ਖੂਨੀ ਹਿਜਰਤ (ਸੰਨ '47) - ਜਦੋਂ 'ਬਾਰ 'ਚ (ਬੇਲੇ) ਲਾਸ਼ਾਂ ਬਿਛੀਆਂ........ ਅਭੁੱਲ ਯਾਦਾਂ / ਹਰਦੀਪ ਕੌਰ ਸੰਧੂ (ਡਾ.) (ਬਰਨਾਲ਼ਾ), ਸਿਡਨੀ-ਆਸਟ੍ਰੇਲੀਆ

ਅੱਜ ਵੀ ਕਦੇ ਨਾ ਕਦੇ ਮੇਰੇ ਚੇਤਿਆਂ 'ਚ ਵਸਦੀ ਮੇਰੀ ਪੜਨਾਨੀ (ਜਿਸਨੂੰ ਮੈਂ ਨਾਨੀ ਕਹਿ ਕੇ ਬੁਲਾਉਂਦੀ ਸੀ ) ਮੇਰੇ ਨਾਲ ਗੱਲਾਂ ਕਰਨ ਲੱਗਦੀ ਹੈ । ਛੋਟੇ ਹੁੰਦਿਆਂ ਨੂੰ ਓਹ ਸਾਨੂੰ 'ਬਾਰ' ਦੀਆਂ ਗੱਲਾਂ ਸੁਣਾਉਂਦੀ ਤੇ  ਉਥੇ ਇੱਕ ਵਾਰ ਜਾ ਕੇ ਆਪਣਾ ਪੁਰਾਣਾ ਪਿੰਡ ਵੇਖਣ ਦੀ ਇੱਛਾ ਜਾਹਰ ਕਰਦੀ ।ਇਹ ਸਾਂਦਲ ਬਾਰ ਦਾ ਇਲਾਕਾ ਸੀ ਜੋ ਅੱਜਕੱਲ ਪਾਕਿਸਤਾਨ ਦਾ ਮਾਨਚੈਸਟਰ (City of Textile) ਅਖਵਾਉਂਦਾ ਹੈ । ਮੇਰਾ ਨਾਨਕਾ ਪਰਿਵਾਰ ਭਾਰਤ -ਪਾਕਿ ਦੀ ਵੰਡ ਤੋਂ ਪਹਿਲਾਂ ਓਥੇ ਚੱਕ ਨੰਬਰ 52, ਤਹਿਸੀਲ ਸਮੁੰਦਰੀ , ਜ਼ਿਲ੍ਹਾ ਲਾਇਲਪੁਰ ਵਿਖੇ ਰਹਿੰਦਾ ਸੀ ਤੇ ਮੇਰੀ ਪੜਨਾਨੀ ਦਾ ਪਿੰਡ ਸੀਤਲਾ ਸੀ।

ਸਾਡੇ ਕੋਲ਼ ਮਿਲਣ ਆਈ ਪੜਨਾਨੀ ਕਈ-ਕਈ ਮਹੀਨੇ ਲਾ ਜਾਂਦੀ। ਮੇਰੇ ਡੈਡੀ ਨੇ ਕਹਿਣਾ, "ਜੁਆਕੋ... ਇਹ ਮੇਰੀ ਬੇਬੇ ਆ। ਇਹ ਥੋਡੀ ਮਾਂ ਦੀ ਮਾਂ ਦੀ ਮਾਂ ਹੈ। ਬੇਬੇ ਤੋਂ ਕੁਝ ਸਿੱਖੋ... ਬੇਬੇ ਦੀਆਂ ਗੱਲਾਂ ਧਿਆਨ ਨਾਲ਼ ਸੁਣਿਆ ਕਰੋ। ਬੇਬੇ ਦੀ ਸੇਵਾ ਕਰਿਆ ਕਰੋ।" 

ਓਦੋਂ ਨਾਨੀ ਦੀਆਂ ਸੁਣਾਈਆਂ ਬਾਤਾਂ ਤੋਂ ਬਗੈਰ  ਚਾਹੇ ਬਹੁਤੀਆਂ ਗੱਲਾਂ ਦੀ ਸਾਨੂੰ ਸਮਝ ਵੀ ਨਾ ਆਉਂਦੀ ਪਰ ਫੇਰ ਵੀ ਅਸੀਂ ਨਾਨੀ ਦੀਆਂ ਗੱਲਾਂ ਬੜੇ ਗਹੁ ਨਾਲ ਸੁਣਦੇ... ਤੇ ਨਾਨੀ ਫੇਰ ਕੀ ਹੋਇਆ... ਫੇਰ ਕੀ ਹੋਇਆ... ਕਹਿ-ਕਹਿ ਕੇ ਓਸ ਦੀਆਂ ਕਦੇ ਨਾ ਮੁੱਕਣ ਵਾਲੀਆਂ 'ਬਾਰ' ਦੀਆਂ ਗੱਲਾਂ ਦੀ ਲੜੀ ਨੂੰ ਹੋਰ ਲੰਮੇਰਾ ਕਰ ਦਿੰਦੇ । ਗੱਲਾਂ ਕਰਦੀ ਨਾਨੀ ਦੀਆਂ  ਅੱਖਾਂ 'ਚੋਂ ਆਪ ਮੁਹਾਰੇ ਹੰਝੂ ਵਹਿ ਤੁਰਦੇ । ਅਸੀਂ ਨਿਆਣੇ ਆਪਣੀ ਸਮਝ ਅਨੁਸਾਰ ਨਾਨੀ ਨੂੰ ਹੌਸਲਾ ਦਿੰਦੇ ਕਹਿੰਦੇ, "ਲੈ... ਨਾਨੀ ਭਲਾ ਤੂੰ ਰੋਂਦੀ ਕਿਓਂ ਹੈਂ... ਹੋ ਲੈਣ ਦੇ ਸਾਨੂੰ ਵੱਡੇ... ਫੇਰ ਅਸੀਂ ਤੈਨੂੰ ਤੇਰੇ ਪਿੰਡ ਲੈ ਕੇ ਚੱਲਾਂਗੇ ।"

ਇੱਕ ਦਿਨ ਜਦੋਂ ਮੈਂ ਆਵਦੀ ਸਹੇਲੀ ਨਾਲ ਮੂਹਰਲੇ ਬਰਾਂਡੇ 'ਚ ਬੈਠੀ ਆਵਦਾ ਸਕੂਲ ਦਾ ਕੰਮ ਕਰ ਰਹੀ ਸੀ ਤਾਂ ਕੋਲ ਬੈਠੀ ਗਲੋਟੇ ਅਟੇਰਦੀ ਨਾਨੀ ਨੇ ਮੇਰੇ ਕੋਲ ਖਿਲਰੇ ਕਾਗਜਾਂ ਵੱਲ ਇਸ਼ਾਰਾ ਕਰਦੀ ਨੇ ਪੁੱਛਿਆ, "ਕੁੜੇ... ਆ ਭਲਾ ਭਾਰਤ ਦਾ ਨਸ਼ਕਾ ਆ ?"

ਮੇਰੀ ਸਹੇਲੀ ਨੇ ਹੈਰਾਨ ਹੋ ਕੇ ਕਿਹਾ , “ਬੇਬੇ ਭਲਾ ਤੈਨੂੰ ਕਿਵੇਂ ਪਤਾ ਬਈ ਇਹ ਭਾਰਤ ਦਾ ਨਕਸ਼ਾ ਹੈ ।"

“......ਲੈ ਪੁੱਤ ਤਾਂ ਕੀ ਹੋਇਆ, ਜੇ ਮੈਂ ਥੋਡੇ ਆਂਗੂ ਪੜ੍ਹੀ ਵੀ ਨੀ... ਪਰ ਥੋਨੂੰ ਨਿੱਤ ਵੇਹੰਦੀ ਆਂ... ਪੜ੍ਹਦੀਆਂ ਨੂੰ... ਗੱਲਾਂ ਕਰਦੀਆਂ ਨੂੰ, ਜਦੋਂ ਤੁਸੀਂ 'ਜਾਦੀ ( ਆਜ਼ਾਦੀ ) ਬਾਰੇ ਪੜ੍ਹਦੀਆਂ ਓ ।

ਨਾਨੀ ਨੇ ਆਵਦੀ ਮਲਮਲ ਦੀ ਚੁੰਨੀ ਦਾ ਪੱਲਾ ਠੀਕ ਕਰਦਿਆਂ ਫੇਰ ਓਸੇ ਨਕਸ਼ੇ ਵੱਲ ਇਸ਼ਾਰਾ ਕਰਦਿਆਂ ਕਹਿਣਾ ਸ਼ੁਰੂ ਕੀਤਾ, "ਪੁੱਤ, 'ਜਾਦੀ ਦੀ  ਓਹ ਪੜ੍ਹਾਈ ਤਾਂ ਥੋਨੂੰ ਅੱਜ ਤਾਈਂ ਕਿਸੇ ਨੇ ਪੜ੍ਹਾਈ ਈ ਨੀ... ਜਿਹੜੀ ਅਸੀਂ ਆਵਦੇ ਪਿੰਡੇ 'ਤੇ ਹੰਡਾਈ ਆ । ਜੈ ਖਾਣਿਆਂ ਨੇ ਪੱਕੀਆਂ ਲਖੀਰਾਂ ਵਾਤੀਆਂ ਏਹਨਾਂ ਕਾਗਤਾਂ 'ਤੇ... ਨਾਲ਼ੇ ਸਾਡੀਆਂ ਜਮੀਨਾਂ 'ਤੇ... ਇੱਕੋ ਮੁਲਖ ਦੇ ਕਰਤੇ ਦੋ ਟੋਟੇ... ਬਣਾ ਤਾ ਇੱਕ ਹਿੰਦੋਸਤਾਨ... ਤੇ ਦੂਜਾ ਪਾਕਿਸਤਾਨ... ਭੈਣ-ਭਾਈਆਂ ਆਂਗੂ ਰਹਿੰਦਿਆਂ ਨੂੰ ਅੱਡ ਕਰਤਾ ਸਾਨੂੰ  ।"

ਨਾਨੀ ਹਮੇਸ਼ਾਂ ਵਾਂਗ ਆਪਣੇ ਅਤੀਤ 'ਚ ਗੁਆਚ ਗਈ । “...ਪੁੱਤ ਸੰਨ ਸੰਤਾਲੀ ਦੇ ਓਹਨੀਂ ਦਿਨੀਂ ਰੌਲਾ ਪੈ ਗਿਆ ਬਈ 'ਜਾਦੀ ( ਆਜ਼ਾਦੀ) ਆ ਗੀ... 'ਜਾਦੀ ਆ ਗੀ... ਹੁਣ ਸਾਨੂੰ ਮੁਲਖ ਛੱਡਣਾ ਪੈਣਾ । ਅਸੀਂ ਸਾਰੇ ਇਓਂ ਹਰਾਨ... ਬਈ ਏਹ ਕਾਹਦੀ 'ਜਾਦੀ ਆ... ਜਿਹੜੀ ਸਾਨੂੰ ਮੁਲਖ ਛੱਡ ਕੇ ਮਿਲਣੀ ਆ। 'ਜਾਦੀ ਕਾਹਦੀ ਆਈ ਸੀ... ਪੁੱਤ... ਨਿਰੀ ਲੁੱਟ ਸੀ ਲੁੱਟ... ਸਾਨੂੰ ਇਓਂ ਤਾਂ ਪਤਾ ਨੀ ਸੀ ਬਈ ਜਾਣਾ ਕਿੱਥੇ ਆ? ...ਘਰੋਂ ਬੇਘਰ ਕਰਤਾ ਸੀ ਏਸ ਖਸਮਾਂ ਖਾਣੀ 'ਜਾਦੀ ਨੇ ।  ਸਾਨੂੰ ਤਾਂ ਏਹੀ ਸੰਸਾ ਵੱਢ-ਵੱਢ ਖਾਈ ਜਾਵੇ... ਬਈ ਹੁਣ ਜੁਆਨ ਧੀਆਂ/ਨੂੰਹਾਂ ਤੇ ਨਿੱਕੇ-ਨਿਆਣਿਆਂ ਨੂੰ ਕਿੱਥੇ ਲੈ ਕੇ ਜਾਵਾਂਗੇ? ਕਦੇ ਲੱਗੇ... ਬਈ ਐਵੇਂ ਰੌਲ਼ਾ ਈ ਆ... ਖ਼ਬਰੇ ਕੋਈ ਭੂਚਾਲ਼ ਆਉਣ ਤੋਂ ਪਹਿਲਾਂ ਕੋਈ ਠੁੰਮਣਾ ਲੱਗ ਈ ਜਾਵੇ।"

ਡਾਂਗ ਜਿੱਡਾ ਹਾਉਕਾ ਭਰ ਕੇ ਨਾਨੀ ਨੇ ਆਵਦੀ ਗੱਲ ਜਾਰੀ ਰੱਖਦਿਆਂ ਕਿਹਾ, "...ਨਾਲ਼ੇ ਏਹ 'ਜਾਦੀ ਕੀ ਥੋਡੇ ਭਾ ਦੀ 'ਕੱਲੀ ਈ ਆ ਗੀ ਸੀ... ਨਾ ਪੁੱਤ... ਨਾ... ਇਹ ਕਲ਼ਮੂੰਹੀ ਤਾਂ ਆਵਦੇ ਨਾਲ਼ ਵਿਛੋੜੇ ਦਾ ਦੁੱਖ ਤੇ ਓਹ ਡੂੰਘੇ ਫੱਟ ਲਿਆਈ ਸੀ ਜਿਹੜੇ ਅੱਜ ਤਾਈਂ ਨੀ ਭਰੇ। ਇਹਨਾਂ ਫੱਟਾਂ 'ਤੇ  ਮੱਲ੍ਹਮ-ਪੱਟੀ ਤਾਂ ਕਿਸੇ ਨੇ ਕੀ ਧਰਨੀ ਸੀ... ਏਹ ਤਾਂ ਅੱਜ ਤਾਈਂ ਕਿਸੇ ਨੇ ਦੇਖੇ ਬੀ ਨੀ।"

ਹੌਲ਼ੀ-ਹੌਲ਼ੀ ਗੱਲਾਂ ਕਰਦੀ ਨਾਨੀ ਦੀ ਬਿਰਤੀ ਅੱਜ ਫੇਰ ਏਥੋਂ ਮੀਲਾਂ ਦੂਰ ਓਸ ਦੇ ਪਿੰਡ ਸੀਤਲਾ ( ਹੁਣ ਪਾਕਿਸਤਾਨ 'ਚ ) ਨਾਲ਼ ਜੁੜ ਗਈ ਸੀ। "...ਲੈ ਹੈ... ਭਰਿਆ ਭਕੁੰਨਿਆ ਘਰ ਸੀ ਸਾਡਾ... ਜਿਹੜਾ ਅਸੀਂ ਪਤਾ ਨਹੀਂ ਕਿਹੜੇ ਹਾਲੀਂ ਛੱਡ ਕੇ ਤੁਰੇ ਸੀ। ਇਹ ਤਾਂ ਪੁੱਤ ਤਾਈਂ ਪਤਾ ਲੱਗੂ ਜੇ ਮੇਰੇ ਅਰਗੇ ਬੁੜੇ-ਬੁੜੀਆਂ ਦਾ ਚਿੱਤ ਫਰੋਲ਼ ਕੇ ਦੇਖੋਂਗੀਆਂ । ...ਬਲਾਂ ਈ ਵੱਡਾ ਘਰ... ਖੁੱਲ੍ਹਾ-ਡੁੱਲਾ ਨਿੰਮਾਂ-ਡੇਕਾਂ ਨਾਲ਼ ਭਰਿਆ ਵਿਆ ਵਿਹੜਾ... ਇੱਕ ਪਾਸੇ ਵੱਡੀ ਸਬਾਤ... ਮੂਹਰੇ ਰਸੋਈ ਤੇ ਬਰਾਂਡਾ... ਦੂਜੇ ਪਾਸੇ ਪੱਕੀ ਬੈਠਕ... ਸਬਾਤ 'ਚ ਪੁੱਤ ਮੈਂ ਤਾਂ ਓਮੇ-ਜਿਮੇ ਪਿੱਤਲ਼ ਨਾਲ਼ ਮੜ੍ਹਿਆ ਸੰਦੂਕ ਛੱਡ ਆਈ... ਹੱਥੀਂ ਕੱਤੇ-ਬੁਣੇ ਦਰੀਆਂ-ਖੇਸਾਂ ਨਾਲ਼ ਭਰਿਆ ਵਿਆ । ਰੀਝਾਂ ਲਾ ਕੇ ਲਿਪਿਆ ਸੰਮਿਆਰਿਆ ਚੁੱਲ੍ਹਾ-ਚੌਂਕਾ... ਓਟੇ ਤੇ ਪਾਈਆਂ ਤੋਤੇ -ਮੋਰਨੀਆਂ ਮੈਨੂੰ ਅੱਜ ਬੀ ਓਮੇ-ਜਿਮੇ ਦੀਹੰਦੇ ਨੇ। ...ਮਾਰ ਘਰ ਭਰਿਆ ਪਿਆ ਸੀ ਲਵੇਰੀਆਂ ਨਾਲ਼... ਦੋ ਬਲਦਾਂ ਦੀ ਜੋੜੀਆਂ... ਬੋਤਾ... ਕੱਟਰੂ-ਵੱਛਰੂਆਂ ਨਾਲ਼। ਪੁੱਤ ਮੈਂ ਕੀ-ਕੀ ਗਣਾਮਾਂ ਥੋਨੂੰ ਹੁਣ ।"

ਠੰਢਾ ਸਾਹ ਭਰਦਿਆਂ ਨਾਨੀ ਨੇ ਆਵਦੀ ਗੱਲ ਜਾਰੀ ਰੱਖੀ, "...ਜਮਾਂ ਈ ਸਮਝੋਂ ਬਾਹਰ ਦੀ ਸ਼ੈਅ ਸੀ ਏਹ ਖਸਮਾਂ ਖਾਣੀ  'ਜਾਦੀ...।

ਪੁੱਤ ਮੈਨੂੰ ਤਾਂ ਕਈ-ਕਈ ਬਾਰ ਹੁਣ ਬੀ ਓਹੀ 'ਵਾਜਾਂ ਕੰਨੀ ਪੈਂਦੀਆਂ ਨੇ... ਜਦੋਂ ਗੁਆਂਢੀਆਂ ਦਾ ਮੁੰਡਾ ਬੀਰਾ ਘਾਬਰਿਆ ਵਿਆ ਬਾਹਰੋਂ ਭੱਜਿਆ ਆਇਆ ਤੇ ਆਖੇ... ਓਏ ਭੱਜ ਲੋ ਜੇ ਭੱਜ ਹੁੰਦਾ... ਆਪਣੀ ਪੱਤੀ ਨੂੰ ਬੀ ਵੱਢਣ ਆ ਗੇ ਓਹ । ...ਤੇ ਓਧਰੋਂ ਹੋਰ ਬੀ ਡਰਾਉਣੀਆਂ 'ਵਾਜਾਂ ਔਣ... ਓ ਜਾਣ ਨਾ ਦਿਓ ਇਨ੍ਹਾਂ ਨੂੰ ਸੁੱਕੇ ਏਥੋਂ... ਕਰ ਦਿਓ ਡੱਕਰੇ ਐਥੇ ਈ । ਭਾਈ... ਜਿਨਾਂ ਕੁ ਸਮਾਨ ਘਰੋਂ ਚੱਕਿਆ ਗਿਆ... ਗੱਡਿਆਂ 'ਤੇ ਲੱਦ ਲਿਆ... ਕੀ-ਕੀ ਧਰ ਲੈਂਦੇ ਨਾਲ਼ੇ ਅਸੀਂ... ਮਸਾਂ ਭੱਜ ਕੇ ਜਾਨਾਂ ਬਚਾਈਆਂ। ਓਦੋਂ ਤਾਂ ਲੱਗੇ ਖਬਨੀ ਲੋਟ ਈ ਹੋ ਜੂ ਸਾਰਾ ਕੁਛ... ਖਬਨੀ ਮੁੜ ਈ ਪਮਾਂਗੇ ਘਰਾਂ ਨੂੰ... ਚੰਦਰਾ ਰੱਬ ਬੀ ਪਤਾ ਨੀ ਕਿਹੜੇ ਮਾੜੇ ਕਰਮਾਂ ਦਾ ਬਦਲਾ ਲੈ ਰਿਹਾ ਸੀ ਸਾਥੋਂ। ਕੀ ਪਤਾ ਸੀ ਓਨ੍ਹਾਂ ਘਰਾਂ ਦਾ ਮੁੜ ਮੂੰਹ ਬੀ ਦੇਖਣ ਨੂੰ ਨੀ ਮਿਲਣਾ।"

ਨਾਨੀ ਨੇ ਆਵਦੀ ਐਨਕ ਦੀ ਡੰਡੀ ਨੂੰ ਮਰੋੜੀ ਦਿੰਦੇ ਆਵਦੀ ਗੱਲ ਚਾਲੂ ਰੱਖਦਿਆਂ ਕਿਹਾ,  "....‘ਤੇ ਫੇਰ ਲਹੂ ਪੀਣੀਆਂ ਨੰਗੀਆਂ ਤਲਵਾਰਾਂ ਤੇ ਬਰਛੇ ਘਰਾਂ 'ਚ ਵੱਢ-ਟੁੱਕ ਕਰਨ ਲੱਗੇ। ਸਾਨਾਂ ਆਂਗੂੰ ਭੂਤਰੇ ਲੋਕ ਇੱਕ ਦੂਜੇ ਦੇ ਦੁਸ਼ਮਣ ਬਣਗੇ ਸੀ। ਭਾਈ-ਭਾਈ... ਸਿੱਖੜੇ ਤੇ ਮੁਸਲੇ ਬਣਗੇ ਸੀ। ਬਾਬੇ ਨਾਨਕ ਤੇ ਪੀਰ-ਪਗੰਬਰਾਂ ਦੀ ਧਰਤੀ ਰੱਤ ਨਾਲ਼ ਲਾਲੋ-ਲਾਲ ਹੋ ਗੀ ਸੀ। ਪਿੰਡੋ-ਪਿੰਡੀ ਜਿਹੜਾ ਘਾਣ ਹੋਇਆ ਸੀ ਮਨੁੱਖਤਾ ਦਾ... ਪੁੱਤ ਦੇਖਿਆ ਨੀ ਸੀ ਜਾਂਦਾ । ਹਾਹਾਕਾਰ ਮੱਚੀ ਵੀ ਸੀ ਚਾਰੇ ਪਾਸੇ... ਓਧਰ ਵਸਦੇ ਹਿੰਦੂ ਤੇ ਸਿੱਖ ਏਧਰ ਨੂੰ ਭੱਜੇ... ਤੇ ਏਧਰੋਂ ਮੁਸਲਮਾਨ ਓਧਰ ਨੂੰ । ...ਤੇ ਫੇਰ ਲੋਥਾਂ ਨਾਲ਼ ਭਰੀਆਂ ਗੱਡੀਆਂ... ਓਧਰੋਂ ਏਧਰ... ਤੇ ਏਧਰੋਂ ਓਧਰ ਨੂੰ ਗਈਆਂ। ਲੋਥਾਂ ਦੇ ਢੇਰ ਲੱਗ ਗਏ ਸੀ । ਓਹ ਇੱਕ ਖੂਨੀ ਹਿਜਰਤ ਹੋ ਨਿਬੜੀ ਸੀ।

ਧੀਆਂ - ਭੈਣਾਂ ਦੀ ਇੱਜ਼ਤ ਸਰੇਆਮ ਨੀਲਾਮ ਹੋਈ ਸੀ। ਗੱਡਿਆਂ 'ਤੇ ਤੁਰੇ ਜਾਂਦਿਆਂ ਨੂੰ ਬੀ ਇਹੀ ਸੰਸਾ... ਬਈ ਪਤਾ ਨੀ ਕਿਧਰੋਂ ਹਮਲਾ ਹੋਜੂਗਾ... ਧੀਆਂ ਭੈਣਾਂ ਨੂੰ ਖੋਹ ਕੇ ਲੈ ਜਾਣਗੇ ਓਹ । ...ਤੇ ਕਈਆਂ ਨੇ ਤਾਂ ਢਿੱਡੋਂ ਜੰਮੀਆਂ ਦੀ ਇੱਜ਼ਤ ਬਚਾਉਣ ਲਈ... ਆਵਦੀਆਂ ਧੀਆਂ-ਭੈਣਾਂ ਨੂੰ ਆਵਦੇ ਹੱਥੀਂ ਆਪ ਕਿਰਪਾਨਾਂ ਨਾਲ਼ ਵੱਢਤਾ ਸੀ... ਕਈਆਂ ਨੇ ਆਵਦੀਆਂ ਜਿਓਂਦੀਆਂ ਕੁੜੀਆਂ ਨੂੰ ਨਹਿਰਾਂ 'ਚ ਰੋੜਤਾ ਸੀ। ਓਦੋਂ ਤਾਂ ਸਾਡਾ ਰੱਬ ਬੀ ਨੀ ਸੀ ਬੌਹੜਿਆ... ਓਹ ਬੀ ਪਤਾ ਨੀ ਡਰ ਕੇ ਕਿਹੜੀ ਕਾਲ-ਕੋਠੜੀ 'ਚ ਲੁੱਕ ਕੇ ਜਾ ਬੈਠਾ ਸੀ।"

"...ਤੇ ਮਗਰੋਂ ਏਧਰ ਆ ਕੇ ਕਈ ਤਾਂ ਜਮਾਂ ਈ ਚੁੱਪ ਕਰਗੇ... ਕਈਆਂ ਨੂੰ ਮੈਂ ਕਮਲ਼ੇ ਹੋਏ ਦੇਖਿਆ... ਆਵਦੇ ਟੱਬਰ ਨੂੰ... ਆਵਦੀਆਂ ਧੀਆਂ-ਭੈਣਾਂ ਨੂੰ ਆਵਦੇ ਹੱਥੀਂ ਮਾਰ ਕੇ ਕੋਈ ਕਿੰਮੇ ਜਿਓਂ ਲਊਗਾ ਭਲਾ... ਮਨ 'ਤੇ ਪਿਆ ਬਜਨ ਅਗਲ਼ੇ ਨੂੰ ਕਮਲ਼ਾ ਨੀ ਕਰੂ ਤਾਂ ਹੋਰ ਕੀ ਕਰੂ?' ...ਤੇ ਪੁੱਤ ਆਵਦਾ ਮੁਲਖ ਛੱਡਣਾ ਕੀ ਸੌਖਾਲ਼ਾ ਪਿਆ ਨਾਲ਼ੇ...।" ਨਾਨੀ ਦੀਆਂ ਅੱਖਾਂ 'ਚੋਂ ਧਰਲ਼-ਧਰਲ਼ ਅੱਥਰੂ ਵਹਿ ਰਹੇ ਸੀ। ਓਸਨੇ ਆਵਦੀ ਚੁੰਨੀ ਦੇ ਪੱਲੇ ਨਾਲ਼ ਅੱਖਾਂ ਪੂੰਝੀਆਂ ਤੇ ਨਾਲ਼ੇ ਆਵਦੀ ਐਨਕ ਨੂੰ ...ਫੇਰ ਓਹ ਵੱਡੇ ਦਰਵਾਜ਼ੇ ਵੱਲ ਇਓਂ ਦੇਖਣ ਲੱਗੀ ਜਿਵੇਂ ਪੂੰਝੀ ਹੋਈ ਐਨਕ ਵਿੱਚੋਂ ਦੀ ਉਹਨੂੰ ਦਰਵਾਜੇ ਦੇ ਪਰਲੇ ਪਾਸੇ ਸੀਤਲਾ ਪਿੰਡ ਨੂੰ ਜਾਂਦਾ ਖਵਨੀ ਕੋਈ ਰਾਹ ਹੀ ਖੌਰੇ ਦਿੱਖ ਜਾਏ।

ਨਾਨੀ ਦੀਆਂ ਗੱਲਾਂ ਸੁਣਦੇ... ਅਸੀਂ ਐਨਾ ਡਰ ਗਏ ਸੀ ਕਿ ਹੁੰਗਾਰਾ ਭਰਨਾ ਵੀ ਭੁੱਲ ਗਏ ਸੀ... ਨਿਆਣੀ ਮੱਤ ਨੂੰ ਸਮਝ ਵੀ ਨਹੀਂ ਸੀ ਆ ਰਿਹਾ ਨਾਨੀ ਕਿੰਨਾਂ ਨੂੰ ਵਾਰ-ਵਾਰ ਕਹਿ ਰਹੀ ਸੀ... ਬਈ 'ਓਹ' ਆ ਜਾਣਗੇ... ਆਖਿਰ ਕੌਣ ਸਨ ਓਹ? ...ਜਿੰਨਾ ਨੇ ਐਨੀ ਦਹਿਸ਼ਤ ਪਾਈ ਸੀ ਲੋਕਾਂ 'ਚ।

ਆਵਦਾ ਪਿੰਡ ਫਿਰ ਤੋਂ ਦੁਬਾਰਾ ਵੇਖੇ ਬਿਨਾਂ ਹੀ ਨਾਨੀ ਤਾਂ ਕੁਝ ਸਾਲਾਂ ਬਾਦ ਏਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਈ... ਪਰ ਅੱਜ ਓਸ ਦੇ ਹੰਝੂ ਮੇਰੀਆਂ ਅੱਖਾਂ ਰਾਹੀਂ ਵਹਿ ਰਹੇ ਨੇ ਤੇ ਮੇਰੇ ਕੋਲ਼ ਤਾਂ ਹੁਣ ਨਾਨੀ ਦੀ ਮਲਮਲ ਦੀ ਚੁੰਨੀ ਵੀ ਨਹੀਂ ਹੈ ਜਿਸ ਨਾਲ਼ ਮੈਂ ਅੱਖਾਂ ਪੂੰਝ ਕੇ ਆਵਦੇ ਨਾਨਕਿਆਂ  ਦੀ 'ਸਾਂਦਲ ਬਾਰ' ਤੇ ਨਾਨੀ ਦੇ ਸੀਤਲਾ ਪਿੰਡ ਨੂੰ ਵੇਖ ਸਕਾਂ ।

****



4 comments:

ਵਰਿੰਦਰਜੀਤ said...

ਹਰਦੀਪ ਭੈਣੇ
ਸਤਿ ਸਿਰੀ ਅਕਾਲ !
ਭੈਣੇ ਨਾਨੀ ਦੀ ਬਹੁਤ ਯਾਦ ਆਈ ਤੇਰਾ ਲਿਖਿਆ ਪੜ੍ਹ ਕੇ ….. ਨਾਨੀ ਜੀ ਸਭ ਤੋਂ ਵੱਧ ਮੈਨੂੰ ਪਿਆਰ ਕਰਦੇ ਸਨ ।ਮੈਨੂੰ ਨਾਨੀ ਦੀਆਂ ਬਹੁਤੀਆਂ ਗੱਲਾਂ ਯਾਦ ਨਹੀਂ…ਕਿਉਂਕਿ ਮੈਂ ਓਦੋਂ ਬਹੁਤ ਛੋਟਾ ਸੀ….ਸ਼ਾਇਦ 8-9 ਸਾਲ ਦਾ……ਪਰ ਬਾਰ ਵਾਲੀਆਂ ਥੋੜੀਆਂ- ਮੋਟੀਆਂ ਗੱਲਾਂ ਮੇਰੇ ਵੀ ਯਾਦ ਹਨ ।
ਨਾਨੀ ਦੀਆ ਸਾਰੀਆਂ ਗੱਲਾਂ ਬਹੁਤ ਹੀ ਵਧੀਆ ਤਰੀਕੇ ਨਾਲ ਇੱਕ ਕਹਾਣੀ ਦੇ ਰੂਪ ਵਿਚ ਲਿਖੀਆਂ ਹਨ
ਮੇਰੇ ਵੀ ਇੱਕ ਗੱਲ ਯਾਦ ਆਗੀ ਜਦੋ ਨਾਨੀ ਨੇ ਲੰਡੇਕਿਆਂ ਤੋਂ ਆਉਣਾ…..ਤਾਂ ਪੈਸੇ ਗਿਣਨ ਮੈਨੂੰ ਲਾ ਦੇਣਾ…ਤੇ ਬਾਦ ‘ਚ ਮੈਨੂੰ 2 ਰੁਪਏ ਦੇ ਦੇਣੇ.ਮੈਨੂੰ ਓਦੋਂ ਚਾਅ ਚੜ੍ਹ ਜਾਂਦਾ..ਆਪਾਂ ਨਾਨੀ ਨੂੰ ਤੇ ਨਾਨੀ ਜੀ ਆਪਾਂ ਨੂੰ ਕਿੰਨਾ ਪਿਆਰ ਕਰਦੇ ਸੀ !
ਤੇਰਾ ਛੋਟਾ ਵੀਰ
ਵੀਰਿੰਦਰ

Shabad Sanjh said...

सुन्दर रचना

सहज साहित्य said...

पड़नानी के सवाल आज भी मुंहबाए हमारे सामने खड़े हैं । उसके बहते गरम आंसू , पीछे छ्टी जन्मभूमि , मारकाट लूट खसोट , बलात्कार , और यह हैरानगी। आम आदमी को इस आज़ादी ने क्या दिया? जो दिया वह केवल सन्ताप है । गर्म-गर्म आँसू कभी न थमने वाले ! दिए बहुत सारे सवाल जिनका आज़ादी के 65 साल होने को आए , पर जवाब नहीं मिला है । घर उजाड़कर कौन-सी आज़ादी मिलती है । इस हृदय विदारक हालता को देखकर भगवान भी किसी कालकोठरी में छिपकर बैठ गया होगा , वह भी किसी का दु:ख दूर करने के लिए बहीं बहौड़ा ।सबके दुखों का सार यह है कि हमने देश के टुकड़े तो कर दिए, साथ ही इन्सानियत को भी बेआबरू कर दिया । जन सामन्य की पीड़ा न पहले सुनी जाती थी , न अब । इस विभाजन की जो भेंट चढ़ गए ।उनका मुकदमा दुनिया की किस अदालत में लड़ा जाएगा ? कौन-सा मानवाधिकार आयोग उसका फ़ैसला देगा ? कौन उसका हर्ज़ाना देगा । उस परनानी के आंसू , अपना गाँव छुट जाने का हौदका , कितना रुलाता होगा ? बेकसूरों की लाशों के ऊपर से चलकर आई आज़ादी , कभी भी आज़ादी नहीं है । अगर यह आज़ादी होती तो देश को लूटने वाले इन भारतीय काले अंग्रेज़ों को फ़ाँसी दे दी गई होती । अपनी कुर्सियाँ बचाने के लिए आज भी जाति -धर्म, मज़हब का ज़हर फैलाकर लोगों की रोटी -रोज़ी , इज़्ज़त। अमन -चैन हलाक़ हो रहे हैं ।
हरदीप सन्धु चित्रकारी में पारंगत है । यह संस्मरण कलेजे पर हाथ रखकर पढ़ा । वह विचारधारा और राजनीति, जिसने मज़हब के नाम पर देश का बँटवारा कराया और मंजूर किया , भारत और पड़ोस सभी को सदा अभिशप्त करती रहेगी । बहन हरदीप जी आपको इस प्रभावी चित्रण के लिए बहुत बधाई ! आपकी क़लम इसी तरह चलती रहे ।

Shabad shabad said...

ਸ਼ਾਇਦ ਬਹੁਤੇ ਪਾਠਕਾਂ ਨੂੰ ਇਸ ਲਿਖਤ ਦਾ ਵਿਸ਼ਾ ਬਹੁਤ ਪੁਰਾਣਾ ਲੱਗਿਆ ਹੋਵੇਗਾ.....ਕਿ ਕੀ ਘਸੀਆਂ-ਪਿਟੀਆਂ ਗੱਲਾਂ ਨੇ....'47 ਤਾਂ ਕਦੋਂ ਦਾ ਵਿਸਰ ਗਿਆ ਲੋਕਾਂ ਨੂੰ ...ਓਸ ਤੋਂ ਬਾਦ ਹੋਰ ਬਥੇਰਾ ਕੁਝ ਹੋ ਗਿਆ।
ਏਥੇ ਇਸ ਲਿਖਤ ਦਾ ਮਕਸਦ ਸਿਰਫ਼ ਇਹ ਸੀ ਕਿ ਜੋ ਕੁਝ ਸਾਨੂੰ '47 ਬਾਰੇ ਪਤਾ ਹੈ ਓਹ ਬਹੁਤ ਘੱਟ ਹੈ। ਪੰਜਾਬ ਦੇ ਓਹ ਲੋਕ ਜੋ ਇਸ ਨਾਲ਼ ਪ੍ਰਭਾਵਿਤ ਹੋਏ ਓਹੀ ਜਾਣਦੇ ਨੇ ਇਸ ਦੁੱਖ ਨੂੰ। ਅਸਲ ਗੱਲ ਤਾਂ ਇਹ ਹੈ ਕਿ ਓਨ੍ਹਾਂ ਬਜ਼ੁਰਗਾਂ ਤੋਂ ਕਿਸੇ ਨੇ ਮੁੜ ਕੇ ਪੁੱਛਿਆ ਹੀ ਨਹੀਂ ਕਿ ਓਨ੍ਹਾਂ ਦੇ ਜ਼ਖਮ ਭਰ ਗਏ ਕਿ ਨਹੀਂ। ਬੱਸ ਸਾਰਿਆ ਨੇ ਅੱਖਾਂ ਹੀ ਮੀਚ ਲਈਆਂ। ਭਾਵੇਂ ਹੁਣ ਇਹਨਾਂ ਗੱਲਾਂ ਨੂੰ ਮੁੜ ਛੇੜ ਕੇ ਕੁਝ ਨਹੀਂ ਮਿਲਣਾ...ਪਰ ਓਹਨਾਂ ਬਜ਼ੁਰਗਾਂ ਦਾ ਮਨ ਹੌਲ਼ਾ ਹੋ ਜਾਏਗਾ ਤੇ ਨਵੀਂ ਪੀੜ੍ਹੀ ਨੂੰ ਪਤਾ ਲੱਗ ਜਾਏਗਾ ਕਿ ਖੂਨ-ਖਰਾਬੇ ਨਾਲ਼ ਕਿਵੇਂ ਵੱਸਦੇ ਘਰ ਉਜੜ ਜਾਂਦੇ ਨੇ ਤੇ ਮਿਲ਼ਦਾ ਕਿਸੇ ਨੂੰ ਕੁਝ ਵੀ ਨਹੀਂ।

ਹਰਦੀਪ