ਕਿਵੇਂ ਕਹਾਂ... ਦੀਵਾਲੀ ਦੀਆਂ ਮੁਬਾਰਕਾਂ.......... ਲੇਖ / ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)


ਕਹਿੰਦੇ ਹਨ ਕਿ 'ਜੀਹਦੀ ਕੋਠੀ ਦਾਣੇ, ਓਹਦੇ ਕਮਲੇ ਵੀ ਸਿਆਣੇ।' ਜਿਸਨੇ ਵੀ ਇਸ ਕਹਾਵਤ ਦੀ ਘਾੜ੍ਹਤ ਘੜੀ ਹੋਵੇਗੀ, ਬੜੀ ਵੱਡੀ ਖੋਪੜੀ ਦਾ ਮਾਲਕ ਹੋਣੈ। ਕਿਉਂਕਿ ਉਸਦੇ ਦਿਮਾਗ ਦੀ ਉਪਜ, ਇਹ ਗੱਲ ਅੱਜ ਵੀ ਓਨੀ ਹੀ ਅਸਰਦਾਰ ਹੈ ਜਿੰਨੀ ਪਹਿਲਾਂ ਹੋਵੇਗੀ। ਦੀਵਾਲੀਆਂ, ਲੋਹੜੀਆਂ, ਵਿਸਾਖੀਆਂ ਵੀ ਓਹਨਾਂ ਲਈ ਹੀ ਮਾਅਨੇ ਰੱਖਦੀਆਂ ਹਨ ਜਿਹਨਾਂ ਦੀ ਕੋਠੀ ਦਾਣੇ ਹੁੰਦੇ ਹਨ। ਓਹਨਾਂ ਨੂੰ ਹੀ ਇਹੋ ਜਿਹੇ ਦਿਹਾੜਿਆਂ ਦਾ ਚਾਅ ਚੜ੍ਹਦਾ ਹੋਵੇਗਾ ਜਿਹਨਾਂ ਨੂੰ ਦੋ ਡੰਗ ਦੀ ਰੋਟੀ ਦਾ ਫਿਕਰ ਨਹੀਂ। ਦੀਵਾਲੀ ਦਾ ਜਿ਼ਕਰ ਹੁੰਦਿਆਂ ਹੀ ਜਿ਼ਹਨ ਵਿੱਚ ਦੀਵੇ ਜਗ-ਮਗ ਜਗ-ਮਗ ਕਰਨ ਲਗਦੇ ਹਨ। ਪਟਾਕਿਆਂ ਦੀ ਗੜਗੜਾਹਟ ਸੁਣਾਈ ਦੇਣ ਲਗਦੀ ਐ। ਕਦੇ ਛੋਟੇ ਹੁੰਦਿਆਂ ਤੋਂ ਹੀ ਤੋਤਾ-ਰਟਨੀ ਵਾਂਗ ਰਟਾਏ ਦੀਵਾਲੀ ਦੇ ਲੇਖ ਦੀਆਂ ਓਹ ਸਤਰਾਂ ਦਿਮਾਗ 'ਚ ਸ਼ੋਰ ਪਾਉਣਾ ਸ਼ੁਰੂ ਕਰ ਦਿੰਦੀਆਂ ਹਨ ਕਿ "ਦੀਵਾਲੀ ਹਿੰਦੂਆਂ ਤੇ ਸਿੱਖਾਂ ਦਾ ਸਾਂਝਾ ਤਿਉਹਾਰ ਹੈ। ਇਸ ਦਿਨ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ 'ਚੋਂ ਰਿਹਾਅ ਹੋ ਕੇ ਪਰਤੇ ਸਨ ਤੇ ਸ੍ਰੀ ਰਾਮ ਚੰਦਰ ਜੀ 14 ਸਾਲਾਂ ਦਾ ਬਨਵਾਸ ਭੋਗ ਕੇ ਅਯੁੱਧਿਆ ਵਾਪਸ ਪਰਤੇ ਸਨ। ਉਹਨਾਂ ਦੇ ਵਾਪਸ ਆਉਣ ਦੀ ਖੁਸ਼ੀ 'ਚ ਹੀ ਲੋਕਾਂ ਨੇ ਦੀਪਮਾਲਾ ਕੀਤੀ ਸੀ ਤੇ ਇਸ ਤੋਂ ਬਾਦ ਹਿੰਦੂ ਇਸ ਦਿਨ ਨੂੰ ਦੀਪਾਵਲੀ ਜਾਂ ਦੀਵਾਲੀ ਦੇ ਨਾਂ ਨਾਲ ਤਿਉਹਾਰ ਵਜੋਂ ਮਨਾਉਣ ਲੱਗੇ, ਤੇ ਸਿੱਖ ਬੰਦੀ ਛੋੜ ਦਿਵਸ ਦੇ ਨਾਂ ਨਾਲ।" ਬਚਪਨ 'ਚ ਤਾਂ ਚਾਅ ਹੁੰਦਾ ਸੀ ਕਿ ਚਲੋ ਇਸ ਦਿਨ ਪਟਾਕੇ ਚਲਾਉਣ ਲਈ ਮਿਲਣਗੇ, ਮਿਠਾਈਆਂ ਖਾਣ ਲਈ, ਨਵੇਂ ਕੱਪੜੇ ਪਾਉਣ ਲਈ ਤੇ ਮਾਂ ਪਿਓ ਵੱਲੋਂ ਨਕਦ ਨਾਰਾਇਣ ਵੀ ਮਿਲੇਗਾ ਪਰ ਜਦੋਂ ਤੋਂ ਹੋਸ਼ ਜਿਹੀ ਸੰਭਲੀ ਹੈ ਤਾਂ ਦੀਵਾਲੀ ਦੇ ਅਰਥ ਹੀ ਬਦਲ ਜਿਹੇ ਗਏ ਲਗਦੇ ਹਨ। ਹੁਣ ਜਿਉਂ ਜਿਉਂ ਦੀਵਾਲੀ ਨੇੜੇ ਆਉਣ ਲਗਦੀ ਐ ਤਾਂ ਸੋਚਾਂ ਦਾ ਝੁਰਮਟ ਵਧਣ ਲਗਦੈ ਤੇ ਕਦੇ ਕਦੇ ਦਿਲ ਕਰਦੈ ਕਿ ਸ੍ਰੀ ਰਾਮ ਚੰਦਰ ਜੀ ਅੱਗੇ ਅਰਜੋਈਆਂ ਕਰਾਂ ਕਿ ਜਿਸ ਦਿਨ ਨੂੰ ਤੁਹਾਡੀ ਘਰ ਵਾਪਸੀ ਦੀ ਖੁਸ਼ੀ 'ਚ ਮਨਾਉਣਾ ਆਰੰਭ ਕੀਤਾ ਸੀ ਹੁਣ ਓਹ ਦਿਨ ਦੰਭ, ਪਾਖੰਡ ਜਾਂ ਵੱਡੀ ਮੱਛੀ ਵੱਲੋਂ ਛੋਟੀ ਮੱਛੀ ਨੂੰ 'ਹਲਾਲ' ਕਰਨ ਦੇ ਦਿਨ ਵਜੋਂ ਵਧੇਰੇ ਵਰਤਿਆ ਜਾ ਰਿਹੈ। ਤੁਸੀਂ ਤਾਂ ਆਪਣੇ ਪਿਉ ਦੇ ਇੱਕ ਬੋਲ 'ਤੇ ਹੀ ਮਤਰੇਈ ਮਾਂ ਦੀ ਜਿ਼ੱਦ ਪੁਗਾਉਣ, ਮਤਰੇਏ ਭਰਾ ਨੂੰ ਰਾਜਗੱਦੀ ਦਿਵਾਉਣ ਲਈ ਬਣਵਾਸ ਕਬੂਲ ਲਿਆ ਸੀ ਪਰ ਅੱਜ ਤੁਹਾਡੇ ਧਰਮ ਦੇ ਪੈਰੋਕਾਰ ਤਾਂ ਤੁਹਾਡੇ ਨਾਂ 'ਤੇ ਸਕੇ ਭਰਾ ਤੱਕ ਦਾ ਗਲਾ ਝਟਕਾਉਣ ਨੂੰ ਫੋਰਾ ਨਹੀਂ ਲਾਉਂਦੇ। ਜੇ ਤੁਸੀਂ ਵੀ ਜੁਗਾੜ ਲਾਊ ਤੇ ਲਾਲਚੀ ਬਿਰਤੀ ਦੇ ਮਾਲਕ ਹੁੰਦੇ ਤਾਂ ਕੀ ਲੋੜ ਪਈ ਸੀ ਕਿ ਪੈਰ ਪੈਰ 'ਤੇ ਹੁਕਮ ਮੰਨਣ ਵਾਲੇ ਸੇਵਕਾਂ ਦੀਆਂ ਡਾਰਾਂ ਛੱਡ ਕੇ ਜੰਗਲਾਂ ਦੀ ਖਾਕ ਛਾਣਦੇ ਫਿਰਦੇ। ਜੇ ਬਣਵਾਸ ਨਾ ਲੈਂਦੇ ਤਾਂ ਇੱਕ ਗੱਲ ਜਰੂਰ ਹੋਣੀ ਸੀ ਕਿ ਨਾ ਤੁਸੀ ਬਣਵਾਸ ਜਾਂਦੇ, ਨਾ ਕਿਸੇ ਸਰੂਪਨਖ਼ਾਂ ਦਾ ਨੱਕ ਵੱਢਿਆ ਜਾਂਦਾ। ਨਾ ਸੀਤਾ ਜੀ ਨੂੰ ਰਾਵਣ ਚੁੱਕ ਕੇ ਲਿਜਾਂਦਾ ਤੇ ਨਾ ਹੀ ਦਸਾਂ ਸਿਰਾਂ ਜਿੰਨੀ ਅਕਲ ਦਾ ਮਾਲਕ ਭਾਵ ਕਿ ਚਾਰ ਵੇਦਾਂ ਦਾ ਗਿਆਤਾ ਰਾਵਣ ਤੁਹਾਡੇ ਹੱਥੋਂ ਮਾਰਿਆ ਜਾਂਦਾ। ਨਾ ਦੀਵਾਲੀ ਦਾ ਦਿਨ ਤਿਉਹਾਰ ਬਣਦਾ.... ਤੇ ਨਾ...। ਦੋਸਤੋ ਮੈਂ ਤਾਂ ਰਾਮ ਚੰਦਰ ਜੀ ਨਾਲ ਗੱਲਾਂ ਕਰ ਰਿਹਾਂ ਤੁਸੀਂ ਐਵੇਂ ਹੀ ਮੁੱਠੀਆਂ 'ਚ ਨਾ ਥੁੱਕੀ ਫਿਰੋ ਕਿ ਆਹ ਬੰਦਾ ਬਿਨਾਂ ਵਜ੍ਹਾ ਹੀ ਇਤਿਹਾਸ ਨੂੰ ਪੁੱਠਾ ਗੇੜਾ ਦੇਈ ਜਾਂਦੈ। ਕਦੇ 'ਕੱਲੇ ਬੈਠ ਕੇ ਸੋਚ ਕੇ ਦੇਖਿਓ ਕਿ ਜੇ ਦੀਵਾਲੀ ਦਾ ਤਿਓਹਾਰ ਨਾ ਹੋਵੇ ਤਾਂ ਕੀ ਕੀ ਹੋਣੋਂ ਬਚ ਸਕਦੈ... ਜੇ ਖੁਦ ਦਿਮਾਗ 'ਤੇ ਜ਼ੋਰ ਨਹੀਂ ਪਾਉਣਾ ਤਾਂ ਲਓ ਸੁਣੋ...। ਜੇ ਦੀਵਾਲੀ ਦਾ ਤਿਉਹਾਰ ਨਾ ਹੁੰਦਾ, ਨਾ ਤਾਂ ਵੱਡੇ ਢਿੱਡਾਂ ਵਾਲੇ ਜਮ੍ਹਾਂਖੋਰਾਂ ਨੂੰ ਦੀਵਾਲੀ ਦੇ ਨੇੜੇ ਦੀਵਿਆਂ 'ਚ ਪਾਉਣ ਲਈ ਅੰਤਾਂ ਦਾ ਘਟੀਆ ਸਰ੍ਹੋਂ ਦਾ ਤੇਲ ਵੇਚਣ ਦੀ ਲੋੜ ਨਹੀਂ ਪੈਣੀ ਸੀ। ਨਾ ਹੀ ਵੱਡੇ ਮੁਨਾਫੇ ਦੀ ਝਾਕ 'ਚ ਹਲਵਾਈਆਂ ਨੂੰ ਜਾਅਲੀ ਖੋਏ, ਪਨੀਰ ਜਾਂ ਹੋਰ ਮਠਿਆਈਆਂ ਬਨਾਉਣ ਦੀ ਲੋੜ ਪੈਣੀ ਸੀ। ਜੇ ਹਲਵਾਈ ਇਸ ਰਾਹ ਨਾ ਤੁਰਦੇ ਤਾਂ ਸਿਹਤ ਅਧਿਕਾਰੀਆਂ ਨੂੰ ਵੀ ਮੇਜ ਹੇਠੋਂ ਦੀ ਮਿਲਦੀ ਮਾਇਆ ਨੂੰ ਬਰੇਕਾਂ ਲੱਗ ਜਾਣੀਆਂ ਸਨ। ਭਾਵੇਂ ਕਿ ਜਾਅਲੀ ਮਠਿਆਈਆਂ ਤਾਂ ਪੂਰਾ ਸਾਲ ਵਿਕਦੀਆਂ ਰਹਿੰਦੀਆਂ ਹਨ ਪਰ ਵਿਚਾਰੇ ਸਿਹਤ ਅਧਿਕਾਰੀ ਦੀਵਾਲੀ ਨੂੰ ਕੁੱਝ ਜਿਆਦਾ ਸਰਗਰਮ ਹੋ ਜਾਂਦੇ ਹਨ। ਨਾ ਮਿਲੀ ਭੁਗਤ ਨਾਲ ਜਾਅਲੀ ਮਠਿਆਈਆਂ ਵਿਕਦੀਆਂ, ਨਾ ਵਿਚਾਰੇ ਲੋਕ ਖਾਂਦੇ ਤੇ ਨਾ ਬਿਮਾਰ ਹੋ ਕੇ ਸਰਕਾਰੀ ਡਾਕਟਰਾਂ ਦੇ ਪ੍ਰਾਈਵੇਟ ਹਸਪਤਾਲਾਂ 'ਚ ਖੁਦ ਹਲਾਲ ਹੋਣ ਜਾਂਦੇ। ਸਰਕਾਰੀ ਡਾਕਟਰਾਂ ਦੇ ਪ੍ਰਾਈਵੇਟ ਹਸਪਤਾਲ ਇਸ ਕਰਕੇ ਲਿਖਿਐ ਕਿ ਸ੍ਰੀ ਰਾਮ ਚੰਦਰ ਜੀ ਦੇ ਭਰਾਤਾ ਦੇ ਨਾਂ 'ਤੇ ਬਣੇ ਭਾਰਤ 'ਚ ਸਰਕਾਰੀ ਨੌਕਰੀਆਂ 'ਤੇ ਬਿਰਾਜਮਾਨ ਜਿਆਦਾਤਰ ਡਾਕਟਰ ਸਾਹਿਬਾਨਾਂ ਨੇ ਆਪਣੇ ਆਪਣੇ ਪ੍ਰਾਈਵੇਟ ਹਸਪਤਾਲ ਵੀ ਬਣਾਏ ਹੋਏ ਹਨ। ਤਾਂ ਜੋ ਵਿਚਾਰੇ ਲੋਕਾਂ ਦਾ 'ਵਧੀਆ' ਇਲਾਜ਼ ਕੀਤਾ ਜਾ ਸਕੇ। ਜੇ ਦੀਵਾਲੀ ਨਾ ਹੁੰਦੀ ਤਾਂ... ਵੱਡੇ ਸਾਬ੍ਹਾਂ ਨੂੰ ਖੁਸ਼ ਕਰਨ ਲਈ ਤੋਹਫੇ ਦੇਣ ਦੀ ਲੋੜ ਵੀ ਨਹੀਂ ਸੀ ਪੈਣੀ। ਕਿਉਂਕਿ ਹੁਣ ਦੀਵਾਲੀ ਨੂੰ ਤੋਹਫਿਆਂ ਰਾਹੀਂ 'ਛਿੱਟੇ' ਮਾਰਨ ਲਈ ਵੀ ਵਧੇਰੇ ਵਰਤਿਆ ਜਾਂਦੈ। ਹੋਰ ਤਾਂ ਹੋਰ ਲੱਛਮੀ ਜਾਣੀਕਿ ਮਾਇਆ ਆਉਣ ਦੇ ਲਾਲਚ ‘ਚ ਲੋਕ ਘਰ ਦੇ ਬੂਹੇ ਤਾਂ ਖੋਲ੍ਹ ਦਿੰਦੇ ਹਨ ਪਰ ਜੂਏਬਾਜੀ ਜਾਂ ਫਿਰ ਦਾਰੂ ਪਿਆਲੇ ਜਰੀਏ ਪਤਾ ਹੀ ਨਹੀਂ ਕੀ ਕੀ ਲੁਟਾ ਬਹਿੰਦੇ ਹਨ। ਦੀਵਾਲੀ ਨਾ ਹੁੰਦੀ ਤਾਂ ਇਸ ਦਿਨ ਤੰਗੀਆਂ ਤੁਰਸੀਆਂ ਦੇ ਝੰਬੇ ਲੋਕਾਂ ਨੂੰ ਪਾਖੰਡੀ ਸਾਧਾਂ ਮਗਰ ਲੱਗ ਕੇ ਚੁਰਾਹਿਆਂ 'ਚ ਟੂਣੇ- ਟਾਮਣ ਕਰਨ ਦੀ ਵੀ ਲੋੜ ਨਹੀਂ ਸੀ ਪੈਣੀ। 
ਕਦੇ ਕਦੇ ਤਾਂ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੀ ਬੇਨਤੀਆਂ ਕਰਨ ਨੂੰ ਮਨ ਕਰ ਆਉਂਦੈ। ਬੜਾ ਮਨ ਕਰਦੈ ਕਿ ਗੁਰੂ ਜੀ ਨੂੰ ਕਹਾਂ ਕਿ ਚੰਗਾ ਹੋਇਆ ਕਿ ਲੋਕਾਂ ਨੇ ਖੂਹ ਖੁਦ ਹੀ ਪੂਰ ਦਿੱਤੇ, ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਸਰਕਾਰੀ ਸਕੂਲਾਂ ਦੀ ਬੁੱਕਤ ਨਹੀਂ ਰਹੀ, ਚੰਗਾ ਹੋਇਆ ਕਿ ਪਿੰਡਾਂ ਦੇ ਛੱਪੜ ਵੀ ਪਿੰਡਾਂ ਦਿਆਂ ਮੋਹਤਬਰਾਂ ਨੇ ਦੱਬ ਲਏ। ਮੈਂ 'ਚੰਗਾ ਹੋਇਆ' ਇਸ ਕਰਕੇ ਕਿਹੈ ਕਿਉਂਕਿ ਵਿਚਾਰੇ ਲੋਕ ਦੀਵਾਲੀ ਵਾਲੇ ਦਿਨ ਖੂਹ, ਸਕੂਲਾਂ ਜਾਂ ਛੱਪੜਾਂ ਦੇ ਕਿਨਾਰਿਆਂ 'ਤੇ ਵੀ ਦੀਵੇ ਜਗਾਉਂਦੇ ਸਨ ਕਿਉਂਕਿ ਸਕੂਲ ਵਿੱਦਿਆ ਵੰਡਦੇ ਸਨ, ਖੂਹ ਪਾਣੀ ਦਿੰਦੇ ਸਨ ਤੇ ਛੱਪੜ ਵੀ ਪਿੰਡਾਂ ਦੇ ਲੋਕਾਂ ਦੇ ਡੰਗਰ ਪਸ਼ੂ ਨਹਾਉਣ, ਸਣ ਦੱਬਣ ਜਾਂ ਘਰ ਲਿੱਪਣ ਲਈ ਚਿੱਕ ਦਿੰਦੇ ਸਨ। ਇਹੀ ਵਜ੍ਹਾ ਸੀ ਕਿ ਲੋਕ ਦੀਵਾਲੀ ਵਾਲੇ ਦਿਨ ਇਹਨਾਂ ਨੂੰ ਵੀ ਬਣਦਾ ਸਤਿਕਾਰ ਦੀਵੇ ਜਗਾ ਕੇ ਦਿੰਦੇ ਸਨ। ਪਰ ਹੁਣ ਤਾਂ ਇਹੀ ਕਹਿ ਸਕਦੇ ਆਂ ਕਿ ਮੋਹਤਬਰ ਲੋਕਾਂ ਤੇ ਸਰਕਾਰਾਂ ਨੂੰ ਲੋਕਾਂ ਦਾ ਜਿਆਦਾ ਫਿਕਰ ਸੀ ਕਿ ਜੇ ਸਕੂਲ, ਖੂਹ ਜਾ ਛੱਪੜ ਬਚ ਗਏ ਤਾਂ ਲੋਕ ਹਰ ਵਰ੍ਹੇ ਦੀਵੇ ਜਗਾਉਣਗੇ। ਫਿਰ ਪ੍ਰਦੂਸ਼ਣ ਹੋਵੇਗਾ ਤੇ ਲੋਕਾਂ ਨੂੰ ਸਾਹ ਆਦਿ ਦੀਆਂ ਬੀਮਾਰੀਆਂ ਘੇਰ ਲੈਣਗੀਆਂ। ਗੁਰੂ ਜੀ ਕਿੰਨੀ ਹਾਸੋਹੀਣੀ ਗੱਲ ਹੈ ਕਿ ਜਿਸ ਬਾਣੀ ਨੂੰ ਅਸੀਂ ਸਭ ਆਪਣੇ ਜੀਵਨ ਦਾ ਅਸਲ ਆਧਾਰ ਮੰਨਦੇ ਜਾਂ ਕਹਿੰਦੇ ਨਹੀਂ ਥੱਕਦੇ, ਉਸੇ ਬਾਣੀ ਦੀਆਂ ਸਿੱਖਿਆਵਾਂ ਤੋਂ ਮੁਨਕਰ ਹੋ ਕੇ ਅਸੀਂ ਸਭ ਇਸ ਦਿਨ ਹੀ ਪੂਰੇ ਸਾਲ ਜਿੰਨਾ ਪ੍ਰਦੂਸ਼ਣ ਫੈਲਾ ਦਿੰਦੇ ਹਾਂ ਦੀਵਿਆਂ ਜਾਂ ਪਟਾਕਿਆਂ ਨਾਲ ਗਰਦਾਗੋਰ ਕਰ ਕੇ। ਗੁਰਬਾਣੀ ਤਾਂ ਕੁਦਰਤ ਨੂੰ ਪਿਆਰਨ ਸਤਿਕਾਰਨ ਦਾ ਸੰਦੇਸ਼ ਦਿੰਦੀ ਐ ਪਰ ਅਸੀਂ ਆਮ ਲੋਕ ਤਾਂ ਕੀ ਸਿੱਖਾਂ ਦੀ ਸਰਵ-ਉੱਚ ਸੰਸਥਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਮਣਾਂਮੂੰਹੀ ਮਾਇਆ ਕਿਸੇ ਗਰੀਬ ਗੁਰਬੇ ਦੀ ਮਦਦ ਕਰਨ ਨਾਲੋਂ ਪਟਾਕਿਆਂ ਜ਼ਰੀਏ ਫੂਕ ਕੇ ਹੀ ਖੁਸ਼ ਹੁੰਦੀ ਐ। ਓਹਨਾਂ ਨੂੰ ਤਾਂ ਇਸੇ ਗੱਲ ਦਾ ਹੀ ਝੱਲ ਸਾਹ ਨਹੀਂ ਲੈਣ ਦਿੰਦਾ ਕਿ "ਦਾਲ ਰੋਟੀ ਘਰ ਦੀ, ਦੀਵਾਲੀ ਅੰਬਰਸਰ ਦੀ।" ਬੇਸ਼ੱਕ ਇੱਕ ਦੂਜੇ ਦੀ ਅਖ਼ਬਾਰਾਂ ਰਾਹੀਂ ਕੁੱਤ-ਪੋਹ ਤਾਂ ਕਰਦੇ ਰਹਿੰਦੇ ਹਨ ਪਰ ਕਦੇ ਕਿਸੇ ਜੱਥੇਦਾਰ ਨੇ ਅਜਿਹਾ ਹੁਕਮਨਾਮਾ ਜਾਰੀ ਨਹੀਂ ਕਰਵਾਇਆ ਕਿ ਸੰਗਤਾਂ ਨੂੰ ਇਹ ਸੇਧ ਦਿੱਤੀ ਜਾ ਸਕੇ ਕਿ ਦੀਵਾਲੀ ਪ੍ਰਦੂਸ਼ਣ ਮੁਕਤ ਵੀ ਹੋਣੀ ਚਾਹੀਦੀ ਹੈ ਤਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੁਦਰਤ ਨਾਲ ਇੱਕ-ਮਿੱਕ ਹੋਣ ਦੀ ਸਿੱਖਿਆ ਨੂੰ ਅਮਲੀ ਜ਼ਾਮਾ ਪਹਿਨਾਇਆ ਜਾ ਸਕੇ। ਗੁਰੂ ਜੀ, ਜੱਥੇਦਾਰ ਵੀ ਕੀ ਕਰਨ ਵਿਚਾਰੇ.. ਓਹ ਤਾਂ ਖੁਦ ਬੰਦ ਲਿਫਾਫਿਆਂ 'ਚੋਂ ਨਿੱਕਲਦੇ ਹਨ। ਓਹਨਾਂ ਨੂੰ ਤਾਂ ਆਪਸ 'ਚ ਚੁੰਝ ਚਰਚਾ, ਸਰਨੇ ਜਾਂ ਝੀਂਡੇ ਤੋਂ ਬਿਨਾਂ ਦਿਸਦਾ ਹੀ ਕੁਛ ਨੀਂ। ਓਹਨਾਂ ਨੂੰ ਤਾਂ ਹੁਣ ਹਰਿਆਣੇ ਦੇ ਕਮਾਈ ਵਾਲੇ ਗੁਰਦੁਆਰੇ ਈ ਦਿਸਦੇ ਆ। ਐਸ ਦੀਵਾਲੀ ਨੂੰ ਤਾਂ ਗੁਰੂ ਜੀ ਇੱਕ ਹੋਰ ਹੀ ਵਾਕਿਆ ਵਰਤ ਗਿਆ। ਲਓ ਸੁਣੋ... ਰਾਮ ਨੂੰ ਤਾਂ ਆਵਦੇ ਮਤਰੇਏ ਭਰਾ ਨੂੰ ਗੱਦੀ ਦਿਵਾਉਣ ਲਈ ਬਣਵਾਸ ਮਿਲਿਆ ਸੀ ਪਰ ਪੰਜਾਬ ਦੇ ਲੋਕਾਂ ਸਿਰੋਂ ਕਰਜ਼ਾ ਉਤਾਰਨ ਦੀ ਕੋਸਿ਼ਸ਼ ਕਰਨ ਬਦਲੇ ਇੱਕ ਤਾਏ ਨੇ ਆਵਦੇ ਭਤੀਜੇ ਨੂੰ ਬਣਵਾਸ ਨਹੀਂ ਸਗੋਂ ਘਰੋਂ ਈ ਕੱਢਤਾ। ਓਹਨੇ ਤਾਂ ਕਿਸੇ ਸਰੂਪਨਖ਼ਾਂ ਦਾ ਨੱਕ ਵੀ ਨਹੀਂ ਸੀ ਵੱਢਿਆ ਸਗੋਂ ਅਕਾਲੀਆਂ ਦਾ ਨੱਕ 'ਵੱਡਾ' ਕਰਨ ਲਈ ਪੰਜਾਬ ਦੇ ਲੋਕਾਂ ਦੇ ਹੱਕ 'ਚ ਬੀੜਾ ਚੁੱਕਿਆ ਸੀ। ਜੇ ਉਹਨੂੰ ਘਰੋਂ ਨਾ ਕੱਢਿਆ ਜਾਂਦਾ ਤਾਂ ਸ਼ਾਇਦ ਓਹ ਲੋਕਾਂ ਸਿਰੋਂ ਐਨਾ ਕੁ ਕਰਜ਼ਾ ਮਾਫ ਕਰਵਾਉਣ 'ਚ ਕਾਮਯਾਬ ਹੋ ਜਾਂਦਾ ਜਿੰਨਾ ਸਾਡੀਆਂ ਅਗਲੀਆਂ ਤਿੰਨ ਪੀੜ੍ਹੀਆਂ ਵੀ ਨਹੀਂ ਲਾਹ ਸਕਦੀਆਂ। ਗੁਰੂ ਜੀ ਕੀ ਦੱਸਾਂ..? ਸਿਆਸਤ ਹੈ ਬੜੀ ਕੁੱਤੀ ਸ਼ੈਅ.. ਜੇ ਕਰਜ਼ਾ ਮਾਫ ਕਰਵਾਉਣ ਲਈ ਲੋਕਾਂ ਨੂੰ ਦਿੱਤਾ ਸਬਸਿਡੀਆਂ ਵਾਲਾ ਚੂਸਾ ਲੋਕਾਂ ਤੋਂ ਖੋਹ ਲਿਆ ਜਾਂਦਾ ਤਾਂ 'ਬੇਸਮਝ' ਲੋਕ 'ਕਾਲੀਆਂ ਨਾਲ ਰੁੱਸ ਜਾਣੇ ਸੀ। ਅਗਲੀ ਵਾਰ ਫੇਰ ਮੁੱਖ ਮੰਤਰੀ ਬਨਣ ਦੀ ਇੱਛਾ 'ਚ ਹੀ ਤਾਏ ਨੇ ਆਵਦਾ 'ਸਮਝਦਾਰ' ਭਤੀਜਾ ਭੁੰਜੇ ਲਾਹਤਾ। ਲੋਕ ਖਾਣ ਖਸਮਾਂ ਨੂੰ.. ਇਹਨਾਂ ਨੂੰ ਤਾਂ ਲਾਰਿਆਂ ਨਾਲ ਮਿਲੀਆਂ ਵੋਟਾਂ ਚਾਹੀਦੀਆਂ ਨੇ। ਤੁਸੀਂ ਤਾਂ ਆਪਣੇ 52 ਕਲੀਆਂ ਵਾਲੇ ਚੋਗੇ ਨਾਲ 52 ਕੈਦੀ ਰਾਜਿਆਂ ਨੂੰ ਰਿਹਾਅ ਕਰਵਾਉਣ ਵੇਲੇ ਨਾ ਤਾਂ ਕਿਸੇ ਦੀ ਜਾਤ ਦੇਖੀ ਸੀ ਨਾ ਗੋਤ ਪਰ ਆਪਣੇ ਆਪ ਨੂੰ ਤੁਹਾਡੇ ਪੈਰੋਕਾਰ ਹੋਣ ਦੀਆਂ ਡੀਂਗਾਂ ਮਾਰਨ ਵਾਲੇ ਤਾਂ 'ਸ਼ਰੀਕ ਉੱਜੜਿਆ, ਵੇਹੜਾ ਮੋਕਲਾ' ਦੇ ਸਿਧਾਂਤ 'ਤੇ ਪਹਿਰਾ ਦਿੰਦੇ ਹਨ। ਗੁਰੂ ਜੀ ਤੁਸੀਂ ਤਾਂ ਖੁਦ ਵੀ ਜਾਣੀ ਜਾਣ ਹੋ, ਕਿ ਗੁਰੂ ਕਾ ਲੰਗਰ ਵੀ ਇੱਕ ਸਿਆਸੀ ਧਿਰ ਵੱਲੋਂ ਵੋਟਾਂ ਇਕੱਠੀਆਂ ਕਰਨ ਲਈ ‘ਸਪਾਂਸਰ’ ਕੀਤਾ ਜਾਂਦੈ। ਹਰ ਦੂਜੇ ਦਿਨ ਅਖਬਾਰਾਂ ਦੀਆਂ ਸੁਰਖੀਆਂ ਹੁੰਦੀਆਂ ਹਨ ਕਿ ‘ਫਲਾਣੇ ਜਿਲ੍ਹੇ ਦੇ ਜੱਥੇਦਾਰ ਸਾਬ੍ਹ ਲੰਗਰ ‘ਚ ਮਟਰ ਕੱਢਦੇ ਹੋਏ।’ ਗੁਰੂ ਜੀ ਇੱਥੇ ਕੁ ਹੀ ਖੜ੍ਹੀ ਹੈ ਸਿੱਖੀ। ਸ਼ਾਇਦ ਇਸ ਦੀਵਾਲੀ ਨੂੰ ਵੀ ਸਰਬੱਤ ਦੇ ਭਲੇ ਦੀਆਂ ਅਰਦਾਸਾਂ ਕੀਤੀਆਂ ਜਾਣਗੀਆਂ ਪਰ ਗੁਰੂ ਜੀ ਦਿਲ ‘ਤੇ ਹੱਥ ਰੱਖਕੇ ਕਹਿੰਨਾਂ ਕਿ ਸਰਬੱਤ ਦੇ ਭਲੇ ਵਾਲੀ ਦਿੱਲੀ ਬਹੁਤ ਦੂਰ ਹੈ ਸਗੋਂ ਆਮ ਲੋਕਾਂ ਤੋਂ ਤਾਂ ਖਿੱਚ ਖਿੱਚ ਕੇ ਹੋਰ ਵੀ ਦੂਰ ਕੀਤੀ ਜਾ ਰਹੀ ਹੈ। ਗੁਰੂ ਇੰਨੀ ਕੁ ਸੁਮੱਤ ਬਖਸ਼ੋ ਸਾਡੇ ਲਾਣੇ ਨੂੰ ਕਿ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਆਪਣੇ ਘਰਾਂ ਵਿੱਚ ਦੀਵੇ ਜਗਾਉਣ ਨਾਲੋਂ ਨਫਰਤ, ਲਾਲਚ ਜਾਂ ਬੇਵਕੂਫੀ ਦਾ ਹਨੇਰਾ ਆਪਣੇ ਖੋਪੜਾਂ ‘ਚੋਂ ਦੂਰ ਕਰਨ ਲਈ ਆਪਣੇ ਅੰਦਰ ਦੀਵੇ ਜਗਾਉਣ ਨਾ ਕਿ ਬਨੇਰਿਆਂ ‘ਤੇ। ਇਹ ਦੁੱਖ ਤੁਹਾਡੇ ਨਾਲ ਤੇ ਸ੍ਰੀ ਰਾਮ ਚੰਦਰ ਜੀ ਨਾਲ ਇਸ ਕਰਕੇ ਸਾਂਝੇ ਕੀਤੇ ਹਨ। ਹੁਣ ਤੁਸੀਂ ਹੀ ਦੱਸੋ ਕਿ ਤੰਗੀਆਂ ਤੁਰਸੀਆਂ ਨਾਲ ਜੂੰਡੋਜੂੰਡੀ ਹੁੰਦੇ ਲੋਕਾਂ ਨੂੰ ਕਿਵੇਂ ਕਹਾਂ... ਦੀਵਾਲੀ ਦੀਆਂ ਮੁਬਾਰਕਾਂ!
****
ਮੋ:- 0044 75191 12312

No comments: