ਮੇਰਾ ਮੋਬਾਇਲ ਫ਼ੋਨ……… ਲੇਖ / ਗਿਆਨੀ ਸੰਤੋਖ ਸਿੰਘ


2008 ਵਿਚ ਮੈ ਏਧਰ ਓਧਰ ਘੁੰਮਦਾ ਘੁੰਮਾਉਂਦਾ ਯੂਰਪ ਜਾ ਵੜਿਆ। ਬੈਲਜੀਅਮ ਦੀ ਰਾਜਧਾਨੀ ਬਰੱਸਲ ਤੋਂ ਬੱਸ ਤੇ ਰੇਲ ਰਾਹੀਂ ਸਵਿਟਜ਼ਰਲੈਂਡ ਦੇ ਸ਼ਹਿਰ ਲਾਂਗਨਥਾਲ ਪਹੁੰਚ ਗਿਆ। ਇਕ ਸ਼ਾਮ ਨੂੰ ਗੁਰਦੁਆਰਾ ਸਾਹਿਬ ਜੀ ਦੇ ਪ੍ਰਧਾਨ, ਮਾਸਟਰ ਕਰਨ ਸਿੰਘ ਜੀ, ਮੈਨੂੰ ਆਪਣੀ ਕਾਰ ਵਿਚ, ਲਾਂਗਨਥਾਲ ਤੋਂ ਮੇਰੇ ਭਤੀਜੇ, ਹਰਦੀਪ ਸਿੰਘ ਅਤੇ ਗੁਰਦੀਪ ਸਿੰਘ ਦੇ ਦੋਸਤ, ਸ. ਗੁਰਬੀਰ ਸਿੰਘ ਪਾਸ, ਜ਼ਿਊਰਕ ਸ਼ਹਿਰ ਨੂੰ ਲਿਜਾ ਰਹੇ ਸਨ। ਇਹ ਮਾਸਟਰ ਜੀ ਵੀ ਇਕ ਅਦਭੁਤ ਵਿਅਕਤਿਤਵ ਦੇ ਮਾਲਕ ਨੌਜਵਾਨ ਸੱਜਣ ਹਨ। ਸੰਤ ਜਰਨੈਲ ਸਿੰਘ ਜੀ ਦੀ ਗ੍ਰਿਫ਼ਤਾਰੀ ਵਿਰੁਧ ਰੋਸ ਪ੍ਰਗਟਾਉਣ ਲਈ ਇਹਨਾਂ ਨੇ ਹਵਾਈ ਜਹਾਜ ਸਕਾਈਜੈਕ ਕਰਕੇ ਪਾਕਿਸਤਾਨ ਖੜਿਆ ਸੀ ਤੇ ਓਥੇ ਇਸ ‘ਗੁਨਾਹ’ ਦੀ ਪੂਰੀ ਸਜਾ ਵਜੋਂ ਕੈਦ ਕੱਟ ਕੇ, ਹੁਣ ਸਵਿਟਜ਼ਰਲੈਂਡ ਦੇ ਸ਼ਹਿਰ. ਜ਼ਿਊਰਕ ਵਿਚ, ਆਪਣੇ ਸਾਥੀਆਂ ਅਤੇ ਪਰਵਾਰ ਨਾਲ਼ ਰਹਿ ਰਹੇ ਹਨ। ਯੂਰਪ ਦੇ ਪ੍ਰਸਿਧ ਕਾਰੋਬਾਰੀ ਅਤੇ ਪੰਥਕ ਸੋਚ ਵਾਲ਼ੇ ਸੱਜਣ, ਸ. ਰਣਜੀਤ ਸਿੰਘ ਜੀ, ਦੇ ਉਦਮ ਨਾਲ਼ ਬਣੇ ਗੁਰਦੁਆਰਾ ਸਾਹਿਬ ਵਿਖੇ, ਮੁਖ ਪ੍ਰਬੰਧਕ ਵਜੋਂ ਸੇਵਾ ਕਰ ਰਹੇ ਹਨ। ਮਾਸਟਰ ਜੀ ਬਚਿਆਂ ਨਾਲ਼ ਬੱਚੇ, ਸਿਆਣਿਆਂ ਨਾਲ਼ ਸਿਆਣੇ, ਹਰ ਵਕਤ ਚੜ੍ਹਦੀਕਲਾ ਵਿਚ ਵਿਚਰਨ ਵਾਲ਼ੇ ਨੌਜਵਾਨ ਹਨ। ਕੈਦਾਂ ਕੱਟ ਕੱਟ ਕੇ ਤੇ ਚੌਥਾਈ ਸਦੀ ਤੋਂ ਵੀ ਵਧ ਸਮਾ ਜਲਾਵਤਨੀ ਦਾ ਕੱਟ ਕੇ, ਦਾਹੜੀ ਦੇ ਵਾਲ਼ ਭਾਵੇਂ ਵਾਹਵਾ ਗਿਣਤੀ ਵਿਚ ਚਿੱਟੇ ਹੋ ਗਏ ਹਨ ਪਰ ਦਿਲ ਕਿਸੇ ਵੀ ਨੌਜਵਾਨ ਨਾਲੋਂ ਵਧ ਚੜ੍ਹਦੀਕਲਾ ਵਾਲ਼ਾ ਹੈ। ਤਿੱਖੇ ਨਕਸ਼, ਗੋਰਾ ਰੰਗ, ਕੱਕੀ ਦਾਹੜੀ, ਹਸੂੰ ਹਸੂੰ ਕਰਦਾ ਮੁਖੜਾ, ਹਰ ਸਮੇ ਦੂਸਰਿਆਂ ਦੀ ਸੇਵਾ ਤੇ ਸਹਾਇਤਾ ਲਈ ਤਤਪਰ, ਸੁਮਧਰ ਕੱਦ ਅਤੇ ਛੋਹਲ਼ੀ ਸ਼ਖ਼ਸੀਅਤ ਦੇ ਮਾਲਕ ਹਨ। ਬੱਚੇ ਤਾਂ ਇਹਨਾਂ ਦੀ ਗੋਦ ਵਿਚ ਬੈਠ ਤੇ ਮੋਢੇ ਲੱਗ ਕੇ ਆਪਣੀ ਮਾਂ ਵਾਂਗ ਹੀ ਸਕੂਨ ਸ਼ਾਇਦ ਮਹਿਸੂਸ ਕਰਦੇ ਹੋਣ! ਮੈ ਬੱਚਿਆਂ ਨੂੰ ਇਹਨਾਂ ਦੇ ਮੋਢਿਆਂ ਨਾਲ਼ ਲੱਗ ਕੇ ਬੇਫਿਕਰਾ ਨਿਘ ਮਾਣਦਿਆਂ ਖ਼ੁਦ ਵੇਖਿਆ ਹੈ। ਜ਼ਿਊਰਕ ਵੱਲ ਕਾਰ ਤੇ ਜਾਂਦਿਆਂ ਰਾਤ ਤਾਂ ਭਾਵੇਂ ਅਜੇ ਪਈ ਨਹੀ ਸੀ ਆਖੀ ਜਾ ਸਕਦੀ ਪਰ ਸੜਕਾਂ ਤੇ ਹਨੇਰਾ ਜਰੂਰ ਸੀ। 120 ਕਿਲੋ ਮੀਟਰ ਦੀ ਰਫ਼ਤਾਰ ਨਾਲ਼ ਕਾਰ ਜਾ ਰਹੀ ਸੀ। ਸੱਜਾ ਹੱਥ ਮਾਸਟਰ ਜੀ ਦਾ ਸਟੇਅਰਿੰਗ ਉਤੇ ਸੀ ਤੇ ਖੱਬੇ ਹੱਥ ਨਾਲ ਇਹਨਾਂ ਨੇ ਮੋਬਾਇਲ ਫੜ ਕੇ, ਖੱਬੇ ਹੀ ਕੰਨ ਨੂੰ ਲਾਇਆ ਹੋਇਆ ਸੀ। ਬੜੀ ਬੇਪਰਵਾਹੀ ਨਾਲ਼, ਮੋਬਾਇਲ ਦੇ ਦੂਜੇ ਸਿਰੇ ਵਾਲ਼ੇ ਵਿਅਕਤੀ ਨਾਲ਼ ਬਚਨ ਬਿਲਾਸ ਕਰ ਰਹੇ ਸਨ। ਇਕ ਨੂੰ ਛੱਡ ਕੇ ਦੂਜੇ ਨਾਲ਼ ਹੱਸ ਹੱਸ ਬੋਲ ਰਹੇ ਸਨ। ਵਿਚ ਵਿਚ ਕਿਸੇ ਹੋਰ ਸੱਜਣ ਵੱਲੋਂ ਆਈ ਰਿੰਗ ਦਾ ਜਵਾਬ ਵੀ ਓਸੇ ਹੀ ਬੇਪਰਵਾਹੀ ਨਾਲ਼ ਦੇ ਰਹੇ ਸਨ। ਬੇਪਰਵਾਹੀ ਵਿਚ ਇਉਂ ਹੀ ਬਚਨ ਕਰ ਰਹੇ ਸਨ ਜਿਵੇਂ ਕਿ ਆਰਾਮ ਨਾਲ਼ ਆਪਣੇ ਘਰ ਦੀ ਬੈਠਕ ਵਿਚ ਵੇਹਲੇ ਬੈਠੇ ਹੋਏ ਹੋਣ। ਇਹਨਾਂ ਦੀ ਅਜਿਹੀ ਕਾਰ ਗੁਜਾਰੀ ਵੇਖ ਵੇਖ ਕੇ ਮੈ ਵਿਚੇ ਵਿਚ ਡਰੀ ਜਾਵਾਂ। ਠੀਕ ਹੈ, ਜਵਾਨੀ ਵਿਚ ਮਨੁਖ ਨੂੰ ਮੌਤ ਦਾ ਡਰ ਬਹੁਤ ਘੱਟ ਹੁੰਦਾ ਹੈ ਕਿਉਂਕਿ ਜਵਾਨੀ ਵਿਚ ਉਸ ਦੇ ਸਾਹਮਣੇ ਹੋਰ ਕਈ ਕਰਨ ਵਾਲ਼ੇ ਕੰਮ ਹੁੰਦੇ ਹਨ। ਮੌਤ ਨਾਲ਼ੋਂ ਕਈ ਗੁਣਾਂ ਵਧ ਉਸ ਨੂੰ ਆਪਣੀ ਪ੍ਰਸਿਧੀ, ਉਨਤੀ, ਇਜ਼ਤ, ਅਣਖ, ਬਹਾਦਰੀ, ਦਾਨਵੀਰਤਾ, ਸੂਰਵੀਰਤਾ, ਪਰਉਪਕਾਰਤਾ ਆਦਿ ਦੇ ਗੁਣ ਵਿਖਾਉਣ ਦਾ ਜ਼ਿਆਦਾ ਫਿਕਰ ਹੁੰਦਾ ਹੈ। ਜਿਵੇਂ ਜਿਵੇਂ ਮਨੁਖ ਦੀ ਉਮਰ ਵਧਦੀ ਜਾਂਦੀ ਹੈ ਤਿਵੇਂ ਤਿਵੇਂ ਉਸ ਨੂੰ, ਸੰਸਾਰ ਦੀ ਅਸਲੀਅਤ ਦਾ ਗਿਆਨ ਹੋਣ ਦੇ ਨਾਲ਼ ਨਾਲ਼, ਮੌਤ ਦਾ ਫਿਕਰ ਵੀ ਵਧਦਾ ਜਾਂਦਾ ਹੈ; ਭਾਵੇਂ ਕਿ ਹੋਣਾ ਇਸ ਦੇ ਉਲ਼ਟ ਚਾਹੀਦਾ ਹੈ।
ਕਦੀ ਮੇਰੀ ਅੱਖ ਸਪੀਡ ਦੀ ਸੂਈ ਵੱਲ ਜਾਵੇ ਤੇ ਕਦੀ ਇਹਨਾਂ ਦੇ ਮੁਖਾਰਬਿੰਦ ਵੱਲ; ਪਰ ਇਹ ਬੇਪਰਵਾਹੀ ਨਾਲ਼ ਆਪਣੇ ਦੋਵੇਂ ਕਾਰਜ ਕਰੀ ਜਾਣ। ਅਰਥਾਤ ਕਾਰ ਵੀ ਦੌੜਾਈ ਜਾਣ ਤੇ ਫ਼ੋਨ ਉਪਰ ਇਹਨਾਂ ਦੇ ਬਚਨਾਂ ਦੀ ਰਫ਼ਤਾਰ ਵੀ ਮੈਨੂੰ ਕਾਰ ਦੀ ਰਫ਼ਤਾਰ ਨਾਲ਼ੋਂ ਘੱਟ ਨਾ ਜਾਪੇ। ਜਦੋਂ ਦੀ ਮੈਨੂੰ ਥੋਹੜੀ ਬਹੁਤੀ ਕਾਰ ਸੜਕ ਤੇ ਰੇੜ੍ਹਨ ਦੀ ਜਾਚ ਆਈ ਹੈ ਓਦੋਂ ਦਾ ਹੋਰ ਕੋਈ ਲਾਭ ਹੋਇਆ ਹੋਵੇ ਜਾਂ ਨਾ ਪਰ ਕਿਸੇ ਦੇ ਨਾਲ਼ ਕਾਰ ਵਿਚ ਬੈਠਿਆਂ ਮੈਨੂੰ ਰਫ਼ਤਾਰ ਵਾਲ਼ੀ ਸੂਈ ਪੜ੍ਹਨ ਦੀ ਜਾਚ ਆ ਗਈ ਹੈ। ਕਬੀਰ ਜੀ ਦੇ ਸ਼ਬਦਾਂ ਵਿਚ:
ਜਿਨਹੂ ਕਿਛੂ ਜਾਨਿਓ ਨਹੀ ਤਿਨ ਸੁਖ ਨੀਦ ਬਿਹਾਇ॥
ਹਮਹੁ ਜੋ ਬੂਝਾ ਬੂਝਨਾ ਪੂਰੀ ਪਰੀ ਬਲਾਇ॥
ਅਨੁਸਾਰ ਇਸ ਜਾਣਕਾਰੀ ਨੇ ਕੋਈ ਲਾਭ ਪੁਚਾਉਣ ਦੀ ਥਾਂ ਸਗੋਂ ਮੇਰੇ ਕਾਰ ਦੇ ਹੂਟੇ ਦਾ ਆਨੰਦ ਹੀ ਘਟਾ ਦਿਤਾ ਹੈ। ਜਿਸ ਦੇ ਹੱਥ ਵਿਚ ਸਟੇਅਰਿੰਗ ਹੁੰਦਾ ਹੈ ਉਸ ਨੂੰ ਤਾਂਪਤਾ ਹੁੰਦਾ ਹੈ ਕਿ ਉਹ ਕੀ ਕਰ ਰਿਹਾ ਹੈ ਕਿਉਂਕਿ ਕਾਰ ਦਾ ਕੰਟ੍ਰੋਲ ਉਸ ਦੇ ਵੱਸ ਵਿਚ ਹੁੰਦਾ ਹੈ ਪਰ ਮੈ ਬੇਲੋੜਾ ਹੀ ਕਾਰ ਦੀ ਰਫ਼ਤਾਰ ਵੇਖ ਵੇਖ ਫਿਕਰਮੰਦ ਹੋਈ ਜਾਂਦਾ ਹਾਂ। ਫਿਰ ਜਦੋਂ ਦੇ ਮੋਬਾਇਲ ਚੱਲੇ ਹਨ ਤਦੋਂ ਦੀ ਤਾਂ ਬਹੁਤ ਹੀ ਜਾਨ ਸ਼ਿਕੰਜੇ ਵਿਚ ਆ ਜਾਂਦੀ ਹੈ। ਚਾਲਕ ਤਾਂ ਮਜੇ ਨਾਲ਼ ਦੋਵੇਂ ਕਾਰਜ ਕਰੀ ਜਾਂਦਾ ਹੈ ਪਰ ਮੈ ਨਾਲ਼ ਦੀ ਸੀਟ ਤੇ ਬੈਠਾ ਐਵੇਂ ਹੀ ਔਖਾ ਹੋਈ ਜਾਂਦਾ ਹਾਂ।
ਜਿਵੇਂ ਹੀ ਮਾਸਟਰ ਜੀ ਦੀ ਫ਼ੋਨੀ ਗੱਲ ਬਾਤ ਵਿਚ ਜਰਾ ਕੁ ਵਿਥ ਦਿਸੀ ਤਾਂ ਮੈ, ਵਿਆਹ ਵਿਚ ਬੀ ਦਾ ਲੇਖਾ ਪਾ ਦਿਤਾ। ਅਰਥਾਤ ਆਪਣੀ ਸਿੱਖਿਆ ਦੀ ਪਟਾਰੀ ਖੋਹਲ ਲਈ। ਮੈ ਕਿਹਾ, “ਮਾਸਟਰ ਜੀ, ਆਪਾਂ ਏਨੀ ਟ੍ਰੈਫਿਕ ਨਾਲ਼ ਭਰੀ ਹੋਈ ਸੜਕ ਤੇ, ਰਾਤ ਦੇ ਹਨੇਰੇ ਵਿਚ ਜਾ ਰਹੇ ਹਾਂ। ਕਾਰ ਦੀ ਸਪੀਡ ਵੀ ਏਨੀ ਜ਼ਿਆਦਾ ਹੈ ਕਿ ਕਾਨੂੰਨ ਦੀ ਹੱਦੋਂ ਵੀ, ਮੇਰਾ ਯਕੀਨ ਹੈ, ਵਧ ਹੀ ਹੋਵੇਗੀ। ਇਸ ਹਾਲਤ ਵਿਚ ਹਾਦਸੇ ਦਾ ਖ਼ਤਰਾ ਵੀ ਹੋ ਸਕਦਾ ਹੈ ਤੇ ਜੇ ਪੁਲਸ ਦੀ ਨਿਗਾਹ ਪੈ ਗਈ ਤਾਂ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ। ਫਿਰ ਤੁਹਾਡੇ ਬਚਨਾਂ ਤੋਂ ਮੈਨੂੰ ਅਜਿਹਾ ਵੀ ਕੋਈ ਅਹਿਸਾਸ ਨਹੀ ਹੋ ਰਿਹਾ ਕਿ ਤੁਸੀਂ ਕੋਈ ਬਹੁਤ ਹੀ ਜ਼ਰੂਰੀ ਮਸਲਾ ਵਿਚਾਰ ਰਹੇ ਹੋਵੇ ਜਿਸ ਵਿਚ, ਘਰ ਪਹੁੰਚਣ ਤੱਕ ਦੇ ਸਮੇ ਜਿੰਨੀ ਉਡੀਕ ਨਹੀ ਕੀਤੀ ਜਾ ਸਕਦੀ। ਤੁਸੀਂ ਘਰ ਪਹੁੰਚ ਕੇ ਵੀ ਇਹਨਾਂ ਸੱਜਣਾਂ ਨਾਲ਼ ਗੱਪ ਸ਼ੱਪ ਮਾਰ ਸਕਦੇ ਹੋ। ਸਨ ਤਾਂ ਉਹ ਨੌਜਵਾਨ ਤੇ ਕਾਰ ਵੀ ਆਪਣੀ ਉਪਰ ਹੀ ਮੈਨੂੰ ਲਿਫਟ ਦੇ ਰਹੇ ਸਨ ਪਰ ਉਹਨਾਂ ਨੇ ਮੇਰੀ ਗੱਲ ਮੰਨ ਲਈ। ਕਾਰ ਦੀ ਰਫ਼ਤਾਰ ਵੀ ਘਟ ਕਰ ਲਈ ਤੇ ਆਉਣ ਵਾਲ਼ੀਆਂ ਰਿੰਗਾਂ ਦੇ ਜਵਾਬ ਵੀ, “ਕਾਰ ਚਲਾਉਂਦਾ ਹਾਂ; ਫਿਰ ਰਿੰਗਿਓ!” ਆਖਣਾ ਸ਼ੁਰੂ ਕਰ ਦਿਤਾ।
ਮਾਸਟਰ ਜੀ ਦੀ ਕਾਰ ਦੀ ਰਫ਼ਤਾਰ ਤੇ ਇਹਨਾਂ ਦੀ ਬਾਤ ਦੀ ਰਫ਼ਤਾਰ ਤੋਂ ਮੈਨੂੰ ਕੁਝ ਸਾਲ ਪਹਿਲਾਂ ਦੀ ਵਾਪਰੀ ਇਕ ਘਟਨਾ ਯਾਦ ਆ ਗਈ। ਓਦੋਂ ਅਜੇ ਮੋਬਾਇਲ ਨਵੇ ਨਵੇ ਹੀ ਚੱਲੇ ਸਨ ਤੇ ਅਜੇ ਸਰਕਾਰ ਨੇ ਗੱਡੀ ਚਲਾਉਣ ਸਮੇ ਇਹਨਾਂ ਦੀ ਵਰਤੋਂ ਉਪਰ ਪਾਬੰਦੀ ਵੀ ਨਹੀ ਸੀ ਲਾਈ। ਸਾਡੇ ਘਰੋਂ ਰੂਟੀ ਹਿੱਲ ਰੇਲਵੇ ਸਟੇਸ਼ਨ ਨੂੰ ਜਾਈਏ ਤਾਂ ਅਧ ਵਿਚਾਲ਼ੇ ਟ੍ਰੈਫ਼ਿਕ ਲਾਈਟਾਂ ਆਉਂਦੀਆਂ ਹਨ। ਏਥੇ ਬਲੈਕ ਟਾਊਨ ਵਾਲ਼ੇ ਪਾਸੇ ਵੱਲੋਂ ਆਉਣ ਵਾਲੀ ਈਸਟਰਨ ਰੋਡ ਆ ਕੇ, ਟ੍ਰੈਫਿਕ ਲਾਈਟਾਂ ਤੋਂ, ਫ਼ਰਾਂਸਿਸ ਰੋਡ ਵਿਚ ਮਰਜ ਹੁੰਦੀ ਹੈ ਤੇ ਇਹ ਚੌਕ ਬਣ ਜਾਂਦਾ ਹੈ। ਮੈ ਘਰੋਂ ਸਟੇਸ਼ਨ ਨੂੰ ਕਾਰ ਤੇ ਜਾ ਰਿਹਾ ਸਾਂ; ਏਥੇ ਲਾਲ ਬੱਤੀ ਹੋ ਗਈ। ਸੱਜੇ ਪਾਸੇ ਤੋਂ ਬਹੁਤ ਵੱਡਾ ਤੇ ਉਚਾ ਟਰਾਲਾ ਆ ਰਿਹਾ ਸੀ। ਉਸ ਦਾ ਚੰਗਾ ਸੇਹਤਮੰਦ ਡਰਾਈਵਰ, ਖੱਬੇ ਹੱਥ ਵਿਚ ਮੋਬਾਇਲ ਫੜੀ ਗੱਪਾਂ ਮਾਰ ਰਿਹਾ ਸੀ। ਸੱਜੇ ਹੱਥ ਨਾਲ਼, ਮਜੇ ਵਿਚ ਸਟੇਅਰਿੰਗ ਨੂੰ ਇਉਂ ਘੁਮਾ ਰਿਹਾ ਸੀ ਜਿਵੇਂ ਉਹ ਭਾਰੀ ਟਰਾਲੇ ਦਾ ਸਟੇਅਰਿੰਗ ਨਾ ਹੋ ਕੇ, ਕੋਈ ਖਿਡਾਉਣਾ ਹੋਵੇ। ਮੇਰੀ ਨੀਵੀ ਤੇ ਨਿੱਕੀ ਜਿਹੀ ਕਾਰ ਉਸ ਵਿਸ਼ਾਲ ਟਰਾਲੇ ਦੇ ਸਾਹਮਣੇ ਖਿਡਾਉਣੇ ਸਮਾਨ ਲੱਗੇ। ਟਰਾਲੇ ਦੀ ਭਿਆਨਕਤਾ ਤੇ ਆਪਣੀ ਕਾਰ ਦੀ ਨਿਮਾਣਤਾ ਵੇਖ ਕੇ ਮੈ ਵਿਚੇ ਵਿਚ ਡਰ ਜਿਹਾ ਮੰਨੀ ਜਾਵਾਂ। ਸੋਚਾਂ ਕਿ ਜਰਾ ਕੁ ਵੀ ਡਰਾਈਵਰ ਦੀ ਲਾਪਰਵਾਹੀ ਨਾਲ਼, ਦੋ ਚਾਰ ਉਂਗਲ਼ ਦਾ ਵੀ ਫਰਕ ਪੈ ਗਿਆ ਤਾਂ ਮੇਰਾ, ਸਮੇਤ ਕਾਰ ਦੇ ਦਰੜੇ ਜਾ ਕੇ, ਕਚੂੰਬਰ ਨਿਕਲ਼ ਜੂ। ਰੱਬ ਰੱਬ ਕਰਕੇ ਟਰਾਲਾ ਸੁਖੀਂ ਸਾਂਦੀ ਹੀ ਮੇਰੇ ਸੱਜੇ ਹੱਥ ਵੱਲੋਂ, ਆਪਣੇ ਖੱਬੇ ਹੱਥ ਮੁੜ ਗਿਆ। ਮੈ, "ਜਾਨ ਬਚੀ ਤੋ ਲਾਖੋਂ ਪਾਏ।" ਆਖ ਕੇ ਸੁਖ ਦਾ ਸਾਹ ਲਿਆ। ਮੇਰਾ ਆਪਣਾ ਤਾਂ ਡਰਾਈਵਰੀ ਦਾ ਏਨਾ ਵਧੀਆ ਰਿਕਾਰਡ ਹੈ ਕਿ ਏਥੋਂ ਦੇ ਸਰਕਾਰੀ ਮਹਿਕਮੇ ਨੇ ਮੈਨੂੰ, ਮੇਰਾ ਕਾਰ ਦਾ ਲਸੰਸ ਵੇਖ ਕੇ, 1981 ਵਿਚ ਟਰੇਨੀ ਬੱਸ ਡਰਾਈਵਰ ਭਰਤੀ ਕਰ ਲਿਆ। ਉਹਨਾਂ ਨੂੰ ਕੀ ਪਤਾ ਸੀ ਕਿ ਮੈ ਅੰਮ੍ਰਿਤਸਰ ਦਾ ਲਾਇਸੰਸ ਵਿਖਾ ਕੇ, ਏਥੋਂ ਦਾ ਲਾਇਸੰਸ ਲਿਆ ਹੋਇਆ ਹੈ। ਮੇਰਾ ਗਿਆਨ ਗੱਡੀਆਂ ਬਾਰੇ ਏਨਾ ਸੀ ਕਿ ਜਦੋਂ ਮੈਨੂੰ ਇਨਸਟ੍ਰਕਟਰ ਨੇ ਇਹ ਪੁੱਛਿਆ ਕਿ ਮੈ ਆਟੋਮੈਟਿਕ ਕਾਰ ਚਲਾਉਂਦਾ ਹਾਂ ਕਿ ਮੈਨੂਅਲ! ਤਾਂ ਮੈਨੂੰ ਇਹਨਾਂ ਦੋਹਾਂ ਵਿਚਲੇ ਫਰਕ ਦਾ ਨਹੀ ਸੀ ਪਤਾ। ਮੈ ਕੰਨਾ ਘੇਸਲ ਜਿਹੀ ਮਾਰ ਕੇ ਭੁਲੇਖਾ ਕਾਇਮ ਰੱਖਣ ਵਿਚ ਕਾਮਯਾਬ ਰਿਹਾ। ਉਸ ਨੇ ਆਪੇ ਹੀ ਆਖਿਆ, “ਕੀ ਮੈ ਮੈਨੂਅਲ ਕਾਰ ਚਲਾਈ ਹੈ?” ਦੇ ਜਵਾਬ ਵਿਚ ਮੈ ਹਾਂ ਆਖ ਦਿਤਾ ਤੇ ਉਹ ਖ਼ੁਸ਼ ਹੋ ਗਿਆ ਤੇ ਉਸ ਨੇ ਆਖਿਆ ਕਿ ਫਿਰ ਮੈ ਛੇਤੀ ਹੀ ਬੱਸ ਚਲਾਉਣੀ ਸਿੱਖ ਜਾਵਾਂਗਾ। ਮੇਰੀ ਡਰਾਈਵਰੀ ਦੀ 'ਯੋਗਤਾ' ਵੇਖ ਕੇ ਉਸ ਨੇ ਤੀਜੇ ਦਿਨ ਹੀ, ਲੰਚ ਬਰੇਕ ਤੋਂ ਬਾਅਦ, ਮੈਨੂੰ ਡੀਪੋ ਮੈਨੇਜਰ ਦੇ ਪੇਸ਼ ਕਰਕੇ ਸਾਰਾ 'ਕਿੱਸਾ’ ਬਿਆਨ ਕਰ ਦਿਤਾ। ਮੈਨੇਜਰ ਨੇ ਮੈਨੂੰ ਬੱਸੋਂ ਲਾਹ ਕੇ ਕੰਡਕਟਰ ਦੀ ਡਿਊਟੀ ਤੇ ਲਾ ਕੇ, ਰੀਪੋਰਟ ਉਪਰ ਭੇਜ ਦਿਤੀ। ਛੇਤੀ ਹੀ ਉਪਰੋਂ ਜਵਾਬ ਆ ਗਿਆ ਮੈਨੂੰ ਘਰ ਨੂੰ ਤੋਰ ਦਿਤਾ ਗਿਆ। ਕਿਸੇ ਨੇ ਪੁੱਛਿਆ ਕੀ ਹੋਇਆ? ਮੈ ਆਖਿਆ, “ਉਹ ਆਂਹਦੇ ਨੇ, “ੈੋੁ ੳਰੲ ਟੋ ਗੋਦ ਟੋ ਦਰਵਿੲ."
ਘਰ ਵਾਲ਼ੀ ਦੇ ਮੁੜ ਮੁੜ ਜੋਰ ਦੇਣ ਤੇ, ਨਾ ਚਾਹੁੰਦਿਆਂ ਹੋਇਆਂ ਵੀ ਮੈ 1982 ਵਿਚ ਇਕ ਪੁਰਾਣੀ ਕਾਰ, ਨਿਲਾਮੀ ਤੋਂ ਖ਼ਰੀਦ ਲਈ। ਇਹ ਕਾਰ ਖ਼ਰੀਦਣ ਪਿੱਛੋਂ ਮੈਨੂੰ 1964 ਵਾਲ਼ੇ ਦਿਨਾਂ ਵਾਲ਼ੀ ਪਟਿਆਲੇ ਵਿਚਲੀ ਆਪਣੀ ਹਾਲਤ ਚੇਤੇ ਆ ਗਈ। ਏਥੇ ਉਸ ਸਮੇ ਮੈ ਇਕ ਪੁਰਾਣਾ ਸਾਈਕਲ ਖ਼ਰੀਦ ਲਿਆ ਸੀ। ਕਦੀ ਮੈ ਸਾਈਕਲ ਉਤੇ ਤੇ ਕਦੀ ਸਾਈਕਲ ਮੇਰੇ ਉਤੇ। ਅਖੀਰ ਉਸ ਸਾਈਕਲ ਨੂੰ ਪੈਨਸ਼ਨ ਦੇ ਕੇ, ਕਿਸ਼ਤਾਂ ਉਪਰ ਨਵਾਂ ਸਾਈਕਲ ਖ਼ਰੀਦਿਆ ਕਿਉਂਕਿ ਸਾਈਕਲ ਬਿਨਾ ਸਰਦਾ ਨਹੀ ਸੀ। ਰਿਹਾਇਸ਼ ਮੇਰੀ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਸੀ। ਸਵੇਰੇ ਸ਼ਾਮ ਕੀਰਤਨ ਦਾ ਪਹਿਰਾ ਗੁਰਦੁਆਰਾ ਮੋਤੀ ਬਾਗ ਵਿਖੇ ਸੀ ਤੇ ਦਿਨੇ ਪੜ੍ਹਨ ਸ਼ਹਿਰ ਵਿਚ ਜਾਣਾ ਹੁੰਦਾ ਸੀ। ਇਸ ਲਈ ਸਾਈਕਲ ਤੋਂ ਬਿਨਾ ਓਥੇ ਗੁਜ਼ਾਰਾ ਓਨਾ ਹੀ ਮੁਸ਼ਕਲ ਸੀ ਜਿੰਨਾ ਏਥੇ ਕਾਰੋਬਾਰੀ ਸੱਜਣਾਂ ਵਾਸਤੇ ਕਾਰ ਤੋਂ ਬਿਨਾ। ਮੇਰੀ ਸੋਚ ਅਨੁਸਾਰ ਤਾਂ ਏਥੇ ਕਾਰ ਤੋਂ ਬਿਨਾ ਬੰਦਾ ‘ਬੇਕਾਰ’ ਹੀ ਹੈ। ਮੇਰੇ ਕਾਰ ਖ਼ਰੀਦਣ ਦੀ ਖ਼ਬਰ ਮਿਲ਼ਨ ਤੇ ਇਕ ਸਿਆਣੇ ਜਾਣੂ ਸੱਜਣ ਨੇ, ਮੇਰੀ ਗੈਰ ਹਾਜਰੀ ਵਿਚ, ਕੁਝ ਭੇਦ ਭਰੀ ਜਿਹੀ ਸੁਰ ਵਿਚ, ਮੇਰੇ ਛੋਟੇ ਭਰਾ ਨੂੰ ਪੁਛਿਆ, "ਗਿਆਨੀ ਜੀ ਕਾਰ ਦੇ ਵਿਚ ਬਹਿ ਕੇ ਕਾਰ ਚਲਾਉਂਦੇ ਨੇ ਜਾਂ ਕਿ ਕਾਰ ਤੋਂ ਬਾਹਰ ਖਲੋ ਕੇ!”
ਸੋਚ ਆਉਂਦੀ ਹੈ ਕਿ ਜਦੋਂ ਫ਼ੋਨ ਦੀ ਸਹੂਲਤ ਨਹੀ ਸੀ ਹੁੰਦੀ ਓਦੋਂ ਬੰਦਾ ਕਿਵੇਂ ਸਾਰਦਾ ਸੀ! ਫਿਰ ਫ਼ੋਨ ਲੱਗ ਗਏ। 1964 ਵਿਚ ਮੈ ਪਟਿਆਲੇ ਸਾਂ ਤੇ ਓਥੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਦਫ਼ਤਰ ਤੋਂ ਕਿਤੇ ਮੈ ਫ਼ੋਨ ਮਿਲਾਇਆ। ਓਦੋਂ ਡਾਇਲਿੰਗ ਸਿਸਟਮ ਨਹੀ ਸੀ ਹੁੰਦਾ। ਰਸੀਵਰ ਚੁੱਕਣ ਪਿੱਛੋਂ ਰੀਸੈਪਨਿਸ਼ਟ ਨੰਬਰ ਪੁੱਛਦੀ/ਪੁਛਦਾ ਹੁੰਦਾ ਸੀ ਤੇ ਉਸ ਨੂੰ ਨੰਬਰ ਦੱਸੀਦਾ ਸੀ; ਫਿਰ ਅੱਗੋਂ ਉਹ ਸਬੰਧਤ ਨੰਬਰ ਤੇ ਗੱਲ ਕਰਵਾਉਂਦਾ ਹੁੰਦਾ ਸੀ। ਮੇਰੇ ਇਹ ਕੁਝ ਕਰਨ ਸਮੇ ਲਾਗੇ ਸਟੋਰ ਕੀਪਰ ਬੈਠਾ ਹੋਇਆ ਸੀ। ਉਸ ਨੇ ਸ਼ਰਾਰਤ ਨਾਲ਼ ਮੇਰੇ ਕਲੇਜੇ ਵਾਲ਼ੇ ਥਾਂ ਉਪਰ ਹੱਥ ਰੱਖ ਦਿਤਾ। ਮੇਰੇ ਵੱਲੋਂ ਇਸ ਦਾ ਕਾਰਨ ਪੁੱਛਣ ਤੇ ਉਸ ਨੇ ਆਖਿਆ, "ਮੈ ਵੇਖਣ ਲੱਗਾ ਸੀ ਕਿ ਤੇਰਾ ਇਹ ਕੁਝ ਕਰਦੇ ਦਾ ਕਲ਼ੇਜਾ ਕਿੰਨਾ ਕੁ ਧੜਕਦਾ ਹੈ!" ਬਹੁਤ ਹੀ ਘੱਟ ਫ਼ੋਨ ਹੋਣ ਕਰਕੇ ਮੇਰੇ ਵਰਗਿਆਂ ਨੂੰ, ਉਹਨਾਂ ਨੂੰ ਵਰਤਣ ਦੀ ਜਾਚ ਵੀ ਨਹੀ ਸੀ ਹੁੰਦੀ। 1967 ਵਿਚ ਜਦੋਂ ਲਛਮਣ ਸਿੰਘ ਗਿੱਲ ਨੇ ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਮੂਧੀ ਮਾਰ ਕੇ ਖ਼ੁਦ ਸਰਕਾਰ ਤੇ ਕਬਜਾ ਕਰ ਲਿਆ ਅਤੇ ਅਕਾਲੀ ਸਿਆਸਤ ਦੇ ਮੁਖੀ, ਸੰਤ ਚੰਨਣ ਸਿੰਘ ਜੀ ਉਤੇ ਮੁਕੱਦਮੇ ਬਣਾ ਦਿਤੇ ਤਾਂ ਕਿ ਉਹ ਉਸ ਦੀ ਸਰਕਾਰ ਤੋੜਨ ਲਈ ਭਜ ਨੱਸ ਨਾ ਕਰ ਸਕਣ। ਅਕਾਲੀ ਸਿਆਸਤ ਦੇ ਮੁਖੀਆਂ ਵਿਚੋਂ ਰਹੇ ਹੋਣ ਕਰਕੇ ਸਰਦਾਰ ਗਿੱਲ ਨੂੰ ਪਤਾ ਸੀ ਕਿ ਉਸ ਦੀ ਸਰਕਾਰ ਨੂੰ ਸੰਤ ਚੰਨਣ ਸਿੰਘ ਹੀ ਤੁੜਵਾ ਸਕਦਾ ਹੈ। ਇਸ ਲਈ ਉਸ ਨੇ ਸੰਤ ਜੀ ਨੂੰ ਭੱਜ ਨੱਸ ਕਰਨ ਤੋਂ ਰੋਕਣ ਲਈ ਉਹਨਾਂ ਉਪਰ ਮੁਕੱਦਮੇ ਦਰਜ ਕਰਵਾ ਦਿਤੇ। ਦਰਜ ਮੁਕੱਦਮਿਆਂ ਕਰਕੇ ਗ੍ਰਿਫ਼ਤਾਰੀ ਤੋਂ ਬਚਣ ਲਈ ਉਹਨਾਂ ਨੂੰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ਼ ਲਗਵੇਂ ਮਕਾਨ ਵਿਚ ਆਪਣਾ ਨਿਵਾਸ ਕਰਨਾ ਪਿਆ। ਸੰਤ ਜੀ ਦੇ ਦੋਵੇਂ ਪੀ. ਏ., ਸ. ਮੇਜਰ ਸਿੰਘ ਤੇ ਸ. ਅਬਿਨਾਸ਼ੀ ਸਿੰਘ ਨੂੰ, ਗਿੱਲ ਦੀ ਪੁਲਸ ਨੇ ਫੜ ਕੇ ਅੰਦਰ ਕਰ ਦਿਤਾ ਅਤੇ ਹੋਰ ਕੋਈ ਸੱਜਣ ਇਸ ਸੇਵਾ ਨੂੰ ਨਿਭਾ ਸਕਣ ਦੇ ਕਾਬਲ ਨਾ ਸਾਬਤ ਹੋਇਆ। ਇਸ ਕਰਕੇ ਇਹ ਸੇਵਾ ਕਰਨ ਦੀ ਮੇਰੀ ਜ਼ਿੰਮੇਵਾਰੀ ਲਾਈ ਗਈ। ਮੇਰੀ ਹਾਲਤ ਓਹਨੀਂ ਦਿਨੀਂ ਇਹ ਸੀ ਕਿ ਮੈਨੂੰ ਡਾਇਲ ਕਰਕੇ ਫੋਨ ਵੀ ਕਰਨਾ ਨਹੀ ਸੀ ਆਉਂਦਾ। ਪ੍ਰਧਾਨ ਜੀ ਦਾ ਫ਼ੋਨ ਨੰਬਰ ਡਾਇਲ ਕਰਕੇ ਕਰੀਦਾ ਸੀ ਤੇ ਇਹ ਜਾਚ ਮੈਨੂੰ ਖ਼ੁਦ ਉਹਨਾਂ ਨੇ ਦੱਸੀ। ਇਕ ਪੇਂਡੂ ਬਜ਼ੁਰਗ ਨੇ ਸ਼ਹਿਰ ਦੇ ਵਸਨੀਕ, ਖ਼ੁਦ ਨੂੰ ਪੜ੍ਹਿਆ ਲਿਖਿਆ ਸਮਝਣ ਵਾਲੇ ਮੁੰਡੇ ਨੂੰ, ਫ਼ੋਨ ਕਰਨ ਦੀ ਜਾਚ ਦੱਸਣੀ, ਕੀ ਇਹ ਅਲੋਕਾਰ ਗੱਲ ਨਹੀ ਲੱਗਦੀ!
ਇਸ ਸਮੇ ਹਾਲਤ ਇਹ ਹੈ ਕਿ ਹਰੇਕ ਵਿਅਤੀ ਕੋਲ਼ ਮੋਬਾਇਲ ਹੈ। ਨਿੱਕੇ ਨਿੱਕੇ ਬੱਚੇ ਵੀ ਮੋਬਾਇਲਾਂ ਨਾਲ਼ ਹੀ ਖਿਡਾਉਣਿਆਂ ਵਾਂਗ ਖੇਡਦੇ ਹਨ। ਫਿਰ ਨੌਜਵਾਨਾਂ ਵਿਚ ਤਾਂ ਇਹ ਹੋੜ ਵੀ ਲੱਗੀ ਹੋਈ ਹੈ ਕਿ ਉਸ ਪਾਸ, ਕਾਰ ਵਾਂਗ ਹੀ, ਦੂਜਿਆਂ ਨਾਲ਼ੋਂ ਵਧੀਆ ਤੇ ਲੇਟੈਸਟ ਮਾਡਲ ਦਾ ਫ਼ੋਨ ਹੋਣਾ ਚਾਹੀਦਾ ਹੈ। (ਹੁਣੇ ਦੀ ਸਪੋਕਸਮੈਨ, 13 ਅਗੱਸਤ 2009 ਵਿਚੋਂ ਖ਼ਬਰ ਪੜ੍ਹੀ ਹੈ ਕਿ ਕਲ੍ਹ ਕਿਸੇ ਗੁਰਦੁਆਰੇ ਵਿਚ ਪਾਠੀ ਸਿੰਘ ਪਾਠ ਕਰਨ ਦੇ ਸਮੇ ਅਪਣੇ ਮੋਬਾਇਲ ਤੋਂ ਕੋਈ ਫ਼ਿਲਮ ਵੇਖ ਰਿਹਾ ਫੜਿਆ ਗਿਆ ਹੈ।) ਮੇਰੇ ਪੁਤਰ ਸੰਦੀਪ ਸਿੰਘ ਕੋਲ਼ ਇਕ ਫ਼ੋਨ ਸੀ ਜਿਸ ਦੇ ਦੋ ਸੈਟ ਸਨ। ਇਕ ਉਸ ਕੋਲ਼ ਤੇ ਦੂਜਾ ਮੇਰੀ ਨੂੰਹ ਬੇਟੀ ਦੇ ਕੋਲ਼ ਹੁੰਦਾ ਸੀ। ਕਾਫ਼ੀ ਪੁਰਾਣੇ ਮਾਡਲ ਦਾ। ਫਿਰ ਉਹਨਾਂ ਨੇ ਨਵੇਂ ਮਾਡਲ ਦੇ ਖ਼ਰੀਦ ਲਏ ਹੋਣਗੇ। ਉਹਨਾਂ ਵਿਚੋਂ ਇਕ ਨਾਲ਼ ਮੇਰਾ ਪੋਤਰਾ ਜੋਸ਼ ਸ਼ਿੰਘ ਖੇਡਦਾ ਹੁੰਦਾ ਸੀ ਤੇ ਇਕ ਉਹਨਾਂ ਨੇ ਮੈਨੂੰ ਦੇ ਦਿਤਾ। ਮੈ ਵਾਹਵਾ ਹੀ ਚਿਰ ਲਾ ਕੇ ਉਸ ਤੋਂ ਫ਼ੋਨ ਸੁਣਨਾ ਤੇ ਕਰਨਾ ਸਿੱਖ ਲਿਆ ਪਰ ਕਿਸੇ ਦਾ ਨੰਬਰ ਵੇਖਣਾ, ਕਿਸੇ ਨੂੰ ਕਾਲ ਬੈਕ ਕਰਨਾ ਜਾਂ ਕਿਸੇ ਦਾ ਸੁਨੇਹਾ ਪੜ੍ਹਨਾ ਆਦਿ ਕਾਰਜ ਸਮਝਣੋ ਮੈ ਅਸਮਰੱਥ ਹੀ ਰਿਹਾ। ਇਸ ਕਾਰਨ ਕਈ ਸੱਜਣ ਮੇਰੇ ਨਾਲ਼ ਨਾਰਾਜ਼ ਵੀ ਹੋ ਗਏ। ਕਿਸੇ ਨੂੰ ਸ਼ਿਕਾਇਤ ਸੀ ਕਿ ਮੈ ਕਾਲ ਬੈਕ ਨਹੀ ਕਰਦਾ। ਕਿਸੇ ਨੂੰ ਸ਼ਿਕਾਇਤ ਸੀ ਕਿ ਮੈ ਫ਼ੋਨ ਨਹੀ ਚੁੱਕਦਾ। ਕਿਸੇ ਨੂੰ ਸ਼ਿਕਾਇਤ ਸੀ ਕਿ ਉਸ ਦੇ ਸੁਨੇਹੇ ਦਾ ਜਵਾਬ ਨਹੀ ਦਿੰਦਾ। ਇਸ ਤਰ੍ਹਾਂ ਸ਼ਿਕਾਇਤਾਂ ਹੀ ਸ਼ਿਕਾਇਤਾਂ ਸਨ ਚਾਰੇ ਪਾਸਿਆਂ ਤੋਂ। ਪਰ ਇਹ ਕੋਈ ਮੰਨਣ ਲਈ ਤਿਆਰ ਨਹੀ ਸੀ ਕਿ ਗਿਆਨੀ ਸੰਤੋਖ ਸਿੰਘ, ਜੋ ਕਿ, "ਬਾਤਨ ਹੀ ਅਸਮਾਨ ਗਿਰਾਵਹਿ॥" ਵਾਂਗ ਦਿੱਲੀ ਦੱਖਣ ਇਕ ਕਰ ਛੱਡਦਾ ਹੈ, ਉਹ ਮੋਬਾਇਲ ਨਹੀ ਵਰਤ ਸਕਦਾ। ਮੋਬਾਇਲ ਸਦਕਾ ਮੇਰੇ ਸੰਪਰਕਾਂ ਵਿਚ ਵਾਧਾ ਤਾਂ ਹੋਇਆ ਪਰ ਵਿਰੋਧੀਆਂ ਦੇ ਰੂਪ ਵਿਚ ਹੀ ਹੋਇਆ, ਮਿੱਤਰਾਂ ਦੇ ਰੂਪ ਵਿਚ ਨਹੀ। ਸੱਜਣ ਵੀ ਆਪਣੀ ਥਾਂ ਤੇ ਸੱਚੇ ਸਨ ਕਿ ਕੰਪਿਊਟਰ ਵਰਤਣ ਵਾਲ਼ਾ, ਹਵਾਈ ਜਹਜਾਂ ਤੇ ਸਾਰੀ ਦੁਨੀਆ ਗਾਹੁਣ ਵਾਲ਼ਾ, ਬੰਦਾ ਭਲਾ ਏਨੀ ਜਾਣਕਾਰੀ ਕਿਵੇਂ ਨਹੀ ਰੱਖਦਾ।
ਇਹ ਗੱਲ ਕਰਦਿਆਂ ਇਕ ਵਾਪਰੀ ਘਟਨਾ ਚੇਤੇ ਆ ਗਈ। ਸਿਡਨੀ ਤੋਂ ਮੈ ਜਹਾਜ ਰਾਹੀਂ ਮੈਲਬਰਨ ਜਾਣਾ ਸੀ। ਸਿਡਨੀ ਹਵਾਈ ਅੱਡੇ ਤੇ ਸੈਕਿਉਰਟੀ ਵਾਲੀ ਬੀਬੀ, ਜੋ ਕਿ ਕਾਫ਼ੀ ਸਮਝਦਾਰ ਤੇ ਤਜੱਰਬੇਕਾਰ ਦਿਸਦੀ ਸੀ, ਨੇ ਮੇਰਾ ਬੈਗ ਪਾਰਦਰਸ਼ੀ ਮਸ਼ੀਨ ਵਿਚਦੀ ਲੰਘਾਉਣ ਸਮੇ ਮੈਨੂੰ ਪੁੱਛਿਆ ਕਿ ਇਸ ਵਿਚ ਲੈਪਟੌਪ ਤਾਂ ਨਹੀ! ਮੇਰੇ ਨਾਂਹ ਕਰਨ ਤੇ ਉਸ ਨੇ ਕੈਮਰੇ ਬਾਰੇ ਪੁੱਛਿਆ। ਉਸ ਬਾਰੇ ਵੀ ਨਾਂਹ ਸੁਣ ਕੇ, ਫਿਰ ਉਸ ਨੇ ਮੋਬਾਇਲ ਪੁੱਛਿਆ। ਮੇਰਾ ਉਤਰ ਫਿਰ ਵੀ ਨਾਂਹ ਵਿਚ ਹੀ ਸੀ। ਤਿੰਨ ਵਾਰੀ ਮੇਰੀ ਨਾਂਹ ਸੁਣ ਕੇ ਉਸ ਨੇ ਕੁਝ ਵਿਅੰਗਾਤਮਿਕ ਜਿਹੀ ਮੁਸਕ੍ਰਾਹਟ ਨਾਲ਼ ਜਦੋਂ ਮੇਰੇ ਵੱਲ ਵੇਖਿਆ ਤਾਂ ਮੈ ਆਖਿਆ. "ਤੂੰ ਬੀਬੀ ਏਨੀਆਂ ਵੱਡੀਆਂ ਵੱਡੀਆਂ ਚੀਜਾਂ ਦੇ ਨਾਂ ਲੈਣ ਡਹੀ ਏਂ, ਮੇਰੇ ਕੋਲ਼ ਤਾਂ ਘੜੀ ਵੀ ਨਹੀ। ਏਥੋਂ ਤੱਕ ਕਿ ਮੇਰੇ ਕੋਲ਼ ਪੈਨ ਵੀ ਨਹੀ। ਇਹ ਸੁਣ ਕੇ ਉਹ ਬੋਲੀ, "ਕੀ ਤੂੰ ਇਕੀਵੀਂ ਸਦੀ ਵਿਚ ਰਹਿ ਰਿਹਾ ਏਂ?" ਮੈ ਆਖਿਆ, "ਕੀ ਤੂੰ ਮੇਰਾ ਚੇਹਰਾ ਨਹੀ ਵੇਖ ਰਹੀ ਕਿ ਮੈ ਸਮੇ ਨਾਲ਼ੋਂ ਪਛੜ ਚੁੱਕਿਆ ਵਿਅਕਤੀ ਹਾਂ!" ਉਸ ਨੇ ਮੁਸਕਰਾ ਕੇ ਗੱਲ ਟਾਲ਼ ਦਿਤੀ ਤੇ ਮੈ ਆਪਣਾ ਬੈਗ ਚੁੱਕਿਆ ਤੇ ਅੱਗੇ ਜਹਾਜ ਵੱਲ ਨੂੰ ਤੁਰ ਗਿਆ।
ਗੱਲ ਕੀ, ਸੱਜਣਾਂ ਦੀ ਬੇਇਤਬਾਰੀ ਜਿਹੀ ਦ੍ਰਿਸ਼ਟੀ ਦੀ ਚੋਭ ਮਹਿਸੂਸ ਕੇ ਤੇ ਉਹਨਾਂ ਦੇ ਬਚਨ ਸੁਣ ਸੁਣ ਕੇ, ਮੈਨੂੰ ਲੱਗਣਾ ਕਿ ਜਿਵੇਂ ਇਹ ਮੈਨੂੰ ਝੂਠਾ ਸਮਝਦੇ ਹਨ! ਫਿਰ ਇਉਂ ਹੋਇਆ ਕਿ ਇਕ ਦਿਨ ਗ੍ਰਿਫ਼ਿਥ ਨੂੰ ਜਾਂਦਿਆਂ ਰਸਤੇ ਵਿਚ, ਕੁਤਾਮੁੰਦਰਾ ਸਟੇਸ਼ਨ ਤੇ ਗੱਡੀਉਂ ਉਤਰ ਕੇ, ਬੱਸ ਦੀ ਉਡੀਕ ਵਿਚ ਸਾਂ ਕਿ ਬਾਥਰੂਮ ਜਾਣਾ ਪਿਆ। ਓਥੇ ਮੇਰੇ ਗ੍ਹੀਸੇ ਵਿਚੋਂ ਨਿਕਲ਼ ਕੇ ਫ਼ੋਨ ਜ਼ਮੀਨ ਤੇ ਡਿਗ ਪਿਆ। ਮੈ ਆ ਵੇਖਿਆ ਨਾ ਤਾ, ਫੜ ਕੇ ਫ਼ੋਨ ਨੂੰ ਨਲ਼ਕੇ ਹੇਠ ਰੱਖ ਕੇ ਉਸ ਦਾ ਇਸ਼ਨਾਨ ਕਰਵਾ ਦਿਤਾ। ਫ਼ੋਨ ਜੀ ਮਹਾਂਰਾਜ ਠੰਡੇ ਪਾਣੀ ਵਿਚ ਪਾ ਦੇਣ ਕਰਕੇ ਮੇਰੇ ਨਾਲ਼ ਨਾਰਾਜ਼ ਹੋ ਗਏ ਤੇ ਉਹਨਾਂ ਨੇ ਮੇਰੇ ਨਾਲ਼ ਬੋਲਣਾ ਬੰਦ ਕਰ ਦਿਤਾ। ਬੱਚਿਆਂ ਨੂੰ ਜਦੋਂ ਮੇਰੀ ਇਸ 'ਸਿਆਣਪ' ਦਾ ਪਤਾ ਲੱਗਾ ਤਾਂ ਖ਼ੂਬ ਹਾਸਾ ਪਿਆ। ਫਿਰ ਮੇਰੇ ਪੋਤੇ ਵਾਲ਼ਾ ਫ਼ੋਨ ਉਸ ਤੋਂ ਲੈ ਕੇ ਮੈਨੂੰ ਮੇਰੇ ਪੁੱਤ ਨੇ ਦੇ ਦਿਤਾ। ਹੋ ਸਕਦਾ ਹੈ ਕਿ ਪੋਤੇ ਨੇ ਸ਼ਾਇਦ ਮੇਰਾ ਲਿਹਾਜ ਕਰਕੇ ਇਸ ਵਿਚ ਕੋਈ ਉਜਰ ਨਾ ਕੀਤਾ ਹੋਵੇ ਜਾਂ ਫਿਰ ਬਹੁਤ ਪੁਰਾਣਾ ਹੋ ਜਾਣ ਕਰਕੇ, ਇਸ ਤੋਂ ਉਸ ਦਾ ਜੀ ਅੱਕ ਗਿਆ ਹੋਵੇ! ਜਿਥੇ ਵੀ ਮੈ ਗਿਆ ਤੇ ਜਿਸ ਨੇ ਵੀ ਮੇਰਾ ਉਹ ਫ਼ੋਨ ਵੇਖਿਆ, ਉਸ ਨੇ ਖ਼ੁਸ਼ੀ ਭਰੀ ਹੈਰਾਨੀ ਨਾਲ਼ ਹੀ ਤੱਕਿਆ ਤੇ ਇਹ ਵੀ ਪੁੱਿਛਆ ਕਿ ਇਹ ਏਨਾ ਵਧੀਆ ਫ਼ੋਨ ਮੈ ਕਦੋਂ, ਕਿਥੋਂ ਤੇ ਕਿੰਨੇ ਦਾ ਲਿਆ ਸੀ! ਮੇਰੇ ਸੱਚੇ ਜਵਾਬ ਦਾ ਵੀ ਉਹਨਾਂ ਨੂੰ ਯਕੀਨ ਘੱਟ ਹੀ ਆਇਆ ਕਿ ਇਹ ਤਾਂ ਮੇਰੇ ਬੱਚਿਆਂ ਨੇ ਪਹਿਲਾਂ ਪੁਰਾਣਾ ਕਰਕੇ ਸੁੱਟਿਆ ਹੋਇਆ ਸੀ ਤੇ ਫਿਰ ਚੁੱਕ ਕੇ ਮੈਨੂੰ ਫੜਾ ਦਿਤਾ ਸੀ।
ਭਲਾ ਹੋਇਆ ਮੇਰਾ ਚਰਖਾ ਟੁੱਟਾ, ਜਿੰਦ ਅਜਾਬੋਂ ਛੁੱਟੀ।
ਅਖੀਰ, 8 ਅਕਤੂਬਰ 2008 ਨੂੰ, ਉਸ ਤੋਂ ਵੀ ਮੇਰਾ ਛੁਟਕਾਰਾ ਹੋ ਗਿਆ। ਲੰਡਨ ਦੇ ਹੀਥਰੋ ਹਵਾਈ ਅੱਡੇ ਤੋਂ ਇੰਡੀਆ ਦਾ ਜਹਾਜ ਫੜਨ ਦੀ ਭੱਜ ਨੱਸ ਵਿਚ ਹੀ ਉਹ ਮੈਥੋਂ ਵਿਛੜ ਗਿਆ; ਤੇ ਮੈ ਇਸ ਖਲਜਗਣ ਤੋਂ ਬਚਣ ਲਈ ਹੁਣ ਫ਼ੋਨ ਰੱਖਣਾ ਹੀ ਛੱਡ ਦਿਤਾ ਹੈ। ਸੱਜਣ ਅਜੇ ਵੀ ਓਸੇ ਫ਼ੋਨ ਤੇ ਰਿੰਗੀ ਜਾਂਦੇ ਹਨ ਤੇ ਉਹ ਪਤਾ ਨਹੀ ਲੰਡਨ ਹਵਾਈ ਅੱਡੇ ਦੇ ਸੈਕਿਉਰਟੀ ਸਟਾਫ਼ ਦੇ ਕਿਸ ਖਾਨੇ ਵਿਚ ਪਿਆ ਆਰਾਮ ਫੁਰਮਾ ਰਿਹਾ ਹੋਵੇਗਾ! ਮੇਰੇ ਫ਼ੋਨ ਤੋਂ ਸੱਜਣਾਂ ਨੂੰ ਅੱਗੋਂ ਕੋਈ ਜਵਾਬ ਨਾ ਮਿਲ਼ਨ ਉਤੇ ੳੇੁਹ ਮੇਰੀਆਂ ‘ਚੁਸਤੀਆਂ’ ਨੂੰ ਓਦੋਂ ਦੇ ਕੋਸੀ ਜਾਂਦੇ ਹਨ। ਜਦੋਂ ਮਿਲਨ ਤਾਂ ਉਹ ਮੈਨੂੰ ਇਸ ਗੱਲ ਦਾ ਉਲਾਹਮਾ ਦਿੰਦੇ ਹਨ ਤਾਂ ਮੈ ਅਸਲੀਅਤ ਦੱਸਦਾ ਹਾਂ ਤੇ ਨਾਲ਼ ਹੀ ਇਹ ਵੀ ਆਖਦਾ ਹਾਂ ਕਿ ਈ-ਮੇਲ ਰਾਹੀਂ ਮੈ ਬਹੁਤ ਸਾਰੇ ਸੱਜਣਾਂ ਨੂੰ, ਸਮੇ ਸਿਰ ਇਹ ਜਾਣਕਾਰੀ ਦੇ ਦਿਤੀ ਸੀ।
ਕੁਝ ਸਾਲਾਂ ਦੀ ਗੱਲ ਹੈ ਕਿ ਇਕ ਗੁਰਦੁਆਰਾ ਸਾਹਿਬ ਦੇ ਉਦਘਾਟਨ ਸਮਾਰੋਹ ਸਮੇ, ਦੁਨੀਆਦਾਰੀ ਵਿਚ ਇਕ ਬਹੁਤ ਹੀ ਸਫ਼ਲ ਵਿਦਵਾਨ ਤੇ ਵਿਚਾਰਵਾਨ, ਕਰੋਬਾਰੀ ਸੱਜਣ, ਸਟੇਜ ਸੈਕਟਰੀ ਦੀ ਸੇਵਾ ਨਿਭਾ ਰਹੇ ਸਨ। ਸੰਗਤ ਵਿਚ ਸ਼ਹਿਰ ਦੇ ਮੇਅਰ, ਹਲਕੇ ਦੇ ਪਾਰਲੀਮੈਂਟ ਮੈਬਰ, ਅਤੇ ਹੋਰ ਵੀ ਕਈ ਮੋਹਤਬਰ ਸੱਜਣ ਸਜੇ ਹੋਏ ਸਨ। ਸਟੇਜ ਸੈਕਟਰੀ ਜੀ ਦਾ ਮੋਬਾਇਲ ਔਨ ਸੀ। ਉਹ ਦੋ ਕੁ ਲਫ਼ਜ਼ ਬੋਲਣ ਤੇ ਫ਼ੋਨ ਦੀ ਘੰਟੀ ਖੜਕ ਪਵੇ। ਉਹ ਸੁਨੇਹਾ ਸੁਣ ਕੇ ਤੇ ਗੱਲ ਕਰਕੇ ਹਟਣ ਤਾਂ ਓਸੇ ਸਮੇ ਫਿਰ ਘੰਟੀ ਵੱਜ ਪਏ। ਇਸ ਤਰ੍ਹਾਂ ਕਿੰਨੀ ਹੀ ਵਾਰੀ ਹੋਇਆ। ਨਾ ਤੇ ਉਹ ਭਲੇ ਪੁਰਸ਼ ਫ਼ੋਨ ਹੀ ਬੰਦ ਕਰਨ ਤੇ ਨਾ ਹੀ ਸਟੇਜ ਦੀ ਜੁੰਮੇਵਾਰੀ ਕਿਸੇ ਹੋਰ ਸੱਜਣ ਦੇ ਹਵਾਲੇ ਕਰਕੇ, ਫ਼ੋਨ ਵਾਲ਼ਾ ਮਸਲਾ ਨਜਿਠਣ ਲਈ ਬਾਹਰ ਹੀ ਜਾਣ। ਸੰਗਤ ਵਿਚ ਕੁਝ ਹਾਸਾ ਜਿਹਾ ਵੀ ਮਚਿਆ। ਗੱਲ ਅੱਗੇ ਤੁਰਦੀ ਨਾ ਵੇਖ ਕੇ, ਸੰਗਤ ਵਿਚ ਬੈਠੀ ਉਹਨਾਂ ਦੀ ਮੇਮ ਸੈਕਟਰੀ ਨੇ ਹੀ ਸਮਝਦਾਰੀ ਤੋਂ ਕੰਮ ਲੈਂਦਿਆਂ ਹੋਇਆਂ, ਉਹਨਾਂ ਦਾ ਫ਼ੋਨ ਫੜਿਆ ਤੇ ਦੀਵਾਨ ਹਾਲ਼ ਵਿਚੋਂ ਬਾਹਰ ਨਿਕਲ਼ ਗਈ।
ਸੋਚਦਾ ਹਾਂ ਕਿ ਕਿਸੇ ਮਾਮੂਲੀ ਅਫ਼ਸਰ ਦੇ ਦਫ਼ਤਰ ਵਿਚ ਵੜਨ ਤੋਂ ਪਹਿਲਾਂ ਹੀ ਬੰਦਾ ਆਪਣਾ ਫ਼ੋਨ ਬੰਦ ਕਰ ਲੈਂਦਾ ਹੈ। ਹਸਪਤਾਲਾਂ, ਅਦਾਲਤਾਂ ਆਦਿ ਵਿਚ ਫ਼ੋਨ ਵੱਜਣ ਤੇ ਜੁਰਮਾਨਾ ਹੋ ਜਾਣ ਦੇ ਨਾਲ਼ ਫ਼ੋਨ ਵੀ ਜਬਤ ਹੋ ਸਕਦਾ ਹੈ ਪਰ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਦੇ ਦਰਬਾਰ ਵਿਚ, ਨਾ ਕੋਈ ਪ੍ਰਬੰਧਕ ਤੇ ਨਾ ਹੀ ਸੰਗਤ ਦਾ ਬੰਦਾ ਫ਼ੋਨ ਬੰਦ ਕਰਨਾ ਜ਼ਰੂਰੀ ਸਮਝਦਾ ਹੈ। ਏਥੋਂ ਤੱਕ ਕਿ ਗ੍ਰੰਥੀ ਸਿੰਘ ਵੀ ਫ਼ੋਨ ਖੁਲ੍ਹਾ ਹੀ ਛੱਡ ਰੱਖਦੇ ਹਨ ਜੋ ਕਿ ਉਹਨਾਂ ਦੇ ਕਈ ਵਾਰ ਅਰਦਾਸ ਕਰਨ ਸਮੇ ਵੀ ‘ਹਾਲ ਪਾਹਰਿਆ’ ਕਰਨ ਲੱਗ ਪੈਂਦਾ ਹੈ। ਹਾਲਾਂ ਕਿ ਹਰੇਕ ਗੁਰਦੁਆਰਾ ਸਾਹਿਬ ਦੇ ਪਰਵੇਸ਼ ਦੁਆਰ ਤੇ, ਇਸ ਬਾਰੇ ਨੋਟਿਸ ਵੀ ਲੱਗਾ ਹੋਇਆ ਹੁੰਦਾ ਹੈ ਪਰ ਉਸ ਲਿਖਤ ਵੱਲ ਕੋਈ ਧਿਆਨ ਨਹੀ ਦਿੰਦਾ। ਸੰਗਤ ਵਿਚ ਬੈਠਿਆਂ ਜਦੋਂ ਫ਼ੋਨ ਵੱਜਦਾ ਹੈ ਤਾਂ ਵੀ ਉਹ ਸੱਜਣ ਜਰੁਰੀ ਨਹੀ ਸਮਝਦਾ ਕਿ ਉਸ ਸਮੇ ਹੀ ਇਸ ਨੂੰ ਬੰਦ ਕਰ ਲਵੇ। ਇਸ ਦਾ ਕਾਰਨ ਇਹ ਹੈ ਕਿ ਉਸ ਨੂੰ ਗੁਰਦੁਆਰਾ ਸਾਹਿਬ ਵਿਚ ਫ਼ੋਨ ਖੜਕਣ ਤੇ ਕਿਸੇ ਜੁਰਮਾਨੇ ਜਾਂ ਹੋਰ ਕਿਸੇ ਤਰ੍ਹਾਂ ਦੀ ਸਜਾ ਦਾ ਡਰ ਨਹੀ ਹੁੰਦਾ। ਬੰਦਾ ਪੁੱਛੇ ਭਈ ਜਦੋਂ ਇਹ 'ਇਰੀਟੇਟਿੰਗ' ਖਿਡਾਉਣਾ ਈਜਾਦ ਨਹੀ ਸੀ ਹੋਇਆ ਓਦੋਂ ਇਸ ਬਿਨਾ ਕਿਵੇਂ ਸਰਦਾ ਸੀ! ਜੇ ਹੁਣ ਕਾਰੋਬਾਰ ਲਈ ਇਸ ਦੀ ਜ਼ਰੂਰਤ ਵੀ ਹੈ ਤਾਂ ਗੁਰਦੁਆਰੇ ਦੇ ਅੰਦਰ ਬੈਠਣ ਸਮੇ, ਜੇ ਕੁਝ ਮਿੰਟਾਂ ਲਈ ਇਹ ਬੰਦ ਵੀ ਹੋ ਜਾਵੇ ਤਾਂ ਕੇਹੜੀ ਆਫ਼ਤ ਆ ਚਲੱੀ ਹੈ! ਜੇ ਬਹੁਤ ਹੀ ਜ਼ਰੂਰੀ ਕੋਈ ਬਿਜ਼ਨਿਸ ਕਰਨ ਵਾਲ਼ੀ ਗੱਲ ਹੈ ਤਾਂ ਥੋਹੜਾ ਸਮਾ ਹੀ ਅੰਦਰ ਦੀਵਾਨ ਹਾਲ ਵਿਚ ਬੈਠ ਕੇ, ਬਾਹਰ ਜਾਇਆ ਜਾ ਸਕਦਾ ਹੈ। ਜੇਕਰ ਏਨਾ ਹੀ ਜ਼ਰੂਰੀ ਬਿਜ਼ਨਿਸ ਅਸੀਂ ਕਰ ਰਹੇ ਹੋਈਏ ਤਾਂ ਸਿਰਫ ਮੱਥਾ ਹੀ ਟੇਕ ਕੇ ਬਾਹਰ ਨਿਕਲ਼ਿਆ ਜਾ ਸਕਦਾ ਹੈ। ਵੈਸੇ ਮੇਰੇ ਖਿਆਲ ਵਿਚ ਅਸੀ ਏਥੇ ਅਜੇ ਏਨੇ ਮਹੱਤਵਪੂਰਣ ਨਹੀ ਬਣ ਸਕੇ ਕਿ ਕੁਝ ਮਿੰਟ ਸਾਡਾ ਫ਼ੋਨ ਨਾ ਖੜਕਣ ਤੇ ਦੁਨੀਆ ਦਾ ਕੁਝ ਵਿਗੜ ਜਾਵੇਗਾ। ਸਾਡੇ ਤੋਂ ਬਿਨਾ ਇਹ ਸੰਸਾਰ ਓਵੇਂ ਹੀ ਚੱਲਦਾ ਰਹਿਣਾ ਹੈ ਜਿਵੇਂ ਸਾਡੇ ਇਸ ਸੰਸਾਰ ਵਿਚ ਪਰਵੇਸ਼ ਕਰਨ ਤੋਂ ਪਹਿਲਾਂ ਚੱਲਦਾ ਸੀ ਤੇ ਸਾਡੇ ਪਿੱਛੋਂ ਵੀ, ਯਕੀਨ ਜਾਣੀਏ, ਇਹ ਨਹੀ ਰੁਕਣ ਲੱਗਾ।

No comments: