ਗਹੀਰਾ……… ਲੇਖ / ਰਵੇਲ ਸਿੰਘ, ਇਟਲੀ

ਪਿੰਡਾਂ ਵਿਚ ਰੋਟੀ ਟੁੱਕ ਤਿਆਰ ਕਰਨ ਲਈ ਅਜੇ ਵੀ ਬਹੁਤੇ ਘਰਾਂ ਵਿਚ ਚੁਲ੍ਹੇ ਵਿਚ ਬਾਲਣ ਵਜੋਂ ਪਾਥੀਆਂ ਤੇ ਲਕੜੀ ਦੀ ਵਰਤੋਂ ਕੀਤੀ ਜਾਂਦੀ ਹੈ । ਬੇਸ਼ੱਕ ਹੁਣ ਪਿੰਡਾਂ ਵਿਚ ਵੀ ਕਈਆਂ ਘਰਾਂ ਵਿਚ ਗੈਸ ਦੀ ਵਰਤੋਂ ਵੀ ਹੋਣ ਲਗ ਪਈ ਹੈ ਪਰ ਗੈਸ ਦਾ ਖਰਚਾ ਝੱਲਣਾ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ । ਪਹਿਲੀ ਗੱਲ ਤਾਂ ਇਹ ਕਿ ਗੈਸ ਕੁਨੈਕਸ਼ਨ ਲੈਣ ਦਾ ਲੰਮਾ ਚੌੜਾ ਝੰਜਟ ਹੋਣ ਕਾਰਣ ਇਹ ਕੰਮ ਏਨਾ ਸੌਖਾ ਨਹੀਂ ਹੈ । ਬਲੈਕ ਵਿਚ ਮਹਿੰਗੇ ਭਾਅ ਜਾਂ ਗ਼ਲਤ ਤਰੀਕੇ ਨਾਲ ਗੈਸ ਲੈ ਕੇ ਵਰਤਣਾ ਵੀ ਇਸ ਲੱਕ ਤੋੜਵੀਂ ਮਹਿੰਗਾਈ ਦੇ ਦੌਰ ਵਿਚ ਬੜਾ ਮੁਸ਼ਕਿਲ ਹੈ, ਇਸ ਲਈ ਜਿੰਨ੍ਹਾਂ ਘਰਾਂ ਵਿਚ ਪਸ਼ੂ ਰੱਖੇ ਜਾਂਦੇ ਹਨ, ਉਨ੍ਹਾਂ ਦੇ ਗੋਹੇ ਦੀਆਂ ਪਾਥੀਆਂ ਪੱਥ ਕੇ, ਚੁੱਲ੍ਹੇ ਵਿਚ ਬਾਲਣ ਦੇ ਤੌਰ ਤੇ ਵਰਤਿਆ ਜਾਂਦਾ ਹੈ । ਗੈਸ  ਅਜੇ ਸਰਦੇ ਪੁੱਜਦੇ ਘਰਾਂ ਵਿਚ ਜਾਂ ਜਿਨ੍ਹਾਂ ਘਰਾਂ ਵਿਚ ਕੋਈ ਮੁਲਾਜ਼ਮ ਹੈ, ਵਰਤੀ ਜਾਂਦੀ ਹੈ ।

ਘਰਾਂ ਦੀਆਂ ਸੁਆਣੀਆਂ ਘਰਾਂ ਦਾ ਬਾਕੀ ਕੰਮ ਮੁਕਾ ਕੇ, ਗੋਹਾ ਕੂੜਾ ਕੱਠਾ ਕਰਕੇ ਗੋਹੇ ਦੀਆਂ ਪਾਥੀਆਂ ਪੱਥਦੀਆਂ ਹਨ । ਪਾਥੀਆਂ ਨੂੰ ਚੰਗਾ ਬਲਣਸ਼ੀਲ ਬਨਾਉਣ ਲਈ ਗੋਹੇ ਵਿਚ ਬਚਿਆ ਹੋਇਆ ਪਸ਼ੂਆਂ ਦਾ ਚਾਰਾ, ਪਰਾਣੀ ਗਲੀ ਤੂੜੀ ਵੀ ਇਸ ਕੰਮ ਵਿਚ ਲਿਆਉਂਦੀਆਂ ਹਨ । ਪਾਥੀ ਦੀਆਂ ਕੁਝ ਕਿਸਮਾਂ ਜਿਵੇਂ ਪਾਥੀ, ਢਕਲਾ, ਪਾਪੜੀ, ਪੋਪਲੀ ਆਦਿ ਹੁੰਦੀਆਂ ਹਨ ।ਪਾਥੀਆਂ ਪੱਥਣ ਵਾਲੀ ਜਗ੍ਹਾ ਨੂੰ ਪਥਕਣ ਕਿਹਾ ਜਾਂਦਾ ਹੈ । ਪਾਥੀਆਂ ਬੜੀ ਤਰਤੀਬ ਨਾਲ ਪੱਥੀਆਂ ਜਾਂਦੀਆਂ ਹਨ । ਕੁਝ ਦਿਨ ਸੁਕਣ ਤੋਂ ਬਾਅਦ ਇੰਨ੍ਹਾਂ ਨੂੰ ਖਾਸ ਤਰਤੀਬ ਨਾਲ ਹੇਠ ਉਪਰ ਜੋੜ ਕੇ ਰੱਖਿਆ ਜਾਂਦਾ ਹੈ, ਜਿਸ ਨੂੰ ਧੜ ਕਿਹਾ ਜਾਂਦਾ ਹੈ । ਫਿਰ ਉਨ੍ਹਾਂ ਨੂੰ ਹਰ ਮੌਸਮ ਵਿਚ ਵਿਚ ਵਰਤਣ ਲਈ ਸੰਭਾਲਿਆ ਜਾਂਦਾ ਹੈ । ਗੋਹਿਆਂ (ਪਾਥੀਆਂ) ਦੇ ਇਸ ਭੰਡਾਰ ਨੂੰ ਗਹੀਰਾ ਕਿਹਾ ਜਾਂਦਾ ਹੈ । ਗਹੀਰਾ ਤਿਆਰ ਕਰਨ ਲਈ ਪਹਿਲਾਂ ਆਮ ਨਾਲੋਂ ਜ਼ਰਾ ਉਚੀ ਥਾਂ ਚੁਣੀ ਜਾਂਦੀ ਹੈ । ਫਿਰ ਇਸ ਨੂੰ ਸਲ੍ਹਾਬ ਤੋਂ ਬਚਾਉਣ ਲਈ ਸੁਆਹ, ਸੁੱਕੀ ਤੂੜੀ, ਸੁੱਕੀਆਂ ਪਾਥੀਆਂ ਦਾ ਭੋਰ ਚੂਰ ਖਿਲਾਰਿਆ ਲਿਆ ਜਾਂਦਾ ਹੈ । ਫਿਰ ਕੁਝ ਸੁਘੜ ਸੁਆਣੀਆਂ ਮਿਲਕੇ ਇਸ ਥਾਂ ਤੇ ਪਾਥੀਆਂ ਦੀ ਚਿਣਾਈ ਬੜੇ ਹੀ ਸੁਚੱਜੇ ਢੰਗ ਨਾਲ ਕਰਦੀਆਂ ਹਨ, ਜਿਸ ਦਾ ਆਕਾਰ ਉਪਰੋਂ ਨੋਕੀਲਾ ਅਤੇ ਹੇਠੋਂ ਗੋਲਾਈ ਵਿਚ ਹੁੰਦਾ ਹੈ । ਜਿਸ ਦੀ ਉਚਾਈ ਲੋੜ ਅਨੁਸਾਰ, ਆਮ ਲਗਭੱਗ ਦਸ ਬਾਰ੍ਹਾਂ ਫੁੱਟ ਹੁੰਦੀ ਹੈ । ਚਿਣਾਈ ਤੋਂ ਬਾਅਦ ਇਸ ਤੇ ਗੋਹੇ ਦੀ ਘਾਣੀ ਤਿਆਰ ਕਰਕੇ ਇਸ ਤੇ ਮੋਟੀ ਛਾਪੜ ਦੀ ਲਿਪਾਈ ਕਰਕੇ ਇਸ ਨੂੰ ਕੁਝ ਦਿਨ ਸੁਕਾਇਆ ਜਾਂਦਾ ਹੈ । ਗਹੀਰਾ ਬਨਾਉਣ ਦਾ ਕੰਮ ਜੇਠ ਹਾੜ੍ਹ ਦੇ ਧੁੱਪ ਵਾਲੇ ਮੌਸਮ ਵਿਚ ਕੀਤਾ ਜਾਂਦਾ ਹੈ । ਗਹੀਰਾ ਚੰਗੀ ਤਰ੍ਹਾਂ ਸੁੱਕ ਜਾਣ ਤੋਂ ਪਿਛੋਂ ਇਸ ਨੂੰ ਢਕਣ ਦਾ ਕੰਮ ਕੀਤਾ ਜਾਂਦਾ ਹੈ ।

ਇਸ ਕੰਮ ਲਈ ਸਰਵਾੜ੍ਹ (ਸਰਕੜਾ) ਅਤੇ ਲੱਕੜ ਦੀਆਂ ਕਿੱਲੀਆਂ, ਕੁਝ ਰੱਸੀਆਂ ਅਤੇ ਏਰੇ ਜਾਂ ਪਰਾਲੀ ਦਾ ਵੱਟਿਆ ਹੋਇਆ ਰੱਸਾ ਜਿਸ ਨੂੰ ਬੇੜ ਜਾਂ ਖੱਬੜ ਕਿਹਾ ਜਾਂਦਾ ਹੈ, ਤਿਆਰ ਕੀਤਾ ਜਾਂਦਾ ਹੈ । ਫਿਰ ਖੱਬੜ ਨੂੰ ਗਹੀਰੇ ਦੇ ਹੇਠਲੇ ਪਾਸਿਓਂ ਗਹੀਰੇ ਵਿਚ ਕਿੱਲੀ ਗੱਡ ਕੇ, ਉਸ ਨਾਲ ਖੱਬੜ ਬੰਨ੍ਹ ਕੇ ਵਿਚ ਸਰਵਾੜ੍ਹ ਦੇ ਕੇ, ਨਾਲੋ ਨਾਲ ਕਿੱਲੀਆਂ ਦੀ ਸਹਾਇਤਾ ਨਾਲ ਉਪਰ ਤੱਕ ਸਰਵਾੜ੍ਹ ਲਪੇਟ ਕੇ ਬੜੀ ਤਰਤੀਬ ਨਾਲ  ਪੱਕੀ ਤਰ੍ਹਾਂ ਮੀਂਹ ਕਣੀ ਤੋਂ ਸੁਰੱਖਿਅਤ ਰੱਖਣ ਯੋਗ ਬਨਾਇਆ ਜਾਂਦਾ ਹੈ । ਕਈ ਵਾਰ ਕਈ ਲੋਕ ਗਹੀਰਿਆਂ ਨਾਲ ਕੱਦੂ, ਕਾਲੀ ਤੋਰੀ, ਅੱਲ ਬੀਜ ਕੇ, ਇਸ ਤੋਂ ਘਰ ਦੀ ਔਖੇ ਸੌਖੇ ਵੇਲੇ ਲਈ ਸਬਜ਼ੀ ਤਿਆਰ ਕਰ ਲੈਂਦੇ ਹਨ ।

ਕੁਝ ਸਮਾਂ ਪਹਿਲਾਂ ਪਾਥੀਆਂ ਵੀ ਸ਼ਹਿਰਾਂ ਵਿਚ ਬਾਲਣ ਦੀ ਲੋੜ ਲਈ ਵਿਕਦੀਆਂ ਸਨ, ਪਰ ਹੁਣ ਗੈਸ ਕਾਰਣ ਇਨ੍ਹਾਂ ਦੀ ਲੋੜ ਘਟ ਰਹੀ ਹੈ । ਇਹ ਬਾਲਣ ਦਾ ਪ੍ਰਾਪਤ ਕਰਨ ਦਾ ਇਹ ਬਹੁਤ ਹੀ ਪੁਰਾਤਨ ਸਾਧਨ ਸਾਡੇ ਸੱਭਿਆਚਾਰ ਦਾ ਇੱਕ ਬਹੁਤ ਹੀ ਸਸਤਾ, ਸੌਖਾ ਅਤੇ ਨਾ ਭੁਲਾਇਆ ਜਾਣ ਵਾਲਾ ਅੰਗ ਹੈ । ਪਿੰਡਾਂ ਦੇ ਬਾਹਰਵਾਰ ਪਿੰਡ ਦੀਆਂ ਫਿਰਨੀਆਂ ਤੇ ਬਣੇ ਗਹੀਰੇ, ਪਿੰਡਾਂ ਦੀ ਪੁਰਾਣੀ ਨਹਾਰ ਦਾ ਇੱਕ ਨਜ਼ਾਰਾ ਪੇਸ਼ ਕਰਦੇ ਹਨ ।

****

No comments: