ਆਓ ਝਾਤ ਪਾਈਏ ਬਚਪਨ ‘ਚ ਮਨਾਈ ਦੀਵਾਲੀ ‘ਤੇ.......... ਲੇਖ / ਰਾਜੂ ਹਠੂਰੀਆ


ਬਚਪਨ ਦੇ ਦਿਨਾਂ ਵਿੱਚ ਜਦ ਵੀ ਦੀਵਾਲੀ ਦਾ ਤਿਉਹਾਰ ਆਉਂਦਾ ਤਾਂ ਮਿਠਿਆਈਆਂ ਖਾਣ ਅਤੇ ਪਟਾਕੇ ਚਲਾਉਣ ਤੋਂ ਬਿਨਾਂ ਹੋਰ ਕਿਸੇ ਗੱਲ ਦਾ ਕੋਈ ਪਤਾ ਨਹੀਂ ਸੀ ਹੁੰਦਾ ਕਿ ਇਹ ਦੀਵਾਲੀ ਦਾ ਤਿਉਹਾਰ ਕਿਉਂ ਮਨਾਇਆ ਜਾਂਦਾ, ਇਸ ਦੀ ਕੀ ਮਹੱਤਤਾ ਹੈ। ਫਿਰ ਥੋੜੇ ਵੱਡੇ ਹੋਏ ਤੇ ਹਾਈ ਸਕੂਲ ‘ਚ ਪਹੁੰਚੇ ਤਾਂ ਪੰਜਾਬੀ ਵਾਲ਼ੇ ਮਾਸਟਰ ਤੇ ਹਿੰਦੀ ਵਾਲ਼ੀ ਮਾਸਟਰਨੀ ਨੇ ਦੀਵਾਲ਼ੀ ਦਾ ਲੇਖ ਲਿਖਵਾਇਆ ਜਿਸ ਰਾਹੀਂ ਉਨ੍ਹਾਂ ਦੱਸਿਆ ਕਿ ਕਿਵੇਂ ਇਸ ਤਿਉਹਾਰ ਦੀ ਸ਼ੁਰੂਆਤ ਹੋਈ, ਸਿੱਖਾਂ ਅਤੇ ਹਿੰਦੂਆਂ ਵੱਲੋਂ ਇਸ ਨੂੰ ਸਾਂਝੇ ਤਿਉਹਾਰ ਵਜੋਂ ਕਿਉਂ ਮਨਾਇਆ ਜਾਂਦਾ ਹੈ। ਥੋੜਾ ਹੋਰ ਵੱਡੇ ਹੋਏ ਤਾਂ ਇਹ ਵੀ ਸੁਨਣ ਨੂੰ ਮਿਲਿਆ ਕਿ ਇਸ ਤਿਉਹਾਰ ਨਾਲ ਸਬੰਧਤ ਕੁਝ ਗੱਲਾਂ ਇਤਿਹਾਸਕ ਹਨ ਅਤੇ ਕੁਝ ਗੱਲਾਂ ਮਿਥਿਹਾਸਕ ਹਨ। ਕਿਹੜੀਆ ਗੱਲਾਂ ਵਿੱਚ ਕਿੰਨੀ ਕੁ ਸਚਾਈ ਤੇ ਕਿੰਨਾ ਕੁ ਝੂਠ ਹੈ ਇਹ ਤਾ ਇਤਿਹਾਸਕਾਰ ਹੀ ਦੱਸ ਸਕਦੇ ਹਨ। ਪਰ ਮੇਰੀ ਸੋਚ ਤਾਂ ਇਹੋ ਹੈ ਕਿ ਜੇ ਸਾਲ ਵਿੱਚ ਕੁਝ ਦਿਨ ਇਹੋ ਜਿਹੇ ਆਉਂਦੇ ਹਨ ਜਿੰਨ੍ਹਾਂ ਦਿਨਾਂ ਵਿੱਚ ਲੋਕ ਨਫਰਤਾਂ ਨੂੰ ਭੁੱਲ ਪਿਆਰ ਨਾਲ ਇੱਕ ਦੂਜੇ ਨੂੰ ਮਿਲਦੇ ਹਨ ਤੇ ਰਲ਼-ਮਿਲ਼ ਕੇ ਜਸ਼ਨ ਮਨਾਉਂਦੇ ਹਨ। ਇਹੋ ਜਿਹੇ ਦਿਨ ਤਾਂ ਸਾਲ ਵਿੱਚ ਵਾਰ-ਵਾਰ ਆਉਣੇ ਚਾਹੀਦੇ ਹਨ। ਵਾਰ-ਵਾਰ ਕੀ ਸਗੋਂ ਹਰ ਦਿਨ ਹੀ ਇਹੋ ਜਿਹਾ ਹੋਣਾ ਚਾਹੀਦਾ ਹੈ। ਫਿਰ ਭਾਵੇਂ ਉਹ ਦਿਨ ਇਤਿਹਾਸਕ ਤੱਥਾਂ ਨਾਲ ਜੁੜਿਆ ਹੋਵੇ ਭਾਵੇਂ ਮਿਥਿਹਾਸਕ ਤੱਥਾਂ ਨਾਲ। ਕੁਝ ਸਿਆਸੀ ਲੋਕਾਂ ਨੂੰ ਛੱਡ ਸਭ੍ਹ ਦਾ ਸੁਪਨਾ ਵੀ ਤਾਂ ਇਹੋ ਹੀ ਹੈ ਕਿ ਹਰ ਪਾਸੇ ਸ਼ਾਂਤੀ ਹੋਵੇ, ਨਫ਼ਰਤ ਘਟੇ ਤੇ ਪਿਆਰ ਵਧੇ ਤਾਂ ਕਿ ਦੁਨੀਆਂ ਵਿੱਚ ਹਰ ਪਾਸੇ ਹੋ ਰਹੀ ਤਬਾਹੀ ਨੂੰ ਰੋਕਿਆ ਜਾ ਸਕੇ। ਜੇ ਤੁਸੀਂ ਵੀ ਇਸ ਗੱਲ ਨਾਲ ਸਹਿਮਤ ਹੋ ਤਾਂ ਆਓ ਫਿਰ ਰਲ਼-ਮਿਲ਼ ਕੇ ਮਨਾਈਏ ਦੀਵਾਲੀ। ਇਸ ਦੀਵਾਲੀ ‘ਤੇ ਸਾਰੇ ਪਹਿਲਾਂ ਤਾਂ ਇੱਕ ਝਾਤ ਬਚਪਨ ਦੇ ਦਿਨਾਂ ‘ਤੇ ਪਾਈਏ, ਮਨਾਈਏ ਦੀਵਾਲੀ ਬਚਪਨ ਦੇ ਸਾਥੀਆਂ ਸੰਗ, ਕੁਝ ਪਲਾਂ ਲਈ ਹੀ ਸਹੀ ਪਰ ਭੁੱਲ ਜਾਈਏ ਜੱਗ ਦੇ ਝਮੇਲਿਆਂ ਨੂੰ। ਪਰਤ ਜਾਈਏ ਫਿਕਰਾਂ ਤੋਂ ਬੇਪਰਵਾਹ ਜਿ਼ੰਦਗੀ ਦੇ ਦਿਨਾਂ ਵਿੱਚ।
ਸੋਲਾਂ ਸਾਲ ਹੋ ਚੱਲੇ ਨੇ ਪ੍ਰਦੇਸ ਵਿੱਚ ਰਹਿੰਦਿਆਂ ਪਰ ਜਦ ਵੀ ਦੀਵਾਲੀ ਆਉਂਦੀ ਹੈ ਤਾਂ ਬਚਪਨ ਦੇ ਦਿਨਾਂ ਵਿੱਚ ਮਨਾਈ ਦੀਵਾਲੀ ਦੇ ਦ੍ਰਿਸ਼ ਅੱਖਾਂ ਅੱਗੇ ਘੁੰਮਣ ਲੱਗ ਜਾਂਦੇ ਹਨ। ਦੁਸਿਹਰਾ ਲੰਘਦਿਆਂ ਹੀ ਦੀਵਾਲੀ ਦੀ ਉਡੀਕ ਵਿੱਚ ਦਿਨਾਂ ਦੀ ਪੁੱਠੀ ਗਿਣਤੀ ਸ਼ੁਰੂ ਕਰ ਦਿੰਦੇ ਸੀ। ਉਧਰ ਘਰਾਂ ਵਿੱਚ ਸਫਾਈਆਂ ਅਤੇ ਸਫੈਦੀਆਂ ਦਾ ਕੰਮ ਪੂਰੇ ਜੋਰਾਂ ‘ਤੇ ਸ਼ੁਰੂ ਹੋ ਜਾਂਦਾ। ਇਸ ਦਿਨ ਲਈ ਸਰੋਂ ਦੇ ਤੇਲ ਦੀ ਖਾਸ ਜਰੂਰਤ ਹੋਣ ਕਰਕੇ ਕੋਹਲੂਆਂ ‘ਤੇ ਘਾਣੀਆਂ ਕਢਾਉਣ ਵਾਲਿਆਂ ਦੀਆਂ ਵੀ ਕਤਾਰਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ। ਮਿਠਿਆਈਆਂ ਬਨਾਉਣ ਲਈ ਹਲਵਾਈਆਂ ਦੀਆਂ ਭੱਠੀਆਂ ਦਿਨ ਰਾਤ ਮਘਣ ਲੱਗਦੀਆਂ। ਘੁਮਿਆਰਾਂ ਦੇ ਚੱਕ ਵੀ ਦੀਵੇ ਤੇ ਮਸ਼ਾਲਾਂ ਬਨਾਉਣ ਲਈ ਤੇਜੀ ਨਾਲ ਘੁੰਮਣ ਲੱਗ ਜਾਂਦੇ। ਉਡੀਕਦਿਆਂ-ਉਡੀਕਦਿਆਂ ਦੀਵਾਲੀ ਦਾ ਦਿਨ ਨੇੜੇ ਆਉਣ ਲੱਗਦਾ ਤੇ ਘੁਮਿਆਰ ਟੋਕਰਿਆਂ ਵਿੱਚ ਦੀਵੇ, ਮਸ਼ਾਲਾਂ ਅਤੇ ਹੱਟੜੀਆਂ ਰੱਖ ਘਰੋ-ਘਰੀ ਜਾ ਕੇ ਵੇਚਦੇ। ਦਿਵਾਲੀ ਵਾਲੇ ਦਿਨ ਦੀਵਿਆਂ ਅਤੇ ਮਸ਼ਾਲਾਂ ਨੂੰ ਸਵੇਰ ਤੋਂ ਪਾਣੀ ਵਿੱਚ ਡਬੋ ਕੇ ਰੱਖਿਆ ਜਾਂਦਾ ਤਾਂ ਕਿ ਰਾਤ ਨੂੰ ਤੇਲ ਪਾ ਕੇ ਜਗਾਉਣ ਤੇ ਇਹ ਤੇਲ ਨਾ ਪੀਣ। ਦੀਵਿਆਂ ਨੂੰ ਜਗਾਉਣ ਲਈ ਰੂੰ ਦੀਆਂ ਬੱਤੀਆਂ ਵੱਟ ਕੇ ਅਤੇ ਮਸ਼ਾਲਾਂ ਨੂੰ ਜਗਾਉਣ ਲਈ ਵੜੇਂਵਿਆਂ ਨੂੰ ਤੇਲ ‘ਚ ਡਬੋ ਕੇ ਰੱਖਿਆ ਜਾਂਦਾ ਤਾਂ ਕਿ ਇਹ ਰਾਤ ਨੂੰ ਲੰਬੇ ਸਮੇਂ ਤੱਕ ਜਗਦੇ ਰਹਿ ਸਕਣ। 
ਦੀਵਾਲੀ ਤੋਂ ਕਈ ਦਿਨ ਪਹਿਲਾਂ ਹੀ ਦੁਕਾਨਾਂ ਤੋਂ ਪਟਾਕੇ ਮਿਲਣੇ ਸੁ਼ਰੂ ਹੋ ਜਾਂਦੇ ਦੁਕਾਨਦਾਰ ਪਟਾਕਿਆਂ ਨੂੰ ਦੁਕਾਨਾਂ ਤੋਂ ਬਾਹਰ ਮੰਜਿਆਂ ਉੱਪਰ ਟਿਕਾ ਕੇ ਰੱਖਦੇ। ਘਰਦਿਆਂ ਵੱਲੋਂ ਤਾਂ ਬੱਚਿਆਂ ਨੂੰ ਪਟਾਕੇ ਦੀਵਾਲੀ ਵਾਲੇ ਦਿਨ ਹੀ ਖ੍ਰੀਦ ਕੇ ਦਿੱਤੇ ਜਾਂਦੇ। ਪਰ ਬਹੁਤੇ ਬੱਚੇ ਦੀਵਾਲੀ ਤੋਂ ਪਹਿਲਾਂ ਹੀ ਘਰਦਿਆਂ ਦੀਆਂ ਮਿੰਨਤਾਂ ਤਰਲੇ ਕਰਕੇ ਜਾਂ ਜਿਦ ਕਰਕੇ ਜਾਂ ਫਿਰ ਕਿਸੇ ਰਿਸ਼ਤੇਦਾਰ ਵਲੋਂ ਦਿੱਤੇ ਸਾਂਭ ਕੇ ਰੱਖੇ ਪੈਸਿਆਂ ਨਾਲ ਪਟਾਕੇ ਖ੍ਰੀਦਣੇ ਸ਼ੁਰੂ ਕਰ ਦਿੰਦੇ। ਬੱਚਿਆਂ ਦੀ ਰੀਝ ਹੁੰਦੀ ਵੱਡੇ-ਵੱਡੇ ਪਟਾਕੇ ਖ੍ਰੀਦਣ ਦੀ ਤਾਂ ਕਿ ਵੱਧ ਧਮਾਕਾ ਕਰਨ। ਪਰ ਨਾ ਘਰ ਦੇ ਵੱਡੇ ਪਟਾਕੇ ਖ੍ਰੀਦਣ ਦੀ ਇਜ਼ਾਜਤ ਦਿੰਦੇ ਨਾ ਹੀ ਦੁਕਾਨਦਾਰ ਬੱਚਿਆਂ ਨੂੰ ਵੱਡੇ ਪਟਾਕੇ ਵੇਚਦੇ। ਪਟਾਕੇ ਤਾਂ ਖ੍ਰੀਦ ਲੈਂਦੇ ਪਰ ਉਨ੍ਹਾਂ ਨੂੰ ਚਲਾਉਣ ਲਈ ਸੀਖਾਂ ਵਾਲੀ ਡੱਬੀ ਦਾ ਪ੍ਰਬੰਧ ਕਰਨਾ ਔਖਾ ਹੋ ਜਾਂਦਾ ਕਿਉਂਕਿ ਕਿਸੇ ਦੇ ਵੀ ਘਰ ਦੇ ਬੱਚਿਆਂ ਨੂੰ ਸੀਖਾਂ ਵਾਲੀ ਡੱਬੀ ਨੂੰ ਹੱਥ ਨਾ ਲਾਉਣ ਦਿੰਦੇ ਕਿ ਕੀ ਪਤਾ ਸ਼ਰਾਰਤ ਨਾਲ ਕਿਤੇ ਅੱਗ ਨਾ ਲਾ ਦੇਣ। ਪਰ ਕੋਈ ਨਾ ਕੋਈ ਘਰਦਿਆਂ ਤੋਂ ਅੱਖ ਬਚਾ ਕੇ ਚੋਰੀ ਸੀਖਾਂ ਵਾਲੀ ਡੱਬੀ ਚੱਕ ਲਿਆਉਂਦਾ ਤੇ ਫਿਰ ਸਾਰੇ ਦੋਸਤ ਇਕੱਠੇ ਹੋ ਕੇ ਚੌਂਕ ਜਾਂ ਕਿਸੇ ਹੋਰ ਖੁੱਲੀ ਜਗ੍ਹਾ ‘ਤੇ ਜਾ ਕੇ ਪਟਾਕੇ ਚਲਾਉਂਦੇ। ਕਈ ਵਾਰ ਮੱਝਾਂ ਦੀਆਂ ਧਾਰਾਂ ਕੱਢਣ ਦੇ ਟਾਇਮ ਚੌਂਕ ‘ਚ ਪਟਾਕੇ ਚਲਾਉਂਦਿਆਂ ਤੋਂ ਜੇ ਕਿਸੇ ਦੀ ਮੱਝ ਪਟਾਕੇ ਦੇ ਖੜਕੇ ਤੋਂ ਡਰਦੀ ਦੁੱਧ ਵਾਲੀ ਬਾਲਟੀ ‘ਚ ਲੱਤ ਮਾਰ ਕੇ ਦੁੱਧ ਡੋਲ ਦਿੰਦੀ ਤਾਂ ਗਾਲਾਂ ਵੀ ਸੁਨਣੀਆਂ ਪੈਂਦੀਆਂ। ਪਰ ਉਸ ਸਮੇਂ ਇਨ੍ਹਾਂ ਗੱਲਾਂ ਦੀ ਕੌਣ ਪਰਵਾਹ ਕਰਦਾ। ਇੱਕ ਚੌਂਕ ਤੋਂ ਦੂਜੇ ਚੌਂਕ ਵਿੱਚ ਜਾ ਕੇ ਪਟਾਕੇ ਚਲਾਉਣ ਲੱਗ ਪੈਣਾ। ਪਟਾਕੇ ਚਲਾਉਣ ਤੋਂ ਇਲਾਵਾ ਬੱਚਿਆਂ ਨੂੰ ਖਾਣ ਲਈ ਖੰਡ ਦੇ ਖਡੌਣਿਆਂ ਵਿੱਚ ਖਾਸ ਦਿਲਚਸਪੀ ਹੁੰਦੀ ਸੀ ਕਿਉਂਕਿ ਰੰਗ ਬਰੰਗੇ ਖੰਡ ਦੇ ਖਡੌਣੇ ਵੱਖ-ਵੱਖ ਸ਼ਕਲਾਂ ਦੇ ਬਣੇ ਹੁੰਦੇ ਜਿਵੇਂ ਕੋਈ ਜਿੰਦੇ ਵਰਗਾ, ਕੋਈ ਕੁੰਜੀ ਵਰਗਾ ਜਾਂ ਫਿਰ ਘੋੜੇ ਹਾਥੀ ਤੇ ਹੋਰ ਬਹੁਤ ਸਾਰੇ ਜਾਨਵਰਾਂ ਦੀਆਂ ਸ਼ਕਲਾਂ ਦੇ ਬਣੇ ਹੁੰਦੇ। ਸਾਰੇ ਇੱਕ ਦੂਜੇ ਨੂੰ ਵਿਖਾ-ਵਿਖਾ ਖਾਂਦੇ ਤੇ ਕਹਿੰਦੇ ਆਹ ਵੇਖ ਮੇਰੇ ਕੋਲ ਹਾਥੀ ਆ, ਕੋਈ ਕਹਿੰਦਾ ਆਹ ਵੇਖੋ ਮੇਰੇ ਕੋਲ ਘੋੜਾ। ਕਿੰਨੇ ਪਿਆਰੇ ਹੁੰਦੇ ਸੀ ਉਹ ਦਿਨ ਨਿੱਕੀ-ਨਿੱਕੀ ਗੱਲ ਵਿੱਚੋਂ ਖੁਸ਼ੀ ਲੱਭ ਜਾਂਦੀ ਸੀ।
ਦੀਵਾਲੀ ਵਾਲਾ ਦਿਨ ਆਉਣ ‘ਤੇ ਮਿਠਿਆਈਆਂ ਤੇ ਪਟਾਕਿਆਂ ਦੀ ਖ੍ਰੀਦਦਾਰੀ ਪੂਰੇ ਜੋਰਾਂ ਉੱਤੇ ਹੋਣ ਲੱਗਦੀ। ਸ਼ਾਮ ਨੂੰ ਹਰ ਕੋਈ ਵੇਲੇ ਸਿਰ ਆਪਣੇ ਕੰਮ ਧੰਦੇ ਮੁਕਾ ਨਹਾ ਧੋ ਕੇ ਤਿਆਰ ਹੋ ਜਾਂਦਾ ਤੇ ਰਾਤ ਨੂੰ ਰੁਸ਼ਨਾਉਣ ਲਈ ਦੀਵੇ ਜਗਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ। ਸਭ੍ਹ ਤੋਂ ਪਹਿਲਾਂ ਧਾਰਮਿਕ ਸਥਾਨਾਂ ਉੱਤੇ ਦੀਵੇ ਜਗਾਏ ਜਾਂਦੇ। ਉਸ ਤੋਂ ਬਾਅਦ ਹਰ ਉਸ ਜਗ੍ਹਾ ‘ਤੇ ਦੀਵਾ ਜਗਾਇਆ ਜਾਂਦਾ ਜਿਹੜੀ ਕਿਸੇ ਨਾ ਕਿਸੇ ਤਰੀਕੇ ਲੋਕਾਂ ਦੀ ਵਰਤੋਂ ਵਿੱਚ ਆਉਣ ਵਾਲੀ ਹੁੰਦੀ। ਜਿਵੇਂ; ਸਕੂਲ, ਸਿਵੇ, ਖੇਤ, ਰੂੜੀ ਵਾਲੀ ਜਗ੍ਹਾ ਤੇ ਚੌਂਕ ਆਦਿ। ਜਦ ਥੋੜਾ ਹਨੇਰਾ ਪਸਰਨਾ ਸ਼ੁਰੂ ਹੋ ਜਾਂਦਾ ਤਾਂ ਘਰ ਦੇ ਬਨੇਰਿਆਂ, ਕੌਲਿ਼ਆਂ ਤੋਂ ਲੈ ਕੇ ਘਰ ਦਾ ਹਰ ਕੋਨੇ ਨੂੰ ਦੀਵਿਆਂ ਨਾਲ ਰੁਸ਼ਨਾਇਆ ਜਾਂਦਾ। ਮੁੰਡੇ ਘਰ ਦੇ ਵਿਹੜੇ, ਘਰ ਦੀ ਛੱਤ ‘ਤੇ ਚੜ ਜਾ ਚੌਂਕਾਂ ਵਿੱਚ ਜਾ ਕੇ ਪਟਾਕੇ ਚਲਾਉਂਦੇ। ਕੁੜੀਆਂ ਘਰ ਵਿੱਚ ਹਟੜੀ ਜਗਾ ਉਸ ਕੋਲ ਬੈਠ ਫੁੱਲਝੜੀਆਂ ਜਾਂ ਹੋਰ ਨਿੱਕੇ-ਨਿੱਕੇ ਪਟਾਕੇ ਘਰ ਦੇ ਵਿਹੜੇ ਵਿੱਚ ਚਲਾਉਂਦੀਆਂ। ਘਰ ਦਾ ਹਰ ਜੀਅ ਅਤੇ ਆਂਢ-ਗੁਆਂਢ ਉਸ ਹਟੜੀ ਅੱਗੇ ਪੈਸਿਆਂ ਦਾ ਮੱਥਾ ਟੇਕਦੇ। ਘਰ ਦੀ ਛੱਤ ‘ਤੇ ਖੜ ਕੇ ਸਾਰੇ ਪਿੰਡ ਵੱਲ ਨਜ਼ਰ ਮਾਰਦਿਆਂ ਹਰ ਪਾਸਾ ਰੁਸ਼ਨਾਇਆ ਵੇਖ ਰੂਹ ਬਾਗੋ-ਬਾਗ ਹੋ ਜਾਂਦੀ। ਪਿੰਡ ਦੀਆਂ ਜਿੰਨ੍ਹਾਂ ਗਲ਼ੀਆਂ ਵਿੱਚ ਅਕਸਰ ਦਿਨ ਢਲੇ ਤੋਂ ਬਾਅਦ ਲੰਗਣ ਨੂੰ ਦਿਲ ਘਬਰਾਉਂਦਾ ਉਸ ਰਾਤ ਹਰ ਕੋਈ ਬੇਖੌਫ ਘੁੰਮ ਸਕਦਾ। ਹੌਲ਼ੀ-ਹੌਲ਼ੀ ਅਸਮਾਨ ਵਿੱਚ ਆਤਿਸ਼ਬਾਜੀਆਂ ਰੰਗ ਵਿਖੇਰਨ ਲੱਗਦੀਆਂ, ਕਿਸੇ ਪਾਸੇ ਆਨਾਰ ਚੱਲਦੇ ਨਜ਼ਰ ਆਉਂਦੇ ਤੇ ਪਟਾਕਿਆਂ ਦੀ ਠਾਹ-ਠਾਹ ਸੁਣਾਈ ਦੇਣ ਲੱਗਦੀ। ਕਈਆਂ ਘਰਾਂ ਤੇ ਗਲ਼ੀਆਂ ਚੋਂ ਸ਼ਰਾਬੀਆਂ ਦੇ ਲਲਕਾਰੇ ਸੁਣਾਈ ਦਿੰਦੇ। ਹਰ ਗਰੀਬ ਅਮੀਰ ਇਸ ਤਿਉਹਾਰ ਨੂੰ ਆਪਣੀ ਸਮਰੱਥਾ ਅਨੁਸਾਰ ਮਨਾਉਂਦਾ। ਹਰ ਚਿਹਰੇ ‘ਤੇ ਵੱਖਰੀ ਹੀ ਰੌਣਕ ਨਜ਼ਰ ਆਉਂਦੀ। 
ਜਿੱਥੇ ਹਰ ਘਰ ਵਿੱਚ ਖੁਸ਼ੀ ਭਰਿਆ ਮਹੌਲ ਹੁੰਦਾ ਉੱਥੇ ਕਈ ਘਰਾਂ ਵਿੱਚ ਉਦਾਸੀ ਵੀ ਛਾਈ ਹੁੰਦੀ। ਕਈ ਘਰ ਤਾਂ ਉਹ ਹੁੰਦੇ ਜਿਹੜੇ ਆਰਥਿਕ ਪੱਖੋਂ ਕਮਜੋਰ ਹੋਣ ਕਰਕੇ ਆਪਣੀਆਂ ਰੀਝਾਂ ਮੁਤਾਬਿਕ ਇਸ ਤਿਉਹਾਰ ਨੂੰ ਮਨਾਉਣ ਵਿੱਚ ਅਸਮਰੱਥ ਹੁੰਦੇ ਅਤੇ ਕਈ ਘਰ ਉਹ ਹੁੰਦੇ ਜਿੰਨ੍ਹਾਂ ਘਰਾਂ ਦੇ ਮੋਢੀ ਬੱਚਿਆਂ ਲਈ ਮਿਠਿਆਈਆਂ ਜਾਂ ਪਟਾਕੇ ਲਿਆਉਣ ਦੀ ਵਜਾਏ ਸ਼ਰਾਬ ਨਾਲ ਟੱਲੀ ਹੋ ਕੇ ਘਰ ਆਉਂਦੇ ਤੇ ਘਰ ‘ਚ ਕਲੇਸ਼ ਪਾਉਂਦੇ ਅਤੇ ਕੁੱਟ ਮਾਰ ਵੀ ਕਰਦੇ। ਸਾਰੇ ਪਰਿਵਾਰ ਦੀਆਂ ਖੁਸ਼ੀਆਂ ਦੀ ਪਰਵਾਹ ਕੀਤੇ ਬਿਨਾਂ ਰੱਝ ਕੇ ਸ਼ਰਾਬ ਪੀਣ ਨੂੰ ਹੀ ਦੀਵਾਲੀ ਮਨਾਉਣਾ ਸਮਝਦੇ। ਕਈ ਜੂਏਬਾਜ ਘਰੋਂ ਖ੍ਰੀਦਦਾਰੀ ਕਰਨ ਗਏ ਸਾਰੇ ਪੈਸੇ ਜੂਏ ਵਿੱਚ ਹਾਰ ਮੂੰਹ ਲਟਕਾਈ ਘਰ ਨੂੰ ਆਉਂਦੇ। ਕਈ ਜਿਮੀਦਾਰਾਂ ਦੀ ਬੱਚਿਆਂ ਵਾਂਗ ਪਾਲ਼ੀ ਝੋਨੇ ਦੀ ਫਸਲ ਮੰਡੀ ਵਿੱਚ ਰੁਲ਼ ਰਹੀ ਹੁੰਦੀ, ਉਨ੍ਹਾਂ ਵਿਚਾਰਿਆਂ ਦੀ ਦੀਵਾਲੀ ਮੰਡੀ ਵਿੱਚ ਹੀ ਲੰਘ ਜਾਂਦੀ। ਇਸ ਤੋਂ ਇਲਾਵਾ ਪਟਾਕਿਆਂ ਨਾਲ ਕਈ ਥਾਵਾਂ ‘ਤੇ ਅੱਗਾਂ ਵੀ ਲੱਗ ਜਾਂਦੀਆਂ। ਮੈਨੂੰ ਯਾਦ ਹੈ ਸਾਡੇ ਘਰਾਂ ਕੋਲ ਇੱਕ ਘਰ ਦਾ ਬਜ਼ੁਰਗ ਜੀਹਨੂੰ ਵੱਡੇ ਛੋਟੇ ਸਾਰੇ ਬਾਬਾ ਦਾਰਾ ਕਹਿ ਕੇ ਬਲਾਉਂਦੇ ਸਨ ਹਰ ਸਾਲ ਸਿਆਲ ਨੂੰ ਚੌਂਕ ‘ਚ ਆਪਣੇ ਸਾਥੀਆਂ ਕੋਲ ਬਹਿ ਕੇ ਸਣ ਕੱਢਦਾ ਰਹਿੰਦਾ ਤੇ ਤੀਲਾਂ ਮਚਾ ਕੇ ਅੱਗ ਸੇਕਦਾ ਰਹਿੰਦਾ। ਇੱਕ ਵਾਰ ਦੀਵਾਲੀ ਨੂੰ ਉਨ੍ਹਾਂ ਦੇ ਘਰ ਦੀ ਛੱਤ ‘ਤੇ ਪਏ ਸਣ ਦੇ ਗਰਨਿਆਂ ਉੱਪਰ ਆਤਿਸ਼ਬਾਜੀ ਡਿੱਗਣ ਨਾਲ ਗਰਨੇ ਅੱਗ ਲੱਗ ਕੇ ਮੱਚ ਗਏ। ਲੋਕ ਬਾਬੇ ਦੀ ਵਡੇਰੀ ਉਮਰ ਨੂੰ ਧਿਆਨ ‘ਚ ਰੱਖਦਿਆਂ ਕਿਹਾ ਕਰਨ ਬਾਬਾ ਤੇਰੀ ਉਮਰ ਇੱਕ ਸਾਲ ਹੋਰ ਵਧ ਗਈ, ਐਵੇਂ ਸਾਰਾ ਸਿਆਲ ਸਣ ਨਾਲ ਮੱਥਾ ਮਾਰਨਾ ਪੈਣਾ ਸੀ। ਅੱਗੋਂ ਬਾਬਾ ਹੱਸ ਕੇ ਕਹਿ ਛੱਡਦਾ “ ਚਲੋ ਜੋ ਰੱਬ ਨੂੰ ਮਨਜੂਰ” ਪਰ ਬਾਬੇ ਨੂੰ ਬਿਨਾਂ ਕੰਮ ਤੋਂ ਸਿਆਲ ਕੱਢਣਾ ਬੜਾ ਔਖਾ ਲੱਗਿਆ। ਇਸ ਤਰ੍ਹਾਂ ਕੁਝ ਮਿੱਠੀਆਂ ਕੁਝ ਖੱਟੀਆਂ ਯਾਦਾਂ ਛੱਡਦਾ ਦੀਵਾਲੀ ਦਾ ਤਿਉਹਾਰ ਲੰਘ ਜਾਂਦਾ ਤੇ ਨਾਲ ਹੀ ਉਡੀਕ ਸ਼ੁਰੂ ਹੋ ਜਾਂਦੀ ਅਗਲੇ ਸਾਲ ਆਉਣ ਵਾਲੀ ਦੀਵਾਲੀ ਦੀ।
ਹੁਣ ਹੌਲੀ-ਹੌਲੀ ਬਹੁਤ ਸਾਰੇ ਬਦਲਾਵ ਆ ਰਹੇ ਹਨ। ਦੀਵਿਆਂ ਦੀ ਜਗ੍ਹਾ ਬਿਜਲੀ ਵਾਲੀਆਂ ਲੜੀਆਂ ਤੇ ਮੋਮਬੱਤੀਆਂ ਨੇ ਲੈ ਲਈ ਹੈ। ਬਹੁਤ ਸਾਰੇ ਹਲਵਾਈ ਲੋਕਾਂ ਨੂੰ ਮਿਠਿਆਈਆਂ ਦੀ ਥਾਂ ਪੈਸੇ ਕਮਾਉਣ ਦੇ ਚੱਕਰਾਂ ‘ਚ ਮਿੱਠੀ ਜ਼ਹਿਰ ਵੇਚ ਰਹੇ ਹਨ। ਨਵੀਂਆਂ-ਨਵੀਂਆਂ ਤਕਨੀਕਾ ਆਉਣ ਕਰਕੇ ਬੱਚਿਆਂ ਵਿੱਚ ਤਿਉਹਾਰਾਂ ਨੂੰ ਮਨਾਉਣ ਦਾ ਉਤਸ਼ਾਹ ਘਟਦਾ ਜਾ ਰਿਹਾ ਹੈ। ਉਹ ਆਪਣਾ ਬਹੁਤਾ ਸਮਾਂ ਟੈਲੀਵੀਜ਼ਨ, ਕੰਪਿਊਟਰ ਜਾਂ ਵੀਡੀਓ ਗੇਮਾਂ ਨਾਲ ਗੁਜਾਰਨ ਲੱਗ ਪਏ ਹਨ। ਗਲ਼ੀਆਂ ‘ਚ ਜਾ ਕੇ ਆਪਣੇ ਸਾਥੀਆਂ ਸੰਗ ਖੇਡਣ ਦੀ ਵਜਾਏ ਫੋਨ ਜਾਂ ਨੈੱਟ ਰਾਹੀਂ ਗੱਲਾ ਕਰਕੇ ਸਾਰ ਲੈਂਦੇ ਹਨ। ਪਰ ਹਾਲੇ ਸਭ੍ਹ ਕੁਝ ਖਤਮ ਨਹੀਂ ਹੋਇਆ। ਜਿਵੇਂ ਕਿਸੇ ਸ਼ਾਇਰ ਨੇ ਲਿਖਿਆ “ ਵੇਖ ਲੱਗਦਾ ਏ ਵਿਰਸਾ ਪੰਜਾਬ ਦਾ, ਹਾਲੇ ਸਹਿਕਦਾ ਏ ਜਾਣੀ” ਲੋੜ ਹੈ ਬੱਚਿਆਂ ਵਿੱਚ ਉਤਸ਼ਾਹ ਪੈਦਾ ਕਰਨ ਦੀ। ਕਿਉਂਕਿ ਵੇਖਣ ਵਿੱਚ ਆਉਂਦਾ ਹੈ ਕਿ ਜਿਹੜੇ ਬੱਚੇ ਵਿਦੇਸ਼ਾਂ ਤੋਂ ਪੰਜਾਬ ਘੁੰਮਣ ਜਾਂਦੇ ਹਨ ਉਨ੍ਹਾਂ ਦਾ ਉੱਥੋਂ ਦੇ ਖੁੱਲੇ ਮਹੌਲ ਚੋਂ ਵਾਪਿਸ ਆਉਣ ਨੂੰ ਦਿਲ ਨਹੀਂ ਕਰਦਾ ਉਹ ਉੱਥੇ ਰਹਿਣਾ ਪਸੰਦ ਕਰਦੇ ਹਨ। ਪਰ ਉੱਥੇ ਰਹਿ ਰਹੇ ਬੱਚੇ ਖੁੱਲੇ ਮਹੌਲ ਦੀ ਥਾਂ ਅੰਦਰ ਬਹਿ ਕੇ ਸਮਾਂ ਗੁਜਾਰਨ ਲੱਗਦੇ ਜਾ ਰਹੇ ਹਨ। ਲੋੜ ਹੈ ਬੱਚਿਆਂ ਲਈ ਸਮਾਂ ਕੱਡਣ ਦੀ ਚਾਹੇ ਉਹ ਆਪਣੇ ਦੇਸ ਵਿੱਚ ਰਹਿੰਦੇ ਹੋਣ ਚਾਹੇ ਵਿਦੇਸ਼ ਵਿੱਚ। ਜਿਵੇਂ ਕਹਿੰਦੇ ਹੁੰਦੇ ਆ ਕਿ ਧਰਤੀ ਗੋਲ ਹੈ ਬੰਦਾ ਘੁੰਮ-ਘੁਮਾ ਕੇ ਉਸ ਜਗ੍ਹਾ ਵਾਪਿਸ ਆ ਜਾਂਦਾ ਜਿੱਥੋਂ ਉਹ ਤੁਰਿਆ ਹੋਵੇ। ਨਵੀਂ ਚੀਜ਼ ਦਾ ਹਰੇਕ ਨੂੰ ਚਾਅ ਹੁੰਦਾ ਪਰ ਜੇ ਕੋਸਿ਼ਸ਼ ਕਰੀਏ ਤਾਂ ਤਿਉਹਾਰਾਂ ਨੂੰ ਪਹਿਲਾਂ ਵਾਲਾ ਮਹੌਲ ਫਿਰ ਸਿਰਜਿਆ ਜਾ ਸਕਦਾ। ਇਸ ਦਾ ਮਤਲਬ ਇਹ ਨਹੀਂ ਕਿ ਘਰਾਂ ਚੋਂ ਬਿਜਲੀ ਦੇ ਮੀਟਰ ਪੁਟਾ ਦੇਈਏ ਜਾਂ ਟੈਲੀਵੀਜ਼ਨ, ਕੰਪਿਊਟਰ ਚੱਕ ਕੇ ਘਰੋਂ ਬਾਹਰ ਸੁੱਟ ਦੇਈਏ। ਇਹ ਸਮੇਂ ਮੁਤਾਬਿਕ ਆਉਣ ਵਾਲੇ ਬਦਲਾਵ ਹਨ ਇਨ੍ਹਾਂ ਨੂੰ ਰੋਕਿਆ ਨਹੀਂ ਜਾ ਸਕਦਾ, ਪਰ ਕਿਸੇ ਖਾਸ ਤਿਉਹਾਰ ‘ਤੇ ਸਿਰਜਿਆ ਪੁਰਾਣਾ ਮਹੌਲ ਹਰ ਇੱਕ ਦਾ ਦਿਲ ਮੋਹ ਲੈਂਦਾ ਹੈ। ਉਮੀਦ ਕਰਦਾਂ ਸਾਰੇ ਇਹ ਕੋਸਿ਼ਸ਼ ਜਰੂਰ ਕਰੋਂਗੇ। 
ਆਓ ਹੁਣ ਸਾਰੇ ਸੱਚੇ ਦਿਲੋਂ ਮਿਲ਼ ਕੇ ਪ੍ਰਮਾਤਮਾ ਅੱਗੇ ਅਰਦਾਸ ਕਰੀਏ ਕਿ ਇਸ ਵਾਰ ਦੀਵਾਲੀ ਦੇ ਦੀਵਿਆਂ ਦੀ ਲੋਅ ਐਨਾਂ ਚਾਨਣ ਕਰੇ ਕਿ ਹਰ ਦਿਲ ਚੋਂ ਦੂਰ ਹੋ ਜਾਏ ਨਫ਼ਰਤ ਦਾ ਹਨੇਰਾ ਤੇ ਪਸਰ ਜਾਏ ਪਿਆਰ ਦਾ ਚਾਨਣ ਹਰ ਦਿਲ ਅੰਦਰ। ਸਮਝ ਆ ਜਾਵੇ ਸਾਨੂੰ ਮਿਠਿਆਈਆਂ ਦਾ ਆਦਾਨ ਪ੍ਰਦਾਨ ਕਰਨ ਦੀ। ਮਿੱਠੀ ਹੋ ਜਾਵੇ ਹਰ ਜ਼ੁਬਾਨ, ਭੁੱਲ ਜਾਵੇ ਕੁੜੱਤਣ ਭਰੇ ਸ਼ਬਦ ਬੋਲਣਾ। ਕੁੱਲੀਆਂ ਵਾਲਿਆਂ ਨੂੰ ਵੀ ਆਰਥਿਕ ਪੱਖੋਂ ਐਨੇ ਮਜਬੂਤ ਕਰ ਦੇਵੇ ਕਿ ਕਿਸੇ ਤਿਉਹਾਰ ਮੌਕੇ ਮਹਿਲਾਂ ਵਾਲਿਆਂ ਵੱਲੋਂ ਮਨਾਏ ਜਾਂਦੇ ਜਸ਼ਨਾ ਨੂੰ ਵੇਖ ਆਪਣੇ ਬੱਚਿਆਂ ਵੱਲੋਂ ਕੀਤੀਆਂ ਨਿੱਕੀਆਂ-ਨਿੱਕੀਆਂ ਮੰਗਾਂ ਨੂੰ ਵੀ ਟਾਲਣ ਲਈ ਕਿਸੇ ਨੂੰ ਮੰਦਾ ਬੋਲਣਾ ਜਾਂ ਕੋਈ ਝੂਠੀ ਕਹਾਣੀ ਨਾ ਸੁਨਾਉਣੀ ਪਵੇ। 
ਮੈਨੂੰ ਦਿਓ ਇਜਾਜਤ ਤੇ ਮਨਾਓ ਸਾਰੇ ਧੂਮ-ਧਾਮ ਨਾਲ ਦੀਵਾਲੀ। ਮੇਰੇ ਦੇਸ ਵਿਦੇਸ਼ ਵਸਣ ਵਾਲਿਆਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ!!!!!!!!!!!! 

****

No comments: