ਵਿੱਦਿਆ ਦੇ ਪ੍ਰਸੰਗ 'ਚ ਪੱਤਰਕਾਰੀ ਦੀ ਭੂਮਿਕਾ.......... ਲੇਖ / ਸ਼ਾਮ ਸਿੰਘ 'ਅੰਗ ਸੰਗ'

ਵਿੱਦਿਆ ਤੀਜਾ ਨੇਤਰ ਹੈ ਜਿਹੜਾ ਦੂਰ ਦਿਸਹੱਦਿਆਂ ਅਤੇ ਉਨ੍ਹਾਂ ਤੋਂ ਪਾਰ ਦੇਖ ਸਕਦਾ ਹੈ। ਆਪਣੇ ਨੇਤਰਾਂ ਨਾਲ ਦੇਖਣਾ ਕਿਸੇ ਕਰਿਸ਼ਮੇ ਤੋਂ ਘੱਟ ਨਹੀਂ ਜਿਸ ਕਰਕੇ ਹੀ ਸਾਨੂੰ ਆਪਣੇ ਆਲੇ-ਦੁਆਲੇ ਦੀ ਸਾਰ ਲੱਗਦੀ ਹੈ ਅਤੇ ਪਛਾਣ ਹੁੰਦੀ ਹੈ। ਵਿੱਦਿਆ ਨਾਲ ਹਾਸਲ ਹੁੰਦੀ ਸੂਝ-ਬੂਝ ਦਾ ਨੇਤਰ ਆਲੇ-ਦੁਆਲੇ ਦੀ ਗਹਿਰਾਈ ਵੱਲ ਲਿਜਾਂਦਾ ਹੈ ਜਿਸ ਨਾਲ ਹੀ ਮਨੁੱਖ ਦੀ ਸਮਝ ਬਣਦੀ ਹੈ ਅਤੇ ਬੁੱਧ-ਵਿਵੇਕ ਦਾ ਜਨਮ ਹੁੰਦਾ ਹੈ।


ਜਿਸ ਤਰ੍ਹਾਂ ਸਮਾਜ ਦੇ ਆਮ ਪ੍ਰਸੰਗਾਂ ਵਿਚ ਅੱਖਾਂ ਬਿਨਾਂ ਕੰਮ ਨਹੀਂ ਚੱਲ ਸਕਦਾ, ਉਸੇ ਤਰ੍ਹਾਂ ਉਨ੍ਹਾਂ ਅੱਖਾਂ / ਨੇਤਰਾਂ ਦੀ ਵੀ ਬਹੁਤ ਜ਼ਰੂਰਤ ਹੈ ਜਿਨ੍ਹਾਂ ਨਾਲ ਵੱਖ-ਵੱਖ ਖੇਤਰਾਂ ਵਿਚ ਝਾਕਿਆ ਜਾ ਸਕੇ। ਪੱਤਰਕਾਰੀ ਇਨ੍ਹਾਂ ਨੇਤਰਾਂ 'ਚੋਂ ਹੀ ਇਕ ਨੇਤਰ ਹੈ ਜਿਹੜਾ ਸਮਾਜ ਵਿਚ ਹੋ ਰਹੇ ਚੰਗੇ ਮਾੜੇ ਕਾਰਜਾਂ ਦਾ ਨੋਟਿਸ ਲੈਂਦਾ ਹੈ। ਲੋੜ ਪੈਣ ਵੇਲੇ ਉਨ੍ਹਾਂ 'ਤੇ ਸਟੀਕ ਟਿੱਪਣੀਆਂ ਵੀ ਕਰਦਾ ਹੈ।

ਜਿਹੜੇ ਪੱਤਰਕਾਰ ਜਾਗਦੇ ਅਤੇ ਜਗਦੇ ਹੋਣ ਉਨ੍ਹਾਂ ਦੀਆਂ ਲਿਖਤਾਂ ਵਿਚ ਸਹੀ ਜਾਣਕਾਰੀ ਵੀ ਹੁੰਦੀ ਹੈ ਅਤੇ ਗਹਿਰਾ ਗਿਆਨ ਵੀ, ਜਿਨ੍ਹਾਂ ਦੀ ਮਦਦ ਨਾਲ ਵੀ ਉਹ ਵਿੱਦਿਆ ਦੇ ਖੇਤਰ ਵਿਚਲੀਆਂ ਪਰਤਾਂ ਵਿਚ ਝਾਕ ਕੇ ਉਸ ਕੁਝ ਦਾ ਪਤਾ ਲਗਾਉਂਦੇ ਹਨ ਜਿਸ ਦਾ ਪਤਾ ਲੱਗਣਾ ਅਸਾਨ ਨਹੀਂ ਹੁੰਦਾ। ਉਹ ਆਪਣੇ ਭਰੋਸੇਯੋਗ ਸੂਰਤਾਂ ਰਾਹੀਂ ਅਜਿਹਾ ਕੁਝ ਵੀ ਬਾਹਰ ਲੈ ਆਉਂਦੇ ਹਨ ਜਿਹੜਾ ਸਮਾਜ ਵਾਸਤੇ ਖਤਰਨਾਕ ਤੇ ਨੁਕਸਾਨਦੇਹ ਹੁੰਦਾ ਹੈ।
ਕਦੇ ਵਕਤ ਹੁੰਦਾ ਸੀ ਜਦ ਵਿੱਦਿਆ ਹਾਸਲ ਕਰਨਾ ਹਰ ਇਕ ਦਾ ਹੱਕ ਨਹੀਂ ਸੀ ਹੁੰਦਾ। ਨਿਹੱਕੇ ਲੋਕਾਂ ਨੂੰ ਇਸ ਜ਼ਰੂਰੀ ਹੱਕ ਤੋਂ ਮਹਿਰੂਮ ਰੱਖਿਆ ਜਾਂਦਾ ਸੀ। ਇਹ ਬੜਾ ਵੱਡਾ ਪਾਪ ਸੀ, ਬੜਾ ਵੱਡਾ ਧੱਕਾ ਸੀ ਜੋ ਇਸ ਧਰਤੀ ਦੇ ਬਾਸ਼ਿੰਦੇ ਹੀ ਆਪਣੇ ਸਾਥੀ ਬਾਸ਼ਿੰਦਿਆਂ ਨਾਲ ਕਰਦੇ ਰਹੇ। ਇਹ ਸਭ ਸੁਚੇਤ ਪੱਧਰ 'ਤੇ ਕੀਤਾ ਜਾਂਦਾ ਸੀ ਤਾਂ ਕਿ ਵਿੱਦਿਆ 'ਤੇ ਛਾਏ ਵਰਗਾਂ ਵੱਲੋਂ ਆਪੇ ਹਾਸਲ ਕੀਤੇ ਅਧਿਕਾਰ ਨੂੰ ਕੋਈ ਖਤਰਾ ਮਹਿਸੂਸ ਨਾ ਹੋਵੇ, ਕੋਈ ਖੋਹ ਨਾ ਲਵੇ। ਕੁਝ ਇਕ ਵਰਗ ਹੀ ਵਿੱਦਿਆ ਹਾਸਲ ਕਰਨ ਦੀ ਬਖਸ਼ਿਸ਼ ਦੇ ਪਾਤਰ ਹੁੰਦੇ ਸਨ, ਬਾਕੀਆਂ ਨੂੰ ਹਨੇਰੇ ਦਾ ਪਾਤਰ ਬਣਨ ਲਈ ਛੱਡ ਦਿੱਤਾ ਜਾਂਦਾ ਹੈ।

ਸਮੇਂ ਨੇ ਕਰਵਟ ਬਦਲੀ ਤਾਂ ਅਜੋਕੇ ਸਮੇਂ 'ਚ ਅਗਿਆਨ ਦਾ ਹਨੇਰਾ ਹੁਣ ਛਾਇਆ ਨਹੀਂ ਰਹਿ ਸਕਦਾ ਕਿਉਂਕਿ ਅੱਜ ਦੇ ਪੱਤਰਕਾਰ ਦੀ ਬਾਜ਼ ਅੱਖ ਵਿੱਦਿਆ ਦੇ ਖੇਤਰ 'ਤੇ ਵੀ ਨਿਰੰਤਰ ਤਣੀ ਰਹਿੰਦੀ ਹੈ ਜਿਸ ਕਾਰਨ ਵਿੱਦਿਆ ਦੇ ਖੇਤਰ ਦੀਆਂ ਖੁੱਲ੍ਹਾਂ ਅਤੇ ਆਜ਼ਾਦੀ 'ਤੇ ਜਦ ਵੀ ਕੋਈ ਆਂਚ ਆਉਂਦੀ ਹੈ ਤਾਂ ਪੱਤਰਕਾਰੀ ਦੀ ਪਹਿਰੇਦਾਰੀ ਇਸ ਨੂੰ ਲੋਕਾਂ ਦੀਆਂ ਨਜ਼ਰਾਂ 'ਚ ਲਿਆਉਣ ਤੋਂ ਜ਼ਰਾ ਮਾਤਰ ਵੀ ਗੁਰੇਜ਼ ਨਹੀਂ ਕਰਦੀ।
ਵਿੱਦਿਆ ਦੇ ਰਹਿਬਰ ਅਧਿਆਪਕ ਵਰਗ ਦਾ ਕੋਈ ਮੈਂਬਰ ਕਿਤੇ ਕੋਈ ਵੱਡੀ ਗਲਤੀ ਕਰਦਾ ਹੈ ਤਾਂ ਪੱਤਰਕਾਰੀ ਨਿਡਰ ਹੋ ਕੇ ਉਸ ਦੇ ਪਾਜ ਉਘਾੜਦੀ ਹੈ ਅਤੇ ਦੋਸ਼ੀਆਂ ਨੂੰ ਨੰਗੇ ਕਰਕੇ ਕਟਹਿਰੇ 'ਚ ਖੜ੍ਹਾ ਕਰਨ ਤਕ ਚਲੇ ਜਾਂਦੀ ਹੈ ਜਿਨ੍ਹਾਂ ਨੂੰ ਅਦਾਲਤਾਂ ਵੀ ਆਸਾਨੀ ਨਾਲ ਬਚਾਉਣ ਵਿਚ ਸਫਲ ਨਹੀਂ ਹੋ ਸਕਦੀਆਂ। ਇਸ ਨੇ ਦੂਜਿਆਂ ਨੂੰ ਗਲਤੀਆਂ ਕਰਨ ਤੋਂ ਰੋਕਣਾ ਹੁੰਦਾ ਹੈ, ਜੇ ਉਹ ਅਧਿਆਪਕ ਖੁਦ ਹੀ ਛੋਟੀ ਗਲਤੀ ਵੀ ਕਰੇ ਤਾਂ ਉਸ ਦਾ ਅਸਰ ਸਮਾਜ 'ਤੇ ਬਹੁਤ ਵੱਡਾ ਹੁੰਦਾ ਹੈ। ਇਸ ਲਈ ਉਸ ਦੀ ਛੋਟੀ ਗਲਤੀ ਵੀ ਵੱਡੀ ਸਜ਼ਾ ਦੀ ਭਾਗੀ ਹੁੰਦੀ ਹੈ।

ਪੱਤਰਕਾਰੀ ਨੇ ਦੇਸ਼ ਭਰ 'ਚ ਅਧਿਆਪਕਾਂ ਨਾਲ ਸਬੰਧਤ ਕਾਰਿਆਂ ਨੂੰ ਅਖਬਾਰਾਂ ਦੇ ਸਫਿਆਂ 'ਤੇ ਛਾਪਿਆ ਅਤੇ ਚੈਨਲਾਂ ਨੇ ਆਪਣੀਆਂ ਸਕਰੀਨਾਂ 'ਤੇ ਦਿਖਾਇਆ। ਅਜਿਹਾ ਹੋਣ ਨਾਲ ਦੂਜਿਆਂ ਨੂੰ ਜ਼ਰੂਰ ਕੰਨ ਹੋਏ ਹੋਣਗੇ ਜਿਸ ਦੇ ਫਲਸਰੂਪ ਅਜਿਹੀਆਂ ਘਟਨਾਵਾਂ ਵਿਚ ਕਮੀ ਹੋਈ। ਜੇ ਕਿਤੇ ਪੱਤਰਕਾਰੀ ਅਜਿਹੇ ਵਰਤਾਰਿਆਂ ਨੂੰ ਨਜ਼ਰਅੰਦਾਜ਼ ਕਰਦੀ ਰਹਿੰਦੀ ਤਾਂ ਇਨ੍ਹਾਂ ਵਿਚ ਵਾਧੇ ਨੂੰ ਰੋਕਿਆ ਨਹੀਂ ਸੀ ਜਾ ਸਕਦਾ।
ਭਾਰਤੀ ਸੰਵਿਧਾਨ ਮੁਤਾਬਕ ੧੪ ਸਾਲ ਤਕ ਦੇ ਬਾਲਾਂ ਨੂੰ ਮੁਫਤ ਵਿੱਦਿਆ ਦਿੱਤੇ ਜਾਣ ਦੇ ਅਧਿਕਾਰ ਦੀ ਜਾਣਕਾਰੀ ਨਹੀਂ। ਸ਼ਾਇਦ ਬਹੁਤਿਆਂ ਦੇ ਮਾਪਿਆਂ ਨੂੰ ਵੀ ਨਹੀਂ। ਅਜਿਹਾ ਕੰਮ ਵੀ ਇਹ ਪੱਤਰਕਾਰੀ ਹੀ ਕਰਦੀ ਹੈ। ਜਦ ਸਰਕਾਰਾਂ ਇਸ ਸਬੰਧੀ ਬਣੇ ਕਾਨੂੰਨਾਂ 'ਤੇ ਅਮਲ ਕਰਨ 'ਚ ਆਨਾਕਾਨੀ ਕਰਦੀਆਂ ਹਨ ਤਦ ਪੱਤਰਕਾਰੀ ਇਸ ਅਧਿਕਾਰ ਦੀ ਹਮਾਇਤ ਵਿਚ ਆਵਾਜ਼ ਬੁਲੰਦ ਕਰਦੀ ਹੈ ਤਾਂ ਸਰਕਾਰਾਂ ਨੂੰ ਆਪਣੀ ਲੰਮੀ ਅਤੇ ਗਹਿਰੀ ਨੀਂਦ ਵਿਚੋਂ ਜਾਗਣਾ ਪੈਂਦਾ ਹੈ ਅਤੇ ਹੱਕਦਾਰਾਂ ਨੂੰ ਉਨ੍ਹਾਂ ਦੇ ਬਣਦੇ ਅਧਿਕਾਰ ਦੇਣ ਦੇ ਬੰਦ ਦੁਆਰ ਖੋਲ੍ਹਣੇ ਪੈਂਦੇ ਹਨ। ਅਜਿਹਾ ਹੋਣ ਦੇ ਬਾਵਜੂਦ ਲੱਖਾਂ ਨਹੀਂ ਕਰੋੜਾਂ ਬੱਚੇ ਵਿੱਦਿਆ ਦਾ ਹੱਕ ਹਾਸਲ ਕਰਨ ਤੋਂ ਵਿਰਵੇ ਰਹਿ ਜਾਂਦੇ ਹਨ। ਇਸ ਦਾ ਕਾਰਨ ਅਗਿਆਨ ਵੀ ਹੈ ਅਤੇ ਸਰਕਾਰੀ ਕਾਨੂੰਨ (ਸਿੱਖਿਆ ਦਾ ਅਧਿਕਾਰ-੨੦੦੯) ਵਿਚ ਰਹਿ ਗਈਆਂ ਚੋਰ ਮੋਰੀਆਂ ਦਾ ਵੀ। ਵਿੱਦਿਆ ਦੇਣ ਦੀ ਜ਼ਿੰਮੇਵਾਰੀ ਰਾਜ ਸਰਕਾਰਾਂ 'ਤੇ ਛੱਡ ਦਿੱਤੀ ਗਈ ਹੈ, ਉਹ ਲਾਗੂ ਕਰਨ ਜਾਂ ਫੇਰ ਨਾ ਕਰਨ। ਦੇਸ਼ ਦੇ ਦਸ ਹਜ਼ਾਰ ਸਕੂਲਾਂ ਵਿਚ ਅਧਿਆਪਕ ਹੀ ਨਹੀਂ ਅਤੇ ਹਜ਼ਾਰਾਂ ਸਕੂਲਾਂ ਵਿਚ ਇਕ ਇਕ ਅਧਿਆਪਕ ਹੈ ਜਿਨ੍ਹਾਂ ਤੋਂ ਚੰਗੇ ਨਤੀਜਿਆਂ ਦੀ ਆਸ ਹੀ ਨਹੀਂ ਰੱਖੀ ਜਾ ਸਕਦੀ। ਪੰਜਾਬ ਦੇ ਸਰਕਾਰੀ ਸਕੂਲਾਂ ਦੀ ਹਾਲਤ ਏਨੀ ਤਰਸਯੋਗ ਹੈ ਕਿ ਉਨ੍ਹਾਂ ਵਿਚ ਸਿਰਫ ਗਰੀਬ-ਗੁਰਬੇ ਦੇ ਬੱਚੇ ਹੀ ਰਹਿ ਗਏ ਹਨ ਜਿਨ੍ਹਾਂ ਵਿਚ ਵਿੱਦਿਆ ਨਹੀਂ ਵਿੱਦਿਆ ਦੇ ਨਾਂ 'ਤੇ ਵੱਡਾ ਅਡੰਬਰ ਹੋ ਰਿਹਾ ਹੈ। ਇਸ ਬਾਰੇ ਪੱਤਰਕਾਰੀ ਵਿਚ ਅਕਸਰ ਗੱਲ ਛਿੜੀ ਰਹਿੰਦੀ ਹੈ ਪਰ ਅਫਸੋਸ ਕਿ ਸਰਕਾਰੀ ਅਧਿਕਾਰੀ ਜਾਗਰੂਕ ਨਹੀਂ ਹੁੰਦੇ ਜਿਸ ਕਾਰਨ ਮੁੱਦਿਆਂ 'ਤੇ ਸਮੇਂ ਦੀ ਧੂੜ ਪੈਂਦੀ ਰਹਿੰਦੀ ਹੈ ਜਿਸ ਨੂੰ ਕਦੇ ਝਾੜਨ ਤਕ ਵੀ ਨਹੀਂ ਸੋਚਿਆ ਜਾਂਦਾ। ਸਿਹਤ ਅਤੇ ਸਿੱਖਿਆ ਸਰਕਾਰ ਦੇ ਏਜੰਡੇ 'ਤੇ ਹੀ ਨਹੀਂ ਲੱਗਦੇ ਜਿਸ ਕਰਕੇ ਵਿੱਦਿਆ ਨਾਲ ਸਬੰਧਤ ਮੁੱਦੇ ਅਤੇ ਮਸਲੇ ਹਵਾ ਵਿਚ ਹੀ ਲਟਕਦੇ ਰਹਿ ਜਾਂਦੇ ਹਨ।

ਕਈ ਵਾਰ ਅਕਾਦਮਿਕ ਖੇਤਰਾਂ ਵਿਚ ਖੋਜਾਰਥੀ / ਅਧਿਆਪਕ ਖੋਜ ਕਰਦਿਆਂ ਦੂਜਿਆਂ ਦੇ ਕੀਤੇ ਮੌਲਿਕ ਕੰਮਾਂ ਦੀ ਚੋਰੀ ਕਰਦੇ ਹਨ ਤਾਂ ਪੱਤਰਕਾਰੀ ਦੀ ਖੁੱਲ੍ਹੀ ਅੱਖ ਉਸ ਚੋਰੀ ਨੂੰ ਅਜਿਹਾ ਫੜਦੀ ਹੈ ਕਿ ਚੋਰ ਨਸ਼ਰ ਹੋਏ ਬਿਨਾਂ ਨਹੀਂ ਰਹਿੰਦਾ ਅਤੇ ਨਕਲ ਵਾਲੀ ਨਕਲੀ ਖੋਜ ਜਨਮ ਧਾਰਨ ਤੋਂ ਪਹਿਲਾਂ ਹੀ ਦਮ ਤੋੜ ਜਾਂਦੀ ਹੈ। ਬੌਧਿਕ ਚੋਰੀ ਦੇ ਕੇਸ ਬੜੀ ਵਾਰ ਪੱਤਰਕਾਰੀ ਦੇ ਹੱਥ ਲੱਗੇ, ਜਿਸ ਕਾਰਨ ਦੋਸ਼ੀਆਂ ਨੂੰ ਸਜ਼ਾ ਦੇ ਭਾਗੀ ਬਣਨਾ ਪਿਆ। ਅਜਿਹਾ ਕਰਦਿਆਂ ਕਈ ਵਾਰ ਪੱਤਰਕਾਰਾਂ ਨੂੰ ਧਮਕੀਆਂ / ਖਤਰਿਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਪਰ ਪੱਤਰਕਾਰੀ ਦੀ ਸ਼ਾਨ ਅਤੇ ਮਰਿਆਦਾ ਰੱਖਣ ਲਈ ਉਹ ਨਿਡਰਤਾ ਅਤੇ ਹੌਸਲੇ ਨਾਲ ਮੈਦਾਨ ਵਿਚ ਨਿੱਤਰਦੇ ਰਹਿੰਦੇ ਹਨ।

ਇਸ ਗੱਲ ਦਾ ਵੀ ਨੋਟਿਸ ਲੈਣਾ ਬਣਦਾ ਹੈ ਕਿ ਵਿੱਦਿਆ ਦੇ ਖੇਤਰ ਵਿਚ ਕਈ ਤਰ੍ਹਾਂ ਦੀਆਂ ਵੰਡੀਆਂ ਪਾ ਦਿੱਤੀਆਂ ਗਈਆਂ ਹਨ। ਵਿੱਦਿਆ ਨੂੰ ਵਪਾਰ ਬਣਾ ਦਿੱਤਾ ਗਿਆ ਹੈ। ਆਪਣੀ ਮੁੱਢਲੀ ਜ਼ਿੰਮੇਵਾਰੀ ਤੋਂ ਭੱਜ ਕੇ ਸਰਕਾਰ ਨੇ ਇਸ ਨੂੰ ਨਿੱਜੀ ਹੱਥਾਂ ਵਿਚ ਦੇ ਕੇ ਏਨੀ ਮਹਿੰਗੀ ਕਰ ਦਿੱਤਾ ਹੈ ਕਿ ਐਰਾ-ਗੈਰਾ ਤਾਂ ਇਸ ਦੇ ਵਿਸ਼ੇਸ਼ ਦਾਇਰਿਆਂ ਵਿਚ ਦਾਖਲ ਹੀ ਨਹੀਂ ਹੋ ਸਕਦਾ। ਕੇਵਲ ਸਰਦੇ ਪੁੱਜਦੇ ਹੀ ਚੰਗੀ ਅਤੇ ਮਿਆਰੀ ਵਿੱਦਿਆ ਹਾਸਲ ਕਰਨ ਦੇ ਸਮਰੱਥ ਰਹਿ ਗਏ ਹਨ। ਤਥਾਕਥਿਤ ਉੱਚ-ਮਿਆਰੀ ਸਕੂਲਾਂ ਵਿਚ ਆਪਣੀ ਹੀ ਮਾਂ ਬੋਲੀ ਨੂੰ ਥਾਂ ਨਹੀਂ ਦਿੱਤੀ ਜਾ ਰਹੀ ਸਗੋਂ ਮਾਂ ਬੋਲੀ ਵਿਚ ਬੋਲਣ 'ਤੇ ਪਾਬੰਦੀ ਲਾਈ ਜਾਂਦੀ ਹੈ। ਸ਼ਾਇਦ ਇਹ ਸਾਨੂੰ ਪਤਾ ਨਾ ਲਗਦਾ ਜੇ ਪੱਤਰਕਾਰੀ ਇਸ ਸਬੰਧੀ ਸੱਚ ਉਜਾਗਰ ਨਾ ਕਰਦੀ।

ਜਦ ਵਿੱਦਿਆ ਦਾ ਅਧਿਕਾਰ ਸਭ ਨੂੰ ਹੈ ਅਤੇ ਸਰਕਾਰ ਦੀ ਪੂਰੀ ਜ਼ਿੰਮੇਵਾਰੀ ਹੈ ਤਾਂ ਵਿੱਦਿਆ ਦੇ ਖੇਤਰ 'ਚ ਇਕਸਾਰਤਾ ਕਿਉਂ ਨਹੀਂ ਲਿਆਈ ਜਾਂਦੀ। ਸਭ ਨੂੰ ਇੱਕੋ ਜਿਹੀ ਇੱਕੋ ਪੱਧਰ 'ਤੇ ਵਿੱਦਿਆ ਕਿਉਂ ਨਹੀਂ ਦਿੱਤੀ ਜਾਂਦੀ ਅਤੇ ਕਿਉਂ ਉੱਚ-ਮਿਆਰੀ ਸਕੂਲਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਇਹ ਕੁਝ ਸਵਾਲ ਹਨ ਜਿਨ੍ਹਾਂ ਬਾਰੇ ਦੇਸ਼ ਦੇ ਵਾਸੀਆਂ ਨੂੰ ਪੱਤਰਕਾਰੀ ਜਾਣਕਾਰੀ ਦਿੰਦੀ ਰਹਿੰਦੀ ਹੈ ਤਾਂ ਕਿ ਉਹ ਇਸ ਸਬੰਧੀ ਜਾਗਰੂਕ ਹੋ ਕੇ ਉਨ੍ਹਾਂ ਲੋਕਾਂ ਦੇ ਸੰਘਰਸ਼ ਵਿਚ ਸ਼ਾਮਲ ਹੋ ਸਕਣ ਜਿਹੜੇ ਵਿੱਦਿਆ ਦੀ ਇਕਸਾਰਤਾ ਅਤੇ ਇਕਸੁਰਤਾ ਲਈ ਲਾਮਬੰਦ ਹੋਣ ਦੀਆਂ ਜੁਗਤਾਂ ਘੜਦੇ ਰਹਿੰਦੇ ਹਨ। ਚੇਤੰਨ ਮਨੁੱਖਾਂ ਨੂੰ ਹਾਕਮਾਂ ਦੀਆਂ ਚਾਲਾਂ, ਕੁਚਾਲਾਂ ਅਤੇ ਤਰਕੀਬਾਂ ਦਾ ਪਤਾ ਹੁੰਦਾ ਹੈ ਅਤੇ ਉਹ ਹੀ ਦੂਜਿਆਂ ਵਿਚ ਇਸ ਦੀ ਦੱਸ ਪਾਉਣ ਦਾ ਕੰਮ ਕਰਦੇ ਹਨ।
ਵਿੱਦਿਅਕ ਖੇਤਰ ਵਿਚ ਦਾਖਲਿਆਂ ਸਮੇਂ ਕਈ ਵਾਰ ਭ੍ਰਿਸ਼ਟਾਚਾਰ ਦਾ ਸਹਾਰਾ ਲਿਆ ਜਾਂਦਾ ਹੈ, ਅਕਾਦਮਿਕ ਘਪਲੇ ਕੀਤੇ ਜਾਂਦੇ ਹਨ, ਇਮਤਿਹਾਨਾਂ ਵਿਚ ਨਕਲ ਕਰਨ ਦਾ ਮਾਮਲਾ ਵੀ ਇਕ ਲਾਇਲਾਜ ਬਿਮਾਰੀ ਹੈ। ਕਾਲਜਾਂ ਨੂੰ ਮਾਨਤਾ ਦੇਣ ਸਮੇਂ ਚੱਲਦੀਆਂ ਵੱਢੀਆਂ ਕਿਸੇ ਅੱਖ ਤੋਂ ਛੁਪੀਆਂ ਨਹੀਂ ਰਹਿ ਗਈਆਂ ਅਤੇ ਵਿੱਦਿਅਕ ਅਦਾਰਿਆਂ 'ਚ ਸਿਆਸਤ ਦੀ ਖੁੱਲ੍ਹ ਖੇਡ ਨੇ ਅਜਿਹੀ ਧੁੰਦ ਖਿਲਾਰ ਦਿੱਤੀ ਹੈ ਜਿਸ ਨੂੰ ਖਤਮ ਕਰਨਾ ਆਸਾਨ ਨਹੀਂ ਰਹਿ ਗਿਆ। ਨਤੀਜਿਆਂ ਦਾ ਗਲਤ ਛਾਪਣਾ, ਤਰੱਕੀਆਂ 'ਚ ਭਾਈ-ਭਤੀਜਾਵਾਦ, ਨੌਕਰੀਆਂ ਦੇਣ 'ਚ ਕੇਵਲ ਸਿਫਾਰਸ਼ਾਂ ਦਾ ਬੋਲਬਾਲਾ ਅਤੇ ਹੋਰ ਕਈ ਕਿਸਮ ਦੇ ਘਪਲਿਆਂ ਨੇ ਵਿੱਦਿਅਕ ਖੇਤਰ ਨੂੰ ਵੀ ਚਾਨਣ ਵੰਡਣ ਜੋਗਾ ਨਹੀਂ ਛੱਡਿਆ। ਇਹ ਗੱਲਾਂ ਜਦ ਪੱਤਰਕਾਰੀ ਸਾਹਮਣੇ ਲਿਆਉਂਦੀ ਹੈ ਤਾਂ ਆਮ ਬੰਦਾ ਹੈਰਾਨ ਹੋ ਕੇ ਰਹਿ ਜਾਂਦਾ ਹੈ। ਸਾਹਮਣੇ ਉਹੀ ਪੱਤਰਕਾਰ ਲਿਆਉਦੇ ਹਨ ਜਿਹੜੇ ਨਿਡਰ ਅਤੇ ਨਿਧੜਕ ਹੋਣ ਅਤੇ ਜਿਨ੍ਹਾਂ ਨੂੰ ਦੇਸ਼ ਦੀ ਤਰੱਕੀ ਦਾ ਫਿਕਰ ਹੋਵੇ। ਜਿਹੜੀ ਪੱਤਰਕਾਰੀ ਅਜਿਹੇ ਕੋਹਝ ਨੂੰ ਨੰਗਿਆ ਕਰਦੀ ਹੈ, ਉਹ ਆਪਣੀ ਜ਼ਿਮੇਵਾਰੀ ਨਿਭਾਅ ਰਹੀ ਹੁੰਦੀ ਹੈ।

ਕੁੱਲ ਮਿਲਾ ਕੇ ਆਖਿਆ ਜਾ ਸਕਦਾ ਹੈ ਕਿ ਜੇ ਪੱਤਰਕਾਰੀ ਵਿੱਦਿਆ ਦੇ ਖੇਤਰ ਵਿਚ ਆਪਣੀ ਬਣਦੀ ਜ਼ਰੂਰੀ ਭੂਮਿਕਾ ਨਿਭਾਵੇ ਤਾਂ ਰੌਸ਼ਨੀ ਫੈਲੇਗੀ ਅਤੇ ਹਨੇਰਾ ਆਪਣੇ ਪੈਰ ਨਹੀਂ ਜਮਾ ਸਕੇਗਾ, ਅਗਿਆਨ ਟਿਕ ਨਹੀਂ ਸਕੇਗਾ ਅਤੇ ਭ੍ਰਿਸ਼ਟਾਚਾਰ ਨੂੰ ਜਗ੍ਹਾ ਹੀ ਨਹੀਂ ਮਿਲ ਸਕੇਗੀ। ਵਿੱਦਿਆ ਦੇ ਖੇਤਰ ਵਿਚ ਨਿਭਾਈ ਸਹੀ ਭੂਮਿਕਾ ਨਾਲ ਪੱਤਰਕਾਰੀ ਸਾਰੇ ਖੇਤਰਾਂ ਤਕ ਖੁਦ ਬਖੁਦ ਪਹੁੰਚ ਜਾਵੇਗੀ ਅਤੇ ਨਾਮਣਾ ਖੱਟਣ ਤੋਂ ਪਿੱਛੇ ਨਹੀਂ ਰਹੇਗੀ। 

****

No comments: