ਭਾਵਪੂਰਤ ਕਵਿਤਾ ਅਸਰ ਵੀ ਕਰਦੀ ਹੈ.......... ਲੇਖ / ਕੇਹਰ ਸ਼ਰੀਫ਼


ਕਿਸੇ ਵੀ ਵਿਸ਼ੇ ਸਬੰਧੀ ਦੂਸਰਿਆਂ ਨਾਲ ਸੰਵਾਦ ਰਚਾਉਣ ਸਮੇਂ ਕਵਿਤਾ ਕਾਫੀ ਅਸਰਦਾਰ ਸੰਚਾਰ ਸਾਧਨ ਹੈ। ਕਵਿਤਾ ਜੇ ਲੈਅ-ਬਧ ਲਿਖੀ ਗਈ ਹੋਵੇ ਤਾਂ ਪੇਸ਼ ਕਰਨ ਸਮੇਂ ਸਰੋਤੇ-ਪਾਠਕ ਨੂੰ ਹੋਰ ਵੀ ਵੱਧ ਪ੍ਰਭਾਵਿਤ ਕਰਦੀ ਹੈ, ਆਪਣਾ ਅਸਰ ਵੀ ਵੱਧ ਛੱਡਦੀ ਹੈ। ਜਦੋਂ ਅਸੀਂ ਸਦੀਆਂ ਪਹਿਲਾਂ ਦੇ ਸਮਿਆਂ ਵੱਲ ਨਿਗਾਹ ਮਾਰਦੇ ਹਾਂ ਤਾਂ ਨਜ਼ਰੀਂ ਪੈਂਦਾ ਹੈ ਕਿ ਪਹਿਲੀਆਂ ਰਚਨਾਵਾਂ ਵੇਦ-ਗ੍ਰੰਥ ਆਦਿ ਸਭ ਕਵਿਤਾ ਰਾਹੀਂ ਹੀ ਲਿਖੇ ਗਏ। ਰਿਸ਼ੀਆਂ, ਸੰਤਾਂ, ਭਗਤਾਂ ਤੇ ਗੁਰੂਆਂ ਨੇ ਆਪਣਾ ਸੰਦੇਸ਼-ਸੁਨੇਹਾ ਲੋਕਾਂ ਨੂੰ ਦੇਣ ਵਾਸਤੇ ਜਿ਼ੰਦਗੀ ਦੇ ਫਲਸਫੇ ਨੂੰ ਗਾ ਕੇ ਹੀ ਲੋਕਾਂ ਨਾਲ ਸਾਂਝਾ ਕੀਤਾ। ਹੋਰ ਕਾਰਨਾਂ ਦੇ ਨਾਲ ਉਸ ਵੇਲੇ ਇਸ ਤਰ੍ਹਾਂ ਹੀ ਸੰਭਵ ਹੋ ਸਕਦਾ ਸੀ। ਛਾਪੇਖਾਨੇ ਦਾ ਨਾ ਹੋਣਾ, ਜਨਤਾ ਦੇ ਪੜ੍ਹੇ-ਲਿਖੇ ਹੋਣ ਦੀ ਘਾਟ ਇਸ ਰਸਤੇ ਦੀ ਹੀ ਮੰਗ ਕਰਦੇ ਸਨ। ਸਮੇਂ ਦੀ ਸਾਰ ਰੱਖਣ ਵਾਲਿਆਂ ਨੇ ਇਹ ਹੀ ਰਾਹ ਅਪਣਾਇਆ ਤੇ ਉਹ ਵੇਲੇ ਦੀ ਨਬਜ਼ ’ਤੇ ਹੱਥ ਰੱਖਣ ਵਿਚ ਕਾਮਯਾਬ ਹੋਏ।

ਉਂਜ ਤਾਂ ਇੱਥੇ ਇਹ ਸਵਾਲ ਵੀ ਪੈਦਾ ਹੋ ਸਕਦਾ ਹੈ ਕਿ ਲੈਅ-ਬਧ ਕਵਿਤਾ ਨੂੰ ਤਾਂ ਸੰਗੀਤ ਦੇ ਸਹਾਰੇ ਹੀ ਗਾਇਆ ਜਾ ਸਕਦਾ ਹੈ। ਫੇਰ ਸਵਾਲਾਂ ’ਚੋਂ ਸਵਾਲ ਜੰਮਣ ਵਾਲਾ ਸਿਲਸਿਲਾ ਸ਼ੁਰੂ ਹੋਵੇਗਾ ਕਵਿਤਾ ਪਹਿਲਾਂ ਕਿ ਸੰਗੀਤ? ਕਿਉਂਕਿ ਭਜਨ-ਕੀਰਤਨ ਕਰਨ ਵੇਲੇ ਉਨ੍ਹਾਂ ਰਚਨਾਵਾਂ ਨਾਲ ਸਬੰਧਤ ਰਾਗਾਂ ਦੀ ਜਾਣਕਾਰੀ ਹੀ ਨਹੀਂ ਸਗੋਂ ਮੁਹਾਰਤ ਜਰੂਰੀ ਹੈ। ਇਸ ਸਵਾਲ ਨੁੰ ਬਹੁਤਾ ਰਿੜਕਣ ਨਾਲ ਤਾਂ ਬੰਦਾ ਮੁਰਗੀ ਪਹਿਲਾਂ ਕਿ ਆਂਡਾ ਵਾਲੇ ਗੋਲ-ਦਾਇਰੇ ਵਿਚ ਹੀ ਫਸਿਆ ਰਹੇਗਾ। ਖੈ਼ਰ ........

ਪਿਛਲੇ ਸਮੇਂ ਵਿਚ ਆਪਣੇ ਸਾਹਿਤਕ ਦਾਇਰਿਆਂ ਅੰਦਰ ਨਾ ਸਮਝ ਆਉਣ ਵਾਲੀ ਵਾਰਤਕ ਨੁਮਾ ਖੁੱਲ੍ਹੀ ਕਵਿਤਾ ਲਿਖਣ ਦਾ ਰਿਵਾਜ ਪੈ ਗਿਆ ਸੀ। ਜੇ ਕਿਸੇ ਨੂੰ ਸਮਝ ਆ ਜਾਵੇ ਤਾਂ ਉਹ ਆਮ ਜਹੀ ਗੱਲ / ਕਵਿਤਾ ਗਿਣੀ ਜਾਣ ਲੱਗੀ ਸੀ। ਜੇ ਕੋਈ ਗਾ ਕੇ ਆਪਣਾ ਕਲਾਮ ਪੇਸ਼ ਕਰਦਾ ਤਾਂ ਉਹ ਚੰਗਾ ਕਵੀ ਗਿਣਿਆ ਜਾਣ ਲੱਗਾ ਸੀ। ਕਈ ਵਾਰ ਗਵੱਈਏ ਨੂੰ ਵੀ ਲੋਕ ਕਵੀ ਹੀ ਕਹੀ ਜਾਂਦੇ ਹਨ। ਗਾਉਣ ਵਾਲੀ ਚੰਗੀ ਅਵਾਜ਼ ਹੋਣੀ ਜਾਂ ਲਿਖਣ ਵਾਲੀ ਚੰਗੀ ਸੂਝ ਹੋਣੀ ਦੋ ਵੱਖਰੇ ਪਹਿਲੂ ਹਨ। ਇਹ ਵਕਤਾਂ ਦੀਆਂ ਮਜਬੂਰੀਆਂ ਹੀ ਹੋ ਸਕਦੀਆਂ ਹਨ ਕਿ ਲਿਹਾਜ਼ਦਾਰੀ ਵਸ ਕਈ ਵਾਰ ਅਸੀਂ ਉਨ੍ਹਾਂ ਨੂੰ ਵੀ ਜਿਹੜੇ ਇਨ੍ਹਾਂ ਦੇ ਲਾਇਕ ਨਹੀਂ ਵੀ ਹੁੰਦੇ ਖਾਹਮਖਾਹ ਹੀ ਬੇਲੋੜੀਆਂ ਤੇ ਗੈਰ-ਜਰੂਰੀ ਸਿਫਤਾਂ ਦਾ ਪ੍ਰਸ਼ਾਦ ਵੰਡਣ ਤੁਰ ਪੈਂਦੇ ਹਾਂ, ਸਿਫਤਾਂ ਸੁਣਨ ਵਾਲਾ ਅੰਦਰ ਝਾਤੀ ਮਾਰਨ ਦੀ ਥਾਵੇਂ ਫੇਰ ਸਿਫਤਾਂ ਵਾਲੇ ਬਾਂਸ ਤੋਂ ਥੱਲੇ ਨਹੀਂ ਉਤਰਦਾ। ਪੰਜਾਬੀ ਦੇ ਸਾਹਿਤਕ ਦਾਇਰਿਆਂ ਵਿਚ ਲੋਕ ਪੱਖੀ ਜਥੇਬੰਦੀਆਂ / ਗਰੁੱਪਾਂ, ਪਾਰਟੀਆਂ ਨੇ ਆਪਣੇ ਪ੍ਰਚਾਰ ਹਿਤ, ਲੋਕਾਈ ਦੇ ਦੁੱਖ-ਦਰਦ, ਤਕਲੀਫਾਂ ਤੇ ਮਸਲਿਆਂ ਨੂੰ ਆਮ ਜਨਤਾ ਦੇ ਸਮਝ ਆਉਣ ਵਾਲੀ ਲੋਕ-ਮੁਹਾਵਰੇ ਮੁਖੀ ਕਵਿਤਾ ਦਾ ਹੀ ਆਸਰਾ ਲਿਆ, ਜਿਸ ਨਾਲ ਉਹ ਕੁੱਝ ਕਾਮਯਾਬ ਵੀ ਹੁੰਦੇ ਰਹੇ। 

ਕਈ ਵਾਰ ਗੈਰ-ਸਾਹਿਤਕ ਮਹਿਫਲਾਂ ਵਿਚ ਵੀ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਸ ਤੋਂ ਬਾਅਦ ਸੋਚਣ ਲਈ ਮਜਬੂਰ ਹੋ ਜਾਣਾ ਪੈਂਦਾ ਹੈ ਕਿ ਕੀ ਸੱਚਮੁੱਚ ਹੀ ਕਵਿਤਾ ਅਸਰ ਕਰਦੀ ਹੈ। ਜੇ ਅਜਿਹਾ ਨਾ ਹੁੰਦਾ ਤਾਂ ਪਾਬਲੋ ਨਰੂਦਾ, ਨਾਜਿ਼ਮ ਹਿਕਮਤ, ਫੈਜ਼ ਅਹਿਮਦ ਫੈਜ਼, ਉਸਤਾਦ ਦਾਮਨ, ਹਬੀਬ ਜਾਲਿਬ, ਸੰਤ ਰਾਮ ਉਦਾਸੀ, ਲਾਲ ਸਿੰਘ ਦਿਲ ਆਦਿ ਹੋਰ ਬਹੁਤ ਸਾਰਿਆਂ ਨੂੰ ਜਬਰ ਭਰੀਆਂ ਜੇਲਬੰਦੀਆਂ ਕਿਉਂ ਝੱਲਣੀਆਂ ਪੈਂਦੀਆਂ? ਹੱਕ ਸੱਚ ਲਈ ਕਵਿਤਾ ਦੇ ਆਸਰੇ ਲੜਨ ਵਾਲੇ ਬੈਂਜਾਮਿਨ ਨੂੰ ਫਾਂਸੀ ਕਿਉਂ ਲਾਇਆ ਜਾਂਦਾ? ਕਿਉਂ ਕਤਲ ਕੀਤਾ ਜਾਂਦਾ ਹਨੇਰਿਆਂ ਨੂੰ ਦੁਰਕਾਰਦੀ ਅਤੇ ਸੱਚ ਭਰੀ ਕਵਿਤਾ ਸਿਰਜਦੇ ਪੰਜਾਬੀ ਕਵੀ ਪਾਸ਼ ਨੂੰ? ਬਦੀ ਤੇ ਹਨੇਰੇ ਦੀਆਂ ਮੁਹਰੈਲ ਤਾਕਤਾਂ ਜਦੋਂ ਸੱਚ ਦਾ ਤੇ ਕਵਿਤਾ ਦਾ ਮੁਕਾਬਲਾ ਕਰਨ ਜੋਗੀਆਂ ਨਹੀਂ ਹੁੰਦੀਆਂ ਤਾਂ ਉਹ ਕਵਿਤਾ ਦੇ ਰਚਣਹਾਰੇ ਨੂੰ ਮਾਰ ਮੁਕਾਉਣ ਦਾ ਕੋਝਾ ਤੇ ਅਸੱਭਿਅਕ ਕਾਰਾ ਕਰਦੀਆਂ ਹਨ। ਜਿਸ ਨਾਲ ਉਹ ਆਪਣੇ ਹੀ ਮੱਥੇ ਬਦਨਾਮੀ ਦਾ ਦਾਗ ਲੁਆਂਦੀਆਂ ਹਨ। ਇਹ ਚਿੱਟੇ ਚਾਨਣ ਵਰਗਾ ਸੱਚ ਹੈ ਕਵੀ ਨੂੰ ਤਾਂ ਉਹ ਕਤਲ ਕਰ ਸਕਦੇ ਹਨ ਪਰ ਕਵਿਤਾ ਨੂੰ ਕਦੇ ਵੀ ਕਤਲ ਨਹੀਂ ਕੀਤਾ ਜਾ ਸਕਦਾ, ਕਵਿਤਾ ਕਤਲ ਹੁੰਦੀ ਹੀ ਨਹੀਂ। ਫਾਂਸੀ ਲਾਇਆਂ ਤੇ ਕਤਲ ਕੀਤੇ ਗਿਆਂ ਦੀ ਕਵਿਤਾ ਅੱਜ ਵੀ ਜੀਊਂਦੀ ਹੈ। ਕਾਤਲ ਹਮੇਸ਼ਾਂ ਲਾਅਨਤਾਂ ਦੇ ਹੀ ਹੱਕਦਾਰ ਹੁੰਦੇ ਹਨ।

ਘਟਨਾ ਮੇਰੇ ਚੇਤਿਆਂ ਵਿਚ ਉੱਭਰ ਰਹੀ ਹੈ ਕਿ ਕੁੱਝ ਦੋਸਤ ਮੇਰੇ ਘਰ ਆਏ । ਰਾਤੀਂ ਬੈਠੇ- ਘਰ, ਸਮਾਜ, ਸਾਹਿਤ ਤੇ ਸੰਸਾਰ ਦੀਆਂ ਗੱਲਾਂ ਹੋਣ ਲੱਗੀਆਂ। ਅਜੋਕੇ ਸਮੇਂ ਵਿਚਲੇ ਦੁਬਿਧਾ ਭਰੇ ਸਵਾਲ ਸਾਡੇ ਦਰਮਿਆਨ ਵਿਚਰਨ ਲੱਗੇ। ਆਖਰ ਬਹਿਸ ਦਾ ਨੁਕਤਾ ਭਟਕਣ ਤੇ ਆ ਟਿਕਿਆ। ਜਿਵੇਂ ਪੱਛਮੀ ਸਮਾਜ ਦਾ ਇਹ ਹੁਣ ਮੁੱਖ ਨੁਕਤਾ ਹੈ ਤਾਂ ਅਸਰ ਆਪਣੇ ’ਤੇ ਵੀ ਹੋਣ ਲੱਗ ਪਿਆ ਹੈ। ਬਹਿਸ ਇਸ ਗੱਲ ਤੇ ਹੋ ਰਹੀ ਸੀ ਕਿ ਜਦੋਂ ਮਨੁੱਖ ਤੰਦਰੁਸਤ ਹੋਵੇ, ਮਾਇਕ ਪੱਖੋਂ, ਸਮਾਜਿਕ ਤੇ ਪਰਿਵਾਰਕ ਪੱਖੋਂ ਵੀ ਸਥਿਤੀ ਫਿਕਰ ਵਾਲੀ ਨਾ ਹੋਵੇ ਸਗੋਂ ਚਿੰਤਾ ਰਹਿਤ ਹੋਵੇ ਫੇਰ ਵੀ ਮਨ ਟਿਕਾਉ ਵਾਲੀ ਸਥਿਤੀ ਵਿਚ ਕਿਉਂ ਨਹੀਂ ਰਹਿੰਦਾ? ਭਟਕਣ ਖਹਿੜਾ ਹੀ ਕਿਉਂ ਨਹੀਂ ਛੱਡਦੀ? ਲੱਗਭੱਗ ਸਾਰੀ ਹੀ ਰਾਤ ਅਸੀਂ ਬੈਠੇ ਗੱਲਾਂ / ਵਿਚਾਰਾਂ ਕਰਦੇ ਰਹੇ। ਦਲੀਲਾਂ ਨਾਲ ਨੁਕਤੇ ਦੁਆਲੇ ਘੁੰਮਦੇ ਤੇ ਮਸਲੇ ਨੂੰ ਸਾਫ ਕਰਨ ਦਾ ਜਤਨ ਕਰਦੇ ਰਹੇ। ਤੜਕੇ ਨੂੰ ਬਿਨਾਂ ਬਹਿਸ ਮੁਕਾਏ ਸੌਂ ਗਏ।

ਸਵੇਰੇ ਉਠਦਿਆਂ ਚਾਹ ਦੇ ਨਾਲ ਹੀ ਸਿਆਸਤ ਦੀਆਂ, ਅਖਬਾਰਾਂ ਤੇ ਕਿਤਾਬਾਂ ਦੀਆਂ ਗੱਲਾਂ ਫੇਰ ਛਿੜ ਪਈਆਂ। ਗੱਲ ਫੇਰ ਕਿਸੇ ਤਰ੍ਹਾਂ ਭਟਕਣ ’ਤੇ ਆ ਗਈ। ਸਬੱਬ ਨਾਲ ਹੀ ਮੈਂ ਉਨ੍ਹਾਂ ਨੂੰ ਸਵਿਟਜ਼ਰਲੈਂਡ ਵਸਦੇ ਪੰਜਾਬੀ ਕਵੀ ਦੇਵ ਦੀ ਚੋਣਵੀਂ ਕਵਿਤਾ ਦੀ ਕਿਤਾਬ ਵਿਖਾਉਣ ਲੱਗ ਪਿਆ। ਇਕ ਦੋਸਤ ਨੇ ਕਿਤਾਬ ਪੜਕੇ ਕੁੱਝ ਵਰਕੇ ਪਲਟੇ ਤੇ ਕਹਿਣ ਲੱਗਾ ‘ਲਉ ਬਈ! ਆਪਣਾ ਮਸਲਾ ਤਾਂ ਹੱਲ ਹੋ ਗਿਆ’ ਅਸੀਂ ਹੈਰਾਨ ਹੋਏ ਤੇ ਪੁਛਿਆ ‘ਕਿਹੜਾ ਮਸਲਾ’? ਕਹਿੰਦਾ ਅਸੀਂ ਸਾਰੀ ਰਾਤ ਖਾਹਮਖਾਹ ਹੀ ਸਿਰ ਮਾਰਦੇ ਰਹੇ ਅਖੇ ਭਟਕਣ ਕਿਵੇਂ ਦੂਰ ਹੋਵੇ। ਐਹ ਦੇਖੋ ਦੇਵ ਆਪਣੀ ਕਵਿਤਾ ਵਿਚ ਬਾਬੇ ਨਾਨਕ ਤੋਂ ਭਟਕਣ ਮੰਗਦਾ ਹੈ। ਸ਼ਾਇਦ ਅਸੀਂ ਅਜੇ ਇਥੋਂ ਤੱਕ ਸੋਚਣ ਵਾਲੀ ਅਵਸਥਾ ਤੱਕ ਪਹੁੰਚੇ ਹੀ ਨਹੀਂ। ਦੇਵ ਆਪਣੀ ਕਵਿਤਾ ਵਿਚ ਕਹਿੰਦਾ ਹੈ :

ਨਾਨਕ
ਉਹ ਕਿਹੜੀ ਮਹਾਂਭਟਕਣ ਸੀ ਤੇਰੇ ਅਨਥਕ ਕਦਮਾਂ ’ਚ
ਕਿ ਤੂੰ ਗਾਹਿਆ, ਯੁੱਗਾਂ , ਮਨੁੱਖਾਂ, ਸੋਚਾਂ ਦਾ 
ਚੱਪਾ ਚੱਪਾ
ਮੈਨੂੰ ਵੀ ਆਪਣੀ ਭਟਕਣ ਦੀ ਇਕ ਚਿਣਗ ਲਾ ਦੇ

ਇਹ ਸੁਣਕੇ ਅਸੀਂ ਸਾਰੇ ਹੀ ਹੈਰਾਨ ਹੋਏ ਕਿ ਜਿਹੜੇ ਨੁਕਤੇ ’ਤੇ ਅਸੀਂ ਬਹਿਸ ਕਰਦੇ ਰਹੇ। ਦਲੀਲਾਂ ਵਾਲੇ ਉਰਲ ਪਰਲ ਦੇ ਵਿਚਾਰਾਂ ਵਿਚ ਉਲਝੇ ਰਹੇ। ਕਵਿਤਾ ਦੀਆਂ ਕੁੱਝ ਸਤਰਾਂ ਹੀ ਉਸਨੂੰ ਹੱਲ ਕਰ ਗਈਆਂ। ਇਹ ਹੀ ਤਾਂ ਕਵਿਤਾ ਦੀ ਅਸਲ ਸ਼ਕਤੀ ਹੈ, ਤਾਂ ਹੀ ਤਾਂ ਕਿਹਾ ਜਾਂਦਾ ਹੈ ਕਿ ਅਰਥਵਾਨ ਕਵਿਤਾ ਅਸਰ ਵੀ ਕਰਦੀ ਹੈ। 

ਇੱਥੋਂ ਹੀ ਪਤਾ ਲਗਦਾ ਹੈ ਕਿ ਲੋੜ ਤਾਂ ਕਿਸੇ ਸਿਰੇ ਨੂੰ ਫੜਨ ਦੀ ਹੁੰਦੀ ਹੈ, ਸਿਰਾ ਫੜਿਆ ਜਾਵੇ ਤਾਂ ਮਨੁੱਖ ਭਟਕਦਾ ਨਹੀਂ ਸਹਿਜ ਹੀ ਹੁੰਦਾ ਚਲਿਆ ਜਾਂਦਾ ਹੈ। ਇਹ ਸਿਰਾ ਫੜਨ ਵਾਸਤੇ ਚੇਤਨਾ ਦੇ ਵਿਹੜੇ ਪੈਰ ਪਾਉਣਾ ਪੈਂਦਾ ਹੈ। ਗਿਆਨ ਤੇ ਸੂਝ ਦਾ ਦੀਵਾ ਮੱਥੇ ਵਿਚ ਬਾਲਣਾ ਪੈਂਦਾ ਹੈ। ਵਿਚਾਰਾਂ ਅਤੇ ਸਥਿਤੀਆਂ ਨੂੰ ਦਲੀਲਾਂ ਨਾਲ ਰਿੜਕਣਾਂ ਪੈਂਦਾ ਹੈ, ਜਿਸ ਨਾਲ ਸਾਰਥਿਕਤਾ ਦੀ ਸੜਕੇ ਪਿਆ ਜਾ ਸਕਦਾ ਹੈ।

ਕਵੀ ਜਾਂ ਲੇਖਕ ਕੋਲ ਆਪਣੇ ਸਰੋਤੇ / ਪਾਠਕ ਨੂੰ ਉਂਗਲ ਲਾਉਣ ਵਾਲਾ ਵਿਸ਼ਾ, ਵਿਚਾਰ ਤੇ ਦਲੀਲ ਹੋਣ ਤਾਂ ਉਹ ਪ੍ਰਭਾਵਿਤ ਕਰਦੇ ਹਨ। ਦੇਵ ਆਪਣੀ ਇਕ ਹੋਰ ਕਵਿਤਾ ਵਿਚ ਇਹ ਵੀ ਤਾਂ ਕਹਿੰਦਾ ਹੈ :

ਕਵਿਤਾ ਸਥਾਪਤੀ ਨਹੀਂ
ਜਿਊਣ ਦਾ ਢੰਗ ਹੁੰਦੀ ਹੈ

ਪਾਠਕ ਚੰਗੀ ਕਵਿਤਾ ਦਾ ਅਨੰਦ ਹੀ ਨਹੀਂ ਮਾਣਦੇ ਜੇ ਜਿ਼ੰਦਗੀ ਨੂੰ ਪ੍ਰੇਰਨ ਵਾਲੀ, ਪ੍ਰਭਾਵਿਤ ਕਰਨ ਵਾਲੀ ਅਰਥ ਭਰਪੂਰ, ਮੁੱਲਵਾਨ ਕਵਿਤਾ ਹੋਵੇ ਤਾਂ ਉਸਦਾ ਅਸਰ ਵੀ ਕਬੂਲਦੇ ਹਨ। ਕਵੀ ਦੇ ਜੋੜੇ ਲਫ਼ਜ਼ਾਂ ਵਿਚ ਕਵਿਤਾ ਜਰੂਰ ਹੋਵੇ ਫੇਰ ਕਵਿਤਾ ਸੱਚਮੁਚ ਹੀ ਜਿਊਣ ਦਾ ਢੰਗ ਬਣ ਸਕਦੀ ਹੈ।

****

No comments: