ਦੀਵਾਲੀ ਦੀਆਂ ਮੁਬਾਰਕਾਂ.......... ਨਜ਼ਮ/ਕਵਿਤਾ / ਨਿਸ਼ਾਨ ਸਿੰਘ ਰਾਠੌਰ

ਆਪਣੀ ਪਤਨੀ ਨੁੰ
ਦੀਵਾਲੀ ਦੀਆਂ ਮੁਬਾਰਕਾਂ
ਕਹਿ ਜਿਵੇਂ ਹੀ ਉਹ ਜਾਣ ਲੱਗਾ
ਘਰ ਤੋਂ ਬਾਹਰ
ਆਪਣੀ ਸ਼ਾਮ ਰੰਗੀਨ ਕਰਨ
ਤਾਂ ਪਤਨੀ ਨੇ ਯਾਦ ਕਰਵਾਇਆ
ਅੱਜ ਤਾਂ ਬਾਪੂ ਜੀ ਦੀ ਬਰਸੀ ਹੈ
ਇਕ ਪਲ ਲਈ ਉਹ ਠਠੰਬਰ ਗਿਆ
ਤੇ ਮੱਥੇ ਤੇ ਵੱਟ ਜਿਹਾ ਪਾ ਕੇ
ਗੁੱਸੇ ਨਾਲ ਬੋਲਿਆ
ਤਿਉਹਾਰ ਦੇ ਦਿਨ
ਕਿਸੇ ਮਰੇ ਹੋਏ ਨੂੰ ਯਾਦ ਨਹੀਂ ਕਰੀਦਾ
ਐਵੇਂ ਮਜ਼ਾ ਖਰਾਬ ਹੋ ਜਾਂਦੈ
ਨਾਲ ਦੇ ਕਮਰੇ ਵਿਚ ਬੈਠੀ
ਬੁੱਢੀ ਮਾਂ ਦੇ ਕੰਨਾਂ ਵਿਚ ਇਹ
ਆਵਾਜ਼ ਕਿਸੇ
ਵੱਡੇ ਬੰਬ ਧਮਾਕੇ ਤੋਂ ਘੱਟ ਨਹੀਂ ਸੀ
ਤੇ ਉਸ ਦਾ ਪੋਤਰਾ
ਘਰ ਦੇ ਵਿਹੜੇ ਵਿਚ
ਨਿੱਕੇ ਬੰਬ ਚਲਾ ਰਿਹਾ ਸੀ
ਜਿਸ ਦੀ ਆਵਾਜ਼
ਸ਼ਾਇਦ ਉਸ ਬੁੱਢੀ ਮਾਂ ਨੂੰ
ਸੁਣਨੀ ਬੰਦ ਹੋ ਗਈ ਸੀ

****

No comments: