3 ਈਡੀਅਟਸ ਤੇ ਭਾਰਤੀ ਸਿੱਖਿਆ ਪ੍ਰਣਾਲੀ.......... ਲੇਖ / ਗਗਨਦੀਪ ਹੰਸ


ਫਿਲਮਾਂ ਸਾਡੀ ਜਿੰਦਗੀ ਦੇ ਕਲਾਤਮਿਕ ਪੱਖ ਦਾ ਅਹਿਮ ਹਿੱਸਾ ਹਨ । ਸਮੇਂ ਸਮੇਂ ਤੇ ਅਜਿਹੀਆਂ ਫਿਲਮਾਂ ਬਣਦੀਆਂ ਰਹਿੰਦੀਆਂ ਹਨ, ਜੋ
ਸਾਡਾ ਮਨੋਰੰਜਨ ਕਰਨ ਦੇ ਨਾਲ਼ ਨਾਲ਼ ਤੱਤਕਾਲੀਨ ਸਮਾਜਿਕ, ਆਰਥਿਕ ਤੇ ਰਾਜਨੀਤਿਕ ਮੁੱਦਿਆਂ ਵੱਲ ਸਾਡਾ ਧਿਆਨ ਖਿੱਚਦੀਆਂ ਹਨ । ਅੱਜ ਕੱਲ੍ਹ 3 ਈਡੀਅਟਸ ਫਿਲਮ ਆਪਣੇ ਮਹੱਤਵਪੂਰਨ ਵਿਸ਼ੇ ਕਾਰਨ ਚਰਚਾ ਵਿੱਚ ਹੈ । ਇਹ ਫਿਲਮ ਭਾਰਤੀ ਵਿੱਦਿਅਕ ਢਾਚੇ ਦੀ ਬਿਲਕੁੱਲ ਸਹੀ ਤਸਵੀਰ ਦਿਖਾਉਂਦੀ ਹੈ । ਸਿੱਖਿਆ ਦਾ ਅਸਲੀ ਮੰਤਵ ਜਿੰਦਗੀ ਦੇ ਹਰ ਪੱਖ ਨੂੰ ਕਾਮਯਾਬੀ ਨਾਲ ਜਿਉਣ ਤੇ ਮਾਨਣ ਬਾਰੇ ਸੁਚੇਤ ਤੇ ਸਿੱਖਿਅਤ ਕਰਨਾ ਹੈ, ਪਰ ਅਜੋਕੀ ਸਿੱਖਿਆ ਪ੍ਰਣਾਲੀ ਬੱਚਿਆਂ ਨੂੰ ਮਾਰਗ ਦਰਸ਼ਨ ਦੇਣ ਦੀ ਥਾਂ ਮਾਨਸਿਕ ਤੌਰ ਤੇ ਕਮਜ਼ੋਰ ਬਣਾ ਰਹੀ ਹੈ ।

ਅਜੋਕੀ ਭਾਰਤੀ ਸਿੱਖਿਆ ਪ੍ਰਣਾਲੀ ਅੰਗ੍ਰੇਜ਼ ਸ਼ਾਸ਼ਕਾਂ ਦੀ ਦੇਣ ਹੈ । ਅੰਗ੍ਰੇਜ਼ ਅਫਸਰਾਂ ਨੂੰ ਪ੍ਰਸ਼ਾਸਨ ਚਲਾਉਣ ਲਈ ਪੜ੍ਹੇ ਲਿਖ਼ੇ ਭਾਰਤੀਆਂ ਦੀ ਲੋੜ ਸੀ, ਜੋ ਕਿ ਅੰਗ੍ਰੇਜ਼ੀ ਵੀ ਜਾਣਦੇ ਹੋਣ
। ਅੰਗ੍ਰੇਜ਼ ਸ਼ਾਸ਼ਕ ਭਾਰਤੀਆਂ ਨੂੰ ਸਮਾਜਿਕ, ਆਰਥਿਕ ਤੇ ਰਾਜਨੀਤਿਕ ਪੱਧਰ ਤੇ ਵਿਕਸਿਤ ਕਰਨ ਲਈ ਨਹੀਂ ਪੜ੍ਹਾਉਣਾ ਚਾਹੁੰਦੇ ਸਨ ਸਗੋਂ ਉਹ ਕੇਵਲ ਉਹ ਇਹ ਚਾਹੁੰਦੇ ਸਨ ਕਿ ਉਨ੍ਹਾਂ ਲਈ ਕੰਮ ਕਰਨ ਵਾਲੇ ਭਾਰਤੀ ਕੇਵਲ ਲਕੀਰ ਦੇ ਫ਼ਕੀਰ ਹੋਣ । ਇਸ ਲਈ ਉਨ੍ਹਾਂ ਅਜਿਹੀ ਸਿੱਖਿਆ ਪ੍ਰਣਾਲੀ ਵਿਕਸਤ ਕੀਤੀ, ਜਿਸਦਾ ਘੇਰਾ ਕੇਵਲ ਕੋਰਸ ਵਿੱਚ ਪੜ੍ਹਣ ਵਾਲੀਆਂ ਕਿਤਾਬਾਂ ਤੱਕ ਹੀ ਸੀਮਿਤ ਹੋਵੇ । ਅੱਜ ਵੀ ਭਾਰਤੀ ਸਿੱਖਿਆ ਪ੍ਰਣਾਲੀ ਵਿਚ 15 ਸਾਲ ਪੜ੍ਹ ਕੇ ਵੀ ਵਿਦਿਆਰਥੀ ਨੂੰ ਨੌਕਰੀ ਕਰਨ ਤੋ ਪਹਿਲਾਂ ਟ੍ਰੇਨਿੰਗ ਲੈਣੀ ਪੈਦੀ ਹੈ । ਆਜ਼ਾਦੀ ਦੇ 62 ਸਾਲ ਬਾਅਦ ਵੀ ਅਸੀ ਅਜਿਹੀ ਸਿੱਖਿਆ ਪ੍ਰਣਾਲੀ ਵਿਕਸਿਤ ਨਹੀਂ ਕਰ ਸਕੇ, ਜੋ ਪੂਰੀ ਤਰ੍ਹਾਂ ਕਿੱਤਾ ਮੁੱਖੀ ਹੋਵੇ ।
ਭਾਰਤ ਦੀ ਮਾੜੀ ਆਰਥਿਕ ਵਿਵਸਥਾ ਵੀ ਸਿੱਖਿਆ ਪ੍ਰਣਾਲੀ ਦੇ ਨਿਘਾਰ ਦਾ ਵੱਡਾ ਕਾਰਨ ਹੈ । ਬੱਚੇ ਨੂੰ ਪੜ੍ਹਾਉਣ ਪਿੱਛੇ ਮਾਂ-ਬਾਪ ਦਾ ਸਭ ਤੋਂ ਵੱਡਾ ਮਕਸਦ ਇਹੋ ਹੁੰਦਾ ਹੈ ਕਿ ਸਾਡਾ ਬੱਚਾ ਪੜ੍ਹ ਲਿਖ ਕੇ ਵੱਡਾ ਅਫਸਰ ਬਣਕੇ ਸਾਡੀ ਗਰੀਬੀ ਖਤਮ ਕਰ ਦੇਵੇਗਾ । ਮਜ਼ਦੂਰੀ ਕਰਕੇ ਘਰ ਬਾਰ ਚਲਾਉਣ ਵਾਲੇ ਮਾਂ-ਬਾਪ ਦੀ ਤੀਬਰ ਇੱਛਾ ਇਹੋ ਹੁੰਦੀ ਹੈ ਕਿ ਉਨ੍ਹਾਂ ਦਾ ਬੱਚਾ ਪੜ੍ਹ ਲਿਖ ਕੇ ਸਮਾਜ ਵਿੱਚ ਸਿਰ ਉੱਚਾ ਕਰਕੇ ਜੀ ਸਕੇ । ਜਿਸ ਮੁਲਕ ਦੇ ਇੱਕ ਤਿਹਾਈ ਤੋਂ ਜਿ਼ਆਦਾ ਲੋਕ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੀ ਹੋਵੇ, ਜਿਥੇ ਜਿੰਦਗੀ ਜਿਉਣ ਦਾ ਪਹਿਲਾ ਮਕਸਦ ਹੀ ਜਿੰਦਗੀ ਦੀਆਂ ਲੋੜਾਂ ਪੂਰੀਆਂ ਕਰਨਾ ਹੋਵੇ, ਉਥੇ ਲੋਕ ਕਿਸ ਤਰ੍ਹਾਂ ਜਿੰਦਗੀ ਮਾਨਣ ਬਾਰੇ ਸੋਚ ਸਕਦੇ ਹਨ ?
ਬੱਚੇ ਨੂੰ ਪੜ੍ਹਾਉਣ ਲੱਗੇ ਮਾਂ-ਬਾਪ ਇਹ ਸੋਚਦੇ ਹਨ ਕਿ ਜੋ ਉਹ ਆਪ ਜਿੰਦਗੀ ਵਿੱਚ ਉਹ ਨਹੀਂ ਕਰ ਸਕੇ, ਹੁਣ ਉਹ ਸਭ ਕੁਝ ਉਨ੍ਹਾਂ ਦੇ ਬੱਚੇ ਉਨ੍ਹਾਂ ਲਈ ਕਰਨਗੇ । ਆਪਣੇ ਟੁੱਟੇ ਸੁਪਨਿਆਂ ਦੇ ਦਰਦ ਤੋਂ ਰਾਹਤ ਪਾਉਣ ਲਈ ਮਾਂ-ਬਾਪ ਆਪਣੇ ਬੱਚਿਆਂ ਦੇ ਸੁਪਨਿਆਂ ਨੂੰ ਚਕਨਾਚੂਰ ਕਰਨਾ ਸ਼ੁਰੂ ਕਰ ਦਿੰਦੇ ਹਨ । ਇਹ ਜਾਨਣ ਦੀ ਕੋਈ ਵੀ ਕੋਸਿ਼ਸ਼ ਨਹੀਂ ਕਰਦਾ ਕਿ ਇੱਕ ਬੱਚਾ ਕੀ ਕਰਨਾ ਚਾਹੁੰਦਾ ਹੈ ? ਉਸਦੀ ਕਾਬਲੀਅਤ ਕੀ ਹੈ ? ਇਸ ਸਭ ਕੁਝ ਲਈ ਅਸੀਂ ਅਗਰ ਮਾਂ-ਬਾਪ ਨੂੰ ਕਸੂਰਵਾਰ ਠਹਿਰਾਈਏ, ਇਹ ਵੀ ਗਲਤ ਹੋਵੇਗਾ । ਸਾਡਾ ਸਮਾਜਿਕ ਤੇ ਆਰਥਿਕ ਤਾਣਾ ਬਾਣਾ ਹੀ ਅਜਿਹਾ ਬਣ ਚੁੱਕਾ ਹੈ ਕਿ ਹਰ ਕੋਈ ਇੱਕ ਦੂਸਰੇ ਤੋਂ ਅੱਗੇ ਨਿੱਕਲਣਾ ਚਾਹੁੰਦਾ ਹੈ । ਮਨੁੱਖ ਆਪਣੀ ਸਿੱਖਿਆ, ਕਾਰੋਬਾਰ, ਸਖਸ਼ੀਅਤ ਤੇ ਆਪਣੇ ਪਰਿਵਾਰ ਨੂੰ ਦੂਜਿਆਂ ਤੋਂ ਅੱਗੇ ਲੰਘਣ ਸਾਧਨ ਸਮਝਣ ਲੱਗ ਪਿਆ ਹੈ । ਅੱਜ ਜਿੰਦਗੀ ਸਿਰਫ਼ ਇੱਕ ਦੌੜ ਬਣ ਕੇ ਰਹਿ ਗਈ ਹੈ । ਜਿੱਥੇ ਸਕੂਲ ਦੇ ਪਹਿਲੇ ਦਿਨ ਤੋਂ ਹੀ ਮੁਕਾਬਲਾ ਸ਼ੁਰੂ ਹੋ ਜਾਂਦਾ ਹੈ । ਮਨੁੱਖੀ ਕਾਬਲੀਅਤ, ਸਖਸ਼ੀਅਤ ਤੇ ਸਮਝਦਾਰੀ ਦਾ ਪੈਮਾਨਾ ਸਿਰਫ਼ ਤੇ ਸਿਰਫ਼ ਇਮਤਿਹਾਨ ਵਿੱਚ ਪ੍ਰਾਪਤ ਕੀਤੇ ਅੰਕ ਜਾਂ ਨੰਬਰ ਬਣ ਗਏ ਹਨ । ਇਸ ਅੰਕਾਂ ਤੇ ਨੰਬਰਾਂ ਦੀ ਪ੍ਰਭਾਸ਼ਾ ਵਿੱਚ ਮਨੁੱਖ ਦੀ ਅਸਲੀ ਸਖਸ਼ੀਅਤ ਅਤੇ ਕਾਬਲੀਅਤ ਬੇਮਾਇਨੇ ਬਣ ਕੇ ਰਹਿ ਜਾਂਦੀ ਹੈ । ਸਾਡੀ ਖੁਸ਼ੀ, ਕਾਮਯਾਬੀ, ਪ੍ਰਾਪਤੀਆਂ ਦਾ ਪੈਮਾਨਾ ਤਾਂ ਬਿਲਕੁੱਲ ਹੀ ਨਹੀਂ ਹੈ ਕਿ ਅਸੀਂ ਕਿੰਨਾਂ ਕੁ ਪ੍ਰਾਪਤ ਕੀਤਾ । ਅਸਲੀ ਪੈਮਾਨਾ ਇਹ ਹੈ ਕਿ ਅਸੀਂ ਦੂਜਿਆਂ ਨਾਲੋਂ ਕਿੰਨਾਂ ਵੱਧ ਜਾ ਕਿੰਨਾਂ ਘੱਟ ਪ੍ਰਾਪਤ ਕੀਤਾ ।
ਹਰ ਮਨੁੱਖ ਜਿੰਦਗੀ ਦੀ ਦੌੜ ਵਿੱਚ ਸਿਰਫ ਤੇ ਸਿਰਫ ਕਾਮਯਾਬ ਹੋਣਾ ਚਾਹੁੰਦਾ ਹੈ । ਨਾਕਾਮਯਾਬੀ ਦੀ ਕੇਵਲ ਸੋਚ ਮਾਤਰ ਨਾਲ ਹੀ ਅਸੀਂ ਪ੍ਰੇਸ਼ਾਨ ਹੋ ਜਾਦੇ ਹਾਂ । ਚਿੰਤਾ ਅਤੇ ਪ੍ਰੇਸ਼ਾਨੀ ਹੀ ਮਾਨਸਿਕ ਤਣਾਅ ਦਾ ਸਭ ਤੋ ਵੱਡਾ ਕਾਰਨ ਹਨ । ਮਾਨਸਿਕ ਤਣਾਅ ਕਾਰਨ ਮਨੁੱਖ ਜਿੰਦਗੀ ਦੇ ਸੁਨਿਹਰੀ ਪਲਾਂ ਨੂੰ ਮਾਣ ਨਹੀਂ ਸਕਦਾ, ਹਰ ਮਨੁੱਖ ਭਵਿੱਖ ਦੀ ਚਿੰਤਾ ਵਿੱਚ ਆਪਣਾ ਵਰਤਮਾਨ ਨਸ਼ਟ ਕਰ ਰਿਹਾ ਹੈ । ਭਵਿੱਖ ਦੀ ਚਿੰਤਾ ਨੇ ਬੱਚਿਆਂ ਤੋਂ ਬਚਪਨ ਤੇ ਮਾਂ-ਬਾਪ ਤੋਂ ਉਨ੍ਹਾਂ ਦੀ ਮਮਤਾ ਖੋਹ ਲਿਆ ਹੈ । ਹਰ ਮਾਂ-ਬਾਪ ਨੂੰ ਇਹੋ ਚਿੰਤਾ ਲੱਗੀ ਰਹਿੰਦੀ ਹੈ ਕਿ ਉਨ੍ਹਾਂ ਦੇ ਬੱਚੇ ਪਹਿਲੇ ਨੰਬਰ ਤੇ ਕਿਸ ਤਰ੍ਹਾਂ ਰਹਿ ਸਕਦੇ ਹਨ ? ਇਸ ਲਈ ਮਾਪੇ ਬਚਪਨ ਤੋਂ ਹੀ ਬੱਚਿਆਂ ਵਿੱਚ ਜਿੰਦਗੀ ਦੀ ਦੌੜ ਦੀ ਅਜਿਹੀ ਭਾਵਨਾ ਭਰਨਾ ਸ਼ੁਰੂ ਕਰ ਦਿੰਦੇ ਹਨ, ਜੋ ਉਨ੍ਹਾਂ ਨੂੰ ਜਿੰਦਗੀ ਭਰ ਸੁੱਖ ਚੈਨ ਨਾਲ ਜਿਉਣ ਨਹੀਂ ਦਿੰਦੀ । ਜਿੰਦਗੀ ਵਿੱਚ ਖੁਸ਼ੀ ਉਨ੍ਹਾਂ ਨੂੰ ਸਿਰਫ ਤੇ ਸਿਰਫ ਕਾਮਯਾਬੀ ਵਿੱਚ ਨਜ਼ਰ ਆਉਣ ਲੱਗਦੀ ਹੈ । ਕਾਮਯਾਬੀ ਵੀ ਉਹ ਜੋ ਦੂਜਿਆਂ ਨੂੰ ਪਛਾੜ ਕੇ ਪ੍ਰਾਪਤ ਕੀਤੀ ਹੋਵੇ । ਜਦੋਂ ਕਿਸੇ ਕਾਰਨ ਕਾਮਯਾਬੀ ਨਹੀਂ ਮਿਲਦੀ ਤਾ ਇਸ ਤੋਂ ਪੈਦਾ ਹੋਏ ਮਾਨਸਿਕ ਤਣਾਅ ਨੂੰ ਬਰਦਾਸ਼ਤ ਨਾ ਕਰਦੇ ਹੋਏ ਕਈ ਬੱਚੇ ਆਤਮਹੱਤਿਆ ਕਰਨ ਤੱਕ ਜਾਂਦੇ ਹਨ । ਅੰਕੜਿਆਂ ਮੁਤਾਬਿਕ ਭਾਰਤ ਵਿੱਚ 2006 ਵਿੱਚ 5857 ਵਿਦਿਆਰਥੀਆਂ ਨੇ ਇਮਤਿਹਾਨਾਂ ਤੇ ਮਾਂ ਬਾਪ ਦੀਆ ਉਮੀਦਾਂ ਦਾ ਭਾਰ ਨਾ ਝੱਲਦੇ ਹੋਏ ਆਤਮ ਹੱਤਿਆ ਕੀਤੀ ਜੋ ਕਿ ਤਕਰੀਬਨ 16 ਵਿਦਿਆਰਥੀ ਰੋਜ਼ਾਨਾ ਬਣਦੀ ਹੈ । ਇਨ੍ਹਾਂ ਅੰਕੜਿਆਂ ਨੂੰ ਵੇਖ ਤਾਂ ਇਹੋ ਲੱਗਦਾ ਹੈ ਕਿ ਭਾਰਤੀ ਸਿੱਖਿਆ ਪ੍ਰਣਾਲੀ ਬੱਚਿਆਂ ਦਾ ਸਰਬਪੱਖੀ ਵਿਕਾਸ ਕਰਨ ਦੀ ਥਾਂ ਮਾਨਸਿਕ ਤੌਰ ਤੇ ਬਿਮਾਰ ਨਾਗਰਿਕ ਪੈਦਾ ਕਰ ਰਹੀ ਹੈ । ਆਤਮ ਹੱਤਿਆ ਕਰਨ ਵਾਲੇ ਵਿਦਿਆਰਥੀ ਆਪਣੀ ਜਿੰਦਗੀ ਤਾਂ ਖਤਮ ਕਰ ਹੀ ਲੈਂਦੇ ਹਨ ਤੇ ਪਿੱਛੇ ਰਹਿ ਗਏ ਆਪਣੇ ਮਾਂ-ਬਾਪ, ਭੈਣਾਂ-ਭਰਾਵਾਂ ਨੂੰ ਜਿਉਂਦੇ ਜੀ ਮਾਰ ਜਾਂਦੇ ਹਨ । ਅਜਿਹੇ ਮਾਂ-ਬਾਪ ਜੋ ਸਾਰੀ ਉਮਰ ਬੱਚਿਆਂ ਦੀ ਕਾਮਯਾਬੀ ਦੇ ਸੁਪਨੇ ਸਜਾਉਂਦੇ ਰਹਿੰਦੇ ਹਨ । ਸਾਰੇ ਜਿੰਦਗੀ ਪਛਤਾਵੇ ਵਿੱਚ ਗੁਜ਼ਾਰਨ ਲਈ ਮਜ਼ਬੂਰ ਹੋ ਜਾਂਦੇ ਹਨ ।
ਭਾਰਤ ਦੇ ਵਿੱਦਿਅਕ ਢਾਂਚੇ ਨੂੰ ਰਾਤੋ ਰਾਤ ਸੁਧਾਰਿਆ ਨਹੀਂ ਜਾ ਸਕਦਾ । ਇਸ ਲਈ ਸਾਡੇ ਵਿਦਿਅਕ ਢਾਂਚੇ ਵਿੱਚ ਕੁਝ ਸਿਰਜਣਾਤਮਕ ਤਬਦੀਲੀਆਂ ਕਰਨੀਆਂ ਜ਼ਰੂਰੀ ਹਨ ।ਇਹ ਵੀ ਸੰਭਵ ਨਹੀਂ ਹੈ ਕਿ ਸਾਰੀ ਜਿੰਮੇਵਾਰੀ ਸਰਕਾਰ ਤੇ ਸੁੱਟ ਦਿੱਤੀ ਜਾਵੇ ਤੇ ਸਿਰਫ਼ ਸਰਕਾਰ ਦਾ ਵਿਰੋਧ ਕਰਨ ਤੋਂ ਬਿਨਾਂ ਹੋਰ ਕੁੱਝ ਵੀ ਨਾ ਕੀਤਾ ਜਾਵੇ । ਇਸ ਲਈ ਸਾਨੂੰ ਸਭ ਨੂੰ ਕੋਸਿ਼ਸ਼ ਕਰਨੀ ਚਾਹੀਦੀ ਹੈ । ਇਸ ਵਿੱਚ ਮਾਂ ਬਾਪ ਤੇ ਅਧਿਆਪਕਾਂ ਨੂੰ ਇੱਕ ਬਹੁਤ ਵੱਡੀ ਭੂਮਿਕਾ ਨਿਭਾਉਣ ਦੀ ਲੋੜ ਹੈ । ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਬੱਚਿਆਂ ਦੀ ਮੱਦਦ ਕਰੀਏ ਜਿਸ ਨਾਲ਼ ਉਹ ਵਿੱਦਿਅਕ ਢਾਂਚੇ ਦੇ ਬੋਝ ਤੋਂ ਬਚ ਸਕਣ । ਇੱਕ ਖਾਸ ਉਮਰ ਜਾਂ ਜਮਾਤ ਪਾਸ ਕਰਨ ਤੋਂ ਬਾਅਦ ਹਰੇਕ ਬੱਚੇ ਦਾ ਇੱਕ ਬੌਧਿਕ ਜਾਂ ਕਲਾਤਮਿਕ ਟੈਸਟ ਹੋਣਾ ਜਰੂਰੀ ਹੈ । ਜਿਸ ਵਿੱਚ ਇਹ ਨਿਸ਼ਚਿਤ ਕੀਤਾ ਜਾਏ ਕਿ ਬੱਚਾ ਕਿਸ ਕੰਮ ਜਾਂ ਖੇਤਰ ਵਿੱਚ ਦਿਲਚਸਪੀ ਰੱਖਦਾ ਹੈ । ਬਜਾਏ ਕਿ ਮਾਪੇ ਬੱਚੇ ਨੂੰ ਆਪਣੀ ਸੋਚ ਜਾਂ ਆਪਣੀ ਜ਼ਰੂਰਤ ਮੁਤਾਬਿਕ ਢਾਲਣ, ਬੱਚੇ ਦੀ ਆਪਣੀ ਦਿਲਚਸਪੀ ਤੇ ਯੋਗਤਾ ਮੁਤਾਬਿਕ ਭਵਿੱਖ ਦਾ ਫੈਸਲਾ ਲਿਆ ਜਾਣਾ ਜਿ਼ਆਦਾ ਬਿਹਤਰ ਹੋਵੇਗਾ । ਮਾਂ ਬਾਪ ਨੂੰ ਚਾਹੀਦਾ ਹੈ ਕਿ ਉਹ ਆਪਣੇ ਸਮਾਜਿਕ ਵਕਾਰ ਲਈ ਬੱਚਿਆਂ ਨੂੰ ਦਾਅ ਤੇ ਲਾਉਣ ਤੋਂ ਪਹਿਲਾਂ ਸੋਚਣ । ਮਾਂ ਬਾਪ ਤੇ ਅਧਿਆਪਕਾਂ ਨੂੰ ਆਪਣੀ ਜਿੰਦਗੀ ਦਾ ਤਜ਼ਰਬਾ ਬੱਚਿਆਂ ਦੀਆਂ ਯੋਗਤਾਵਾਂ ਨੂੰ ਪਹਿਚਾਨਣ ਤੇ ਵਿਕਸਿਤ ਕਰਨ ਵੱਲ ਲਗਾਉਣਾ ਚਾਹੀਦਾ ਹੈ, ਨਾ ਕਿ ਉਨ੍ਹਾਂ ਦੀਆਂ ਕਮੀਆਂ ਤੇ ਕਮਜ਼ੋਰੀਆਂ ਨੂੰ ਉਘਾੜਣ ਵੱਲ । ਅਧਿਆਪਕਾਂ ਲਈ ਬੱਚਿਆਂ ਦੇ ਹਿਤੈਸ਼ੀ ਬਨਣਾ ਜ਼ਰੂਰੀ ਹੈ । ਜਿੰਦਗੀ ਦੀਆਂ ਸਮੱਸਿਆਵਾਂ ਦਾ ਮੁਕਾਬਲਾ ਕਰਨ ਲਈ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ । “ਜਿੰਦਗੀ ਇੱਕ ਦੌੜ ਹੈ” ਬੱਚਿਆਂ ਦੇ ਮਨਾਂ ‘ਚ ਇਹ ਗੱਲ ਭਰਨ ਦੀ ਬਜਾਏ, ਦੌੜ ‘ਚ ਰਹਿੰਦੇ ਹੋਏ ਜਿੱਤ ਨੂੰ ਮਾਨਣ ਤੇ ਹਾਰ ਨੂੰ ਹੱਸ ਸਕੇ ਬਰਦਾਸ਼ਤ ਕਰਨ ਬਾਰੇ ਬੱਚਿਆਂ ਨੂੰ ਸਿੱਖਿਅਤ ਕਰਨਾ, ਸ਼ਾਇਦ ਜਿ਼ਆਦਾ ਬਿਹਤਰ ਨਤੀਜੇ ਪ੍ਰਦਾਨ ਕਰ ਸਕਦਾ ਹੈ ।

No comments: