ਪੂਰਨ ਸਿੰਘ ਆਸਟ੍ਰੇਲੀਆ ਵਿਚ.......... ਲੇਖ / ਮਨਜੀਤ ਸਿੰਘ ਔਜਲਾ (ਐਮ.ਏ.ਬੀ.ਟੀ.)ਆਸਟ੍ਰੇਲੀਅਨ ਇਤਿਹਾਸਕਾਰ, ਲਿਨ ਕੈਨਾਅ ਅਤੇ ਆਧੁਨਿਕ ਗੂਗਲ ਦੀ ਖੋਜ ਅਨੁਸਾਰ, ਆਸਟ੍ਰੇਲੀਆ ਦੀ ‘ਵਾਈਟ ਪਾਲਿਸੀ’ ਦਾ ਭਾਰਤੀਆਂ ਉਤੇ ਅਤੇ ਖਾਸ ਕਰਕੇ ਸਿੱਖਾਂ ਉਤੇ ਕੋਈ ਅਸਰ ਨਹੀਂ ਸੀ ਕਿਉਂਕਿ ਖੋਜ ਅਨੁਸਾਰ ਆਸਟ੍ਰੇਲੀਆ ਵਿਚ ਪਹਿਲਾ ਭਾਰਤੀ ਤਾਂ ਕੈਪਟਨ ਕੁੱਕ ਦੇ ਨਾਲ ਹੀ ਆ ਗਿਆ ਸੀ ਅਤੇ ਉਸ ਤੋਂ ਬਾਅਦ, 1830 ਵਿਚ ਚਰਵਾਹਾ ਬਣ ਕੇ ਆਏ ਸਿੱਖ ਦਾ ਵੀ ਜ਼ਿਕਰ ਆਉਂਦਾ ਹੈ। ਫੇਰ 1860 ਵਿਚ ਸਿੱਖ ਊਠਾਂ ਦੇ ਚਾਲਕ ਬਣ ਕੇ ਆਏ ਅਤੇ ਊਠਾਂ ਤੇ ਸਾਮਾਨ ਲੱਦ ਕੇ, ਇਕ ਥਾਂ ਤੋਂ ਦੂਸਰੀ ਥਾਂ ਲੈਜਾਇਆ ਕਰਦੇ ਸਨ। ਉਸ ਸਮੇ ਇਹਨ੍ਹਾਂ ਨੂੰ ‘ਗਾਨ’ (ਅਫ਼ਗਾਨੀ) ਆਖਿਆ ਜਾਂਦਾ ਸੀ। 1895 ਵਿਚ ਬੀਰ ਸਿੰਘ ਜੌਹਲ ਨਾਮ ਦਾ ਸਿੱਖ ਆਸਟ੍ਰੇਲੀਆ ਆਇਆ ਅਤੇ 1898 ਵਿਚ ਨਰੈਣ ਸਿੰਘ ਹੇਅਰ ਦਾ ਨਾਮ ਵੀ ਮਿਲਦਾ ਹੈ ਪ੍ਰੰਤੂ ਅੱਜ ਜਿਸ ਕਹਾਣੀ ਨੇ ਸਿੱਖਾਂ ਨੂੰ ਆਸਟ੍ਰੇਲੀਅਨਜ਼ ਦਾ ਕਾਇਲ ਬਣਾਇਆ ਹੈ, ਉਹ ਸਰਦਾਰ ਪੂਰਨ ਸਿੰਘ ਦੀ ਹੈ, ਜੋ 1899 ਵਿਚ ਆਸਟ੍ਰੇਲੀਆ ਆਏ ਅਤੇ ਜਿਨ੍ਹਾਂ ਨੇ ਮਿਸਟਰ ਮਾਯਰ (ਮਾਯਰ ਸਟੋਰ ਦੇ ਮਾਲਕ) ਅਤੇ ਮਿਸਟਰ ਫਲੈਚਰ (ਜੌਹਨ ਫਲੈਚਰ ਸਟੋਰ ਦੇ ਮਾਲਕ) ਦੇ ਨਾਲ ਵਾਰਨਾਂਬੂਲ ਤੋਂ, ਇਕੋ ਸਮੇਂ ਊਠ, ਘੋੜੇ, ਸਾਈਕਲ ਅਤੇ ਘੋੜਾ ਗਡੀ ਉਤੇ ਘਰਾਂ ਦੀ ਅਤੇ ਲੋਕਾਂ ਦੀ ਵਰਤੋਂ ਦਾ ਹਰ ਪ੍ਰਕਾਰ ਦਾ ਸਾਮਾਨ ਲੱਦ ਕੇ ਥਾਂ ਥਾਂ ਤੇ ਜਾਕੇ ਵੇਚਿਆ।
ਵਿਕਟੋਰੀਆ ਦੇ ਪਛਮੀਂ ਖਿਤੇ ਵਾਰਨਾਂਬੂਲ ਵਿਚ ਮਲਟੀਕਲਚਰਲਿਜ਼ਮ ਦੀ ਇਕ ਅਨੋਖੀ ਮਿਸਾਲ ਸਾਹਮਣੇ ਆਈ ਹੈ। ਕਹਾਣੀ ਸ਼ੁਰੂ ਹੋਣ ਤੋਂ ਲਗ ਪਗ ਚਾਰ ਹਫਤੇ ਪਹਿਲਾਂ ਐਸ.ਬੀ.ਐਸ. ਦੀ ਐਗ਼ਜੈਕਟਿਵ ਪ੍ਰੋਡਿਊਸਰ ਮਨਪ੍ਰੀਤ ਕੇ. ਸਿੰਘ ਨੂੰ ਸੂਚਨਾ ਮਿਲੀ ਕਿ ਵਾਰਨਾਂਬੂਲ ਵਿਚ ਇਕ ਆਸਟ੍ਰੇਲੀਅਨ ਪਰਵਾਰ ਨੇ ਪਿਛਲੇ 63 ਸਾਲ ਇਕ ਮਹੀਨਾ ਸਤਾਰਾਂ ਦਿਨ ਤੋਂ ਇਕ ਸਿੱਖ, ਜਿਸ ਦੀ ਇਹ ਖਾਹਸ਼ ਸੀ ਕਿ ਉਸ ਦੀਆਂ ਅਸਥੀਆਂ ਉਸ ਦੇ ਦੇਸ ਭੇਜੀਆਂ ਜਾਣ, ਦੀਆਂ ਅਸਥੀਆਂ ਸੰਭਾਲ ਕੇ ਰਖੀਆਂ ਹੋਈਆਂ ਹਨ। ਪਤਾ ਲੱਗਣ ਤੇ ਮਨਪ੍ਰੀਤ ਨੇ ਭਾਰਤੀ ਕ੍ਰਿਕਟ ਵੈਟਰਨ, ਕਪਿਲ ਦੇਵ ਨਾਲ ਇੰਟਰਵਿਊ ਸਮੇ ਇਸ ਦਾ ਜ਼ਿਕਰ ਕੀਤਾ ਤਾਂ ਉਹਨ੍ਹਾਂ ਨੇ ਝਟ ਇਸ ਦੀ ਜੁੰਮੇਵਾਰੀ ਆਪਣੇ ਸਿਰ ਲੈਂਦਿਆਂ ਕਿਹਾ, “ਇਹ ਇਕ ਮਹਾਨ ਗੱਲ ਹੈ ਅਤੇ ਜੇਕਰ ਇਹ ਅਵਸਰ ਮੈਨੂੰ ਮਿਲਦਾ ਹੈ ਤਾਂ ਮੈਨੂੰ ਖੁਸ਼ੀ ਹੋਵੇਗੀ ਕਿ ਮੈਂ ਇਹ ਅਸਥੀਆਂ ਭਾਰਤ ਲੈ ਕੇ ਜਾਵਾਂ। ਪੂਰਨ ਸਿੰਘ ਦੀ ਅੰਤਮ ਇਛਾ ਪੂਰੀ ਕਰਾਂ ਅਤੇ ਅਸਥੀਆਂ ਉਸਦੇ ਭਾਰਤ ਵਸਦੇ ਪਰਵਾਰ ਦੇ ਹਵਾਲੇ ਕਰਾਂ। ਮੈ ਲੈ ਜਾਂਦਾ ਹਾਂ” ਇਸ ਦੇ ਨਾਲ ਹੀ ਮਨਪ੍ਰੀਤ ਕੇ. ਸਿੰਘ ਨੇ ਇਹ ਖਬਰ ਭਾਰਤੀ ਮੀਡੀਏ ਨੂੰ, ਪ੍ਰਕਾਸ਼ਤ ਕਰਨ ਵਾਸਤੇ ਵੀ ਭੇਜ ਦਿਤੀ। ਸੋਨੇ ਤੇ ਸੁਹਾਗੇ ਵਾਂਗ ਇਕ ਪਾਸੇ ਤਾਂ ਭਾਰਤ ਦਾ ਉਘਾ ਕ੍ਰਿਕਟ ਖਿਡਾਰੀ ਕਪਿਲ ਦੇਵ ਇਸ ਵਾਸਤੇ ਮੈਦਾਨ ਵਿਚ ਆ ਗਿਆ ਅਤੇ ਦੂਸਰੇ ਪਾਸੇ ਮ੍ਰਿਤਕ ਪੂਰਨ ਸਿੰਘ ਦੇ ਭਰਾ ਸੁਲਤਾਨੀ ਰਾਮ ਦਾ ਪੋਤਰਾ, ਜੋ ਇੰਗਲੈਂਡ ਦੇ ਸ਼ਹਿਰ, ਬਰਮਿੰਘਮ ਵਿਚ ਰਹਿ ਰਿਹਾ ਹੈ, ਇੰਗਲੈਂਡ ਤੋਂ ਆਸਟ੍ਰੇਲੀਆ ਆਉਣ ਵਾਸਤੇ ਤਿਆਰ ਹੋ ਗਿਆ ਅਤੇ ਦੋਨੋ ਹੀ ਸਮੇ ਸਿਰ ਵਾਰਨਾਂਬੂਲ ਪਹੁੰਚ ਗਏ। ਯਾਦ ਰਹੇ ਕਿ ਇਸ ਨੇਕ ਕੰਮ ਵਿਚ ਵਿਕਟੋਰੀਆ ਸਰਕਾਰ ਅਤੇ ਸਿੱਖ ਭਾਈਚਾਰੇ ਨੇ ਵੀ ਯੋਗਦਾਨ ਪਾਉਣ ਵਾਸਤੇ ਆਪਣੇ ਆਪ ਨੂੰ ਪਿਛੇ ਨਹੀਂ ਰੱਖਿਆ। ਵਿਕਟੋਰੀਆ ਸਰਕਾਰ ਨੇ ਕਪਿਲ ਦੇਵ ਨੂੰ ਵਿਕਟੋਰੀਅਨ ਮਹਿਮਾਨ ਬਣ ਕੇ ਆਉਣ ਦੀ ਪੇਸ਼ਕਸ਼ ਕੀਤੀ ਜਦੋਂ ਕਿ ਗੁਰਦੁਆਰਾ ਬਲੈਕਬਰਨ ਦੀ ਸੰਗਤ ਨੇ ਹਰਮੇਲ ਉਪਲ ਦੀ ਟਿਕਟ ਅਤੇ ਆਸਟ੍ਰੇਲੀਆ ਰਹਿਣ ਦੇ ਖਰਚੇ ਦੀ ਪੇਸ਼ਕਸ਼ ਕੀਤੀ ਪ੍ਰੰਤੂ ਦੋਹਾਂ ਨੇ ਧੰਨਵਾਦ ਕਰਦਿਆਂ ਸਵੀਕਾਰ ਕਰਨ ਤੋਂ ਇਨਕਾਰ ਕੀਤਾ ਅਤੇ ਆਪਣੇ ਆਪਣੇ ਖਰਚੇ ਤੇ ਦਿਤੇ ਸਮੇਂ ਅਨੁਸਾਰ ਪਹੁੰਚ ਗਏ।
25 ਜੁਲਾਈ 2010 ਨੂੰ, ਮੈਲਬੌਰਨ ਤੋਂ ਲਗ ਪਗ 150 ਦੇ ਕਰੀਬ ਪੰਜਾਬੀ ਵਾਰਨਾਂਬੂਲ ਵਾਸਤੇ ਚਲ ਪਏ। ਦੋ ਬੱਸਾਂ ਗੁਰਦੁਆਰਾ ਬਲੈਕਬਰਨ ਤੋਂ ਅਤੇ ਇਕ ਬੱਸ ਗੁਰਦਵਾਰਾ ਕਰੇਗੀਬਰਨ ਸਹਿਬ ਤੋਂ ਚੱਲੀ। 270 ਕਿਲੋਮੀਟਰ ਦਾ ਰਸਤਾ ਲਗ ਪਗ ਚਾਰ ਘੰਟਿਆਂ ਵਿਚ ਤਹਿ ਕਰਕੇ, ਸੰਗਤ ਦੇ ਰੂਪ ਵਿਚ, ਪੰਜਾਬੀ ਭਾਈਚਾਰਾ 12 ਵਜੇ ਦੇ ਆਸ ਪਾਸ ਵਾਰਨਾਂਬੂਲ ਪਹੁੰਚ ਗਿਆ। ਵਾਰਨਾਂਬੂਲ ਪਹੁੰਚਦਿਆਂ ਹੀ ਸਭ ਤੋਂ ਪਹਿਲਾਂ ਬੱਸ ਫਿਊਨਰਲ ਡਾਇਰੈਕਟਰ ਦਫਤਰ ਦੇ ਬਾਹਰ ਰੁਕੀ ਅਤੇ ਇਕ ਆਸਟ੍ਰੇਲੀਅਨ ਗਾਈਡ ਬੱਸ ਵਿਚ ਸਵਾਰ ਹੋ ਗਈ, ਜਿਸ ਨੇ ਮਨਜ਼ਲ ਤੇ ਪਹੁੰਚਣ ਤੋਂ ਪਹਿਲਾਂ ਵਾਰਨਾਂਬੂਲ ਦੀਆਂ ਮਨ ਲੁਭਾਊ ਥਾਵਾਂ ਅਤੇ ਸੁੰਦਰ ਦ੍ਰਿਸ਼ ਦਿਖਾਏ ਅਤੇ ਵਾਰਨਾਂਬੂਲ ਦੇ ਇਤਿਹਾਸਕ ਪਿਛੋਕੜ ਉਤੇ ਚਾਨਣਾ ਪਾਇਆ। ਅੰਤ ਵਿਚ ਬੱਸ ਵਾਰਨਾਂਬੂਲ ਫੁਟਬਾਲ ਕਲੱਬ ਦੇ ਸਾਹਮਣੇ ਪਹੁੰਚ ਗਈ। ਕਲੱਬ ਵਿਚ ਪਹੁੰਚਦਿਆਂ ਹੀ ਮਾਹੌਲ ਆਓ ਭਗਤ ਵਰਗਾ ਲਗਿਆ ਜਿਥੇ 100 ਦੇ ਕਰੀਬ ਆਸਟ੍ਰੇਲੀਅਨ, ਤੀਬਰਤਾ ਨਾਲ ਮੈਲਬੌਰਨ ਤੋਂ ਆਉਣ ਵਾਲੇ ਪੰਜਾਬੀਆਂ ਦਾ ਸਵਾਗਤ ਕਰਨ ਵਾਸਤੇ ਤਿਆਰ ਬੈਠੇ ਸਨ। ਸਰਦੀਆਂ ਦੇ ਮੌਸਮ ਵਿਚ ਸਵੇਰੇ 8 ਵਜੇ ਤੋਂ ਚੱਲੀ ਸੰਗਤ ਨੇ ਆਸਟ੍ਰੇਲੀਅਨ ਵਲੋਂ ਕੀਤੀ ਆਓ ਭਗਤ ਅਤੇ ਗਰਮਾ ਗਰਮ ਚਾਹ ਦਾ ਖੂਬ ਆਨੰਦ ਮਾਣਿਆਂ। ਗੁਰਦੁਆਰਾ ਬਲੈਕਬਰਨ ਦੇ ਸੇਵਾਦਾਰਾਂ ਨੇ ਲੰਗਰ ਦੀ ਤਿਆਰੀ ਦੀ ਜੁੰਮੇਵਾਰੀ ਸੰਭਾਲ਼ੀ ਹੋਈ ਸੀ। ਚਾਹ ਪਾਣੀ ਪੀ ਕੇ ਹਰ ਕੋਈ ਆਪਣੇ ਆਪਣੇ ਕੰਮ ਵਿਚ ਲੱਗ ਗਿਆ; ਕੋਈ ਗੱਲਾਂ ਵਿਚ ਅਤੇ ਕੋਈ ਪੁੱਛ-ਗਿੱਛ ਵਿਚ, ਕਿ ਇਹ ਸਾਰਾ ਕੁਝ ਇਕ ਦਮ ਕਿਵੇਂ ਵਾਪਰਿਆ? ਅਜ ਵਾਰਨਾਂਬੂਲ ਦੇ ਪਛਮੀ ਫੁਟਬਾਲ ਕਲੱਬ ਦੇ ਅੰਦਰ ਦਾ ਨਜਾਰਾ ਪੁਰਾਣੇ ਸਮੇਂ ਵਿਚ ਕੀਤੇ ਜਾ ਰਹੇ ਸਰਾਧ ਵਰਗਾ ਲਗ ਰਿਹਾ ਸੀ।
ਕਲੱਬ ਵਿਚ ਜਿਥੇ ਖਾਣ ਪੀਣ ਅਤੇ ਸੁਖ ਆਰਾਮ ਦਾ ਪ੍ਰਬੰਧ ਕੀਤਾ ਗਿਆ ਸੀ ਓਥੇ ‘ਗਾਯਟ ਪ੍ਰੀਵਾਰ’ ਅਤੇ ਹਿਸਟੋਰੀਅਨ ‘ਲਿਨ ਕੈਨਾਅ ਅਤੇ ਕਰਿਸਟਲ ਜੌਰਡਨ’ ਵੀ ਹਾਜਰ ਸਨ।ਮਿਸਟਰ ਕੈਨਾਅ ਨਾਲ ਗਲ ਬਾਤ ਕਰਨ ਤੇ ਪਤਾ ਲਗਿਆ ਕਿ ਉਹ ਹਿਸਟੋਰੀਅਨ ਹਨ ਅਤੇ ਆਸਟ੍ਰੇਲੀਆ ਵਿਚ ਇੰਡੀਅਨ ਅਰਾਈਵਲ ਦੀ ਖੋਜ ਉਨ੍ਹਾਂ ਦਾ ਮੇਨ ਵਿਸ਼ਾ ਹੈ। ਇਸ ਤੋਂ ਬਾਅਦ ਐਲਿਸ, ਜਿਸਦੇ ਦੇ ਦਾਦਾ ਜੀ ਨੇ ਪੂਰਨ ਸਿੰਘ ਦਾ ਸਸਕਾਰ ਸਪਰਿੰਗਵੇਲ ਦੀ ਸਿਮਿਟਰੀ ਵਿਚ ਕਤਿਾ ਸੀ ਅਤੇ ਅਸਥੀਆਂ ਆਪਣੇ ਪਾਸ ਵਾਰਨਾਂਬੂਲ ਲੈ ਗਏ ਸਨ, ਜਿਨ੍ਹਾਂ ਨੇ ਆਪਣੇ ਅੰਤਮ ਸਮੇਂ ਅਸਥੀਆਂ ਆਪਣੇ ਪੁਤਰ ਨੂੰ ਇਸ ਆਸ ਨਾਲ ਸੌਂਪ ਦਿਤੀਆਂ ਕਿ ਕੋਈ ਤਾਂ ਆਵੇਗਾ ਇਨ੍ਹਾਂ ਦੀ ਸੰਭਾਲ ਵਾਸਤੇ। ਪੁਤਰ ਦੀ ਆਯੂ ਬੀਤ ਗਈ ਅਤੇ ਆਪਣੀ ਖਾਹਸ਼ ਪੂਰੀ ਹੁੰਦੀ ਨਾਂ ਦੇਖ ਕੇ ਇਹ ਸੌਂਪਣਾ ਆਂਪਣੀ ਬੇਟੀ ਐਲਿਸ ਅਤੇ ਉਸਦੇ ਭਾਈ ਨੂੰ ਸੌਂਪ ਗਏ। ਦੋਨੋ ਭੇਣ ਭਾਈ ਆਪਣੀ ਆਧੇੜ ਉਮਰ ਤਕ ਉਡੀਕ ਕਰਦੇ ਰਹੇ ਪ੍ਰੰਤੂ ਆਸ ਪੂਰੀ ਨਾਂ ਹੁੰਦੀ ਨਜਰ ਆਈ। ਤੀਸਰੀ ਪੁਸ਼ਤ ਹੋ ਜਾਣ ਤੇ ਸ਼ਾਇਦ ਥੋੜੇ ਨਿਰਾਸ਼ ਵੀ ਹੋ ਗਏ ਹੋਣ। ਕਹਿੰਦੇ ਹਨ ਕਿ ਕਈ ਵਾਰ ਪ੍ਰਮਾਤਮਾਂ ਵੀ ਪਰਖ ਕਰਦਿਆਂ ਕਰਦਿਆ ਬਹੁਤ ਦੇਰ ਕਰ ਦਿੰਦਾ ਹੈ। ਅਜ ਜਦੋਂ ਭੈਣ ਭਰਾ ਇਨ੍ਹਾਂ ਅਸਥੀਆਂ ਬਾਰੇ ਸੋਚ ਹੀ ਰਹੇ ਹੋਣਗੇ ਕਿ ਹਿਸਟੋਰੀਅਨ, ਲਿਨ ਕੈਨਾਅ ਨੂੰ ਇਸ ਗਲ ਦੀ ਭਿਣਕ ਪੈ ਗਈ ਅਤੇ ਉਹ ਕਹਾਣੀ ਦੇ ਹੀਰੋ ਬਣਨ ਵਾਸਤੇ ਆ ਹਾਜਰ ਹੋਏ। ਪੂਰੀ ਖੋਜ ਤੋਂ ਬਾਦ ਉਨਾਂ ਇਹ ਖਬਰ ਐਸ.ਬੀ.ਐਸ. ਰੇਡੀਓ ਦੇ ਪੰਜਾਬੀ ਪ੍ਰੋਗਰਾਮ ਦੇ ਪ੍ਰਡਿਊਸਰ ਮਨਪ੍ਰੀਤ ਕ. ਸਿੰਘ ਨੂੰ ਦਿਤੀ ਜਿਨ੍ਹਾਂ ਨਾਲ ਉਨ੍ਹਾਂ ਦੀ ਵਾਕਫੀ ਬਹੁਤ ਦੇਰ ਤੋਂ ਸੀ। ਜਿਓਂ ਹੀ ਇਹ ਖਬਰ ਮਨਪ੍ਰੀਤ ਪਾਸ ਆਈ ਤਾਂ ਇਕ ਦਮ ਹਵਾ ਵਿਚ ਫੈਲ ਗਈ। ਐਸ.ਬੀ.ਐਸ. ਰੇਡੀਓ ਤੋਂ ਇਲਾਵਾ ਇਹ ਭਾਰਤੀ ਮੀਡੀਏ ਪਾਸ ਵੀ ਪਹੁੰਚ ਗਈ। ਭਾਰਤੀ ਮੀਡੀਆ ਜੋ ਭਾਰਤੀ ਵਿਦਿਆਰਥੀਆਂ ਦੀਆਂ ਸਮਿਸਆਵਾਂ ਨੂੰ ਵਧਾ ਘਟਾ ਕੇ ਅਤੇ ਗਲਤ ਢੰਗ ਨਾਲ ਪ੍ਰਕਾਸ਼ਤ ਕਰਨ ਵਿਚ ਬਦਨਾਮ ਹੋ ਚੁਕਿਆ ਸੀ, ਇਸ ਖਬਰ ਨੂੰ ਸਹੀ ਰੂਪ ਦੇ ਕੇ ਆਪਣੀ ਥੋੜੀ ਬਹੁਤ ਹੋਂਦ ਕਾਇਮ ਕਰਨ ਵਿਚ ਸਫਲ ਹੋ ਗਿਆ ਅਤੇ ਖਬਰ ਇੰਗਲੈਂਡ ਦੇ ਸ਼ਹਿਰ ਬਰਮਿੰਘਮ ਤਕ ਪਹੁੰਚਾ ਦਿਤੀ, ਜਿਥੋਂ ਪੂਰਨ ਸਿੰਘ ਦੇ ਭਰਾ, ਸੁਲਤਾਨੀ ਰਾਮ ਦਾ ਪੋਤਰਾ ਹਰਮੇਲ ਉਪਲ ਵੀ ਆ ਹਾਜਰ ਹੋਇਆ। ਜਿਵੇਂ ਅਸੀਂ ਉਪਰ ਵਿਸਥਾਰ ਪੂਰਵਕ ਬਿਆਨ ਕਰ ਚੁੱਕੇ ਹਾਂ ਕਿ ਵਾਰਨਾਂਬੂਲ਼ ਨਿਵਾਸੀਆਂ ਨੇ ਮੈਲਬੌਰਨ ਤੋਂ ਪਹੁੰਚੀ ਸਿੱਖ ਸੰਗਤ ਦਾ ਤਹਿ ਦਿਲੋਂ ਸਵਾਗਤ ਕੀਤਾ ਅਤੇ ਥੋਹੜੇ ਆਰਾਮ ਅਤੇ ਖਾਣ ਪੀਣ ਤੋਂ ਬਾਅਦ, ਸ਼ਮਸ਼ਾਨ ਭੂਮੀ ਵੱਲ ਚਾਲੇ ਪਾਏ, ਜਿਥੇ ਪੂਰਨ ਸਿੰਘ ਦੀਆਂ ਅਸਥੀਆਂ ਸੰਭਾਲ਼ ਕੇ ਰਖੀਆਂ ਹੋਈਆਂ ਸਨ। ਏਥੇ ਪਹੁੰਚ ਕੇ ਅਸਥੀਆਂ ਪ੍ਰਾਪਤ ਕਰਨ ਤੋਂ ਪਹਿਲਾਂ ਕਪਿਲ ਦੇਵ ਨੇ ਇਸ ਬਾਰੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ, “ਇਹ ਉਸ ਸਮੇ ਦੀ ਗੱਲ ਹੈ ਜਦੋਂ ਅਜੇ ਆਸਟ੍ਰੇਲੀਆ ਵਿਚੋਂ ‘ਵਾਈਟ ਪਾਲਿਸੀ’ ਖਤਮ ਨਹੀਂ ਸੀ ਹੋਈ। ਅੱਜ ਜਦੋਂ ਆਸਟ੍ਰੇਲੀਆ ਮਨੁੱਖੀ ਹਿਤਾਂ ਦੀ ਮੋਹਰਲੀ ਕਤਾਰ ਵਿਚ ਖੜ੍ਹਾ ਹੈ ਤਾਂ 2% ਮੀਡੀਆ, ਜੋ ਆਪਣਾ ਸਹੀ ਰੋਲ ਨਹੀਂ ਨਿਭਾ ਰਿਹਾ, ਨੂੰ ਆਪਣੀ ਸੋਚ ਬਦਲ ਲੈਣੀ ਚਾਹੀਦੀ ਹੈ ਤਾਂ ਕਿ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ, ਵਿਦਿਆਰਥੀਆਂ ਦੁ ਮਸਲੇ ਤੇ ਆਈ ਦਰਾੜ ਮਿਟ ਜਾਵੇ।“ ਪੂਰਨ ਸਿੰਘ ਦੀਆਂ ਅਸਥੀਆਂ ਬਾਰੇ ਬੋਲਦਿਆਂ ਉਹਨਾਂ ਕਿਹਾ, “63 ਸਾਲ ਤਕ ਕਿਸੇ ਦੀ ਇਸ ਤਰ੍ਹਾਂ ਅਮਾਨਤ ਸੰਭਾਲ ਕੇ ਰਖਣੀ ਅਤੇ ਉਹ ਵੀ ਇਕ ਆਸਟ੍ਰੇਲੀਅਨ ਪਰਵਾਰ ਵਲੋਂ, ਇਸ ਦੀ ਮਿਸਾਲ ਸ਼ਾਇਦ ਹੀ ਦੁਨੀਆਂ ਦੇ ਕਿਸੇ ਹੋਰ ਦੇਸ ਵਿਚੋਂ ਮਿਲ ਸਕੇ। ਅੱਜ ਸਾਡੇ ਪਾਸ ਦੋ ਕੌਮਾਂ ਦੇ ਆਪਸੀ ਮੇਲ ਦੀ ਇਸ ਤੋਂ ਵੱਡੀ ਕੋਈ ਵੀ ਉਦਾਹਰਣ ਨਹੀਂ ਹੈ। ਉਹਨਾਂ ਕਿਹਾ ਕਿ ਉਹਨਾਂ ਆਪਣੀ ਖੇਡ ਸਮੇ, ਕਦੇ ਵੀ ਕਿਸੇ ਆਸਟ੍ਰੇਲੀਅਨ ਖਿਡਾਰੀ ਵਿਚ ਕੋਈ ਭੇਦ-ਭਾਵ ਨਹੀਂ ਸੀ ਦੇਖਿਆ। ਅੱਜ ਤਾਂ ਇਕ ਸਭ ਤੋਂ ਵੱਡੀ ਮਿਸਾਲ ਸਾਡੇ ਸਾਹਮਣੇ ਆ ਗਈ ਹੈ। ਅੰਤ ਵਿਚ ਉਹਨਾਂ ਪੂਰਨ ਸਿੰਘ ਦੇ ਪੋਤਰੇ ਨੂੰ ਆਪਣੇ ਪੂਰਵਜ ਦੀ ਅਮਾਨਤ ਲੈਣ ਵਾਸਤੇ ਕਿਹਾ।“
ਅਗਲਾ ਸਫਰ ਆਰੰਭ ਹੋਇਆ ਅਸਥੀਆਂ ਦਾ ਭਾਰਤ ਪਹੁੰਚਣ ਦਾ। ਜਿਵੇਂ ਉਪਰ ਦੱਸਿਆ ਜਾ ਚੁਕਾ ਹੈ ਕਿ ਰੇਡੀਓ ਐਸ.ਬੀ.ਐਸ. ਦੀ ਪੰਜਾਬੀ ਪ੍ਰੋਡੀਊਸਰ ਮਨਪ੍ਰੀਤ ਕ. ਸਿੰਘ ਦੀ ਭੂਮਿਕਾ ਇਤਨੀ ਅਹਿਮ ਹੈ ਕਿ ਉਹਨਾਂ ਦੀ ਦਖਲ ਅੰਦਾਜੀ ਤੋਂ ਬਿਨਾ ਇਹ ਗੁੱਥੀ ਸ਼ਾਇਦ ਕਦੀ ਸੁਲਝਦੀ ਹੀ ਨਾਂ ਅਤੇ ਆਸਟ੍ਰੇਲੀਅਨ ਪਰਵਾਰ, ਭਾਰਤੀਆਂ ਅਤੇ ਖਾਸ ਕਰਕੇ ਪੰਜਾਬੀਆਂ ਦੀ ਤੰਗ ਦਿਲੀ, ਸੰਗਾਊ ਸੁਭਾ ਅਤੇ ਨਾ-ਮਿਲਵਰਤਣ ਵਾਲੀ ਕੌਮ ਸਮਝ ਕੇ, ਆਪਣੀਆਂ ਆਸਾਂ ਆਪਣੇ ਅੰਦਰ ਹੀ ਰਖਦਿਆਂ, ਅੱਗੇ ਤੋਂ ਅਗੇ ਪੁਸ਼ਤ-ਦਰ-ਪੁਸ਼ਤ ਚੱਲਦਾ ਰਹਿੰਦਾ। ਧੰਨ ਹੈ ਸਾਡੀ ਮਨਪ੍ਰੀਤ ਕ. ਸਿੰਘ ਜਿਸ ਦੇ ਕਾਰਨ ਅੱਜ ਪੰਜਾਬੀਅਤ ਦਾ ਸਿਰ ਉਚਾ ਹੋਇਆ ਹੈ। ਏਥੇ ਹੀ ਬਸ ਨਹੀਂ ਮਨਪ੍ਰੀਤ ਨੇ ਆਪਣਾ ਰੋਲ ਭਾਰਤ ਜਾਣ ਦਾ, ਪੂਰਨ ਸਿੰਘ ਦਾ ਪਿੰਡ ਉਪਲ ਭੂਪਾ ਅਤੇ ਉਸ ਦੇ ਭੇਜੇ ਪੈਸਿਆਂ ਨਾਲ ਬਣਿਆ ਘਰ, ਜਿਸ ਉਤੇ ਅੱਜ ਵੀ ਤਖਤੀ ਲਗੀ ਹੋਈ ਹੈ:

ਪੂਰਨ ਸਿੰਘ ਭਰਾ ਸੁਲਤਾਨੀ ਰਾਮ, ਆਸਟ੍ਰੇਲੀਆ ਵਾਲੇ

ਆਪਣੀਆਂ ਅੱਖਾਂ ਨਾਲ ਵੇਖਿਆ। ਅਸਥੀਆਂ 27 ਜੁਲਾਈ ਸਵੇਰ ਵੇਲੇ ਮੈਲਬਰਨ ਤੋਂ ਰਵਾਨਾ ਹੋਈਆਂ। ਸ਼ਾਮ ਨੂੰ ਦਿਲੀ ਪਹੁੰਚੀਆਂ। ਰਾਤ ਆਰਾਮ ਕਰਕੇ 28 ਸਵੇਰ ਤੋਂ ਚਲ ਕੇ ਸ਼ਾਮ ਤਕ ਜਲੰਧਰ ਪਹੁੰਚੀਆਂ। 29 ਸਵੇਰੇ ਪਿੰਡ ਉਪਲ ਭੂਪਾ ਤੋਂ ਰਵਾਨਾ ਹੋ ਕੇ, ਸ਼ਾਮ ਨੂੰ ਹਰਿਦੁਆਰ ਪਹੁੰਚੀਆਂ। ਅੰਤ 30 ਜੁਲਾਈ 2010 ਸਵੇਰ ਵੇਲੇ, ਪੂਰਨ ਸਿੰਘ ਦੀ ਆਖਰੀ ਇੱਛਾ ਪੂਰਤੀ ਲਈ, ਅਸਥੀਆਂ ਪਵਿਤਰ ਗੰਗਾ ਵਿਚ ਵਹਾ ਦਿਤੀਆਂ ਗਈਆਂ। ਪਹਿਲੀ ਅਗੱਸਤ ਨੂੰ ਵਾਪਸੀ ਸਫਰ ਆਰੰਭ ਕਰਕੇ ਮਨਪ੍ਰੀਤ ਆਪਣੇ ਦੇਸ ਆਸਟ੍ਰੇਲੀਆ ਪਹੁੰਚ ਗਈ, ਜਿਥੇ ਪਹੁੰਚ ਕੇ ਉਹਨਾਂ ਆਪਣੀ ਸਾਰੀ ਯਾਤਰਾ ਦਾ ਵੇਰਵਾ ਰੇਡੀਓ ਤੇ ਪ੍ਰਸਾਰਤ ਕੀਤਾ ਅਤੇ ਵੈਬ ਸਾਈਟ ਤੇ ਪਾਇਆ।

ਇਹ ਸੀ ਇਕ ਸਿੱਖ ਦੀ ਆਖਰੀ ਇੱਛਾ ਦੀ ਅਤੇ ਇਕ ਸੱਚੇ ਆਸਟ੍ਰੇਲੀਅਨ ਦੇ ਫਰਜ਼ ਅਤੇ ਉਪਕਾਰ ਦੀ ਪੂਰਤੀ।
****

No comments: