ਆਖਰੀ ਸਮਾਂ ਮਹਾਨ ਸ਼ਖਸੀਅਤਾਂ ਦਾ.......... ਲੇਖ / ਨਿੰਦਰ ਘੁਗਿਆਣਵੀ

ਕਈ ਲੋਕ ਆਖਰੀ ਸਮੇਂ ਤੱਕ ਜਿ਼ੰਦਾ-ਦਿਲੀ ਨੂੰ ਅਪਣੇ ਕਲ਼ਾਵੇ ਵਿਚ ਲਈ ਰੱਖਦੇ ਹਨ। ਉਹ ਅਪਣੀ ਉਮਰ ਦੇ ਕੁਝ ਖਾਸ ਪਲਾਂ ਸਮੇਂ ਹੀ ਉਦਾਸ ਜਾਂ ਨਿਰਾਸ਼ ਹੋਏ ਹੁੰਦੇ ਹਨ। ਉਹਨਾਂ ਨੇ ਅਪਣੀ ਸਾਰੀ ਹਯਾਤੀ ਹੱਸਦਿਆਂ ਖੇਲਦਿਆਂ ਤੇ ਕੁਦਰਤ ਦੀ ਰਜ਼ਾ ਮਾਣਦਿਆਂ ਕੱਟੀ ਹੁੰਦੀ ਹੈ। ਬਹੁਤੇ ਸ਼ਖ਼ਸ ਅਪਣੀ ਉਮਰ ਦੇ ਐਨ ਆਖਰੀ ਪੜਾਅ ਸਮੇਂ ਅਪਣੀ ਸੁਰਤ-ਬੁਧ ਖੋ ਬੈਠਦੇ ਹਨ ਤੇ ਬੇਹੋਸ਼ੀ ਵਿਚ ਲਿਪਟੇ ਹੋਏ ਹੀ ਮੌਤ ਦੀ ਬੁੱਕਲ਼ ਵਿਚ ਜਾ ਬਿਰਾਜਦੇ ਹਨ। ਅਜਿਹੇ ਬੰਦਿਆਂ ਕੋਲ਼ੋਂ ਜਿ਼ੰਦਾ-ਦਿਲੀ ਪੱਲਾ ਛੁਡਾ ਕੇ ਕਿਧਰੇ ਦੂਰ ਚਲੀ ਜਾਂਦੀ ਹੈ ਤੇ ਉਹ ਮੰਜੇ ਨਾਲ਼ ਮੰਜਾ ਹੋ ਜਾਂਦੇ ਹਨ।

ਸ਼੍ਰੋਮਣੀ ਕਵੀਸ਼ਰ ਮਰਹੂਮ ਕਰਨੈਲ ਸਿੰਘ ਪਾਰਸ ਰਾਮੂਵਾਲੀਆ 93 ਵਰ੍ਹੇ ਜਿ਼ੰਦਗੀ ਮਾਣ ਕੇ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਨੇ ਜਿ਼ੰਦਾ-ਦਿਲੀ ਨਾਲ ਜੀਵਨ ਹੰਢਾਇਆ। ਉਨ੍ਹਾਂ ਦੀ ਨਿਗ੍ਹਾ ਪੂਰੀ ਤਰ੍ਹਾਂ ਕਾਇਮ ਰਹੀ।ਨਿਤ ਚਾਰ ਪੰਜ ਅਖਬਾਰ ਤੇ ਪੁਸਤਕਾਂ ਪੜ੍ਹਦੇ ਸਨ। ਗੋਡਿਆਂ ਦੀ ਸਮੱਸਿਆ ਕਾਰਨ ਵੀਲ੍ਹ ਚੇਅਰ ਤੇ ਸਨ। ਮੀਂਹ ਆਵੇ, ਨੇਰ੍ਹੀ ਆਵੇ, ਭਾਵੇਂ ਤੇਜ਼ ਬੁਖਾਰ ਵੀ ਕਿਓੁਂ ਨਾ ਹੋਵੇ, ਸ਼ਾਮ ਨੂੰ ਨਿੱਕੇ-ਨਿੱਕੇ ਦੋ ਪੈੱਗ ਸਕਾਚ ਦੇ ਲੈਣੇ ਹੀ ਲੈਣੇ ਹੁੰਦੇ ਸਨ। ਬਾਪੂ ਜੀ ਕਹਿੰਦੇ ਸਨ," ਮੌਤ ਦਾ ਮੈਨੂੰ ਕੋਈ ਡਰ ਨਹੀਂ...ਭੋਰਾ ਜਿੰਨਾ ਵੀ ਨਹੀਂ, ਭਾਵੇਂ ਹੁਣ ਆ ਜੇ ਇਕ ਸਕਿੰਟ ਨੂੰ... ਮੈਂ ਹੱਸ ਕੇ ਮੌਤ ਦਾ ਸਵਾਗਤ ਕਰਾਂਗਾ। ਮੇਰੇ ਸਾਰੇ ਸਾਰੇ ਚਾਅ ਲੱਥ ਗਏ ਐ...ਕੋਈ ਗ਼ਮ ਨੀ ਕੋਈ ਝੋਰਾ ਨੀ...ਸਿ਼ਕਵਾ ਨੀ ... ਸਿ਼ਕਾਇਤ ਨਹੀ... ਮੈਂ ਬਾਗੋ-ਬਾਗ ਆਂ।

ਦੇਸ਼ ਭਗਤ ਬਾਬਾ ਭਗਤ ਸਿੰਘ ਬਿਲਗਾ ਸੌ ਨੂੰ ਟੱਪ ਗਏ ਹਨ। ਅਨੰਦਮਈ ਅਵਸਥਾ ਵਿਚ ਹਨ। ਚੜ੍ਹਦੀ ਕਲਾ ਵਿਚ ਹਨ। ਕਰਤਾਰ ਸਿੰਘ ਦੁੱਗਲ, ਜਸਵੰਤ ਸਿੰਘ ਕੰਵਲ, ਗੁਰਦਿਆਲ ਸਿੰਘ, ਸੰਤੋਖ ਸਿੰਘ ਧੀਰ, ਰਾਮ ਸਰੂਪ ਅਣਖੀ ਹੁਰੀਂ ਸਰੀਰਕ ਪੱਖੋਂ ਮਾੜੇ ਮੋਟੇ ਭਾਵੇਂ ਢਿੱਲੇ ਰਹਿੰਦੇ ਹਨ, ਪਰ ਇਨ੍ਹਾਂ ਨੇ ਅਪਣੀ ਕਲਮ ਦੀ ਰਫ਼ਤਾਰ ਮੱਠੀ ਨਹੀਂ ਪੈਣ ਦਿੱਤੀ।

ਪੰਜਾਬੀ ਦਾ ਮਾਣਮੱਤਾ ਕਲਮਕਾਰ ਬਲਵੰਤ ਗਾਰਗੀ ਆਪਣੀਆਂ ਆਖਰੀ ਘੜੀਆਂ ਸਮੇਂ ਅਪਣੀ ਸੁਰਤ ਗੁਆ ਬੈਠਾ ਸੀ। ਬਸ ਉਹ ਮੂੰਹ ਅੱਡ ਕੇ ਅਪਣੀ ਅਹਿਲ ਅਵਸਥਾ ਵਿਚ, ਟਿਕੀ-ਟਿਕੀ ਲਗਾਈ ਸਾਹਮਣੇ ਵੱਲ ਦੇਖਦਾ ਰਹਿੰਦਾ ਸੀ। ਉਹਦੇ ਹੱਥ ਪੈਰ ਕੰਬਦੇ ਸਨ। ਦਸਤਖ਼ਤ ਵੀ ਠੀਕ ਤਰ੍ਹਾਂ ਕਰੇ ਨਹੀਂ ਸੀ ਜਾਂਦੇ ਉਸ ਤੋਂ। ਕਿਸੇ ਨੂੰ ਪਛਾਣਦਾ ਵੀ ਨਹੀਂ ਸੀ। ਚਾਹ ਦੀ ਪਿਆਲੀ ਵੀ ਕਈ ਵਾਰ ਕੱਪੜਿਆਂ ਉੱਤੇ ਡੁੱਲ੍ਹ ਜਾਂਦੀ ਸੀ।

ਮਹਾਨ ਖੋਜੀ ਅਤੇ ਵਿਦਵਾਨ ਲੇਖਕ ਡਾ. ਆਤਮ ਹਮਰਾਹੀ ਦੀ ਪਹਿਲਾਂ ਇਕ ਲੱਤ ਕੱਟੀ ਗਈ ਸੀ, ਫਿਰ ਸ਼ੂਗਰ ਦੇ ਵਧਣ ਕਾਰਨ ਦੂਸਰੀ ਵੀ ਕੱਟਣੀ ਪੈ ਗਈ। ਉਹ ਆਪਣੇ ਲਿਖਣ ਕਮਰੇ ਵਿਚ, ਦੀਵਾਨ ਉਤੇ ਬੈਠਾ ਕਿਤਾਬਾਂ ਨਾਲ਼ ਕਿਤਾਬ ਤੇ ਕਲਮ ਨਾਲ਼ ਕਲਮ ਹੋਇਆ,ਸਿਰ ਸੁੱਟ ਕੇ ਲਿਖੀ ਜਾਂਦਾ ਰਹਿੰਦਾ। ਉਹਨੂੰ ਖਿਝ ਵੀ ਬਹੁਤ ਆਉਣ ਲੱਗ ਪਈ ਸੀ। ਜੇ ਕੋਈ ਭੁੱਲਾ ਚੁੱਕਾ ਉਹਨੂੰ ਫੋਨ ਕਰ ਬੈਠਦਾ, ਤਾਂ ਉਹ ਅਗਲੇ ਦੀ ਬਸ ਕਰਾ ਕੇ ਛਡਦਾ ਸੀ, ਉਹਦੀ ਗੱਲ ਨਾ ਮੁੱਕਦੀ। ਲੋਕ ਡਰਦੇ ਮਾਰੇ ਉਹਨੂੰ ਫੋਨ ਕਰਨੋਂ ਹੀ ਹਟ ਗਏ। ਇਕ ਦਿਨ ਮੈਂ ਉਹਦੇ ਕੋਲ਼ ਬੈਠਾ ਸਾਂ, ਉਹਦਾ ਫੋਨ ਖੜਕਿਆ, ਉਹਨੇ ਰਸੀਵਰ ਕੰਨ ਨੂੰ ਲਾ ਕੇ ਕਿਹਾ, "ਹੈਲੋ ਮੈਂ ਆਤਮ ਹਮਰਾਹੀ ਬੋਲਦਾਂ...।" ਫੋਨ ਕਰਨ ਵਾਲ਼ੇ ਨੇ ਜਦੋਂ ਉਸਨੂੰ ਆਪਣੀ ਪਛਾਣ ਦੱਸੀ, ਤਾਂ ਹਮਰਾਹੀ ਉਸਨੂੰ ਪੈ ਨਿਕਲਿਆ। ਆਪਣੇ ਆਖਰੀ ਸਮੇਂ ਉਹ ਪੂਰਾ ਸਤਿਆ ਪਿਆ ਸੀ।

ਸਾਲ 2005 ਦੀ ਕਨੇਡਾ ਫੇਰੀ ਸਮੇਂ ਐਡਮਿੰਟਨ ਵਿਖੇ ਗਿਆਨੀ ਕੇਸਰ ਸਿੰਘ ਨਾਵਲਿਸਟ ਦੇ ਦੋ ਵਾਰ ਦਰਸ਼ਨ ਕਰਨ ਦਾ ਮੌਕਾ ਮਿਲਿਆ। ਉਹਨਾ ਨੇ ਹਥਿਆਰਬੰਦ ਇਨਕਲਾਬ ਵਰਗੇ ਉੱਚ ਕੋਟੀ ਦੇ ਨਾਵਲ ਲਿਖੇ। ਉਹਨਾਂ ਨੂੰ ਹਾਲੋਂ ਬੇਹਾਲ ਪਏ ਦੇਖ ਕੇ ਮੇਰਾ ਮਨ ਉਦਾਸ ਹੋ ਗਿਆ। ਉਨ੍ਹਾਂ ਦੀ ਦੇਖਭਾਲ ਉਹਨਾਂ ਦੀ ਪਤਨੀ ਕਰਦੀ ਸ਼੍ਰੀਮਤੀ ਰਾਜ ਕਰਦੀ ਸੀ। ਗਿਆਨੀ ਜੀ ਨਾ ਉਠ ਸਕਦੇ ਸਨ, ਨਾ ਨਹਾ ਸਕਦੇ ਸਨ। ਨਹਾਉਣ ਤੋਂ ਉਹਨਾਂ ਨੂੰ ਬੜਾ ਡਰ ਆਉਣ ਲੱਗ ਪਿਆ ਸੀ। ਉਹ ਆਪਣੀ ਪਤਨੀ ਨੂੰ ਚੀਖ-ਚੀਖ ਕੇ ਆਖਦੇ, "ਏ ਨਾ...ਏ ਨਾ.. ਮੈਂ ਨਹੀਂ ਨਹਾਵਾਂਗਾ..ਮੈਨੂੰ ਪਾਣੀ ਦੀਆਂ ਧਾਰਾਂ ਤੋਂ ਡਰ ਆਉਂਦਾ ਏ...।" ਗਿਆਨੀ ਜੀ ਹੱਥ-ਪੈਰ ਮਾਰਨ ਲੱਗਦੇ, ਰਾਜ ਔਖੀ-ਸੌਖੀ ਉਹਨਾਂ ਨੂੰ ਨੁਹਾ ਦਿੰਦੀ। ਉਹ ਖੱਟੀਆਂ ਮਿੱਠੀਆਂ ਟਾਫੀਆਂ ਬਹੁਤ ਖਾਂਦੇ ਸਨ। ਹਰ ਵੇਲੇ ਸਾਗ ਤੇ ਮੱਕੀ ਦੀ ਰੋਟੀ ਦੀ ਮੰਗ ਕਰਦੇ, ਖਾਣ ਪਿੱਛੋਂ ਸੁੱਤੇ ਰਹਿੰਦੇ...ਜਦੋਂ ਜਾਗਦੇ.. ਰੌਲ਼ਾ ਪਾਉਂਦੇ। ਗਿਆਨੀ ਜੀ ਦੀ ਆਵਾਜ਼ ਦਾ ਗੜ੍ਹਕਾ ਉਵੇਂ ਹੀ ਕਾਇਮ ਰਿਹਾ। ਕਿਸੇ ਮਿਲਣ ਆਏ ਨੂੰ ਬੜੀ ਔਖੀ ਤਰ੍ਹਾਂ ਪਛਾਣਦੇ ਸਨ। ਨਾ ਹੀ ਉਹਨਾ ਦੀ ਕਿਸੇ ਗੱਲ ਦੀ ਸਮਝ ਹੀ ਪੈਂਦੀ ਸੀ, ਯਾਦ ਸ਼ਕਤੀ ਵੀ ਸਾਥ ਛੱਡ ਗਈ ਸੀ ਉਹਨਾਂ ਦਾ।

ਕਈ ਨਾਵਲ, ਕਹਾਣੀਆਂ ਤੇ ਅਲੋਚਨਾ ਦੀਆਂ ਪੁਸਤਕਾਂ ਦੇ ਰਚਣਹਾਰੇ ਪ੍ਰੋ. ਸੁਰਿੰਦਰ ਸਿੰਘ ਨਰੂਲਾ ਵੀ ਵ੍ਹੀਲ ਚੇਅਰ ਜੋਗੇ ਰਹਿ ਗਏ ਸਨ। ਉਨ੍ਹਾਂ ਨੂੰ ਕੈਂਸਰ ਜਿਹੀ ਨਾਮੁਰਾਦ ਬੀਮਾਰੀ ਨੇ ਘੇਰ ਲਿਆ ਸੀ, ਫੁਲਬਹਿਰੀ ਵੀ ਹੋ ਚੁੱਕੀ ਸੀ, ਸਿਰ ਦੇ ਵਾਲ਼ ਵੀ ਝੜ ਚੁੱਕੇ ਸਨ। ਫੁਲਬਹਿਰੀ ਦੇ ਵਾਲ਼ ਇਉਂ ਜਾਪਦੇ ਜਿਵੇਂ ਬੁੱਢੇ ਬ੍ਰਿਛ ਦਾ ਸੱਕ ਲਹਿ ਰਿਹਾ ਹੋਵੇ। ਉਹਨਾਂ ਦਾ ਮੂੰਹ ਅੱਡਿਆ ਰਹਿਣ ਲੱਗਿਆ। ਉਹ ਹੱਡੀਆਂ ਦੀ ਮੁੱਠ ਜਾਪਦੇ। ਉਹ ਅਪਣੀ ਸੇਵਾ ਸੰਭਾਲ਼ ਦੇ ਕਾਟੋ ਕਲੇਸ਼ ਤੋਂ ਬਹੁਤ ਦੁਖੀ ਸਨ। ਕਿਹਾ ਕਰਦੇ ਸਨ, "ਜਿੱਥੇ ਕੁੜ ਕੁੜੇਂਦੀ ਵੱਸੇ...ਉਥੇ ਘੜਿਉਂ ਪਾਣੀ ਨੱਸੇ...ਮੈਨੂੰ ਤੇ ਮੇਰੇ ਕਲੇਸ਼ ਨੇ ਮਾਰ ਲਿਆ...ਦੂਜਾ ਬੀਮਾਰੀਆਂ ਨੇ...ਮੈਂ ਤੇ ਹਾਲੇ ਬਹੁਤ ਕੁਝ ਲਿਖਣਾ ਸੀ...।" ਉਨ੍ਹਾਂ
ਦੀ ਇਹ ਇੱਛਾ ਪੂਰੀ ਨਹੀਂ ਹੋਈ...ਅੰਤ ਸਮੇਂ ਉਹਨਾਂ ਨੂੰ ਅਪਣਾ ਘਰ ਹੀ ਵੇਚਣਾ ਪਿਆ ਤੇ ਉਹ ਕਿਰਾਏ ਦੇ ਘਰ ਵਿਚ ਹੀ ਪੂਰੇ ਹੋ ਗਏ।

ਪੰਜਾਬ ਦੀ ਕੋਇਲ ਦਿੱਲੀਓਂ ਆ ਕੇ ਪੰਚਕੂਲੇ ਆਪਣੀ ਧੀ ਡੌਲੀ ਗੁਲੇਰੀਆ ਦੇ ਘਰ ਨੇੜੇ ਕਿਰਾਏ ਤੇ ਘਰ ਲੈ ਕੇ ਰਹਿਣ ਲੱਗ ਪਈ ਸੀ, ਉਹ ਬਹੁਤੀ ਬੀਮਾਰ ਹੋ ਗਈ। ਉਹਦੇ ਜੀਵਨ ਤੇ ਗਾਇਨ ਬਾਰੇ ਇਕ ਪੁਸਤਕ ਲਿਖ ਰਿਹਾ ਹੋਣ ਕਰਕੇ ਮੈਂ ਅਕਸਰ ਹੀ ਉਹਦੇ ਕੋਲ਼ ਜਾਂਦਾ। ਉਹ ਲੰਬਾ ਹਾਉਕਾ ਭਰਦੀ ਤੇ ਵਿਛੜ ਗਏ ਅਪਣੇ ਭੈਣ ਭਰਾਵਾਂ, ਪਤੀ ਤੇ ਵੱਡੇ ਵੱਡੇਰਿਆਂ ਨੂੰ ਚੇਤੇ ਕਰਕੇ ਰੋਂਦੀ। ਉਹ ਕਿਹਾ ਕਰਦੀ ਸੀ, " ਵੇ ਬੱਚਿਆ..ਮੇਰੀ ਤਾਂ ਇਕੋ-ਇਕ ਇੱਛਾ ਏ ਬਈ ਮੈਂ ਪੰਜਾਬ ਵਿਚ ਮਰਾਂ...ਮੇਰਾ ਆਖਰੀ ਸਾਹ ਪੰਜਾਬ ਵਿਚ ਨਿਕਲੇ਼... ਮੈਂ ਪੰਜਾਬਣ ਆਂ...ਪੰਜਾਬੀਆਂ ਲਈ ਗਾਇਆ ਏ...ਕਿਉਂ ਜੁਦਾ ਹੋਵਾਂ ਮੈਂ ਪੰਜਾਬ ਨਾਲੋ਼ਂ ...?" ਪਰ ਉਸਦੀ ਇਹ ਇਛਾ ਪੂਰੀ ਨਹੀਂ ਹੋਈ। ਸਖਤ ਬੀਮਾਰ ਹੋ ਜਾਣ 'ਤੇ ਉਸਦੀਆਂ ਅਮਰੀਕਾ ਵਸਦੀਆਂ ਧੀਆਂ ਨੰਦਨੀ ਤੇ ਪ੍ਰਮੋਦਨੀ ਉਸ ਨੂੰ ਅਮਰੀਕਾ ਲੈ ਗਈਆਂ। ਉਹਦੀ ਸਿਹਤ ਵਿਚ ਸੁਧਾਰ ਨਾ ਹੋਇਆ, ਹਸਪਤਾਲ ਪਈ ਹੀ ਪੰਜਾਬ ਨੂੰ ਚੇਤੇ ਕਰਦੀ ਕਰਦੀ ਸਦਾ ਲਈ ਅੱਖਾਂ ਮੀਟ ਗਈ।

ਤੂੰਬੀ ਦਾ ਬਾਦਸ਼ਾਹ ਉਸਤਾਦ ਲਾਲ ਚੰਦ ਯਮਲਾ ਜੱਟ ਆਪਣੇ ਘਰ ਵਿਚ ਹੀ, ਇਕ ਰਾਤ ਫ਼ਰਸ਼ ਉਤੋਂ ਤਿਲਕ ਕੇ ਡਿੱਗ ਪਿਆ। ਚੂਕਣਾ ਟੁੱਟ ਗਿਆ ਸੀ। ਮੋਹਨ ਦੇਵੀ ਓਸਵਾਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਉੱਥੇ ਦਿਲ ਦਾ ਦੌਰਾ ਪੈ ਗਿਆ। ਆਖਰੀ ਸਮੇਂ ਵੀ ਬਿਲਕੁਲ ਬੇਸੁਰਤ ਪਿਆ ਰਿਹਾ, ਇਲਾਜ ਲਈ ਇਧਰੋਂ ਉਧਰੋਂ ਮਿਲੇ ਰੁਪਈਏ ਝੱਟ ਦਵਾਈਆਂ ਉਤੇ ਖਰਚ ਹੋ ਗਏ। ਪਰਿਵਾਰ ਕੋਲ਼ ਖਰਚਣ ਲਈ ਫੁੱਟੀ ਕੌਡੀ ਵੀ ਨਾ ਬਚੀ। ਉਸਤਾਦ ਜੀ ਅਕਸਰ ਹੀ ਆਪਣੀਆਂ ਮੁਲਾਕਾਤਾਂ ਵਿਚ ਕਿਹਾ ਕਰਦੇ ਸਨ, ਮੈਂ ਸੱਚੇ ਮਨ ਨਾਲ਼ ਪੰਜਾਬ ਦੇ ਲੋਕਾਂ ਦੀ ਸੱਚੀ ਸੁੱਚੀ ਸੇਵਾ ਕੀਤੀ ਏ..ਪੰਜਾਬੀ ਮੇਰੀ ਕਲਾ ਦਾ ਮੁੱਲ ਜ਼ਰੂਰ ਪਾਉਣਗੇ,. ਓ ਲੋਕੋ..ਮੇਰੇ ਕੋਲ਼ ਸਿਵਾਏ ਨਾਮਣੇ ਤੇ ਸੁੱਚਤਾ ਤੋਂ ਹੋਰ ਕੁਝ ਨਹੀਂ ਏ..।" ਆਖਰੀ ਸਮੇਂ ਪਰਿਵਾਰ ਦੇ ਜੀਅ ਦਵਾਈਆਂ ਖਰੀਦਣ ਲਈ ਲੋਕਾਂ ਦੇ
ਮੂੰਹ ਵੱਲ ਦੇਖਦੇ ਰਹੇ ਸਨ।

ਸਿੱਖ ਗੁਰੂਆਂ ਤੇ ਯੋਧਿਆਂ ਦੇ ਜੀਵਨ ਤੇ ਇਤਿਹਾਸਕ ਨਾਵਲ ਲਿਖਣ ਵਾਲ਼ਾ ਬਜ਼ੁਰਗ ਸਾਹਿਤਕਾਰ ਹਰਨਾਮ ਦਾਸ ਸਹਿਰਾਈ ਕਹਿੰਦਾ ਹੁੰਦਾ ਸੀ, "ਮੇਰੇ ਮਰਨ ਪਿੱਛੋਂ ਮੇਰੀਆਂ ਕਿਤਾਬਾਂ ਤੇ ਖਰੜੇ ਨਾ ਰੁਲਣ.. ਮੇਰੇ ਜੀਂਦੇ ਜੀਅ ਇਹਨਾਂ ਨੂੰ ਅਗਨ ਭੇਂਟ ਕਰ ਦਿਓ.. ਇਹਨਾਂ ਦੀ ਬੇਹੁਰਮਤੀ ਨਾ ਹੋਵੇ।" ਜਦੋਂ ਉਹਨੇ ਆਖਰੀ ਸਵਾਸ ਲਏ, ਉਹਦੇ ਚੁਬਾਰੇ ਵਿਚ ਉਹਦੀਆਂ ਕਿਤਾਬਾਂ ਤੇ ਖਰੜੇ ਮਿਟੀ ਘੱਟੇ ਵਿਚ ਖਿਲਰੇ ਪਏ ਸਨ। ਉਸਦੀ ਨੂੰਹ ਉਸਨੂੰ ਕਿਹਾ ਕਰਦੀ ਸੀ, "ਭਾਪਾ ਚੁਬਾਰਾ ਕਦੋਂ ਵਿਹਲਾ ਕਰਨਾ ਏ...?" ਸਹਿਰਾਈ ਮੈਨੂੰ ਕਹਿੰਦਾ ਹੁੰਦਾ ਸੀ,"ਓਏ ਮੇਰੀ ਗੱਲ ਸੁਣ.. ਮੇਰੇ ਮੁੰਡੇ ਕੁਲਦੀਪ ਨੂੰ ਕਹਿ ਕੇ ਮੇਰਾ ਸਾਰਾ ਲਿਟਰੇਚਰ ਕਿਸੇ ਲਾਇਬਰੇਰੀ ਜਾਂ ਭਾਸ਼ਾ ਵਿਭਾਗ ਨੂੰ ਦਾਨ ਕਰ ਦਿਆ ਜੇ..।" ਪਰ ਉਸ ਦੀ ਇਹ ਗੱਲ ਕੌਣ ਪੂਰੀ ਕਰੇ।

ਸਾਡੇ ਹਰਮਨ ਪਿਆਰੇ ਕਹਾਣੀਕਾਰ ਅਜੀਤ ਸਿੰਘ ਪੱਤੋ ਨੇ ਵੀ ਪਿਛਲੇ ਪਹਿਰ ਲੱਤ ਤੁੜਵਾ ਲਈ ਸੀ। ਦੇਸੀ ਦਾਰੂ ਦਾ ਖਹਿੜਾ ਨਹੀਂ ਸੀ ਛੱਡਿਆ। ਗਰਮੀਆਂ ਦੀ ਰੁੱਤੇ ਇਕ ਦਿਨ ਉਸ ਨੂੰ ਮਿਲਣ ਗਿਆ ਸਾਂ, ਉਹ ਵਰਾਂਡੇ ਵਿਚ ਪਿਆ ਹੋਇਆ ਸੀ। ਆਲ਼ੇ-ਦੁਆਲ਼ੇ ਮੱਖੀਆਂ ਭਿਣ-ਭਿਣਾ ਰਹੀਆਂ ਸਨ। ਉਹਨੂੰ ਦੇਖ ਕੇ ਮੇਰਾ ਮਨ ਢੱਠ ਗਿਆ ਸੀ। ਉਹਨੇ ਅੱਖਾਂ ਭਰ ਕੇ ਕਿਹਾ ਸੀ, "ਪੁੱਤ..ਹੁਣ ਬਸ..ਬਥੇਰੀ ਭੋਗ ਲੀ..ਮਰਨ ਨੂੰ ਜੀਅ ਕਰਦਾ ਐ,ਹੁਣ ਤਾਂ ਮੇਰਾ...।"

ਉਹਦੇ ਪਿੰਡੋਂ ਮਿੰਨੀ ਬੱਸ ਵਿਚ ਬੈਠਾ ਹੋਇਆ ਸੋਚਦਾ ਜਾ ਰਿਹਾ ਸਾਂ ਕਿ..ਕਿੰਨੇ ਚਿਰਾਂ ਤੋਂ ਸਾਡੀਆਂ ਸਾਰੀਆਂ ਮਹਾਨ ਸ਼ਖ਼ਸੀਅਤਾਂ ਨਾਲ਼ ਇੰਜ ਹੀ ਹੁੰਦੀ ਆਈ ਹੈ? ਕਿਉਂ ਹੁੰਦੀ ਹੈ ਇੰਜ ਇਹੋ-ਜਿਹੇ ਸਭਨਾਂ ਲੋਕਾਂ ਨਾਲ਼..? ਸਾਡੇ ਸਮਾਜ ਦਾ ਕਸੂਰ ਹੈ..ਜਾਂ ਇਸ ਵਿਚ ਇਹ ਆਪ ਕਸੂਰਵਾਰ ਹਨ? ਮੈਂ ਆਪਣੇ ਆਪ ਨਾਲ਼ ਖੌਜਲ਼ ਰਿਹਾ ਸਾਂ..ਕੁਝ ਸਮਝ ਨਹੀਂ ਸੀ ਆ ਰਹੀ ਮੈਨੂੰ!

No comments: