ਮੈਂ ਤਾਂ ਚੱਲਿਆਂ.......... ਨਜ਼ਮ/ਕਵਿਤਾ / ਕੁਲਦੀਪ ਸਿੰਘ

ਆਪਣੇ ਵਿਚਾਰ ਹਵਾ ਚ ਖ਼ਿਲਾਰ ਚੱਲਿਆਂ।
ਭਾਂਬੜ ਲਈ ਅੰਗਾਰ ਕਰ ਤਿਆਰ ਚੱਲਿਆਂ।

ਮੇਰੀ ਕਬਰ ਤੇ ਦੀਵਾ ਬਲੇ ਨਾਂ ਬਲੇ
ਧੜਕਦੇ ਦਿਲਾਂ ਚ ਦੀਵੇ ਬਾਲ ਚੱਲਿਆਂ।

ਬੇਸ਼ਕ ਟੰਗ ਦਿਓ ਫਾਂਸੀ ਇਹ ਸਰੀਰ ਨੂੰ
ਤੁਹਾਡੀ ਲੁੱਟ ਦੇ ਮੰਸੂਬੇ ਉਜਾੜ ਚੱਲਿਆਂ।


ਸੌਖਾ ਨਹੀਂ ਰਿਹਾ ਮੇਰਾ ਲੋਕਾਂ ਨੂੰ ਲੁਟਣਾ
ਤੁਹਾਡੇ ਰਾਹਾਂ ਵਿੱਚ ਕੰਡੇ ਖਿਲਾਰ ਚੱਲਿਆਂ।

ਤੋੜ ਦਿਓ ਜ਼ੁਬਾਨ ਭਾਵੇਂ ਕਲਮ ਦੀ
ਸਵਾਲ ਵਗਦੀਆਂ ਰਗਾਂ ਚ ਉਤਾਰ ਚੱਲਿਆਂ।

ਤੁਹਾਡੇ ਬੰਬਾਂ-ਬਰੂਦਾਂ ਕੋਲੋਂ ਮੁਕਣੇ ਨਹੀ
ਕਰ ਮੌਤ ਦੇ ਆਸ਼ਿਕ ਤਿਆਰ ਚੱਲਿਆਂ।

ਬੜਾ ਸੋਹਣਾ ਮੁੱਖ਼ੜਾ ਹੈ ਮੌਤ ਲਾੜੀ ਦਾ
ਕੋਲੇ ਹੋਕੇ ਚੰਗੀ ਤਰ੍ਹਾਂ ਨਿਹਾਰ ਚੱਲਿਆਂ।

ਸਮਾਜਵਾਦੀ ਰਾਹਾਂ ਉੱਤੇ ਭੀੜ ਹੋ ਜਾਣੀ
ਕਰ ਜਿੰਦਗੀ ਨਾਂ ਮੌਤ ਦਾ ਵਪਾਰ ਚੱਲਿਆਂ।

ਬੜਾ ਹੀ ਸੁਭਾਂਗਾਂ ਵਾਲਾ ਦਿਨ ਦੋਸਤੋ
ਕਰਜ਼ਾ ਧਰਤੀ ਮਾਂ ਦਾ ਉਤਾਰ ਚੱਲਿਆਂ।

ਇਕ ਦਿਨ ਘਰ ਘਰ ਹੋਵੇਗੀ ਰੌਸ਼ਨੀ
ਕੁਝ ਚਾਨਣ ਦੇ ਸਿੱਟੇ ਖ਼ਿਲ਼ਾਰ ਚੱਲਿਆਂ।

****

No comments: