ਅਰਸ਼ ਤੋਂ ਰਿਦਮ ਤੱਕ………. ਨਜ਼ਮ/ਕਵਿਤਾ / ਅਵਤਾਰ ਸਿੰਘ ਬਸਰਾ ਮੈਲਬੌਰਨ

ਉਸਦਾ ਨੰਗੇ ਪੈਰਾਂ ਨੂੰ,
ਘਾਹ ‘ਤੇ ਪਈ ਤਰੇਲ ਦੇ ਤੁਪਕਿਆਂ ਤੇ,
ਪੋਲੇ-ਪੋਲੇ ਟਿਕਾਉਣਾ,
ਯਾਦ ਹੈ ।

ਉਡਦੀਆਂ ਤਿੱਤਲੀਆਂ ਪਿੱਛੇ ਦੋੜਨਾ,
ਤੋਰੀਏ ਦੇ ਫੁੱਲਾਂ ਵਾਂਗੂੰ,
ਮੁਸਕਰਾਉਣਾ,
ਯਾਦ ਹੈ।

ਉਸਦਾ ਝੂਠੀ-ਮੂਠੀ ਦਾ ਰੁਸਣਾ,
ਅਤੇ ਮੇਰਾ ਤਰਲੇ-ਵਾਸਤੇ ਪਾ,
ਮਨਾਉਣਾ,
ਯਾਦ ਹੈ।

ਸਾਹਮਣੇ ਬੈਠ ਕੇ ਮੈਨੂੰ,
ਕਿੰਨੀ-ਕਿੰਨੀ ਦੇਰ ਤੱਕ ਤੱਕਦੇ ਰਹਿਣਾ,
ਫਿਰ ਨਜਰਾਂ ਚੁਰਾਉਣਾ,
ਯਾਦ ਹੈ।

ਅੱਧੀ-ਅੱਧੀ ਰਾਤ ਤਾਂਈ ਉਂਗਲੀ ਕਰ,
ਤਾਰਿਆਂ ਨੂੰ ਗਿਣਦਿਆਂ ਰਾਜੇ-ਰਾਣੀਆ,
ਦੀਆਂ ਬਾਤਾਂ ਪਾਉਣਾ,
ਯਾਦ ਹੈ।

ਕਿਵੇਂ ਭੁੱਲ ਸਕਦਾ ਹੈ ਕੋਈ,
ਅਰਸ਼-ਜਮੀਨ ਦੇ ਰਿਸ਼ਤੇ ਨੂੰ,
ਰਿਦਮ ਨਾਲ ਮਸਤੀ ਵਿਚ ਨੱਚਣਾ-ਗਾਉਣਾ,
ਯਾਦ ਹੈ ।

ਬੇਸ਼ੱਕ! ਦੂਰ ਤੇ ਮਜਬੂਰ ਏ ‘ਤਾਰ’ਸਮੇਂ ਹੱਥੋਂ,
ਪਰ,ਉਸਦੇ ਨਿੱਕੇ- ਨਿੱਕੇ ਹੱਥ ਫੜ,
ਚਲਣਾ ਸਿਖਾਉਣਾ,
ਯਾਦ ਹੈ।

ਯਾਦ ਹੈ ਫੌਜੀ ਜਹਾਜ ਦੇ ਖੜਾਕ ਤੋਂ
ਉਸਦਾ ਡਰਕੇ ਰੋਣਾ ਤੇ ਫਿਰ ਮੋਢਿਆਂ ‘ਤੇ ਬਿਠਾ,
ਚੁੱਪ ਕਰਾਉਣਾ,
ਯਾਦ ਹੈ। ਸਭ ਯਾਦ ਹੈ।
         
****        

             

Post a Comment