ਚਾਟ, ਚੈਟ ਅਤੇ ਚੀਟ ਦਾ ਚੱਕਰਵਿਊ..........ਲੇਖ / ਤਰਲੋਚਨ ਸਿੰਘ ਦੁਪਾਲਪੁਰ



‘ਠੱਕ..ਠੱਕ..ਠੱਕ’
ਦਰਵਾਜ਼ਾ ਖੜਕਣ ਦੀ ਅਵਾਜ਼ ਸੁਣ ਕੇ, ਘਰ ਦੇ ਮਾਲਕ ਨੇ ਝੱਬਦੇ ਉੱਠ ਕੇ ਦਰਵਾਜ਼ਾ ਖੋਲ੍ਹਿਆ। ਸੰਤਾਂ-ਸਾਧੂਆਂ
ਜੈਸਾ ਪਹਿਰਾਵਾ ਪਹਿਨੀ ਬਾਹਰ ਇੱਕ ਬਜ਼ੁਰਗ ਖੜ੍ਹਾ ਸੀ।
‘‘ਹੁਕਮ ਕਰੋ ਬਾਬਾ ਜੀ?’’
ਨੇਕ-ਦਿਲ ਧਰਮੀ ਸਰਦਾਰ ਜੀ ਨੇ ਹੱਥ ਜੋੜਦਿਆਂ ਦਰ ‘ਤੇ ਖੜੇ ਅਜਨਬੀ ਨੂੰ ਪੁੱਛਿਆ।
‘‘ਭਗਤਾ ਪ੍ਰਸ਼ਾਦਾ ਛਕਣ ਦੀ ਇੱਛਾ ਹੈ!’’ ਘਰ ਦੇ ਮਾਲਕ ਦੀ ਮਿੱਠੀ ਬੋਲ-ਬਾਣੀ ਸੁਣ ਕੇ ਬਾਬਾ ਜੀ ਨੇ ਸਿੱਧੀ-ਸਪਾਟ ਚਾਹਤ ਦੱਸ ਦਿੱਤੀ।
‘‘ਜੀਉ ਆਇਆਂ ਨੂੰ, ਧੰਨ ਭਾਗ ਮਹਾਂ-ਪੁਰਸ਼ੋ!’’ ਕਹਿ ਕੇ, ਸਰਦਾਰ ਜੀ ਨੇ ਬੜੇ ਆਦਰ ਭਾਅ ਨਾਲ ਬਾਬਾ ਜੀ ਨੂੰ ਬੈਠਕ ਵਿਚ ਬਿਠਾ
ਲਿਆ। ਰੋਟੀ-ਟੁੱਕ ਦਾ ਵੇਲਾ ਤਾਂ ਲੰਘ ਚੁੱਕਾ ਸੀ, ਇਸ ਲਈ ਸਰਦਾਰ ਜੀ ਨੇ ਆਪਣੀ ਬੇਟੀ ਨੂੰ ਅਵਾਜ਼ ਮਾਰੀ ਕਿ ਬਾਬਾ ਜੀ ਲਈ ਲੰਗਰ-ਪਾਣੀ ਤਿਆਰ ਕੀਤਾ ਜਾਏ। ਸਿ਼ਸ਼ਟਾਚਾਰ ਵਜੋਂ ਸਰਦਾਰ ਜੀ ਦੀ ਲੜਕੀ ਨੇ ਬਾਬਾ ਜੀ ਨੂੰ ਨਮਸਕਾਰ ਕਰਕੇ ਪੁੱਛਿਆ ਕਿ ਆਪ ਕਿਹੜੀ ਦਾਲ-ਭਾਜੀ ਖਾਣੀ ਪਸੰਦ ਕਰੋਗੇ?
‘‘ਬਾਬੀ, ਅਸੀਂ ਤਾਂ ਰਮਤੇ ਸਾਧੂ ਹਾਂ, ਜਿਹੋ ਜਿਹਾ ਭੋਜਨ ਮਿਲੇ, ‘ਸੱਤਿ, ਕਰਕੇ ਛਕ ਲਈਦਾ ਹੈ।’’ ਮੰਜੇ ‘ਤੇ ਆਸਣ ਜਮਾਉਂਦਿਆਂ ਹੋਇਆ ਸੰਤ ਜੀ ਪ੍ਰਸੰਨ ਹੋ ਕੇ ਬੋਲੇ।
ਜਿੰਨਾ ਚਿਰ ਕੁੜੀ ਰਸੋਈ ਵਿਚ ਰੋਟੀ-ਪਾਣੀ ਤਿਆਰ ਕਰਦੀ ਰਹੀ, ਇਧਰ ਉਸ ਦੇ ਪਿਤਾ ਨੇ ਬਾਬਾ ਜੀ ਨਾਲ ਧਰਮ-ਕਰਮ ਦੀਆਂ ਗੱਲਾਂ ਛੇੜ ਲਈਆਂ। ਸੰਤ ਜੀ ਦੇ ਮੂੰਹੋਂ ਪ੍ਰਵਚਨ ਸੁਣ ਕੇ ਅੱਗੇ ਥਾਲ ਲਿਆ ਪ੍ਰੋਸਿਆ। ਹੱਥ ਜੋੜ ਕੇ ਉੱਪਰ ਵਾਲੇ ਦਾ ਸ਼ੁਕਰਾਨਾ ਕਰਨ ਤੋਂ ਬਾਅਦ ਮਹਾਂਪੁਰਖਾਂ ਨੇ ਪ੍ਰਸ਼ਾਦਾ ਛਕਣਾ ਸ਼ੁਰੂ ਕਰ ਦਿੱਤਾ।
ਪਹਿਲੀ ਬੁਰਕੀ ਤਾਂ ਉਸਨੇ ਆਮ ਵਾਂਗ ਦਾਲ ਦੀ ਕੌਲੀ ਵਿਚ ਡੁੱਬੋ ਕੇ ਖਾ ਲਈ। ਪਰ ਰੋਟੀ ਨਾਲੋਂ ਦੂਜੀ ਬੁਰਕੀ ਤੋੜ ਕੇ ਉਹ ਭਰੀ ਹੋਈ ਕੌਲੀ ਵਿਚ ਚਮਚੇ ਵਾਂਗ ਫੇਰਨ ਲੱਗ ਪਿਆ। ਬਾਬੇ ਨੂੰ ਅਜਿਹਾ ਕਰਦਿਆਂ ਦੇਖਕੇ ਸਰਦਾਰ ਜੀ ਨੇ ਪੁੱਛਿਆ ਕਿ ਬਾਬਾ ਜੀ ਦਾਲ ਕੁੱਝ ਜਿ਼ਆਦਾ ਗਰਮ ਹੈ? ਉਸਨੇ ਅੰਦਾਜ਼ਾ ਲਾਇਆ ਕਿ ਸ਼ਾਇਦ ਦਾਲ ਵਿਚ ਬੁਰਕੀ ਘੁਮਾ ਕੇ ਬਾਬਾ ਜੀ ਹੁਣੀਂ ਦਾਲ ਠੰਢੀ ਕਰ ਰਹੇ ਹਨ। ਲੇਕਿਨ ਬਾਬੇ ਅੱਗਿਉਂ ਬੋਲੇ-’’ਨਹੀਂ ਭਾਈ ਦਾਲ ਤਾਂ ਠੀਕ ਈ ਐ...ਅਸਲ ‘ਚ ਇਹਦੇ ਵਿਚ ਲੂਣ ਮਿਰਚ ਉੱਕਾ ਈ ਹੈ ਨਹੀਂ। ਮੈਂ ਸੋਚਿਆ ਕਿ ਬੀਬਾ ਜੀ ਕਾਹਲੀ ਕਾਹਲੀ ਦਾਲ ਬਣਾਉਣ ਸਮੇਂ ਲੂਣ ਮਸਾਲਾ ਪਾਉਣਾ ਭੁੱਲ ਗਏ ਹੋਣਗੇ ਤੇ ਉਸਨੇ ਸ਼ਾਇਦ ਇਸ ਕੌਲੀ ਵਿਚ ਮਗਰੋਂ ਲੂਣ-ਮਿਰਚ ਪਾਇਆ ਹੋਵੇਗਾ। ਇਸੇ ‘ਸ਼ੱਕ’ ਕਾਰਨ ਮੈਂ ਦਾਲ ਵਿਚ ਗਰਾਹੀ ਘੁਮਾ ਰਿਹਾ ਸਾਂ। ਪਰ ਬੇਟੀ ਨੇ ਐਸਾ ਵੀ ਨਹੀਂ ਕੀਤਾ....!’’
‘‘ਓ ਕਮਲੀਏ ਕੁੜੀਏ!’’ ਸ਼ਰਧਾਲੂ ਸਰਦਾਰ ਗੁੱਸੇ ਵਿਚ ਬੋਲਦਾ ਹੋਇਆ ਰਸੋਈ ਵਲ ਵਧਿਆ..‘‘....ਸੰਤਾਂ ਮਹਾਂ-ਪੁਰਸ਼ਾਂ ਵਾਸਤੇ ਭੋਜਨ ਤਿਆਰ ਕਰਦਿਆਂ ਤੂੰ ਇੰਨੀ ਅਣ ਗਹਿਲੀ ਕਿਉਂ ਵਰਤੀ?’’ ਲੇਕਿਨ ਰਸੋਈ ਵਿਚੋਂ ਪੀਸੇ ਹੋਏ ਲੂਣ-ਮਿਰਚ-ਮਸਾਲੇ ਦੀਆਂ ਡੱਬੀਆਂ ਅਤੇ ਇੱਕ ਚਮਚਾ ਹੱਥ ‘ਚ ਫੜੀ ਬਾਹਰ ਆ ਰਹੀ ਉਸ ਦੀ ਲੜਕੀ ਦਾ ਬੇ-ਬਾਕ ਜਵਾਬ ਸੁਣ ਕੇ ਸੰਤ ਅਤੇ ਸਰਦਾਰ ਦੇ ਮੂੰਹ ਅੱਡੇ ਹੀ ਰਹਿ ਗਏ!
‘‘ਪਿਤਾ ਜੀ, ਮੈਂ ਭੁੱਲੀ ਨਹੀਂ ਸਾਂ, ਸਗੋਂ ਜਾਣ-ਬੁੱਝ ਕੇ ਹੀ ਮੈਂ ਸੰਤਾਂ ਵਾਸਤੇ ਬਣਾਈ ਦਾਲ ਅਲੂਣੀ ਰੱਖੀ ਸੀ। ਤਾਂ ਕਿ ਗੱਲ ਦੀ ਨਿਰਖ ਪਰਖ ਹੋ ਸਕੇ ਕਿ ਇਹ ‘ਮਹਾਂ-ਪੁਰਖ’ ਸੱਚ ਮੁੱਚ ਹੀ ‘ਰਮਤੇ ਸਾਧੂ’ ਹਨ? ਪਰ ਹੁਣ ਮੈਨੂੰ ਗਿਆਨ ਹੋ ਗਿਆ ਹੈ ਕਿ ਇਹ ਕੋਈ ਸਾਧੂ ਨਹੀਂ, ਇਹ ਤਾਂ ‘ਸੁਆਦਾਂ ਦਾ ਪੱਟਿਆ’ ਹੋਇਆ ਹੀ ਹੈ।...ਅਹਿ ਲਉ ਲੂਣ ਮਸਾਲਾ, ਇਨ੍ਹਾਂ ਦੀ ਦਾਲ ‘ਜ਼ਾਇਕੇਦਾਰ’ ਬਣਾ ਦਿਉ ਜ਼ਰਾ!’’
ਜੀਭ ਦੇ ਸੁਆਦਾਂ ਦਾ ਗੁਲਾਮ ਬਾਬਾ, ਰਮਤਾ ਸਾਧੂ ਬਣਦਾ ਬਣਦਾ ਰਹਿ ਗਿਆ। ਅੱਲੜ੍ਹ, ਪਰ ਤੀਖਣ ਬੁੱਧੀ ਵਾਲੀ ਲੜਕੀ ਨੇ ਜੁਗਤ ਵਰਤਦਿਆਂ ਇੱਕ ਢੌਂਗੀ ਦਾ ਪੋਲ ਖੋਲ੍ਹ ਦਿੱਤਾ।
ਜੇ ਕਿਸੇ ਦੇ ਨਿਆਣੇ ਨੂੰ, ਗਵਾਂਡ ਮਹੱਲੇ ਦਾ ਕੋਈ ਅਮਲੀ ਜਾਂ ਬਦ-ਇਖਲਾਕ ਬੰਦਾ ਪੁੱਠੇ ਪਾਸੇ ਪਾਉਣ ਲਈ ‘ਪੱਟਣ’ ਦਾ ਯਤਨ ਕਰ ਰਿਹਾ ਹੋਵੇ ਤਾਂ ਆਖਿਆ ਜਾਂਦਾ ਹੈ ਕਿ ਫਲਾਂ ਫਲਾਂ ਮੁੰਡਾ ਤਾਂ ਫਲਾਣੇ ਬੰਦੇ ਨੇ ‘ਚਾਟੇ’ ਲਾਇਆ ਹੋਇਐ। ਅਸਲ ਵਿਚ ਇਸ ‘ਚਾਟ’ ਸ਼ਬਦ ਦਾ ਸਬੰਧ ਵੀ ਜੀਭ ਦੇ ਚਸਕਿਆਂ ਨਾਲ ਹੀ ਜੁੜਿਆ ਹੋਇਆ ਹੈ।
ਪਹਿਲੋਂ ਪਹਿਲ ਕਿਸੇ ਨੂੰ ਖਾਣ-ਪੀਣ ਦਾ ਸ਼ੌਕੀਨ ਬਣਾ ਕੇ ਆਪਣੇ ਮਗਰ ਲਾਉਣਾ ‘ਚਾਟੇ ਲਾਉਣ’ ਦੀ ਕੈਟਾਗਰੀ ਵਿਚ ਹੀ ਆਉਂਦਾ ਹੈ। ਸਾਧ-ਬਾਬਿਆਂ ਜੇ ਡੇਰਿਆਂ ਵਿਚ ਪੱਕੀਆਂ-ਪਕਾਈਆਂ ਅਤੇ ਲੂਣ-ਸਲੂਣੀਆਂ ਖਾਣ ਵਾਲੇ ਚਾਟੜਿਆਂ ਲਈ ਹੀ ਇਹ ਅਖਾਣ ਹੋਂਦ ਵਿਚ ਆਇਆ ਲਗਦਾ ਹੈ-
ਜਿਨਾਂ ਚੱਟੇ ਸਾਧਾਂ ਦੇ ਪਤੀਲੇ,
ਉਹ ਮੁੜ ਨਾ ਰਲੇ ਕਬੀਲੇ!
ਵਿਆਹ ਸ਼ਾਦੀਆਂ ਜਾਂ ਹੋਰ ਖਾਣ-ਪੀਣ ਦੀਆਂ ਪਾਰਟੀਆਂ ਮੌਕੇ ਚਾਟ ਦੇ ਸਪੈਸ਼ਲ ਟੇਬਲ ਲੱਗੇ ਦੇਖ ਕੇ ਹੀ ਸ੍ਰ. ਬੈਂਸ ਨੇ ਇਹ ਸਤਰਾਂ ਲਿਖੀਆਂ ਹੋਣਗੀਆਂ-
ਮੱਖਣ, ਦੁੱਧ, ਮਲਾਈਆਂ ਗਿਰੀਆਂ, ਗਭਰੂ ਖਾਣੋ ਸਰਕ ਰਹੇ
ਆ ਗਏ ਟਾਕੋ, ਪੀਜ਼ੇ ਬਰਗਰ, ਗੁੱਝਦੀ ਪੱਕਦੀ ਤੌਣ ਕਦੋਂ?
ਲੇਖ ਦੇ ਸ਼ੁਰੂ’ ‘ਚ ਸੁਣਾਈ ਗਈ ਕਹਾਣੀ ਵਿਚਲੀ ਕੁੜੀ ਜੈਸੀ ਸੋਚ ਰੱਖਣ ਵਾਲੇ ਸੱਜਣ ਜਦੋਂ ਧਾਰਮਿਕ ਜੋੜ ਮੇਲਿਆਂ ਦੇ ਇਸ਼ਤਿਹਾਰਾਂ ਵਿਚ ‘ਗਰਮਾ ਗਰਮ ਜਲੇਬੀਆਂ’ ਜਾਂ ‘ਸਮੋਸੇ ਪਕੌੜਿਆਂ’ ਦਾ ਉਚੇਚਾ ਜਿ਼ਕਰ ਪੜ੍ਹਦੇ ਹੋਣਗੇ ਤਾਂ ਇਸ ਨਵੀਂ ਕਿਸਮ ਦੀ ਚਾਟ ਬਾਰੇ ਜਰੂਰ ਮਨਾਂ ਵਿਚ ਕੁੜ੍ਹਦੇ ਹੋਣਗੇ।
ਇਸ ਚਾਟ ਦੀ ਦੀਵਾਨਗੀ ਵਿਚ ਭੱਖ-ਅਭੱਖ ਛਕਣ ਵਾਲੀ ਨੌਜਵਾਨ ਪਨੀਰੀ ਫਿਰ ‘ਚੈਟ’ ਦਾ ਅਨੰਦ ਮਾਨਣ ਲੱਗ ਪੈਂਦੀ ਹੈ। ਚਾਟ ਨਾਲੋਂ ਕਿਤੇ ਵਧ ਖਤਰਨਾਕ ਇਸ ਚੰਦਰੀ ਚੈਟ ਦੀ ਕਾਲੀ ਬੋਲੀ ਹਨੇਰੀ ਨੇ ਸਾਡੇ ਵਿਰਸੇ ਵਿਚ ਇਕ ਤਰ੍ਹਾਂ ਭੁਚਾਲ ਹੀ ਮਚਾ ਦਿੱਤਾ ਹੋਇਆ ਹੈ। ਕੁੜੀਆਂ ਮੁੰਡਿਆਂ ਦੇ ਰਿਸ਼ਤੇ ਨਾਤੇ ਇਕ ਸਮੇਂ ਲਾਗੀ ਹੀ ਕਰਿਆ ਕਰਦੇ ਸਨ। ਫਿਰ ਵਿਚੋਲੇ ਆਏ। ਫਿਰ ਅਖ਼ਬਾਰਾਂ ਜ਼ਰੀਏ ਮਾਂ-ਬਾਪ ਆਪੋ ਵਿਚੀ ਸਿੱਧੇ ਟੱਕਰਨ ਲੱਗੇ। ਹੁਣ ਚੈਟ ਦੀ ਮਿਹਰਬਾਨੀ ਸਦਕਾ ਇਕ ਇਕ ਦਿਹਾੜੀ ਵਿਚ ਹੀ;
ਤੂੰ ਨਹੀਂ ਕੋਈ ਔਰ ਸਹੀ, ਔਰ ਨਹੀਂ ਕੋਈ ਔਰ ਸਹੀ!
ਵਾਲਾ ਫਾਰਮੂਲ ਅਪਣਾਇਆ ਜਾ ਸਕਦਾ ਹੈ। ਇੱਕ ਸਮੇਂ ਟੈਲੀਫੋਨ ਦੀ ‘ਸੁਵਿਧਾ’ ਦਾ ਜਿਕਰ ਕਰਦਿਆਂ ਕਿਸੇ ਕਵੀ ਨੇ ਲਿਖਿਆ ਸੀ;
ਇਸ਼ਕ ਟੈਲੀਫੋਨ ਪਰ, ਵਿਉਪਾਰ ਟੈਲੀਫੋਨ ਪਰ
ਕਿਆ ਨਹੀ ਹੋਤਾ ਮੇਰੀ ਸਰਕਾਰ ਟੈਲੀਫੋਨ ਪਰ?
ਲੇਕਿਨ ਹੁਣ ਇਕ ਦੂਜੇ ਨੂੰ ‘ਨਿਸ਼ਾਨੀ’ ਵਜੋਂ ਰੁਮਾਲ ਦੇਣ ਵਾਲਿਆਂ ‘ਤੇ ਇੱਕ ਪੰਜਾਬੀ ਕਵੀ ਵਿਅੰਗ ਕਰਦਾ ਹੈ;
ਵੈੱਬ-ਸਾਈਟ ਹੱਲ ਹੁਣ ਕਰੇ ਮਸਲੇ ‘ਪ੍ਰੇਮ’ ਦੇ
ਬੈਠਾ ਅਜੇ ਵੀ ਫੁੱਲ ਤੂੰ ਸੁੰਘਦੈਂ ਰੁਮਾਲ ਦੇ?
ਚੈਟ ਦੀ ਬਿਮਾਰੀ ‘ਚ ਗਲਤਾਨ ਹੋਏ ਮੁੰਡੇ-ਕੁੜੀਆਂ ਵਲੋਂ ਸ਼ਰਮ-ਹਯਾ ਦੇ ਛੱਕੇ ਛੁਡਾਏ ਜਾਂਦੇ ਤੱਕ ਕੇ ਕਵੀ ਦਰਸ਼ਨ ‘ਬੇਦੀ’ ਦਾ ਹਉਕਾ ਸੁਣੋ;
ਅੱਜ ਦੇ ਟੀ.ਵੀ.ਕਲਚਰ ਨੇ ਹੈ ਹਰ ਇਕ ਰਿਸ਼ਤਾ ਮਿੱਟੀ ਕੀਤਾ,
ਧੀਆਂ ਪੁੱਤ ਹੁਣ ਸ਼ਰਮੋਂ ਸੱਖਣੇ, ਹੁਣ ਉਹ ਧਰਮੀ ਬਾਬਲ ਕਿੱਥੇ?
ਫਿਲਾਸਫਰ ਬਰਨਾਰਡ ਸ਼ਾਅ ਨੇ ਇਕ ਥਾਂ ਲਿਖਿਆ ਏ ਕਿ ਵਿਗਿਆਨ ਦੀਆਂ ਕਾਢਾਂ ਨੇ ਜਿੱਥੇ ਮਨੁੱਖਤਾ ਨੂੰ ਸੁਖੀ ਬਣਾਇਆ ਏ, ਉੱਥੇ ਇਨ੍ਹਾਂ ਨਵੀਆਂ ਕਾਢਾਂ ਦੇ ਦੁੱਖ ਵੀ ਐਸੇ ਹਨ, ਜਿਨਾਂ ਦਾ ਇਲਾਜ ਹੀ ਕੋਈ ਨਹੀਂ ਨਜ਼ਰ ਆਉਂਦਾ! ਕਵੀ ਸੁਖਿੰਦਰ ਨੇ ਇੰਟਰਨੈੱਟ ਨਾਲ ਚਿੰਬੜ ਕੇ ਚੈਟ ਵਿਚ ਮਦਹੋਸ਼ ਹੋਏ ਮੁੰਡੇ-ਕੁੜੀਆਂ ਦੇ ਮਾਪਿਆਂ ਨੂੰ ਸੰਬੋਧਨ ਹੁੰਦਿਆਂ ਇਕ ਲੰਬੀ ਕਵਿਤਾ ਵਿਚ ਦਿਮਾਗ ਨੂੰ ਸੁੰਨ ਕਰ ਦੇਣ ਵਾਲੀਆਂ ਸਤਰਾਂ ਲਿਖੀਆਂ ਹਨ;
ਘਰ ਦੀਆਂ ਛੱਤਾਂ ਉਦੋਂ ਡਿਗਦੀਆਂ ਹਨ
ਜਦੋਂ ਤੁਹਾਡੇ ਆਪਣੇ ਹੀ ਘਰਾਂ ਵਿਚ, ਗੁੰਡੇ ਜੰਮ ਪੈਣ......
ਜਿਨਾਂ ਨੂੰ ਮਾਂ, ਭੈਣ, ਧੀ ਦੀ
ਕੋਈ ਸ਼ਰਮ ਨਾ ਹੋਵੇ।
ਉਪਭੋਗਤਾਵਾਦ ਦੀ ਚੱਲ ਰਹੀ ਹਨ੍ਹੇਰੀ ਵਿਚ
ਜਿਨ੍ਹਾਂ ਨੂੰ ਮਹਿਜ਼ ਚਮਕਦਾਰ ਚੀਜਾਂ ਦਾ ਹੀ ਮੋਹ ਹੋਵੇ....
ਕਾਮ-ਵਾਸਨਾ ਜਗਾਂਦੀਆਂ ਵੈੱਬ-ਸਾਈਟਾਂ ‘ਚ
ਉਲਝਿਆਂ, ਜਿਨ੍ਹਾਂ ਦੀ ਹਰ ਸ਼ਾਮ ਬੀਤੇ
ਭੰਗ, ਚਰਸ, ਕਰੈਕ, ਕੁਕੇਨ ਦੇ
ਸੂਟੇ ਲਾਂਦਿਆਂ ਦਿਨ ਚੜ੍ਹੇ!
ਆ ਰਿਹਾ ਹੈ ‘ਗਲੋਬਲੀ ਸੱਭਿਆਚਾਰ’
ਦਨ-ਦਨਾਂਦਾ ਹੋਇਆ, ਪੂਰੀ ਸਜ ਧਜ ਨਾਲ
ਤੁਹਾਡੇ ਬੂਹਿਆਂ ‘ਤੇ ਦਸਤਕ ਦੇਣ ਲਈ।...
ਉਹ ਆਵੇਗਾ ਤੁਹਾਡੇ ਵਿਹੜਿਆਂ ਵਿਚ
ਤੁਹਾਡੇ ਬੱਚਿਆਂ ਨੂੰ ਵਿਆਗਰਾ ਦੀਆਂ ਗੋਲੀਆਂ
ਬਲਿਊ ਮੂਵੀਆਂ ਦੇ ਬਕਸੇ
ਕੰਡੋਮ ਦੀਆਂ ਥੈਲੀਆਂ
ਦੇਹ-ਨਾਦ ਦੇ ਮਹਾਂ-ਸੰਗੀਤ ਵਿਚ ਗੁੰਮ ਜਾਣ ਲਈ
ਆਏਗੀ ਫਿਰ ਤੁਹਾਡੇ ਵਿਹੜਿਆਂ ‘ਚ
ਗਲੋਬਲ ਸੱਭਿਆਚਾਰਕ ਕ੍ਰਾਂਤੀ ਤਾਂਡਵ-ਨਾਚ ਕਰਦੀ...
ਨਿਰਮਲ ਪਾਣੀਆਂ ਦੀ ਹਰ ਝੀਲ, ਹਰ ਝਰਨੇ,
ਹਰ ਸਰੋਵਰ ‘ਚ ਗੰਦਗੀ ਦੇ ਅੰਬਾਰ ਲਾਉਂਦੀ
ਅਜਿਹੀ ਬਦਬੂ ਭਰੀ ਪੌਣ ਵਿਚ
ਅਜਿਹੇ ਪ੍ਰਦੂਸਿ਼ਤ ਪਾਣੀਆਂ ਵਿਚ
ਤਲਖੀਆਂ ਭਰੇ ਮਾਹੌਲ ਵਿਚ
ਤੁਹਾਡੀ ਆਪਣੀ ਹੀ ਔਲਾਦ ਜਦ
ਤੁਹਾਡੇ ਰਾਹਾਂ ‘ਚ ਕੰਡੇ ਵਿਛਾਣ ਲੱਗ ਪਵੇ
ਘਰਾਂ ਦੀਆਂ ਛੱਤਾਂ ਉਦੋਂ ਡਿਗਦੀਆਂ ਹਨ...!
ਚਾਟ ਦੇ ਰਸੀਲੇ ਅਤੇ ਚੈਟ ਦੇ ਭੜਕੀਲੇ ਸੰਯੋਗ ਸਦਕਾ, ਮਾਂ-ਬਾਪ ਤੇ ਧਰਮ-ਸਮਾਜ ਨੂੰ ਤਿਲਾਂਜਲੀ ਦੇ ਕੇ ਬਣਾਏ ਰਿਸ਼ਤਿਆਂ ਦਾ ਨਕਸ਼ਾ ਕਿਸੇ ਗੁਮਨਾਮ ਕਵੀ ਨੇ ਇੰਜ ਖਿੱਚਿਆ ਹੈ-
ਤੂੰ,
ਮੈਂ,
ਤੂੰ-ਮੈਂ,
ਤੂੰ-ਤੂੰ-ਮੈਂ ਮੈਂ!
ਕਹਿਣ ਦਾ ਭਾਵ ਕਿ ਚਾਟ ਤੋਂ ਸ਼ੁਰੂ ਹੋਈ ਗੱਲ ਚੈਟ ਥਾਣੀ ਹੁੰਦੀ ਹੋਈ ਅੰਤ ਨੂੰ ‘ਚੀਟ’ ਉੱਪਰ ਆ ਢੁੱਕਦੀ ਹੈ। ਇਸ ਕੁਲਹਿਣੀ ਚੀਟ ਉੱਪਰ ਫਿਰ ਨਜਾਇਜ਼ ਰਿਸ਼ਤਿਆਂ ਦੀ ਉਸਾਰੀ ਹੁੰਦੀ ਹੈ। ਜਿਸ ਤੋਂ ਅੱਗੇ ਮਾਰ-ਧਾੜ ਖੂਨ-ਖਰਾਬੇ ਹੁੰਦੇ ਹਨ।
ਹਸਦੇ-ਵਸਦੇ ਘਰ ਦੇਖਦਿਆਂ ਦੇਖਦਿਆਂ ਤਬਾਹ ਹੁੰਦੇ ਹਨ। ਮਾਂ-ਬਾਪ ਅਤੇ ਹੋਰ ਅੰਗ-ਸਾਕ ਬੇ-ਵੱਸ ਹੋਏ ਝੂਰਦੇ ਰਹਿ ਜਾਂਦੇ ਹਨ। ਚਾਟ, ਚੈਟ ਅਤੇ ਚੀਟ ਦੀਆਂ ਮੰਜਲਾਂ ਦੇ ਪਾਂਧੀ ਫਿਰ ਐਸੀਆਂ ਬੀਮਾਰੀਆਂ ਦੇ ਗਲੇ ਲੱਗ ਜਾਂਦੇ ਹਨ, ਜਿਨ੍ਹਾਂ ਬਾਰੇ ਬਾਬੇ ਦੀ ਬਾਣੀ ਡੰਕੇ ਦੀ ਚੋਟ ਨਾਲ ਆਖਦੀ ਏ;
ਖਸਮ ਵਿਸਾਰ ਕੀਏ ਰਸਭੋਗ॥ ਤਾ ਤਨ ਉਠਿ ਖਲੋਏ ਰੋਗ॥
ਕਹਾਵਤ ਹੈ ਕਿ ਅੱਗ ਲਾ ਕੇ ਡੱਬੂ ਨਿਆਈਆਂ ਨੂੰ ਭੱਜ ਜਾਂਦਾ ਹੈ। ਪਰ ਚਾਟ, ਚੈਟ ਤੇ ਚੀਟ ਦੇ ਛੜੱਪੇ ਮਾਰਨ ਵਾਲਾ ‘ਡੱਬੂ’ ਅੱਗ ਬਾਲ ਕੇ ਕਿਤੇ ਨਹੀਂ ਭੱਜਦਾ। ਬਲਕਿ ਇਸ ਡੱਬੂ ਨੂੰ ਆਪਣੇ ਘਰੇ ਮਹਿਮਾਨ ਬਣਾਉਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਹੈ।
ਅੱਗੇ ਰੱਬ ਜਾਣੇ, ਪਰ ਹਾਲਾਤਾਂ ਤੋਂ ਇੰਜ ਲੱਗਦਾ ਹੈ ਕਿ ਭਵਿੱਖ ਵਿਚ ਚਾਟ ਚੈਟ ਅਤੇ ਚੀਟ ਦੇ ਕਾਲ-ਚੱਕਰ ‘ਚੋਂ ਕੋਈ ਹਰਿਆ ਬੂਟ ਹੀ ਬਚ ਸਕੇਗਾ!

No comments: