ਭਾਈ ਮੰਨਾਂ ਸਿਆਂ, ਅਸੀਂ ਤੈਨੂੰ ਯਾਦ ਕਰਦੇ ਹਾਂ.......... ਸ਼ਰਧਾਂਜਲੀ / ਕੇਹਰ ਸ਼ਰੀਫ਼

ਇਨਕਲਾਬ ਦਾ ਸੁੱਚਾ ਗੀਤ – ਭਾਅ ਜੀ ਗੁਰਸ਼ਰਨ ਸਿੰਘ
ਦੁਨੀਆਂ ਉੱਤੇ ਬਹੁਤ ਸਾਰੇ ਲੋਕ ਆਉਂਦੇ ਹਨ ਜਿੰਦਗੀ ਪੂਰੀ ਹੋਣ ਤੋਂ ਬਾਅਦ ਤੁਰ ਜਾਂਦੇ ਹਨ। ਦੋਸਤ ਮਿੱਤਰ ਸਮੇਂ ਬਾਅਦ ਭੁੱਲ-ਭੁਲਾ ਜਾਂਦੇ ਹਨ। ਪਰ ਕੁੱਝ ਲੋਕ ਅਜਿਹੇ ਹੁੰਦੇ ਹਨ ਜੋ ਆਪਣੀ ਸੂਝ, ਸਿਆਣਪ ਅਤੇ ਲੋਕਾਂ ਲਈ ਜੀਊਣ ਦੀ ਲਗਨ ਕਰਕੇ ਲੋਕਾਂ ਵਾਸਤੇ ਕੀਤੇ  ਆਪਣੇ ਕਾਰਜਾਂ ਨਾਲ ਸਮੇਂ ਦੀ ਹਿੱਕ ਉੱਤੇ ਆਪਣਾ ਨਾਮ ਲਿਖ ਜਾਂਦੇ ਹਨ, ਉਹ ਵਰ੍ਹਿਆਂ ਤੱਕ ਨਹੀਂ, ਸਦੀਆਂ ਤੱਕ ਜੀਊਂਦੇ ਹਨ, ਉਹ ਕਦੇ ਵੀ ਨਹੀਂ ਮਰਦੇ। ਇਹ ਉਹ ਲੋਕ ਹੁੰਦੇ ਹਨ ਜੋ ਆਪਣੀ ਸੋਚ, ਸੂਝ ਤੇ ਸਿਧਾਂਤਕ ਪਕਿਆਈ ਕਰਕੇ ਸੱਚਾਈ, ਇਮਾਨਦਾਰੀ ਅਤੇ ਕੁਰਬਾਨੀ ਭਰਿਆ ਹੱਠ ਪਾਲਦੇ ਹਨ, ਸੱਚ ਵੱਲ ਪੂਰੇ ਮਨ ਨਾਲ ਖੜ੍ਹੇ ਹੋ ਕੇ ਮਨੁੱਖ ਹੋਣ ਦਾ ਫ਼ਰਜ਼ ਪਾਲਦੇ ਹਨ। ਦੁਨੀਆਂ ਦੇ ਹਰ ਭਾਈ ਲਾਲੋ ਦੀ ਬਾਂਹ ਫੜ੍ਹਨ ਦਾ ਜਤਨ ਕਰਦੇ ਹਨ। ਮਜ਼ਲੂਮ ਵੱਲ ਖੜ੍ਹੇ ਹੋ ਕੇ ਹਰ ਜ਼ੁਲਮ ਤੇ ਜ਼ਾਲਮ ਦੋਹਾਂ ਨੂੰ ਲਲਕਾਰਦੇ ਹਨ। ਆਪਣੇ ਲੋਕਾਂ ਨੂੰ ਜਥੇਬੰਦ ਹੋਣ ਦਾ ਸੱਦਾ ਦਿੰਦੇ ਹਨ, ਤਾਂ ਜੋ ਆਪਣੀ ਸੁੱਚੀ ਕਿਰਤ ਦੀ ਲੁੱਟ ਰੋਕੀ ਜਾ ਸਕੇ ਅਤੇ ਜਿ਼ੰਦਗੀ ਨੂੰ ਜੀਊਣਜੋਗ ਤੇ ਮਾਨਣਯੋਗ ਬਣਾਇਆ ਜਾ ਸਕੇ। ਹੋਣਗੇ ਹੋਰ ਵੀ ਪਰ  ਵਿਰਲੇ ਟਾਂਵੇ ਹੀ ਹੁੰਦੇ ਹਨ ਜੋ ਗੁਰਸ਼ਰਨ ਸਿੰਘ ਵਾਂਗ ਲੋਕ ਨਾਇਕ ਬਣਦੇ ਹਨ।
ਪੰਜਾਬੀ ਰੰਗ ਮੰਚ ਦੇ ਖੇਤਰ ਵਿੱਚ ਬਹੁਤ ਨਾਂ ਹਨ ਜਿਨ੍ਹਾਂ ਦੀ ਇਸ ਖੇਤਰ ਵਿੱਚ ਲਾਸਾਨੀ ਦੇਣ ਹੈ, ਅੱਜ  ਕਲਾ ਦੇ ਖੇਤਰ ਦੇ ਜਿਸ ਸੂਰਮੇ ਕਲਾਕਾਰ  ਦਾ ਜਿ਼ਕਰ ਕੀਤਾ ਜਾ ਰਿਹਾ ਹੈ ਉਹ ਹੈ ਭਾਅ ਜੀ ਗੁਰਸ਼ਰਨ ਸਿੰਘ। ਜਿਨ੍ਹਾਂ ਆਪਣੀ ਕਲਾ ਰਾਹੀਂ ਆਪਣੇ ਲੋਕਾਂ ਦੇ ਦੁੱਖ ਦਰਦ ਜ਼ਮਾਨੇ ਅੱਗੇ ਪੇਸ਼ ਕੀਤੇ। ਆਪਣੇ ਨਾਟਕਾਂ ਰਾਹੀਂ ਲੋਕ ਦੋਖੀ ਅਤੇ ਅਣਮਨੁੱਖੀ ਸਿਆਸੀ, ਸਮਾਜੀ ਪ੍ਰਬੰਧ ਦੀ ਭਰਪੂਰ ਆਲੋਚਨਾ ਕੀਤੀ। ਭਾਈ ਮੰਨਾ ਸਿੰਘ ਦੇ ਕਿਰਦਾਰ ਰਾਹੀਂ ਲੋਕਾਂ ਦੀਆਂ ਸਮੱਸਿਆਵਾਂ ਅਤੇ ਲੋਟੂ ਰਾਜ ਪ੍ਰਬੰਧ ਦੀ ਏਨੀ ਸਿ਼ੱਦਤ ਨਾਲ ਗੱਲ ਕੀਤੀ ਅਤੇ ਸਮਾਜਿਕ ਬਰਾਬਰੀ ਵਾਲੇ ਪ੍ਰਬੰਧ ਦਾ ਹੋਕਾ ਦਿੱਤਾ। ਇਹ ਕਿਰਦਾਰ ਲੋਕ ਮਨਾਂ ਵਿੱਚ ਇਸ ਕਦਰ ਰਚ ਗਿਆ ਕਿ ਉਦੋਂ ਤੋਂ ਹੀ ਲੋਕ ਉਨ੍ਹਾਂ ਨੂੰ ਗੁਰਸ਼ਰਨ ਸਿੰਘ ਉਰਫ ਭਾਈ ਮੰਨਾ ਸਿੰਘ ਦੇ ਨਾਂ ਤੋਂ ਜਾਣਦੇ ਹਨ। ਭਾਈ ਮੰਨਾ ਸਿੰਘ ਜੋ ਸਾਡਾ ਲੋਕ ਨਾਇਕ ਹੈ, ਹੱਕ-ਸੱਚ ਵਾਸਤੇ ਲੜਨ ਵਾਲਾ। ਸਾਡੀ ਮੰਜਿ਼ਲ ਦੀ ਨਿਸ਼ਾਨਦਹੀ ਕਰਨ ਵਾਲਾ ਸਾਡਾ ਰਾਹ ਦਿਸੇਰਾ।
ਇਨਕਲਾਬ ਵਾਸਤੇ ਕਲਾ ਦੇ ਖੇਤਰ ਵਿੱਚ ਅਵਾਜ਼ ਨੂੰ ਉੱਚੀ ਕਰਨਾ ਹੀ ਉਸਦਾ ਕਰਮ ਸੀ, ਹਾਂਅ ਪੱਖੀ ਤਬਦੀਲੀ ਲਈ ਲੜਨਾ ਉਸਦਾ ਧਰਮ ਸੀ। ਉਹ ਇਕੱਲਾ ਹੀ ਤੁਰਿਆ ਸੀ ਜਾਣ ਲੱਗਾ ਆਪਣੇ ਖੇਤਰ ਵਿੱਚ ਵੱਡੇ ਕਾਫਲੇ ਛੱਡ ਗਿਆ ਹੈ। ਹੱਕ-ਸੱਚ ਦੀ ਪ੍ਰਾਪਤੀ ਵਾਲੀ ਲਹਿਰ ਦਾ, ਸਮਾਜਿਕ ਬਰਾਬਰੀ ਵਾਲੇ ਸਮਾਜ ਦੀ ਸਥਾਪਤੀ ਦਾ ਘੋਲ ਬਹੁਤ ਲੰਬਾ ਹੈ, ਹੁਣ ਇਹ ਗੁਰਸ਼ਰਨ ਸਿੰਘ ਦੇ ਵਾਰਸਾਂ ਨੇ ਲੜਨਾ ਹੈ, ਉਦੋਂ ਤੱਕ ਜਦੋਂ ਤੱਕ ਉਹ ਮੰਜਿ਼ਲ ’ਤੇ ਨਹੀਂ ਪਹੁੰਚ ਜਾਂਦੇ।
ਭਾਖੜਾ ਡੈਮ ’ਤੇ ਕੰਮ ਕਰਦਿਆਂ ਜਦੋਂ ਇਪਟਾ (ਇੰਡੀਅਨ ਪੀਪਲਜ਼ ਥੀਏਟਰ) ਦੀ ਤਰਫੋਂ ਉੱਥੇ ਜੋਗਿੰਦਰ ਬਾਹਰਲਾ ਵਲੋਂ ਨਾਟਕ ਕੀਤੇ ਗਏ ਤਾਂ ਗੁਰਸ਼ਰਨ ਸਿੰਘ ਉਸ ਤੋਂ ਬੜੇ ਪ੍ਰਭਾਵਿਤ ਹੋਏ। ਇਹ ਸਮਾਂ ਸੀ ਕਿ ਗੁਰਸ਼ਰਨ ਸਿੰਘ ਹੋਰੀਂ ਇਸ ਖੇਤਰ ਵਿੱਚ ਕੁੱਦ ਪਏ ਤੇ ਮੁੜ ਕਦੇ ਪਿੱਛੇ ਨਾ ਦੇਖਿਆ, ਆਪਣੀ ਸਾਰੀ ਜਿ਼ੰਦਗੀ ਲੋਕ ਪੱਖੀ ਨਾਟਕ ਨੂੰ ਸਮਰਪਿਤ ਕਰ ਦਿੱਤੀ। ਇਸ ਲਗਨ ਕਰਕੇ ਤੇ ਲੋਕ ਪੱਖ ਦੀ ਗੱਲ ਕਰਨ ਕਰਕੇ ਉਨ੍ਹਾਂ ਨੂੰ ਆਪਣੀ ਵੱਡੀ ਨੌਕਰੀ ਵੀ ਗੁਆਉਣੀ ਪਈ ਤੇ ਜੇਲ ਦੀਆ ਦੁਸ਼ਵਾਰੀਆਂ ਵੀ ਝੱਲਣੀਆਂ ਪਈਆਂ। ਪਰ ਇਹ ਲੋਹੇ ਦੇ ਜਿਗਰੇ ਵਾਲਾ ਮਨੁੱਖ ਕਦੇ ਨਾ ਹਾਰਿਆ ਜਿਸ ਕਰਕੇ ਹੀ ਲੋਕ ਨਾਇਕ ਹੋਣ ਦਾ ਰੁਤਬਾ ਪ੍ਰਾਪਤ ਕਰ ਗਿਆ। ਲੋਕ ਨਾਇਕ ਲੋਕ ਮਾਨਸਿਕਤਾ ਦੀ ਪ੍ਰੇਰਨਾ ਹੁੰਦੇ ਹਨ।
ਗੁਰਸ਼ਰਨ ਸਿੰਘ ਜੋ ਪੰਜਾਬੀ ਨਾਟਕ ਦਾ ਸ਼ਾਹਸਵਾਰ ਸੀ ਨੇ ਸਮਾਜ ਦੇ ਦੁੱਖਾਂ ਨੂੰ ਆਪਣੇ  ਨਾਟਕਾਂ ਰਾਹੀਂ ਪੇਸ਼ ਕੀਤਾ। ਧਮਕ ਨਗਾਰੇ ਦੀ, ਚਾਂਦਨੀ ਚੌਕ ਤੋਂ ਸਰਹੰਦ ਤੱਕ, ਬਾਬਾ ਬੋਲਦਾ ਹੈ, ਕੰਮੀਆਂ ਦਾ ਵਿਹੜਾ, ਬੁੱਤ ਬੋਲ ਪਿਆ, ਬੇਗਮੋਂ ਦੀ ਧੀ, ਕੁਰਸੀ, ਟੋਆ ਅਤੇ ਦਰਜਣਾਂ ਹੀ ਹੋਰ ਨਾਟਕਾਂ ਨੂੰ ਸਟੇਜ ਕੀਤਾ। ਨਾਲ ਦੀ ਨਾਲ ਉਨ੍ਹਾਂ ਲੋਕ ਪੱਖੀ ਨਾਟਕ ਮੰਡਲੀਆਂ ਨੂੰ ੳਤੁਸ਼ਾਹਿਤ ਕੀਤਾ ਜੋ ਆਪਣੇ ਲੋਕਾਂ ਦੇ ਦੁੱਖਾਂ-ਦਰਦਾਂ ਦੀ ਪੀੜ ਨੂੰ ਹਰਨ ਦਾ ਹੋਕਾ ਦਿੰਦੀਆਂ। ਪੰਜਾਬੀ ਦਾ ਅੱਜ ਦਾ ਸਭ ਤੋਂ ਮਕਬੂ਼ਲ ਨਾਟਕਕਾਰ ਕੇਵਲ ਧਾਲੀਵਾਲ ਐਵੈ ਤਾਂ ਨਹੀਂ ਲੋਕ ਮਨਾਂ ਵਿੱਚ ਏਡੀ ਵੱਡੀ ਜਗ੍ਹਾ ਬਣਾ ਗਿਆ, ਉਹਨੂੰ ਮਾਣ ਰਹੇਗਾ ਕਿ ਉਹ ਭਾਈ ਮੰਨਾ ਸਿੰਘ ਦਾ ਸਾਥੀ ਰਿਹਾ ਤੇ ਹੁਣ ਵੀ ਹੈ। ਅੱਜ ਨਾਟਕ ਦੇ  ਖੇਤਰ ਵਿੱਚ ਕੰਮ ਕਰ ਰਹੇ ਕੇਵਲ ਧਾਲੀਵਾਲ, ਅਜਮੇਰ ਔਲਖ, ਡਾਕਟਰ ਸਾਹਿਬ ਸਿੰਘ, ਡਾਕਟਰ ਆਤਮਜੀਤ, ਦਵਿੰਦਰ ਦਮਨ, ਪਾਲੀ ਭੁਪਿੰਦਰ, ਸੰਜੀਵਨ, ਸ਼ਬਦੀਸ਼ ਅਤੇ ਅਨੀਤਾ ਸ਼ਬਦੀਸ਼ ਇਨ੍ਹਾਂ ਸਾਰਿਆਂ ਸਿਰ ਜੁੰਮੇਵਾਰੀ ਹੈ ਕਿ ਉਹ ਇਸ ਲੋਕ ਪੱਖ ਦੀ ਲਹਿਰ ਨੂੰ ਅੱਗੇ ਲੈ ਕੇ ਜਾਣ। ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਉਹ ਅਜਿਹਾ ਹੀ ਕਰਨਗੇ।
ਨਾਟਕ ਤਾਂ ਪੰਜਾਬ ਵਿੱਚ ਗੁਰਸ਼ਰਨ ਸਿੰਘ ਤੋਂ ਪਹਿਲਾਂ ਵੀ ਹੁੰਦਾ ਸੀ ਪਰ ਉਸ ਸਮੇਂ ਉਹ ਨਾਟਕ ਲੋਕ ਸਮੂਹਾਂ ਦੇ ਬਹੁਤ ਹੀ ਛੋਟੇ ਹਿੱਸੇ ਤੱਕ ਪਹੁੰਚ ਰਿਹਾ ਸੀ। ਗੁਰਸ਼ਰਨ ਸਿੰਘ ਨੇ ਨੁੱਕੜ ਨਾਟਕ ਦੀ ਸ਼ੁਰੂਆਤ ਕਰਕੇ ਇਸ ਨੂੰ ਲੋਕਾਂ ਦੇ ਵਿਸ਼ਾਲ ਸਮੂਹਾਂ ਤੱਕ ਪਹੁੰਚਾਇਆ। ਉਹ ਪਿੰਡਾ ਵਿੱਚ, ਕਾਲਜਾਂ,  ਯੂਨੀਵਰਸਿਟੀਆ ਅਤੇ ਦੇਸ਼ ਦੇ ਦੁਜੇ ਹਿੱਸਿਆਂ ਵਿੱਚ  ਅਤੇ ਪ੍ਰਦੇਸ ਵਸਦੇ ਆਪਣੇ ਪੰਜਾਬੀਆਂ ਕੋਲ ਵੀ ਗਿਆ ਤੇ ਕ੍ਰਾਂਤੀ ਦਾ ਸੁਨੇਹਾ ਦਿੱਤਾ ਦਿੱਤਾ। ਉਹ ਗੱਡੇ, ਰੇੜ੍ਹੀਆਂ ਵਾਲੀ ਸਟੇਜ ਤੋਂ ਤੁਰ ਕੇ ਆਧੁਨਿਕ ਤਕਨੀਕ ਵਾਲੀ ਸਟੇਜ ਤੱਕ ਵੀ ਪਹੁੰਚਿਆ। ਉਸ ਦੇ ਨਾਟਕਾਂ ਦਾ ਆਮ ਵਿਸ਼ਾ ਸੀ ਲੋਕ ਤੇ ਲੋਕਾਂ ਦੀਆਂ ਦੁਸ਼ਵਾਰੀਆਂ। ਹਕੂਮਤਾਂ ਕਰ ਰਹੇ ਗੰਦੀ ਤੇ ਵਿਸਾਹਘਾਤ ਸੋਚ ਵਾਲੇ ਮੁਜਰਮ ਬਿਰਤੀ ਵਾਲੇ ਸਿਆਸੀ ਨੇਤਾ। ਹਰ ਕਿਸਮ ਦੇ ਜਬਰ ਨੂੰ ਲਲਕਾਰਦਿਆਂ ਇਹ ‘ਬਾਬਾ’ ਮੰਨਾ ਸਿੰਘ  ਉੱਚੀ ਆਵਾਜ਼ ਵਿੱਚ ਲੋਕਾਂ ਨੂੰ ਉਨ੍ਹਾਂ ਦੀ ਸ਼ਕਤੀ ਦਾ ਅਹਿਸਾਸ ਕਰਵਾਉਂਦਾ। ਉਹ ਆਪਣੇ ਵਿਰਸੇ ਵਿੱਚੋਂ ਹਾਂ ਪੱਕੀਂ ਘਟਨਾਵਾਂ ਪੇਸ਼ ਕਰਦਾ ਲੋਕਾਂ ਦੇ ਜੁੱਸਿਆਂ ਨੂੰ ਸਰਗਰਮੀ ਵੱਲ ਤੋਰਦਾ। ਉਹ ਹਰ ਕਿਸਮ ਦੀ ਦਹਿਸ਼ਤਗਰਦੀ ਨੂੰ ਭੰਡਦਾ ਕਿ ਇਹ ਮਨੁੱਖਤਾ ਵਿਰੋਧੀ ਹੈ। ਉਹ ਗਰਜਵੀਂ ਆਵਾਜ਼ ਵਿੱਚ ਲੋਕਾਂ ਨੂੰ ਲਲਕਾਰਦਾ ਕਿ ਉੱਠੋ ਤੇ ਤੁਰੋ ਕੱਲ੍ਹ ਦਾ ਸੂਰਜ ਤੁਹਾਡਾ ਹੈ।
ਗੁਰਸ਼ਰਨ ਸਿੰਘ ਸਾਹਿਤ ਦੇ ਮਹੱਤਵ ਨੂੰ ਜਾਣਦੇ ਸਨ ਇਸ ਕਰਕੇ ਪਲਸ ਮੰਚ ਵਲੋਂ ਕੱਢੇ ਜਾਂਦੇ ‘ਸਮਤਾ’ ਦੀ ਸੰਪਾਦਨਾਂ ਦਾ ਕਾਰਜ ਵੀ ਉਨ੍ਹਾਂ ਨੇ ਹੀ ਕੀਤਾ। ਕਿਤਾਬ ਉਨ੍ਹਾਂ ਵਾਸਤੇ ਬਹੁਤ ਹੀ ਮਹੱਤਵਪੂਰਨ ਸੀ ਇਸ ਕਰਕੇ ਹੀ ਬਲਰਾਜ ਸਾਹਨੀ ਵਲੋਂ ਮਿਲੇ ਆਰਥਿਕ ਸਹਿਯੋਗ ਨਾਲ ‘ਬਲਰਾਜ ਸਾਹਨੀ ਯਾਦਗਾਰੀ ਪ੍ਰਕਾਸ਼ਨ’ ਰਾਹੀਂ ਲੋਕ ਪੱਖੀ ਉਸਾਰੂ ਸਾਹਿਤ ਦਾ ਪ੍ਰਕਾਸ਼ਨ ਸ਼ੁਰੂ ਕੀਤਾ।  ਜਿੱਥੇ ਵੀ ਉਹ ਨਾਟਕ ਖੇਡਦੇ ੳੱਥੇ ਆਪਣੇ ਪ੍ਰਕਾਸ਼ਨ ਵਲੋਂ ਛਾਪੀਆਂ ਕਿਤਾਬਾਂ ਵੀ ਲਾਗਤ ਮੁੱਲ ਤੇ ਵੇਚਦੇ ਇਸ ਤਰ੍ਹਾਂ ਉਨ੍ਹਾਂ ਨੇ ਘਰ ਘਰ ਕਿਤਾਬ ਪਹੁੰਚਾਉਣ ਦਾ ਕਾਰਜ ਕੀਤਾ। ਲੋਕਾਂ ਨੇ ਸਸਤੇ ਮੁੱਲ ਕਿਤਾਬਾਂ ਲੈ ਕੇ ਪੜ੍ਹੀਆਂ।
ਭਾਅ ਜੀ ਗੁਰਸ਼ਰਨ ਸਿੰਘ ਕਿਧਰੇ ਨਹੀਂ ਗਿਆ। ਇਹੋ ਜਹੇ ਲੋਕ ਨਾਇਕ ਕਦੇ ਵੀ ਮਰਦੇ ਨਹੀਂ ਹੁੰਦੇ। ਉਹ ਸਾਡੇ ਸੁਪਨਿਆਂ ਵਿੱਚ ਵਸ ਗਿਆ ਹੈ। ਜਿਗਰਾ ਕਰਕੇ ਸੁਪਨਿਆਂ ਨੂੰ ਸੱਚ ਹੁੰਦੇ ਦੇਖੀਏ।
ਆਉ! ਉਸਦੀ ਆਵਾਜ਼ ਨੂੰ ਸੁਣੀਏਂ ਤੇ ਤੁਰੀਏ, ਹੁਣ ਵਾਰੀ ਸਾਡੀ ਹੈ। ਕੱਲ੍ਹ ਦੇ ਸੂਰਜ ਨੂੰ ਫੜ੍ਹਨ ਵਾਸਤੇ ਕੁੱਝ ਤਾਂ ਕਰਨਾ ਹੀ ਪਵੇਗਾ। ਆਪਣੇ ਆਪ ਨਾਲ ਤੁਰਨ ਦਾ ਅਹਿਦ ਕਰੀਏ।
****

1 comment:

umeed.... said...

ਉਨ੍ਹਾਂ ਦੇ ਤੁਰ ਜਾਣ ਨਾਲ ਬੇਸ਼ਕ ਅਸੀਂ ਉਦਾਸ ਹਾਂ ਪਰ ਅਸੀਂ ਡੋਲੇ ਨਹੀਂ। ਸਾਡੇ ਸਾਹਮਣੇ ਉਨ੍ਹਾਂ ਦੀਆਂ ਦੱਸੀਆਂ ਰਾਹਾਂ ਦਾ ਚਾਨਣ ਸਪੱਸ਼ਟ ਹੈ। ਉਨ੍ਹਾਂ ਨੂੰ ਅਸੀਂ ਦ੍ਰਿੜਤਾ, ਵਿਸ਼ਵਾਸ਼, ਲਗਨ, ਇਮਾਨਦਾਰੀ ਤੇ ਮਿਹਨਤ ਨਾਲ ਵਿਚਰਦਿਆਂ ਵੇਖਿਆ ਹੈ; ਅਸੀਂ ਵੀ ਸੱਚੇ-ਸੁੱਚੇ ਇਰਾਦਿਆਂ ਨਾਲ, ਉਨ੍ਹਾਂ ਦੀਆਂ ਦੱਸੀਆਂ ਰਾਹਾਂ 'ਤੇ ਤੁਰਨਾ ਹੈ, ਲੋਕਾਂ ਦੇ ਰੰਗਮੰਚ ਨੂੰ ਜ਼ਿੰਦਾ ਰੱਖਣਾ ਹੈ, ਅਤੇ ਉਨ੍ਹਾਂ ਦੇ ਉਸ ਸੁਨੇਹੇ ਨੂੰ ਲੋਕਾਂ ਤੱਕ ਪਹੁੰਚਾਣਾ ਹੈ ਕਿ ਜਦੋਂ ਤੱਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖ਼ਤਮ ਨਹੀਂ ਹੁੰਦੀ, ਇਹ ਜੰਗ ਜਾਰੀ ਰਹੇਗੀ। ਹੱਕ ਤੇ ਸੱਚ ਦੀ ਜੰਗ। ਲੋਕ ਸੰਗ੍ਰਾਮਾਂ ਨੂੰ ਪ੍ਰਣਾਏ ਰੰਗਮੰਚ ਦੇ ਸੂਹੇ ਸੂਰਜ ਨੂੰ ਸਲਾਮ-ਉਹ ਕਿਤੇ ਨਹੀਂ ਗਏ, ਉਹ ਸਾਡੇ ਦਿਲਾਂ 'ਚ ਹਨ।