ਇਤਿਹਾਸਕ ਗਲਤੀਆਂ ਜਾਂ ਸਚਾਈਆਂ……… ਲੇਖ / ਮਨਜੀਤ ਸਿੰਘ ਔਜਲਾ

ਆਮ ਤੌਰ ਉਤੇ ਮੰਨਿਆਂ ਜਾਂਦਾ ਹੈ ਕਿ ਇਤਿਹਾਸਕਾਰ ਇਤਿਹਾਸਕ ਸੱਚਾਈਆਂ ਜਾਨਣ ਵਾਸਤੇ ਬਹੁਤ ਪੁੱਛ-ਪੜਤਾਲ ਅਤੇ ਖੋਜ ਕਰਕੇ ਹੀ ਲਿਖਿਆ ਕਰਦੇ ਹਨ, ਪ੍ਰੰਤੂ ਕੁਝ ਇਕ ਇਤਿਹਾਸਕਾਰਾਂ ਦੀਆਂ ਲਿਖਤਾਂ ਪੜ ਕੇ ਪਾਠਕ ਸੁੱਤੇ ਸਿੱਧ ਹੀ ਅੰਦਾਜ਼ਾ ਲਗਾ ਲੈਂਦੇ ਹਨ ਕਿ ਇਸ ਵਿਚ ਸਚਾਈ ਕਿਥੋਂ ਤੱਕ ਹੈ। ਸਈਯਦ ਮੁਹੰਮਦ ਲਾਤੀਫ ਆਪਣੇ ਸਮੇਂ ਵਿਚ ਚੰਗੇ ਇਤਿਹਾਸਕਾਰਾਂ ਵਿਚੋਂ ਮੰਨਿਆਂ ਜਾਂਦਾ ਸੀ ਪ੍ਰੰਤੂ ਉਸਦਾ ਲਿਖਿਆ “ਪੰਜਾਬ ਦਾ ਇਤਿਹਾਸ” ਪੜ੍ਹ ਕੇ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਪੁਸਤਕ ਉਸਨੇ ਸਿੱਖਾਂ ਨੂੰ ਛੁਟਿਆਉਣ ਅਤੇ ਪਹਿਲਾਂ ਮੁਸਲਮਾਨਾਂ ਅਤੇ ਫਿਰ ਅੰਗਰੇਜਾਂ ਨੂੰ ਖੁਸ਼ ਕਰਨ ਵਾਸਤੇ ਹੀ ਲਿਖੀ ਸੀ।ਇਸ ਵਿਚ ਨਿਮਨ ਤਰੁਟੀਆਂ ਦੇਖਣ ਨੂੰ ਆਮ ਮਿਲਦੀਆਂ ਹਨ:
 
ਲਾਤੀਫ ਅਨੁਸਾਰ ਮਹਾਂਭਾਰਤ ਦਾ ਸਮਾਂ 1200 ਬੀ.ਸੀ. ਅਤੇ ਰਾਮਾਇਣ ਦਾ ਸਮਾਂ 1000 ਬੀ.ਸੀ. ਹੈ। ਇਸ ਨੇ ਗੁਰੂ ਅਰਜਨ ਦੇਵ ਜੀ ਦੀ ਚਲਾਈ ‘ਮਸੰਦ ਪ੍ਰਥਾ’ ਨੂੰ ‘ਟੈਕਸ ਪ੍ਰਥਾ’ ਲਿਖਿਆ ਹੈ। ਆਪਣੀ ਸਾਰੀ ਲਿਖਤ ਵਿਚ ਆਨੰਦਪੁਰ ਸਾਹਿਬ ਨੂੰ ਮਾਖੋਵਾਲ ਅਤੇ ਕੀਰਤਪੁਰ ਸਾਹਿਬ ਨੂੰ ਆਨੰਦਪੁਰ ਲਿਖਿਆ ਹੈ ਅਤੇ ਸਥਿਤੀ ਵੀ ਕਰਤਾਰਪੁਰ ਦੇ ਆਸ ਪਾਸ ਦਸੀ ਹੈ। ਲਗਦਾ ਹੈ ਕਿ ਸਈਯਦ ਲਾਤੀਫ ਨੂੰ ਜਾਂ ਤਾਂ ਸਿੱਖ ਗੁਰੂ ਸਹਿਬਾਨ ਅਤੇ ਸਿੱਖ ਕੌਮ ਅਤੇ ਬਾਰੇ ਪੂਰਾ ਗਿਆਨ ਨਹੀਂ ਸੀ ਜਾਂ ਫਿਰ ਉਸਨੇ ਜਾਣ ਬੁਝ ਕੇ ਸਿੱਖਾਂ ਦਾ ਮਖੌਲ ਉਡਾਇਆ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਬਾਰੇ ਤਾਂ ਉਹ ਇਥੋਂ ਤੱਕ ਲਿਖ ਗਿਆ ਹੈ ਕਿ ਨਬੀ ਅਤੇ ਗਨੀਂ ਖਾਨ ਮੁਸਲਮਾਨ ਸਨ ਅਤੇ ਗੁਰੂ ਸਹਿਬ ਨੇ ਆਪਣੀ ਜਾਨ ਬਚਾਉਣ ਵਾਸਤੇ ਉਨ੍ਹਾਂ ਨੂੰ ਬਹੁਤ ਵਡੀ ਰਕਮ ਲਾਲਚ ਵਜੋਂ ਦਿੱਤੀ ਸੀ। ਉਸਨੇ ਬਾਬਾ ਬੰਦਾ ਸਿੰਘ ਬਹਾਦੁਰ ਦਾ ਕਿਤੇ ਵੀ ਪੂਰਾ ਨਾਮ ਨਹੀਂ ਲਿਖਿਆ, ਸਗੋਂ ਹਰ ਥਾਂ ‘ਬੈਰਾਗੀ ਬੰਦਾ’ ਹੀ ਲਿਖਿਆ ਹੈ। ਸਰਹੰਦ ਬਾਰੇ ਵੀ ਉਸਨੇ ਲਿਖਿਆ ਹੈ ਕਿ ਉਸਨੂੰ ਬੰਦਾ ਸਿੰਘ ਨੇ ਨਹੀਂ ਸਗੋਂ ਭਾਈ ਬੁੱਧ ਸਿੰਘ ਨੇ ਢਹਿ ਢੇਰੀ ਕੀਤਾ ਸੀ।“ਪੰਜਾਬ ਦਾ ਇਤਿਹਾਸ” ਪੁਸਤਕ ਵਿਚ ਲਾਤੀਫ ਨੇ ਦਸ ਗੁਰੂ ਸਹਿਬਾਨ ਦੇ 240 ਸਾਲਾਂ ਦੇ ਇਤਿਹਾਸ ਨੂੰ 33 ਪੰਨਿਆਂ ਵਿਚ ਬਿਆਨ ਕੀਤਾ ਹੈ ਅਤੇ ਮਹਾਰਾਜਾ ਰਣਜੀਤ ਸਿੰਘ ਦੇ 48 ਸਾਲਾਂ ਦਾ ਇਤਿਹਾਸ 276 ਪੰਨਿਆਂ ਵਿਚ ਬਿਆਨ ਕੀਤਾ ਹੈ। ਮੁਸਲਮਾਨਾਂ ਦੇ ਇਤਿਹਾਸ ਨੂੰ ਬਿਆਨ ਕਰਦਿਆਂ ਲਾਤੀਫ ਦੀ ਖੋਜ ਅਤੇ ਗਲਤੀ ਉਤੇ ਟਿੱਪਣੀ ਨਹੀਂ ਕੀਤੀ ਜਾ ਸਕਦੀ ਪ੍ਰੰਤੂ ਸਿੱਖ ਇਤਿਹਾਸ ਬਾਰੇ ਪੜ ਕੇ ਬੱਚਾ ਵੀ ਕਹਿ ਸਕਦਾ ਹੈ ਕਿ ‘ਅਜਿਹਾ ਹੋ ਹੀ ਨਹੀਂ ਸਕਦਾ’।
 
ਏਥੇ ਹੀ ਬਸ ਨਹੀਂ “ਸਿੱਖ ਰਾਜ ਦੀਆਂ ਸ਼ਾਮਾਂ” ਪੁਸਤਕ ਦੇ ਲਿਖਾਰੀ ਨੇ ਅਤੇ ਸੱਠਵਿਆਂ ਵਿਚ ਪੰਜਾਬ ਯੂਨੀਵਰਸਿਟੀ ਵਲੋਂ ਪ੍ਰਵਾਣਿਤ “ਪੰਜਾਬ ਦਾ ਇਤਿਹਾਸ” ਦੇ ਇਤਿਹਾਸਕਾਰ ਨੇ ਹਰਿਮੰਦਰ ਸਹਿਬ ਉਤੇ ਤਿੰਨ ਹਮਲੇ ਹੀ ਲਿਖੇ ਹਨ, ਚੌਥਾ ਹਮਲਾ ਜੂਨ 1984 ਦਾ ਹੋਇਆ ਹੈ। 1984 ਤੋਂ ਬਾਅਦ ਤਾਂ ਸਿੱਖ ਇਤਿਹਾਸ ਵਿਚ ਇਹ ਵੀ ਆਮ ਸੁਣਨ ਵਿਚ ਆਇਆ ਹੈ ਅਤੇ ਗਿਣਤੀ ਕਰਨ ਤੇ ਸੱਚ ਵੀ ਹੈ ਕਿ ਹਰਿਮੰਦਰ ਸਾਹਿਬ ਉਤੇ ਅੱਜ ਤੱਕ ਕੁੱਲ ਚਾਰ ਹਮਲੇ ਹੋਏ ਹਨ ਅਤੇ ਹਰ ਹਮਲਾਵਰ ਨੂੰ ਗੁਰੂ ਦੇ ਦੋ ਸਿੱਖਾਂ ਨੇ ਠੀਕ 152 ਦਿਨ ਬਾਦ ਮੌਤ ਦਾ ਜਾਮ ਪਿਲਾਇਆ। ਪਹਿਲਾ ਹਮਲਾ 13 ਅਗਸਤ 1740 ਵਿਚ, ਹਮਲਾਵਰ ਸੀ ਮਸਾ ਰੰਗੜ। ਮੌਤ 152 ਦਿਨ ਬਾਦ, 11 ਜਨਵਰੀ 1741 ਵਿਚ, ਸੁੱਖਾ ਸਿੰਘ, ਮਹਿਤਾਬ ਸਿੰਘ ਹੱਥੋਂ। ਦੂਸਰਾ ਹਮਲਾ 03 ਜਨਵਰੀ 1757 ਵਿਚ, ਹਮਲਾਵਰ ਸੀ ਜਹਾਨ ਖਾਨ। ਮੌਤ 152 ਦਿਨ ਬਾਦ, 04 ਜੂਨ 1757 ਵਿਚ, ਦਿਆਲ ਸਿੰਘ, ਲਹਿਣਾ ਸਿੰਘ ਹੱਥੋਂ। ਤੀਸਰਾ ਹਮਲਾ 08 ਜੂਨ 1762 ਵਿਚ, ਹਮਲਾਆਵਰ ਸੀ ਕਲੰਦਰ ਖਾਨ। ਮੌਤ 152 ਦਿਨ ਬਾਦ, 07 ਨਵੰਬਰ 1762 ਵਿਚ, ਬਘੇਲ ਸਿੰਘ, ਪਹਾੜਾ ਸਿੰਘ ਹੱਥੋਂ। 

ਨੋਟ: ਤੀਸਰੇ ਹਮਲੇ ਬਾਰੇ ‘ਸਿੱਖ ਰਾਜ ਦੀਆਂ ਸ਼ਾਮਾਂ’ ਦੇ ਲੇਖਕ ਨੇ ਲਿਖਿਆ ਹੈ ਕਿ ਇਹ ਹਮਲਾ ਸਭ ਤੋਂ ਭਿਆਨਕ ਸੀ ਜਦੋਂ ਹਰਿਮੰਦਰ ਸਹਿਬ ਨੂੰ ਬਾਰੂਦ ਨਾਲ ਉਡਾਇਆ ਗਿਆ ਅਤੇ ਸਰੋਵਰ ਪੂਰ ਕੇ ਇਸ ਵਿਚ ਜੌਂ ਬੀਜੇ ਗਏ। ਇਸ ਹਮਲੇ ਬਾਰੇ ਇਹ ਵੀ ਲਿਖਿਆ ਹੈ ਕਿ ਇਹ ਹਮਲਾ ਅਹਿਮਦ ਸ਼ਾਹ ਦੀ ਹਾਜ਼ਰੀ ਵਿਚ ਹੋਇਆ ਅਤੇ ਜਦੋਂ ਹਰਿਮੰਦਰ ਸਹਿਬ ਨੂੰ ਬਾਰੂਦ ਨਾਲ ਉਡਾਇਆ ਤਾਂ ਇਕ ਇੱਟ (ਕੰਕਰ) ਉਡਦੀ ਹੋਈ ਆ ਕੇ ਅਬਦਾਲੀ ਦੇ ਨੱਕ ਤੇ ਵੱਜੀ, ਜਖ਼ਮ ਠੀਕ ਨਾ ਹੋਇਆ, ਸਗੋਂ ਕੈਂਸਰ ਬਣ ਕੇ ਅਬਦਾਲੀ ਦੀ ਮੌਤ ਦਾ ਕਾਰਣ ਬਣਿਆ। ਇਸ ਘਟਨਾ ਦਾ ਸਮਾਂ 1762 ਹੀ ਲਿਖਿਆ ਹੈ। ਇਸ ਪੁਸਤਕ ਦੇ ਆਧਾਰ ਉਤੇ ਹਰਿਮੰਦਰ ਸਹਿਬ ਨੂੰ ਇਕ ਵਾਰ ਹੀ ਬਾਰੂਦ ਨਾਲ ਉਡਾਇਆ ਗਿਆ ਅਤੇ ਸਾਂਈਂ ਮੀਂਆਂ ਮੀਰ ਤੋਂ ਬਾਦ ਇਕ ਵਾਰ ਹੀ ਦੁਬਾਰਾ ਉਸਾਰਿਆ ਗਿਆ।  ਚੌਥਾ ਹਮਲਾ 01 ਜੂਨ 1984 ਨੂੰ ਇੰਦਰਾ ਗਾਂਧੀ ਦੁਆਰਾ ਫੌਜ ਭੇਜ ਕੇ ਕਰਵਾਇਆ ਗਿਆ। ਉਸਦੀ ਮੌਤ ਵੀ 152 ਦਿਨ ਬਾਦ ਬੇਅੰਤ ਸਿੰਘ, ਸਤਵੰਤ ਸਿੰਘ ਹਥੋਂ 31 ਅਕਤੂਬਰ 1984 ਨੂੰ ਹੋਈ।
 
ਇਸ ਪੁਸਤਕ ਵਿਚ ਇਹ ਵੀ ਲਿਖਿਆ ਹੈ ਕਿ ਵਡੇ ਘੱਲੂਘਾਰੇ ਤੋਂ ਬਾਦ ਜਦੋਂ ਅਬਦਾਲੀ ਦੀਆਂ ਫੌਜਾਂ ਪਟਿਆਲੇ ਵੱਲ ਵਧੀਆਂ ਅਤੇ ਪਟਿਆਲੇ ਦੇ ਹੁਕਮਰਾਨ ਆਲਾ ਸਿੰਘ ਨੂੰ ਕੇਸ ਕਟਾਉਣ ਵਾਸਤੇ ਕਿਹਾ ਤਾਂ ਉਸਨੇ ਆਪਣੀ ਰਾਣੀ ਫਤਿਹ ਕੌਰ ਰਾਹੀਂ ਅਬਦਾਲੀ ਨੂੰ ਸਵਾ ਲੱਖ ਰੁਪੈ (ਮੋਹਰ) ਆਪਣੇ ਕੇਸਾਂ ਦੀ ਕੀਮਤ ਦੇ ਕੇ ਕੇਸ ਕਤਲ ਹੋਣ ਤੋਂ ਬਚਾਏ ਸਨ। (ਇਹ ਹਰਜਾਨਾਂ 350,000 ਵੀ ਹੋ ਸਕਦਾ ਹੈ) ਪ੍ਰੰਤੂ ਅੱਜ ਹਦੋਂ ਅਮਰਜੀਤ ਸਿੰਘ ਗਰਿਫਤ ਵਾਲਿਆਂ ਦਾ ਲਿਖਿਆ ਲੇਖ ‘ਅਬਦਾਲੀ ਦੇ ਹਮਲੇ’ ਪੜ੍ਹਿਆ, ਜਿਸਨੂੰ ਅਵੱਸ਼ ਕਿਸੇ ਇਤਿਹਾਸਕਾਰ ਦੀ ਲਿਖਤ ਅਨੁਸਾਰ ਹੀ ਲਿਖਿਆ ਹੋਵੇਗਾ ਪ੍ਰੰਤੂ ਕੁਝ ਗੱਲਾਂ ਮਨ ਨੂੰ ਨਾ ਜਚਣ ਕਰਕੇ ਅਤੇ ਪਾਠਕਾਂ ਦੀ ਜਾਣਕਾਰੀ ਵਾਸਤੇ, ਇਹ ਲਿਖਣਾ ਪੈ ਰਿਹਾ ਹੈ ਕਿ ਜੇਕਰ ਹਰਿਮੰਦਰ ਸਹਿਬ ਨੂੰ ਤਿੰਨ ਵਾਰ ਬਾਰੂਦ ਨਾਲ ਉਡਾਣਾਂ ਸੱਚ ਹੈ ਤਾਂ ਹਰਿਮੰਦਰ ਸਾਹਿਬ ਦੀ ਨੀਂਹ ਚਾਰ ਵਾਰ ਰਖੀ ਗਈ ਹੋਵੇਗੀ ਅਤੇ ਜੇਕਰ ਇਹ ਵੀ ਸੱਚ ਮੰਨ ਲਿਆ ਜਾਵੇ ਤਾਂ ਪਹਿਲੀ ਵਾਰ ਗੁਰੂ ਸਹਿਬ ਦੇ ਸਮੇਂ ਤਾਂ ਬੱਚਾ ਬੱਚਾ ਜਾਣਦਾ ਹੈ ਕਿ ਇਹ ਸਨਮਾਨ ਗੁਰੂ ਅਰਜਨ ਦੇਵ ਜੀ ਨੇ ਸਾਂਈਂ ਮੀਂਆਂ ਮੀਰ ਜੀ ਨੂੰ ਦਿਤਾ ਸੀ। ਦੂਸਰੀ ਵਾਰ ਜਦੋਂ ਹਮਲਾਵਰ ਵਾਪਸ ਗਿਆ ਤਾਂ ਇਤਿਹਾਸਕ ਲਿਖਤਾਂ ਅਨੁਸਾਰ ਅਕਤੂਬਰ 1762 ਵਿਚ ਸਿੱਖਾਂ ਨੇ ਦੁਰਾਨੀ ਫੌਜ ਨੂੰ ਕੈਦ ਕਰਕੇ ਵਾਪਸ ਲਿਆਂਦਾ, ਉਨ੍ਹਾਂ ਪਾਸੋਂ ਸਾਰਾ ਮਲਬਾ ਸਾਫ ਕਰਵਾਇਆ ਅਤੇ ਉਨ੍ਹਾਂ ਨੂੰ ਛੱਡ ਦਿਤਾ। ਪਿੱਛੋਂ 1763 ਵਿਚ ਹਰਿਮੰਦਰ ਸਹਿਬ ਦੀ ਨੀਂਹ ਰੱਖਣ ਸਮੇਂ ਨਵਾਬ ਕਪੂਰ ਸਿੰਘ ਨੇ ਇੱਟ ਰੱਖੀ ਸੀ ਅਤੇ ਜੱਸਾ ਸਿੰਘ ਰਾਮਗੜੀਆ ਨੇ ਚੂਨਾ ਪਾਇਆ ਸੀ। ਤੀਸਰੀ ਅਤੇ ਚੌਥੀ ਵਾਰ ਦਾ ਇਤਿਹਾਸਕ ਵੇਰਵਾ ਪੜ੍ਹਨ ਵਾਸਤੇ ਨਹੀਂ ਮਿਲਦਾ।
 
ਚੰਗਾ ਹੋਵੇ ਜੇਕਰ ਅਮਰਜੀਤ ਸਿੰਘ ਗਰਿਫਤ ਜੀ ਇਸਨੂੰ ਹੋਰ ਵਿਸਥਾਰ ਵਿਚ ਲਿਖ ਕੇ ਪਾਠਕਾਂ ਦੀ ਜਾਣਕਾਰੀ ਵਿਚ ਵਾਧਾ ਕਰਨ ਕਿ ਉਨ੍ਹਾਂ ਨੇ ਕਿਸ ਇਤਿਹਾਸਕਾਰ ਦੇ ਇਤਿਹਾਸ ਨੂੰ ਆਧਾਰ ਮੰਨਿਆ ਹੈ ਅਤੇ ਤਿੰਨ ਵਾਰ ਹਰਿਮੰਦਰ ਸਾਹਿਬ ਨੂੰ ਬਾਰੂਦ ਨਾਲ ਉਡਾਣ ਦਾ ਸਮਾਂ ਅਤੇ ਨੀਂਹ-ਪੱਥਰ ਰੱਖਣ ਵਾਲੀਆਂ ਸਖਸ਼ੀਅਤਾਂ ਦਾ ਵੇਰਵਾ ਲਿਖਣ ਤਾਂ ਕਿ ਸਿੱਖ ਵਿਦਿਆਰਥੀਆਂ ਅਤੇ ਸਿੱਖ ਕੌਮ ਦੇ ਗਿਆਨ ਵਿਚ ਵਾਧਾ ਹੋਵੇ। ਗੁਰਮਤਾ ਵੀ ਵੀਹਵੀਂ ਸਦੀ ਵਿਚ ਹੋਂਦ ਵਿਚ ਆਇਆ ਜਾਪਦਾ ਹੈ, ਜਦੋਂ ਅੰਗਰੇਜ ਸਾਰੇ ਪੰਜਾਬ ਤੇ ਕਾਬਜ਼ ਹੋ ਗਏ ਸਨ ਤਾਂ ਉਨ੍ਹਾਂ ਨੇ ਸਿੱਖਾਂ ਦੀ ਤਾਕਤ ਨੂੰ ਹੋਰ ਕਮਜ਼ੋਰ ਕਰਨ ਵਾਸਤੇ 12 ਅਕਤੂਬਰ 1920 ਨੂੰ ਤੇਜਾ ਸਿੰਘ ਭੁਚਰ ਨੂੰ 25 ਸਿੰਘਾਂ ਦੇ ਜਥੇ ਦਾ ਜਥੇਦਾਰ ਬਣਾਇਆ ਸੀ, ਜਿਸ ਦੇ ਜੁੰਮੇਂ ਅਕਾਲ ਤਖਤ ਦੀ ਦੇਖ-ਭਾਲ ਕਰਨੀ ਸੀ, ਅਕਾਲ ਤਖਤ ਦਾ ਜਥੇਦਾਰ ਨਹੀਂ। 15-16 ਨਵੰਬਰ 1920 ਨੂੰ ਅੰਗਰੇਜਾਂ ਨੇ ਜਦੋਂ ਹੁਕਮਨਾਮੇ ਦੀ ਪ੍ਰਥਾ ਆਰੰਭ ਕਰਵਾਈ ਸੀ ਤਾਂ ਪਹਿਲੇ ਹੁਕਮਨਾਮੇ ਉਤੇ ਦਸਤਖਤ ਡਾਕਟਰ ਗੁਰਬਖਸ਼ ਸਿੰਘ ਦੇ ਹੋਏ ਸਨ, ਜੋ ਅੰਮ੍ਰਿਤਸਰ ਦੇ ਡੀ.ਸੀ. ਵਲੋਂ ਬਣਾਈ ਐਡਹਾਕ ਕਮੇਟੀ ਦਾ ਮੈਂਬਰ ਸੀ, ਉਹ ਵੀ ਅਕਾਲ ਤਖਤ ਦਾ ਜਥੇਦਾਰ ਨਹੀਂ ਸੀ।ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਦੀ ਪਹਿਲੀ ਜਿਲਦ 1930 ਵਿਚ ਪ੍ਰਕਾਸ਼ਤ ਹੋਈ ਸੀ ਜਿਸ ਵਿਚ ਅਕਾਲ ਤਖਤ ਦੇ ਜਥੇਦਾਰ ਬਾਰੇ ਕੋਈ ਜ਼ਿਕਰ ਨਹੀਂ ਆਉਂਦਾ। ਉਪਰੋਕਤ ਤੱਥਾਂ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਗੁਰਮਤਾ ਕਰਨਾ ਅਤੇ ਹੁਕਮਨਾਮਾ ਜਾਰੀ ਕਰਨਾ ਵੀਹਵੀਂ ਸਦੀ ਤੋਂ ਚਾਲੂ ਹੋਇਆ ਹੈ।
****

1 comment:

Shabad shabad said...

ਮਨਜੀਤ ਸਿੰਘ ਔਜਲਾ ਜੀ ਦਾ ਲੇਖ ਪੜ੍ਹਿਆ। ਬਹੁਤ ਹੀ ਜਾਣਕਾਰੀ ਭਰਪੂਰ ਲੇਖ ਹੈ।
ਸ਼ਬਦ ਸਾਂਝ ਦਾ ਮੰਚ ਏਸ ਤਰਾਂ ਦੀ ਜਾਣਕਾਰੀ ਦੇਣ ਲਈ ਵਧੀਆ ਉਪਰਾਲਾ ਕਰ ਰਿਹਾ ਹੈ।
ਮਨਜੀਤ ਸਿੰਘ ਜੀ ਤੇ ਰਿਸ਼ੀ ਜੀ ਵਧਾਈ ਦੇ ਪਾਤਰ ਹਨ।

ਹਰਦੀਪ