂ ਇਹ ਵੀਰ। ਖੇਤਾਂ ਵਿਚ ਕੰਮ ਕਰਦੇ ਪਿੱਠ ਦੁੱਖਦੀ ਹੈ। ਸਕਿਊਰਟੀ ਦੇ ਕੰਮ ਵਿਚ ਖੜ੍ਹਿਆ ਨਹੀਂ ਜਾਂਦਾ। ਫਿਰ ਪੈਸੇ ਕਿੱਥੋਂ ਆਉਣਗੇ। ਸਿਰਫ ਕੁਝ ਨਿਕੰਮੇ ਨਸ਼ਈ ਕਿਸਮ ਦੇ ਨੌਜਵਾਨਾਂ ਨੇ ਸਾਰੀ ਪੰਜਾਬੀ ਸੁਸਾਇਟੀ ਨੂੰ ਕਲੰਕਿਤ ਕਰ ਦਿੱਤਾ ਹੈ। ਫਿਲਮਾਂ ਵੇਖ ਵੇਖ ਕੇ ਪੈਸੇ ਜਲਦੀ ਬਣਾਉਣ ਦੇ ਚੱਕਰ ਵਿਚ ਗਲਤ ਰਸਤੇ ‘ਤੇ ਚੱਲ ਪੈਂਦੇ ਹਨ। ਬੈਂਕਾਂ ਨਾਲ ਧੋਖਾਧੜੀ ਕਰਦੇ ਹਨ, ਮੋਬਾਇਲ ਕੰਪਨੀਆਂ ਨਾਲ ਧੋਖਾ ਕਰਦੇ ਹਨ। ਕੰਮਾਂ ਦੇ ਵਿਚ ਵੀ ਗੜਬੜੀ ਕਰਦੇ ਹਨ। ਇੱਥੇ ਇੰਮੀਗ੍ਰੇਸ਼ਨ ਦੇ ਵਿਚ ਇੰਟਰਪ੍ਰੇਟਰ ਦੀ ਸੇਵਾ ਕਰਨ ਵਾਲੇ ਮਨਜੀਤ ਸਿੰਘ ਔਜਲਾ ਨੇ ਦੱਸਿਆ ਕਿ ਸੈਂਕੜਿਆਂ ਦੀ ਤਾਦਾਦ ਵਿਚ ਪੰਜਾਬੀ ਨੌਜਵਾਨ ਲੈਵਰਟਨ ਦੀ ਜੇਲ੍ਹ ਵਿਚ ਬੰਦ ਹਨ, ਜਿਹਨਾਂ ਵਿਚੋਂ ਜ਼ਿਆਦਾਤਰ ਟੈਕਸੀ ਡਰਾਈਵਰ ਹਨ। ਜਿਹਨਾਂ ਨੇ ਸਵਾਰੀਆਂ ਦੇ ਕਰੈਡਿਟ ਕਾਰਡ ਤੇ ਐਮ. ਪੀ. ਟੀ. ਪੀ. ਕਾਰਡ ਮੈਨੂਅਲ ਪ੍ਰੋਸੈਸ ਕਰਕੇ ਬਾਅਦ ਵਿਚ ਜ਼ਿਆਦਾ ਡਾਲਰ ਭਰੇ ਤੇ ਆਪਦੇ ਫਾਇਦੇ ਲਈ ਕਰੈਡਿਟ ਕਾਰਡ ਦਾ ਗਲਤ ਇਸਤੇਮਾਲ ਕੀਤਾ। ਜੋ ਕਿ ਸਵਾਰੀਆਂ ਨੂੰ ਪਤਾ ਚੱਲਣ ‘ਤੇ ਟੈਕਸੀ ਡਰਾਈਵਰਾਂ ਨੂੰ ਜੇਲ੍ਹ ਦੇ ਦਰਸ਼ਨ ਕਰਨੇ ਪਏ। ਪਰ ਅਜੇ ਵੀ ਸਾਡੇ ਪੰਜਾਬੀ ਸ਼ੇਰ ਟਲਦੇ ਨਹੀਂ ਗਲਤ ਕੰਮਾਂ ਤੋਂ। ਪਿਛਲੇ ਦਿਨਾਂ ਵਿਚ ਮੈਲਬੌਰਨ ਦੀ ਯੈਲੋ ਕੈਸ਼ ਕੰਪਨੀ ਵੱਲੋਂ ਟੈਕਸੀ ਡਰਾਈਵਰਾਂ ‘ਤੇ ਕੰਮ ਦੇ ਦੌਰਾਨ ਛਾਪੇ ਮਾਰੇ, ਜਿਸ ਵਿਚ ਕਾਫ਼ੀ ਤਾਦਾਦ ਵਿਚ ਸਾਡੇ ਪੰਜਾਬੀ ਮੁੰਡੇ ਡਿਸਪੈਚਰ ਨਾਲ ਛੇੜ-ਛਾੜ ਦੇ ਦੋਸ਼ੀ ਪਾਏ ਗਏ। ਦੋ ਸੌ ਡਾਲਰ ਦੇ ਜ਼ੁਰਮਾਨੇ ਤੇ ਆਖਰੀ ਚਿਤਾਵਨੀ ਦੇ ਕੇ ਛੱਡ ਦਿੱਤੇ ਗਏ ਪਰ ਹੁਣ ਫਿਰ ਮੁੰਡੇ ਉਸੇ ਰਾਹ ‘ਤੇ ਤੁਰ ਪਏ ਤੇ ਮੁੱਛਾਂ ਨੂੰ ਤਾਅ ਦੇ ਕੇ ਕਹਿੰਦੇ ਹਨ ਕਿ ਕੋਈ ਨਹੀਂ ਅਸੀਂ ਤਾਂ ਨਹੀਂ ਹਟਦੇ ਪੰਗੇ ਲੈਣ ਤੋਂ, ਜਿਹਨੇ ਜੋ ਕਰਨਾ ਹੈ ਕਰ ਲਵੇ।

ਪਿਛਲੇ ਦਿਨਾਂ ਵਿਚ ਜੋ ਵੀ ਮਾੜਾ ਵਾਪਰਿਆ, ਉਸ ਦੇ ਲਈ ਜ਼ਿੰਮੇਵਾਰ ਵੀ ਪੰਜਾਬੀ ਹੀ ਨਿਕਲੇ ਹਨ। ਚਾਰ ਮਾਰਚ ਨੂੰ ਇਕ ਬੱਚੇ ਨੂੰ ਅਗਵਾ ਕਰ ਲਿਆ ਗਿਆ, ਜਿਸ ਦੀ ਸ਼ਾਮ ਨੂੰ ਲਾਸ਼ ਹੀ ਮਿਲੀ। ਇਹ ਬੱਚਾ ਇਕ ਪੰਜਾਬੀ ਪਰਿਵਾਰ ਦਾ ਸੀ ਤੇ ਐਤਵਾਰ ਨੂੰ ਜੋ ਅਗਵਾਕਾਰ ਫੜਿਆ ਗਿਆ, ਉਹ ਵੀ ਪੰਜਾਬੀ ਨਿਕਲਿਆ। ਸਾਰੀ ਦੁਨੀਆ ਹੈਰਾਨ ਹੋ ਗਈ ਕਿ ਇਹ ਕੀ ਵਾਪਰ ਗਿਆ। ਹਰ ਕੇਸ ਦੀ ਤਫ਼ਤੀਸ਼ ਚੱਲ ਰਹੀ ਹੈ। ਇਕ ਅਚੰਭੇ ਵਾਲੀ ਗੱਲ ਇਹ ਹੋਈ ਕਿ ਇਹਨਾਂ ਦੇ ਨੇੜੇ ਰਹਿਣ ਵਾਲੇ ਗੋਰੇ ਤੇ ਦੂਜੇ ਦੇਸ਼ਾਂ ਦੇ ਲੋਕ ਇਸ ਬੱਚੇ ਦੇ ਘਰ ਅੱਗੇ ਫੁੱਲ ਰੱਖ ਕੇ ਆਏ ਤੇ ਗਰੀਟਿੰਗ ਕਾਰਡ ਰੱਖ ਕੇ ਆਏ ਤੇ ਆਪਣੀ ਹਮਦਰਦੀ ਪ੍ਰਗਟ ਕੀਤੀ। ਪਰ ਜਦੋਂ ਕਾਤਲ ਤੇ ਅਗਵਾਕਾਰ ਦੀ ਸ਼ਨਾਖਤ ਹੋਈ ਤਾਂ ਪੰਜਾਬੀ ਸਪੂਤਾਂ ਦਾ ਤਾਂ ਜਹਾਨ ਹੀ ਲੁੱਟਿਆ ਗਿਆ। ਟੈਕਸੀ ਵਿਚ ਬੈਠਣ ਵਾਲੇ ਗੋਰੇ ਹੁਣ ਜਦ ਕਿਸੇ ਭਾਰਤੀ ਨੂੰ ਪੁੱਛਦੇ ਹਨ ਕਿ ਤੂੰ ਭਾਰਤ ਤੋਂ ਹੈ? ਤਾਂ ਡਰਾਈਵਰ ਪਾਕਿਸਤਾਨ ਜਾਂ ਬੰਗਲਾਦੇਸ਼ ਦਾ ਨਾਂ ਲੈ ਦਿੰਦਾ ਹੈ ਕਿ ਉਹ ਭਾਰਤ ਤੋਂ ਨਹੀਂ ਹੈ। ਹੁਣ ਸਾਨੂੰ ਆਪਣੀ ਪਹਿਚਾਣ ਵੀ ਲੁਕੋਣੀ ਪੈ ਰਹੀ ਹੈ, ਕੁੱਝ ਮੂਰਖ ਲੋਕਾਂ ਦੀਆਂ ਗਲਤੀਆਂ ਕਾਰਨ।
ਨਵੇਂ ਆਏ ਕੁਝ ਵੀਰ ਜ਼ਿਆਦਾ ਹੀ ਅੱਤ ਚੁੱਕ ਰਹੇ ਹਨ, ਜਿਵੇਂ ਕਿ ਕੈਸੀਨੋ ਜਾ ਕੇ ਜੂਆ ਖੇਡਦੇ ਹਨ। ਸ਼ਰਾਬ ਪੀ ਕੇ ਰਾਤ ਨੂੰ ਗਲੀਆਂ ਵਿਚ ਲਲਕਾਰੇ ਮਾਰਦੇ ਫਿਰਦੇ ਹਨ। ਉਧਾਰ ਪੈਸੇ ਮੰਗ ਕੇ ਮੁੰਡਿਆਂ ਤੋਂ ਕੁੜੀਆਂ ਨੂੰ ਸੈਰਾਂ ਕਰਵਾ ਰਹੇ ਹਨ। ਬਾਅਦ ਵਿਚ ਜਦੋਂ ਕੋਈ ਪੈਸੇ ਵਾਪਸ ਮੰਗਦਾ ਹੈ ਤਾਂ ਲੜਾਈ ਹੋ ਜਾਂਦੀ ਹੈ। ਜ਼ਿਆਦਾ ਲੜਾਈਆਂ ਉਧਾਰੇ ਪੈਸੇ ਵਾਪਸ ਮੰਗਣ ‘ਤੇ ਹੁੰਦੀਆਂ ਹਨ। ਇਸ ਤੋਂ ਬਚਣ ਦਾ ਤਰੀਕਾ ਇਕ ਹੀ ਹੈ ਕਿ ਕਿਸੇ ਨੂੰ ਪੈਸੇ ਉਧਾਰ ਨਾ ਹੀ ਦਿੱਤੇ ਜਾਣ। ਜਿਸ ਦਿਨ ਦੋਸਤ ਨੂੰ ਤੁਸੀਂ ਪੈਸੇ ਦੇ ਦਿੱਤੇ, ਉਸ ਦਿਨ ਤੁਸੀਂ ਉਹਦੇ ਲਈ ਰੱਬ ਸਮਾਨ ਹੁੰਦੇ ਹੋ ਜਿਸ ਦਿਨ ਵਾਪਸ ਮੰਗਦੇ ਹੋ, ਉਸ ਦਿਨ ਦੁਸ਼ਮਣ ਹੋ ਜਾਂਦੇ ਹੋ।
ਮੇਰੀ ਸਾਰਿਆਂ ਅੱਗੇ ਇਹੀ ਅਪੀਲ ਹੈ ਕਿ ਸੂਝਵਾਨ ਵੀਰੋ, ਜੇ ਤੁਸੀਂ ਇਸ ਮੁਲਕ ਵਿਚ ਰਹਿਣਾ ਚਾਹੁੰਦੇ ਹੋ ਤਾਂ ਤਰੀਕੇ ਨਾਲ ਰਹੋ। ਜੇ ਜ਼ਿਆਦਾ ਹੀ ਫੁਕਰਪੁਣੇ ਨਾਲ ਰਹਿਣਾ ਹੈ ਤਾਂ ਭਾਰਤ ਵਾਪਸ ਜਾਓ, ਪਰ ਇੱਥੇ ਗੰਦ ਪਾ ਕੇ ਪੰਜਾਬੀਅਤ ਨੂੰ ਬਦਨਾਮ ਨਾ ਕਰੋ।
****No comments: