ਦੋ ਚਮਚੇ.......... ਵਿਅੰਗ / ਸਾਧੂ ਰਾਮ ਲੰਗੇਆਣਾ (ਡਾ.)

ਸਿਆਣਿਆ ਨੇ ਸੱਚ ਹੀ ਕਿਹਾ ਹੈ ਕਿ ਹੱਸਣਾ ਵੀ ਇੱਕ ਕਲਾ ਹੈ ਹਾਸੇ ਨਾਲ ਜਿੱਥੇ ਸਾਡਾ ਸਰੀਰ ਚੁਸਤ-ਫੁਸਤ ਰਹਿੰਦਾ ਹੈ ਉਂਥੇ ਅਸਲੀ ਹਾਸਿਆਂ ਨਾਲ ਮਿਲਦੇ ਵਿਟਾਮਿਨਾਂ ਕਾਰਨ ਸਾਡਾ ਮਾਨਸਿਕ ਤਣਾਓ ਵੀ ਸਾਡੇ ਤੋਂ ਮੁਕਤ ਹੁੰਦਾ ਹੈ ਭਵਿੱਖ ਵਿੱਚ ਸਾਡੇ ਨਾਲ ਕਦੇ-ਕਦੇ ਅਜਿਹੇ ਲੋਕ ਵਿਚਰਦੇ ਹਨ ਜੋ ਸਦਾ ਖੁਦ ਵੀ ਖਿੜੇ ਮੱਥੇ ਰਹਿੰਦੇ ਹਨ ਅਤੇ ਦੂਜਿਆਂ ਨੂੰ ਵੀ ਹਾਸਿਆਂ, ਮਖੌਲਾਂ ਨਾਲ ਮਿੰਟਾਂ ਸਕਿੰਟਾਂ ਚ ਲੋਟਪੋਟ ਕਰ ਦਿੰਦੇ ਹਨ
ਏਸੇ ਤਰਾਂ ਹੀ ਸਾਡੇ ਮੁਹੱਲੇ ਵਿੱਚ ਵੀ ਰਹਿੰਦੇ ਤਾਇਆ ਨਰੈਂਣਾ ਤੇ ਤਾਈ ਨਿਹਾਲੀ ਜੋ ਹਰ ਸਮੇਂ ਹਸਮੁੱਖ ਚਿਹਰਿਆਂ ਨਾਲ ਆਪ ਵੀ ਖਿੜੇ ਰਹਿੰਦੇ ਸਨ ਅਤੇ ਹਾਸਰਸ ਗੱਲਾਂਬਾਤਾਂ ਰਾਹੀਂ ਕਈ-ਕਈ ਵਾਰ ਅਜਿਹਾ ਦੂਸਰੇ ਉਂਤੇ ਵਿਅੰਗਮਈ ਟੋਟਕਾ ਕੱਸਦੇ ਸਨ ਕਿ ਮਰਨੇ ਵਾਲੇ ਘਰ ਸੱਥਰ ਤੇ ਬੈਠੇ ਲੋਕ ਵੀ ਹਾਸਿਆਂ ਨਾਲ ਲੋਟਪੋਟ ਹੋਣ ਲਈ ਮਜ਼ਬੂਰ ਹੋ ਜਾਂਦੇ ਸਨ ਇੱਕ ਵਾਰ ਸਾਡੇ ਮੁਹੱਲੇ ਵਾਲੇ ਲੋਕ ਹੋਲੀ ਦੇ ਤਿਓਹਾਰ ਵਾਲੇ ਦਿਨ ਇਕੱਠੇ ਹੋ ਕੇ ਤਾਏ ਤਾਈ ਨੂੰ ਕਹਿਣ ਲੱਗੇ ਕਿ ਤੁਸੀਂ ਹਮੇਸ਼ਾ ਦੂਜਿਆਂ ਤੇ ਟੋਟਕੇ ਕੱਸਦੇ ਰਹਿੰਦੇ ਹੋ ਪਰ ਇਸ ਵਾਰ ਅਪ੍ਰੈਲ਼ ਫੂਲ (ਮਖੌਲਾਂ ਵਾਲਾ ਦਿਨ) ਵਾਲੇ ਦਿਨ ਤੁਸੀਂ ਸਾਨੂੰ ਸਾਡੇ ਸਾਹਮਣੇ ਦੋਵੇਂ ਆਪਸ ਵਿੱਚ ਇੱਕ ਦੂਜੇ ਉਤੇ ਅਜਿਹਾ ਹਾਸਰਸ ਵਿਅੰਗਮਈ ਟੋਟਕਾ ਕੱਸ ਕੇ ਦਿਖਾਓ ਕੇ ਜਿਸ ਨਾਲ ਸਾਡੀਆਂ ਹਾਸਿਆਂ ਦੀਆਂ ਨਿਕਲਦੀਆਂ ਕੁਤਕਤਾੜੀਆਂ ਲਈ ਹੋਰ ਵੀ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇ ਪਰ ਸ਼ਰਤ ਇਹ ਹੈ ਕਿ ਤੁਹਾਡੀ ਆਪਸ ਵਿੱਚ ਕਬੱਡੀ ਦੇ ਖਿਡਾਰੀਆਂ ਵਾਂਗ ਕਿਤੇ ਵਿਅੰਗ ਕੱਸਣ ਲਈ ਅੰਦਰ ਖਾਤੇ ਕਿਤੇ ਸੀਟੀ ਨਾਂ ਰਲੀ ਹੋਵੇ ਤੇ ਗੱਲ ਵੀ ਮੌਕੇ ਦੀ ਹੀ ਕੀਤੀ ਜਾਵੇ ਇਸ ਬਦੌਲਤ ਜਿਹੜਾ ਤੁਹਾਡੇ ਚੋਂ ਅੱਵਲ ਹੋਇਆ ਸਾਰੇ ਮੁਹੱਲੇ ਵੱਲੋਂ ਉਸਨੂੰ ਸਨਮਾਨਿਤ ਕੀਤਾ ਜਾਵੇਗਾ।
ਅਪ੍ਰੈਲ ਫੂਲ ਵਾਲਾ ਦਿਨ ਆ ਗਿਆ ਸੀ ਸਾਰੇ ਮੁਹੱਲੇ ਦੀਆਂ ਔਰਤਾਂ ਸਾਂਝੀ ਜਗ੍ਹਾ ਵਿੱਚ ਲੱਗੇ ਪਿੱਪਲ ਹੇਠਾਂ ਦੁਪਹਿਰ ਦੇ ਸਮੇਂ ਇਕੱਠੀਆਂ ਬੈਠੀਆਂ ਸਨ ਤਾਇਆ-ਤਾਈ ਵੀ ਆਪਣੇ ਵਿਅੰਗਮਈ ਟੋਟਕੇ ਲਈ ਪੂਰੇ ਉਤਾਵਲੇ ਸਨ ਇਕੱਠੀਆਂ ਬੈਠੀਆਂ ਔਰਤਾਂ ਕੋਲ ਤਾਇਆ ਵੀ ਜਾ ਕੇ ਇੱਕ ਪਾਸੇ ਮੰਜੀ ਤੇ ਲੇਟ ਗਿਆ ਤੇ ਐਵੇਂ-ਝੈਂਵੇ ਦੀ ਨੀਂਦ ਚ ਹੋ ਕੇ ਘੁਰਾੜੇ ਜਿਹੇ ਮਾਰਨ ਲੱਗ ਪਿਆ ਉਧਰੋਂ ਔਰਤਾਂ ਦਾ ਆਪਸੀ ਰਾਗ ਅਲਾਪਣਾਂ ਜ਼ੋਰਾਂ ਤੇ ਮਘਿਆ ਹੋਇਆ ਸੀ ਆਪਣੇ ਪਤੀਆਂ ਦੀਆਂ ਸਿਫਤਾਂ-ਚੁਗਲੀਆਂ ਕਰਦੀਆਂ ਹੋਈਆਂ ਚੋਂ ਕੋਈ ਕਹਿ ਰਹੀ ਸੀ ਮੇਰਾ ਪਤੀ ਤਾਂ ਦੇਵਤਾ ਐ ਦੇਵਤਾ… ਕੋਈ ਕਿਸੇ ਤਰਾਂ ਸੁਲਾ ਰਹੀ ਸੀ ਤੇ ਕੋਈ ਕਿਸੇ ਤਰਾਂ ਨਿੰਦਿਆ ਕਰਦੀ ਹੋਈ ਦਿਲ ਦੇ ਦੁੱਖੜੇ ਫਰੋਲ ਰਹੀ ਸੀ
ਏਨੇ ਨੂੰ ਜਦੋਂ ਤਾਈ ਨਿਹਾਲੀ ਦੀ ਵਾਰੀ ਆਈ ਤਾਂ ਤਾਈ ਆਪਣੇ ਪਤੀ ਤਾਏ ਨਰੈਣੇਂ ਬਾਰੇ ਕਹਿ ਰਹੀ ਸੀ ਮੇਰਾ ਪਤੀ ਤਾਂ ਸੁੱਚਾ ਨਗ ਐ ਤੇ ਬੱਸ ਭਗਤ ਧੰਨਾ ਜੱਟ ਐ ਧੰਨਾ ਜੱਟ
ਥੋੜੇ ਚਿਰ ਬਾਅਦ ਜਦੋਂ ਮਹਿਫਲ ਖਤਮ ਹੋਣ ਕਿਨਾਰੇ ਹੋਈ ਤਾਂ ਤਾਇਆ ਇਕਦਮ ਅੱਬੜ ਵਾਹਿਆਂ ਵਾਂਗ ਉਂਠਿਆ ਤੇ ਤਾਈ ਵੱਲ ਖੂੰਡਾ ਚੁੱਕਦਾ ਹੋਇਆ ਗਰਮ ਜੋਸ਼ੀ ਨਾਲ ਕਹਿਣ ਲੱਗਾ ਨਿਹਾਲੀਏ ਤੂੰ ਤਾਂ ਮੈਨੂੰ ਗਊਆਂ ਚਾਰਨ ਵਾਲਾ ਸਮਝ ਛੱਡਿਐ ਮੈਂ ਸਾਰੀ ਉਮਰ ਤੈਨੂੰ ਕਿਸੇ ਪਾਸਿਓਂ ਚੋਹੁ ਨਹੀਂ ਲੱਗਣ ਦਿੱਤੀ ਐਰੇ ਵਗੇਰੇ ਕਾਫੀ ਗਰਮ ਸ਼ਬਦ ਕਹਿ ਗਿਆ
ਐਨਾ ਸੁਣ ਸਾਰੀ ਔਰਤਾਂ ਦੀ ਮਹਿਫਲ ਘਬਰਾ ਗਈ ਅਤੇ ਡਾਹਢੀ ਘਬਰਾਈ ਤੇ ਤਲਖੀ ਭਰੇ ਲਹਿਜੇ ਵਿੱਚ ਪਾਣੀ-ਪਾਣੀ ਹੋਈ ਤਾਈ ਤਾਏ ਨੂੰ ਕਹਿਣ ਲੱਗੀ ਕਿ ਨਰੈਂਣਿਆਂ ਮੈਂ ਤਾਂ ਤੈਨੂੰ ਅੱਜ ਤੱਕ ਮੰਦੜਾ ਬੋਲ ਨਹੀਂ ਕਦੇ ਬੋਲਿਆ… ਨਾਲੇ ਗਊਆਂ ਚਾਰਨ ਵਾਲੇ ਹੋਣ ਸਾਡੇ ਦੁਸ਼ਮਣ ਜਾਂ ਹੋਣ ਸਾਡੇ ਸ਼ਰੀਕ ਜਿੰਨਾਂ ਜੈ ਖਾਣਿਆਂ ਨੇ ਅੱਜ ਸਾਡੇ ਘਰ ਦਾ ਬਟਵਾਰਾ ਕਰਵਾਉਣ ਲਈ ਇਹ ਫੂਕ ਮਾਰੀ ਐ ਤੂੰ ਤਾਂ ਨਰੈਣਿਆਂ ਸੁੱਖ ਨਾਲ 20 ਘਮਾਂ ਜ਼ਮੀਨ ਦਾ ਮਾਲਕ ਐ, ਸਿਰੋਂ ਸਰਦਾਰ ਐ…ਸਿਰੋ ਸਰਦਾਰ…
ਤਾਈ ਵੱਲ ਖੂੰਡਾ ਉਕਰੀ ਖੜੇ ਤਾਏ ਨੂੰ ਤਿੰਨ-ਚਾਰ ਔਰਤਾਂ ਨੇ ਜਦੋਂ ਠੰਡਾ ਹੋਣ ਲਈ ਮਿੰਨਤਾਂ ਤਰਲਾ ਜਿਹਾ ਕੀਤਾ ਤਾਂ ਤਾਇਆ ਤਾਈ ਨੂੰ ਕਹਿਣ ਲੱਗਾ ਕਿ ਚੱਲ ਨਿਹਾਲੀਏ ਤੂੰ ਐਂ ਦੱਸ ਬਈ ਜਿਹੜਾ ਗਊਆਂ ਦਾ ਫਲਾਣਾ ਪਾਲਕੀ ਸੀ ਤੇ ਉਸਦਾ ਨਾਂਅ ਕੀ ਸੀ ਤਾਂ ਤਾਈ ਝਿਜਕਦੀ ਜਿਹੀ ਹੋਈ ਕਹਿਣ ਲੱਗੀ… ਧੰਨ ਜੱਟ…
ਤੇ ਨਿਹਾਲੀਏ ਹੁਣ ਪੁੱਛ ਇਹਨਾਂ ਸਾਰੀਆਂ ਜਾਣੀਆਂ ਨੂੰ ਤੂੰ ਮੈਨੂੰ ਚੱਲਦੀ ਮਹਿਫਲ ਚ ਧੰਨਾ ਜੱਟ ਕਿਹਾ ਸੀ ਕਿ ਨਹੀ ਤੇ ਨਾਲੋਂ ਨਾਲ ਇਸ ਵਿਅੰਗ ਮਈ ਟੋਟਕੇ ਦਾ ਪਾਜ਼ ਖੁੱਲਦੇ ਹੀ ਜਿੱਥੇ ਤਾਏ ਦੀਆਂ ਬੁਰਾਛਾਂ ਹਾਸੇ ਨਾਲ ਖਿੜ ਖਿੜ ਹੋਈਆਂ ਉਂਥੇ ਦੂਜੇ ਪਾਸੇ ਸਾਰੀ ਮਹਿਫਲ ਵਿੱਚ ਵੀ ਹਾਸੇ ਦਾ ਚੜਚੋਲੜ ਪੈ ਗਿਆ ਤਾਏ ਦਾ ਅਪ੍ਰੈਲ ਫੂਲ ਨੁਕਤਾ ਦੇਖ ਉਪਰੰਤ ਨਾਲੋ-ਨਾਲ ਤਾਈ ਨੇ ਵੀ ਆਪਣੇ ਅਪ੍ਰੈਲ ਫੂਲ ਦੀ ਤਿਆਰੀ ਕਰ ਲਈ ਤੇ ਉਸਨੇ ਸਾਰੇ ਮੁਹੱਲੇ ਵਾਲਿਆਂ ਨੂੰ ਸ਼ਾਮੀ ਇੱਕ ਛੋਟੀ ਜਿਹੀ ਟੀ ਪਾਰਟੀ ਤੇ ਬੁਲਾਵਾ ਦੇ ਦਿੱਤਾ
ਘਰ ਆਇਆ ਨੂੰ ਤਾਈ ਨਿਹਾਲੀ ਨੇ ਪਹਿਲਾਂ ਚਾਹ-ਪਾਣੀ ਪਿਲਾਇਆ ਤੇ ਫਿਰ ਸਾਰਿਆਂ ਨੂੰ ਸੇਵੀਆਂ ਦੀਆਂ ਪਲੇਟਾਂ ਵਰਤਾਉਣ ਉਪਰੰਤ ਜਦੋਂ ਉਹ ਸੇਵੀਆਂ ਦੀ ਨੱਕੋ-ਨੱਕ ਭਰੀ ਪਲੇਟ ਮਹਿਫਲ ਦੇ ਵਿਚਾਲੇ ਬੈਠੇ ਤਾਏ ਨੂੰ ਫੜਾਉਣ ਲੱਗੀ ਤਾਂ ਤਾਇਆ ਪਲੇਟ ਦੇਖ ਕਹਿਣ ਲੱਗਾ… ਬੱਸ ਨਿਹਾਲੀਏ ਮੇਰੇ ਲਈ ਤਾਂ ਦੋ ਚਮਚੇ… ਮੈ ਤਾਂ ਸਿਰਫ ਤੇ ਸਿਰਫ ਦੋ ਚਮਚੇ ਹੀ ਖਾਊਂਗਾ
ਤਾਈ ਉਨੇ ਪੁੱਠੇ ਪੈਰੀਂ ਮੁੜ ਇੱਕ ਪਲੇਟ ਫਿਰ ਲੈ ਕੇ ਤਾਏ ਦੇ ਮੂਹਰੇ ਜਾ ਖੜੀ
ਹੁਣ ਤਾਇਆ ਵੀ ਤਾਈ ਕੋਲੋਂ ਪਲੇਟ ਫੜ੍ਹਨ ਤੋਂ ਝਿਜਕ ਰਿਹਾ ਸੀ ਤੇ ਲੋਕ ਉਨਾਂ ਦੇ ਮੂੰਹ ਵੱਲ ਦੇਖ ਰਹੇ ਸਨ
ਨਿਹਾਲੀ:- ਨਰੈਣਿਆ ਫਟਾਫਟ ਫੜ ਤੇ ਖ਼ਾਹ ਕੇ ਕੰਮ ਨਬੇੜ ਮੈਂ ਹੋਰ ਵੀ ਕੰਮ ਕਰਨੈਂ…
ਨਰੈਂਣਾ:- ਪਰ ਪਲੇਟ ਵਿੱਚ ਹੈ ਵੀ ਕੀ… ਜਿਹੜਾ ਮੈਂ ਖਾਵਾਂ…
ਨਿਹਾਲੀ:- ਨਰੈਂਣਿਆਂ ਤੈਨੂੰ ਕੀ ਪਿਆ ਦਿਸਦਾ ਪਲੇਟ ਵਿੱਚ
ਨਰੈਂਣਾ:- ਖਾਲੀ ਪਲੇਟ ਚ ਸਿਰਫ ਦੋ ਚਮਚੇ
ਨਿਹਾਲੀ:- ਤੇ ਫਿਰ ਨਰੈਣਿਆਂ ਖਾਹ ਹੁਣ ਏਨਾਂ ਪਤੰਦਰਾਂ ਦੋ ਚਮਚਿਆਂ ਨੂੰ…, ਤੂੰ ਸਿਰਫ ਤੇ ਸਿਰਫ ਦੋ ਚਮਚੇ ਹੀ ਮੰਗੇ ਸਨ ਜੋ ਤੇਰੇ ਮੂਹਰੇ ਹਾਜ਼ਰ-ਨਾਜ਼ਰ ਨੇ…
ਤਾਈ ਨਿਹਾਲੀ ਦੇ ਤਾਏ ਉਂਪਰ ਹੋਏ ਇਸ ਜ਼ਬਰਦਸਤ ਵਿਅੰਗ ਟੋਟਕੇ ਨਾਲ ਹਾਸੀ ਹੱਸਦਿਆਂ ਸਾਰਿਆਂ ਦੀ ਪੀਤੀ ਹੋਈ ਚਾਹ ਨੱਕ ਵਿੱਚਦੀ ਨਿਕਲ ਗਈ ਉਪਰੰਤ ਲੋਟ-ਪੋਟ ਹੋਏ ਸਾਰੇ ਮੁਹੱਲੇ ਵਾਲਿਆਂ ਨੇ ਦੋਵਾਂ ਨੂੰ ਇੱਕੋ ਜਿਹਾ ਦਰਜਾ ਦਿੰਦੇ ਹੋਏ ਸਨਮਾਨਿਤ ਵੀ ਕਰ ਦਿੱਤਾ
****



ਜਦੋਂ ਇੱਕ ਏਜੰਟ ਨੂੰ ਰੇੜ੍ਹੇ ਅੱਗੇ ਜੋੜਿਆ ਗਿਆ.......... ਲੇਖ਼ / ਰਾਜੂ ਹਠੂਰੀਆ


ਪੈਸਾ ਵੀ ਕੀ ਚੀਜ਼ ਹੈ,ਇਹਨੂੰ ਪਾਉਣ ਲਈ ਹਰ ਕੋਈ ਆਪੋ-ਆਪਣੇ ਤਰੀਕੇ ਨਾਲ ਪੂਰੀ ਵਾਹ ਲਾਉਂਦਾ ਹੈ। ਸਬਰ ਵਾਲਿਆਂ ਨੂੰ ਤਾਂ ਸਖ਼ਤ ਮਿਹਨਤ ਤੋਂ ਬਾਅਦ ਜੇ ਗੁਜ਼ਾਰੇ ਜਿੰਨ੍ਹਾਂ ਵੀ ਮਿਲ ਜਾਵੇ ਉਸ ਨਾਲ ਹੀ ਸੰਤੁਸ਼ਟ ਹੋ ਜਾਂਦੇ ਹਨ। ਪਰ ਜਿੰਨ੍ਹਾਂ ਦਾ ਸਬਰ ਹਿੱਲਿਆ ਹੋਵੇ ਉਹ ਦਿਨਾਂ ਵਿੱਚ ਹੀ ਲੱਖਾਂਪਤੀ ਤੇ ਫਿਰ ਕਰੋੜਾਂਪਤੀ ਬਨਣ ਦੀ ਸੋਚਦੇ ਹਨ। ਗੱਲ ਕੀ ਨੜਿਨਵੇਂ ਦੇ ਗੇੜ ਵਿੱਚ ਪੈ ਜਾਂਦੇ ਹਨ। ਫਿਰ ਨਾ ਉਹਨਾਂ ਦਾ ਸੌ ਪੂਰਾ ਹੁੰਦਾ ਹੈ ਤੇ ਨਾ ਉਹ ਸੰਤੁਸ਼ਟ ਹੁੰਦੇ ਹਨ।
ਪਿਛਲੇ ਕੁਝ ਸਾਲਾਂ ਤੋਂ ਇਹਨਾਂ ਲੋਕਾਂ ਲਈ ਇਟਲੀ ਬੜਾ ਸਹਾਈ ਹੋਇਆ ਹੈ। ਕਿੳਂੁਕਿ ਇਹਨਾਂ ਸਾਲਾਂ ਵਿੱਚ ਇੱਥੇ ਕਈ ਵਾਰੀ ਵਿਦੇਸ਼ੀਆਂ ਨੂੰ ਪੱਕੇ ਤੌਰ 'ਤੇ ਆਉਣ ਲਈ ਪੇਪਰ ਖੋਲੇ ਗਏ। ਇਹਨਾਂ ਲੋਕਾਂ ਪੈਸਾ ਇਕੱਠਾ ਕਰਨ ਲਈ ਏਜੰਟ ਬਣਕੇ ਇਟਲੀ ਆਉਣ ਦੇ ਚਾਹਵਾਨਾਂ ਦੀ ਬੜੀ ਛਿੱਲ ਲਾਹੀ ਤੇ ਲਾਹ ਰਹੇ ਹਨ। ਜੇ ਪੰਜਾਬੀ ਦੇ ਸਿੱਧੇ ਸਾਦੇ ਸ਼ਬਦਾਂ ਵਿੱਚ ਕਹਿ ਲਈਏ ਕਿ ਇਹਨਾਂ ਦਲਾਲਪੁਣੇ ਵਿੱਚ ਬੜਾ ਪੈਸਾ ਕਮਾਇਆ। ਦਲਾਲ ਸ਼ਬਦ ਕਹਿਣ ਸੁਨਣ ਨੂੰ ਥੋੜਾ ਕੌੜਾ ਹੈ। ਪਰ ਜੇ ਮੈਂ ਗਲਤ ਨਾ ਹੋਵਾਂ ਤਾਂ ਪੰਜਾਬ ਵਿੱਚ ਜਦੋਂ ਕੋਈ ਦੋ ਧਿਰਾਂ ਵਿਚਕਾਰ ਪੈ ਕੇ, ਪੈਸੇ ਲੈ ਕੇ ਕੋਈ ਕੰਮ ਕਰਵਾਉਂਦਾ ਹੈ ਤਾਂ ਉਸ ਨੂੰ ਦਲਾਲ ਹੀ ਕਹਿੰਦੇ ਹਨ। ਖੈ਼ਰ ਸ਼ਬਦ ਨਾਲ ਕੋਈ ਫਰਕ ਨਹੀਂ ਪੈਂਦਾ। ਕੰਮ ਤਾਂ ਜਿਹੜਾ ਹੈ ਓਹੀ ਰਹਿਣਾ। ਇਸ ਸਮੇਂ ਦੋਰਾਨ ਜਿੱਥੇ ਇਹ ਲੋਕ ਪੈਸੇ ਕਮਾਉਣ ਵਿੱਚ ਲੱਗੇ ਹੋਏ ਸਨ ਉੱਥੇ ਕਈਆਂ ਇਨਸਾਨੀਅਤ ਦੇ ਤੌਰ 'ਤੇ ਆਪਣੇ ਰਿਸ਼ਤੇਦਾਰਾਂ ਅਤੇ ਮਿੱਤਰਾਂ ਦੀ ਬਿਨਾਂ ਕਿਸੇ ਲਾਲਚ ਮੱਦਦ ਵੀ ਕੀਤੀ। ਪਰ ਮੈਂ ਅੱਜ ਗੱਲ ਕਰਨੀ ਚਾਹੁੰਨਾਂ ਜਿਹੜੇ ਏਜੰਟ ਬਣੇ ਹੋਏ ਹਨ।
ਇਹਨਾਂ ਵਿੱਚੋਂ ਕਈ ਤਾਂ ਇੱਥੋਂ ਦੇ ਹਾਲਾਤ ਆਉਣ ਵਾਲੇ ਨੂੰ ਸਹੀ-ਸਹੀ ਦੱਸਦੇ ਹਨ ਤੇ ਠੋਕ ਕੇ ਪੈਸੈ ਮੰਗਦੇ ਹਨ। ਫਿਰ ਆਉਣ ਵਾਲੇ ਦੀ ਮਰਜ਼ੀ,ਚਾਹੇ ਆਵੇ ਚਾਹੇ ਨਾ। ਪਰ ਬਹੁਤੀ ਗਿਣਤੀ ਉਹਨਾਂ ਦੀ ਹੈ ਜਿਹੜੇ ਇੱਥੋਂ ਦੇ ਹਾਲਾਤ ਇਸ ਢੰਗ ਨਾਲ ਪੇਸ਼ ਕਰਦੇ ਹਨ ਕਿ ਆਉਣ ਵਾਲਾ ਨਾਂਹ ਕਰ ਹੀ ਨਹੀਂ ਸਕਦਾ। ਆਉਣ ਵਾਲੇ ਨੂੰ ਕਿਹਾ ਜਾਂਦਾ ਹੈ ਕਿ ਉਹ ਇੱਥੇ ਆਕੇ 75 ਤੋਂ 80 ਹਜ਼ਾਰ ਤੱਕ ਕਮਾ ਲਵੇਗਾ। ਜਿਸ ਵਿੱਚੋਂ 25 ਤੋਂ 30 ਹਜ਼ਾਰ ਤੱਕ ਖਰਚ ਕਰਕੇ, 50 ਹਜ਼ਾਰ ਆਰਾਮ ਨਾਲ ਬਚਾ ਲਵੇਗਾ। ਆਉਣ ਵਾਲਾ ਝੱਟ ਯੂਰੋ ਨੂੰ ਰੁਪਈਆਂ ਨਾਲ ਜ਼ਰਬਾਂ ਦੇ ਕੇ, ਏਜੰਟ ਨੂੰ ਅੱਠ-ਦਸ ਲੱਖ ਦੇਣ ਲਈ ਤਿਆਰ ਹੋ ਜਾਂਦਾ ਹੈ। ਇਹ ਚਾਹੇ ਵਿਆਜੂ ਲੈਣੇ ਪੈਣ ਜਾਂ ਇਸ ਲਈ ਜ਼ਮੀਨ ਵੇਚਣੀ ਪਵੇ। ਪਰ ਇਹ ਕਮਾਈ ਨਾਲ ਪੂਰੇ ਕਦੋਂ ਹੋਣਗੇ, ਹੋਣਗੇ ਵੀ ਜਾਂ ਨਹੀਂ ਇਸ ਗੱਲ ਦਾ ਪਤਾ ਤਾਂ ਇੱਥੇ ਆ ਕੇ ਹੀ ਲੱਗਦਾ ਹੈ। ਏਜੰਟ ਨੂੰ ਕੀ ਆ ਉਹਦੀ ਤਾਂ ਉਹ ਗੱਲ ਹੈ ਕਿ "ਲਾਗੀ ਨੇ ਤਾਂ ਲਾਗ ਲੈਣਾ,ਚਾਹੇ ਜਾਂਦੀ ਰੰਡੀ ਹੋ ਜਾਵੇ"। ਇਹਨਾਂ ਨੇ ਆਪਣੀਆਂ ਜੇ਼ਬਾਂ ਭਰਨ ਲਈ ਕਿੰਨਿਆਂ ਨੂੰ ਝੂਠ ਬੋਲਕੇ ਤਬਾਹ ਕੀਤਾ ਇਹ ਲਿਸਟ ਤਾਂ ਬਹੁਤ ਲੰਬੀ ਹੈ। ਪਰ ਮੈਂ ਕੁਝ ਕੁ ਵਾਕਿਆਤ ਸਾਂਝੇ ਕਰਨਾ ਚਾਹਾਂਗਾ ਕਿ ਕਿਵੇਂ ਕਈਆਂ ਨੇ ਆਪਣੇ ਰਿਸ਼ਤੇਦਾਰਾਂ ਅਤੇ ਮਿੱਤਰਾਂ ਨੂੰ ਵੀ ਨਹੀਂ ਬਖਸਿ਼ਆ।
ਕਈਆਂ ਨੇ ਤਾਂ ਸਿੱਧਾ ਜਿਹਾ ਢੰਗ ਅਪਣਾਇਆ ਹੋਇਆ ਕਿ ਅੱਠ-ਦਸ ਜਾਣਿਆਂ ਨੂੰ ਪੇਪਰ ਭ�ਆ ਹੈ� ਲਾਰਾ ਲਾ ਕੇ ਉਹਨਾਂ ਤੋਂ ਲੱਖ ਜਾਂ ਦੋ ਲੱਖ ਪਹਿਲਾਂ ਫੜ ਲੈਣਾ ਹੈ ਤੇ ਇੱਕ ਸਾਲ ਦਾ ਸਮਾਂ ਦੇ ਦੇਣਾ ਹੈ ਕਿ ਜੇ ਪੇਪਰ ਨਿਕਲ ਆਏ ਤਾਂ ਬਾਕੀ ਪੈਸੇ ਲਵਾਂਗੇ,ਜੇ ਨਾ ਨਿਕਲੇ ਤਾਂ ਅਸੀਂ ਆਪਣਾ ਖਰਚਾ ਜੋ ਕਿ ਵੀਹ ਤੋਂ ਪੱਚੀ ਹਜ਼ਾਰ ਹੋਵੇਗਾ ਕੱਟ ਕੇ ਬਾਕੀ ਪੈਸੇ ਵਾਪਿਸ ਕਰ ਦੇਵਾਂਗੇ। ਹੁਣ ਪੇਪਰ ਭਰੇ ਚਾਹੇ ਨਾ। ਇੱਕ ਸਾਲ ਅਗਲੇ ਦੇ ਪੈਸੇ ਵਰਤਣੇ ਤੇ ਫਿਰ ਵੀਹ ਪੱਚੀ ਹਜ਼ਾਰ ਦੀ ਕੁੰਡੀ ਲਾ ਕੇ ਬਾਕੀ ਪੈਸੇ ਵਾਪਿਸ ਕਰ ਦੇਣੇ। ਇਸ ਤਰਾਂ ਨਾ ਕੋਈ ਕੁਝ ਕਹਿ ਸਕਦਾ ਹੈ। ਬੈਠੇ ਬਠਾਇਆਂ ਮੋਟੀ ਰਕਮ ਜ਼ੇਬ 'ਚ ਬਿਨਾਂ ਰਿਸਕ ਦੇ। ਕਈ ਆਪ ਤਾਂ ਇੱਥੇ ਵਿਹਲੇ ਬੈਠੇ ਹੁੰਦੇ ਹਨ ਤੇ ਕਿਸੇ ਏਜੰਟ ਨਾਲ ਹਿੱਸਾ ਪੱਤੀ ਕਰਕੇ ਆਪਣੇ ਹੀ ਕਿਸੇ ਕਰੀਬੀ ਨੂੰ ਇਹ ਕਹਿ ਕੇ ਫਸਾ ਦੇਣਗੇ ਕਿ ਇੱਥੇ ਕੰਮ ਦੀ ਕੋਈ ਘਾਟ ਨਹੀਂ। ਕਈ ਸਖਸ਼ ਤਾਂ ਇਹੋ ਜਿਹੇ ਹਨ ਕਿ ਉਹਨਾਂ ਆਪਣੇ ਸਕੇ ਭਰਾ ਵੀ ਨਹੀਂ ਬਖਸ਼ੇ। ਗਰੀਬ ਭਰਾ ਤੋਂ ਪਹਿਲਾਂ ਉਸਦੇ ਹਿੱਸੇ ਆਉਂਦੀ ਕੁਝ ਜ਼ਮੀਨ ਜਾਂ ਉਹਦਾ ਕੋਈ ਪਲਾਟ ਆਪਣੇ ਨਾਂ ਕਰਵਾਕੇ ਉਸ ਨੂੰ ਇੱਥੇ ਸੱਦਿਆ। ਹੁਣ ਉਸਦੀ ਗਰੀਬੀ ਦੂਰ ਹੋਵੇਗੀ ਜਾਂ ਨਹੀਂ ਇਹ ਤਾਂ ਪਤਾ ਨਹੀਂ। ਪਰ ਇਸ ਤਰਾਂ ਇੱਕ ਭਰਾ ਦੂਜੇ ਭਰਾ ਤੋਂ ਦੂਰ ਜਰੂਰ ਹੋ ਗਿਆ ਹੋਵੇਗਾ। ਇੱਕ ਦਿਨ ਮੈਨੂੰ ਜਾਣ ਪਹਿਚਾਣ ਵਾਲੇ ਨੇ ਦੱਸਿਆ ਕਿ ਕਿਸੇ ਏਜੰਟ ਨੇ ਇਕ ਮੁੰਡੇ ਨੂੰ ਸੀਜ਼ਨ (9 ਮਹੀਨੇ ਲਈ ਕੰਮ) ਵਾਲੇ ਪੇਪਰਾਂ 'ਤੇ ਮੰਗਵਾਉਣ ਲਈ ਉਸ ਤੋਂ ਅੱਠ ਲੱਖ ਲਿਆ ਸੀ। ਜਦੋਂ ਆਕੇ ਉਸ ਨੇ ਪੁੱਛਿਆ ਕਿ ਕੰਮ 'ਤੇ ਕਦੋਂ ਭੇਜੋਗੇ ਤਾਂ ਅੱਗੋਂ ਜਬਾਬ ਮਿਲਿਆ "ਐਨਾ ਥੋੜਾ ਤੈਨੂੰ ਸਿੱਧੇ ਤਰੀਕੇ ਨਾਲ ਇੱਥੇ ਪਹੁੰਚਦਾ ਕਰ ਦਿੱਤਾ। ਨੌ ਮਹੀਨੇ ਦਾ ਤੇਰੇ ਕੋਲ ਵੀਜ਼ਾ ਹੁਣ ਜਿੱਥੇ ਮਰਜ਼ੀ ਜਾਹ।" ਜਿੱਥੇ ਭਰਾ ਭਰਾ ਨੂੰ ਧੋਖਾ ਦੇਈ ਜਾਂਦਾ ਉੱਥੇ ਦੂਜਿਆਂ ਕਦੋਂ ਬਖਸ਼ਣਾ ਹੋਇਆ। ਪਰ ਇਹ ਠੱਗੀਆਂ ਮਾਰਨ ਵਾਲੇ ਪੈਸੇ ਦੇ ਲਾਲਚ ਵਿੱਚ ਭੁੱਲ ਜਾਂਦੇ ਹਨ ਕਿ ਦੁਨੀਆਂ ਪਰੇ ਤੋਂ ਪਰੇ ਪਈ ਹੈ। ਖੱਜਲ ਖੁਆਰ ਕਰਨ ਵਾਲੇ ਏਜੰਟਾਂ ਦੀ ਕਿਸੇ ਦੇ ਮੂੰਹੋ ਮਾਂ-ਭੈਣ ਇੱਕ ਹੁੰਦੀ ਜਾਂ ਉਹਨਾਂ ਦੀ ਕੁੱਟਮਾਰ ਹੁੰਦੀ ਤਾਂ ਆਮ ਸੁਣੀ ਜਾਂਦੀ ਹੈ। ਪਰ ਮੈਂ ਇੱਕ ਧੋਖੇਵਾਜ਼ ਏਜੰਟ ਨਾਲ ਜੋ ਅੱਖੀਂ ਹੁੰਦੀ ਵੇਖੀ ਉਹ ਪਹਿਲਾਂ ਕਦੇ ਨਹੀਂ ਸੀ ਸੁਣੀ। ਜੋ ਉਸ ਏਜੰਟ ਨਾਲ ਬੀਤੀ ਮੈਂ ਉਹ ਸਭ੍ਹ ਨਾਲ ਸਾਂਝੀ ਕਰਨੀ ਚਾਹਾਂਗਾ। ਤਾਂ ਕਿ ਜੇ ਕੋਈ ਧੋਖਾਧੜੀ ਕਰਨ ਵਾਲਾ ਵੀ ਇਸ ਨੂੰ ਪੜੇਗਾ, ਹੋ ਸਕਦਾ ਹੈ ਕਿਸੇ ਦੀ ਜਿ਼ੰਦਗੀ ਖਰਾਬ ਕਰਨ ਤੋਂ ਪਹਿਲਾਂ ਇਸ ਏਜੰਟ ਦੀ ਕਹਾਣੀ ਉਸ ਦੀਆਂ ਅੱਖਾਂ ਅੱਗੇ ਘੁੰਮ ਜਾਵੇ ਤੇ ਸ਼ਾਇਦ ਕਿਸੇ ਦੀ ਜਿ਼ਦਗੀ ਬਰਬਾਦ ਹੋਣੋ ਬਚ ਜਾਵੇ।
ਇੱਕ ਏਜੰਟ ਆਪਣੇ ਗਾਹਕ ਲੱਭਦਾ ਹੋਇਆ ਹੋਰਾਂ ਪਿੰਡਾਂ ਤੋਂ ਹੁੰਦਾ ਹੋਇਆ ਕਿਸੇ ਜਾਣ ਪਹਿਚਾਣ ਵਾਲੇ ਦੇ ਰਿਸ਼ਤੇਦਾਰ ਦੇ ਘਰ ਮੇਰੇ ਨਾਨਕੇ ਪਿੰਡ ਆ ਗਿਆ । ਜਿਸ ਦੇ ਘਰ ਰਹਿਣ ਲੱਗਾ ਉਸ ਦੀਆਂ ਕੁੜੀਆਂ ਵਿਆਹੁਣ ਵਾਲੀਆਂ ਸਨ । ਏਜੰਟ ਉਸ ਨੂੰ ਭਰਮਾਉਣ ਲੱਗਾ ਕਿ ਮੈਂ ਤੈਨੂੰ ਡੁਬਈ ਭੇਜ ਦਿੰਦਾ ਹਾਂ, ਐਨੇ ਪੈਸੇ ਲੱਗਣਗੇ । ਤੂੰ ਓਥੇ ਵਧੀਆ ਕਮਾਈ ਕਰ ਲਵੇਂਗਾ। ਕੁੜੀਆਂ ਵਿਆਹੁਣੀਆਂ ਸੌਖੀਆਂ ਹੋ ਜਾਣਗੀਆਂ । ਪਰ ਉਹ ਆਦਮੀ ਜਿੰਨੇ ਪੈਸੇ ਏਜੰਟ ਨੇ ਮੰਗੇ ਦੇਣ ਤੋਂ ਅਸਮਰੱਥ ਸੀ । ਉਸ ਨੇ ਨਾਂਹ ਕਰ ਦਿੱਤੀ । ਫੇਰ ਏਜੰਟ ਉਸ ਨੂੰ ਕਹਿਣ ਲੱਗਾ “ਚੰਗਾ ਫਿਰ ਤੂੰ ਇਸ ਤਰਾਂ ਕਰ ਮੈਨੂੰ ਦੋ ਤਿੰਨ ਹੋਰ ਗਾਹਕ ਡੁਬਈ ਜਾਣ ਵਾਲੇ ਲੱਭ ਕੇ ਦੇ ਦੇ । ਮੈਂ ਪੈਸੇ ਆਪੇ ਉਹਨਾਂ ਤੋਂ ਪੂਰੇ ਕਰ ਲਵਾਂਗਾ ਤੂੰ ਜਿੰਨੇ ਦੇਣੇ ਹੋਏ ਦੇ ਦੇਵੀਂ।” ਉਸ ਆਦਮੀ ਨੂੰ ਇਹ ਗੱਲ ਜਚ ਗਈ । ਉਸ ਨੇ ਪਿੰਡ ਵਿੱਚੋਂ ਦੋ ਜਾਣੇ ਤਿਆਰ ਕਰ ਲਏ । ਏਜੰਟ ਨੇ ਦੋ ਸਾਲ ਦਾ ਕੰਮ ਦਾ ਵੀਜ਼ਾ ਲਵਾਉਣ ਦੇ ਜਿੰਨ੍ਹੇ ਪੈਸੇ ਮੰਗੇ ਉਹਨਾਂ ਨੇ ਅੱਧੇ ਪਹਿਲਾਂ ਦੇ ਦਿੱਤੇ ਤੇ ਬਾਕੀ ਵੀਜ਼ਾ ਲੱਗਣ ਤੇ ਦੇਣ ਦਾ ਇਕਰਾਰ ਕਰ ਲਿਆ। ਉਹਨਾਂ ਦਿਨਾਂ ਵਿੱਚ ਏਜੰਟ ਪੂਰੀ ਟੌਹਰ ਨਾਲ ਪਿੰਡ ਵਿੱਚ ਘੁੰਮਦਾ। ਵਧੀਆ ਕੱਪੜੇ ਪਾ ਕੇ, ਸ਼ੇਵ ਕਰਕੇ ਰੱਖਦਾ । ਜਦੋਂ ਗਲ੍ਹੀ ਵਿੱਚੋਂ ਲੰਘਦਾ ਤਾਂ ਗਲ੍ਹੀ 'ਚ ਖੇਡਦੇ ਜੁਆਕ ਇੱਕ ਦੂਜੇ ਨੂੰ ਆਖਦੇ "ਔਹ ਵੇਖੋ ਓਏ ਭਾਈ ਬਾਹਰੋਂ ਆਇਆ, ਕਿੰਨਾਂ ਗੋਰਾ ਰੰਗ ਏ ਪਤੰਦਰ ਦਾ।" ਏਜੰਟ ਹੋਰ ਚੌੜਾ ਹੋ ਕੇ ਤੁਰਨ ਲੱਗ ਪੈਂਦਾ । ਪਰ ਰੱਬ ਜਾਣੇ ਉਹਨੇ ਕਦੇ ਜਹਾਜ਼ 'ਚ ਬੈਠ ਕੇ ਵੇਖਿਆ ਵੀ ਸੀ ਕਿ ਨਹੀਂ । ਕੁਝ ਕੁ ਦਿਨ ਰਹਿ ਕੇ ਏਜੰਟ ੳੁੱਥੋਂ ਚਲਿਆ ਗਿਆ ।
ਫਿਰ ਉਸਦਾ ਸੁਨੇਹਾਂ ਆ ਗਿਆ ਕਿ ਤੁਹਾਡੇ ਵੀਜੇ਼ ਲੱਗ ਗਏ ਹਨ ਬਾਕੀ ਰਹਿੰਦੇ ਪੈਸਿਆਂ ਦਾ ਇੰਤਜ਼ਾਮ ਕਰਕੇ ਤਿਆਰੀ ਕਰ ਲਵੋ ਆਪਾਂ ਦਿੱਲੀ ਨੂੰ ਜਾਣਾ ਤੇ ਜਲਦੀ ਹੀ ਤੁਹਾਡੀ ਫਲਾਈਟ ਕਰਵਾ ਦੇਣੀ ਹੈ । ਉਹ ਪੈਸੇ ਲੈ ਕੇ ਦਿੱਲੀ ਚਲੇ ਗਏ । ਪੈਸੇ ਉਹਨਾਂ ਪਾਸਪੋਰਟ ਲੈ ਕੇ ਹੀ ਦੇਣੇ ਸਨ । ਜਦੋਂ ਏਜੰਟ ਪਾਸਪੋਰਟ ਲੈ ਕੇ ਆਇਆ ਤਾਂ ਕਹਿਣ ਲੱਗਾ ਬਾਕੀ ਦੇ ਪੈਸੇ ਦੇ ਦਿਓ । ਉਹਨਾਂ ਪਾਸਪੋਰਟ ਖੋਹਲ ਕੇ ਵੇਖੇ ਤਾਂ ਸਿਰਫ ਇੱਕ ਹਫਤੇ ਦਾ ਟੂਰਿਸਟ ਵੀਜ਼ਾ ਲੱਗਾ ਹੋਇਆ ਸੀ । ਸਾਰੇ ਏਜੰਟ ਦੇ ਗਲ੍ਹ ਪੈ ਗਏ ਕਿ “ਤੂੰ ਤਾਂ ਕਹਿੰਦਾ ਸੀ ਕਿ ਦੋ ਸਾਲ ਦਾ ਕੰਮ ਦਾ ਵੀਜ਼ਾ ਲਵਾ ਕੇ ਦੇਵਾਂਗਾ।” ਏਜੰਟ ਟਾਲਮਟੋਲ ਕਰਨ ਲੱਗਿਆ ਕਹਿੰਦਾ “ਤੁਸੀਂ ਇੱਕ ਵਾਰ ਡੁਬਈ ਪਹੁੰਚੋ ਮੈਂ ਆਪੇ ਸੈਟਿੰਗ ਕਰਵਾ ਦਿਆਂਗਾ।” ਸਾਰਿਆਂ ਟੂਰਿਸਟ ਵੀਜ਼ੇ ਤੇ ਜਾਣ ਤੋਂ ਨਾਂਹ ਕਰ ਦਿੱਤੀ ਤੇ ਕਹਿਣ ਲੱਗੇ ਜਾਂ ਤਾਂ ਦੋ ਸਾਲ ਦਾ ਵੀਜ਼ਾ ਲਵਾ ਕੇ ਦੇ, ਨਹੀਂ ਸਾਡੇ ਪੈਸੇ ਵਾਪਿਸ ਕਰ ਜਿਹੜੇ ਪਹਿਲਾਂ ਲਏ ਸੀ ਅਸੀਂ ਪੰਜਾਬ ਨੂੰ ਵਾਪਿਸ ਜਾਂਦੇ ਹਾਂ। ਏਜੰਟ ਨੇ ਦਿੱਲੀ 'ਚ ਕਈ ਦਿਨ ਟਾਲਮਟੋਲ ਕਰਦਿਆਂ ਲੰਘਾਅ ਦਿੱਤੇ, ਪਰ ਉਹਨਾਂ ਪਿੱਛਾ ਨਾ ਛੱਡਿਆ । ਆਖਿ਼ਰ ਏਜੰਟ ਉਹਨਾਂ ਨੂੰ ਨਾਲ ਲੈ ਕੇ ਵਾਪਿਸ ਪੰਜਾਬ ਆਪਣੇ ਪਿੰਡ ਆ ਗਿਆ ਤੇ ਰਾਹ ਵਿੱਚ ਭਰੋਸਾ ਦਵਾਉਂਦਾ ਆਇਆ ਕਿ ਕੁਝ ਦਿਨਾਂ ਵਿੱਚ ਹੀ ਉਹਨਾਂ ਦਾ ਵੀਜ਼ਾ ਲਵਾ ਦੇਵੇਗਾ, ਜੇ ਨਾ ਲੱਗਿਆ ਤਾਂ ਪੈਸੇ ਵਾਪਿਸ ਕਰ ਦੇਵੇਗਾ । ਪਰ ਪੱਟੂ ਰਾਤ ਨੂੰ ਸਾਰਿਆਂ ਨੂੰ ਸੁੱਤੇ ਪਏ ਛੱਡ ਕੇ ਭੱਜ ਗਿਆ । ਜਦੋਂ ਉਹਨਾਂ ਸਵੇਰੇ ਉੱਠ ਕੇ ਉਹਦੇ ਘਰਦਿਆਂ ਤੋਂ ਪੁੱਛਿਆ ਕਿ “ਉਹ ਕਿੱਥੇ ਹੈ?” ਤਾਂ ਉਹਨਾਂ ਇਹ ਕਹਿ ਕੇ ਪਿੱਛਾ ਛੁਡਵਾ ਲਿਆ ਕਿ “ਅਸੀਂ ਤਾਂ ਉਸ ਨੂੰ ਘਰੋਂ ਬੇਦਖਲ ਕੀਤਾ ਹੋਇਆ। ਸਾਨੂੰ ਨਹੀਂ ਪਤਾ ਉਹ ਕੀ ਕਰਦਾ ਕੀ ਨਹੀਂ। ਜਦੋਂ ਜੀਅ ਕਰਦਾ ਆ ਜਾਂਦਾ ਜਦੋਂ ਜੀਅ ਕਰਦਾ ਚਲਿਆ ਜਾਂਦਾ।” ਸਾਰੇ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗੇ ਕਿ ਹੁਣ ਕੀ ਕਰੀਏ। ਫੇਰ ਉਹਨਾਂ ਉਸ ਦੇ ਪਿੰਡ ਤੋਂ ਉਹਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਕਈ ਮਹੀਨੇ ਕੋਈ ਪਤਾ ਨਾ ਲੱਗਾ। ਅਖ਼ੀਰ ਕਿਸੇ ਨੇ ਖ਼ਬਰ ਦਿੱਤੀ ਕਿ ਉਹ ਪਟਿਆਲੇ ਕਿਸੇ ਹੋਟਲ ਵਿੱਚ ਰਹਿੰਦਾ ਹੈ। ਬਸ ਫਿਰ ਕੀ ਸੀ ਖ਼ਬਰ ਮਿਲਦੇ ਸਾਰ ਉਹ ਪਟਿਆਲੇ ਪਹੁੰਚ ਗਏ। ਪਹਿਲਾਂ ਉਹਨਾਂ ਪੁਲਿਸ ਨੂੰ ਇਤਲਾਹ ਦਿੱਤੀ ਕਿ ਇਸ ਤਰਾਂ ਇੱਕ ਆਦਮੀ ਸਾਡੇ ਨਾਲ ਧੋਖਾ ਕਰਕੇ ਆਇਆ ਅਸੀਂ ਉਸ ਤੋਂ ਆਪਣੇ ਪੈਸੇ ਵਾਪਿਸ ਲੈਣ ਆਏ ਹਾਂ। ਪੁਲਿਸ ਵਾਲੇ ਕਹਿੰਦੇ “ਤੁਸੀਂ ਜਾ ਕੇ ਇੱਕ ਵਾਰ ਪੁੱਛ ਲਵੋ ਜੇ ਨਾ ਮੰਨਿਆ ਫੇਰ ਅਸੀਂ ਆਪਣੇ ਤਰੀਕੇ ਨਾਲ ਮਨਾ ਲਵਾਂਗੇ।” ਜਦੋਂ ਉਹਨਾਂ ਹੋਟਲ ਪਹੁੰਚ ਕੇ ਹੋਟਲ ਵਾਲੇ ਤੋਂ ਪੁੱਛਿਆ ਕਿ “ਫਲਾਣਾ ਬੰਦਾ ਕਿਥੇ ਆ।” ਹੋਟਲ ਵਾਲਾ ਕਹਿੰਦਾ “ਮੈਨੂੰ ਕੀ ਪਤਾ ਮੈਂ ਨਹੀਂ ਜਾਣਦਾ ਉਹਨੂੰ।”ਉਹ ਸਭ੍ਹ ਕੁਝ ਜਾਣਦੇ ਹੋਏ ਵੀ ਪੈਰਾਂ ਤੇ ਪਾਣੀ ਨਾ ਪੈਣ ਦੇਵੇ। ਉਹਨਾਂ ਏਧਰ ਓਧਰ ਵੇਖਣਾ ਸ਼ੁਰੂ ਕਰ ਦਿੱਤਾ।ਉਹਨਾਂ ਨੂੰ ਉੱਥੇ ਪਹੁੰਚਿਆਂ ਕਾਫੀ ਸਮਾਂ ਹੋ ਗਿਆ ਸੀ ਤੇ ਬਾਥਰੂਮ ਦਾ ਦਰਵਾਜਾ ਓਹਦੋਂ ਦਾ ਹੀ ਬੰਦ ਪਿਆ ਸੀ। ਥੋੜੀ ਸੱ਼ਕ ਹੋ ਗਈ ਉਹਨਾਂ ਹੋਟਲ ਵਾਲੇ ਨੂੰ ਪੁੱਛਿਆ “ਬਾਥਰੂਮ ਵਿੱਚ ਕੌਣ ਏ?” ਤਾਂ ਉਹ ਕਹਿਣ ਲੱਗਾ “ਮੇਰੇ ਘਰਵਾਲੀ ਏ ਤੁਸੀਂ ਕੀ ਲੈਣਾ।” ਉਹ ਕਹਿੰਦੇ “ਸਾਨੂੰ ਪਤਾ ਕੌਣ ਆ,ਤੂੰ ਉਹਨੂੰ ਬਾਹਰ ਕੱਢ।” ਹੋਟਲ ਵਾਲਾ ਔਖਾ ਹੋ ਗਿਆ ਕਹਿੰਦਾ “ਮੈਂ ਪੁਲਿਸ ਨੂੰ ਫੋਨ ਕਰਦਾਂ ਤੁਸੀਂ ਐਵੇਂ ਮੈਨੂੰ ਪਰੇਸ਼ਾਨ ਕਰ ਰਹੇ ਹੋ।” ਉਹ ਕਹਿੰਦੇ “ਇਹ ਖੇਚਲ ਤੈਨੂੰ ਕਰਨ ਦੀ ਲੋੜ ਨਹੀਂ ਅਸੀਂ ਪੁਲਿਸ ਵਾਲਿਆਂ ਨੂੰ ਦੱਸ ਕੇ ਆਏ ਹਾਂ ਜੇ ਕਹੇਂ ਤਾਂ ਅਸੀਂ ਬੁਲਾ ਦਿੰਦੇ ਆਂ।” ਹੋਟਲ ਵਾਲਾ ਏਨੀ ਗੱਲ ਸੁਣ ਕੇ ਠੰਡਾ ਹੋ ਗਿਆ ਤੇ ਉਹਨੇ ਬਾਥਰੂਮ ਦਾ ਦਰਵਾਜਾ ਖੁਲਵਾ ਦਿੱਤਾ । ਅੰਦਰੋਂ ਏਜੰਟ ਸਾਹਿਬ ਨੀਵੀਂ ਪਾਈ ਬਾਹਰ ਆ ਗਏ। ਉਹਨਾਂ ਬਾਹੋਂ ਫੜਿਆ ਤੇ ਕਹਿਣ ਲੱਗੇ “ਚੱਲ ਤੈਨੂੰ ਪੁਲਿਸ ਦੇ ਹਵਾਲੇ ਕਰਨਾ ਹੈ।” ਏਜੰਟ ਮਿੰਨਤਾਂ ਕਰਨ ਲੱਗ ਪਿਆ “ਮੈਂ ਤੁਹਾਡੇ ਪੈਸੇ ਵਾਪਿਸ ਕਰ ਦੇਵਾਂਗਾ ਪੁਲਿਸ ਕੋਲ ਫੜਾਉਣ ਨੂੰ ਰਹਿਣ ਦਿਓ। ਉੱਥੇ ਜਾ ਕੇ ਤੁਹਾਡੇ ਪੱਲੇ ਕੁਝ ਨਹੀਂ ਪੈਣਾ। ਮੈਨੂੰ ਥੋੜੇ ਦਿਨਾਂ ਦਾ ਸਮਾਂ ਦਿਓ ਮੈਂ ਤੁਹਾਡੇ ਪੈਸੇ ਪਹੁੰਚਦੇ ਕਰ ਦੇਵਾਂਗਾ।” ਹੁਣ ਉਹ ਕਦੋਂ ਇਤਬਾਰ ਕਰਨ ਲੱਗੇ ਸੀ। ਉਹਨਾਂ ਉਸਨੂੰ ਕਾਰ ਵਿੱਚ ਨਾਲ ਬਿਠਾਇਆ ਤੇ ਆਪਣੇ ਪਿੰਡ ਲੈ ਆਏ।
ਪਿੰਡ ਦੋ ਕੁ ਦਿਨ ਤਾਂ ਕੁਝ ਨਾ ਕਿਹਾ ਪਰ ਉਸ ਤੇ ਪੂਰੀ ਨਿਗਾਹ ਰੱਖੀ ਜਾਂਦੀ ਕਿ ਫੇਰ ਨਾ ਭੱਜ ਜਾਵੇ। ਜਦੋਂ ਏਜੰਟ ਨੇ ਕੋਈ ਲੜ ਸਿਰਾ ਨਾ ਫੜਾਇਆ । ਉਹਨਾਂ ਸੋਚਿਆ ਕਿ ਪੈਸੇ ਤਾਂ ਇਹਨੇ ਪਤਾ ਨਹੀਂ ਦੇਣੇ ਆ ਕਿ ਨਹੀਂ, ਪਰ ਇਹਨੂੰ ਇਹੋ ਜਿਹਾ ਸਬਕ ਸਿਖਾਉਣਾ ਕਿ ਮੁੜਕੇ ਕਿਸੇ ਨਾਲ ਧੋਖਾ ਕਰਨ ਤੋਂ ਪਹਿਲਾਂ ਦਸ ਵਾਰ ਸੋਚੇ। ਬਸ ਫਿਰ ਦੂਜੇ ਦਿਨ ਜਦੋਂ ਰੇੜੇ 'ਤੇ ਖੇਤ ਨੂੰ ਪੱਠੇ ਲੈਣ ਜਾਣਾ ਸੀ ਕਹਿੰਦੇ ਅੱਜ ਬਲਦ ਨੂੰ ਆਰਾਮ ਕਰਨ ਦਿਓ ਏਜੰਟ ਨੂੰ ਜੋੜ ਕੇ ਲੈ ਜਾਨੇ ਆਂ। ਪਹਿਲੇ ਦਿਨ ਜਦੋਂ ਏਜੰਟ ਪੱਠਿਆਂ ਨਾਲ ਲੱਦਿਆ ਰੇੜਾ ਖਿੱਚੀ ਜਾ ਰਿਹਾ ਸੀ। ਉਸਨੇ ਪਹਿਲਾਂ ਵਾਂਗ ਹੀ ਵਧੀਆ ਕੱਪੜੇ ਪਾਏ ਹੋਏ ਸਨ ਤੇ ਸ਼ੇਵ ਕੀਤੀ ਹੋਈ ਸੀ। ਉਸ ਤੋਂ ਬਾਅਦ ਸ਼ੇਵ ਕਰਨੀ ਭੁੱਲ ਗਿਆ, ਦਾੜੀ ਵਧਣ ਲੱਗੀ ਤੇ ਸਿਰ ਉੱਤੇ ਮੜਾਸਾ ਮਾਰਨ ਲੱਗ ਪਿਆ। ਹੁਣ ਹਰ ਰੋਜ਼ ਰੇੜਾ ਖਿੱਚਕੇ ਖੇਤ ਨੂੰ ਲੈਕੇ ਜਾਂਦਾ। ਪੱਠੇ ਵੱਡਕੇ ਲੱਦਕੇ ਹੱਥੀਂ ਖਿੱਚਕੇ ਘਰ ਨੂੰ ਲੈਕੇ ਆਉਂਦਾ। ਗਲ੍ਹੀਆਂ 'ਚ ਖੇਡਦੇ ਜੁਆਕ ਜਿਹੜੇ ਜਦੋਂ ਕਹਿੰਦੇ ਸੀ ਭਾਈ ਬਾਹਰੋਂ ਆਇਆ, ਕਿੰਨ੍ਹਾਂ ਗੋਰਾ, ਸੁਣਕੇ ਏਜੰਟ ਚੌੜਾ ਹੋ ਕੇ ਤੁਰਦਾ ਸੀ। ਓਹੀ ਜੁਆਕ ਰੌਲਾ ਪਾ ਰਹੇ ਸਨ “ਵੇਖੋ ਓਏ ਭਾਈ ਬਲਦ ਦੀ ਥਾਂ ਰੇੜਾ ਖਿੱਚੀ ਜਾਂਦਾ। ਪਤੰਦਰ ਬਲੈਤੀ ਨੂੰ ਵੀ ਮਾਤ ਪਾਈ ਜਾਂਦਾ” ਸੁਣਕੇ ਏਜੰਟ ਨੀਵੀਂ ਪਾਕੇ ਇਕੱਠਾ ਜਿਹਾ ਹੁੰਦਾ ਜਾਂਦਾ। ਉਹਨਾਂ ਦਿਨਾਂ ਵਿੱਚ ਹੀ ਕਣਕ ਦੀ ਵਾਡੀ ਸ਼ੁਰੂ ਹੋ ਗਈ। ਹੁਣ ਉਸਨੂੰ ਪੱਠਿਆ ਤੋਂ ਇਲਾਵਾ ਸਾਰਾ ਦਿਨ ਕਣਕ ਵੀ ਵੱਡਣੀ ਪੈਂਦੀ। ਜੇ ਫਾਂਟ ਪਿੱਛੇ ਰਹਿ ਜਾਂਦੀ ਤਾਂ ਗਾਲ੍ਹਾਂ ਵੀ ਸੁਨਣੀਆਂ ਪੈਂਦੀਆਂ। ਜਿਵੇਂ ਇੱਕ ਗੀਤ ਦੇ ਬੋਲ “ਵੱਸ ਅੜਬਾਂ ਦੇ ਪੈ ਗਈ, ਨੀ ਸਾਰੇ ਵੱਟ ਕੱਡ ਦੇਣਗੇ” ਵਾਂਗ ਦਿਨਾਂ ਵਿੱਚ ਏਜੰਟ ਤੱਕਲੇ ਵਰਗਾ ਕਰ ਦਿੱਤਾ। ਇੱਕ ਦਿਨ ਹੱਥ ਜੋੜਕੇ ਖੜ ਗਿਆ ਤੇ ਕਹੇ “ਮੇਰੇ ਕੋਲ ਥੋੜੇ ਪੈਸੇ ਹੈਗੇ ਆ ਉਹ ਤੁਸੀਂ ਲੈ ਲਵੋ। ਬਾਕੀਆਂ ਦਾ ਕਚਹਿਰੀ ਜਾਕੇ ਕਾਗਜ਼ ਬਣਵਾ ਲਵੋ ਮੈਂ ਉਹ ਵੀ ਛੇਤੀ ਹੀ ਦੇ ਦੇਵਾਂਗਾ। ਹੁਣ ਮੈਥੋਂ ਹੋਰ ਸਹਿਣ ਨਹੀਂ ਹੁੰਦਾ ਮਿੰਨਤ ਨਾਲ ਮੈਨੂੰ ਛੱਡ ਦਿਓ।” ਉਹਨਾਂ ਵੀ ਸੋਚਿਆ ਚਲੋ ਏਹਦੇ ਨਾਲ ਹੁਣ ਬਹੁਤ ਗਈ ਏ, ਜਿਹੜੇ ਪੈਸੇ ਮਿਲਦੇ ਨੇ ਓਹੀ ਸਹੀ। ਇਸ ਤਰ੍ਹਾਂ ਉਹਨਾਂ ਜਿੰਨੇ ਕੁ ਪੈਸੇ ਮਿਲੇ ਲੈ ਕੇ ਤੇ ਬਾਕੀ ਪੈਸਿਆਂ ਦਾ ਕਚਿਹਰੀ 'ਚ ਕਾਗਜ਼ ਬਣਾਕੇ ਉਸਨੂੰ ਛੱਡ ਦਿੱਤਾ।
ਉਸ ਦਿਨ ਤੋਂ ਜਿਹੜਾ ਵੀ ਏਜੰਟ ਧੋਖਾ ਕਰਦਾ ਸੁਣਿਆ। ਮੈਨੂੰ ਕਿਸੇ ਨਾ ਕਿਸੇ ਦੇ ਰੇੜੇ ਅੱਗੇ ਜੁੜਿਆ ਦਿਸਦਾ। ਇਸ ਲਈ ਇਹੋ ਜਿਹਾ ਕੰਮ ਕਰਨ ਵਾਲਿਆਂ ਨੂੰ ਐਨਾਂ ਜਰੂਰ ਆਖਾਂਗਾ ਕਿ ਪੈਸੇ ਕਮਾਉਣ ਲਈ ਆਏ ਹਾਂ ਪੈਸੇ ਜਰੂਰ ਕਮਾਓ। ਪਰ ਧੋਖੇ ਨਾਲ ਕਿਸੇ ਦੀ ਜਿ਼ੰਦਗੀ ਬਰਬਾਦ ਨਾ ਕਰੋ। ਨਹੀਂ ਤਾਂ ਹੋ ਸਕਦਾ ਕੋਈ ਅੱਕਿਆ ਹੋਇਆ ਤੁਹਾਡੇ ਨਾਲ ਵੀ ਕੁਝ ਇਸ ਤਰ੍ਹਾਂ ਦਾ ਹੀ ਕਰ ਗੁਜ਼ਰੇਗਾ।



ਧੀ ਦਾ ਤਰਲਾ.......... ਗੀਤ / ਕਰਮਜੀਤ ਸਿੰਘ ‘ਜੱਗੀ’ ਭੋਤਨਾ


ਉਂਡ ਲੈਣ ਦੇ ਹਾੜਾਂ ਮੈਨੂੰ, ਨਾ ਪਰਾਂ ਨੂੰ ਕੱਟ ਨੀ ਮਾਏ।
ਮੇਰੇ ਬਾਰੇ ਸੁਣ ਕੇ ਪਾਇਆ, ਕਿਉਂ ਮੱਥੇ ‘ਤੇ ਵੱਟ ਨੀ ਮਾਏ।
ਨਿੱਕੀ ਜਿੰਨੀ ਹਾਲੇ ਤਾਂ ਉਡਾਰ ਮੇਰੀ ਅੰਮੀਏ।
ਨੀ ਕੁੱਖ ‘ਚ ਨਾ ਜਿਉਂਦੀ ਨੂੰ ਤੂੰ ਮਾਰ ਮੇਰੀ ਅੰਮੀਏ।

ਤੈਨੂੰ ਵੀ ਤਾਂ ਜੰਮਿਆ ਸੀ, ਮੇਰੇ ਨਾਨੀ ਨਾਨੇ ਨੇ।
ਮਾਰ ਮੁਕਾਈਆਂ ਧੀਆਂ, ਚੰਦਰੇ ਜ਼ਮਾਨੇ ਨੇ।
ਧੀਆਂ ਨਾਲ ਵਸੇ ਸੰਸਾਰ ਮੇਰੀ ਅੰਮੀਏ।
ਨੀ ਕੁੱਖ ‘ਚ ਨਾ ਜਿਉਂਦੀ ਨੂੰ ਤੂੰ ਮਾਰ ਮੇਰੀ ਅੰਮੀਏ।

ਭੈਣਾਂ ਬਾਝੋਂ ਵੀਰਾਂ ਦੀਆਂ ਗਾਊ ਕੌਣ ਘੋੜੀਆਂ ?
ਧੀਆਂ ਦੀਆਂ ਕਾਹਤੋਂ ਨਹੀਂ ਮਨਾਉਂਦੇ ਲੋਕੀਂ ਲੋਹੜੀਆਂ।
ਧੀ ਹੋ ਕੇ ਧੀ ਨਾਲ ਖਾਵੇਂ,ਖਾਰ ਮੇਰੀ ਅੰਮੀਏ।
ਨੀ ਕੁੱਖ ‘ਚ ਨਾ ਜਿਉਂਦੀ ਨੂੰ ਤੂੰ ਮਾਰ ਮੇਰੀ ਅੰਮੀਏ।

ਜੀਅ ਲੈਣ ਦੇ ਤੂੰ ਮੈਨੂੰ, ਕਰਾਂ ਫ਼ਰਿਆਦ ਮੈਂ।
ਪੜ੍ਹ-ਲਿਖ ਅੰਬਰਾਂ ‘ਤੇ ਚਾੜੂੰਗੀ ਜਹਾਜ਼ ਮੈਂ।
ਤੇਰੇ ਉਂਤੇ ਬਣੂੰਗੀ ਨਾ, ਭਾਰ ਮੇਰੀ ਅੰਮੀਏ।
ਨੀ ਕੁੱਖ ‘ਚ ਨਾ ਜਿਉਂਦੀ ਨੂੰ ਤੂੰ ਮਾਰ ਮੇਰੀ ਅੰਮੀਏ।

ਮੋਢੇ ਨਾਲ ਲਾਕੇ ਮੋਢਾ, ਦੁੱਖੜੇ ਵੰਡਾਵਾਂਗੀ।
ਪੁੱਤਾਂ ਵਾਂਗੂੰ ਮਾਏ ਤੇਰਾ,ਘਰ ਨਾ ਵੰਡਾਵਾਂਗੀ।
ਪੁੱਤ ਬੁੱਢੇ ਬਾਰੇ ਲੈਂਦੇ, ਨਹੀਂਓ ਸਾਰ ਮੇਰੀ ਅੰਮੀਏ।
ਨੀ ਕੁੱਖ ‘ਚ ਨਾ ਜਿਉਂਦੀ ਨੂੰ ਤੂੰ ਮਾਰ ਮੇਰੀ ਅੰਮੀਏ।

ਕੁੱਖਾਂ ਵਿਚਲੀਆਂ ਧੀਆਂ, ਪਾਉਂਦੀਆਂ ਦੁਹਾਈ ਨੀ।
ਪੈਸੇ ਪਿੱਛੇ ਡਾਕਦਾਰ, ਬਣ ਗਏ ਕਸਾਈ ਨੀ।
ਹੱਥਾਂ ਵਿੱਚ ਫੜੇ ਹਥਿਆਰ ਮੇਰੀ ਅੰਮੀਏ।
ਨੀ ਕੁੱਖ ‘ਚ ਨਾ ਜਿਉਂਦੀ ਨੂੰ ਤੂੰ ਮਾਰ ਮੇਰੀ ਅੰਮੀਏ।

ਅੰਕਗਣਿਤ – ਇਸ ਨੂੰ ਖੇਡ ਬਣਾਓ............ ਲੇਖ਼ / ਸੁਰਿੰਦਰ ਭਾਰਤੀ ਤਿਵਾੜੀ

ਹਿਸਾਬ ਦਾ ਡਰ ਸੰਸਾਰ ਵਿਆਪਿਕ ਹੈ। ਆਪਣੇ ਤਿੰਨ ਦਹਾਕਿਆਂ ਦੇ ਕੋਚਿੰਗ ਕਲਾਸਾਂ ਦੇ ਅਨੁਭਵ ਦੌਰਾਨ ਮੈਂ ਵੇਖਿਆ ਹੈ ਕਿ ਕੁੱਲ ਮਿਲਾ ਕੇ ਹਿਸਾਬ ਦੇ ਵਿਦਿਆਰਥੀ ਦੋ ਕਿਸਮ ਦੇ ਹੁੰਦੇ ਹਨ। ਪਹਿਲੇ ਉਹ ਜੋ ਹਿਸਾਬ ਵਿੱਚ ਬਹੁਤ ਹੁਸਿ਼ਆਰ ਹੁੰਦੇ ਹਨ, ਹੋ ਸਕਦਾ ਹੈ ਕਿ ਉਹ ‘ਗੌਡ ਗਿਫਟਡ’ ਹੋਣ ਜਾਂ ਫਿਰ ਸਖਤ ਮਿਹਨਤੀ ਪਰ ਉਹ ਅਸਲ ਵਿੱਚ ਹੀ ਹਿਸਾਬ ਦੀ ਢੂੰਗੀ ਸਮਝ ਰਖਦੇ ਹਨ। ਦੂਸਰੇ ਉਹ ਵਿਦਿਆਰਥੀ ਜਿਹੜੇ ਹਿਸਾਬ ਵਿੱਚ ਬਹੁਤ ਕਮਜੋਰ ਹੁੰਦੇ ਹਨ ਅਤੇ ਉਨ੍ਹਾਂ ਨੂੰ ਪੱਕਾ ਵਿਸ਼ਵਾਸ ਹੁੰਦਾ ਹੈ ਕਿ ਹਿਸਾਬ ਦਾ ਵਿਸ਼ਾ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ। ਉਨ੍ਹਾਂ ਅੰਦਰ ਹਿਸਾਬ ਦਾ ਇਹ ਡਰ ਪੂਰੀ ਤਰਾਂ ਹਾਵੀ ਹੋ ਚੁੱਕਾ ਹੁੰਦਾ ਹੈ। ਇੰਨ੍ਹਾਂ ਵਿਚੋਂ ਕੁਝ ਨੇ ਹੋ ਸਕਦਾ ਹੇ ਕਿ ਆਪਣੇ ਸਕੂਲ ਦੇ ਦਿਨਾਂ ਇਸ ਡਰ ਤੋਂ ਛੁਟਕਾਰੇ ਲਈ ਗੰਭੀਰ ਕੋਸਿ਼ਸ਼ਾਂ ਕੀਤੀਆਂ ਹੋਣ ਪ੍ਰੰਤੂ ਉਹ ਇਸ ਵਿਸ਼ੇ ਨੂੰ ਸਮਝ ਨਹੀਂ ਪਾਏ। ਇਸ ਸਭ ਦਾ ਕਾਰਨ ਦਾ ਕਾਰਨ ਕੁਝ ਵੀ ਹੋ ਸਕਦਾ ਹੈ ਪ੍ਰੰਤੂ ਪ੍ਰਮਾਤਮਾਂ ਦਾ ਸ਼ਰਾਪ ਕਦੇ ਵੀ ਨਹੀਂ ਹੋ ਸਕਦਾ(ਜਿਵੇਂ ਕਿ ਕੁਝ ਲੋਕ ਦਲੀਲ ਦਿੰਦੇ ਹਨ) ਦੂਸਰੇ ਪਾਸੇ ਇੰਨ੍ਹਾਂ ਵਿਦਿਆਰਥੀਆਂ ਦੇ ਮਨਾਂ ਵਿਚੋਂ ਹਿਸਾਬ ਦਾ ਡਰ ਕੱਢ ਕੇ ਅਤੇ ਵਿਸ਼ਵਾਸ ਭਰ ਕੇ ਅਤੇ ਇਸ ਨੂੰ ਇੱਕ ਖੇਡ ਬਣਾ ਕੇ ਹਿਸਾਬ ਵਿੱਚ ਹੁਸਿ਼ਆਰ ਕੀਤਾ ਜਾ ਸਕਦਾ ਹੈ।
ਹਿਸਾਬ ਵਿੱਚ ਹੁਸਿ਼ਆਰ ਬਨਣ ਲਈ ਪਹਿਲੀ ਜ਼ਰੂਰਤ ਹਿਸਾਬ ਪੜ੍ਹ ਸਕਣ ਦਾ ਵਿਸ਼ਵਾਸ ਹੈ। ਬਹੁਤ ਸਾਰੇ ਮਾਮਲਿਆਂ ਵਿੱਚ ਇਸ ਵਿਸ਼ਵਾਸ ਦੀ ਘਾਟ ਹੀ ਵਿਦਿਆਰਥੀ ਦੇ ਹਿਸਾਬ ਵਿੱਚ ਕਮਜੋਰ ਹੋਣ ਹੋਣ ਦਾ ਕਾਰਨ ਬਣਦੀ ਹੈ। ਸੀਨੀਅਰ ਕਲਾਸਾਂ ਖਾਸ ਕਰਕੇ 8ਵੀਂ ਜਮਾਤ ਦੇ ਬਾਦ, ਹਿਸਾਬ ਦੇ ਕਮਜ਼ੋਰ ਵਿਦਿਆਰਥੀ ਲਈ ਹੁਸਿ਼ਆਰ ਬਨਣਾ ਅਸਲ ਵਿੱਚ ਹੀ ਮੁਸ਼ਕਿਲ ਹੁੰਦਾ ਹੈ। ਫਿਰ ਵੀ ਮੈਂ ਵਿਸ਼ਵਾਸ ਕਰਦਾ ਹਾਂ ਕਿ ‘ਕੁਝ ਵੀ ਚੰਗਾ ਸ਼ੁਰੂ ਕਰਨ ਲਈ ਕਦੇ ਵੀ ਦੇਰ ਨਹੀਂ ਹੁੰਦੀ’ ਅਤੇ ‘ਕੁਝ ਵੀ ਕਰਨਾਂ ਅਸੰਭਵ ਨਹੀਂ, ਬਸ ਅਸੀਂ ਵਿਸ਼ਵਾਸ ਕਰੀਏ ਕਿ ਇਹ ਸੰਭਵ ਹੈ’।
ਮੈਂ ਇੱਥੇ ਹਿਸਾਬ ਦੇ ਕੁਝ ‘ਸ਼ਾਰਟਕੱਟ’ (ਸਰਲ ਤਰੀਕੇ) ਦਾ ਵਰਨਣ ਕਰਨ ਜਾ ਰਿਹਾ ਹਾਂ ਜਿਸ ਰਾਹੀਂ ਹਿਸਾਬ ਨੂੰ ਇੱਕ ਖੇਡ ਬਣਾਇਆ ਜਾ ਸਕਦਾ ਹੈ, ਪਰੰਤੂ ਇਹ ਕੇਵਲ ਉਨ੍ਹਾਂ ਲਈ ਸੰਭਵ ਹੈ ਜੋ ਇਨ੍ਹਾਂ ਦਾ ਅਭਿਆਸ ਕਰਦੇ ਹਨ, ਕੇਵਲ ਪੜ੍ਹ ਲੈਣ ਨਾਲ ਕੋਈ ਲਾਭ ਨਹੀਂ ਹੋਣ ਵਾਲਾ।
ਇੱਕ ਅਜਿਹਾ ਖੇਤਰ ਜਿਹੜਾ ਆਮ ਕਰਕੇ ਛੋਟੇ ਵੱਡੇ ਹਰ ਤਰਾਂ ਦੇ ਵਿਦਿਆਰਥੀਆਂ ਨੂੰ ਤੰਗ ਕਰਦਾ ਹੈ, ਉਹ ‘ਫਰੈਕਸ਼ਨ’, ‘ਖੰਡ’ ਜਾਂ ਭਿੰਨ ਹੈ। ਇਸ ਵਿਸ਼ੇ ਤੇ ਕੁਝ ਸਾਧਾਰਨ ਜਿਹੀਆਂ ਸੱਚਾਈਆਂ ਦਾ ਜਿ਼ਕਰ ਕਰਨਾਂ ਚਾਹਾਂਗਾ। ਜੇਕਰ ਦੋ ਜਾਂ ਦੋ ਤੋਂ ਵੱਧ ਭਿੰਨਾਂ ਨੂੰ ਜੋੜਣਾ ਹੋਵੇ ਜਾਂ ਘਟਾਉਣਾ ਹੋਵੇ ਤਾਂ ‘ਮਿਕਸ ਫਰੈਕਸ਼ਨ’ ਨੂੰ ਪਹਿਲਾਂ ‘ਇੰਮਪਰਾਪਰ ਫਰੈਕਸ਼ਨ’ ਵਿੱਚ ਬਦਲਣਾ ਪੈਂਦਾ ਹੈ। ਫਿਰ ਹਰ (ਡਿਨਾਮੀਨੇਟਰ) ਦਾ ਲਘੁਤਮ ਸਮਾਵਰਤਕ (ਐਲਸੀਐਮ) ਲੈ ਕੇ ਫਿਰ ਕਈ ਤਰਾਂ ਦੀ ਗੁਣਾ, ਭਾਗ, ਜੋੜ ਅਤੇ ਘਟਾਓ ਕਰ ਕੇ ਸਵਾਲ ਹੱਲ ਕੀਤਾ ਜਾਂਦਾ ਹੈ। ਘੱਟ ਤੋਂ ਘੱਟ ਦੋ ਭਿੰਨਾਂ ਲਈ ਤਾਂ ਅਜਿਹੇ ਲੰਬੇ ਰਸਤੇ ਦੀ ਕੋਈ ਲੋੜ ਨਹੀਂ। ਭਿੰਨ ਛੋਟੀ ਹੋਵੇ ਜਾਂ ਵੱਡੀ ‘ਇੰਮਪਰਾਪਰ’ ਵਿੱਚ ਬਦਲਣ ਦੀ ਕੋਈ ਲੋੜ ਨਹੀਂ। ਪੂਰਣ (ਹੋਲ) ਅੰਕਾ ਨੂੰ ਜੋੜਣ ਤੋਂ ਬਾਦ ਭਿੰਨਾਂ ਨੂੰ ਵੱਖ ਤੋਂ ਜੋੜਿਆ ਜਾ ਸਕਦਾ ਹੈ।


ਇਥੇ ਅਸੀਂ 2 ਅਤੇ 11 ਨੂੰ ਜੋੜ ਕੇ 13 ਪ੍ਰਾਪਤ ਕਰਦੇ ਹਾਂ ਅਤੇ ‘ਕਰਾਸ ਮਲਟੀਪਲਾਈ’ ਕਰਕੇ 3 ਯ 1 = 3 ਅਤੇ 2 ਯ 7 = 14, ਅਤੇ ਜੋੜ ਕਰਕੇ 3 + 14 = 17, ‘ਡਿਨਾਮੀਨੇਟਰ’ ਨੂੰ ਗੁਣਾ ਕਰਕੇ 3 ਯ 7 = 21,

ਉੱਤਰ ਆਵੇਗਾ:

ਜੇਕਰ 2 ਦੀ ਥਾਂ ਤੇ 345 ਹੁੰਦਾ ਜਾਂ 11 ਦੀ ਥਾਂ 678 ਵੀ ਹੁੰਦਾ ਤਾਂ ਸਾਡਾ ਤਰੀਕਾ ਫਿਰ ਵੀ ਉਹ ਹੀ ਰਹਿੰਦਾ। ਅਸੀਂ ਪਹਿਲਾਂ 345 ਅਤੇ 678 ਨੂੰ ਜੋੜਦੇ ਤੇ ਫਿਰ ਭਿੰਨਾਂ ਨੂੰ। ਇਸ ਤਰਾਂ ਅਸੀਂ 95% ਤੱਕ ਸਮਾਂ ਬਚਾ ਸਕਦੇ ਸੀ। ਭਿੰਨਾਂ ਦੇ ਘਟਾਓ ਦੇ ਸਵਾਲ ਵੀ ਇਸੇ ਤਰੀਕੇ ਨਾਲ ਹੱਲ ਕੀਤੇ ਜਾ ਸਕਦੇ ਹਨ। ਦੋ ਤੋਂ ਵੱਧ ਰਕਮਾਂ ਦੇ ਜੋੜ, ਘਟਾਓ, ਜੋੜ ਅਤੇ ਘਟਾਓ ਅਤੇ ਗੁਣਾ ਜਾਂ ਭਾਗ ਤੱਕ ਦੇ ਸਵਾਲ ਵੀ ‘ਮਿਕਸ ਫਰੈਕਸ਼ਨ’ ਨੂੰ ‘ਇੰਮਪਰਾਪਰ’ ਵਿੱਚ ਬਦਲੇ ਤੋਂ ਬਿਨਾਂ ਹੱਲ ਕੀਤੇ ਜਾ ਸਕਦੇ ਹਨ। ਇਸ ਤਰੀਕੇ ਨਾਲ ਬੱਚਿਆਂ ਵਿੱਚ ਹਿਸਾਬ ਪ੍ਰਤੀ ਡਰ ਦੂਰ ਕੀਤਾ ਜਾ ਸਕਦਾ ਹੈ ਅਤੇ ਵਿਸ਼ੇ ਦੀ ਬੇਹਤਰ ਸਮਝ ਪੈਦਾ ਕੀਤੀ ਜਾ ਸਕਦੀ ਹੈ।

ਇਸੇ ਤਰਾਂ ਅੱਧੇ ਜਾਂ ਚੌਥੇ (ਭਿੰਨ) ਦਾ ਵਰਗ ਪਤਾ ਕਰਨਾ ਵੀ ਬਿਲਕੁਲ ਸੌਖਾ ਹੈ। ਅੱਧੇ ਵਾਲੀਆਂ ਭਿੰਨਾਂ ਦਾ ਵਰਗ ਪਤਾ ਕਰਨ ਲਈ ਪੂਰਣ (ਹੋਲ) ਅੰਕ ਨੂੰ ਅਗਲੇ (+1) ਨਾਲ ਗੁਣਾ ਕਰੋ ਅਤੇ ਅੰਤ ਵਿੱਚ ¼ ਲਿਖੋ। ਉੱਤਰ ਹਾਜ਼ਰ ਹੈ।

8½ ਯ 8½ = (8 ਯ 9) ¼ = 72¼ ੌਰ 4½ 4½ = 20¼

ਚੌਥੇ ਹਿੱਸੇ ਵਾਲੀਆਂ ਭਿੰਨਾਂ ਦਾ ਵਰਗ ਪਤਾ ਕਰਨ ਲਈ ਪੂਰਣ (ਹੋਲ) ਅੰਕ ਦਾ ਵਰਗ ਕਰੋ ਅਤੇ ਇਸ ਅੰਕ ਦਾ ਅੱਧ ਇਸ ਵਿੱਚ ਜੋੜ ਦਿਓ, ਫਿਰ ਅੰਤ ਵਿੱਚ 1/16 ਲਾ ਦਿਓ। ਜੇਕਰ ਪੂਰਣ ਅੰਕ ‘ਔਡ’ (ਟਾਂਕ) ਹੋਵੇ ਤਾਂ ਫਿਰ ਅੰਤ ਵਿੱਚ 9/16 ਆਵੇਗਾ।

8¼ ਯ 8¼ = (8 ਯ 8 +8/2) 1/16 = (64 + 4) 1/16 = 68⅟16
4¼ ਯ 4¼ = 18⅟16 ਉੱਤਰ ਹਾਜ਼ਰ ਹੈ।

ਮੈਂ ਇੱਕ ਘਟਨਾ ਦਾ ਜਿ਼ਕਰ ਇੱਥੇ ਜ਼ਰੂਰ ਕਰਨਾ ਚਾਹਾਂਗਾ। ਮੈਂ ਮੇਜਰ ਅਜਾਇਬ ਸਿੰਘ ਸੀਨੀਅਰ ਸੈਕੰਡਰੀ ਸਕੂਲ, ਜੀਵਣ ਵਾਲਾ ਵਿਖੇ ਸਮਰਕੈਂਪ ਵਿੱਚ ਕਿਉਮੈਥਸ ਦੀ ਕਲਾਸ ਲੈ ਰਿਹਾ ਸੀ। ਮੈਨੂੰ ਇੱਕ ਵਿਦਿਆਰਥੀ ਨੇ ਸਵਾਲ ਕੀਤਾ ਕਿ ਕੀ ਮੈਨੂੰ 61 ਦਾ ਪਹਾੜਾ (ਟੇਬਲ) ਆਉਂਦਾ ਹੈ? ਮੇਰਾ ਜਵਾਬ ਸੀ ਕਿ ਕੁਝ ਸਮੇ ਬਾਦ ਇੱਥੇ ਬੈਠੇ ਸਾਰੇ ਵਿਦਿਆਰਥੀਆਂ ਨੂੰ 61 ਦਾ ਪਹਾੜਾ ਆਉਂਦਾ ਹੋਵੇਗਾ। ਮੈਂ 6 ਦੇ ਟੇਬਲ ਨੂੰ ਉਰਦੂ ਵਾਂਗ ਲਿਖ ਕੇ ਬੱਚਿਆਂ ਨੂੰ ਦੱਸਿਆ। ਅਸਲ ਵਿੱਚ ਇਹ ਸਭ ਕੁਝ ਬੱਚਿਆਂ ਵਿੱਚ ਹਿਸਾਬ ਪ੍ਰਤੀ ਦਿਲਚਸਪੀ ਪੈਦਾ ਕਰਨ ਲਈ ਕੀਤਾ ਗਿਆ ਸੀ।

ਉਰਦੂ ਵਾਂਗ ਸੱਜੇ ਤੋਂ ਖੱਬੇ ਵੱਲ ਲਿਖੋ:
61 6 1
122 12 2
183 18 3
244 24 4
305 30 5
366 36 6
427 42 7
488 48 8
549 54 9
610 61 0

ਅਸੀਂ 1 ਨਾਲ ਖਤਮ ਹੋਣ ਵਾਲੇ ਕਿਸੇ ਵੀ ਅੰਕ ਦਾ ਟੇਬਲ (ਪਹਾੜਾ) ਇਸੇ ਤਰੀਕੇ ਨਾਲ ਲਿਖ ਸਕਦੇ ਹਾਂ। ਜੇਕਰ ਕੋਈ ਅਧਿਆਪਕ ਇਸ ਤਰਾਂ ਟੇਬਲ ਲਿਖਣਾ ਦੱਸਣ ਦੇ ਨਾਲ ਅਜਿਹਾ ਹੋਣ ਦੇ ਕਾਰਣਾ ਨੂੰ ਵੀ ਦੱਸਦਾ ਹੈ ਤਾਂ ਵਿਦਿਆਰਥੀ ਨੂੰ ਗੁਣਾ ਦੇ ਮਾਮਲੇ ਵਿੱਚ ਵਧੇਰੇ ਸਮਝ ਆ ਸਕਦੀ ਹੈ। ਅਜਿਹਾ ਕਰਨ ਨਾਲ ਵਿਦਿਆਰਥੀਆਂ ਵਿੱਚ ਹਿਸਾਬ ਪ੍ਰਤੀ ਸਵੇ ਭਰੋਸਾ ਪੈਦਾ ਹੁੰਦਾ ਹੈ। ਇੱਕ ਵਿਦਿਆਰਥੀ ਨੂੰ ਜਦੋਂ ਅਜਿਹਾ ਦੱਸਿਆ ਗਿਆ ਤਾਂ ਘਰ ਜਾ ਕੇ ਉਸਨੇ ਆਪਣੇ ਚਾਚੇ ਨੂੰ ਸਵਾਲ ਕੀਤਾ ਕਿ ਕੀ ਉਹ 201 ਦਾ ਟੇਬਲ ਲਿਖ ਸਕਦਾ ਹੈ। ਬੱਚੇ ਵਿੱਚ ਪੈਦਾ ਹੋਈ ਹਿਸਾਬ ਬਾਰੇ ਸਿਲਚਸਪੀ ਦਾ ਤੁਸੀਂ ਖੁਦ ਅੰਦਾਜਾ ਲਗਾ ਸਕਦੇ ਹੋ।
ਬਾਕੀ ਅਗਲੇ ਲੇਖਾਂ ਵਿੱਚ।

ਸੁਰਿੰਦਰ ਭਾਰਤੀ ਤਿਵਾੜੀ,
+91 98889 00154
ਕਯੁਮੈਥਸ ਸੈਂਟਰ ਆਫ ਲਰਨਿੰਗ,
ਲੁਧਿਆਣਾ।



ਇਕ ਖ਼ੁਂਦਾਰ ਕਵੀ ਦੀ ਅਲਵਿਦਾ………… ਸ਼ਰਧਾਂਜਲੀ / ਡਾ. ਸ਼ਮਸ਼ੇਰ ਮੋਹੀ

1935 ’ਚ ਜਨਮੇ ਡਾ. ਜਗਤਾਰ ਦੇ ਸਾਹਿਤਕ ਸਫ਼ਰ ਦਾ ਆਗ਼ਾਜ਼ ਰੁੱਤਾਂ ਰਾਂਗਲੀਆਂ (1957) ਕਾਵਿ-ਸੰਗ੍ਰਹਿ ਨਾਲ਼ ਹੁੰਦਾ ਹੈ।ਫਿਰ ਉਸ ਤੋਂ ਬਾਅਦ ਤਲਖ਼ੀਆ ਰੰਗੀਨੀਆਂ (1960), ਅਧੂਰਾ ਆਦਮੀ (1967), ਲਹੂ ਦੇ ਨਕਸ਼ (1973), ਛਾਂਗਿਆ ਰੁੱਖ (1976), ਸ਼ੀਸ਼ੇ ਦਾ ਜੰਗਲ (1980), ਜਜ਼ੀਰਿਆਂ ਵਿਚ ਘਿਰਿਆ ਸਮੁੰਦਰ (1985), ਚਨੁਕਰੀ ਸ਼ਾਮ (1990), ਜੁਗਨੂੰ ਦੀਵਾ ਤੇ ਦਰਿਆ (1992), ਅੱਖਾਂ ਵਾਲ਼ੀਆਂ ਪੈੜਾਂ (1999), ਪ੍ਰਵੇਸ਼ ਦੁਆਰ (2003) ਅਤੇ ਮੋਮ ਦੇ ਲੋਕ (2006) ਰਾਹੀਂ ਨਿਰੰਤਰ ਕਾਵਿ-ਸਿਰਜਣਾ ਜਾਰੀ ਰੱਖ ਕੇ ਪੰਜਾਬੀ ਕਾਵਿ-ਖੇਤਰ ਵਿਚ ਨਿੱਗਰ ਪੈੜਾਂ ਪਾਈਆਂ।
ਜਗਤਾਰ ਦੀ ਕਵਿਤਾ ਦੀ ਸ਼ਕਤੀ ਦਾ ਅੰਦਾਜ਼ਾ ਇਸ ਤੱਥ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਪਿਛਲੇ ਪੰਜ-ਛੇ ਦਹਾਕਿਆਂ ਵਿਚ ਪੰਜਾਬੀ ਕਾਵਿ ਨੂੰ ਜਿਨ੍ਹਾਂ- ਜਿਨ੍ਹਾਂ ਕਾਵਿ-ਧਾਰਾਵਾਂ ਜਾਂ ਲਹਿਰਾਂ ਨਾਲ਼ ਜੋੜਿਆ ਜਾਂਦਾ ਹੈ, ਉਹਨਾਂ ਸਭ ਨਾਲ਼ ਜਗਤਾਰ ਦਾ ਨਾਂ ਜੁੜਦਾ ਹੀ ਨਹੀਂ, ਸਗੋਂ ਜਗਤਾਰ ਇਕ ਅਜਿਹਾ ਵਾਹਿਦ ਸ਼ਾਇਰ ਹੈ ਜਿਸ ਦੇ ਨਾਂ ਤੋਂ ਬਿਨਾਂ ਉਹਨਾਂ ਦਾ ਜ਼ਿਕਰ ਅਧੂਰਾ ਹੈ।
ਭਾਵੇਂ ਡਾ. ਜਗਤਾਰ ਨਜ਼ਮ ਅਤੇ ਗ਼ਜ਼ਲ ਦੋਵੇਂ ਕਾਵਿ-ਰੂਪਾਂ ਵਿਚ ਬਰਾਬਰ ਦਿਲਚਸਪੀ ਨਾਲ ਸਿਰਜਣਾ ਕਰਦੇ ਸਨ, ਪਰ ਪੰਜਾਬੀ ਗ਼ਜ਼ਲ ਨੂੰ ਡਾ. ਜਗਤਾਰ ਦੀ ਬਹੁਮੁਲੀ ਦੇਣ ਹੈ।ਪੰਜਾਬੀ ਤੋਂ ਪਹਿਲਾਂ ਉਰਦੂ ਅਤੇ ਫ਼ਾਰਸੀ ਵਿਚ ਗ਼ਜ਼ਲ ਆਪਣੀ ਹੋਂਦ ਦਾ ਭਰਵਾਂ ਸਬੂਤ ਪੇਸ਼ ਕਰ ਚੁੱਕੀ ਸੀ। ਜਗਤਾਰ ਨੇ ਉਹਨਾਂ ਭਾਸ਼ਾਵਾਂ ਦੇ ਗਿਆਤਾ ਹੋਣ ਕਾਰਨ ਉਹਨਾਂ ਭਾਸ਼ਾਵਾਂ ਦੀ ਗ਼ਜ਼ਲ ਦਾ ਗਹਿਰਾ ਅਧਿਐਨ ਕਰਨ ਪਿੱਛੋਂ ਪੰਜਾਬੀ ਵਿਚ ਅਜਿਹੀ ਗ਼ਜ਼ਲ ਸਿਰਜਣਾ ਕੀਤੀ ਜਿਸ ਦਾ ਮਿਆਰ ਕਿਸੇ ਤਰ੍ਹਾਂ ਵੀ ਉਰਦੂ-ਫ਼ਾਰਸੀ ਤੋਂ ਘੱਟ ਨਹੀਂ।
ਜਗਤਾਰ ਦਾ ਜੀਵਨ ਸੰਘਰਸ਼ ਭਰਿਆ ਰਿਹਾ ਹੈ।ਉਹਦੇ ਆਪਣੇ ਕਹਿਣ ਮੁਤਾਬਿਕ ੳਹਨੇ ਆਪਣੀ ਜ਼ਿੰਦਗੀ ਦੇ ਹਰ ਮੋੜ ’ਤੇ ਹਾਦਸੇ ਦੇਖੇ।ਉਹ ਤਾਂ ਏਥੋਂ ਤੱਕ ਕਹਿੰਦੇ ਹਨ ਕਿ ਹਾਦਸੇ ਮੇਰੇ ਜਨਮ ਤੋਂ ਵੀ ਪਹਿਲਾਂ ਸ਼ੁਰੂ ਹੋ ਚੁੱਕੇ ਸਨ। ਪਰ ਜਗਤਾਰ ਇਕ ਅਜਿਹੇ ਬੁਲੰਦ-ਖ਼ਿਆਲ ਸ਼ਖ਼ਸ ਸਨ ਜਿਹਨਾਂ ਨੇ ਹਾਦਸਿਆਂ ਅੱਗੇ ਆਤਮ ਸਮਰਪਣ ਨਹੀਂ ਕੀਤਾ, ਸਗੋਂ ਅਪਣੇ ਦਰਦ ਨੂੰ ਲੋਕ-ਦਰਦ ਨਾਲ਼ ਜੋੜ ਕੇ ਹਰ ਹਾਲ ਵਿਚ ਹਾਲਾਤ ਨਾਲ਼ ਲੜਨ ਦੀ ਜ਼ੁੱਰਤ ਦਿਖਾਈ।ਇਹੀ ਪੈਂਤੜਾ ਉਹਨਾਂ ਦੇ ਕਾਵਿ ਦੀ ਸ਼ਕਤੀ ਬਣ ਕੇ ਸਾਹਮਣੇ ਆਇਆ। ਕੁਝ ਉਦਾਹਰਨਾਂ ਦੇਖੀਆਂ ਜਾ ਸਕਦੀਆਂ ਹਨ-
ਹਰ ਮੋੜ ਤੇ ਸਲੀਬਾਂ, ਹਰ ਪੈਰ ਤੇ ਹਨੇਰਾ
ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ

ਪੱਥਰ ਤੇ ਨਕਸ਼ ਹਾਂ, ਮੈ ਮਿੱਟੀ ਤੇ ਤਾਂ ਨਹੀਂ ਹਾਂ
ਜਿੰਨਾ ਕਿਸੇ ਮਿਟਾਇਆ ਹੁੰਦਾ ਗਿਆ ਡੂੰਘੇਰਾ

ਕਿੰਨੀ ਕੁ ਦੇਰ ਆਖ਼ਰ ਧਰਤੀ ਹਨੇਰ ਜਰਦੀ
ਕਿੰਨੀ ਕੁ ਦੇਰ ਰਹਿੰਦਾ ਖ਼ਾਮੋਸ਼ ਖ਼ੂਨ ਮੇਰਾ
ਡਾ. ਜਗਤਾਰ ਨੇ ਕਾਵਿ-ਸਿਰਜਣਾ ਤੋਂ ਇਲਾਵਾ ਸੰਪਾਦਨਾ, ਸਮੀਖਿਆ, ਅਨੁਵਾਦ ਅਤੇ ਕੋਸ਼ਕਾਰੀ ਦੇ ਖੇਤਰ ਵਿਚ ਵੀ ਮਹੱਤਵਪੂਰਨ ਕੰਮ ਕੀਤਾ ਹੈ।
ਡਾ. ਜਗਤਾਰ ਦੀ ਸ਼ਖ਼ਸੀਅਤ ਬੜੀ ਵਚਿੱਤਰ ਸੀ । ਮੇਰੇ ਵਰਗੇ ਅਨੇਕਾਂ ਲੋਕ ਉਹਨਾਂ ਨੂੰ ਰੁੱਖਾ ਤੇ ਮੂੰਹ-ਫੱਟ ਸਮਝ ਕੇ ਉਹਨਾਂ ਤੋਂ ਭੈਅ ਖਾਂਦੇ ਸਨ।ਅਸਲ ਵਿਚ ਉਹ ਅਪਣੇ ਇਕ ਸ਼ਿਅਰ ਵਿਚ ਕੀਤੇ ਖ਼ੁਲਾਸੇ ਮੁਤਾਬਿਕ ਬਾਹਰੋ ਭਾਵੇਂ ਨਾਰੀਅਲ ਵਰਗੇ ਸਖ਼ਤ ਦਿਸਦੇ ਸਨ, ਪਰ ਅੰਦਰੋਂ ਗਰੀ ਵਰਗੇ ਨਰਮ ਸਨ। ਉਹ ਬੜੀ ਬੇਬਾਕ ਸ਼ਖ਼ਸੀਅਤ ਦੇ ਮਾਲਕ ਸਨ।ਆਪਣੀ ਕੌੜੀ ਪਰ ਸੱਚੀ ਗੱਲ ਕਹਿਣ ਤੋਂ ਉਹ ਜ਼ਰਾ ਵੀ ਨਹੀਂ ਘਬਰਾਉਂਦੇ ਸਨ।ਡਰਦੇ ਤਾਂ ਉਹ ਮੌਤ ਤੋਂ ਵੀ ਨਹੀਂ ਸਨ।ਕੁਝ ਸਮਾ ਪਹਿਲਾ ਮੈਂ ਉਹਨਾਂ ਨਾਲ਼ ਉਹਨਾਂ ਦੀ ਗ਼ਜ਼ਲ ਅਤੇ ਗ਼ਜ਼ਲ ਰੂਪਾਕਾਰ ਬਾਰੇ ਇਕ ਮੁਲਾਕਾਤ ਦੇ ਸਿਲਸਿਲੇ ਵਿਚ ਉਹਨਾਂ ਨੂੰ ਮਿਲਿਆ ਤਾਂ ਮੈਨੂੰ ਅੁਹ ਆਪਣੀ ਪਛਾਣ ਤੋਂ ਉਲਟ ਕੁਝ ਥੱਕੇ-ਹਾਰੇ ਜਿਹੇ ਲੱਗੇ। ਮੈਂ ਕਿਹਾ, ਡਾ. ਸਾਹਿਬ ਤੁਹਾਡੀ ਸ਼ਾਇਰੀ ਤਾਂ ਡਿੱਗਿਆਂ ਨੂੰ ਵੀ ਉਠਾਉਣ ਵਾਲ਼ੀ ਹੈ, ਤੁਸੀਂ ਏਨੇ ਮਾਯੂਸ ਕਿਉਂ ਹੋਏ ਬੈਠੇ ਹੋ, ਤਾਂ ਝੱਟ ਆਪਣੇ ਅਸਲੀ ਅੰਦਾਜ਼ ਵਿਚ ਆ ਕੇ ਬੋਲੇ, ਨਹੀਂ ਮੈਂ ਮੌ ਤੋਂ ਨਹੀਂ ਡਰਦਾ, ਭਾਵੇਂ ਹੁਣੇ ਆ ਜਾਏ। ਮੈਂ ਕਿਹੜਾ ਕਹਿਣੈ ਕਿ ਥੋੜ੍ਹੀ ਦੇਰ ਰੁਕ ਜਾ, ਮੈਂ ਪੱਗ ਬੰਨ ਲਵਾਂ, ਮੈਂ ਕਹਿਣੈ ਚੱਲ! ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਦਾ ਹੋਇਆ ਉਹਨਾਂ ਦੇ ਇਕ ਸ਼ਿਅਰ ਨਾਲ਼ ਆਪਣੀ ਗੱਲ ਖ਼ਤਮ ਕਰਦਾ ਹਾਂ-
ਪਰ ਜੇ ਭਿੱਜੇ ਹੋਣ ਮੁਸ਼ਕਿਲ ੳਂਡਣਾ
ਹੈ ਵਿਦਾ ਦਾ ਵਕਤ ਅੱਖਾਂ ਨਾ ਭਰੋ

ਭਾਰਤ ਮਾਤਾ ਦਾ ਸਚਾ ਸੁਚਾ ਸਪੂਤ ਸ਼ਹੀਦੇ ਆਜ਼ਮ ਸ: ਭਗਤ ਸਿੰਘ .......... ਲੇਖ਼ / ਮੁਹਿੰਦਰ ਸਿੰਘ ਘੱਗ


“ ਸ਼ਹੀਦੇ ਮਰਦਾਂ ਕੇ ਜਿਸਮ ਸੇ ਜੋ ਖੂਨ ਨਿਕਲੇ ਉਸਕੇ ਹਰ ਕਤਰਾ ਸੇ ਭਗਤ ਸਿੰਘ ਔਰ ਦਤ ਨਿਕਲੇ “

ਹਰ ਪਲ ਝੱਪਕਣ ਜਿਨੇ ਸਮੇਂ ਅੰਦਰ ਸੰਜੋਗ ਵਿਯੋਗ ਦੇ ਡਰਾਮੇ ਅਧੀਨ ਕਿਸੇ ਦੀ ਆਮਦ ਹੋ ਰਹੀ ਹੈ ਅਤੇ ਕੋਈ ਰੁਖਸਤ ਹੋ ਰਿਹਾ ਹੈ । ਏਸੇ ਆਵਾਗਵਨ ਦੇ ਚਕਰ ਦੌਰਾਨ ਕੁਝ ਰੂਹਾਂ ਐਸੀਆਂ ਆਂਊਂਦੀਆਂ ਹਨ ਜੋ ਸਮੇਂ ਦੀ ਬਰੇਤੀ ਤੇ ਆਪਣੀ ਪੈੜ ਚਿਨ ਇਨੀ ਡੂੰਘੀ ਉਕਰ ਜਾਂਦੀਆਂ ਹਨ ਕਿ ਸਮੇਂ ਦੇ ਵਾ ਵਰੋਲੇ ਉਹਨਾਂ ਨੂੰ ਮਿਟਾ ਨਹੀਂ ਸਕਦੇ। ਕਿਸੇ ਕਵੀ ਦੀਆਂ ਇਹ ਦੋ ਲਾਈਂਨਾਂ ਇਹਨਾਂ ਬਹਾਦਰਾਂ ਦੀ ਰੂਪ ਰੇਖਾ ਉਲੀਕਦੀਆਂ ਹਨ।


ਐਸੇ ਪੁਤ ਨਾ ਜਣਦੀਆਂ ਰੋਜ ਮਾਮਾਂ ਜੇਹੜੇ ਕੌਮਾਂ ਦੀ ਬਦਲ ਤਕਦੀਰ ਦਿੰਦੇ
ਚੂਨਾਂ ਪੀਸ ਕੇ ਰਾਹ ਦੇ ਰੋੜਿਆਂ ਦਾ ਰੱੜਕ ਉਹਨਾਂ ਦੀ ਕੱਢ ਅਖੀਰ ਦਿੰਦੇ

28 ਸਤੰਬਰ 1907 ਨੂੰ ਜਿਸ ਬਾਲ ਨੇ ਲੰਬੀ ਗੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜੀ ਹੋਈ ਭਾਰਤ ਦੀ ਧਰਤੀ ਤੇ ਜਦ ਪਹਿਲਾ ਸਵਾਸ ਲਿਆ ਤਾਂ ਕਿਸੇ ਨੂੰ ਇਸ ਗਲ ਦਾ ਕਿਆਸ ਵੀ ਨਹੀਂ ਸੀ ਕਿ ਉਹ ਭਗਤ ਸਿੰਘ ਨਾਂ ਦਾ ਬਾਲਕ 24 ਸਾਲ ਤੋਂ ਵੀ ਘਟ ਉਮਰ ਵਿਚ ਭਾਰਤ ਮਾਂ ਦੀ ਆਜ਼ਾਦੀ ਦੇ ਘੋਲ ਵਿਚ ਸ਼ਹਾਦਤ ਪਾ ਕੇ ਇਡਾ ਕਦਆਵਰ ਹੋ ਜਾਵੇਗਾ ਕਿ ਵਡੇ ਵਡੇ ਮਹਾਂਰਥੀ ਉਸ ਅਗੇ ਬੌਨੇ ਲਗਣ ਲਗ ਜਾਣਗੇ ।ਕੁਝ ਮਸਖਰੇ ਲੇਖਕ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਅਤੰਕਵਾਦੀ ਆਖ ਕੇ ਉਸ ਦੀ ਸ਼ਾਹਾਦਤ ਨੂੰ ਜਦ ਛੁਟਿਆਉਂਣ ਦਾ ਯਤਨ ਕਰਦੇ ਹਨ ਤਾਂ ਖੁਦ ਮਸਖਰੀ ਦਾ ਪਾਤਰ ਬਣ ਕੇ ਰਹਿ ਜਾਂਦੇ ਹਨ । ਸ਼ਹੀਦੇ ਆਜ਼ਮ ਭਗਤ ਸਿੰਘ ਕਿਸੇ ਇਕ ਪਾਰਟੀ ਜਾਂ ਇਕ ਧਰਮ ਦੀ ਮਲਕੀਅਤ ਤੋਂ ਬਹੁਤ ਉਚਾ ਉਠਕੇ ਸਾਰੇ ਦੇਸ਼ ਦਾ ਸਾਂਝਾ ਸ਼ਹੀਦ ਬਣ ਚੁਕਾ ਹੈ ।ਉੁਸ ਮਹਾਨ ਹਸਤੀ ਦੇ ਜਨਮ ਦਿਨ ਤੇ ਮਨੁਖਤਾ ਦਾ ਕਲਿਆਣ ਲਈ ਉਸ ਦੇ ਉਦੇਸ਼ਾਂ ਨੂੰ ਪਰਚਾਰਨ ਅਤੇ ਅਪਨਾਉਣ ਦੀ ਲੋੜ ਹੈ ।





ਲਿਖਾਰੀ ਵਿਚ ਸ਼ਹੀਦੇ ਆਜ਼ਮ ਭਗਤ ਸਿੰਘ ਤੇ ਚਾਰ ਲੇਖ ਛਪੇ ਹਨ । ਸਾਰੇ ਲੇਖਾਂ ਤੇ ਆਪਣੇ ਵਿਚਾਰ ਪੇਸ਼ ਕਰਨ ਦੀ ਇਜਾਜ਼ਤ ਚਾਹਾਂਗਾ ।
ਪਹਿਲਾ ਲੇਖ ( ਬੋਲ ਐ ਲਹੂ ਕੀ ਧਾਰ ) ਡਾ:ਗੁਰਦਿਆਲ ਸਿੰਘ ਰਾਏ ਹੋਰਾਂ ਦਾ ਜੋ ਲੇਖ 1959 ਦੀ ਅਜੀਤ ਵਿਚ ਛਪਿਆ ਸੀ ਉਸ ਦੀ ਕਾਪੀ ਹੈ ।
ਇਸ ਲੇਖ ਵਿਚ ਸਾਂਡਰਸ ਦੀ ਮੌਤ ਤੋਂ ਅਗੇ ਕੀ ਹੋਇਆ ਦਾ ਬਿਰਤਾਂਤ ਹੈ । ਸਾਂਡਰਸ ਅਤੇ ਸਕਾਟ ਦੋਵਾਂ ਨੂੰ ਹੀ ਲਾਲਾ ਲਾਜਪਤ ਰਾਏ ਤੇ ਲਾਠੀਆਂ ਬਰਸਾਉਣ ਦਾ ਦੋਸ਼ੀ ਮੰਨਦਿਆਂ ( ਜਿਸ ਕਾਰਨ ਉਹ ਸ਼ਹਾਦਤ ਦਾ ਜਾਂਮ ਪੀ ਗਏ )ਦੋਵਾਂ ਨੂੰ ਹੀ ਮਾਰ ਮੁਕਾਉਣ ਦਾ ਪਰੋਗਰਾਮ ਉਲੀਕਿਆ ਗਿਆ। ਦੋਵਾਂ ਨੂੰ ਮਾਰ ਮੁਕਾੳਂੁਣਾਂ ਸਿਰਫ ਬਦਲੇ ਦੀ ਭਾਵਨਾ ਹੀ ਨਹੀਂ ਸੀ ਇਹ ਤਾਂ ਜਾਬਰ ਅੰਗਰੇਜ਼ ਹਕੂਮਤ ਨੂੰ ਕੰਨ ਕਰਨ ਲਈ ਸੀ ਕਿ ਅਸੀਂ ਇਟ ਦਾ ਜਵਾਬ ਪੱਥਰ ਨਾਲ ਵੀ ਦੇਣਾ ਜਾਂਣਦੇ ਹਾਂ।

ਸਾਂਡਰਸ ਦੇ ਮਰਨ ਉਪਰੰਤ ਇਕ ਮੁਸ਼ਕਲ ਪੇਸ਼ ਆ ਗਈ ਸੀ ਪਹਿਚਾਣ ਵਿਚ ਇਕ ਪੱਗੜੀ ਵਾਲੇ ਸਿਖ ਦਾ ਨਾਂ ਆ ਰਿਹਾ ਸੀ । ਸ: ਭਗਤ ਸਿੰਘ ਨੂੰ ਲਾਹੌਰ ਤੋਂ ਬਾਹਰ ਕੰਢਣ ਲਈ ਜੋ ਸਕੀਮ ਉਲੀਕੀ ਗਈ ਉਸ ਲਈ ਇਹਨਾਂ ਜੁਝਾਰੂਆਂ ਦੀ ਦਾਦ ਦੇਣੀ ਬਣਦੀ ਹੈ । ਦੁਰਗਾ ਭਾਬੀ ਨੂੰ ਪਾਉਡਰ ਲਾ ਕੇ ਅੰਗਰੇਜ਼ੀ ਗਾਉਣ ਪਾ ਕੇ ਮੇਮ ਬਣਾਉਣ ਵਿਚ ਸਿਰਫ ਉਸ ਦੀ ਰਜ਼ਾਮੰਦੀ ਦੀ ਲੋੜ ਸੀ ਕਿਸੇ ਕਿਸਮ ਦੀ ਅਨਹੋਣੀ ਵੀ ਵਾਪਰ ਸਕਦੀ ਸੀ ਪਰ ਭਗਤ ਸਿੰਘ ਨੂੰ ਲਾਹੋਰ ਤੋਂ ਬਾਹਰ ਲਿਜਾਣ ਲਈ ਖਤਰਿਆਂ ਦੀ ਪਰਵਾਹ ਨਾਂ ਕਰਦਿਆਂ ਹੋਇਆਂ ਬਗੈਰ ਕਿਸੇ ਆਪਣੇ ਸੁਆਰਥ ਦੇ ਭਾਰਤ ਮਾਂ ਦੀ ਸਪੁਤ੍ਰੀ ਦੁਰਗਾ ਭਾਬੀ ਨੇ ਹਾਂ ਕਰ ਦਿਤੀ । ਭਗਤ ਸਿੰਘ ਨੂੰ ਅੰਗਰੇਜ਼ ਅਫਸਰ ਦਾ ਰੂਪ ਅਖਤਿਆਰ ਕਰਨ ਲਈ ਆਪਣੇ ਕੇਸ ਕਟਵਾਉਂਣੇ ਪਏ ਉਸਨੂੰ ਆਪਣੀ ਪਹਿਚਾਨ ਬਦਲਣ ਲਗਿਆਂ ਜੋ ਦੁਖ ਹੋਇਆ ਹੋਵਿਗਾ ਉਸ ਦਾ ਬਿਆਨ ਕਰਨਾ ਬੜਾ ਮੁਸ਼ਕਲ ਹੈ । ਇਸ ਤੋਂ ਅਗੇ ਭਗਤ ਸਿੰਘ ਦੀ ਪਹਿਚਾਣ ਪਗੜੀ ਦੀ ਬਜਾਏ ਅੰਗਰੇਜ਼ੀ ਟੋਪ ਨਾਲ ਬਣ ਜਾਂਦੀ ਹੈ ।ਅਜ ਭਗਤ ਸਿੰਘ ਦੀ ਟੋਪ ਵਾਲੀ ਫੋਟੋ ਹੀ ਚਲਦੀ ਹੈ ਅਤੇ ਉਸ ਦੇ ਸਿਖ ਹੋਣ ਤੇ ਕਈ ਲੇਖਕ ਸਵਾਲੀਆ ਚਿੰਨ ਲਾ ਦਿੰਦੇ ਹਨ ।ਵਡੀ ਗਲ ਇਹ ਹੈ ਕਿ ਉਹ ਆਪਣੀ ਸਕੀਮ ਵਿਚ ਸਫਲ ਰਹੇ ਭਗਤ ਸਿੰਘ ਇਕ ਅੰਗਰੇਜ਼ ਅਫਸਰ ਦੇ ਰੂਪ ਵਿਚ ਲਖਨਊ ਪੁਜ ਗਿਆ।
ਅਣਖੀ ਜਦ ਮੌਤ ਨੂੰ ਪਾਉਂਦੇ ਵੰਗਾਰਾਂ ਕਜ਼ਾਵਾਂ ਵੀ ਰਸਤਾ ਬਦਲ ਲੈਦੀਆਂ ਹਨ ।

ਮੈਂ ਸਿਰਫ ਭਗਤ ਸਿੰਘ ਦੀ ਬਦਲਦੀ ਪਹਿਚਾਣ ਦੀ ਗਲ ਕਰਨੀ ਸੀ ਡ: ਗੁਰਦਿਆਲ ਸਿੰਘ ਰਾਏ ਹੋਰਾਂ ਦਾ ਬਾਕੀ ਦਾ ਸਾਰਾ ਲੇਖ ਬਹੁਤ ਹੀ ਜਾਣਕਾਰੀ ਭਰਪੂਰ ਹੈ ਉਹਨਾਂ ਦੇ ਲੇਖ ਦੇ ਆਖੀਰ ਵਿਚ ਲਿਖੀ ਕਵਿਤਾ ਨੇ ਸ ਭਗਤ ਸਿੰਘ ਵਾਰੇ ਮੇਰੀ ਜਾਣਕਾਰੀ ਵਿਚ ਵਾਧਾ ਕੀਤਾ ਹੈ । ਮੈਂ ਉਹਨਾਂ ਦਾ ਮਸ਼ਕੂਰ ਰਹਾਂਗਾ।

ਦੂਸਰਾ ਲੇਖ (ਮਨੁਖਤਾ ਦਾ ਆਸ਼ਕ ਸ: ਭਗਤ ਸਿੰਘ ) ਐਡੰਿੰਮੰਟਨ ਕੈਨੇਡਾ ਤੋਂ ਦਲਜੀਤ ਸਿੰਘ ਹੋਰਾਂ ਦਾ ਹੈ।
ਦਲਜੀਤ ਸਿੰਘ ਜੀ ਨੇ ਆਪਣੇ ਲੇਖ ਵਿਚ ਭਗਤ ਸਿੰਘ ਦੀ ਸੋਚ ਨੂੰ ਬੜੀ ਸੁਲਝੀ ਹੋਈ ਬੋਲੀ ਵਿਚ ਪੇਸ਼ ਕੀਤਾ ਹੈ । ਦਲਜੀਤ ਸਿੰਘ ਜੀ ਨੇ ਭਗਤ ਸਿੰਘ ਜੀ ਦੇ ਪਿਤਾ ਸ: ਕਿਸ਼ਨ ਸਿੰਘ ,ਉਸਦੇ ਚਾਚੇ ਅਜੀਤ ਸਿੰਘ ਅਤੇ ਸਵਰਨ ਸਿੰਘ ਦਾ ਸਭੰਧ ਗਦਰ ਪਾਰਟੀ ਨਾਲ ਦਸ ਕੇ ਗਦਰ ਪਾਰਟੀ ਲੈਹਰ ਨੂੰ ਇਕ ਵਡਾ ਹੁੰਘਾਰਾ ਦਿਤਾ ਹੈ ।ਗਦਰ ਪਾਰਟੀ ਵਾਲੇ ਆਪਣੇ ਮਨਸੂਬੇ ਵਿਚ ਪਹਿਲੀ ਵਾਰ ਭਾਵੇਂ ਸਫਲ ਨਹੀਂ ਹੋ ਸਕੇ ਪਰ ਉਹਨਾਂ ਨੇ ਫੌਜ ਵਿਚ ਘੁਸ ਪੇਠ ਕਰਨੀ ਨਹੀਂ ਛਡੀ ,ਉਸ ਘੁਸ ਪੇਠ ਦਾ ਹੀ ਨਤੀਜਾ ਕੁਝ ਫੋਜੀਆਂ ਨੇ ਬੰਬਈ ਬੰਦਰਗਾਹ ਤੇ ਜਹਾਜ ਚੜ੍ਹਨੋ ਨਾਂਹ ਕੀਤੀ ਸੀ , ਜਨਰਲ ਮੋਹਣ ਸਿੰਘ ਦੀ ਅਗਵਾਈ ਵਿਚ ਇੰਡੀਅਨ ਨੈਸ਼ਨਲ ਆਰਮੀ ਦਾ ਗੱਠਨ ਜਿਸ ਦੀ ਬਾਗ ਡੋਰ ਬਾਅਦ ਵਿਚ ਸੁਭਾਸ਼ ਚੰਦਰ ਬੋਸ ਨੇ ਸੰਭਾਲੀ ,ਉਸਤੋਂ ਉਪਰੰਤ 1946 ਵਿਚ ਫੋਜ ਦੀਆਂ ਤਿਨਾਂ ਕਮਾਂਡਸ ਵਲੋਂ ਬਗਾਵਤ ਇਹ ਗਦਰ ਪਾਰਟੀ ਵਲੋਂ ਬੀਜਿਅ ਬੀਜ ਹੀ ਉਂਗਰ ਰਿਹਾ ਸੀ ਇਹਨਾਂ ਸਾਰੀਆਂ ਘਟਨਾਵਾਂ ਨੇ ਹਕੂਮਤ ਅੰਗਰੇਜ਼ੀ ਨੂੰ ਹਥਾਂ ਪੈਰਾਂ ਦੀ ਪਾ ਦਿਤੀ । ਅੰਗਰੇਜ਼ ਹਕੂਮਤ ਨੇ ਵਕਤ ਦੀ ਨਜ਼ਾਕਤ ਦੇਖ ਕੇ 15 ਅਗਸਤ 1947 ਨੂੰ ਆਪਣੇ ਚਹੇਤਿਆਂ ਦੇ ਹਥ ਹਕੂਮਤ ਦੀ ਵਾਗ ਡੋਰ ਸੰਭਾਲ ਦਿਤੀ ।ਵਡੀ ਗਿਣਤੀ ਵਿਚ ਆਜ਼ਾਦੀ ਦੇ ਘੁਲਾਟੀਏ ਉਦੋਂ ਤਕ ਜ੍ਹੇਲੀਂ ਡਕੇ ਰਹੇ ਜਦ ਤਕ ਕਾਂਗਰਸ ਨੇ ਦੇਸ਼ ਦੀ ਹਕੂਮਤ ਤੇ ਪੂਰੀ ਤਰਾਂ ਕਾਬੂ ਨਹੀਂ ਪਾ ਲਿਆ। ਯੂ.ਪੀ . ਵਿਚ ਨੈਹਰੂ ਪ੍ਰਿਵਾਰ ਦੀ ਭੱਲ ਬਣੀ ਹੋਈ ਸੀ ਉਸ ਨੂੰ ਇਡਾ ਵੱਡਾ ਸੂਬਾ ਬਣਾ ਧਰਿਆ ਕਿ ਉਥੋਂ ਚੋਣ ਜਿਤ ਕੇ ਆਏ ਐਮ. ਪੀ. ‘ਜ਼ ਦੀ ਗਿਣਤੀ ਸਾਰੇ ਭਾਰਤ ਤੇ ਭਾਰੂ ਰਹੀ ।ਅੰਗਰੇਜ਼ਾ ਦਾ ਐਹਸਾਨ ਮੋੜਨ ਲਈ ਲੈਂਡ ਸੀਲੰਗ ਐਕਟ ਵਿਚ ਅੰਗਰੇਜ਼ਾ ਦੀ ਮਲਕੀਅਤ ਵਾਲੇ ਟੀ ਗਾਰਡਨਸ ਸ਼ਾਮਲ ਨਹੀਂ ਸਨ ।ਭਗਤ ਸਿੰਘ ਹੋਰਾਂ ਦਾ ਸੁਪਨਾਂ ਦੋ ਟਕੇ ਦੀ ਗਾਂਧੀ ਟੋਪੀ ਅਤੇ ਨੈਹਰੂ ਜੈਕਟ ਨੇ ਢਕਾਰ ਲਿਆ ।ਜਿਸ ਮਨੁਖਤਾ ਦੀ ਗਲ ਭਗਤ ਸਿੰਘ ਕਰਦਾ ਸੀ ਉਹ ਅਜ ਵੀ ਰਿਸ਼ਵਤ ਅਤੇ ਭ੍ਰਿਸ਼ਟਾਚਾਰ ਦਾ ਦੁਖ ਭੋਗ ਰਹੀ ਹੈ ।ਹਕੂਮਤਾਂ ਦੀ ਬਾਗ ਡੋਰ ਅਜ ਕਲ ਖੁਫੀਆ ਏਜੰਸੀਆ ਦੇ ਹਥ ਹਨ । ਭਾਰਤ ਦੀ ਖੁਫੀਆ ਏਜੰਸੀ ਅਤੇ ਪਾਕਸਤਾਨ ਦੀ ਖੁਫੀਆ ਏਜੰਸੀ ਆਪਣੇ ਆਪਣੇ ਮੁਲਕ ਦੀ ਬਾਗ ਡੋਰ ਸੰਭਾਲੀ ਬੈਠੀਆਂ ਹਨ । ਇਰਾਕ ਦੀ ਜੰਗ ਨੂੰ ਸਹੀ ਸਿਧ ਕਰਨ ਵਿਚ ਅਮਰੀਕਾ ਦੀ ਸੀ .ਆਈ .ਏ ਦੀ ਭੂਮਕਾ ਵੀ ਕਿਸੇ ਪਾਸੋਂ ਲੁਕੀ ਛਿਪੀ ਨਹੀਂ ।
ਦਲਜੀਤ ਸਿਂਘ ਹੋਰਾਂ ਨੇ ਜੋ ਭਗਤ ਸਿੰਘ ਦੀ ਡਾਇਰੀ ਦੀਆਂ ਕੁਝ ਲਾਈਨਾਂ ਪੇਸ਼ ਕੀਤੀਆਂ ਹਨ ਮੈ ਉਹੇਨਾਂ ਨੂੰ ਦੁਬਾਰਾ ਲਿਖਣ ਦੀ ਇਜਾਜ਼ਤ ਚਾਹਾਂਗਾ ।

“ਜ਼ਿੰਦਗੀ ਦਾ ਨਿਸ਼ਾਨਾ ਹੁਣ ਮਨ ਨੂੰ ਕੰਟਰੋਲ ਕਰਨ ਦਾ ਨਹੀਂ ,ਪਰੰਤੂ ਇਸ ਦਾ ਇਕ ਸੁਰ ਵਿਕਾਸ ਕਰਨਾਂ ਹੈ । ਹੁਣ ਤੋਂ ਬਾਅਦ ਦਾ ਨਿਸ਼ਾਨਾ ਮੁਕਤੀ ਪਰਾਪਤ ਕਰਨਾਂ ਨਹੀਂ ,ਪਰੰਤੂ ਏਥੇ ਥਲੇ ਉਸ ਦੀ ਪੂਰਨ ਵਰਤੋਂ ਕਰਨੀ ਹੈ । ਸਿਰਫ ਸੱਚ ,ਸੁੰਦਰ ਅਛਾਈ ਹੀ ਪਰਾਪਤ ਨਹੀਂ ਕਰਨੀਆਂ ਬਲਕਿ ਵਾਸਤਵ ਜ਼ਿੰਦਗੀ ਵਿਚ ਵੀ ਵਰਤੋਂ ਵਿਚ ਲਿਆਉਣਾ ਹੈ । ਵਿਕਾਸ ਸਿਰਫ ਕੁਝ ਲੋਕਾਂ ਦੇ ਸਰੇਸ਼ਟ ਬਣਨ ਵਿਚ ਨਹੀਂ ਪਰੰਤੂ ਇਹ ਲੋਕ ਰਾਜ ਵਿਚ ਵਿਕਸਤ ਹੋਣ ਵਿਚ ਹੈ ।ਜਾਂ ਵਿਸ਼ਵਚਾਰਾ ਸਿਰਫ ਇਸ ਢੰਗ ਨਾਲ ਪ੍ਰਾਪਤ ਹੋ ਸਕਦਾ ਹੈ ਜਦੋਂ ਸਮਾਜੀ , ਰਾਜਸੀ ਅਤੇ ਵਿਅਕਤੀ ਗਤ ਜ਼ਿੰਦਗੀ ਨੂੰ ਵਿਕਾਸ ਕਰਨ ਲਈ ਬਰਾਬਰ ਮੌਕੇ ਹਾਸਲ ਹੋਣਗੇ ।“ ਮੈਨੂੰ ਇਹ ਸਤਰਾਂ ਪੜ੍ਹ ਕੇ ਇਦਾਂ ਲਗਾ ਜਿਵੇਂ ਮੈੰ ਸਿਖੀ ਦੇ ਵਿਧਾਨ ਗੂੁਰੁ ਗਰੰਥ ਸਾਹਿਬ ਵਿਚੋਂ ਨਸੀਹਤ ਲੈ ਰਿਹਾ ਹੋਵਾਂ।

ਗੁਰੂ ਸਾਹਿਬਾਨ ਨੇ ਆਪਣਾ ਆਪ ਪਛਾਨਣ ਲਈ ਪਰੇਰਿਆ ।ਜਨਸਾਧਾਰਨ ਨੂੰ ਮਾਣ ਸਤਕਾਰ ਦਿਤਾ । ਗੁਰੂ ਸਾਹਿਬਾਨ ਵਲੋਂ ਨਵੇਂ ਸ਼ਹਿਰ ਬਸਾਉਣ ਨਾਲ ਲੋਕਾਂ ਦਾ ਆਤਮਕ ਵਿਸ਼ਵਾਸ਼ ਵਧਿਆ ਅਤੇ ਆਰਥਕ ਵਿਕਾਸ ਹੋਇਆ । ਲੋਕਾਂ ਵਿਚ ਬਰਾਬਰੀ ਅਤੇ ਪ੍ਰੇਮ ਪਿਆਰ ਨਾਲ ਰਹਿਣ ਦਾ ਬੀਜ ਬੀਜਿਆ । ਬਾਅਦ ਵਿਚ ਕਾਰਲਮਾਰਕਸ ਵੀ ਬਰਾਬਰੀ ਦੀ ਗਲ ਤਾਂ ਕਰਦਾ ਹੈ ਪਰ ਉਸ ਵਿਚ ਅਧਿਆਤਮਕ ਪਖ ਨਾਂ ਹੋਣ ਕਰਕੇ ਜਦ ਉਸ ਫਿਲਾਸਫੀ ਨੂੰ ਲਾਗੂ ਕੀਤਾ ਗਿਆ ਤਾਂ ਬਾਈਬਲ ਵਿਚਲਾ ਹਜ਼ਰਤ ਮੂਸਾ ਅਤੇ ਗੀਤਾ ਵਿਚਲਾ ਭਗਵਾਨ ਕ੍ਰਿਸ਼ਨ ਪਰਗਟ ਹੋ ਗਏ ( ਤੁਹਾਡਾ ਕੋਈ ਮਾਂ ਨਹੀਂ ਬਾਪ ਨਹੀਂ ਕੋਈ ਰਿਸ਼ਤੇਦਾਰ ਨਹੀਂ ਜੋ ਤੁਹਾਡੀ ਗਲ ਨਹੀਂ ਮੱਨਦਾ ਉਸਨੂੰ ਤੇਗ ਦੇ ਸਪੁਰਦ ਕਰ ਦਿਓ )। ਹਜ਼ਰਤ ਮੂਸਾ ਦੇ ਕੈਂਪ ਵਿਚ 3500 ਸੋ ਬੰਦੇਆਂ ਦਾ ਕਤਲ ਹੋਇਆ ਦਸਿਆ ਜਾਂਦਾ ਹੈ ਅਤੇ ਮਹਾਂਭਾਰਤ ਵਾਲੈ ਕੁਰੂ ਕਸ਼ੇਤਰ ਦੀ ਧਰਤੀ ਨੂੰ ਲਹੂ ਰੰਗੀ ਹੋਈ ਦਸਦੇ ਹਨ ।ਵੋਲਟਕ ਅੰਦੋਲਨ ਵਿਚ ਵੀ ਬਹੁਤ ਵਡੀ ਗਿਣਤੀ ਤੇਗ ਸਪੁਰਦ ਕੀਤੀ ਗਈ । ਭਾਰਤ ਦੀ ਜੰਗੇ ਆਜ਼ਾਦੀ ਵਿਚ ਸਿਖ ਕੋਮ ਦਾ ਇਕ ਬਹੁਤ ਵਡਾ ਯੋਗਦਾਨ ਹੈ । ਸਿਖ ਗੁਰੂਆਂ ਨੇ ਸਾਡੀ ਆਤਮਾਂ ਨੂੰ ਹਲੂਣਿਆਂ ਸੀ ਜਿਸਦਾ ਜ਼ਿਕਰ ਡਾਕਟਰ ਮੁਹਮਦ ਇਕਬਾਲ ਕਰਦਾ ਹੈ ।

ਫਿਰ ਉਠੀ ਤੋਹੀਦ ਕੀ ਆਵਾਜ਼ ਇਕ ਪੰਜਾਬ ਸੇ ਹਿੰਦ ਕੋ ਇਕ ਮਰਦੇ ਕਾਮਲ ਨੇ ਜਗਾਇਆ ਖੁਆਬ ਸੇ ।

ਪਰ ਅਫਸੋਸ ਇਸ ਗਲ ਦਾ ਹੈ ਕਿ ਲੋਕ ਤਾਂ ਸਾਡੀ ਗਲ ਸੁਣਨੀ ਚਾਹੁੰਦੇ ਸਨ ਪਰ ਅਸੀਂ ਸਿਖ ਅਸੂਲਾਂ ਨੂੰ ਛਿਕੇ ਟੰਗ ਕੇ ਖੁਦਗਰਜ਼ ਮਤਲਬੀ ਅਤੇ ਭੇਖਧਾਰੀ ਬਣ ਗਏ ਹਾਂ ।ਸੰਗਤ ਧੜਿਆਂ ਵਿਚ ਵੰਡੀ ਪਈ ਹੈ । ਖੁੰਬਾਂ ਵਾਂਗ ਸਾਧਾਂ ਦੇ ਡੇਰੇ ਪ੍ਰੱਗਟ ਹੋ ਰਹੇ ਹਨ । ਡੇਰਿਆਂ ਵਿਚ ਹਰ ਕਿਸਮ ਦਾ ਵਿਭਚਾਰ ਹੋ ਰਿਹਾ ਹੈ ।ਹੇਠ ਲਿਖਿਆ ਸ਼ੈਅਰ ਸਾਡੇ ਤੇ ਇਨ ਬਿਨ ਢੁਕਦਾ ਹੈ।

“ ਬੜੇ ਸ਼ੌਕ ਸੇ ਸੁਨ ਰਹਾ ਥਾ ਜ਼ਮਾਨਾ ਹਮੀਂ ਸੋ ਗਏ ਦਾਸਤਾਂ ਕਹਿਤੇ ਕਹਿਤੇ “

ਦਲਜੀਤ ਹੋਰਾਂ ਦਾ ਲੋਕਾਈ ਦਾ ਦਿਸ਼ਾ ਹੀਣ ਹੋਣ ਦਾ ਜ਼ਿਕਰ ਸਹੀ ਹੈ ਸਾਡੀ ਨਵੀਂ ਪੀਹੜੀ ਨਸ਼ਿਆਂ ਵਿਚ ਗੁਲਤਾਨ ਹੈ । ਅਸ਼ਲੀਲਤਾ ਅਤੇ ਨੰਗੇਜ ਨੇ ਸਾਨੂੰ ਕਾਮੀ ਬਣਾ ਦਿਤਾ ਹੈ ।ਇਸ ਬਿਗੜਦੀ ਦਿਸ਼ਾ ਨੂੰ ਦੇਖ ਕੇ ਗੁਰਚਰਨ ਬੱਧਣ ਲਿਖਦਾ ਹੈ ।

ਗੀਤਾਂ ਨੂੰ ਵੀ ਚਾਹੀਦੇ ਪੁਆਣੇ ਕੱਪੜੇ, ਹੋਣ ਭਾਵੇਂ ਨਵੇਂ ਜਾਂ ਪੁਰਾਣੇ ਕੱਪੜੇ ।
ਸੁਹਣੇ ਬੋਲ ਘਰਾਂ’ ਚ ਵੱਜਣ ਵਾਸਤੇ , ਚਾਹੀਦੀ ਸ਼ਰਮ ਹੈ ਕੱਜਣ ਵਾਸਤੇ ।

ਉਸ ਤੋਂ ਅਗਲਿਆਂ ਬੰਦਾਂ ਵਿਚ ਉਹ ਇਕ ਸਵਾਲ ਖੜਾ ਕਰਦਾ ਹੈ ।

ਅੱਜ ਨਗਨ ਸ਼ਾਇਰੀ ਹੋ ਰਹੀ ਇਹਦਾ ਚੀਰ ਹਰਨ ਹੋ ਰਿਹਾ,
ਗੀਤਾਂ ਨੂੰ ਗੋਤੇ ਪੈ ਰਹੇ ਨੇ ਕਵਿਤਾ ਦਾ ਮਰਨ ਹੋ ਰਿਹਾ ।

ਅੱਜ ਲੱਚਰਤਾ ਦੀ ਦੇਸ਼ ਦੇ ਹਰ ਕੋਣੇ ਤੇ ਭਰਮਾਰ ਹੈ ।
ਦਸੋ ਖਾਂ ਦੇਸ ਵਾਸੀਓ ਇਹਦਾ ਕੌਣ ਜ਼ੁਮੇਵਾਰ ਹੈ ।

ਸਾਮਰਾਜ ਵਾਦ ਅਤੇ ਸਮਾਜਵਾਦ ਦੇ ਦੋ ਤਾਕਤਵਰ ਦੈਂਤ ਸਾਰੇ ਸੰਸਾਰ ਵਿਚ ਜਨਸਾਧਾਰਨ ਦਾ ਘਾਣ ਬੱਚਾ ਪੀੜੀ ਜਾ ਰਹੇ ਹਨ । ਸਾਮਰਾਜ ਵਾਦ ਵਿਚ ਲੋਕਤੰਤਰ ਦੇ ਨਾਂ ਥੱਲੇ ਪੈਸੇ ਦੇ ਜ਼ੋਰ ਪ੍ਰਚਾਰ ਦੀ ਘੁੱਟੀ ਪੱਲਾ ਕੇ ਵੋਟਾਂ ਹਥਿਆ ਲਈਆਂ ਜਾਂਦੀਆਂ ਹਨ ਅਤੇ ਸਮਾਜਵਾਦ ਵਿਚ ਡੰਡਾ ਪ੍ਰਧਾਨ ਹੈ ।
ਦੋਹਾਂ ਵਾਦਾਂ ਵਿਚ ਚੰਦ ਲੋਗਾਂ ਦਾ ਹੀ ਬੋਲ ਬਾਲਾ ਹੈ । ਸਰਕਾਰੀ ਖਜ਼ਾਨਾਂ ਹਾਕਮ ਜਮਾਤ ਦੀ ਅਜਾਰਦਾਰੀ ਬਣ ਕੇ ਰਹਿ ਗਿਆ ਹੈ । ਬਗੈਰ ਜੰਤਾ ਦੇ ਜਾਗਿਆਂ ਭਗਤ ਸਿੰਘ ਦਾ ਸੁਪਨਾ ਅਧੂਰਾ ਹੀ ਰਹੇ ਗਾ । ਕਲਮਾਂ ਵਾਲਿਓ ਕਲਮਾਂ ਚੁਕੋ

ਜ਼ੁਲਮ ਜਬਰ ਨੂੰ ਠਲ ਪੈ ਜਾਂਦੀ ਜਦ ਵੀ ਜੰਤਾ ਜਾਗੇ
ਜੰਤਾ ਹੀ ਘੱਗ ਜਗਾਉਣੀ ਔਖੀ ਲੋਕੀਂ ਯਾਰ ਪਿੱਟਣ ਛਜ ਉਹਲੇ।

ਤੀਸਰਾ ਲੇਖ ( ਸ਼ਹੀਦ ਭਗਤ ਸਿੰਘ- ‐ਇਕ ਇਨਕਲਾਬ ) ਸ: ਸੁਰਜੀਤ ਸਿੰਘ ਜੀਤ ਹੋਰਾਂ ਦੀ ਕਲਮ ਦੀ ਦੇਣ ਹੈ ।
ਸੁਰਜੀਤ ਜੀ ਨੇ ਇਕ ਲੇਖ ਦੇ ਸ਼ੂਰਆਤ ਵਿਚ ਹੀ ਇਕ ਬੜੇ ਮਾਰਕੇ ਦੀ ਗਲ ਕਹੀ ਹੈ । ਸਮਾਜਵਾਦ ਦਾ ਨਾਂ ਸੁਣ ਕੇ ਇਕ ਧਾਰਮਕ ਲੇਖਕ ਨੂੰ ਜ਼ੁਕਾਮ ਹੋ ਜਾਂਦਾ ਹੈ । ਅਤੇ ਜੇ ਕਿਤੇ ਧਰਮ ਦਾਂ ਨਾਂ ਲੈ ਦਿਓ ਤਾਂ ਕਾਮਰੇਡੀ ਸੋਚ ਵਾਲਿਆਂ ਨੂੰ ਨਿਛਾਂ ਆਉਣ ਲਗ ਜਾਨੀਆਂ ਹਨ । ਬਾਬੇ ਨਾਨਕ ਨੇ ਕੁਝ ਸੁਣੀਏ ਕੁਝ ਕਹੀਏ ਦੀ ਗਲ ਕਰਨ ਲਗਿਆਂ ਕੋਈ ਪਾਬੰਦੀ ਨਹੀਂ ਸੀ ਲਾਈ ਕਿਸ ਨਾਲ ਗਲ ਕਰਨੀ ਹੈ ਕਿਸ ਨਾਲ ਨਹੀਂ ।ਬਾਬੇ ਨਾਨਕ ਦੇ ਦਰਸਾਏ ਮਾਰਗ ਤੇ ਚਲਣਾ ਹੈ ਤਾਂ ਸਾਨੂੰ ਸੌੜੀ ਸੋਚ ਵਗਾਹ ਮਾਰਨੀ ਹੋਵੇਗੀ ।

ਸੁਰਜੀਤ ਸਿੰਘ ਹੋਰਾਂ ਆਪਣੇ ਸਾਰੇ ਲੇਖ ਵਿਚ ਦਲੀਲ ਦਾ ਪਲਾ ਨਹੀਂ ਛਡਿਆ ਬੜੀ ਮੇਹਨਤ ਕੀਤੀ ਹੈ । ਕੁਝ ਗਲਾਂ ਮੈਂ ਆਪਣੇ ਤਜੱਰਬੇ ਤੋਂ ਸਾਂਝੀਆਂ ਕਰਾਂਗਾ । ਸਾਡੇ ਨਾਨੀ ਜੀ ਅਤੇ ਸ: ਭਗਤ ਸਿੰਘ ਦੇ ਮਾਤਾ ਜੀ ਦੀ ਇਕ ਰਿਸ਼ਤੇ ਕਾਰਨ ਸਾਂਝ ਸੀ । ਇਕ ਦੁੂਸਰੇ ਦੇ ਦਿਨ ਵਿਹਾਰ ਤੇ ਆਉਣੀ ਜਾਣੀ ਵੀ ਸੀ । ਮੇਰਾ ਜਨਮ ਬੱਰਮਾਂ ਦਾ ਹੈ ਮੈਂ ਕੋਈ ਛੇ ਸਾਲ ਦਾ ਹੋਵਾਂਗਾ ਜਦ ਮੈਂ ਪਹਿਲੀ ਵਾਰ ਬੱਰਮਾਂ ਤੋ ਆ ਕੇ ਆਪਣੇ ਨਾਨਕੀ ਗਿਆ ਮੇਰੇ ਨਾਨੀ ਜੀ ਨੇ ਮੈਨੂੰ ਗੋਦ ਵਿਚ ਲੈ ਮੇਰਾ ਮੂੰਹ ਚੁੰਮਿਆ ਮੇਰੀ ਢੁੂਹੀ ਤੇ ਹਥ ਫੇਰਿਆ ਫੇਰ ਅੰਗਰੇਜ਼ੀ ਹਕੂਮਤੇ ਤੇਰਾ ਕੱਖ ਨਾ ਰਹੇ ਆਖ ਕੇ ਰੋਣ ਲਗ ਪਏ ਮੈਨੂੰ ਕੁਝ ਸੱਮਝ ਨਾਂ ਆਈ । ਮੇਰੀ ਮਾਤਾ ਜੀ ਨੇ ਕੁਝ ਸਾਲਾਂ ਬਾਅਦ ਮੈਨੂੰ ਸਮਝਾਇਆ ਕਿ ਮੇਰੇ ਨਾਨੀ ਜੀ ਭਗਤ ਸਿੰਘ ਦੀ ਯਾਦ ਨੂੰ ਨਹੀਂ ਭੁਲਾ ਸਕੇ ਜਦ ਕਿਸੇ ਬਚੇ ਨੂੰ ਗੋਦ ਵਿਚ ਲੈਂਦੇ ਹਨ ਤਾਂ ਭਗਤ ਸਿੰਘ ਦੇ ਮੋਹ ਵਿਚ ਬੇਹਬਲ ਹੋ ਕੇ ਇਸੇ ਤਰਾਂ ਭਾਵਕ ਹੋ ਜਾਂਦੇ ਹਨ ।

ਮੇਰੇ ਮਾਤਾ ਜੀ ਬਰਮਾਂ ਨੂੰ ਚਲੇ ਗਏ ਅਤੇ ਮੈਂ ਆਪਣੀ ਵਡੀ ਭੈਣ ਦੇ ਘਰ ਕੁਠਾਰ ਰਹਿਣ ਲਗ ਪਿਆ । ਉਹ ਸਾਰਾ ਪ੍ਰਿਵਾਰ ਦੇਸ਼ ਭਗਤੀ ਵਿਚ ਰੰਗਿਆ ਹੋਇਆ ਸੀ ਅਤੇ ਕਾਂਗਰਸ ਦੇ ਸਰਕਰਦਾ ਮੈਂਬਰ ਸਨ ਕੁਠਾਰ ਵਿਚੋਂ ਹੋਰ ਬਹੁਤ ਸਾਰੇ ਆਦਮਪੁਰ ਖਦਰ ਭੰਡਾਰ ਵਿਚ ਇਕਠੇ ਚਰਖਾ ਕਤਣ ਵੀ ਜਾਇਆ ਕਰਦੇ ਸਨ ।ਇਕ ਦਿਨ ਮੈਂ ਇਕ ਆਲਾ ਫੋਲਿਆ ਤਾਂ ਮੇਰੇ ਹਥ ਇਕ ਕਿਸਾ ਆ ਗਿਆ ਜੋ ਰਮਤੇ ਨੇ ਭਗਤ ਸਿੰਘ ਬਾਰੇ
ਲਿਖਿਆ ਹੋਇਆ ਸੀ ਉਹ ਕਿਸਾ ਸਰਕਾਰ ਨੇ ਬੈਨ ਕੀਤਾ ਹੋਇਆ ਸੀ ਮੇਰੇ ਭੈਣ ਦੀ ਸਸ ਨੇ ਮੇਰੇ ਪਾਸੋਂ ਕਿਸਾ ਲੈ ਕੇ ਕਿਤੇ ਹੋਰ ਛੁਪਾ ਦਿਤਾ। ਕੁਝ ਲਾਈਨਾ ਹਾਲੇ ਤਕ ਯਾਦ ਹਨ।

ਸਾਈਮਨ ਸੋਚਦਾ ਕੁਰਸੀਆਂ ਹੇਠ ਬੈਠਾ ਕਿਥੇ ਮਾਰਿਆ ਘੇਰ ਖੁਦਾ ਮੈਨੂੰ ,ਠੰਢੀ ਹਵਾ ਇੰਗਲੈਂਡ ਦੀ ਫਕਦੇ ਨੂੰ ਭਾਵੀ ਟੱਬਰੋਂ ਕੀਤਾ ਜੁਦਾ ਮੈਨੂੰ
ਹਾਏ ਮੇਂਮ ਸਾਹਿਬਾ ਵੇਲੇ ਅੰਤ ਦੇ ਆ ਤੂੰ ਵੀ ਦੇਖ ਲਮੈਂ ਜਾਂਦੇ ਰਾਹ ਮੈਨੂੰ ਮੇਰੇ ਬਚਿਓ ਬਾਪੂ ਜੀ ਚਲਿਆ ਏ ਰਿਹਾ ਨਿਤ ਪਿਆਰ ਦਾ ਚਾ ਮੈਨੂੰ

ਮੁਕਦਮੇ ਦੋਰਾਨ

ਮੈਮੋਰੀਅਲ ਲੋਕਾਂ ਨੇ ਬਹੁਤ ਭੇਜੇ ਭਗਤ ਸਿੰਘ ਨੂੰ ਫਾਂਸੀ ਤੇ ਚਾੜ੍ਹਿਓ ਨਾ ਸਾਡੇ ਸੜਦਿਆਂ ਦਿਲਾਂ ਨੂੰ ਹੋਰ ਰਮਤਾ ਤੇਲ ਮਿਟੀ ਦਾ ਪਾ ਕੇ ਸਾੜਿਓ ਨਾ ।

ਸਾਰੇ ਦੇਸ਼ ਵਿਚ ਹਾ ਹਾ ਕਾਰ ਮਚੀ ਹੋਈ ਸੀ ਪਰ ਗਾਂਧੀ ਜੀ ਨੇ ਇਹਨਾਂ ਆਜ਼ਾਦੀ ਦੇ ਪਰਵਾਨਿਆਂ ਨੂੰ ਸਿਰ ਫਿਰੇ ਆਖ ਕੇ ਹੀ ਸਾਰ ਲਿਆ ਸੀ । ਸ਼ਰੀਕ ਉਜੜੇ ਤੇ ਵੇਹੜਾ ਮੌਕਲਾ ਦਾ ਮੁਹਾਵਰਾ ਗਾਂਧੀ ਜੀ ਵਰਗਿਆਂ ਤੇ ਬੜਾ ਢੁੱਕਦਾ ਹੈ ।
ਮੇਰੇ ਬੈਹਨੋਈ ਦੇ ਵਡੇ ਭਰਾ ਸ: ਬਖਸ਼ੀਸ਼ ਸਿੰਘ ਨੇ ਸ਼ਾਦੀ ਨਹੀਂ ਸੀ ਕਰਵਾਈ ਉਹ ਜਾਂ ਤਾਂ ਜੇਲ ਵਿਚ ਹੁੰਦਾ ਸੀ ਜਾਂ ਅੰਡਰ ਗਰਾਊਂਡ ਬਾਅਦ ਵਿਚ ਹਜ਼ਾਰਾ ਸਿੰਘ ਬਬਰ ਮੰਡੇਰਾਂ ਵਾਲਿਆਂ ਦੀ ਸਪੁਤ੍ਰੀ ਸਰਦਾਰਨੀ ਪਰੀਤਮ ਕੋਰ ਮੇਰੀ ਭੈਣ ਦੀ ਜਠਾਣੀ ਬਣ ਕੇ ਆ ਗਈ ਤਾਂ ਹਜ਼ਾਰਾ ਸਿੰਘ ਬਬਰ ਨਾਲ ਵੀ ਮਿਲਣ ਦਾ ਸੁਭਾਗ ਪਰਾਪਤ ਹੋਇਆ । ਇਹ ਗਲਾਂ ਦਸਣ ਦਾ ਮੇਰਾ ਭਾਵ ਹੈ ਕਿ ਜੋ ਕੁਝ ਮੈਂ ਉਹਨਾਂ ਪਾਸੋਂ ਸੁਣਿਆਂ ਤੁਹਾਡੇ ਨਾਲ ਸਾਂਝਾ ਕਰ ਸਕਾਂ ।

ਭਗਤ ਸਿੰਘ ਦੇ ਮਾਤਾ ਜੀ ਗੁਰੂੁ ਸਾਹਿਬਾਨ ਦੇ ਮਿਸ਼ਨ ਤੋਂ ਪੂਰੇ ਸੁਚੇਤ ਸਨ । ਅਜੀਤ ਸਿੰਘ ਜੀ ਦੀ ਧਰਮ ਪਤਨੀ ਬਾਰੇ ਮੇਰੇ ਨਾਨੀ ਜੀ ਦਸਦੇ ਸਨ ਕਿ ਘਰ ਵਿਚ ਨਿਤ ਨੇਮ ਦੀ ਜ਼ਿਮੇਵਾਰੀ ਉਸ ਦੀ ਸੀ ।ਹਜ਼ਾਰਾ ਸਿੰਘ ਬਬਰ ਵੀ ਭਗਤ ਸਿੰਘ ਨੂੰ ਜ੍ਹੇਲ ਦੋਰਾਨ ਮਿਲਿਆ ਸੀ ਉਹਨਾਂ ਦੇ ਦਸਣ ਮੁਤਾਬਕ ਰਣਧੀਰ ਸਿੰਘ ਅਤੇ ਭਗਤ ਸਿੰਘ ਇਕ ਦੂਸਰੇ ਦੀ ਗਲ ਬੜੇ ਧਿਆਨ ਨਾਲ ਸੁਣਦੇ ਸਨ ਰਣਧੀਰ ਸਿੰਘ ਭਗਤ ਸਿੰਘ ਨਾਲ ਬੇਹਦ ਪਿਆਰ ਕਰਦੇ ਸਨ ਅਤੇ ਭਗਤ ਸਿੰਘ ਵੀ ਰਣਧੀਰ ਸਿੰਘ ਹੋਰਾਂ ਦਾ ਬਹੁਤ ਸਤਕਾਰ ਕਰਦਾ ਸੀ ।ਰਣਧੀਰ ਸਿੰਘ ਹੋਰਾਂ ਵਿਚ ਆਪਣੀ ਗਲ ਸਮਝਾਉਣ ਦੀ ਸਮਰੱਥਾ ਸੀ । ਅਤੇ ਭਗਤ ਸਿੰਘ ਪਾਸ ਸੁਣਨ ਸਮਰੱਥਾ । ਉਹ ਇਹ ਵੀ ਦਸਦੇ ਸਨ ਕਿ ਭਗਤ ਸਿੰਘ ਦੀ ਕੇਸ ਕਟਾਉਣ ਦੀ ਮਜਬੂਰੀ ਨਾਲ ਰਣਧੀਰ ਸਿੰਘ ਸੈਹਮਤ ਸਨ। ਭਗਤ ਸਿੰਘ ਨੇ ਅਗੋਂ ਤੋਂ ਕੇਸ ਨਾਂ ਕਟਾਉਣ ਦੀ ਗਲ ਮਨ ਵੀ ਲਈ ਸੀ ।ਕਈ ਦਫਾ ਜਦ ਬਬਰ ਹਜ਼ਾਰਾ ਸਿੰਘ ਦੀ ਕਹੀ ਗਲ (ਗਾਂਧੀ, ਨੈਹਰੂ ਹੋਰਾਂ ਦਾ ਗਰੁਪ ਉਪਰੋਂ ਕੁਝ ਹੋਰ ਨੇ ਅਤੇ ਅੰਦਰੋਂ ਕੁਝ ਹੋਰ ਨੇ । ਇਹਨਾ ਦਾ ਇਤਬਾਰ ਕਰਨ ਵਾਲੇ ਜਦ ਹੋਸ਼ ਵਿਚ ਆਉਣਗੇ ਤਾਂ ਵੇਲਾ ਬੀਤ ਚੁਕਾ ਹੋਵੇਗਾ । ਫੇਰ ਵੇਲਾ ਵਕਤ ਬਹਾਇਆਂ ਕੀ ਬਣਦਾ ਹੈ ਪਛਤਾਇਆਂ ਵਾਲੀ ਗਲ ਹੋਵੇਗੀ ) ਚੇਤੇ ਆ ਜਾਂਦੀ ਹੈ ਤਾਂ ਸੋਚੀਂ ਪੈ ਜਾਂਦਾਂ ਹਾਂ ਉਸ ਵਕਤ ਇਹਨਾਂ ਆਗੂਆਂ ਦੀ ਸੋਚ ਤੇ ਕਿੰਤੂ ਕਰਨ ਵਾਲੇ ਤਾਂ ਸਨ ।ਪਰ ਅਜ ਦੇ ਡੇਰੇ ਦਾਰ ਸਾਧਾਂ ਵਾਂਗ ਗਾਂਧੀ ਜੀ ਦੇ ਮਹਾਤਮਾਂ ਪੁਣੇ ਦਾ ਢੌਂਗ ਸਭ ਤੇ ਭਾਰੂ ਹੋ ਨਿਬੜਦਾ ਸੀ ।ਮੈਂ ਸੁਰਜੀਤ ਹੋਰਾਂ ਨੂੰ ਬੇਨਤੀ ਕਰਾਂਗਾ ਕਿ ਤੁਹਾਡੀ ਕਲਮ ਰੁਕਣ ਨਾਲ ਨੁਕਸਾਨ ਹੀ ਹੋਇਆ ਹੋਵੇਗਾ ਫਾਇਦਾ ਨਹੀਂ ਹੁਣ ਅਗੇ ਤੋਂ ਇਸ ਦੀ ਰਫਤਾਰ ਨੂੰ ਮਂਧਮ ਨਾ ਪੈਣ ਦਿਓ ।

ਚੌਥਾ ਲੇਖ ( ਸ਼ਹੀਦ ਭਗਤ ਸਿੰਘ ਨਾਸਤਕ ਸੀ ) ਸੁਖਦੇਵ ਸਿੱਧੂ ਹੋਰਾਂ ਨੇ ਕੁਝ ਕਿਤਾਬੀ ਵੇਰਵਿਆਂ ਦੇ ਆਧਾਰ ਤੇ ਲਿਖਿਆ ਹੈ ।
ਸਿੱਧੂ ਹੋਰਾਂ ਨੇ ਪਹਿਲੇ ਪੈਹਰੇ ਵਿਚ ਜੋ ਗਲ ਆਖੀ ਹੈ ।ਕਿ ਭਗਤ ਸਿੰਘ ਦੀ ਵਿਚਾਰਧਾਰਾ ਦੀ ਐਹਮੀਅਤ ਬਾਰੇ ਲੋਕਾਂ ਨੂੰ ਓਨੀ ਜਾਣਕਾਰੀ ਨਹੀਂ ਹੈ ।
ਉਹਨਾਂ ਦਾ ਇਹ ਵਿਚਾਰ ਸੋਨੇ ਵਰਗਾ ਖਰਾ ਹੈ । ਪਰ ਜਿਊਂ ਜਿਊਂ ਲੇਖ ਅਗੇ ਤੁਰਦਾ ਗਿਆ ਨਾਲ ਨਾਲ ਇਹ ਵੀ ਗਲ ਸਾਫ ਹੁੰਦੀ ਗਈ ਕਿ ਸਿਂਧੁ ਜੀ ਤਾਂ ਵਾਰੀਆਂ ਲਾਹੁਣ ਵਾਲੀ ਖੇਡ ਖੇਡ ਰਹੇ ਹਨ । ਉਹਨਾਂ ਨੇ ਪੂਰਾ ਤਾਣ ਸਿਰਫ ਇਸ ਗਲ ਨੂੰ ਸਿਧ ਕਰਨ ਤੇ ਲਾਇਆ ਕਿ ਭਗਤ ਸਿੰਘ ਸਿਖ ਨਹੀਂ ਸੀ ।ਊੁਧਮ ਸਿੰਘ ਸਿਖ ਨਹੀਂ ਸੀ ਕਰਤਾਰ ਸਿੰਘ ਸਰਾਭਾ ਸਿਖ ਨਹੀਂ ਸੀ । ਕਈ ਵੇਰ ਤਾਂ ਕਈ ਲੇਖਕ ਸਿਰਫ ਸਿਖਾਂ ਨੂੰ ਛੁਟਿਆਉਣ ਲਈ ਗਦਰੀ ਬਾਬਿਆਂ ਨੂੰ ਵੀ ਕਾਮਰੇਡ ਬਣਾ ਧਰਦੇ ਹਨ ਜਦ ਕਿ ਗਦਰੀ ਬਾਬਿਆਂ ਦੀ ਬੁਹ ਗਿਣਤੀ ਅਮ੍ਰਤਧਾਰੀ ਸਿਖ ਸਨ ਗਦਰ ਪਾਰਟੀ ਦਾ ਵਾਈਸ ਪਰਧਾਨ ਬਰਕਤਉਲਾ ਇਕ ਮੌਲਵੀ ਸੀ।ਗਦਰ ਪਾਰਟੀ ਵਿਚ ਸਿਖਾਂ ਦੀ ਬੁਹ ਗਿਣਤੀ ਹੋਣ ਦੇ ਬਾਵਜੂਦ ਉਹਨਾਂ ਦਾ ਨਿਸ਼ਾਨਾ ਧਰਮ ਪਰਚਾਰ ਕਰਨਾ ਨਹੀਂ ਸੀ ਨਾਂ ਹੀ ਕੋਈ ਗੁਰਦਵਾਰਾ ਉਸਾਰਨ ਦਾ ਪਰੋਗਰਾਮ ਸੀ ਉਹ ਤਾਂ ਦੇਸ਼ ਦੇ ਸਚੇ ਸਪੂਤ ਦੇਸ਼ ਭਗਤ, ਆਜ਼ਾਦੀ ਦੇ ਪਰਵਾਨੇ ਸਨ ।

ਜੇ ਭਗਤ ਸਿੰਘ ਸਿਖ ਨਹੀਂ ਸੀ ਤਾਂ ਕੋਣ ਸੀ । ਇਸ ਸਵਾਲ ਦਾ ਉਤਰ ਤਾਂ ਸਿੱਧੂ ਹੋਰਾਂ ਦੇ ਲੇਖ ਚੋ ਹੀ ਲਭ ਜਾਂਦਾ ਹੈ । ਉਹ ਲਿਖਦੇ ਹਨ ( ੳਹਨਾਂ ਦਾ ਬਾਬਾ ਅਰਜਣ ਸਿੰਘ ਆਰੀਆ ਸਮਾਜੀ ਪਰਭਾਵ ਹੇਠ ਆ ਕੇ ਅੰਧ ਵਿਸ਼ਵਾਸ਼ , ਛੂਤ ਛਾਤ ਤੋਂ ਮੁਕਤ ਹੋ ਗਿਆ ਸੀ )। ਆਰੀਆ ਸਮਾਜ ਦਾ ਗੱਠਨ ਪੰਜਾਬ ਵਿਚ 1875,1877 ਦੌਰਾਨ ਹੋਇਆ। ਅਤੇ ਗੁਰੂ ਕਾਲ ਦਾ ਸਮਾਂ ਹੈ 1469 ਤੋਂ 1708 ਤਕ ।ਇਸ ਤੋਂ ਸਾਫ ਹੋ ਜਾਂਦਾ ਹੈ ਕਿ ਪੰਜਾਬ ਵਿਚ ਛੂਤ ਛਾਤ ਅਤੇ ਵਰਣ ਵੰਡ ਦੇ ਖਿਲਾਫ ਬਿਗਲ ਆਰੀਆ ਸਮਾਜ ਦੇ ਗਠਨ ਤੋਂ 407 ਸਾਲ ਪਹਿਲਾਂ ਬਜ ਚੁਕਾ ਸੀ । ਗੁਰੂ ਬਾਬਾ ਨਾਨਕ ਦੇਵ ਜੀ ਤੋਂ ਸ਼ੁਰੂ ਹੋਈ ਮੁਹਿਮ ਨੂੰ 9 ਗੁਰੂ ਸਾਹਿਬਾਨ ਨੇ ਅਮਲੀ ਜਾਮਾਂ ਪਹਿਨਾਇਆ ਸਾਂਝਾ ਲੰਗਰ ਸਾਂਝਾ ਗਰੰਥ ਸਾਂਝਾ ਮੰਦਰ ਇਥੋ ਤਕ ਕੇ ਖਾਲਸੇ ਦੀ ਸੁਪਰੀਮ ਬੋਡੀ ਪੰਜ ਪਿਆਰੇ ਵੀ ਪੰਜਾਂ ਜਾਤੀਆਂ ਵਿਚੋਂ ਪੰਜਾਂ ਦਿਸ਼ਾਵਾਂ ਵਿਚੋ ਲਏ ਗਏ । ਸ: ਅਰਜਣ ਸਿੰਘ ਹੋਰ ਬਹੁਤ ਸਾਰੇ ਪੰਜਾਬੀਆਂ ਸਮੇਤ ਸਿਖ ਫਿਲਾਸਫੀ ਅਪਨਾ ਕੇ ਜ਼ਾਤ ਪਾਤ ਅਤੇ ਛੂਤ ਛਾਤ ਦੇ ਕੋਹੜ ਤੋਂ ਤਾਂ ਛੁਟਕਾਰਾ ਪਾ ਚੁਕੇ ਸਨ ਪਰ ਬਰਾਹਮਣ ਦੇ ਚੁੰਗਲ ਚੋਂ ਹਾਲੇ ਪੂਰੀ ਤਰਾਂ ਨਹੀਂ ਨਿਕਲ ਸਕੇ ਸਨ । ਹਰ ਨਗਰ ਨੇ ਘਟੋ ਘਟ ਇਕ ਟੱਬਰ ਐਸਾ ਬਸਾਇਆ ਹੋਇਆ ਸੀ ਜਿਸ ਨੂੰ ਮਿਸਰ (ਮਿਸਰ ਤੋਂ ਆਏ ਹੋਏ ) ਕਿਹਾ ਜਾਂਦਾ ਸੀ । ਚੰਗੇ ਮੰਦੇ ਮਹੂਰਤ ਸ਼ਗਨ ਅਪਸ਼ਗਨ ਕੂੰਡਲੀਆਂ ਦੇ ਮੇਲ ਇਥੋਂ ਤਕ ਕੇ ਨਗਰ ਨਿਵਾਸੀ ਫਸਲ ਬੀਜਣ ਵੇਲੇ ਵੀ ਪੰਡਤ ਤੋਂ ਪੁਛਣ ਜਾਇਆ ਕਰਦੇ ਸਨ। ਸਿਖ ਰਾਜ ਦੇ ਖਤਮ ਹੋਣ ਨਾਲ ਸਿਖ ਪੰਥ ਨੂੰ ਬੁਹਤ ਵਡਾ ਧਕਾ ਲਗਾ ਸਿਖਾਂ ਦੇ ਧਾਰਮਕ ਅਸਥਾਂਨਾ ਤੇ ਮਹੰਤ ਕਾਬਜ਼ ਹੋ ਗਏ ਹਰਮੰਦਰ ਸਾਹਿਬ ਦੀਆਂ ਪਰਕਰਮਾਂ ਵਿਚ ਵੀ ਮੂਰਤੀਆਂ ਸਥਾਪਤ ਕਰ ਦਿਤੀਆਂ ਗਈਆਂ ਇਹਨਾਂ ਹਾਲਾਤ ਵਿਚ ਸਿਖ ਧਰਮ ਨੂੰ ਅਪਨਾਉਣ ਵਾਲੇ ਬਹੁਤ ਸਾਰੇ ਪ੍ਰਿਵਾਰ ਇਕ ਅਧੋ ਗਤੀ ਵਿਚ ਗੁਜ਼ਰ ਰਹੇ ਸਨ ਉਹਨਾਂ ਨੇ ਇਕ ਸਨਾਤਨ ਸਿਖ ਸਮਾਜ ਦੀ ਸਥਾਪਨਾ ਕੀਤੀ ਅਗਰ ਭਗਤ ਸਿੰਘ ਦੇ ਭਧਨ ਹੋਏ ਹਨ ਤਾਂ ਉਸ ਦਾਂ ਵੀ ਇਹੋ ਕਾਰਨ ਸੀ ।

ਆਰੀਆ ਸਾਮਾਜ ਵਾਲੇ ਵੇਦਾਂਤੀ ਮਤ ਦਾ ਪਰਚਾਰ ਕਰ ਰਹੇ ਸਨ । ਸਿਖ ਧਰਮ ਤੇ ਤੇਹਰਾ ਹਮਲਾ ਸੀ ਇਕ ਸੀ ਇਸਲਾਮੀ ਮੁਲਾਣਿਆਂ ਵਲੋਂ ਦੂਜਾ ਸੀ ਕ੍ਰਿਸ਼ਚੀਅਨ ਪਾਦਰੀਆਂ ਵਲੋਂ ਅਤੇ ਤੀਜਾ ਅਤੇ ਸਭ ਤੋਂ ਖਤਰਨਾਕ ਹਮਲਾ ਸੀ ਆਰੀਆ ਸਮਾਜ ਵਲੋਂ ।ਨਾਲ ਹੀ ਮੈਂ ਇਹ ਵੀ ਦਸ ਦੇਣਾ ਚਾਹਾਂਗਾ ਕਿ ਕੁਝ ਸੂਝਵਾਨ ਆਰੀਆਂ ਸਮਾਜ ਵਾਲਿਆਂ ਨੇ ਸਿਖ ਫਿਲਾਸਫੀ ਪੜ੍ਹਨ ਉਪਰੰਤ ਸਿਖ ਗੁਰੂ ਸਾਹਿਬਾਨ ਅਤੇ ਗੁਰੂ ਗਰੰਥ ਸਾਹਿਬ ਦੇ ਪਰਚਾਰ ਨੂੰ ਬੰਧਨ ਮੁਕਤ ਕਿਹਾ ਅਤੇ ਪਰਚਾਰਿਆ । ਦੋਲਤ ਰਾਮ ਆਪਣੀ 1932 ਵਿਚ ਛਪੀ ਕਿਤਾਬ ਵਿਚ ਗੁਰੂ ਗੋਬਿੰਦ ਸਿੰਘ ਦੀ ਤੁਲਨਾਂ ਕਰਦਾ ਉਹ ਗੁਰੂ ਗੋਬਿੰਦ ਸਿੰਘ ਨੂੰ ਸਚਾ ਦੇਸ਼ ਭਗਤ ਲਿਖਦਾ ਹੈ । ਸਨ 1902 ਵਿਚ ਚੀਫ ਖਾਲਸਾ ਦੀਵਾਨ ਹੌਂਦ ਵਿਚ ਆਉਣ ਨਾਲ ਸਿਖ ਪੰਥ ਕੁਝ ਸੰਭਲ ਸਕਿਆ ਚੀਫ ਖਾਲਸਾ ਦੀਵਾਨ ਸੋਸਾਇਟੀ ਨੇ ਅਨੰਦ ਮੈਰਜ ਐਕਟ 1905 ਪਾਸ ਕਰਵਾਇਆ ਫੇਰ ਵੀ ਬਹੁਤ ਦੇਰ ਤਕ ੰਿਪਡਾਂ ਵਿਚ ਵੇਦਕ ਰੀਤਾਂ ਨਾਲ ਵਿਆਹ ਸ਼ਾਦੀਆਂ ਹੁੰਦੇ ਰਹੇ ।

ਭਗਤ ਸਿੰਘ ਦੇ ਪਿਤਾ ਜੀ ਸ: ਕਿਸ਼ਨ ਸਿੰਘ ਆਰੀਆ ਸਮਾਜ ਨੂੰ ਤਿਆਗ ਚੁਕੇ ਸਨ ਪਰ ਇਹਨਾਂ ਦੀ ਅਲ ਆਰੀਆ ਸਮਾਜੀਏ ਪੈ ਚੁਕੀ ਸੀ ਭਗਤ ਸਿੰਘ ਨੇ ਕੇਸ ਰਖੇ ਪਗੜੀ ਬਧੀ ਹਾਂ ਅਗਰ ਉਸਨੂੰ ਮੋਰਚਿਆ ਵੇਲੇ ਚਾਹ ਪਾਣੀ ਦੀ ਸੇਵਾ ਕਰਦੇ ਦਿਖਾਲਦੇ ਹਨ ਇਸ ਵਿਚ ਬੁਰਾਈ ਵੀ ਕੀ ਹੈ ਭਗਤ ਸਿੰਘ ਹਰ ਉਸ ਲੜਾਈ ਲਈ ਤਿਆਰ ਸੀ ਜੋ ਅੰਗਰੇਜ਼ ਹਕੂਮਤ ਦੇ ਖਿਲਾਫ ਲੜੀ ਜਾ ਰਹੀ ਸੀ ਗੁਰਦਵਾਰਿਆਂ ਨੂੰ ਅੰਗਰੇਜ਼ ਪਿਠੂ ਮਹੰਤਾਂ ਤੋ ਆਜ਼ਾਦ ਕਰਵਾਉਣਾ ਵੀ ਜੰਗੇ ਆਜ਼ਾਦੀ ਦਾ ਹੀ ਇਕ ਹਿਸਾ ਸੀ ਪੰਡਤ ਜਵਾਹਰ ਲਾਲ ਨੈਹਰੂ ਨੇ ਖੁਦ ਜੈਤੋ ਦੇ ਮੋਰਚੇ ਦੌਰਾਨ ਜੇਲ ਕਟੀ ਹੈ । ਗੁਰਦਵਾਰਿਆਂ ਦੀ ਜੰਗ ਜਿਤਣ ਤੇ ਮਹਾਤਮਾਂ ਗਾਂਧੀ ਨੇ ਸਿਖਾਂ ਨੂੰ ਵਧਾਈ ਦਿੰਦੇ ਆਖਿਆ ਸੀ ਕਿ ਸਿਖਾਂ ਨੇ ਆਜ਼ਾਦੀ ਦੀ ਪਹਿਲੀ ਲੜਾਈ ਜਿਤ ਲਈ ਹੈ ।


ਆਰੀਆ ਸਮਾਜ ਬਣਾਉਣ ਦਾ ਸੁਪਨਾਂ ਸੁਆਮੀ ਦਇਆ ਨੰਦਾ ਨੇ 1869 ਵਿਚ ਲਿਆ ਸੀ ਉਸਦਾ ਮਕਸਦ ਦੇਸ਼ ਵਿਚ ਕੁਝ ਸਕੂਲ ਬਣਾ ਕੇ ਵੇਦਕ ਧਰਮ ਦੇ ਪਰਚਾਰਕ ਤਿਆਰ ਕਰਨਾ ਸੀ ਉਸਨੇ ਗੁਜਰਾਤ ਵਿਚ ਕੁਝ ਸਕੂਲ ਬਣਾਏ ਵੀ ਪਰ ਉਹ ਮਾਇਕ ਥੁੜੋਂ ਛੇਤੀ ਹੀ ਬੰਦ ਹੋ ਗਏ ਪਰ ਉਸਨੇ ਹਿੰਮਤ ਨਹੀਂ ਹਾਰੀ ਆਖੀਰ ਆਰੀਆ ਸਮਾਜ ਬਣਾਉਣ ਵਿਚ ਸਫਲ ਹੋ ਗਿਆ ਅਤੇ ਸਕੂਲ ਵੀ ਬਣ ਗਏ ।ਡੀ. ਏੇ. ਵੀ. ਕਾਲਜ ਦੇ ਕਰਤਾ ਧਰਤਾ ਵੀ ਆਰੀਆ ਸਮਾਜ ਸੀ ਉਥੇ ਪੜ੍ਹਨ ਵਾਲਿਆਂ ਨੂੰ ਗਾਇਤਰੀ ਦਾ ਪਾਠ ਅਤੇ ਹੋਰ ਵੇਦਕ ਰਸਮਾਂ ਵੀ ਸਿਖਾਈਆਂ ਜਾਂਦੀਆਂ ਸਨ ।

ਅਜ਼ਾਦੀ ਤੋਂ ਬਾਅਦ ਕਾਮਰੇਡਾਂ ਨੇ ਕਿਸਾਨੀ ਨੂੰ ਮੁਖ ਰਖਕੇ ਇਕ ਮੋਰਚਾ ਲਾਇਆ । ਪੰਜਾਬ ਦੇ ਲੋਕਾਂ ਨੂੰ ਨਾਲ ਰਲਾਉਣ ਲਈ ਗੁਮਰਾਹ ਕੁਨ ਪਰਚਾਰ ਸ਼ੁਰੂ ਕੀਤਾ ਆਖਣ ਪਾਣੀ ਵਿਚੋਂ ਬਿਜਲੀ ਤਾਂ ਭਾਖੜਾ ਡੈਮ ਤੇ ਕਢ ਲਈ ਅਤੇ ਆਹ ਫੋਕਾ ਪਾਣੀ ਪੰਜਾਬ ਦੇ ਕਿਰਸਾਨਾ ਨੂੰ ਦਿਤਾ ਜਾ ਰਿਹਾ ਹੈ । ਜਿਸ ਦਾ ਫਸਲਾਂ ਨੂੰ ਉਕਾ ਕੋਈ ਫਾਇਦਾ ਨਹੀਂ । ਕੀ ਭਗਤ ਸਿੰਘ ਨੂੰ ਕਾਮਰੇਡਾਂ ਦੀ ਸਫਾਂ ਵਿਚ ਖੜਿਆਂ ਕਰਨ ਵਾਲੇ ਉਸ ਦੇ ਹੁੰਦੇ ਹੋਇਆਂ ਇਹੋ ਜਿਹਾ ਭਦਾ ਮਜ਼ਾਕ ਕਰ ਸਕਦੇ ਸਨ ।

ਜੇ ਭਗਤ ਸਿੰਘ ਨੇ ਚੀਫ ਵਾਰਡਨ ਦੇ ਕਹੇ ਤੇ ਗੁਰਬਾਣੀ ਦਾ ਪਾਠ ਨਹੀਂ ਕੀਤਾ ਜਾਂ ਵਾਹਿਗੁਰੂ ਨੂੰ ਯਾਦ ਨਹੀਂ ਕੀਤਾ ਤਾਂ ਉਸ ਨੂੰ ਸਿਖੀ ਚੋਂ ਖਾਰਜ ਕਰ ਦੇਣ ਵਾਲੇ ਭਗਤ ਸਿੰਘ ਨਾਲ ਇਨਸਾਫ ਨਹੀਂ ਕਰ ਰਹੇ । ਉਸ ਦੇ ਇਸ਼ਟ ਦੇਵ ਗੁਰੂ ਅਰਜਨ ਅਤੇ ਗੁਰੂ ਤੇਗ ਬਹਾਦਰ ਚਾਰ ਸਾਹਿਬਜ਼ਾਦੇ ਜੇ ਹਸਦੇ ਹਸਦੇ ਆਜ਼ਾਦੀ ਲਈ ਜਾਂਨਾ ਵਾਰ ਸਕਦੇ ਹਨ ਤਾਂ ਊਧਮ ਸਿੰਘ ,ਕਰਤਾਰ ਸਿੰਘ ਅਤੇ ਭਗਤ ਸਿੰਘ ਕਿਊਂ ਪਿਛੇ ਰਹਿੰਦੇ । ਉਹਨਾਂ ਸੂਰਮਿਆਂ ਨੇ ਗੁਰੂ ਦਰਸਾਏ ਰਾਹ ਤੇ ਚਲ ਕੇ ਇਹ ਸਾਬਤ ਕਰ ਦਿਖਾਇਆ ਕਿ ਸਿਖ ਧਰਮ ਦਾ ਧੁਰਾ ਮਿਥਹਾਸ ਨਹੀਂ ਗੁਰੂ ਦੇ ਸਿਖ ਇਤਹਾਸ ਸਿਰਜਦੇ ਹਨ ਅਤੇ ਸਿਰਜਦੇ ਰਹਿਣਗੇ ।

ਸਿੱਧੂ ਹੋਰਾਂ ਕਰਤਾਰ ਸਿੰਘ ਦੇ ਸਿਰ ਤੇ ਪਗ ਬਨਣ ਦੀ ਗਲ ਕੀਤੀ ਹੈ ।ਕਿਸੇ ਨੂੰ ਪਗ ਭੇਟ ਕਰਨਾਂ ਉਸਦੀ ਇਜ਼ਤ ਕਰਨਾ ਹੈ । ਪਗ ਬਨਣ ਨਾਲ ਕੋਈ ਸਿਖ ਨਹੀਂ ਹੋ ਜਾਂਦਾ ਪਗ ਮੁਸਲਮਾਨ ਵੀ ਬਨ੍ਹਦੇ ਹਨ ਅਤੇ ਹਿੰਦੂ ਵੀ । ਪਗ ਦਾ ਜ਼ਿਕਰ ਬਾਈਬਲ ਵਿਚ ਵੀ ਆਉਂਦਾ ਹੈ ਕਿ ਰਬ ਨੇ ਹਜ਼ਰਤ ਮੂਸਾ ਨੂੰ ਹਦਾਇਤ ਕੀਤੀ ਕਿ ਸਵੇਰੇ ਉਠ ਕੇ ਇਸ਼ਨਾਨ ਕਰ ਕੇ ਕਪੜੇ ਦਾ ਜਾਂਗੀਆ ਕਪੜੇ ਦਾ ਕੋਟ ਅਤੇ ਕਪੜੇ ਦੀ ਪਗ ਬੱਨਣ ਉਪਰੰਤ ਹੀ ਮੰਦਰ ਵਿਚ ਆਵੇ


ਉਸ ਤੋਂ ਅਗਲਾ ਸਵਾਲ ਊਧਮ ਸਿੰਘ ਤੇ ਉਠਾਇਆ ਹੈ ਕਿ ਉਸ ਦੇ ਸਾਮਾਨ ਵਿਚੋਂ ਸਿਗਰਟਾਂ ਵੀ ਨਿਕਲੀਆਂ ਸਨ । ਭੋਲੇ ਬਾਦਸ਼ਾਹੋ ਉਸ ਦੇ ਮਿਸ਼ਨ ਵਲ ਜ਼ਰਾ ਧਿਆਨ ਮਾਰੋ ਕਿਡਾ ਕਠਨ ਮਿਸ਼ਨ ਸੀ ।ਉਸ ਨੂੰ ਸਫਲ ਕਰਨ ਲਈ ਉਸ ਨੇ ਕੀ ਕੀ ਪਾਪੜ ਵੇਲੇ ਹੋਣਗੇ । ਇਕ ਪਾਸੇ ਤਾਕਤਵਰ ਹਕੂਮਤ ਬਰਤਾਨੀਆਂ ਦੀ ਸੀ. ਆਈ. ਡੀ. ਦੂਜੇ ਪਾਸੇ ਉਹ ਕਲ ਮੁਕਲਾ ਫੇਰ ਵੀ ਉਹ ਆਪਣੇ ਪਰੋਗਰਾਮ ਵਿਚ ਸਫਲ ਹੋ ਗਿਆ ਜਦਕਿ ਅਜ ਸਾਡੇ ਬਹੁਤ ਸਾਰੇ ਨੋਜਵਾਨ ਤਾਂ ਗੋਰੀਆਂ ਦੀ ਕੰਪਨੀ ਲਈ ਹੀ ਬਾਰਾਂ ਵਿਚ ਜਾ ਕੇ ਸਿਗਰਟ ਦੇ ਸੂਟੇ ਲਾ ਲੈਂਦੇ ਹਨ।

ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿਖਾਂ ਨੂੰ ਸੰਸਕ੍ਰਿਤ ਦੀ ਵਿਦਿਆ ਪਰਾਪਤ ਕਰਨ ਲਈ ਕਾਸ਼ੀ ਭੇਜਿਆ ਸੀ ।ਜੇ ਭਗਤ ਸਿੰਘ ਲੈਨਨ ਜਾਂ ਕਾਰਲਮਾਰਕਸ ਜਾਂ ਹੋਰ ਦੇਸ਼ਾਂ ਦੀ ਆਜ਼ਾਦੀ ਦੀ ਜਦੋ ਜਹਿਦ ਦੀ ਜਾਣਕਾਰੀ ਕਰਨੀ ਚਾਹੁੰਦਾ ਸੀ ਤਾਂ ਉਹ ਆਪਣੇ ਗੁਰੂ ਦਾ ਹੁਕਮ ਹੀ ਤਾਂ ਬਜਾ ਰਿਹਾ ਸੀ ਭੇਖਧਾਰੀਆਂ ਦੀ ਕਤਾਰ ਵਿਚ ਉਹ ਆਪਣੇ ਆਪ ਨੂੰ ਖੜਾ ਕਰਨ ਦੀ ਬਜਾਏ ਜੇ ਉਸਨੇ ਆਪਣੇ ਆਪ ਨੂੰ ਨਾਸਤਕ ਕੈਹ ਦਿਤਾ ਤਾਂ ਕੀ ਲੋਹੜਾ ਆ ਗਿਆ । ਇਨਸਾਨੀ ਜੀਵਨ ਨੂੰ ਖੁਸ਼ਗਵਾਰ ਬਣਾਉਣ ਅਤੇ ਸੰਸਾਰ ਭਰ ਵਿਚ ਜੋ ਉਨਤੀ ਹੋਈ ਹੈ ਉਸ ਵਿਚ ਧਰਮ ਦਾ ਬਹੁਤ ਵਡਾ ਯੋਗਦਾਨ ਹੈ ।

ਕਲਾ ਲੈਨਨ ਦਾ ਜੀਵਨ ਪੜ੍ਹਨ ਨਾਲ ਜਾਂ ਕਾਰਲਮਾਰਕਸ ਦੀ ਫਿਲਾਸਫੀ ਪੜ੍ਹਨ ਨਾਲ ਭਗਤ ਸਿੰਘ ਤੇ ਕਾਮਰੇਡ ਹੋਣ ਦਾ ਲੇਬਲ ਲਾ ਦੇਣਾ ਵੀ ਉਸ ਨਾਲ ਬੇਇਨਸਾਫੀ ਹੈ ।ਧਰਮ ਨੂੰ ਵੀ ਇਕ ਕੋਟ ਨਾਂ ਸਮਝੋ ਕਿ ਜਿਸ ਨੇ ਪਾ ਲਿਆ ਉਹ ਧਰਮੀ ਹੋ ਗਿਆ ਜਾਂ ਉਚੀ ਉਚੀ ਮੰਤਰ ਜਾਂ ਕੋਈ ਪਾਠ ਕਰ ਲਿਆ ਉਹ ਧਰਮੀ ਹੋ ਗਿਆ।ਸਿਖ ਧਰਮ ਤਾਂ ਜੀਵਨ ਦੀ ਜਾਂਚ ਸਿਖਾਉਂਦਾ ਹੈ ਸਰਬਤ ਦੇ ਭਲੇ ਦੀ ਗਲ ਕਰਦਾ ਹੈ ਅਣਖ ਨਾਲ ਜੀਣਾ ਸਿਖਾਲਦਾ ਹੈ , ਸਿਖ ਧਰਮ ਸੰਗਤ ਦਾ ਧਰਮ ਹੈ ਇਕ ਇਕਲੇ ਦੀ ਮੁਕਤੀ ਦੀ ਇਸ ਵਿਚ ਕੋਈ ਥਾਂਹ ਨਹੀਂ ਬਲਕਿ ਸਮੁਚੇ ਸਮਾਜ ਦੇ ਕਲਿਆਂਣ ਦੀ ਗਲ ਕਰਦਾ ਹੈ ਉਸ ਕਲਿਆਣ ਲਈ ਸਭ ਤੋਂ ਪਹਿਲਾ ਸਬਕ ਉਦੱਮ ਹੈ ਵੰਡ ਛਕਣਾ ਹੈ ।
ਸ ਭਗਤ ਸਿੰਘ ਦੀ ਡਾਇਰੀ ਦੇ ਪੰਨੇ ਪੁਕਾਰ ਪੁਕਾਰ ਕੇ ਇਹੋ ਗਲ ਤਾਂ ਕਰ ਰਹੇ ਹਨ । ਭੇਖ ਧਾਰੀਆਂ ਨੂੰ ਸਮਝਾਉਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਵੇਰ ਗਧੇ ਤੇ ਸ਼ੇਰ ਦੀ ਖਲ ਪੁਆ ਦਿਤੀ ਤਾਂ ਹਰ ਕੋਈ ਉਸ ਤੋਂ ਡਰ ਰਿਹਾ ਸੀ ਪਰ ਜਦ ਉਹ ਹੀਘੰਣ ਲਗਾ ਤਾਂ ਲੋਕਾਂ ਨੇ ਕੁਟ ਕੁਟ ਕੇ ਮਾਰ ਦਿਤਾ ।ਤਾਂ ਗੁਰੂ ਸਾਹਿਬ ਨੇ ਫੁਰਮਾਇਆ ਸੀ

“ਭੇਖ ਦਿਖਾਇਓ ਜਗਤ ਕੋ ਲੋਗਨ ਕੋ ਬਸ ਕੀਨ ਅੰਤ ਕਾਲ ਕਾਤੀ ਕਟਿਓ ਡਾਲ ਨਰਕ ਮੇਂ ਦੀਨ ।“
ਅੰਤ ਵਿਚ ਮੈਂ ਸੁਖਦੇਵ ਜੀ ਅਗੇ ਬੇਨਤੀ ਕਰਾਂ ਗਾ ਕਿ ਅਗਲੀ ਵੇਰੀ ਜਦੋਂ ਕਲਮ ਚੁਕਣ ਤਾਂ ਆਪਣੇ ਮੁਦੇ ਨੂੰ ਕਿਸੇ ਇਕ ਗਰੁਪ ਦੀ ਐਨਕ ਵਿਚ ਦੀ ਨਾਂ ਦੇਖਣ। ਕਲਮ ਦਾ ਧਰਮ ਨਿਭਾਉਣ ਲਈ ਉਹਨਾਂ ਨੂੰ ਕੋਏਨ ਦੇ ਦੋਵੇਂ ਪਾਸੇ ਦੇਖਣੇ ਪੈਣਗੇ ।
ਘੱਗ ਵਿਕੀ ਹੋਈ ਕਲਮ ਨਾਂ ਚੰਗੀ ਫੋਕੀ ਸ਼ੋਹਰਤ ਕਰਦੀ
ਪਾਬੰਦੀਆਂ ਵਿਚ ਜਕੜੀ ਹੋਈ ਸਚ ਕੈਹਣ ਤੋਂ ਡਰਦੀ

ਰੁਕੀਆਂ ਕਲਮਾ ਵਿਕੀਆਂ ਕਲਮਾ ਪਾਬੰਦੀ ਵਿਚ ਜੱਕੜੀਆਂ ਕਲਮਾਂ
ਹੋਜਾਣ ਸਦਾ ਨਕਾਰਾ ਦੇਸ਼ ਕੌਮ ਦੀ ਬਣਤਰ ਵਿਚ,ਫੇਰ ਲੌੋਣ ਨਾਂ ਇਟਾਂ ਗਾਰਾ








ਸੱਘੇ ਅਮਲੀ ਦਾ ਸਵੰਬਰ.......... ਵਿਅੰਗ / ਸਿ਼ਵਚਰਨ ਜੱਗੀ ਕੁੱਸਾ

ਪਿੰਡ ਦੇ ਬੋਹੜ ਹੇਠ ਅਮਲੀਆਂ ਦੀ ਮਹਿਫ਼ਲ ਸਜੀ ਹੋਈ ਸੀ। ਕਿਸੇ ਹੱਥ ਨਸਵਾਰ ਦੀ ਡੱਬੀ ਅਤੇ ਕਿਸੇ ਹੱਥ ਜਰਦੇ ਦੀ ਪੁੜੀ ਫ਼ੜੀ ਹੋਈ ਸੀ। ਫ਼ੱਤੂ ਅਮਲੀ ਦੇ ਨਸ਼ੇ ਦੀ ਸੂਈ ਖ਼ਤਰੇ ਵਾਲ਼ੇ ਨਿਸ਼ਾਨ ਤੱਕ ਪਹੁੰਚੀ ਹੋਈ ਸੀ। ਉਸ ਦੇ ਨਾਲ਼ ਬੈਠਾ ਸੱਘਾ ਵੀ ਊਂਘੀ ਜਾ ਰਿਹਾ ਸੀ। ਪਤਾ ਨਹੀਂ ਉਸ ਨੇ ਕੀ ਖਾ ਲਿਆ ਸੀ?
-"ਲੈ ਬਈ ਗੱਲ ਸੁਣ ਲਓ ਇੱਕ..!" ਘੁੱਕਰ ਨੇ ਜਰਦਾ ਬੁੱਲ੍ਹਾਂ ਵਿਚ ਧਰਦਿਆਂ ਸਾਰਿਆਂ ਨੂੰ ਕੰਨ ਜਿਹੇ ਕੀਤੇ। ਪਿੱਛੋਂ ਉਸ ਨੇ ਝਾਫ਼ੇ ਵਰਗੀ ਦਾੜ੍ਹੀ 'ਤੇ ਬੜੀ ਬੇਕਿਰਕੀ ਨਾਲ਼ ਹੱਥ ਫ਼ੇਰਿਆ ਸੀ।
-"ਬੋਲ...?" ਗਿੱਦੜ ਹੁਆਂਕਣ ਵਾਂਗ ਸਾਰੇ ਇਕ ਦਮ ਬੋਲੇ।
-"ਸਾਡੇ ਆਲ਼ੇ ਪਾੜ੍ਹੇ ਛੋਕਰੀ ਦੇਣੇ ਨੇ ਉਹ ਛੱਜ ਜਿਆ ਲੁਆ ਲਿਆ ਕੋਠੇ 'ਤੇ, ਤੇ ਅੱਜ ਕੱਲ੍ਹ ਹੋਰ ਈ ਪ੍ਰੋਗਰਾਮ ਦੇਂਹਦੈ ਨਿੱਤ ਟੈਲੀਬੀਜਨ 'ਤੇ..!"
-"ਉਹ ਕਿਹੜੇ..? ਦੇਖੀਂ ਕਿਤੇ ਕਲੋਟੇ ਜੇ ਪ੍ਰੋਗਰਾਮ ਦੇਖ ਕੇ ਤੂੰ ਵੀ ਨਾ ਵਿਗੜ ਜੇਂ..?" ਦਲੀਪ ਡਰਿਆਂ ਵਾਂਗ ਬੋਲਿਆ।
-"ਇਕ ਤਾਂ ਆਉਂਦਾ ਹੁੰਦਾ ਸੀ ਰਾਖੀ ਕਾ ਸਬੰਬਰ..!" ਕਿਸੇ ਨੇ ਕਿਹਾ।
-"ਕੀਹਦਾ ਸਤੰਬਰ..?" ਬੋਲ਼ੇ ਨੇ ਅੱਭੜਵਾਹਿਆਂ ਵਾਂਗ ਪੁੱਛਿਆ।
-"ਸਤੰਬਰ ਨ੍ਹੀ ਉਏ ਗਿੱਡਲ਼ਾ..! ਸਬੰਬਰ..! ਸਬੰਬਰ..!" ਧੂਤੂ ਨੇ ਉਸ ਦੀ ਧੌਣ 'ਤੇ ਧੱਫ਼ੀ ਜਿਹੀ ਮਾਰੀ।
-"ਉਹ ਕੀ ਹੁੰਦੈ..?" ਗੱਲ ਅਮਲੀ ਦੇ ਸਿਰ ਉਪਰੋਂ ਰਾਕਟ ਵਾਂਗ ਲੰਘ ਗਈ।
-"ਉਹ ਹੁੰਦੈ, ਜਦੋਂ ਵੱਡੇ ਲੋਕ ਕੁੜੀਆਂ ਦਾ ਬਿਆਹ ਕਰਦੇ ਐ, ਤਾਂ ਸਵੰਬਰ ਰਚਾਉਂਦੇ ਐ ਚਾਚਾ..!" ਦੂਰ ਤਖ਼ਤਪੋਸ਼ 'ਤੇ ਬੈਠਾ ਪਾੜ੍ਹਾ ਬੋਲਿਆ।
-"ਬੜੀ ਲਹੁਡੀ ਦੇਣੇ ਐ ਬਈ ਫ਼ੇਰ ਤਾਂ..!"
-"ਉਏ ਛੋਛੇ ਕਰਦੇ ਐ, ਛੋਛੇ..! ਜੇ ਰੱਬ ਸਾਨੂੰ ਇਕ ਅੱਧੀ ਬਗਛ ਦਿੰਦਾ, ਮੈਂ ਤਾਂ ਛੈਂਕਲ 'ਤੇ ਬਿਠਾ ਕੇ ਈ ਲੈ ਆਉਂਦਾ..! ਪਰ ਸਹੁਰੇ ਨੇ ਬਿਆਹ ਆਲ਼ੀ ਲੀਕ ਈ ਨ੍ਹੀ ਵਾਹੀ ਸਾਡੀ ਕਿਛਮਤ 'ਚ..! ਸਾਡੇ ਵਾਰੀ ਪਤਾ ਨ੍ਹੀ ਸਾਲ਼ੇ ਨੂੰ ਕੀ ਮਰੋੜੇ ਲੱਗੇ ਵੇ ਸੀ, ਲੋਕ ਦੋ-ਦੋ ਲਈ ਬੈਠੇ ਐ..!"
-"ਕੀ ਗੱਲਾਂ ਚੱਲ ਰਹੀਐਂ..?" ਦੂਰੋਂ ਆਉਂਦੇ ਘੁੱਕਰ ਨੇ ਆਪਣਾ ਚਾਦਰਾ ਗੋਡਿਆਂ ਦੇ ਸੰਨ੍ਹ ਵਿਚ ਲੈਂਦਿਆਂ ਪੁੱਛਿਆ।
-"ਤੇਰੇ ਸਵੰਬਰ ਰਚਾਉਣ ਦੀਆਂ ਸਕੀਮਾਂ ਕਰਦੇ ਐਂ..!" ਪਾੜ੍ਹੇ ਨੇ ਉੱਤਰ ਦਿੱਤਾ।
-"ਕੀ ਰਚਾਉਣ ਦੀਆਂ..?"
-"ਤੇਰੇ ਵਿਆਹ ਦੀਆਂ ਚਾਚਾ..!"
-"ਤੇਰੇ ਮੂੰਹ ਘਿਉ ਸ਼ੱਕਰ ਉਏ ਜਿਉਣ ਜੋਕਰਿਆ..! ਗੱਲ ਸੁਣ ਕੇ ਮੈਂ ਤਾਂ ਡਰ ਈ ਗਿਆ ਸੀ..!"
-"ਕਿਉਂ ਚਾਚਾ..?"
-"ਮੈਂ ਸੋਚਿਆ ਕਿਤੇ ਕੰਜਰ ਮੇਰੇ ਅੰਤਮ ਛਛਕਾਰ ਦੀਆਂ ਤਿਆਰੀਆਂ ਕਰਦੇ ਐ..!" ਘੁੱਕਰ ਹਲਕਾ ਜਿਹਾ ਹੋ ਕੇ ਬੋਲਿਆ।
ਹਾਸੜ ਮੱਚ ਗਈ।
-"ਲੈ ਬਈ ਅਮਲੀਓ..! ਥੋਨੂੰ ਕੁਛ ਨਾ ਕੁਛ ਜ਼ਰੂਰ ਕਰਨਾਂ ਚਾਹੀਦੈ..! ਜੇ ਚੱਲੋਂਗੇ, ਤਾਂ ਹੀ ਪਹੁੰਚੋਂਗੇ..!"
-"ਕੀ ਕਰੀਏ? ਕੋਈ ਬੱਸ ਨ੍ਹੀ ਚੱਲਦਾ, ਤੀਮੀਂ ਤਾਂ ਸਾਡੇ ਕੋਲ਼ੋਂ ਫ਼ਰਲਾਂਗ ਦੀ ਵਿੱਥ ਪਾ ਕੇ ਲੰਘਦੀ ਐ..! ਅਸੀਂ ਤਾਂ ਕੋਹੜ੍ਹੀਆਂ ਨਾਲ਼ੋਂ ਭੈੜ੍ਹੇ ਹੋਏ ਪਏ ਐਂ..!"
-"ਚਾਚਾ, ਤੁਸੀਂ ਕਰੋ ਹਿੰਮਤ..! ਤੁਸੀਂ ਇਕ ਅੱਧੇ ਅਮਲੀ ਦਾ ਸਵੰਬਰ ਰਚਾਓ, ਮੱਦਦ ਥੋਡੀ ਮੈਂ ਕਰੂੰ..!" ਪਾੜ੍ਹੇ ਨੇ ਹਿੱਕ ਥਾਪੜ ਦਿੱਤੀ।
-"ਹੁਣ ਤੱਕ ਤਾਂ ਕੀਤੀ ਨ੍ਹੀ..! ਹੁਣ ਐਸ ਉਮਰ 'ਚ ਸਤੰਬਰ ਰਚਾਉਂਦੇ ਚੰਗੇ ਲੱਗਾਂਗੇ..?" ਸੱਘੇ ਦਾ ਕਾਲ਼ਜਾ ਡੋਲਿਆ।
-"ਸਤੰਬਰ ਨ੍ਹੀ ਚਾਚਾ, ਸਵੰਬਰ ਹੁੰਦੈ..!"
-"ਚੱਲ ਕੁਛ ਹੋਇਆ, ਕਰਨਾ ਤਾਂ ਕੁੱਤ ਪੌਅ ਈ ਐ..!"
-"ਚਲੋ, ਦੇਰ ਆਏ ਦਰੁਸਤ ਆਏ..! ਜੋ ਕੰਮ ਪਹਿਲਾਂ ਨਹੀਂ ਹੋ ਸਕਿਆ, ਉਹ ਹੁਣ ਕਰ ਲਓ!"
-"ਸਾਰਿਆਂ ਦਾ ਕਿਵੇਂ ਹੋਊ..?"
-"ਅਜੇ ਇਕ ਦਾ ਰਚਾ ਕੇ ਦੇਖ ਲਓ, ਬਾਕੀਆਂ ਦਾ ਬੰਦੋਬਸਤ ਫ਼ੇਰ ਕਰਲਾਂਗੇ..!"
ਖ਼ੈਰ, ਸਕੀਮ ਬਣ ਗਈ। ਅਮਲੀ ਵੀ ਸਹਿਮਤ ਹੋ ਗਏ। ਸੱਘੇ ਨੂੰ ਨਹਾਉਣ ਦੀ ਤਿਆਰੀ ਹੋ ਗਈ, "ਕੰਜਰ ਤਿੰਨ ਮਹੀਨਿਆਂ ਤੋਂ ਨ੍ਹਾਤਾ ਨ੍ਹੀ, ਇਹਨੂੰ ਮਲ਼ ਮਲ਼ ਕੇ ਨੁਹਾਓ ਪਹਿਲਾਂ! ਇਹਦੇ ਕੋਲ਼ੇ ਤਾਂ ਸਾਲ਼ਾ ਕੋਈ ਕੁੱਤਾ ਨੀ ਬਹਿੰਦਾ..!" ਧੂਤੂ ਨੇ ਆਖਿਆ।
-"ਨਹਾਉਣ ਤੋਂ ਪਹਿਲਾਂ ਮੇਰੇ ਗੋਲ਼ੀ ਮਾਰ ਦਿਓ, ਖਸਮੋਂ..!" ਸੱਘਾ ਪਿੱਟਿਆ। ਉਹ ਨਹਾਉਣ ਤੋਂ ਤੀਰ ਵਾਂਗ ਚੱਲਦਾ ਸੀ।
-"ਨਾਲ਼ੇ ਸਾਲੇ ਦਾ ਸਤੰਬਰ ਬਣਾਉਨੇ ਐਂ, ਹੁਣ ਸਾਲ਼ਾ ਨ੍ਹਾਉਣ ਤੋਂ ਵੀ ਭੱਜਦੈ..! ਗਧੇ ਨੂੰ ਦਿੰਦੇ ਸੀ ਨੂਣ, ਕਹਿੰਦਾ ਮੇਰੇ ਕੰਨ ਪਾੜਦੇ ਐ..! ਚੱਲ ਖੜ੍ਹਾ ਹੋ..!" ਧੂਹ ਕੇ ਅਮਲੀ ਯੂਨੀਅਨ ਉਸ ਨੂੰ ਪਸ਼ੂਆਂ ਵਾਲ਼ੇ ਵਾੜੇ ਲੈ ਗਈ ਅਤੇ ਕੁਰਲਾਉਂਦੇ ਅਮਲੀ ਨੂੰ ਮਲ਼-ਮਲ਼ ਸਾਬਣ ਨਾਲ਼ ਨਹਾਉਣਾ ਸ਼ੁਰੂ ਕਰ ਦਿੱਤਾ। ਕੋਈ ਝਾਵਾਂ ਲੈ ਕੇ ਅਮਲੀ ਦੇ ਗਿੱਟੇ ਰਗੜ ਰਿਹਾ ਸੀ ਅਤੇ ਕੋਈ ਕੂਹਣੀਆਂ!
-"ਉਏ ਆਹ ਹੇਠੋਂ ਪੀਲ਼ਾ ਜਿਆ ਕੀ ਨਿਕਲ਼ਦਾ ਆਉਂਦੈ..?" ਅਮਲੀ ਦੀ ਮੈਲ਼ ਥੱਲਿਓਂ ਉਹਨਾਂ ਨੂੰ ਕੁਝ ਨਜ਼ਰੀਂ ਪਿਆ।
-"ਉਏ ਕੰਜਰ ਦਿਓ, ਇਹ ਤਾਂ ਬਨੈਣ ਐਂ...! ਸਾਲ਼ਾ ਨ੍ਹਾਤਾ ਚਾਨਣੀ ਦਿਵਾਲ਼ੀ ਦਾ ਹੋਊ..! ਪਤਾ ਨ੍ਹੀ ਕਦੋਂ ਦਾ ਪਾਈ ਫਿ਼ਰਦੈ..!" ਜੂਪੇ ਨੇ ਖਿੱਚ ਕੇ ਅਮਲੀ ਦੀ ਬੁਨੈਣ ਲਾਹੁੰਦਿਆਂ ਕਿਹਾ, "ਦੇਖ ਸਾਲ਼ੇ ਨੂੰ ਬਨੈਣ ਪਾਈ ਦਾ ਵੀ ਪਤਾ ਨ੍ਹੀ ਚੱਲਿਆ..! ਕਿੱਡਾ ਦਲਿੱਦਰੀ ਐ..!"
-"ਤੂੰ ਤਾਂ ਮੈਂ ਕਹਿੰਨੈ ਨਿੱਤ ਪੰਜ ਛਨਾਨਾ ਕਰਦਾ ਹੋਵੇਂਗਾ..? ਮੇਰੇ ਮੂੰਹੋਂ ਕੁਛ ਹੋਰ ਨਿਕਲ਼ ਚੱਲਿਆ ਸੀ..!"
-"ਸਤੰਬਰ ਤੇਰਾ ਮਨਾਉਣ ਲੱਗੇ ਐਂ, ਮੇਰਾ ਨ੍ਹੀ, ਸਾਲ਼ਾ ਮਲੰਗ..!"
-"ਉਏ ਖਸਮੋਂ ਮੈਨੂੰ ਤਾਂ ਕਾਂਬਾ ਲੱਗਣ ਲੱਗ ਪਿਆ, ਭੋਰਾ ਮਾਵਾ ਦਿਓ..!" ਅਮਲੀ ਦੇ ਦੰਦ ਵੱਜੀ ਜਾ ਰਹੇ ਸਨ।
-"ਸਾਲਿ਼ਆ ਕਾਂਬਾ ਲੱਗਣਾ ਈ ਸੀ..! ਰਜਾਈ ਦੇ ਭਾਰ ਜਿੰਨੀ ਤਾਂ ਤੇਰੀ ਮੈਲ਼ ਲਾਹਤੀ..!"
ਅਮਲੀ ਯੂਨੀਅਨ ਨੇ ਅਮਲੀ ਨੂੰ ਨੁਹਾ ਧੁਆ ਕੇ ਰੰਦੇ ਬਾਲੇ ਵਰਗਾ ਕੱਢ ਲਿਆ। ਸਰ੍ਹੋਂ ਦਾ ਤੇਲ ਲਾ ਕੇ ਅਮਲੀ ਚੋਪੜੇ ਸਿੰਗਾਂ ਵਾਲ਼ੀ ਮੱਝ ਵਾਂਗ ਲਿਸ਼ਕਣ ਲੱਗ ਪਿਆ। ਪਟੜੀਫ਼ੇਰ ਸਾਰੇ ਅਮਲੀਆਂ ਨੂੰ ਅਮਲੀ ਦੇ ਸਵੰਬਰ ਬਾਰੇ ਢੰਡੋਰਾ ਪਿਟਵਾ ਦਿੱਤਾ ਅਤੇ ਛੱਡੀਆਂ ਛੁਡਾਈਆਂ ਅੱਧਖੜ੍ਹ ਬੀਬੀਆਂ ਨੂੰ ਵੀ ਕਨਸੋਅ ਕਰ ਦਿੱਤੀ ਗਈ। ਅਮਲੀ ਦੇ ਐਡਰੈੱਸ 'ਤੇ 25-25 ਪੈਸੇ ਦੇ 'ਦੇਸੀ' ਕਾਰਡ ਆਉਣ ਲੱਗ ਪਏ। ਜਦ ਡਾਕੀਆ ਕਾਰਡ ਦੇਣ ਆਇਆ ਕਰੇ ਤਾਂ ਅਮਲੀ ਬੇਪ੍ਰਵਾਹ ਹੋਇਆ ਆਖ ਦਿਆ ਕਰੇ, "ਇਹ ਕਾਅਟ ਮੇਰਾ ਨ੍ਹੀ, ਕਿਸੇ ਦਾ ਹੋਰ ਹੋਣੈਂ ਭਾਈ..! ਮੈਨੂੰ ਤਾਂ ਸਾਰੀ ਉਮਰ ਕੁਰਕੀ ਦੇ ਕਾਗਤਾਂ ਤੋਂ ਬਿਨਾਂ ਕਿਸੇ ਕੰਜਰ ਦੀ ਚਿੱਠੀ ਨ੍ਹੀ ਆਈ..!"
ਪਰ ਪਾੜ੍ਹਾ ਕਾਰਡ ਪੜ੍ਹ ਕੇ ਅਮਲੀ ਦੀਆਂ ਬਣਨ ਵਾਲ਼ੀਆਂ 'ਪਤਨੀਆਂ' ਲਈ ਸਮਾਂ 'ਮੁਕੱਰਰ' ਕਰਨ ਲੱਗ ਪਿਆ।
ਸਭ ਤੋਂ ਪਹਿਲਾਂ ਵਾਰੀ ਆਈ ਚੇਤੋ ਦੀ। ਚੇਤੋ ਨੂੰ ਆਪਣੇ ਘਰ ਆਈ ਦੇਖ ਕੇ ਅਮਲੀ ਕੱਟਰੂ ਵਾਂਗ ਧੁਰਲ਼ੀ ਮਾਰ ਕੇ ਮੰਜੀ ਤੋਂ ਉਠਿਆ। ਪਰ ਪਾੜ੍ਹੇ ਨੇ ਫ਼ੜ ਕੇ ਬਿਠਾ ਲਿਆ, "ਸ਼ਾਂਤੀ..! ਸ਼ਾਂਤੀ ਚਾਚਾ..! ਸ਼ਾਂਤੀ..!"
-"ਨਾਂ ਬੜਾ ਹਾਲ੍ਹੇ ਦੈ ਬਈ..? ਸ਼ਾਂਤੀ...! ਹਾਏ ਸ਼ਾਂਤੀ..! ਮੈਨੂੰ ਤਾਂ ਇਹੀ ਮਨਜੂਰ ਐ..! ਕੀੜੀ ਲਈ ਠੂਠਾ ਈ ਦਰਿਆ ਐ ਭਾਈ..!" ਅਮਲੀ ਦੇ ਮਨ ਨੂੰ ਵੀ ਸ਼ਾਂਤੀ ਆ ਗਈ ਸੀ।
-"ਇਹਦਾ ਨਾਂ ਸ਼ਾਂਤੀ ਨੀ ਪਤੰਦਰਾ..! ਮੈਂ ਤੈਨੂੰ ਸ਼ਾਂਤੀ ਰੱਖਣ ਵਾਸਤੇ ਹੱਥ ਜੋੜਦੈਂ..! ਅਜੇ ਹੋਰ ਬਹੁਤ ਆਉਣਗੀਆਂ, ਤੂੰ ਆਪਦੇ ਕੁੱਤੇ ਜੇ ਫ਼ੇਲ੍ਹ ਨਾ ਕਰ..!" 'ਹੋਰ' ਸੁਣ ਕੇ ਅਮਲੀ ਦੀ ਧਰਨ ਟਿਕਾਣੇ ਆ ਗਈ ਅਤੇ ਉਹ ਸਾਊ ਬਲ਼ਦ ਵਾਂਗ ਮੰਜੀ 'ਤੇ ਫਿ਼ਰ ਬਿਰਾਜ ਗਿਆ। ਪਾੜ੍ਹੇ ਨੇ ਚੇਤੋ ਦੀ 'ਇੰਟਰਵਿਊ' ਕਰਨੀ ਸ਼ੁਰੂ ਕਰ ਦਿੱਤੀ।
-"ਕੀ ਨਾਂ ਐਂ ਜੀ ਆਪਣਾ..?"
-"ਵੇ ਭਾਈ ਬੇਬੇ ਨੇ ਤਾਂ ਰੀਝ ਨਾਲ਼ ਹਰਚੇਤ ਕੁਰ ਰੱਖਿਆ ਸੀ, ਪਰ ਟੁੱਟ ਪੈਣੇ ਲੋਕਾਂ ਨੇ ਚੇਤੋ ਈ ਆਖਣਾ ਸ਼ੁਰੂ ਕਰਤਾ..! ਊਂ ਮੇਰਾ ਚੇਤਾ ਵੀ ਚੰਗੈ ਭਾਈ, ਸ਼ੈਂਦ ਇਸ ਕਰਕੇ ਮੈਨੂੰ ਚੇਤੋ ਦੱਸਦੇ ਹੋਣ?"
-"ਕਿੰਨੀ ਉਮਰ ਐ ਜੀ ਤੁਹਾਡੀ..?"
-"ਵੇ ਉਮਰ-ਅਮਰ ਦਾ ਤਾਂ ਭਾਈ ਮੈਨੂੰ ਪਤਾ ਨ੍ਹੀ, ਪਰ ਮੇਰੀ ਬੇਬੇ ਦੱਸਦੀ ਸੀ ਬਈ ਮੇਰਾ ਜਨਮ ਹੱਲੇ ਗੁੱਲੇ ਵੇਲ਼ੇ ਦੈ..!" ਚੇਤੋ ਨੇ ਤੁਰੰਤ ਉੱਤਰ ਮੋੜਿਆ।
-"ਠੀਕ ਐ..! ਤੁਹਾਡਾ ਸਰੀਰ ਅਜੇ ਵੀ ਹੱਟਾ ਕੱਟਾ ਪਿਐ, ਕੋਈ ਯੋਗਾ ਬਗੈਰਾ ਕਰਦੇ ਹੁੰਨੇ ਐਂ..?"
-"ਵੇ ਮੈਂ ਜੋਗਾ ਕਿੱਥੇ ਕਰਨਾ ਸੀ ਭਾਈ..? ਮੈਂ ਤਾਂ 'ਕੱਲਾ ਬਖਤੌਰਾ ਈ ਕੀਤਾ ਸੀ, ਖੌਂਸੜੇ ਤੋਂ ਡਰਦਾ ਘਰੋਂ ਭੱਜਿਆ, ਟੁੱਟ ਪੈਣਾਂ ਹੁਣ ਤੱਕ ਨ੍ਹੀ ਬਹੁੜਿਆ..! ਮੇਰੇ ਚਲਾਏ ਹਾਥੀ ਤਾਂ ਭਾਈ ਅਜੇ ਅਸਮਾਨੋਂ ਨ੍ਹੀ ਮੁੜੇ..! ਮੈਂ ਤਾਂ ਡੂਮਣੇ ਮਖਿਆਲ਼ ਤੋਂ ਵੀ ਭੈੜ੍ਹੀ ਐਂ...!" ਚੇਤੋ ਦੇ ਦੱਸਣ 'ਤੇ ਅਮਲੀ ਨੂੰ ਦੌਰਾ ਪੈਣ ਵਾਲ਼ਾ ਹੋ ਗਿਆ। ਪਰ ਪਾੜ੍ਹੇ ਦੇ ਗੁੱਝਾ ਗੋਡਾ ਦੱਬਣ 'ਤੇ ਉਹ ਫਿ਼ਰ ਸੁਰਤ ਫ਼ੜ ਗਿਆ।
-"ਘਰ ਦੇ ਕੰਮ ਕਾਰ 'ਚ ਕਿੰਨੇ ਕੁ ਨਿਪੁੰਨ ਓਂ..?"
-"ਵੇ ਪੁੰਨ-ਪੰਨ ਦਾ ਤਾਂ ਭਾਈ ਮੈਨੂੰ ਚੇਤਾ ਨ੍ਹੀ, ਪਰ ਤੂੰ ਇਉਂ ਦੇਖਲਾ ਬਈ ਮੈਂ ਸਾਡੇ ਅੜਬ ਵਹਿੜਕੇ ਨੂੰ ਧੌਣੋਂ ਫ਼ੜ ਕੇ ਵਿਹੜੇ 'ਚ ਸਿੱਟ ਲੈਨੀ ਆਂ, ਬੰਦਾ ਤਾਂ ਮੇਰੇ ਕੀ ਯਾਦ ਐ..? ਮੈਂ ਤਾਂ ਗੋਡਿਆਂ ਥੱਲੇ ਲੈ ਕੇ ਪੂਰੇ ਸੌ ਦੀ ਗਿਣਤੀ ਕਰਵਾਉਨੀ ਐਂ..! ਇਕ ਦਿਨ ਸਾਡੇ ਘਰੇ ਚੋਰ ਆ ਗਿਆ, ਮੇਰੇ ਘਰਆਲ਼ਾ ਤਾਂ ਮਿਰਗੀ ਆਲਿ਼ਆਂ ਮਾਂਗੂੰ ਡਰਦਾ ਸਾਹ ਈ ਘੁੱਟ ਗਿਆ ਤੇ ਮੈਂ ਔਤਾਂ ਦੇ ਜਾਣੇ ਚੋਰ ਨੂੰ ਫ਼ੜ ਕੇ ਸਿੱਟ ਲਿਆ ਤੇ ਉਤੇ ਬਹਿਗੀ ਆਪ..! ਮੇਰੇ ਘਰਆਲ਼ਾ ਸਾਡੇ ਆਲ਼ੇ ਦੁਆਲ਼ੇ ਗੇੜੇ ਕੱਢਦਾ ਭੱਜਿਆ ਫਿ਼ਰੇ! ਉਹ ਤਾਂ ਬਣਿਆਂ ਫਿ਼ਰੇ ਊਰੀ..! ਮੈਂ ਕਿਹਾ ਸਿਵਿਆਂ ਨੂੰ ਜਾਣਿਆਂ, ਗੇੜੇ ਜੇ ਕਾਹਨੂੰ ਕੱਢੀ ਜਾਨੈਂ? ਤੂੰ ਪੁਲ਼ਸ ਨੂੰ ਬੁਲਾ ਕੇ ਲਿਆ, ਘਰਆਲ਼ਾ ਆਖੀ ਜਾਵੇ, ਅਖੇ ਮੈਨੂੰ ਚੱਪਲੀਆਂ ਨੀ ਲੱਭਦੀਆਂ! ਤੇ ਚੋਰ ਬਣਾ ਸਮਾਰ ਕੇ ਕਹਿੰਦਾ, ਬਾਈ ਜੀ ਤੁਸੀਂ ਮੇਰੀਆਂ ਚੱਪਲੀਆਂ ਈ ਪਾਜੋ, ਪਰ ਵੀਰ ਜੀ ਬਣ ਕੇ ਆਹ ਪੰਜ ਮਣ ਭਾਰ ਮੇਰੇ ਤੋਂ ਲਾਹੋ..! ਮੈਂ ਤਾਂ ਐਨੀ ਘੈਂਟ ਐਂ ਭਾਈ..!"
-"ਪਾੜ੍ਹਿਆ..! ਆਹ ਸਤੰਬਰ ਤਾਂ ਮੈਨੂੰ ਖ਼ਤਰਨਾਕ ਲੱਗਦੈ..!" ਵਿਚ ਦੀ ਅਮਲੀ ਬੋਲਿਆ। ਚੇਤੋ ਦੀਆਂ ਗੱਲਾਂ ਸੁਣ ਸੁਣ ਕੇ ਉਸ ਦੇ ਹੌਲ ਪਈ ਜਾ ਰਹੇ ਸਨ।
-"ਤੂੰ ਚੁੱਪ ਕਰ ਚਾਚਾ..! ਤੁਸੀਂ ਆਪਣੇ ਪਤੀ ਦੀ ਸੇਵਾ ਕਰਨ ਦੀ ਵੀ ਇੱਛਾ ਰੱਖਦੇ ਹੋਵੋਂਗੇ?"
-"ਵੇ ਸੇਵਾ ਸੂਵਾ ਦੀ ਸੁਣ ਲੈ ਭਾਈ..! ਜੇ ਤਾਂ ਰਿਹਾ ਚੰਗਾ, ਫ਼ੇਰ ਤਾਂ ਨਹਾਊਂ ਧੁਆਊਂ ਵੀ, ਤੇ...!"
-"ਪਾੜ੍ਹਿਆ ਇਹ ਵੀ ਨ੍ਹਾਉਣ ਧੋਣ 'ਤੇ ਆਗੀ...!" ਅਮਲੀ ਨੇ ਵਿਚ ਦੀ ਫਿ਼ਰ ਵਾਢ ਪਾਈ। ਨਹਾਉਣਾ ਉਸ ਲਈ ਮਰਨ ਬਰਾਬਰ ਸੀ।
-"ਚਾਚਾ ਤੂੰ ਚੁੱਪ ਰਹਿ..! ਸਾਡਾ ਚਾਚਾ ਨਹਾਉਣ ਧੋਣ ਤੋਂ ਚੱਲਦੈ...!" ਪਾੜ੍ਹੇ ਨੇ ਹੱਸ ਕੇ ਕਿਹਾ।
-"ਨ੍ਹਾਊ ਕਿਵੇਂ ਨ੍ਹੀ ਇਹੇ..? ਮੈਂ ਪੁਲ਼ਸ ਵਾਲਿ਼ਆਂ ਮਾਂਗੂੰ ਮੂਧਾ ਨਾ ਸਿੱਟਲੂੰ ਔਤਾਂ ਦੇ ਜਾਣੇ ਨੂੰ..! ਇਹ ਤਾਂ ਫਿ਼ਰੂ ਵਿਹੜੇ 'ਚ ਹੋਲੀ ਖੇਡਦਾ..!"
-"ਪਾੜ੍ਹਿਆ, ਮੈਂ ਤੈਨੂੰ ਕਿਹੈ ਬਈ ਇਹ ਸਤੰਬਰ ਖ਼ਤਰੇ ਆਲ਼ੈ..!"
-"ਤੂੰ ਚੁੱਪ ਕਰਜਾ ਪਿਉ ਮੇਰਿਆ..! ਹਾਂ ਜੀ, ਤੁਹਾਡਾ ਪਿਛਲੇ ਵਿਆਹ ਦਾ ਕੋਈ ਚੰਗਾ ਤਜ਼ਰਬਾ..?" ਪਾੜ੍ਹੇ ਨੇ ਮੁਲਾਕਾਤ ਨੂੰ ਅੱਗੇ ਤੋਰਿਆ।
-"ਕੋਈ ਬਹੁਤਾ ਚੰਗਾ ਨ੍ਹੀ ਭਾਈ..! ਇਕ ਆਰੀ ਮੇਰੇ ਆਲ਼ਾ ਬਖ਼ਤੌਰਾ ਪੀ ਕੇ ਆ ਗਿਆ, ਤੇ ਜਦੋਂ ਉਹ ਪੀ ਕੇ ਆ ਜਾਂਦਾ ਸੀ ਤਾਂ ਮੈਨੂੰ ਉਹਦਾ ਬੜਾ ਮੋਹ ਆਉਂਦਾ ਸੀ!"
-"ਆਉਣਾ ਹੀ ਹੋਇਆ..! ਪੀ ਕੇ ਬੰਦਾ ਊਂ ਈ ਸੋਲ਼ਾਂ ਕਲਾਂ ਸਪੂਰਨ ਹੋ ਜਾਂਦੈ..!" ਅਮਲੀ ਫ਼ੇਰ ਬੋਲ ਪਿਆ।
-"ਤੇ ਭਾਈ ਉਹ ਤਾਂ ਪੀ ਕੇ ਬਣਨ ਲੱਗਿਆ ਜੱਜ..! ਤੇ ਲੱਗਿਆ ਹਾਅਤ-ਹੂਤ ਕਰਨ..!"
-"ਫ਼ੇਰ..?"
-"ਫ਼ੇਰ ਕੀ..? ਮੈਂ ਉਹਦੇ ਕਿਹੜਾ ਸਿੰਗ ਚੋਪੜਨੇ ਸੀ? ਮੈਂ ਫ਼ੜ ਕੇ ਸਿੱਟ ਲਿਆ ਖੁਰਨੀ 'ਚ ਤੇ ਉਪਰਲੀ ਸਾਰੀ ਦੰਦਬੀੜ੍ਹ ਤੋੜਤੀ, ਘਰੋਂ ਭੱਜਣ ਤੱਕ ਬਲ਼ਦ ਮਾਂਗੂੰ ਹੇਠਲੀ ਦੰਦਬੀੜ੍ਹ ਨਾਲ਼ ਈ ਲੰਗਰ ਝੁਲਸਦਾ ਰਿਹੈ..!" ਆਖ ਕੇ ਚੇਤੋ ਕਮਲਿ਼ਆਂ ਵਾਂਗ ਹੱਸੀ।
-"ਪਾੜ੍ਹਿਆ, ਤੂੰ ਕਿਸੇ ਨੂੰ ਹੋਰ ਚਿੱਠੀ ਚਪੱਠੀ ਪਾ..! ਇਹਨੂੰ ਝੱਗਾ ਡਬੱਟਾ ਦੇ ਕੇ ਘਰੋਂ ਤੋਰ..!" ਚੇਤੋ ਦੀਆਂ 'ਪ੍ਰਾਪਤੀਆਂ' ਸੁਣ ਸੁਣ ਕੇ ਅਮਲੀ ਦੇ ਦੰਦ ਜੁੜਦੇ ਜਾ ਰਹੇ ਸਨ।
ਅਗਲੇ ਦਿਨ ਵਾਰੀ ਆਈ ਜੰਗ ਕੌਰ ਦੀ!
-"ਥੋਡਾ ਨਾਂ ਬੜਾ ਖਾੜਕੂ ਐ ਜੰਗ ਕੌਰ ਜੀ..?" ਪਾੜ੍ਹੇ ਨੇ ਗੱਲ ਸ਼ੁਰੂ ਕੀਤੀ।
-"ਮਾੜੇ ਧੀੜੇ ਨਾਂ ਨਾਲ਼ ਭਾਈ ਬੰਦੇ ਸੂਤ ਨ੍ਹੀ ਆਉਂਦੇ ਤੇ ਨਾ ਦੁਨੀਆਂ ਜਿਉਣ ਦਿੰਦੀ ਐ..! ਨਾਂ ਤਾਂ ਮੇਰਾ ਸ਼ਾਂਤੀ ਦੇਵੀ ਸੀ, ਪਰ ਭਾਈ ਹਾਲਾਤਾਂ ਨੇ ਜੰਗ ਕੁਰ ਬਣਾਤੀ!"
-"ਰੋਟੀ ਰਾਟੀ-!"
-"ਮੈਂ ਤਾਂ ਰੋਟੀ ਵੀ ਪਕਾਊਂ ਤੇ ਦਾਲ ਵੀ ਬਣਾਊਂ..! ਜੇ ਪੀ ਕੇ ਕਹੂ ਮੈਨੂੰ ਬੋਤਲ 'ਚੋਂ ਆਬਦੇ ਹੱਥ ਨਾਲ਼ 'ਪੇਕ' ਪਾ ਕੇ ਦੇਹ, ਫ਼ੇਰ ਭਾਈ ਬੰਦੇ ਦਾ ਪੁੱਤ ਵੀ ਬਣਾਊਂ..!"
-"ਤੁਸੀਂ ਸੁਭਾਅ ਦੇ ਬਹੁਤ ਕੌੜ ਲੱਗਦੇ ਓ...?"
-"ਵੇ ਮੇਰੇ ਅਰਗੀ ਸੁਭਾਅ ਦੀ ਕੂੰਨੀ ਤਾਂ ਤੈਨੂੰ ਦਿਨੇ ਦੀਵਾ ਲੈ ਕੇ ਨ੍ਹੀ ਲੱਭਣੀ..! ਮੈਂ ਤਾਂ ਆਬਦੇ ਘਰਆਲ਼ੇ ਨੂੰ ਡੋਡੇ ਪੀਸ ਪੀਸ ਕੇ ਪਿਆਉਂਦੀ ਰਹੀ ਐਂ..!"
-"ਫ਼ੇਰ ਤਾਂ ਸਿਆਣੀ ਐਂ ਬਈ ਪਾੜ੍ਹਿਆ..!" ਅਮਲੀ ਨੇ ਕਿਹਾ।
-"ਉਹਨਾਂ ਦੀ ਮੌਤ ਕਿਵੇਂ ਹੋਈ..?" ਪਾੜ੍ਹੇ ਨੇ ਕੁਝ ਪੜ੍ਹਦਿਆਂ ਪੁੱਛਿਆ।
-"ਵੇ ਭਾਈ ਇਕ ਦਿਨ ਉਹਦਾ ਸਰੀਰ ਮਾੜੇ ਇੰਜਣ ਮਾਂਗੂੰ ਟੱਸ ਜੀ ਨਾ ਫ਼ੜੇ..! ਮੰਜੀ 'ਤੇ ਬੈਠਾ ਧੂੰਆਂ ਜਿਆ ਮਾਰੀ ਜਾਵੇ! ਮੈਂ ਉਹਨੂੰ ਦੋ ਤਿੰਨ ਡੋਡਿਆਂ ਦੇ ਗਿਲਾਸ ਉਬਾਲ਼ ਕੇ ਪਿਆਤੇ! ਫ਼ੇਰ ਵੀ ਮਾਊਂ ਮਾਂਗੂੰ ਅੱਖਾਂ ਜੀਆਂ ਮੀਚੀ ਜਾਵੇ! ਮੈਂ ਆ ਦੇਖਿਆ ਨਾ ਤਾਅ, ਅਧੀਆ ਦਾਰੂ ਦਾ ਅੰਦਰ ਮਾਰਿਆ ਜਿਵੇਂ ਗਧੇ ਨੂੰ ਧੱਕੇ ਨਾਲ਼ ਮੂੰਹ ਪੱਟ ਕੇ ਦਿੰਦੇ ਐ! ਖਸਮਾਂ ਨੂੰ ਖਾਣੇ ਨਸ਼ੇ ਦੀ ਐਹੋ ਜੀ ਪੁੱਠ ਚੜ੍ਹੀ, ਉਹ ਤਾਂ ਉਠ ਕੇ ਲੱਗ ਪਿਆ ਮੈਨੂੰ ਗੁੜ ਮਾਂਗੂੰ ਭੰਨਣ! ਕੁੱਟ ਕੇ ਉਹਨੇ ਤਾਂ ਬਣਾਤੀ ਮੇਰੀ ਗਿੱਦੜਪੀੜ੍ਹੀ..! ਤੇ ਮੈਂ ਵੀ ਬਣਗੀ ਫ਼ੇਰ ਜੰਗ ਕੁਰ! ਮੈਂ ਚੱਕਿਆ ਘੋਟਣਾਂ ਤੇ ਪੁੜਪੜੀ 'ਚ ਪਾਅਤਾ ਚਿੱਬ! ਬੋਲਤੀ ਸੋ ਨਿਹਾਲ! ਤੇ ਚੱਕ ਮੇਰੇ ਭਾਈ, ਉਹ ਤਾਂ ਮਾੜੇ ਬੋਤੇ ਮਾਂਗੂੰ 'ਦਾਅੜ' ਦੇਣੇ ਡਿੱਗਿਆ, ਮੁੜ ਨ੍ਹੀ ਉਠਿਆ!"
-"ਤੀਮੀਂ ਮੈਨੂੰ ਇਹ ਵੀ ਖੜੱਪਾ ਈ ਲੱਗਦੀ ਐ, ਪਾੜ੍ਹਿਆ! ਸਿ਼ਵ ਜੀ ਮਹਾਰਾਜ ਆਲ਼ੇ ਵਰੰਟ ਨਾਲ਼ ਈ ਚੱਕੀ ਫਿ਼ਰਦੀ ਲੱਗਦੀ ਐ..! ਧਿਆਨ ਨਾਲ਼ ਮੇਰਾ ਬੀਰ! ਮੇਰਾ ਸਤੰਬਰ ਬਣਾਉਂਦੇ ਬਣਾਉਂਦੇ ਕਿਤੇ ਮੇਰਾ 'ਖੰਡ ਪਾਠ ਨਾ ਖੋਲ੍ਹਣਾਂ ਪਵੇ? ਕਰਦੇ ਫਿ਼ਰੋਂਗੇ ਲੱਕੜਾਂ ਦਾ ਪ੍ਰਬੰਧ!" ਅਮਲੀ ਵਿਚ ਦੀ ਫਿ਼ਰ ਵਾਰੀ ਲੈ ਗਿਆ। ਉਹ ਸਹਿਮ ਨਾਲ਼ ਠੱਕੇ ਦੀ ਮਾਰੀ ਬੱਕਰੀ ਵਾਂਗ 'ਕੱਠਾ ਜਿਹਾ ਹੋਇਆ, ਕੰਬੀ ਜਾ ਰਿਹਾ ਸੀ।
-"ਤੂੰ ਚੁੱਪ ਵੀ ਕਰ ਚਾਚਾ..!" ਪਾੜ੍ਹਾ ਅਮਲੀ ਨੂੰ ਖਿਝ ਕੇ ਪਿਆ।
-"ਤੁਹਾਨੂੰ ਘਰਵਾਲ਼ੇ ਦੀ ਮੌਤ ਦਾ ਕੋਈ ਅਫ਼ਸੋਸ..?" ਉਸ ਨੇ ਅਗਲਾ ਸੁਆਲ ਕੀਤਾ।
-"ਵੇ ਤੁਰ ਗਿਆਂ ਦਾ ਕਾਹਦਾ ਮਸੋਸ ਭਾਈ? ਜਦੋਂ ਥੇਹ ਹੋਣੇ ਨੇ ਉਹਨੇ ਨ੍ਹੀ ਪਿੱਛੇ ਮੁੜ ਕੇ ਦੇਖਿਆ, ਮੈਂ ਕਾਹਨੂੰ ਆਬਦੀ ਜਾਨ ਨੂੰ ਤੋੜਾਖੋਹੀ ਲਾਵਾਂ? ਮੈਂ ਤਾਂ ਓਸ ਗੱਲ ਦੇ ਆਖਣ ਮਾਂਗੂੰ ਚੰਗਾ ਖਾਨੀ ਐਂ ਤੇ ਟੀਟਣੇ ਕੱਢਦੀ ਐਂ..! ਜੇ ਉਹ ਮਰ ਗਿਆ, ਇਕ ਅੱਧਾ ਕਿਤੋਂ ਹੋਰ ਮਿਲਜੂ..! ਛੈਂਕਲ ਦਾ ਟੈਰ ਤੇ ਘਰਆਲ਼ਾ ਬਾਹਲ਼ਾ ਚਿਰ ਨੀ ਰੱਖਣੇ ਚਾਹੀਦੇ, ਦੁੱਖ ਈ ਦਿੰਦੇ ਐ ਗੜ੍ਹੀ ਨੂੰ ਜਾਣੇ!" ਉਸ ਨੇ ਬੜੇ ਮਜਾਜ ਨਾਲ ਕਿਹਾ।
-"ਚਲੋ ਠੀਕ ਐ ਜੰਗ ਕੌਰ ਜੀ..! ਸਾਡੇ ਕੋਲ਼ੇ ਅਜੇ ਹੋਰ ਵੀ ਉਮੀਦਵਾਰ ਹੈਗੀਐਂ..! ਅਸੀਂ ਤੁਹਾਨੂੰ ਚਿੱਠੀ ਪੱਤਰ ਪਾਵਾਂਗੇ..!"
-"ਵੇ ਭਾਈ ਇਕ ਗੱਲ ਦੱਸ..?"
-"ਪੁੱਛੋ..!" ਪਾੜ੍ਹੇ ਨੇ ਕਾਪੀ ਬੰਦ ਕਰ ਲਈ।
-"ਮੈਨੂੰ ਵਿਆਹ ਕਰਨ ਆਲ਼ਾ ਮੇਰਾ ਲਾੜਾ ਤਾਂ ਦਿਖਾਇਆ ਨ੍ਹੀ ਕਿ ਬਿਆਹ ਕਰਵਾਉਣ ਆਲ਼ਾ ਤੂੰ ਈ ਐਂ...?" ਜੰਗ ਕੌਰ ਪਾੜ੍ਹੇ ਦੇ ਸੁਨੱਖੇ ਮੂੰਹ ਵੱਲ ਕਿਸੇ ਅਰਮਾਨ ਨਾਲ਼ ਝਾਕਦੀ ਬੋਲੀ।
ਪਾੜ੍ਹਾ ਉੱਚੀ-ਉੱਚੀ ਹੱਸ ਪਿਆ।
-"ਨਹੀਂ ਜੀ...! ਵਿਆਹ ਮੈਂ ਨਹੀਂ, ਐਹਨਾਂ ਨੇ ਕਰਵਾਉਣੈ..!" ਉਸ ਨੇ ਸਤਮਾਂਹੇਂ ਜਿਹੇ ਅਮਲੀ ਵੱਲ ਹੱਥ ਕਰਕੇ ਦੱਸਿਆ।
-"ਐਹਨੇ...? ਵੇ ਇਹਦੇ ਮੂੰਹ 'ਤੇ ਤਾਂ ਮੈਂ ਧੌੜੀ ਦੀ ਜੁੱਤੀ ਨੀ ਮਾਰਦੀ..!" ਉਸ ਨੇ ਅਮਲੀ ਵੱਲ ਦੇਖ ਕੇ ਬੁੱਲ੍ਹ ਟੇਰੇ, "ਇਹ ਤਾਂ ਹੋਰ ਈ ਖੱਖਰ ਖਾਧਾ ਜਿਐ, ਇਹਦੇ ਨਾਲ਼ ਬਿਆਹ ਕਰਵਾਉਂਦੀ ਐ ਮੇਰੀ ਜੁੱਤੀ..! ਖ਼ਸਮਾਂ ਨੂੰ ਖਾਣਾਂ ਕਿਵੇਂ ਝਾਕਦੈ, ਬੋਕ..!" ਤੇ ਉਹ 'ਦੰਮ-ਦੰਮ' ਕਰਦੀ ਬਾਹਰ ਨਿਕਲ਼ ਗਈ।
ਪਾੜ੍ਹਾ ਅਤੇ ਅਮਲੀ ਠੱਗਿਆਂ ਵਾਂਗ ਝਾਕ ਰਹੇ ਸਨ।
-"ਲੈ ਕਰਵਾ ਲਓ ਸਤੰਬਰ ਭੈਣ ਦੇ ਮੁੰਡਿਆਂ ਈ ਯਾਹਵੇ..! ਅੱਗੇ ਪਿੰਡ ਦੀਆਂ ਭਰਜਾਈਆਂ ਤੋਂ ਤੇਈਕਤ ਹੁੰਦੀ ਸੀ, ਹੁਣ ਸਾਲਿ਼ਆਂ ਨੇ ਬਾਹਰਲੀਆਂ ਤੋਂ ਵੀ ਜੱਖਣਾਂ ਪਟਵਾਉਣੀ ਸ਼ੁਰੂ ਕਰਤੀ, ਸਾਲ਼ੇ ਸਤੰਬਰ ਦੇ..! ਮੈਂ ਨੀ ਕਰਾਉਣਾ ਸਤੰਬਰ ਸਤੁੰਬਰ..!"
ਘੋਰ ਨਿਰਾਸ਼ ਹੋਇਆ ਅਮਲੀ ਸੱਥ ਵੱਲ ਨੂੰ ਤੁਰ ਪਿਆ।

ਭਗਤ ਸਿੰਘ ਵੈਲੀ, ਲਫੰਗਾ ਜਾਂ ਕਾਤਲ ਨਹੀਂ... ਸਗੋਂ 'ਅਧਿਐਨ-ਪਸੰਦ' ਚੇਤੰਨ ਨੌਜਵਾਨ ਸੀ.......... ਲੇਖ਼ / ਮਨਦੀਪ ਖੁਰਮੀ ਹਿੰਮਤਪੁਰਾ

ਭਗਤ ਸਿੰਘ ਕੁੰਢੀਆਂ ਮੁੱਛਾਂ ਜਾਂ ਸਿਰ ਲੜ ਛੱਡਵੀਂ ਪੱਗ ਬੰਨ੍ਹਦੇ ਨੌਜਵਾਨ ਦਾ ਹੀ ਨਾਂ ਨਹੀਂ ਸੀ। ਭਗਤ ਸਿੰਘ ਸਿਰ ਤਿਰਛੀ ਟੋਪੀ ਲੈਂਦੇ ਕਿਸੇ ਫਿਲਮੀ ਕਲਾਕਾਰਾਂ ਵਾਂਗ ਨਜਰੀਂ ਪੈਂਦਾ ਨੌਜਵਾਨ ਵੀ ਨਹੀਂ ਸੀ ਸਗੋਂ ਭਗਤ ਸਿੰਘ ਤਾਂ ਇੱਕ ਵਿਸ਼ਾਲ ਸੋਚ ਦਾ ਨਾਂ ਹੈ।।। ਉਸ ਵਿਸ਼ਾਲ ਫਲਸਫੇ ਦਾ ਨਾਂ ਹੈ ਜਿਸਦੇ ਆਮ ਜਨਜੀਵਨ 'ਤੇ ਲਾਗੂ ਹੋਣ ਨਾਲ ਹਰ ਘਰ ਵਿੱਚ ਖੁਸ਼ਹਾਲੀ ਆ ਸਕਦੀ।।।।।ਸੀ। 'ਸੀ' ਸ਼ਬਦ ਨੂੰ ਇੰਨਾ ਪਿਛਾਂਹ ਕਰਕੇ ਲਿਖਣਾ ਵੀ ਸ਼ਾਇਦ ਧਿਆਨ ਮੰਗਦਾ ਹੋਵੇਗਾ। ਬਿਲਕੁਲ ਸਹੀ ਸੋਚਿਆ ਤੁਸੀਂ।।ਕਿਉਂਕਿ ਭਗਤ ਸਿੰਘ ਦੀ ਸੋਚ ਹੀ ਅਜਿਹੀ ਸੀ ਕਿ ਉਸਦੇ ਵਿਚਾਰਾਂ ਨੂੰ ਹੁਣ ਤੱਕ ਜੇ ਸਹੀ ਮਾਅਨਿਆਂ ਵਿੱਚ ਲਾਗੂ ਕੀਤਾ ਗਿਆ ਹੁੰਦਾ ਤਾਂ ਇਸ ਤ੍ਰੇੜਾਂ ਖਾਧੇ, ਭੁੱਖਮਰੀ ਦੇ ਮਾਰੇ, ਤੰਗੀਆਂ ਤੁਰਸੀਆਂ ਦੇ ਝੰਬੇ ਸਮਾਜ ਵਿੱਚ ਸਮਾਜਿਕ ਨਾ-ਬਰਾਬਰੀ ਹਰਗਿਜ ਨਹੀਂ ਸੀ ਰਹਿਣੀ। ਭਗਤ ਸਿੰਘ ਨੂੰ ਫਾਂਸੀ ਟੰਗ ਕੇ ਬੇਸ਼ੱਕ ਸਰਮਾਏਦਾਰਾਂ ਦਾ ਲਾਣਾ ਕੱਛਾਂ ਵਜਾ ਰਿਹਾ ਹੋਵੇ ਪਰ ਉਹ ਅਣਜਾਣ ਕੀ ਜਾਨਣ ਕਿ ਬਚਪਨ ਵਿੱਚ 'ਦਮੂਖਾਂ' ਬੀਜਣ ਵਾਲਾ ਭਗਤ ਸਿੰਘ ਆਪਣੀ ਸ਼ਹਾਦਤ ਤੱਕ ਇੰਨੇ ਕੁ 'ਦਿਮਾਗ' ਬੀਜ ਗਿਆ ਹੈ ਜੋ ਉਸ ਦੀ ਸੋਚ ਨੂੰ ਕਦਮ ਦਰ ਕਦਮ ਅੱਗੇ ਲਿਜਾਣ ਦੇ ਉਪਰਾਲੇ ਕਰਦੇ ਰਹਿਣਗੇ। ਭਗਤ ਸਿੰਘ ਨੂੰ ਸਿਰਫ ਸ਼ਹੀਦ ਸ਼ਬਦ ਦਾ ਰੁਤਬਾ ਦੇ ਕੇ ਹਰ ਸਾਲ ਉਸਦੇ ਬੁੱਤਾਂ 'ਤੇ ਗੇਂਦੇ ਦੇ ਫੁੱਲ ਚੜ੍ਹਾ ਕੇ ਅਖਬਾਰਾਂ ਰਾਹੀਂ ਆਪਣੀ ਬੱਲੇ ਬੱਲੇ ਕਰਵਾਉਣ ਵਾਲੇ ਲੀਡਰ ਕੀ ਜਾਨਣ ਕਿ ਜਦੋਂ ਕਿਸੇ ਮਾਂ ਦਾ ਪੁੱਤ ਲੋਕਾਂ ਲਈ ਫਾਂਸੀ ਚੜ੍ਹਦਾ ਹੈ ਤਾਂ ਉਸ ਮਾਂ ਉੱਪਰ ਕੀ ਬੀਤਦੀ ਹੋਵੇਗੀ। ਜਿਸਨੇ ਆਪਣੇ ਜਿਗਰ ਦਾ ਟੁਕੜਾ ਦੇਸ਼ ਲਈ ਕੁਰਬਾਨ ਕਰ ਦਿੱਤਾ। ਜੇ ਅੱਜ ਭਗਤ ਸਿੰਘ ਸਰੀਰਕ ਤੌਰ 'ਤੇ ਜੀਵਿਤ ਇਸ ਅਜੋਕੇ ਭਾਰਤ ਵਿੱਚ ਵਿਚਰ ਰਿਹਾ ਹੁੰਦਾ ਤਾਂ ਸ਼ਾਇਦ ਉਸ ਨੂੰ 'ਮਰਨ' ਲਈ ਵੀ ਥਾਂ ਨਹੀਂ ਸੀ ਲੱਭਣੀ ਕਿਉਂਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਮੁੱਲ ਵੱਟਣ ਵਾਲੇ ਰਾਜਭਾਗ ਦੇ ਨਜਾਰੇ ਲੈ ਰਹੇ ਹਨ ਤੇ ਲੋਕਾਂ ਲਈ ਜਿੰਦਗੀਆਂ ਵਾਰਨ ਵਾਲੇ ਬਹੁਤ ਸਾਰੇ ਆਜਾਦੀ ਘੁਲਾਟੀਏ ਅਜੇ ਵੀ ਪੈਨਸ਼ਨਾਂ ਲਗਵਾਉਣ ਲਈ ਸਰਕਾਰੇ ਦਰਬਾਰੇ ਠੇਡੇ ਖਾਂਦੇ ਫਿਰਦੇ ਹਨ।
ਭਗਤ ਸਿੰਘ ਦੀ ਸੋਚ ਨਾਲ ਖਿਲਵਾੜ ਹੋਣਾ ਕੋਈ ਨਵੀਂ ਗੱਲ ਨਹੀਂ। ਤਖਤਾਂ ਉੱਪਰ ਕਾਬਜ ਲੋਕ ਜਾਣਦੇ ਹਨ ਕਿ ਜੇ ਭਗਤ ਸਿੰਘ ਦੀ ਅਸਲ ਵਿਚਾਰਧਾਰਾ ਆਮ ਲੋਕਾਂ ਦੇ ਜਿਹਨ ਦਾ ਹਿੱਸਾ ਬਣ ਗਈ ਤਾਂ ਰਾਜਨੀਤੀ ਸਿਰੋਂ ਉਹਨਾਂ ਦਾ ਚਲਦਾ ਤੋਰੀ-ਫੁਲਕਾ ਹਮੇਸ਼ਾ ਹਮੇਸ਼ਾ ਲਈ ਖੁੱਸ ਜਾਵੇਗਾ। ਫਿਰ ਉਹਨਾਂ ਦੇ ਆਪਣੇ ਲੋਲੂ-ਭੋਲੂ ਨਹੀਂ ਸਗੋਂ ਆਮ ਲੋਕਾਂ ਦੇ ਪੁੱਤ ਨੇਤਾ ਬਣ ਜਾਣਗੇ ਤੇ ਉਹਨਾਂ ਨੂੰ ਕਿਸੇ ਨੇ ਬੇਰਾਂ ਵੱਟੇ ਨਹੀਂ ਪਛਾਨਣਾ। ਇਹੀ ਕਾਰਨ ਹੈ ਕਿ ਗੋਰੇ ਅੰਗਰੇਜਾਂ ਤੋਂ ਬਾਦ ਹੁਣ ਸਾਡੇ ਆਪਣੇ ਹੀ 'ਦੇਸੀ ਅੰਗਰੇਜ' ਭਗਤ ਸਿੰਘ ਦੀ ਵਿਚਾਰਧਾਰਾ ਉੱਪਰ ਮਿੱਟੀ ਮੋੜਨ ਦੇ ਆਹਰ 'ਚ ਰੁੱਝੇ ਹੋਏ ਹਨ। ਕਦੇ ਕੋਈ 'ਸਿਆਣਾ' ਆਗੂ ਬਿਆਨ ਦਾਗਦਾ ਹੈ ਕਿ 'ਭਗਤ ਸਿੰਘ ਸਹੀਦ ਹੀ ਨਹੀਂ।' ਕਦੇ ਕੋਈ ਭਗਤ ਸਿੰਘ ਨੂੰ ਸਿੱਖ, ਕਦੇ ਕੋਈ ਹਿੰਦੂ ਮਤ ਵਿੱਚ ਗਲਤਾਨ ਹੋਇਆ ਦੱਸਦਾ ਹੈ ਜਦੋਂਕਿ ਭਗਤ ਸਿੰਘ ਨੇ ਸਪੱਸ਼ਟ ਸ਼ਬਦਾਂ ਵਿੱਚ ਦੱਸਿਆ ਹੈ ਕਿ ਉਹ ਨਾਸਤਿਕ ਸੀ। ਸਿਰਫ ਨਾਸਤਿਕ ਸ਼ਬਦ ਆਪਣੇ ਨਾਲ ਜੋੜ ਲੈਣਾ ਹੀ ਤਾਂ ਭਗਤ ਸਿੰਘ ਦਾ ਗੁਨਾਂਹ ਨਹੀਂ? ਜਿਸਦੇ ਇਵਜ 'ਚ ਭਗਤ ਸਿੰਘ ਨੂੰ ਇਤਿਹਾਸ 'ਚੋਂ ਪਾਸੇ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਕਦੇ ਪੋਸਟਰ ਜਾਰੀ ਹੁੰਦੇ ਹਨ ਜਿਹਨਾਂ 'ਤੇ ਭਗਤ ਸਿੰਘ ਨੂੰ ਕਿਸੇ ਵੈਲੀ ਮੁੰਡੇ ਵਾਂਗ ਮੁੱਛ ਨੂੰ ਵਟ ਚਾੜ੍ਹਦੇ ਦਿਖਾਇਆ ਜਾਂਦਾ ਹੈ, ਕਿਸੇ ਪੋਸਟਰ 'ਚ ਉਸਨੂੰ ਹੱਥ ਪਿਸਤੌਲ ਫੜਾ ਕੇ ਕਤਲੋਗਾਰਦ ਕਰਨ ਲਈ ਕਾਹਲੇ ਨੌਜਵਾਨ ਵਜੋਂ ਪੇਸ਼ ਕੀਤਾ ਜਾਂਦਾ ਹੈ। ਕਦੇ ਭਗਤ ਸਿੰਘ ਦੀ ਫੋਟੋ ਵਾਲੇ ਸਟਿੱਕਰ ਵਿਕਣੇ ਆਉਂਦੇ ਹਨ ਜਿਹਨਾਂ 'ਤੇ ਲਿਖਿਆ ਮਿਲਦਾ ਹੈ ਕਿ

"ਲੋਹੜਿਆਂ ਦੇ ਸ਼ਰੀਫ ਹਾਂ,
ਸਿਰੇ ਦੇ ਲਫੰਗੇ ਹਾਂ।
ਮਾੜਿਆਂ ਨਾਲ ਮਾੜੇ ਹਾਂ,
ਤੇ ਚੰਗਿਆਂ ਨਾਲ ਚੰਗੇ ਹਾਂ।"

ਤੇ ਕਦੇ ਭਗਤ ਸਿੰਘ ਨੂੰ ਜੱਟਵਾਦ ਨਾਲ ਜੋੜ ਕੇ 'ਟੈਟੂ' ਬਣਾ ਕੇ ਡੌਲਿਆਂ 'ਤੇ ਉੱਕਰ ਦਿੱਤਾ ਜਾਂਦਾ ਹੈ। ਜਦੋਂਕਿ ਲੋੜ ਭਗਤ ਸਿੰਘ ਦੀਆਂ ਫੋਟੋਆਂ ਦੇ ਗੋਂਦਨੇ ਗੁੰਦਵਾਉਣ ਦੀ ਨਹੀਂ ਸਗੋਂ ਭਗਤ ਸਿੰਘ ਦੇ ਵਿਚਾਰਾਂ ਨੂੰ ਮਨੋਂ ਧਾਰਨ ਕਰਨ ਦੀ ਹੈ। ਅਜੇ ਤੱਕ ਅਜਿਹਾ ਪੋਸਟਰ ਕਦੇ ਵੀ ਵਿਕਣਾ ਨਹੀਂ ਆਇਆ ਜਿਸ ਵਿੱਚ ਭਗਤ ਸਿੰਘ ਨੂੰ ਹਿੱਕ ਨਾਲ ਕਿਤਾਬਾਂ ਲਾਈ ਖੜ੍ਹਾ ਦਿਖਾਇਆ ਗਿਆ ਹੋਵੇ ਜਦੋਂਕਿ ਇਹ ਗੱਲ ਜੱਗ ਜਾਹਿਰ ਹੈ ਕਿ ਭਗਤ ਸਿੰਘ ਆਪਣੀ ਜਿੰਦਗੀ ਦੇ ਆਖਰੀ ਪਲਾਂ 'ਚ ਵੀ ਕਿਤਾਬ ਪੜ੍ਹਨ 'ਚ ਮਸ਼ਰੂਫ ਸੀ। ਭਗਤ ਸਿੰਘ ਦੀਆਂ ਜੱਜਾਂ ਵਕੀਲਾਂ ਨਾਲ ਹੋਈ ਦਲੀਲਬਾਜੀ ਵੀ ਉਸ ਦੇ ਕੀਤੇ ਅਧਿਐਨ ਦੀ ਮੂੰਹੋਂ ਬੋਲਦੀ ਤਸਵੀਰ ਹੈ। ਗਿਆਨ ਵਿਹੂਣਾ ਮਨੁੱਖ ਮੂੰਹ ਵਿੱਚ ਘੁੰਗਣੀਆਂ ਜਰੂਰ ਪਾ ਸਕਦਾ ਹੈ, ਦਲੀਲਬਾਜੀ ਨਾਲ ਗੱਲ ਨਹੀਂ ਕਰ ਸਕਦਾ। ਭਗਤ ਸਿੰਘ ਦਾ ਹੀ ਕਥਨ ਸੀ (ਹੈ) ਕਿ 'ਅਧਿਐਨ ਕਰ ਤਾਂ ਕਿ ਤੂੰ ਵਿਰੋਧੀਆਂ ਦੀਆਂ ਦਲੀਲਾਂ ਦਾ ਜਵਾਬ ਦੇ ਸਕੇਂ।।।।' ਪਰ ਸੋਚਣ ਵਾਲੀ ਗੱਲ ਹੈ ਕਿ ਦੂਜਿਆਂ ਨੂੰ ਅਧਿਐਨ ਕਰਨ ਦੀਆਂ ਮੱਤਾਂ ਦੇਣ ਵਾਲੇ ਉਸ "ਪਰਮਗੁਣੀ ਭਗਤ ਸਿੰਘ" ਨੂੰ ਕਿਉਂ ਇੱਕ ਕਾਤਲ,ਵੈਲੀ ਜਾਂ ਲਫੰਗਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ? ਕਿਉਂ।। ਕਿਉਂ?
ਇਸਦਾ ਜਵਾਬ ਸ਼ਾਇਦ ਇਹੀ ਹੋਵੇਗਾ ਕਿ ਜੇ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਹੂਬਹੂ ਲਾਗੂ ਕਰਨ ਦੀ ਕੋਈ ਵੀ ਸਰਕਾਰ 'ਗਲਤੀ' ਕਰਦੀ ਹੈ ਤਾਂ ਉਸਦਾ ਫਾਇਦਾ ਸਿੱਧੇ ਤੌਰ 'ਤੇ ਦੱਬੀ ਕੁਚਲੀ ਜਨਤਾ ਨੂੰ ਹੋਵੇਗਾ ਜਦੋਂਕਿ ਅਸਿੱਧੇ ਤੌਰ 'ਤੇ ਖਮਿਆਜਾ ਕੁਰਸੀਆਂ ਵੱਲ ਕੁੱਤੇਝਾਕ ਲਾਈ ਬੈਠੇ ਰਾਜਨੀਤਕ ਪਰਿਵਾਰਾਂ ਨੂੰ ਭੁਗਤਣਾ ਪਵੇਗਾ। ਕਿਉਂਕਿ ਅੰਗਰੇਜਾਂ ਤੋਂ ਬਾਦ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ 'ਤੇ ਹੁਣ ਦੇਸੀ ਅੰਗਰੇਜਾਂ ਦੇ ਹੀ 'ਕਾਕੇ' ਪਲਦੇ ਹਨ। ਜੇ ਭਗਤ ਸਿੰਘ ਦੀ ਸੋਚ ਦੇ ਹਾਣ ਦਾ ਸਮਾਜ ਸਿਰਜਣ ਦੀ ਗੱਲ ਤੁਰਦੀ ਹੈ ਤਾਂ ਗਾਂਧੀਆਂ, ਅਬਦੁੱਲਿਆਂ, ਬਾਦਲਾਂ, ਕੈਪਟਨਾਂ ਦੇ ਪੁੱਤ ਪੋਤਰੇ ਪਿਤਾ ਪੁਰਖੀ ਕੁਰਸੀਆਂ 'ਤੇ ਰਾਜ ਨਹੀਂ ਕਰ ਸਕਣਗੇ ਸਗੋਂ ਲੋਕਾਂ ਦੇ ਪੁੱਤ ਉਹਨਾਂ ਕੁਰਸੀਆਂ 'ਤੇ ਚੜ੍ਹ ਸਕਦੇ ਹਨ। ਸਮਾਜਿਕ ਨਾ-ਬਰਾਬਰੀ ਵਾਲੇ ਖੁਸ਼ਹਾਲ ਸਮਾਜ ਵਿੱਚ ਹਰ ਕਿਸੇ ਕੋਲ ਰੁਜਗਾਰ ਹੋਵੇਗਾ, ਵਿੱਦਿਅਕ ਪੱਖੋਂ ਹਰ ਕੋਈ ਪੂਰਾ ਸੂਰਾ ਹੋਵੇਗਾ। ਕਿਸੇ ਜੁਆਕ ਦੇ ਹੱਥ ਹੋਟਲਾਂ 'ਤੇ ਜੂਠੇ ਭਾਂਡੇ ਮਾਂਜਣ 'ਚ ਨਹੀਂ ਸਗੋਂ ਕਿਤਾਬਾਂ ਜਾ ਖਿਡੌਣਿਆਂ ਨਾਲ ਚਿੱਤ ਪਰਚਾਉਣ ਦੇ ਕਾਬਲ ਹੋਣਗੇ। ਬਾਲਗ ਨੌਜਵਾਨ ਰੁਜਗਾਰ ਨਾ ਮਿਲਣ ਦੀਆਂ ਚਿੰਤਾਵਾਂ 'ਚ ਫਸ ਕੇ ਨਸ਼ਿਆਂ ਦੀ ਦਲਦਲ 'ਚ ਫਸਣ ਨਾਲੋਂ ਖੁਸ਼ਹਾਲ ਜੀਵਨ ਜਿਉਣ ਵੱਲ ਧਿਆਨ ਦੇਣਗੇ। ਬਜੁਰਗ ਬੁਢਾਪੇ ਨੂੰ ਸ਼ਰਾਪ ਵਾਂਗ ਹੰਢਾਉਂਦੇ ਬੁਢਾਪਾ ਪੈਨਸ਼ਨਾਂ ਲਈ ਦਰ ਦਰ ਦੀਆਂ ਠੋਕਰਾਂ ਨਹੀਂ ਖਾਣਗੇ। ਭਵਿੱਖ ਦੀ ਸਾਫ ਨਜਰ ਪੈਂਦੀ ਤਸਵੀਰ ਨੂੰ ਹਕੀਕਤ 'ਚ ਕੋਈ ਵੀ ਸਿਆਸੀ ਆਗੂ ਬਦਲਦੀ ਨਹੀਂ ਦੇਖਣੀ ਚਾਹੁੰਦਾ। ਇਹੀ ਵਜ੍ਹਾ ਹੈ ਕਿ ਸਭ ਭਗਤ ਸਿੰਘ ਨੂੰ ਲੋਕ ਮਨਾਂ 'ਚ ਪ੍ਰਵੇਸ਼ ਪਾਉਣੋਂ ਰੋਕਣ ਲਈ ਆਪਣਾ ਬਣਦਾ ਜੋਰ ਲਾ ਰਹੇ ਹਨ। ਇਸੇ ਅੰਦਰੇ ਅੰਦਰ ਬੁਣੀ ਜਾ ਰਹੀ ਬੁਣਤੀ ਦਾ ਹੀ ਹਿੱਸਾ ਹੈ ਕਿ ਜਿਹੜੇ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ 31 ਮਾਰਚ ਦੇ ਦਿਨ ਨਾਲ ਲੰਮੇ ਸਮੇਂ ਤੋਂ ਜੁੜੀ ਹੋਈ ਸੀ, ਉਹ ਨਿਲਾਮੀ ਵੀ ਹੁਣ 23 ਮਾਰਚ ਨੂੰ ਹੋਣੀ ਦੱਸੀ ਜਾ ਰਹੀ ਹੈ। ਇਹ ਉਹੀ ਤੇਈ ਮਾਰਚ ਹੈ ਜਿਸ ਦਿਨ ਲੋਕ ਆਪਣੇ ਮਹਿਬੂਬ 'ਪਰਮਗੁਣੀ ਸ਼ਹੀਦ ਭਗਤ ਸਿੰਘ' ਨੂੰ ਯਾਦ ਕਰਨਗੇ। ਭਗਤ ਸਿੰਘ ਨੂੰ ਲੋਕ ਮਨਾਂ 'ਚੋਂ ਪਾਸੇ ਕਰਨ ਵੱਲ ਤੁਰੇ ਕਦਮਾਂ 'ਚੋਂ ਹੀ ਇੱਕ ਕਦਮ ਇਹ ਹੈ ਕਿ ਪੰਜਾਬ ਦੇ ਲੋਕ ਭਗਤ ਸਿੰਘ ਦੇ ਸ਼ਹੀਦੀ ਦਿਨ ਨੂੰ ਮਨਾਉਣ ਨਾਲੋਂ ਸਸਤੀ ਸ਼ਰਾਬ ਖਰੀਦਣ ਲਈ ਵਧੇਰੇ ਲਟਾਪੀਂਘ ਹੋਏ ਨਜਰ ਆਉਣਗੇ। ਪੰਜਾਬ ਵਿੱਚ ਰਣਜੀਤ ਸਿੰਘ ਵਰਗਾ ਰਾਜ ਦੇਣ ਦੀਆਂ ਟਾਹਰਾਂ ਮਾਰਨ ਵਾਲੇ ਪਿਉ ਪੁੱਤ ਦੀ ਸਰਕਾਰ ਨੂੰ ਸ਼ਾਬਾਸ਼ ਦੇਣੀ ਬਣਦੀ ਹੈ ਜੋ ਉਸ ਅਧਿਐਨ ਪਸੰਦ ਲੋਕ ਨਾਇਕ ਦੇ ਸ਼ਹੀਦੀ ਦਿਨ 'ਤੇ ਲੋਕਾਂ ਨੂੰ 'ਸਿਆਣੇ' ਕਰਨ ਨਾਲੋਂ ਸਸਤੀ ਸ਼ਰਾਬ ਦੀ ਲੋਰ 'ਚ ਮਸਤ ਹੋਣ ਦਾ ਇੰਤਜਾਮ ਕਰ ਰਹੀ ਹੈ। ਫੈਸਲਾ ਲੋਕਾਂ ਨੇ ਕਰਨਾ ਹੈ ਕਿ ਉਹ ਇਸ ਤਰ੍ਹਾਂ ਦੀਆਂ ਚਾਲਾਂ ਨੂੰ ਕਿੱਥੋਂ ਕੁ ਤੱਕ ਕਾਮਯਾਬ ਹੋਣ ਦਿੰਦੇ ਹਨ ਜਾਂ ਫਿਰ ਭਗਤ ਸਿੰਘ ਦੀ ਸੋਚ ਦੇ ਹਾਣ ਦਾ ਸਮਾਜ ਸਿਰਜਣ ਦੇ ਰਾਹ ਤੁਰਦੇ ਹਨ। ਅੰਤ ਵਿੱਚ ਭਗਤ ਸਿੰਘ ਦੇ ਕਥਨ ਨਾਲ ਇਜਾਜਤ ਚਾਹਾਗਾ ਕਿ " ਗਰੀਬਾਂ ਨੂੰ ਦਾਨ ਦੇਣ ਦੀ ਬਜਾਏ ਅਜਿਹਾ ਸਮਾਜ ਸਿਰਜੋ, ਜਿੱਥੇ ਨਾ ਗਰੀਬ ਹੋਣ ਨਾ ਦਾਨੀ।" ਪਰ ਸਮਾਜ ਨੂੰ ਇਹਨਾਂ ਹਾਲਾਤਾਂ ਤੱਕ ਪਹੁੰਚਣੋਂ ਰੋਕਣ ਵਾਲਿਆਂ ਦਾ ਵੀ ਧੁੰਨੀ ਤੱਕ ਜੋਰ ਲੱਗਿਆ ਹੋਇਆ ਹੈ। ਦੇਖਣਾ ਹੈ ਕਿ ਸ਼ਹੀਦ ਦੇ ਵਾਰਸ ਆਪਣੇ ਮਕਸਦ ਵਿੱਚ ਕਾਮਯਾਬ ਹੁੰਦੇ ਹਨ ਜਾਂ ਫਿਰ ਲੋਕਾਂ ਨੂੰ ਬੁੱਧੂ ਬਣਾ ਕੇ ਆਪਣਾ ਤੋਰੀ-ਫੁਲਕਾ ਚਲਾਉਣ ਵਾਲੇ ਨੇਤਾਗਣ......।


ਦੁਨੀਆ ਕਰੇ ਸਵਾਲ ਤੋ ਹਮ, ਕਿਆ ਜਵਾਬ ਦੇਂ……… ਲੇਖ / ਸੁਮਿਤ ਟੰਡਨ, ਆਸਟ੍ਰੇਲੀਆ

ਗੁਰਸ਼ਾਨ : ਬਚਪਨ ਦੀ ਫੁਲਵਾੜੀ ਵਿੱਚ ਖਿੜ ਰਿਹਾ ਨੰਨ੍ਹਾਂ ਗੁਲਾਬ, ਜਿਸ ਦੀਆਂ ਤੋਤਲੀਆਂ ਪੰਖੁੜੀਆਂ ‘ਚੋਂ ਹਾਲੇ ਮਾਂ ਸ਼ਬਦ ਵੀ ਸ਼ਾਇਦ ਪੂਰਨ ਰੂਪ ਵਿੱਚ ਵਿਕਸਿਤ ਨਹੀਂ ਸੀ ਹੋਇਆ ਕਿ ਸਮੇਂ ਦੇ ਰਾਕਸ਼ਸ ਨੇ ਉਸ ਨੂੰ ਖਿੜਨ ਤੋਂ ਪਹਿਲਾਂ ਹੀ ਮਿੱਧ ਕੇ ਰੱਖ ਦਿੱਤਾ । ਕਸੂਰ ਕੀ ਸੀ ਉਸ ਮਾਸੂਮ ਦਾ ? ਉੱਤਰ : ਕੋਈ ਵੀ ਨਹੀਂ ! ਇੱਕਲੌਤੀ ਔਲਾਦ ਦਾ ਬੇਵਜਾਹ ਮਾਰਿਆ ਜਾਣਾ ਮਾਂ-ਬਾਪ ਲਈ ਕਿੰਨਾ ਦੁਖਦਾਈ ਹੋ ਸਕਦਾ ਹੈ ਇਹ ਤਾਂ ਸਿਰਫ਼ ਹਾਲਾਤ ਨਜਿੱਠਣ ਵਾਲੇ ਜਾਂ ਹਾਲਾਤ ਨਜਿੱਠ ਚੁੱਕੇ ਮਾਪੇ ਹੀ ਜਾਣ ਸਕਦੇ ਹਨ । ਕੀ ਐਸੀ ਮੌਤ ਨੂੰ ਕਾਲ ਜਾਂ ਹੋਣੀ ਕਹਿ ਕੇ ਝੂਠੀ ਤਸੱਲੀ ਲਈ ਜਾ ਸਕਦਾ ਹੈ ? ਸ਼ਾਇਦ ਨਹੀਂ ! ਸਿਆਣੇ ਦੱਸਦੇ ਹਨ ਕਿ ਜਿਸ ਵਸਤੂ ਦਾ ਨਾ ਕੋਈ ਰੰਗ, ਨਾ ਜ਼ਾਤ, ਨਾ ਧਰਮ ਅਤੇ ਨਾ ਕੋਈ ਨਸਲ ਹੋਵੇ ਉਸ ਵਸਤੂ ਨੂੰ ਖੁਸ਼ਬੂ, ਮਹਿਕ ਜਾਂ ਹਵਾ ਮੰਨਿਆ ਜਾਂਦਾ ਹੈ । ਬਚਪਨ ਵੀ ਐਸੀ ਸ਼ੈਅ ਦਾ ਨਾਮ ਹੈ, ਜਿਸ ਵਿੱਚ ਕਿਸੇ ਪ੍ਰਕਾਰ ਦੇ ਕੋਈ ਅਲੰਕਾਰ ਅੰਕਿਤ ਨਹੀਂ ਹੁੰਦੇ ਫਿਰ ਭਲਾ ਐਸੇ ਗੁਲਫ਼ਾਮ (ਖ਼ਸ਼ਬੂ) ਨਾਲ ਕਿਸਦਾ ਵੈਰ ਹੋ ਸਕਦਾ ਸੀ, ਜਿਸ ਦੀ ਮਹਿਕ ਵਿੱਚ ਹਰ ਵੇਲੇ ਚੁਫੇਰਾ ਮਹਿਕਦਾ ਹੋਵੇ ? ਜਵਾਬ ਇਸ ਵੇਲੇ ਵੀ, ਸਿਰਫ਼ ਨਾਮੋਸ਼ੀ ਹੈ ।
ਦਰਿੰਦਗ਼ੀ ਦੀ ਹੱਦ ਪਾਰ ਕਰ ਰਹੀ ਇਨਸਾਨੀਅਤ ਨੇ ਗੁਰਸ਼ਾਨ ਕਾਂਡ ਨਾਲ ਇਨਸਾਨ ਨੂੰ ਹਰ ਨਜ਼ਰ ਵਿੱਚ ਨੀਵਾਂ ਕਰ ਕੇ ਰੱਖ ਦਿੱਤਾ ਹੈ। ਬੱਚਿਆਂ ਦੀਆਂ ਤੋਤਲੀਆਂ ਆਵਾਜ਼ਾਂ ਤਾਂ ਖਿਜ਼ਾ ਵਿੱਚ ਵੀ ਫ਼ਿਜ਼ਾ ਭਰ ਦਿੰਦੀਆਂ ਹਨ । ਰੱਬ ਦਾ ਰੂਪ ਸਮਝੇ ਜਾਣ ਵਾਲੇ ਬੱਚੇ, ਜਿਨ੍ਹਾਂ ਦੀ ਨਜ਼ਰ ਵਿੱਚ ਸੱਭ ਆਪਣੇ ਹੀ ਆਪਣੇ ਸਮਾਏ ਹੁੰਦੇ ਹਨ ਉਹਨਾਂ ਨੂੰ ਕੀ ਪਤਾ ਜਿਸ ਅੰਕਲ ਦੀ ਉਹ ਉੰਗਲੀ ਫੜ ਕੇ ਤੁਰਨਾ ਸਿੱਖ ਰਹੇ ਹਨ ਉਹੀ ਅੰਕਲ ਉਹਨਾਂ ਦੇ ਕਦਮ ਜ਼ਿੰਦਗ਼ੀ ਤੋਂ ਪਰ੍ਹਾਂ ਮੌਤ ਦੇ ਰਾਹ ਵੱਲ ਲਿਜਾ ਰਿਹਾ ਹੈ ? ਬੱਚਿਆਂ ਲਈ ਤਾਂ ਜ਼ਿੰਦਗ਼ੀ ਅਤੇ ਮੌਤ ਬੇ- ਮਾਅਨੇ ਹੁੰਦੀ ਹੈ, ਜਿਨ੍ਹਾਂ ਨੂੰ ਮੰਮੀ ਪਾਪਾ ਦੇ ਨਾ ਤੋਂ ਬਿਨਾ ਹੋਰ ਕਿਸੇ ਮਿਠਾਸ ਦਾ ਅਨੁਭਵ ਹੀ ਨਹੀਂ ਹੁੰਦਾ । ਐਸੀ ਹੀ ਦਿਸ਼ਾ ਵਿੱਚੋਂ ਗੁਜ਼ਰ ਰਿਹਾ ਗੁਰਸ਼ਾਨ ਜ਼ਿੰਦਗ਼ੀ ਦੇ ਮੌੜ ‘ਤੇ ਉਸ ਵੇਲੇ ਦਿਸ਼ਾਹੀਣ ਹੋ ਗਿਆ ਜਦੋਂ ਉਸਦੇ ਮੰਮੀ ਪਾਪਾ ਨੇ ਉਸ ਤੋਂ ਇੱਕ ਪਲ ਲਈ ਮੂੰਹ ਮੋੜਿਆ । ਕਾਰਨ ਭਾਵੇਂ ਕੋਈ ਵੀ ਸਾਬਤ ਹੋਣ ? ਪਰ ਉਸ ਅਣਹੋਣੀ ਨੇ ਇੱਕ ਵਾਰ ਤਾਂ ਸੱਬ ਨੂੰ ਹਲੂਣ ਕੇ ਰੱਖ ਦਿੱਤਾ । ਕਿਸੇ ਮਾਸੂਮ ਨੂੰ ਕਾਰ ਦੇ ਬੂਟ ਵਿੱਚ ਤਿੰਨ ਘੰਟੇ ਤੱਕ ਲੈ ਕੇ ਸੜਕਾਂ ‘ਤੇ ਫਿਰੀ ਜਾਣਾ ਤੇ ਨੀਮ ਬੇਹੋਸ਼ੀ ਦੀ ਹਾਲਤ ਜਾਂ ਸਦਾ ਦੀ ਲੰਮੀ ਨੀਂਦ ਸੌਂ ਚੁੱਕੇ ਬਾਲਕ ਨੂੰ ਝਾੜੀਆਂ ਉਹਲੇ ਸੁੱਟ ਦੇਣਾ, ਕਿੰਨੀ ਘਟੀਆ ਗੱਲ ਜਾਪਦੀ ਹੈ, ਉਸ ਪੰਜਾਬੀ ਦੀ । ਉਸ ਵੇਲੇ ਉਸ ਵਿਅਕਤੀ ਦੇ ਦਿਮਾਗ਼ ਅੰਦਰ ਕੀ ਉਪਜ ਰਿਹਾ ਸੀ, ਜਿਸ ਕਾਰਨ ਉਸਨੇ ਐਸਾ ਕਦਮ ਪੁੱਟਿਆ ਇਹ ਤਾਂ ਮਨੋਵਿਗਿਆਨਕ ਮਾਹਰ ਜਾਂ ਸਮਾਂ ਹੀ ਦੱਸ ਸਕੇਗਾ ? ਪਰ ਜੋ ਦਾਗ਼ ਅੱਜ ਇਨਸਾਨੀਅਤ ਦੇ ਦਾਮਨ ਉੱਤੇ ਲੱਗ ਚੁੱਕੇ ਹਨ ਉਨ੍ਹਾਂ ਨੂੰ ਮਿਟਾਵੇ ਕੌਣ ?
ਆਸਟ੍ਰੇਲੀਆ ਵਿੱਚ ਦਿਨੋ-ਦਿਨ ਵਧੀ ਪੰਜਾਬੀਆਂ ਦੀ ਤਾਦਾਦ ਨੇ (ਹੋਰ ਵੀ ਬਹੁਤ ਨਸਲਾਂ ਇਸ ਦੇਸ਼ ਵਿੱਚ ਆਈਆਂ ਹਨ ਪਰ ਘਟਨਾ ਦਾ ਜ਼ਿਕਰ ਸਿਰਫ਼ ਇਨ੍ਹਾਂ ਲੋਕਾਂ ਨਾਲ ਹੀ ਸੰਬੰਧਿਤ ਹੈ) ਜਿੱਥੇ ਇਸ ਦੇਸ਼ ਨੂੰ ਪੈਸਾ, ਸੱਭਿਅਤਾ ਅਤੇ ਭਾਈਚਾਰੇ ਨਾਲ ਮੇਲ ਕਰਵਾਇਆ, ੳੁੱਥੇ ਕੁੱਝ ਐਸੇ ਅੰਸ਼ ਵੀ ਮੁਹੱਈਆ ਕਰਵਾਏ ਜਿਹੜੇ ਸ਼ਾਇਦ ਨਾ ਤਾਂ ਸਮਾਜ ਲਈ ਲੋੜੀਂਦੇ ਸੰਨ ਅਤੇ ਨਾ ਹੀ ਦੇਸ਼ ਲਈ ਜ਼ਰੂਰਤਮੰਦ । ਸਦਾ ਸੁਰਖ਼ੀਆਂ ਵਿੱਚ ਰਹਿਣ ਵਾਲੀ ਪੰਜਾਬੀ ਕੌਮ ਕਿੱਥੇ ਤਾਂ ਆਪਣੀਆਂ ਸੂਰਮਗਤੀਆਂ ਕਾਰਨ ਜਾਂ ਅਣਥੱਕ ਮਿਸਾਲਾਂ ਕਾਰਨ ਚਰਚਾ ਦਾ ਵਿਸ਼ਾ ਬਣਦੀ ਸੀ ਅਤੇ ਕਿੱਥੇ ਅੱਜ ਝੂਠ, ਕੰਮਚੋਰੀ, ਠੱਗੀਆਂ, ਬੇ-ਈਮਾਨੀਆਂ, ਦਗ਼ਾਬਾਜ਼ੀਆਂ ਜਾਂ ਕਤਲਾਂ ਦੀ ਸ਼੍ਰੇਣੀ ਵਿੱਚ ਮੂਹਰੇ ਆਉਣ ਕਾਰਨ ਚਰਚਾ ਵਿੱਚ ਆ ਰਹੀ ਹੈ। ਇਹ ਕੁੱਝ 1-2% ਲੋਕ ਹੀ ਅਜਿਹੇ ਹੁੰਦੇ ਹਨ ਜੋ ਸਾਫ਼ ਪਾਣੀ ਨੂੰ ਗੰਧਲਾ ਕਰਨ ਦੀ ਹਿੰਮਤ ਰੱਖਦੇ ਹਨ । ਬਾਕੀ 98% ਲੋਕ ਦੇਸ਼ ਬਾਰੇ, ਸਮਾਜ ਬਾਰੇ, ਪਰਿਵਾਰ ਬਾਰੇ ਜਾਂ ਫਿਰ ਆਪਣੇ ਬੋਰ ਸੋਚ ਕੇ ਕੰਮ ਕਰਦੇ ਹਨ । ਜਿਨ੍ਹਾਂ ਨੂੰ ਸਮਾਜ ਦਾ ਡਰ ਜਾਂ ਆਪਣੇ ਆਪ ਦੇ ਰੁਤਬੇ ਦਾ ਭੋਰਾ ਫਿਕਰ ਹੁੰਦਾ ਹੈ । ਪਰ ਕਈ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਲਈ ਸਮਾਜ ਨਾ ਦੀ ਕੋਈ ਵਸਤੂ ਨਹੀਂ ਹੁੰਦੀ, ਅਤੇ ਜੋ ਚਿੱਤ ਆਉਂਦੀ ਕਰ ਜਾਂਦੇ ਹਨ। ਜਿਸ ਦੇ ਨਤੀਜੇ ਬਾਅਦ ਵਿੱਚ ਪੂਰੀ ਕੌਮ ਨੂੰ ਭੁਗਤਣੇ ਪੈਂਦੇ ਹਨ । ਇਸ ਵਾਰ ਦਾ ਖ਼ਮਿਆਜ਼ਾ ਸ਼ਾਇਦ ਹਰੇਕ ਪੰਜਾਬੀ ਨੂੰ ਸਹਿਨ ਕਰਨਾ ਪਿਆ ? ਜਿਵੇਂ ਨੌਕਰੀ ਕਰਦੇ ਸਮੇਂ ਮੈਨੂੰ ਆਪਣੇ ਸਹਿਕਰਮੀ ਨੇ ਭਾਵੇਂ ਮਖੌਲ ਵਿੱਚ ਹੀ ਸਹੀ ਪਰ ਐਸੀ ਫੇਟ ਮਾਰੀ ਕਿ ਮੇਰੀਆਂ ਅੱਖਾਂ ਮੂਹਰੇ ਹਨੇਰਾ ਆ ਗਿਆ, ਉਸਦਾ ਵਿਅੰਗ ਸੀ : “ਹੂ ਕਿਲਡ ਦੈਟ ਟੋਡਲਰ ? .... ਵੁਡਨ’ਟ ਬੀ ਯੂ ! ਸ਼ੇਮ ਆਨ ਯੂਅਰ ਕਮਿਊਨਿਟੀ …..!” ਹੁਣ ਜੇਕਰ ਅਜਿਹਾ ਕੁੱਝ ਤੁਹਾਡੇ ਨਾਲ ਵੀ ਵਾਪਰਿਆ ਹੋਵੇ ਤਾਂ ਉਸ ਵੇਲੇ ਤੁਸੀਂ ਹਾਲਾਤ ਦਾ ਸਾਹਮਣਾ ਕਿਵੇਂ ਕੀਤਾ ਹੋਵੇਗਾ, ਸ਼ਾਇਦ ਵਰਣਨ ਕਰਨ ਦੀ ਲੋੜ ਨਹੀਂ ਜਾਪਦੀ !
ਲੋਕ ਦਿਖਾਵਾ ਅੱਜ ਸਾਡੀ ਕੌਮ ਦਾ ਮੁੱਖ ਗਹਿਣਾ ਬਣਦਾ ਜਾ ਰਿਹਾ ਹੈ, ਜਿਸ ਲਈ ਹਰ ਆਮ ਆਦਮੀ ਵਿੱਥ ਤੋਂ ਬਾਹਰ ਹੋ ਕੇ ਆਪਣੇ ਆਪ ਨੂੰ ੳੁੱਚਾ ਦਰਸਾਉਣ ਦੀ ਦੌੜ ‘ਚ ਗਵਾਚਿਆ ਫਿਰ ਰਿਹਾ ਹੈ। ਇਸ ਗੱਲ ਦਾ ਲੇਖ ਨਾਲ ਸੰਬੰਧ ਇਸ ਲਈ ਹੈ ਕਿਊਂਕਿ ਸਾਡੀ ਹੀ ਇੱਕ ਕੌਮ ਐਸੀ ਹੈ ਜਿਸਨੂੰ ਸ਼ੇਖੀਆਂ ਮਾਰਨ ਦੀ ਆਦਤ ਹੈ, ਭਾਵੇਂ ਆਸਟ੍ਰੇਲੀਆ ਇੱਕ ਮਿਹਨਤਕਸ਼ ਅਤੇ ਅਮਨਪਸੰਦ ਲੋਕਾਂ ਦਾ ਦੇਸ਼ ਹੈ, ਇਸ ਲਈ ਲੋਕ ਦਿਖਾਵੇ ਦੀਆਂ ਰੀਤਾਂ ਦਾ ਨਾ ਤਾਂ ਇੱਥੇ ਜ਼ਿਆਦਾ ਕਿਸੇ ‘ਤੇ ਅਸਰ ਹੈ ਅਤੇ ਨਾ ਹੀ ਕੋਈ ਫ਼ਖ਼ਰ ਮਹਿਸੂਸ ਕਰਦਾ ਹੈ ਪਰ ਅਸੀਂ ਪਿੱਛੇ ਰਹਿਣ ਵਾਲੇ ਨਹੀਂ ਹਾਂ ਨਾ ! ਇਸ ਦਿਖਾਵੇ ਦੀ ਦੌੜ ਵਿੱਚ ਇਹ ਵੀ ਭੁੱਲਦੇ ਜਾ ਰਹੇ ਹਾਂ ਕਿ ਕਿਹੜੀਆਂ ਵਸਤਾਂ ਦਿਖਾਵਾ ਕਰਨ ਦੇ ਯੋਗ ਹਨ ਅਤੇ ਕਿਹੜੀਆਂ ਨਹੀਂ । ਇੱਕ ਛੋਟੀ ਜਹੀ ਮਿਸਾਲ ਵਜੋਂ ਅਸੀਂ ਦੇਖ ਸਕਦੇ ਹਾਂ ਕਿ : ‘ਅੱਜ ਦੇ ਪੰਜਾਬੀਆਂ ਨੂੰ ਸਿੱਖੀ ਵਿਰਾਸਤ ਵਿੱਚ ਮਿਲੀ ਦੇਣ ਹੈ, ਜਿਸ ਦੇ ਸਿਧਾਤਾਂ ਦਾ ਸਾਨੂੰ ਪੂਰਨ ਰੂਪ ਵਿੱਚ ਪਾਲਣ ਕਰਨਾ ਚਾਹੀਦਾ ਹੈ । ਗੁਰੂਮਹਾਰਾਜ ਵਲੋਂ ਬਖ਼ਸ਼ੇ ਚਿੰਨ੍ਹ ਸਿੰਘਾਂ ਲਈ ਇੱਕ ਲਾਸਾਨੀ ਦੇਣ ਅਤੇ ਵਿਲੱਖਣ ਪਹਿਚਾਣ ਹਨ । ਹੁਣ ਇਨ੍ਹਾਂ ਚਿੰਨ੍ਹਾਂ ਨੂੰ (ਖ਼ਾਸਕਰ ਖੰਡਾ) ਕਾਰਾਂ ਦੇ ਸ਼ੀਸ਼ਿਆਂ ਤੇ ਛਪਵਾ ਕੇ ਜਾਂ ਮੋਟਰਸਾਇਕਲਾਂ ਦੇ ਸਾਇਲੈਂਸਰਾਂ ਜਾਂ ਨੰਬਰ ਪਲੇਟਾਂ ‘ਤੇ ਚਿਪਕਾ ਕੇ ਇੱਕ ਤਾਂ ਜਿੱਥੇ ਪਾਕ ਪਵਿੱਤਰ ਚਿੰਨ੍ਹਾਂ ਦੀ ਬੇਕਦਰੀ ਕੀਤੀ ਜਾ ਰਹੀ ਹੈ ਉੱਥੇ ਇਹ ਚਿੰਨ੍ਹ ਹੋਰ ਲੋਕਾਂ ਲਈ ਧਾਰਮਿਕ ਨਿਸ਼ਾਨੀ ਨਹੀਂ ਸਗੋਂ ਕਿਸੇ ਗੈਂਗ ਜਾਂ ਗਿਰੋਹ ਦੀ ਛਵੀ ਦਰਸਾਉਣ ਲਈ ਮਜਬੂਰ ਕਰਦੇ ਹਨ, ੳਨ੍ਹਾਂ ਨੂੰ ਕੀ ਪਤਾ ਕਿ ਇਹ ਚਿੰਨ੍ਹ ਸਾਡੇ ਲਈ ਕੀ ਮਾਅਨੇ ਰੱਕਦੇ ਹਨ ? ਕੀ ਅਜਿਹੇ ਚਿੰਨ੍ਹ ਜਿਨ੍ਹਾਂ ਲਈ ਦਸ ਗੁਰੂਆਂ ਨੇ ਆਪੇ ਅਤੇ ਮਾਪੇ ਵਾਰ ਕੇ ਸਾਨੂੰ ਵਿਲੱਖਣ ਪਹਿਚਾਣ ਦਿੱਤੀ ਅਤੇ ਅਸੀਂ ਉਨ੍ਹਾਂ ਦਾ ਐਨਾ ਛੋਟਾ ਮੁੱਲ ਪਵਾਈਏ, ਜਾਇਜ਼ ਕਹਾਉਂਦਾ ਹੈ ? ਜਵਾਬ ਪਾਠਕ ਆਪਣੇ ਦਿਲ ‘ਤੇ ਹੱਥ ਰੱਖ ਕੇ ਆਪ ਭਾਲ ਸਕਦੇ ਹਨ । ਇੱਕ ਤਾਂ ਜਿੱਥੇ ਅਜਿਹੀਆਂ ਗੱਲਾਂ ਸਾਨੂੰ ਆਸਟ੍ਰੇਲੀਅਨ ਸਮਾਜ ਵਿੱਚ ਦੂਸਰਿਆਂ ਨਾਲੋਂ ਜ਼ਿਆਦਾ ਹੋਛੇ ਸਿੱਧ ਕਰਦੀਆਂ ਹਨ ਅਤੇ ਉੱਥੇ ਹੋਰ ਨਸਲਾਂ ਦੇ ਮੁਕਾਬਲੇ ਖਿੱਚ ਦਾ ਕੇਂਦਰ ਵੀ ਸਥਾਪਿਤ ਕਰਦੀਆਂ ਹਨ, ਜਿਸ ਨਾਲ ਸਹਿਜੇ ਹੀ ਮਨੁੱਖਤਾ ਵਿੱਚ ਫਰਕ ਅਤੇ ਨਸਲੀ ਟਿੱਪਣੀਆਂ ਨੂੰ ਹੁੰਗਾਰਾ ਮਿਲਣਾ ਸੁਭਾਵਿਕ ਹੈ । ਇੱਥੇ ਇਹ ਗੱਲ ਸਾਂਝੀ ਕਰਨ ਦਾ ਮਤਲਬ ਕਿਸੇ ਦੀ ਆਸਥਾ ਨੂੰ ਠੇਸ ਪਹੁੰਚਾਉਣਾ ਨਹੀਂ, ਸਗੋਂ ਆਪਣਿਆਂ ਨੂੰ ਆਉਣ ਵਾਲੀਆਂ ਅਲਾਮਤਾਂ ਤੋਂ ਚੌਕੰਨਾ ਕਰਨਾ ਹੈ ।
ਪੰਜਾਬੀ ਹੋਣਾ ਹਰ ਪੰਜਾਬੀ ਲਈ ਮਾਣ ਵਾਲੀ ਗੱਲ ਹੈ ਪਰ ਪੰਜਾਬੀਅਤ ਦਾ ਆਪਣੇ ਹੱਥੀਂ ਘਾਣ ਕਰਨਾ ਵੀ ਤਾਂ ਅਪਮਾਨ ਵਾਲੀ ਗੱਲ ਹੈ। ਅਸੀਂ ਸਾਰੇ ਹੀ ਦੇਖ ਰਹੇ ਹਾਂ ਕਿ ਪਿਛਲੇ ਕੁੱਝ ਸਮੇਂ ਤੋਂ ਆਸਟ੍ਰੇਲੀਆ ਵਿੱਚ ਵਾਪਰੀਆਂ ਨਿੰਦਕ ਘਟਨਾਵਾਂ ਵਿੱਚ (ਵਿਸ਼ੇ ਭਾਵੇਂ ਕੋਈ ਲੈ ਲਓ) ਪੰਜਾਬੀਆਂ ਦੇ ਚਿਹਰੇ ਸਾਹਮਣੇ ਆ ਰਹੇ ਹਨ, ਜੋ ਕਿ ਸ਼ਰਮਨਾਕ ਗੱਲ ਹੈ । ਅਤੇ ਹੁਣ ਸੱਭ ਤੋਂ ਜ਼ਿਆਦਾ ਨਿੰਦਣਯੋਗ ਕਰਤੂਤ ਨੇ ਪੰਜਾਬੀ ਕੌਮ ਨੂੰ ਇੱਕ ਨਵਾਂ ਨਾਮ ਪ੍ਰਦਾਨ ਕਰ ਦਿੱਤਾ ਹੈ ਕਿ “ਮਾਸੂਮ ਬੱਚਿਆਂ ਦੇ ਕਾਤਲਾਂ ਦੀ ਕੌਮ” ! ਇਹ ਵੀ ਸੱਭ ਜਾਣਦੇ ਹਨ ਕਿ ਜਾਨਵਰ ਵੀ ਬੱਚੇ ਅਤੇ ਵੱਡੇ ਵਿੱਚ ਫ਼ਰਕ ਸਮਝਦੇ ਹਨ, ਫਿਰ ਇਨਸਾਨ ਦੀ ਐਸੀ ਦਰਿੰਦਗ਼ੀ ਦਾ ਕੀ ਰਾਜ਼ ਹੈ ? ਗੁਰਸ਼ਾਨ ਹਾਦਸੇ ਨਾਲ ਜਿੱਥੇ ਉਸਦੇ ਮਾਪਿਆਂ ਨੂੰ ਨਾ ਪੂਰਾ ਹੋਣਾ ਘਾਟਾ ਪਿਆ ਹੈ ਉੱਥੇ ਪੂਰੀ ਪੰਜਾਬੀ ਕੌਮ ਨੂੰ ਨਿਮੋਝੂਣਾ ਮਹਿਸੂਸ ਕਰਨਾ ਪੈ ਰਿਹਾ ਹੈ ।ਸਾਨੂੰ ਸਾਰਿਆਂ ਨੂੰ ਅਰਦਾਸ ਕਰਨੀ ਚਾਹੀਦੀ ਹੈ ਕਿ ਸੱਭ ਤੋਂ ਪਹਿਲਾਂ ਪ੍ਰਮਾਤਮਾ ਸਾਡੀ ਕੌਮ ਨੂੰ ਸਮੁੱਤ ਬਖ਼ਸ਼ੇ ਅਤੇ ਦੁਨੀਆ ਵਿੱਚ ਚੰਗਾ ਮੁਕਾਮ ਹਾਸਿਲ ਕਰਨ ਲਈ ਬਲ ਬਖ਼ਸ਼ੇ ਅਤੇ ਫਿਰ ਗੁਰਸ਼ਾਨ ਜਹੇ ਨਰਗਸੀ ਫੁੱਲ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ । ਦੁਨੀਆ ਦੇ ਇਤਿਹਾਸ ਵਿੱਚ ਪੰਜਾਬੀ ਲੋਕ ਸਦਾ ਚੰਗੀ ਕੌਮ ਬਣ ਕੇ ਉੱਭਰਨ ਨਾ ਕਿ ਕਾਤਲਾਂ ਜਾਂ ਦਗ਼ਾਬਾਜਾਂ ਦੀ ਕੌਮ ਬਣਕੇ ।


ਕਬਾੜ ਦਾ ਜੁਗਾੜ.......... ਵਿਅੰਗ / ਨਿਰਮਲ ਜੌੜਾ

ਅਖ਼ਬਾਰ ਵਿੱਚ ਛਪੇ ਇਸ਼ਤਿਹਾਰ ਨੂੰ ਸਵੇਰੇ ਚਾਹ ਤੋਂ ਪਹਿਲਾਂ ਮੇਰੇ ਮੂਹਰੇ ਧਰਦਿਆਂ ਮੇਰੀ ਸਰਦਾਰਨੀ ਸਿਆਸੀ ਪਾਰਟੀਆਂ ਦੇ ਮੈਨੀਫੈਸਟੋ ਵਾਂਗ ਦਸ ਰਹੀ ਸੀ, ‘‘ ਵੇਖੋ ਜੀ ਸੁਪਰ ਡੁਪਰ ਬਜ਼ਾਰ ਵਾਲੇ ਕਿੰਨੇ ਮਹਿੰਗੇ ਭਾਅ ਕਬਾੜ ਖਰੀਦ ਰਹੇ ਆ,
ਪੰਜਾਹ ਰੁਪਏ ਕਿਲੋ ਪੁਰਾਣੇ ਅਖ਼ਬਾਰ, ਦੋ ਸੌ ਰੁਪਏ ਕਿਲੋ ਪਲਾਸਟਿਕ , ਟੁੱਟੀਆਂ ਚੱਪਲਾਂ, ਬੂਟ ਤੇ ਜੁੱਤੀਆਂ, ਢਾਈ ਸੌ ਰੁਪਏ ਕਿਲੋ ਪੁਰਾਣੇ ਟਾਇਰ ਟਿਊਬਾਂ, ਤਿੰਨ ਸੌ ਰੁਪਏ ਕਿਲੋ ਪੁਰਾਣੇ ਕੱਪੜੇ ਮੈਂ ਤਾਂ ਜੀ ਅੱਕੀ ਪਈ ਸੀ। ਬਈ ਇੰਨਾਂ ਨੂੰ ਸਿੱਟਾਂ ਤਾਂ ਸਿੱਟਾਂ ਕਿਥੇ? ਪੁਰਾਣੇ ਕੱਪੜੇ ਤਾਂ ਹੁਣ ਕੰਮ ਵਾਲੀਆਂ ਵੀ ਨੀ ਲੈ ਕੇ ਜਾਂਦੀਆਂ ਤੇ ਆਹ ਦੇਖ ਲਓ ਕਿ ਅੱਜ ਮਲਟੀ ਨੈਸ਼ਨਲ ਕੰਪਨੀਆਂ ਦਾ ਕਮਾਲ, ਨਵਿਆਂ ਤੋਂ ਵੀ ਮਹਿੰਗਾ ਵਿਕੂ ਇਹ ਸਭ ਕੁਝ। ’’
ਮੇਰੇ ਚਾਹ ਪੀਦਿਆਂ ਪੀਦਿਆਂ ਉਹਨੇ ਇਧਰ ਉਧਰ ਪਿਆ ਪੁਰਾਣਾ ਸਮਾਨ ਚੱਕ ਚੱਕ ਵੇਖਣਾ ਸ਼ੁਰੂ ਵੀ ਕਰਤਾ। ਕਿਸੇ ਵੱਡੀ ਲਾਟਰੀ ਦੇ ਨਿਕਲਣ ਵਾਂਗ ਬਾਗੋ ਬਾਗ ਹੋਈ ਉਹ ਮੈਨੂੰ ਸਕੂਲ ਜਾਂਦੇ ਬੱਚੇ ਵਾਂਗ ਵਾਰ ਵਾਰ ਸਮਝਾ ਰਹੀ ਸੀ , ‘‘ ਪੂਰੇ ਪੰਜ ਵਜੇ ਆ ਜਾਇਓ। ਭੀੜ ਤੋਂ ਪਹਿਲਾਂ ਪਹਿਲਾਂ ਕੰਮ ਨਿਬੇੜ ਦੇਈਏ ਆਪਾਂ ਤਾਂ ਠੀਕ ਹੈ। ਇਹੋ ਜੀ ਸਕੀਮ ਇੱਕ ਅੱਧਾ ਦਿਨ ਹੀ ਰਹਿੰਦੀ ਹੁੰਦੀ ਆ। ’’
ਮੈਂ ਇਸ਼ਤਿਹਾਰ ਨੂੰ ਇਕ ਵਾਰ ਫਿਰ ਗੌਰ ਨਾਲ ਵੇਖਿਆ ‘ਗੱਲ ਤਾਂ ਠੀਕ ਆ’ ਇਕੱਲੀ ਇਕੱਲੀ ਚੀਜ਼ ਦੇ ਭਾਅ ਸਪਸ਼ਟ ਲਿਖੇ ਸੀ। ਪਰ ਇਸ ਭਾਅ ਕਬਾੜ ਖਰੀਦ ਕੇ ਸੁਪਰ ਡੁਪਰ ਬਜ਼ਾਰ ਨੂੰ ਕੀ ਬਚੂ ਇਸ ਸੌਦੇ ਵਿੱਚ ? ਸੋਚਦਾ ਸੋਚਦਾ ਮੈਂ ਡਿਪਾਰਟਮੈਂਟ ਚਲਾ ਗਿਆ।
ਤਿੰਨ ਕੁ ਵਜੇ ਸਰਦਾਰਨੀ ਦਾ ਫੋਨ ਆ ਗਿਆ, ‘ ਯਾਦ ਆ ਅੱਜ ਜਾਣਾ ਆਪਾਂ ਸੁਪਰ ਡੁਪਰ ਬਜ਼ਾਰ, ਮੈਂ ਤਾਂ ਸਾਰਾ ਸਮਾਨ ਕੱਢ ਲਿਆ, ਕੋਸ਼ਿਸ਼ ਕਰਾਂਗੇ ਕਿ ਸਾਰਾ ਸਮਾਨ ਇੱਕੇ ਗੇੜੇ ਵਿੱਚ ਲੈ ਜਾਈਏ ਪਰ ਸਮਾਨ ਹੈ ਜ਼ਿਆਦਾ। ਚਲ ਕੋਈ ਨੀ ਜਿੰਨਾਂ ਵੱਧ ਹਊ ਉਨਾਂ ਈ ਫਾਇਦਾ। ਇਸ ਭਾਅ ਮੁੜ ਕੇ ਨੀ ਵਿਕਣਾ ਜ਼ਿੰਦਗੀ ਵਿੱਚ ਕਬਾੜ। ਬੱਸ ਤੁਸੀਂ ਆ ਜਾਓ।। ਜਦ ਤੱਕ ਮੈਂ ਤੇ ਬਿਨੇ ( ਪੁੱਤਰ ) ਬਾਕੀ ਸਮਾਨ ਵੀ ਇਕੱਠਾ ਕਰ ਲਈਏ ’’।
ਆਪਣਾ ਭਾਸ਼ਣ ਦੇ ਕੇ ਉਹਨੇ ਫੋਨ ਕੱਟ ਦਿੱਤਾ। ਮੈਂ ਡਿਪਾਰਟਮੈਂਟ ਦੀ ਲਾਇਬ੍ਰੇਰੀ ਵਿੱਚ ਜਾ ਕੇ ਇਕ ਵਾਰੀ ਫਿਰ ਉਹ ਇਸ਼ਤਿਹਾਰ ਦੇਖਿਆ, ਰੇਟ ਚੈੱਕ ਕੀਤੇ, ਹੁਣ ਮੈਂ ਵੀ ਪੱਕਾ ਮਨ ਬਣਾ ਲਿਆ ਸੁਪਰ ਡੁਪਰ ਬਜ਼ਾਰ ਵਿੱਚ ਕਬਾੜ ਵੇਚਣ ਦਾ ।
ਪੰਜ ਵਜੇ ਘਰ ਪਹੁੰਚਿਆ, ਕਬਾੜ ਨਾਲ ਪੂਰੀ ਤਰ੍ਹਾਂ ਲੈੱਸ ਕਾਰ ਦਰਵਾਜੇ ਮੂਹਰੇ ਖੜੀ ਸੀ। ਮੋਟਰ ਸਾਈਕਲ ਖੜਾ ਕਰਕੇ ਕਾਰ ਦੇ ਆਲੇ ਦੁਆਲੇ ਗੇੜਾ ਮਾਰਿਆ, ਤੂੜ ਤੂੜ ਕੇ ਕਬਾੜ ਭਰਿਆ ਪਿਆ ਸੀ। ਬਿਨੇ ਨੂੰ ਪਹਿਲਾਂ ਹੀ ਉਹਨੇ ਅਗਲੀਆਂ ਦੋਹਾਂ ਸੀਟਾਂ ਦੇ ਵਿਚਾਲੇ ਫਿਟ ਕਰਕੇ ਬਿਠਾਇਆ ਹੋਇਆ ਸੀ ਤੇ ਆਪ ਘਰ ਨੂੰ ਜ਼ਿੰਦਾ ਲਾ ਕੇ ਚਾਬੀ ਘੁਮਾਉਂਦੀ ਘੁਮਾਉਂਦੀ ਮੇਰੇ ਵੱਲ ਐਂ ਦੇਖ ਰਹੀ ਸੀ ਜਿਵੇਂ ਜੰਗਲ ’ਚ ਖੜਾ ਸ਼ਿਕਾਰੀ ਸਾਹਮਣੇ ਖੜੇ ਸ਼ਿਕਾਰ ਨੂੰ ਦੇਖਦਾ । ਮੈਂ ਅਜੇ ਚਾਹ ਪਾਣੀ ਬਾਰੇ ਸੋਚ ਹੀ ਰਿਹਾ ਸੀ ਕਿ ਉਹਨੇ ਪਹਿਲਾਂ ਹੀ ਜੋਤਸ਼ੀ ਵਾਂਗ ਮੇਰੇ ਚਿਹਰੇ ਨੂੰ ਪੜ੍ਹ ਕੇ ਕਿਹਾ, ‘ ਅੱਜ ਚਾਹ ਛੱਡੋ ਪਹਿਲਾਂ ਕਬਾੜ ਵੇਚ ਆਈਏ, ਆਉਂਦੇ ਹੋਏ ਕੌਫੀ ਪੀ ਲਵਾਂਗੇ ਕਿਤੋਂ , ਮੇਰਾ ਤਾਂ ਇਰਾਦਾ ਅੱਜ ਡਿਨਰ ਵੀ ਰੈਸਟੋਰੈਂਟ ਵਿੱਚ ਕਰਾਂਗੇ।।।। ਬਥੇਰੇ ਪੈਸੇ ਬਣ ਜਾਣੇ ਆਂ ਇਸ ਰੱਦੀ ਸਮਾਨ ਦੇ ’।
ਕਾਰ ਦੇ ਕੋਲ ਚਾਰ-ਪੰਜ ਗੱਠੜੀਆਂ ਕੱਪੜਿਆਂ ਦੀਆਂ ਬੰਨੀਆਂ ਪਈਆਂ ਸਨ। ਡਰਾਈਵਰ ਦੇ ਨਾਲ ਦੀ ਸੀਟ ਤੇ ਬੈਠ ਕੇ ਉਹ ਆਖਣ ਲੱਗੀ ਲਓ ਹੁਣ ਮੈਨੂੰ ਫੜਾ ਦਿਓ ਇਹ ਗੱਠੜੀਆਂ। ਮੈਂ ਸਾਰੀਆਂ ਗੱਠੜੀਆਂ ਉਹਦੇ ਗੋਡਿਆਂ ਤੇ ਧਰ ਦਿੱਤੀਆਂ । ਗੱਠੜੀਆਂ ਥੱਲੇ ਉਹ ਮਾਂ-ਪੁੱਤ ਲੁਕੇ ਪਏ ਸਨ ਪਰ ਫਿਰ ਵੀ ਉਹ ਥੱਲਿਉਂ ਕੁਝ ਨਾ ਕੁਝ ਬੋਲੀ ਜਾਂਦੀ ਸੀ, ‘ ਕੋਈ ਨੀ ਬੱਸ ਸਾਹ ਆਉਣ ਜੋਗੀ ਜਗਾ ਹੈਗੀ।।। ਤੁਸੀਂ ਤੋਰੀ ਰੱਖੋ ਗੱਡੀ। ਦਸ ਮਿੰਟ ਔਖੇ ਹੋ ਲਾਂਗੇ। ਕਬਾੜ ਤਾਂ ਸਾਰਾ ਵਿਕ ਜਾਊ ।।।ਉਹ ਵੀ ਐਨੇ ਮਹਿੰਗੇ ਭਾਅ। ’ ਉਹ ਔਖੀ ਹੋ ਕੇ ਵੀ ਜੇਤੂ ਭਲਵਾਨ ਵਾਂਗ ਖੁਸ਼ ਸੀ।
ਡਰਾਈਵਰ ਸੀਟ ਤੇ ਇਕ ਤਾਂ ਮੈਂ ਬੈਠਾ ਬਹੁਤ ਔਖਾ ਸੀ ਤੇ ਦੂਜਾ ਕਾਰ ’ਚੋਂ ਮੁਸ਼ਕ ਮਾਰਨ ਲੱਗ ਪਿਆ, ਪਤਾ ਨੀ ਕਿੰਨਾ ਕਿੰਨਾ ਪੁਰਾਣਾ ਨਿੱਕ ਸੁੱਕ ਰੱਖਿਆ ਸੀ। ਮੇਨ ਰੋਡ ਤੇ ਚੜਦਿਆਂ ਹਿਲ ਹਿਲ ਕੇ ਕੁਝ ਸੈੱਟ ਹੋਏ। ਪਤਾ ਨਹੀਂ ਉਹਨੇ ਔਖੀ ਸੌਖੀ ਹੋ ਕੇ ਕਿਵੇਂ ਪਰਸ ਚੋਂ ਫੋਨ ਕੱਢ ਕੇ ਆਵਦੇ ਪੇਕੀਂ ਮਿਲਾ ਲਿਆ, ‘‘ ਹਾਂ ਮੰਮੀ। ਅਸੀਂ ਤਾਂ ਚੱਲੇ ਆਂ।।। ਹਾਂ ਹਾਂ ਸਾਰਾ ਸਮਾਨ ਲੱਦ ਲਿਆ, ਹੋਏ ਤਾਂ ਔਖੇ ਪਰ ਇੱਕ ਗੇੜੇ ’ਚ ਹੀ ਲੈ ਚੱਲੇ ਆਂ। ਅੱਛਾ ਹੁਣ ਤੁਸੀਂ ਐਥੇ ਨਾ ਵੇਚਿਓ ਕਬਾੜ ਸਾਈਕਲਾਂ ਵਾਲਿਆਂ ਨੂੰ।।। ਬੱਸ ਗੱਡੀ ’ਚ ਲੱਦ ਕੇ ਸਾਡੇ ਕੋਲ ਆ ਜਾਓ। ਪਰ ਪ੍ਰੋਗਰਾਮ ਇਕ ਅੱਧੇ ਦਿਨ ’ਚ ਹੀ ਬਣਾ ਲਿਓ। ਇਹੋ ਜਿਹੀਆਂ ਸਕੀਮਾਂ ਐਟਰੈਕਸ਼ਨ ਵਾਸਤੇ ਹੁੰਦੀਆਂ।।।।।।।।ਇਕ ਦੋ ਦਿਨਾਂ ’ਚ ਜਿਹੜੇ ਫਾਇਦਾ ਲੈ ਗਏ। ਲੈ ਗਏ ’’।
ਸ਼ਾਇਦ ਇਸ ਕਬਾੜ ਬਾਰੇ ਉਹ ਪਹਿਲਾਂ ਵੀ ਦਿਨੇ ਉਨ੍ਹਾਂ ਨੂੰ ਦੱਸ ਚੁੱਕੀ ਸੀ। ਸੁਪਰ ਡੁਪਰ ਸ਼ੋਅ ਰੂਮ ਪਹੁੰਚੇ । ਭੀੜ ਭੜੱਕਾ। ਪਾਂ ਪਾਂ ਪੀਂ ਪੀਂ। ਗੱਡੀਆਂ ਤੇ ਗੱਡੀਆਂ। ਲੋਕ ਤਾਂ ਜਿਵੇਂ ਘਰਾਂ ਦਾ ਸਾਰਾ ਕਬਾੜ ਚੁੱਕ ਲਿਆਏ ਹੋਣ।
‘‘ ਦੇਖਿਆ ਮੈਂ ਕਿਹਾ ਸੀ ਨਾ।।ਆਹ ਵੇਖ ਲਓ ਹੁਣ, ਅਜੇ ਵੀ ਵੇਲੇ ਸਿਰ ਆ ਗਏ ਆਪਾਂ ।।। ਹੁਣ ਛੇਤੀ ਕਰੋ।।।।। ਇਧਰ ਉਧਰ ਵੇਖਣ ਦਾ ਟੈਮ ਨਹੀਂ ਹੁਣ।।।।।।ਉਹ ਵੇਖੋ ਸਾਹਮਣੇ ਲਿਖਿਆ, ਕਬਾੜ ਇਥੇ ਵੇਚੋ।’’
ਕਬਾੜ ਖਰੀਦਣ ਵਾਲੇ ਕਾਉਂਟਰ ਤੇ ¦ਮੀ ਕਤਾਰ ਸੀ । ਆਸੇ ਪਾਸੇ ਮੈਨੂੰ ਜਾਨਣ ਵਾਲੇ ਕਈ ਬੰਦੇ ਖੜੇ ਸੀ। ਘਰ ਵਾਲੀ ਨੇ ਮੇਰੀ ਝਿਜਕ ਸਮਝਦਿਆਂ ਕਿਹਾ ,‘‘ ਲੈ ਮੈਂ ਖੜ ਜਾਨੀ ਆਂ ।।।ਇਹ ਕੋਈ ਮਾੜੀ ਥਾਂ।।। ਆਪਣਾ ਸਮਾਨ ਆ।।। ਆਪ ਵੇਚਦੇ ਆਂ।।।। ਕਿਸੇ ਨੂੰ ਕੀ ’’। ਉਹਨੂੰ ਮੇਰੇ ਨਾਲੋਂ ਜ਼ਿਆਦਾ ਗੁੱਸਾ ਮੈਨੂੰ ਜਾਨਣ ਵਾਲਿਆਂ ਤੇ ਸੀ। ਦੋ ਢਾਈ ਘੰਟਿਆਂ ਬਾਅਦ ਜਦੋਂ ਸਾਡੀ ਵਾਰੀ ਆਈ ਤਾਂ ਪਹਿਲਾਂ ਮੈਂ ਰੇਟ ਕਨਫਰਮ ਕੀਤੇ। ਜਦੋਂ ਉਨ੍ਹਾਂ ਕਿਹਾ ਬਿਲਕੁਲ ਏਸੇ ਰੇਟ ਤੇ ਖਰੀਦ ਰਹੇ ਹਾਂ ਤਾਂ ਮੈਨੂੰ ਕਾਰ ਵਿਚਲੀ ਮੁਸ਼ਕਲ ਤੇ ਮੁਸ਼ਕ ਦੇ ਨਾਲ ਨਾਲ ਢਾਈ ਘੰਟੇ ਕਤਾਰ ਵਿੱਚ ਖੜਨ ਦਾ ਥਕੇਵਾਂ ਵੀ ਭੁੱਲ ਗਿਐ।
ਟਰਾਲੀਆਂ ’ਚੋਂ ਸਮਾਨ ਲਾਹ ਕੇ ਤੋਲਣਾ ਸ਼ੁਰੂ ਕੀਤਾ । ਅਖ਼ਬਾਰ, ਮੈਗਜ਼ੀਨ, ਪਲਾਸਟਿਕ, ਜੁੱਤੀਆਂ, ਚੱਪਲਾਂ, ਬਾਲਟੀਆਂ,ਕੱਪ, ਟਾਇਰ, ਟਿਊਬਾਂ, ਕੱਪੜੇ ਤੇ ਹੋਰ ਨਿੱਕ ਸੁੱਕ। ਕਬਾੜ ਤੁਲਦਾ ਜਾ ਰਿਹਾ ਸੀ ਸਰਦਾਰਨੀ ਦੀਆਂ ਉਂਗਲਾਂ ਕੈਲਕੂਲੇਟਰ ਤੇ ਟੱਕ-ਟੱਕ ਵੱਜ ਰਹੀਆਂ ਸੀ। ਕਾਉਂਟਰ ਤੇ ਬੈਠੇ ਟਾਈ ਵਾਲੇ ਬਾਊ ਨੇ ਸਾਰਾ ਜੋੜ ਲਾ ਕੇ ਪਰਚੀ ਮੇਰੇ ਵੱਲ ਕਰਦਿਆਂ ਕਿਹਾ, ‘‘ ਉੱਨੀ ਹਜ਼ਾਰ ਦੋ ਸੌ ਤੀਹ ਰੁਪਏ ਬਣ ਗਏ ਤੁਹਾਡੇ ’’
ਸਰਦਾਰਨੀ ਨੇ ਕੈਲਕੂਲੇਟਰ ਨਾਲ ਰਕਮ ਮਿਲਾਈ ਤੇ ਮੈਨੂੰ ਇਸ਼ਾਰੇ ਨਾਲ ਦੱਸ ਦਿੱਤਾ, ਬਈ ਠੀਕ ਹੈ।।।।।।ਨਾਲੇ ਮੇਰੇ ਵੱਲ ਇਸ ਤਰਾਂ ਵੇਖ ਰਹੀ ਸੀ ਜਿਵੇਂ ਆਖ ਰਹੀ ਹੋਵੇ ‘‘ ਕਿਉਂ ਸਰਦਾਰ ਜੀ।। ਅਖ਼ਬਾਰ ਪੜ੍ਹਨਾ ਸਿਖੋ, ਕੰਮ ਦੀਆਂ ਗੱਲਾਂ ਪੜ੍ਹਿਆ ਕਰੋ, ਸਿਰਫ਼ ਆਵਦੀਆਂ ਖ਼ਬਰਾਂ ਤੇ ਫੋਟੋਆਂ ਦੇਖ ਕੇ ਖੁਸ਼ ਹੋ ਜਾਂਨੇ ਆਂ ’’।
ਮੈਂ ਵੀ ਮਨ ਬਣਾਇਆ।।।ਹੋਰ ਕੁਝ ਨਹੀਂ ਖਰੀਦਣਾ ਇਨਾ ਪੈਸਿਆਂ ਦਾ, ਤੋਲੇ ਸਵਾ ਤੋਲੇ ਸੋਨੇ ਦੀ ਮੁੰਦਰੀ ਬਣਵਾ ਕੇ ਘਰ ਵਾਲੀ ਨੂੰ ਦੇ ਦਿਆਂਗੇ ਆਖਰ ਮਿਹਨਤ ਤਾਂ ਸਾਰੀ ਏਹਨੇ ਈ ਕੀਤੀ ਆ। ਟਾਈ ਵਾਲੇ ਬਾਬੂ ਨੇ ਮੇਰੀ ਸੋਚ ਨੂੰ ਤੋੜਦਿਆਂ ਉੱਨੀ ਹਜ਼ਾਰ ਦੋ ਸੌ ਤੀਹ ਰੁਪਏ ਦੇ ਕੂਪਨ ਮੇਰੇ ਹੱਥ ’ਚ ਫੜਾਤੇ ਅਖੇ ਸ਼ੋਅ ਰੂਮ ਦੇ ਅੰਦਰ ਚਲੇ ਜਾਓ ਜੋ ਸਮਾਨ ਖਰੀਦਣਾ ਹੈ ਖਰੀਦ ਲਓ।
ਆਹ ਕੀ ਹੋ ਗਿਆ ? ਸਾਰਾ ਸਮਾਨ ਏਥੋਂ ਖਰੀਦਣਾ ਪਊ?
ਇਕੱਠ ਜ਼ਿਆਦਾ ਹੋਣ ਕਰਕੇ ਮੈਂ ਬਹਿਸ ’ਚ ਪੈਣਾ ਠੀਕ ਨਾ ਸਮਝਿਆ। ਸਰਦਾਰਨੀ ਵੀ ਆਖਣ ਲੱਗੀ ‘‘ ਚਲੋ ਸ਼ੋਅ ਰੂਮ ਦੇ ਅੰਦਰ ਚਲਦੇ ਆਂ।।। ਆਪਾਂ ਸਾਮਾਨ ਤਾਂ ਖਰੀਦਣਾ ਈ ਐ ।।।ਏਥੋਂ ਖਰੀਦ ਲੈਨੇ ਆ।। ’’
ਅਸੀਂ ਸ਼ੋਅ ਰੂਮ ਅੰਦਰ ਚਲੇ ਗਏ। ਮੈਂ ਬਿਨੇ ਨੂੰ ਕਿਹਾ ਤੂੰ ਦੋ ਤਿੰਨ ਜ਼ੀਨਾਂ ਤੇ ਟੀ ਸ਼ਰਟਾਂ ਪਸੰਦ ਕਰ ਲੈ ।। ਮੈਂ ਵੀ ਦੋ ਕੁ ਸ਼ਰਟਾਂ ਵੇਖ ਲੈਨਾ। ਘਰ ਵਾਲੀ ਇਕ ਦਮ ਭੜਕ ਉੱਠੀ, ‘‘ ਲੈ ਹੁਣ ਤੁਹਾਡੇ ਕੱਪੜਿਆਂ ਤੇ ਤਾਂ ਨੀ ਬਰਬਾਦ ਕਰਨੇ ਸਾਰੇ ਪੈਸੇ, ਪਹਿਲਾਂ ਘਰ ਦਾ ਜ਼ਰੂਰੀ ਸਮਾਨ ਖਰੀਦ ਲਈਏ’’।
ਵੱਖ-ਵੱਖ ਕਾਉਂਟਰਾਂ ਤੇ ਖੜੇ ਟਾਈ ਵਾਲੇ ਸੇਲਜ਼ਮੈਨਾਂ ਦੇ ਨਾਲ ਝਗੜ ਰਹੇ ਕਸਟਮਰਾਂ ਦੇ ਹੱਥ ਵਿੱਚ ਸਾਡੇ ਵਰਗੇ ਕੂਪਨ ਫੜੇ ਦੇਖ ਕੇ ਅਸੀਂ ਵੀ ਉਹਨਾਂ ਵੱਲ ਨੂੰ ਹੋਏ ਤਾਂ ਮੇਰੇ ਵੱਲ ਹੱਥ ਕਰਕੇ ਇਕ ਸੇਲਜ਼ਮੈਨ ਮੁੰਡਾ, ਜਿਹੜਾ ਸ਼ਾਇਦ ਮੈਨੂੰ ਜਾਣਦਾ ਸੀ, ਆਖਣ ਲੱਗਾ, ‘‘ ਲੈ ਆਹ ਪ੍ਰੋਫੈਸਰ ਸਾਹਿਬ ਨੂੰ ਪੁੱਛ ਲਵੋ, ਇਹਨਾਂ ਕੋਲ ਵੀ ਕੂਪਨ ਆ, ਇਹ ਪੜ੍ਹੇ ਲਿਖੇ ਆ।। ਸਾਰੀ ਗੱਲ ਸਮਝਦੇ ਆ। ਲਓ।। ਦੱਸੋ ਇਨ੍ਹਾਂ ਨੂੰ ਪ੍ਰੋਫੈਸਰ ਸਾਹਿਬ ।।।।ਬਈ ਆਹ ਜਿਹੜੀ ਕਬਾੜ ਵੇਚ ਕੇ ਐਕਸਚੇਜ਼ ਵਾਲੀ ਸਕੀਮ ਐ।।।।।।ਇਹਦੇ ਵਿੱਚ ਜਿੰਨੇ ਕੂਪਨ ਤੁਸੀਂ ਐਡਜਸਟ ਕਰਵਾਉਣੇ ਹੋਣ ।।।।ਉਸ ਤੋਂ ਚਾਰ ਗੁਣਾਂ ਸਮਾਨ ਖਰੀਦਣਾ ਪੈਂਦਾ।।। ਯਾਨੀ ਜੇਕਰ ਤੁਸੀਂ ਦਸ ਹਜ਼ਾਰ ਰੁਪਏ ਦਾ ਸਮਾਨ ਖਰੀਦਿਆ ਤਾਂ ਢਾਈ ਹਜ਼ਾਰ ਰੁਪਏ ਦੇ ਕੂਪਨ ਐਡਜਸਟ ਹੋ ਜਾਣਗੇ ਤੇ ਤੁਹਾਨੂੰ ਸਿਰਫ ਸਾਢੇ ਸੱਤ ਹਜ਼ਾਰ ਰੁਪਏ ਨਗਦ ਦੇਣੇ ਪੈਣਗੇ। ’’ ਗੱਲ ਸੁਣ ਕੇ ਮੇਰੇ ਆਵਦੇ ਹੋਸ਼ ਉੱਡ ਗਏ। ਅੱਖ ਦੇ ਝਪਕੇ ਨਾਲ ਮੈਂ ਤਾਂ ਸੱਸੀ ਵਾਂਗੂ ਲੁੱਟਿਆ ਲੁੱਟਿਆ ਮਹਿਸੂਸ ਕੀਤਾ। ਨਾਲ ਖੜੀ ਸਰਦਾਰਨੀ ਦਾ ਮੂੰਹ ਪੀਲ ਪੈਣਾ ਸ਼ੁਰੂ ਹੋ ਗਿਆ। ਟਾਈ ਵਾਲਾ ਮੁੰਡਾ ਵਾਰ ਵਾਰ ਮੈਨੂੰ ਕਹਿ ਰਿਹਾ ਸੀ , ‘‘ ਦੱਸੋ ਪ੍ਰੋਫੈਸਰ ਸਾਹਿਬ।।। ਆਹ ਕੂਪਨ ਦੇ ਥੱਲੇ ਬਾਰੀਕ ਲਾਈਨ ਪੜ੍ਹ ਕੇ ਇਨ੍ਹਾਂ ਨੂੰ ਸਮਝਾਓ । ’’
ਇਸ਼ਤਿਹਾਰ ਅਤੇ ਕੂਪਨ ਦੇ ਥੱਲੇ ਵਾਲੀ ਬਰੀਕ ਲਾਈਨ ਨੂੰ ਜ਼ੋਰ ਲਗਾ ਕੇ ਪੜਦਿਆਂ ਪੜਦਿਆਂ ਮੇਰੀਆਂ ਅੱਖਾਂ ਘਰ ਵਾਲੀ ਨਾਲ ਮਿਲੀਆਂ, ਦੋ ਨੈਣ ਤੇਰੇ ਦੋ ਨੈਣ ਮੇਰੇ ਮਿਲ ਕੇ ਦੋ ਤੋਂ ਚਾਰ ਹੋਏ ।।।ਪਰ ਸਾਡੇ ਚਾਰੇ ਨੈਣਾਂ ਵਿੱਚ ਵੀ ਜਿਵੇਂ ਹਨੇਰਾ ਪਸਰਨ ਲੱਗਾ।।।।।ਮਤਲਬ ਜੇ ਇਹ ਸਵਾ ਉਨੀ ਹਜ਼ਾਰ ਦੇ ਕੂਪਨ ਐਡਜਸਟ ਕਰਨੇ ਹਨ ਤਾਂ ਸਾਨੂੰ ਅੱਸੀ ਹਜ਼ਾਰ ਦਾ ਸਮਾਨ ਖਰੀਦਣਾ ਪਊ। ਫਿਲਮੀ ਸੀਨ ਵਾਂਗ ਇਕ ਦੂਜੇ ਦੀਆਂ ਅੱਖਾਂ ’ਚ ਅੱਖਾਂ ਪਾ ਕੇ ਸਟਿਲ ਖੜ੍ਹੇ ਰਹੇ। ਨਾਲ ਦੀ ਨਾਲ ਬਿਨੇ ਜੀ ਇੱਕ ਕੈਮਰਾ ਚੱਕ ਲਿਆਏ ਅਖੇ ‘ ਪਾਪਾ ਆਹ ਕੈਮਰਾ ਆਪਾਂ ਲੈ ਲਈਏ।। ਬਹੁਤ ਸੋਹਣਾ। ’ ਉਸ ਕੈਮਰੇ ਤੇ ਨੌ ਹਜ਼ਾਰ ਨੌ ਸੌ ਨੜਿੱਨਵੇਂ ਰੁਪਏ ਦਾ ਟੈਗ ਲੱਗਾ ਸੀ। ਟਾਈ ਵਾਲਾ ਬਾਬੂ ਕਹਿੰਦਾ ‘ ਇਸ ਕੈਮਰੇ ਦੇ ਨਾਲ ਆਹ ਢਾਈ ਸੌ ਰੁਪਏ ਦੀ ਟਾਰਚ ਬਿਲਕੁਲ ਫਰੀ ਆ ਜੀ। ’ ਘਰ ਵਾਲੀ ਟਾਰਚ ਜਗਾ ਬੁਝਾ ਕੇ ਦੇਖਣ ਲੱਗ ਪਈ। ਮੇਰਾ ਮੱਥਾ ਹੋਰ ਠਣਕਿਆ। ਬਈ ਜੇ ਇਹਨੂੰ ਇਹ ਟਾਰਚ ਪਸੰਦ ਆ ਗਈ ਤਾਂ ਕੈਮਰਾ ਵੀ ਖਰੀਦਣਾ ਪਊ। ਸਰਦਾਰਨੀ ਲੱਗੀ ਹਿਸਾਬ ਕਿਤਾਬ ਲਾਉਣ ‘ ਨੌ ਹਜ਼ਾਰ ਨੌ ਸੌ ਨੜਿੱਬਵੇਂ।।।।ਤੇ ਸਾਡੇ ਕੋਲੇ ਆਹ ਕੂਪਨ ਆ ।।।।ਪੱਚੀ ਪ੍ਰਤੀਸ਼ਤ ਤਾਂ ਇਹ ਐਡਜਸਟ ਹੋ ਜਾਣਗੇ। ’ ਟਾਈ ਵਾਲਾ ਬਾਬੂ ਝਟਪਟ ਬੋਲਿਆ ‘ ਨਹੀਂ ਭੈਣਜੀ ਨਹੀਂ, ਇਹ ਕਬਾੜ ਐਕਸਚੇਜ਼ ਆਫਰ ਇਲੈਕਟ੍ਰੋਨਿਕ ਸਮਾਨ ਤੇ ਲਾਗੂ ਨਹੀਂ ਹੁੰਦੀ। ਇਹ ਸਿਰਫ ਕੱਪੜਿਆਂ ਅਤੇ ਜੁੱਤੀਆਂ ਤੇ ਲਾਗੂ ਹੁੰਦੀ ਆ।’
‘‘ਤੇ ਘਰੇਲੂ ਸਮਾਨ ਤੇ ?’’ ਸਰਦਾਰਨੀ ਨੇ ਵੇਲਾ ਸੰਭਾਲਦਿਆਂ ਟਾਈ ਵਾਲੇ ਬਾਬੂ ਨੂੰ ਪੁੱਛਿਆ।
‘‘ ਨਹੀਂ ਭੈਣਜੀ ।।ਗਰੌਸਰੀ ਤੇ ਫੂਡ ਤੇ ਵੀ ਇਹ ਆਫਰ ਲਾਗੂ ਨਹੀਂ ਹੁੰਦੀ, ਇਹ ਸਿਰਫ ਕੱਪੜਿਆਂ ਅਤੇ ਜੁੱਤੀਆਂ ਤੇ ਹੀ ਲਾਗੂ ਹੁੰਦੀ ਆ।’’ ਅਸੀਂ ਜਿਵੇਂ ਇਕ ਦਮ ਠੰਡੇ ਪਾਣੀ ਵਿੱਚ ਬਹਿ ਗਏ। ਸਿਰਫ ਕੱਪੜੇ ਅਤੇ ਜੁੱਤੀਆਂ ਕਿਵੇਂ ਖਰੀਦੀਆਂ ਜਾਣ ਅੱਸੀ ਹਜ਼ਾਰ ਦੀਆਂ। ਕਬਾੜ ਦਾ ਜੁਗਾੜ ਮਹਿੰਗਾ ਪੈਂਦਾ ਦੇਖਕੇ ਅਸੀਂ ਇਕ ਦੂਜੇ ਨੂੰ ਬਿਨਾਂ ਬੁਲਾਏ ਸ਼ੋਅ ਰੂਮ ਤੋਂ ਬਾਹਰ ਆ ਗਏ । ਮੈਂ ਸਰਦਾਰਨੀ ਦਾ ਮੂਡ ਬਦਲਣ ਦੀ ਕੋਸ਼ਿਸ਼ ਕੀਤੀ, ‘‘ਚੱਲ ਕੋਈ ਨੀ, ਤੂੰ ਮਨ ਨਾ ਖਰਾਬ ਕਰ, ਦੱਸ ਕਿਹੜੇ ਰੈਸਟੋਰੈਂਟ ਵਿੱਚ ਰੋਟੀ ਖਾਣੀ ਆਂ ? ’’
ਸਰਦਾਰਨੀ ਕਹਿੰਦੀ , ‘‘ ਘਰ ਚੱਲੋ, ਦਾਲ ਬਣੀ ਪਈ ਆ।।।। ਆਟਾ ਗੁੰਨਿਆਂ ਪਿਆ, ਟੈਮ ਨਾਲ ਰੋਟੀ ਖਾਈਏ। ਘਰ ਵਰਗੀ ਰੋਟੀ ਦੀ ਰੀਸ ਨਹੀਂ ’’।
ਉਹਨੇ ਕਾਹਲੀ ਕਾਹਲੀ ਨਾਲ ਪਰਸ ’ਚੋਂ ਫੋਨ ਕੱਢਿਆ ਤੇ ਡਾਇਲ ਕਰਦੀ ਕਰਦੀ ਆਖਣ ਲੱਗੀ , ‘‘ ਪਹਿਲਾਂ ਮੈਂ ਮੰਮੀ ਨੂੰ ਫੋਨ ਕਰ ਦਿਆਂ।। ਹੋਰ ਨਾ ਸਵੇਰ ਨੂੰ ਗੱਡੀ ਭਰ ਕੇ ਲੈ ਆਉਣ ਕਬਾੜ ਦੀ। ’’








ਅਲਵਿਦਾ ਗੁਰਸ਼ਾਨ !......... ਲੇਖ਼ / ਰਿਸ਼ੀ ਗੁਲਾਟੀ


ਘਟੀਆ ਤੇ ਸੌੜੀ ਮਾਨਸਿਕਤਾ ਦੀ ਇਸ ਤੋਂ ਵੱਡੀ ਉਦਾਹਰਣ ਹੋਰ ਕੀ ਹੋ ਸਕਦੀ ਹੈ ਕਿ ਸਿਰਫ਼ ਤਿੰਨ ਸਾਲ ਦੇ ਮਾਸੂਮ ਬੱਚੇ ਨੂੰ ਬਿਨਾਂ ਕਿਸੇ ਕਸੂਰ ਦੇ ਕਤਲ ਕਰ ਦਿੱਤਾ ਜਾਏ । ਘਟੀਆ ਸੋਚ ਨੇ ਇੱਕ ਅਜਿਹੇ ਫੁੱਲ ਨੂੰ ਕੁਚਲ ਦਿੱਤਾ, ਜੋ ਕਿ ਵੱਡਾ ਹੋ ਕੇ ਪਤਾ ਨਹੀਂ ਕੀ ਕੀ ਕਰ ਸਕਦਾ ਸੀ । ਸ਼ਾਇਦ ਕਾਤਲ ਨੇ ਸਮੁੱਚੇ ਭਾਈਚਾਰੇ ਤੋਂ ਇੱਕ ਅਜਿਹਾ ਡਾਕਟਰ ਖੋਹ ਲਿਆ, ਜਿਸਨੇ ਵੱਡਿਆਂ ਹੋ ਕੇ ਅਣਗਿਣਤ ਦੁਖਿਆਰਿਆਂ ਨੂੰ ਰਾਹਤ ਪਹੁੰਚਾਉਣੀ ਹੋਵੇ ਜਾਂ ਇੱਕ ਸਾਇੰਸਦਾਨ ਜਾਂ ਇੰਜੀਨੀਅਰ ਤੇ ਯਕੀਨਨ ਇੱਕ ਮਾਂ ਤੋਂ ਉਸਦੇ ਜਿਗਰ ਦਾ ਟੁਕੜਾ ਤੇ ਇੱਕ ਬਾਪ ਤੋਂ ਉਸਦੇ ਭਵਿੱਖ ਦਾ ਆਸਰਾ । ਉਹ ਮਾਸੂਮ ਗੁਰਸ਼ਾਨ ਜਿਸਨੂੰ ਅਜੇ ਤੱਕ ਆਸਟ੍ਰੇਲੀਆ ਤੇ ਭਾਰਤ ਸ਼ਬਦਾਂ ਦਾ ਫ਼ਰਕ ਵੀ ਨਹੀਂ ਪਤਾ ਸੀ । ਉਹ ਤਾਂ ਕੇਵਲ ਮੰਮੀ ਜਾਂ ਪਾਪਾ ਹੀ ਕਹਿ ਸਕਦਾ ਸੀ ਜਾਂ ਕਹਿ ਸਕਦਾ ਸੀ “ਮੰਮਾ ਦੁਦੂ”, “ਮੰਮਾ ਭੁੱਖੀ ਲੱਗੀ ਐ” ।
ਅਜੇ ਤਾਂ ਉਹ ਆਪਣੇ ਪਾਪਾ ਨਾਲ਼ ਰਿਹਾੜ ਕਰਨ ਜੋਗਾ ਵੀ ਨਹੀਂ ਸੀ ਕਿ ਮੈਂ ਆਹ ਚੀਜ਼ ਲੈਣੀ ਹੈ ਜਾਂ ਔਹ ਚੀਜ਼ ਲੈਣੀ ਹੈ । ਅਜੇ ਤਾਂ ਉਹ ਸੁਪਰ ਸਟੋਰਾਂ ‘ਚ ਖਿਡੌਣੇ ਲੈਣ ਦੀ ਜਿ਼ੱਦ ਕਰਨ ਲਈ ਫ਼ਰਸ਼ ਤੇ ਲਿਟਣ ਜੋਗਾ ਵੀ ਨਹੀਂ ਸੀ ਹੋਇਆ ਕਿ ਉਸਨੂੰ ਪਹਿਲਾਂ ਹੀ ਤਾਬੂਤ ‘ਚ ਲਿਟਾ ਦਿੱਤਾ ਗਿਆ ।






ਜਿੰਨੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰ।
ਮਤੁ ਸ਼ਰਮਿੰਦਾ ਹੋਵਹੀ ਸਾਈਂ ਦੇ ਦਰਬਾਰਿ।।
--ਬਾਬਾ ਸ਼ੇਖ਼ ਫ਼ਰੀਦ ਜੀ


ਕਲਾਮ ਬੁੱਲ੍ਹੇ ਸ਼ਾਹ

ਅਬ ਹਮ ਗੁੰਮ ਹੂਏ, ਪਰੇਮ ਨਗਰ ਕੇ ਸ਼ਹਿਰ
ਆਪਣੇ ਆਪ ਨੂੰ ਸੋਧ ਰਿਹਾ ਹੂੰ, ਨਾ ਸਿਰ ਹਾਥ ਨਾ ਪੈਰ

ਖ਼ੁਦੀ ਖੋਈ ਅਪਨਾ ਪਦ ਚੀਤਾ, ਤਬ ਹੋਈ ਗੱਲ ਖੈਰ
ਲੱਥੇ ਪਗੜੇ ਪਹਿਲੇ ਘਰ ਥੀਂ, ਕੌਣ ਕਰੇ ਨਿਰਵੈਰ?

ਬੁੱਲ੍ਹਾ ਸ਼ਹੁ ਹੈ ਦੋਹੀਂ ਜਹਾਨੀਂ, ਕੋਈ ਨਾ ਦਿਸਦਾ ਗ਼ੈਰ....



ਅਪਨੇ ਹਾਥੋਂ ਮੁਕਦ੍ਦਰ ਬਨਾ ਕਬ ਸਕੇ.......... ਗ਼ਜ਼ਲ

ਅਪਨੇ ਹਾਥੋਂ ਮੁਕਦ੍ਦਰ ਬਨਾ ਕਬ ਸਕੇ
ਔਰ ਖ਼ੁਦ ਕੋ ਸਿਕਂਦਰ ਬਨਾ ਕਬ ਸਕੇ

ਹਮ, ਫ਼ਕ਼ੀਰੋਂ ਕੀ ਦੁਨਿਯਾ ਮੇਂ ਆ ਤੋ ਗਏ
ਖ਼ੁਦ ਕੋ ਲੇਕਿਨ ਕਲਂਦਰ ਬਨਾ ਕਬ ਸਕੇ

ਹਮ ਸਭੀ ਨੇ ਮਕਾਂ ਤੋ ਬਨਾਯੇ ਮਗਰ

ਹਮ ਮਕਾਂ ਕੋ ਕਭੀ ਘਰ ਬਨਾ ਕਬ ਸਕੇ

ਪਤ੍ਥਰੋਂ ਕੇ ਨਗਰ ਮੇਂ ਰਹੇ ਘੂਮਤੇ
ਮੀਲ ਕਾ ਖ਼ੁਦ ਕੋ ਪਤ੍ਥਰ ਬਨਾ ਕਬ ਸਕੇ

ਮਨ ਤੋ ਕਰਤਾ ਥਾ ਹਮ ਭੀ ਉਡ਼ਾਨੇਂ ਭਰੇਂ
ਹੌਸਲੋਂ ਕੋ ਮਗਰ 'ਪਰ' ਬਨਾ ਕਬ ਸਕੇ

ਨਸ਼ਿਆਂ ਨੇ ਪੱਟ ਤੇ ਪੰਜਾਬੀ ਗੱਭਰੂ.......... ਲੇਖ / ਗੁਰਭਜਨ ਗਿੱਲ

ਪੰਜਾਬ ਵਿਚ ਨਸ਼ਿਆਂ ਦਾ ਹੜ੍ਹ ਕੰਧਾਂ ਕੋਠੇ ਟੱਪ ਗਿਆ ਹੈ, ਸ਼ਾਮਾਂ ਵੇਲੇ ਪੰਜਾਬ ਦਾ ਕੋਈ ਪਿੰਡ, ਸ਼ਹਿਰ ਜਾਂ ਕਸਬਾ ਅਜਿਹਾ ਨਹੀਂ ਹੁੰਦਾ ਜਿਥੇ ਚੜ੍ਹਦੀ ਜਵਾਨੀ ਨੂੰ ਨਸ਼ੇ ਦੀ ਲੋਰ ਵਿਚ ਕੰਧਾਂ ਵੀ ਭਾਬੀਆਂ ਵਾਂਗ ਨਹੀਂ ਦਿਸਦੀਆਂ। ਪਹਿਲਾਂ ਪਹਿਲ ਸ਼ਰਾਬੀ ਪਛਾਣੇ ਜਾਂਦੇ ਸਨ ਪਰ ਹੁਣ ਨਵੇਂ ਰਸਾਇਣਕ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਨੂੰ ਅੰਦਰੋਂ ਅੰਦਰ ਸਿਉਂਕ ਵਾਂਗ ਖਾ ਲਿਆ ਹੈ। ਨਸ਼ਾ ਮਹਿੰਗਾ ਹੋਣ ਕਰਕੇ ਘਰਾਂ ਨੂੰ ਵੀ ਸਿਉਂਕ ਲੱਗ ਗਈ ਹੈ। ਨੌਜਵਾਨ ਉਪ–ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਪਿਛਲੇ ਦਿਨੀਂ ਪੰਜਾਬ ਦੇ ਪੁਲਿਸ ਮੁਖੀ ਸ: ਪਰਮਦੀਪ ਸਿੰਘ ਗਿੱਲ ਦੇ ਨਾਲ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ ਨੂੰ ਇਸ ਖੋਰੇ ਤੋਂ ਪੈਦਾ ਹੋਣ ਵਾਲੇ ਖਤਰਿਆਂ ਬਾਰੇ ਸੁਚੇਤ ਕਰਦਿਆਂ ਵੰਗਾਰ ਕੇ ਆਖਿਆ ਸੀ ਕਿ ਨਸ਼ਿਆਂ ਦੀ ਅੰਨ੍ਹੀ ਤਜਾਰਤ ਦਾ ਮੂੰਹ ਮੋੜੋ। ਹੋ ਸਕਦਾ ਹੈ ਬਾਕੀ ਜ਼ਿਲ੍ਹਿਆਂ ਵਿਚ ਵੀ ਨਸ਼ਿਆਂ ਦੇ ਖਿਲਾਫ ਕੋਈ ਕਾਰਜ ਨੀਤੀ ਤਿਆਰ ਹੋਈ ਹੋਵੇ ਪਰ ਜਗਰਾਉਂ ਸਥਿਤ ਪੁਲਿਸ ਜਿਲ੍ਹੇ ਦੇ ਮੁਖੀ ਹਰਿੰਦਰ ਸਿੰਘ ਚਾਹਲ ਨੇ ਸੰਤ ਮਹਾਤਮਾ ਅੱਗੇ ਲਾ ਕੇ ਲੋਕ ਚੇਤਨਾ ਲਹਿਰ ਰਾਹੀਂ ਨਸ਼ਿਆਂ ਨੂੰ ਠੱਲ੍ਹ ਪਾਉਣ ਦਾ ਉਪਰਾਲਾ ਕੀਤਾ ਹੈ। ਚੰਗੀ ਕਿਸਮਤ ਨੂੰ ਇਸ ਇਲਾਕੇ ਵਿਚ ਨਾਨਕਸਰ ਸੰਪਰਦਾਇ ਦਾ ਹੈੱਡਕਵਾਟਰ ਹੈ ਅਤੇ ਨਸ਼ਿਆਂ ਖਿਲਾਫ ਮੁਹਿੰਮ ਦਾ ਆਰੰਭ ਵੀ ਉਨ੍ਹਾਂ ਨੇ ਏਥੋਂ ਹੀ ਕੀਤਾ ਹੈ। ਸਾਧਾਂ ਸੰਤਾਂ ਦੀ ਗੱਲ ਪੰਜਾਬ ਵਾਲੇ ਅੱਜਕਲ੍ਹ ਸਭ ਤੋਂ ਵੱਧ ਮੰਨਦੇ ਹਨ। ਇਸ ਵਿਧੀ ਦੇ ਨਾਲ–ਨਾਲ ਉਨ੍ਹਾਂ ਨੇ ਪਿੰਡਾਂ ਦੀਆਂ ਨੌਜਵਾਨ ਖੇਡ ਕਲੱਬਾਂ ਨੂੰ ਵੀ ਸੰਗਠਿਤ ਕੀਤਾ ਹੈ। ਇਸੇ ਜ਼ਿਲ੍ਹੇ ਵਿਚ ਨਸ਼ਿਆਂ ਦੇ ਖਿਲਾਫ ਪੁਸਤਕ ਲਿਖਣ ਵਾਲੇ ਪੁਲਿਸ ਕਪਤਾਨ ਗੁਰਪ੍ਰੀਤ ਸਿੰਘ ਤੂਰ ਅਤੇ ਪੰਜਾਬ ਦੀ ਜਵਾਨੀ ਨੂੰ ਪੂਰੇ ਪੰਜਾਬ ਅੰਦਰ ਸੰਗਠਿਤ ਕਰਨ ਵਾਲੇ ਉਪ ਪੁਲਿਸ ਕਪਤਾਨ ਪ੍ਰਿਥੀਪਾਲ ਸਿੰਘ ਬਟਾਲਾ ਦੀ ਹਾਜ਼ਰੀ ਸੋਨੇ ਤੇ ਸੁਹਾਗੇ ਵਾਂਗ ਗਿਣੀ ਜਾ ਸਕਦੀ ਹੈ। ਜੇਕਰ ਸਿਰਫ ਜਗਰਾਉਂ ਜ਼ਿਲ੍ਹਾ ਹੀ ਸੰਭਾਲ ਲਿਆ ਜਾਵੇ ਤਾਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਸਪਲਾਈ ਲਾਈਨ ਦਾ ਲੱਕ ਤੋੜਿਆ ਜਾ ਸਕਦਾ ਹੈ। ਰਾਜਸਥਾਨ ਅਤੇ ਫਿਰੋਜ਼ਪੁਰ ਸਰਹੱਦ ਵਾਲੇ ਪਾਸਿਉਂ ਆਉਂਦੇ ਨਸ਼ੀਲੇ ਪਦਾਰਥਾਂ ਨੂੰ ਠੱਲ੍ਹ ਪਾਉਣ ਲਈ ਜਗਰਾਉਂ ਦੀ ਹਸਤੀ ਪ੍ਰਮੁਖ ਬਣ ਸਕਦੀ ਹੈ। 30 ਅਕਤੂਬਰ ਨੂੰ ਇਸ ਮੁਹਿੰਮ ਦਾ ਨਾਨਕਸਰ ਵਿਚ ਸ਼ੁਭ ਆਰੰਭ ਕੀਤਾ ਜਾਣਾ ਹੈ। ਆਪਣੀ ਸ਼ਬਦ ਪੂੰਜੀ ਲੈ ਕੇ ਲਿਖਾਰੀ, ਗਾਇਕ, ਸਭਿਆਚਾਰਕ ਕਾਮੇ ਅਤ ਸਿੱਖਿਆ ਸਾਸ਼ਤਰੀ ਵੀ ਉਥੇ ਪਹੁੰਚਣਗੇ। ਹੁਣ ਸੁਆਲ ਇਹ ਪੈਦਾ ਹੁੰਦਾ ਹੈ ਕਿ ਇਸ ਵੱਡੀ ਮੁਹਿੰਮ ਨੂੰ ਤੋਰਨ ਵਿਚ ਸਾਰੀਆਂ ਧਿਰਾਂ ਸਿਰ ਜੋੜਦੀਆਂ ਹਨ ਜਾਂ ਆਪੋ ਆਪਣੀ ਤੂਤੀ ਹੀ ਵਜਾਉਂਦੀਆਂ ਹਨ। ਜੇਕਰ ਸਾਰੀਆਂ ਧਿਰਾਂ ਇਸ ਸਮਾਜਿਕ ਬੁਰਾਈ ਦੇ ਖਿਲਾਫ ਸਿਰ ਜੋੜ ਕੇ ਤੁਰ ਪੈਣ ਤਾਂ ਕੋਈ ਔਖੀ ਗੱਲ ਨਹੀਂ ਕਿ ਨਸ਼ਿਆਂ ਦੇ ਹੜ੍ਹ ਨੂੰ ਲੋਕ ਡੈਮ ਬਣ ਕੇ ਠੱਲ੍ਹ ਨਾ ਪਾ ਸਕਣ। ਨਸ਼ੀਲੇ ਪਦਾਰਥਾਂ ਦਾ ਵਣਜ ਕਰਦਿਆਂ ਲੋਕਾਂ ਨੂੰ ਪਛਾਨਣ ਅਤੇ ਦੁਰਕਾਰਨ ਨਾਲ ਹੀ ਅੱਧਾ ਕੰਮ ਮੁੱਕ ਸਕਦਾ ਹੈ।
ਨਸ਼ਿਆਂ ਦੇ ਹੜ੍ਹ ਵਿਚ ਪੰਜਾਬ ਰੁੜ੍ਹ ਰਿਹਾ ਹੈ। ਸਿਰਫ ਸ਼ਰਾਬ ਹੀ ਨਹੀਂ ਅਫੀਮ, ਤੰਬਾਕੂ, ਭੁੱਕੀ (ਪੋਸਤ ਦਾ ਚੂਰਾ), ਜ਼ਰਦਾ, ਭੰਗ, ਨਸ਼ੀਲੀਆਂ ਗੋਲੀਆਂ ਅਤੇ ਇਹੋ ਜਿਹਾ ਹੋਰ ਬਹੁਤ ਕੁਝ ਪੰਜਾਬ ਦੇ ਗਲੀ–ਗਲੀ, ਮੁਹੱਲੇ–ਮੁਹੱਲੇ ਸ਼ਰੇਆਮ ਵਿਕ ਰਿਹਾ ਹੈ। ਕਿਤੇ ਸਰਕਾਰੀ ਤੌਰ ਤੇ ਅਧਿਕਾਰਤ ਦੁਕਾਨਾਂ ਤੇ ਅਤੇ ਕਿਤੇ ਚੋਰੀ ਛਿਪੇ। ਸ਼ਰਾਬ ਤੋਂ ਬਿਨਾਂ ਬਾਕੀ ਸਾਰੇ ਹੀ ਨਸ਼ੇ ਪੰਜਾਬ ਵਿਚ ਵੇਚਣ ਤੇ ਪਾਬੰਦੀ ਹੈ ਪਰ ਹਕੀਕਤਾਂ ਕੁਝ ਹੋਰ ਹਨ। ਵੱਡਿਆਂ ਸ਼ਹਿਰਾਂ ਦੇ ਚੌਂਕ ਚੁਰਸਤੇ, ਪਾਨ ਵੇਚਣ ਵਾਲਿਆਂ ਦੇ ਖੋਖਿਆਂ ਬਹਾਨੇ ਜ਼ਰਦਾ ਅਤੇ ਹੋਰ ਨਸ਼ੀਲੀਆਂ ਵਸਤਾਂ ਦਾ ਕਾਰੋਬਾਰ ਕਰਨ ਵਾਲਿਆਂ ਨੇ ਮੱਲੇ ਹੋਏ ਹਨ। ਸਚ ਤਾਂ ਇਹ ਹੈ ਕਿ ਪੰਜਾਬ ਦੀ ਜਵਾਨੀ ਨੇ ਤਾਂ ਇਸ ਹੜ੍ਹ ਵਿਚ ਰੁੜ੍ਹਨਾ ਹੀ ਸੀ, ਬੱਚੇ ਵੀ ਜਵਾਨੀ ਦੀ ਦਹਿਲੀਜ਼ ਟਪਣ ਤੋਂ ਪਹਿਲਾਂ ਹੀ ਇਨ੍ਹਾਂ ਵਹਿਬਤਾਂ ਦਾ ਸ਼ਿਕਾਰ ਹੋ ਰਹੇ ਹਨ। ਫਿਕਰਮੰਦੀ ਦੀ ਘੜੀ ਹੈ। ਸਰਕਾਰ, ਸਮਾਜ, ਧਾਰਮਿਕ ਜਥੇਬੰਦੀਆਂ, ਖੇਡ ਕਲੱਬਾਂ, ਸਾਹਿਤ ਸਭਾਵਾਂ ਅਤੇ ਮੁਹੱਲਿਆਂ ਦੀਆਂ ਵਿਕਾਸ ਸਭਾ ਸੁਸਾਇਟੀਆਂ ਇਸ ਨਸ਼ੀਲੇ ਹੜ੍ਹ ਦੇ ਪਾਣੀ ਨੂੰ ਠੱਲ੍ਹ ਪਾ ਸਕਦੀਆਂ ਹਨ।
ਅੰਕੜੇ ਦੱਸਦੇ ਹਨ ਕਿ ਜਿਸ ਤੰਬਾਕੂ ਨੂੰ ਦੁਨੀਆਂ ਦਾ ਕੋਈ ਵੀ ਧਰਮ ਵਰਤਣਯੋਗ ਵਸਤੂ ਨਹੀਂ ਮੰਨਦਾ ਅਤੇ ਜਿਸ ਦੇ ਖਿਲਾਫ ਸਿਹਤ ਸੰਗਠਨ ਦੀਆਂ ਕੋਸ਼ਿਸ਼ਾਂ ਪਿਛਲੇ ਲੰਬੇ ਸਮੇਂ ਤੋਂ ਨਿਰੰਤਰ ਜਾਰੀ ਹਨ ਹਰ ਵਰ੍ਹੇ 40 ਲੱਖ ਜਾਨਾਂ ਦਾ ਖੌ ਬਣਦਾ ਹੈ। ਅੰਦਾਜ਼ਨ ਰੋਜ਼ਾਨਾ ਗਿਆਰਾਂ ਹਜ਼ਾਰ ਬੰਦੇ ਸਮੇਂ ਅਤੇ ਔਰਤਾਂ ਸਿਵਿਆਂ ਦੇ ਰਾਹ ਪੈਂਦੇ ਹਨ। ਜੇਕਰ ਇਹੀ ਹਵਾ ਵਗਦੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦ ਸੰਨ 2020 ਤਕ 70 ਲੱਖ ਜਾਨਾਂ ਹਰ ਵਰ੍ਹੇ ਮੌਤ ਦੀ ਭੇਟਾ ਚੜਿਆ ਕਰਨਗੀਆਂ ਤੰਬਾਕੂ ਨੂੰ ਆਦਮੀ ਨਹੀਂ ਪੀਂਦਾ, ਤੰਬਾਕੂ ਆਦਮੀ ਨੂੰ ਪੀਂਦਾ ਹੈ। ਇਸ ਇਕੱਲੇ ਦੁਸ਼ਮਣ ਕਾਰਨ 30 ਜਾਨ ਲੇਵਾ ਬੀਮਾਰੀਆਂ ਮਨੁੱਖੀ ਸਰੀਰ ਨੂੰ ਚਿੰਬੜਦੀਆਂ ਹਨ। ਫੇਫੜਿਆਂ ਦੇ ਕੈਂਸਰ ਤੋਂ ਲੈ ਕੇ ਗਲੇ ਦੇ ਕੈਂਸਰ ਤੀਕ। ਇਹ ਵੀ ਅੰਕੜੇ ਬੋਲਦੇ ਹਨ ਕਿ ਤੰਬਾਕੂ ਦੀ ਵਿਕਰੀ ਤੋਂ ਸਰਕਾਰ ਨੂੰ ਸਾਲਾਨਾ ਕਮਾਈ ਸਿਰਫ 6 ਹਜ਼ਾਰ ਕਰੋੜ ਰੁਪਏ ਹੁੰਦੀ ਹੈ ਜਦ ਕਿ ਇਸ ਤੋਂ ਪੈਦਾ ਹੁੰਦੀਆਂ 30 ਬੀਮਾਰੀਆਂ ਕਾਰਨ 37 ਹਜ਼ਾਰ ਕਰੋੜ ਰੁਪਏ ਆਮ ਲੋਕਾਂ ਦੀਆਂ ਜੇਬਾਂ ਵਿੱਚੋਂ ਨਿਕਲ ਕੇ ਬਹੁ–ਕੌਮੀ ਕੰਪਨੀਆਂ ਦੀਆਂ ਦਵਾਈਆਂ ਅਤੇ ਹਸਪਤਾਲਾਂ ਦੀ ਜੇਬ ਵਿਚ ਪੈ ਜਾਂਦੇ ਹਨ। ਕੀ ਇਹ ਗੱਲ ਰਾਜ ਕਰਦੀਆਂ ਧਿਰਾਂ ਨੂੰ ਸਮਝ ਹੀ ਨਹੀਂ ਆਉਂਦੀ ਜਾਂ ਉਹ ਸਮਝਣ ਦਾ ਯਤਨ ਹੀ ਨਹੀਂ ਕਰਨਾ ਚਾਹੁੰਦੀਆਂ। ਹੁਣ ਸ਼ੁਕਰ ਹੈ ਕਿ ਕੇਂਦਰੀ ਸਰਕਾਰ ਨੇ ਜਨਤਕ ਥਾਵਾਂ ਤੇ ਸਿਗਰਟਨੋਸ਼ੀ ਤੇ ਪਾਬੰਦੀ ਲਾ ਦਿੱਤੀ ਹੈ ਪਰ ਹੁੱਕੇ ਤੋਂ ਹੋਣ ਵਾਲੇ ਨੁਕਸਾਨ ਨੂੰ ਕੌਣ ਨੱਥ ਪਾਵੇਗਾ। ਹੁੱਕੇ ਦੀ ਗੁੜ ਗੁੜ ਵੀ ਅਨੇਕਾਂ ਗੰਭੀਰ ਰੋਗਾਂ ਦੀ ਮਾਂ ਹੈ।
ਤੰਬਾਕੂ ਇਸ ਧਰਤੀ ਦਾ ਪੌਦਾ ਨਹੀਂ। ਜਹਾਂਗੀਰ ਦੇ ਰਾਜਕਾਲ ਵੇਲੇ ਇਹ ਨਾ–ਮੁਰਾਦ ਪੌਦਾ ਪੰਜਾਬ ਦੀ ਧਰਤੀ ਤੇ ਪੁ¤ਜਾ ਸੀ। ਤੁਜ਼ਕੇ ਜਹਾਂਗੀਰੀ ਵਿਚ ਇਸ ਦਾ ਪਹਿਲੀ ਵਾਰ ਵਰਨਣ ਹੋਇਆ ਹੈ। ਗੁਰਬਾਣੀ ਵਿਚ ਵੀ ਤੰਬਾਕੀ ਦੇ ਸੇਵਨ ਨੂੰ ਰੱਜ ਕੇ ਨਿੰਦਿਆ ਗਿਆ ਹੈ।
ਪਾਨ ਸੁਪਾਰੀ ਖਾਤੀਆ ਮੁਖਿ ਬੀੜੀਆ ਲਾਈਆ।।
ਹਰਿ ਹਰਿ ਕਦੇ ਨਾ ਚੇਤਿਓ ਜਮਿ ਪਕੜਿ ਚਲਾਈਆ।। (ਸ਼੍ਰੀ ਗੁਰੂ ਗ੍ਰੰਥ ਸਾਹਿਬ, ਅੰਕ 726)
ਸਿੱਖ ਇਤਿਹਾਸ ਵਿਚ ਇੱਕ ਪ੍ਰਮਾਣ ਵਾਰ–ਵਾਰ ਆਉਂਦਾ ਹੇ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਘੋੜਾ ਵੀ ਤੰਬਾਕੂ ਦਾ ਖੇਤ ਸਾਹਮਣੇ ਵੇਖ ਕੇ ਉਸ ਵਿਚ ਪੈਰ ਪਾਉਣੋਂ ਅਟਕ ਗਿਆ ਸੀ। ਜਦ ਖੇਤ ਦੇ ਮਾਲਕ ਨੇ ਗੁਰੂ ਗੋਬਿੰਦ ਸਿੰਘ ਜੀ ਪਾਸ ਬਖਸ਼ਿਸ਼ ਲਈ ਅਰਦਾਸ ਕੀਤੀ ਤਾਂ ਉਨ੍ਹਾਂ ਨੇ ਉਸ ਤੰਬਾਕੂ ਦੀ ਖੇਤੀ ਕਰਨ ਤੋਂ ਵਰਜਿਆ। ਇਸ ਵਿਚ ਲੁਕਿਆ ਇਸ਼ਾਰਾ ਸਮਝਣ ਦੀ ਲੋੜ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਸਿਹਤਮੰਦ ਸ਼ਕਤੀਸ਼ਾਲੀ ਪੰਥ ਦੀ ਸਿਰਜਣਾ ਕਰਨ ਵੇਲੇ ਨਸ਼ਾ ਰਹਿਤ ਸਮਾਜ ਦਾ ਸੁਪਨਾ ਲਿਆ ਸੀ ਪਰ ਅੱਜ ਅਸੀਂ ਕਿੱਧਰ ਨੂੰ ਤੁਰ ਪਏ ਹਾਂ ?
ਪੰਜਾਬ ਵਿਚ ਵੱਸਦੇ ਸਿੱਖ ਪਰਿਵਾਰਾਂ ਵਿਚ ਇਹ ਕੋਹੜ ਪਹਿਲਾਂ ਬਹੁਤ ਘੱਟ ਸੀ ਪਰ ਪਿਛਲੇ ਕੁਝ ਸਮੇਂ ਤੋਂ ਅਸੀਂ ਵੇਖ ਰਹੇ ਹਾਂ ਕਿ ਨਵੇਂ ਨਵੇਂ ਨਾਵਾਂ ਹੇਠ ਵਿਕ ਰਿਹਾ ਇਹ ਜ਼ਹਿਰ ਰੁਤਬੇ ਦੀ ਨਿਸ਼ਾਨੀ ਬਣ ਗਿਆ ਹੈ। ਤੰਬਾਕੂ ਕੰਪਨੀਆਂ ਦੇ ਦਿਲਕਸ਼ ਇਸ਼ਤਿਹਾਰ ਅਤੇ ਟੈਲੀਵੀਜ਼ਨ ਤੇ ਕੀਤੀਆਂ ਮਸ਼ਹੂਰੀਆਂ ਕ¤ਚੀ ਉਮਰ ਦੇ ਨੌਜਵਾਨਾਂ ਅਤੇ ਬੱਚਿਆਂ ਨੂੰ ਆਪਣੇ ਵੱਲ ਖਿੱਚਦੀਆਂ ਹਨ। ਇੱਕ ਅੰਦਾਜ਼ੇ ਅਨੁਸਾਰ ਇਹ ਤੰਬਾਕੂ ਕੰਪਨੀਆਂ ਭਾਰਤ ਵਿਚ ਹਰ ਰੋਜ਼ ਗਿਆਰਾਂ ਹਜ਼ਾਰ ਨਵੇਂ ਗਾਹਕ ਲੱਭਦੀਆਂ ਹਨ ਕਿਉਂਕਿ ਉਹ ਇਸ ਗੱਲ ਤੋਂ ਭਲੀਭਾਂਤ ਵਾਕਫ ਹਨ ਕਿ ਪੁਰਾਣੇ ਗਾਹਕ ਤੰਬਾਕੂ ਖਾ ਪੀ ਕੇ ਨਾਲੋਂ–ਨਾਲ ਤੇਜ਼ ਰਫਤਾਰ ਨਾਲ ਮਰ ਵੀ ਤਾਂ ਰਹੇ ਹਨ। ਇਹ ਗੱਲ ਵੀ ਕਿਸੇ ਤੋਂ ਲੁਕੀ–ਛਿਪੀ ਨਹੀਂ ਕਿ ਗੁਟਕਾ, ਜ਼ਰਦਾ ਅਤੇ ਤੰਬਾਕੂ ਨਸ਼ਿਆਂ ਦੀ ਡਿਓੜੀ ਹੈ ਅਤੇ ਇਸ ਤੋਂ ਅੱਗੇ ਵਧ ਕੇ ਭਵਿੱਖ ਦੇ ਨਸ਼ਈ ਬਣਨ ਦੀ ਪੂਰਨ ਸੰਭਾਵਨਾ ਹੈ। ਅਨੇਕਾਂ ਸਮਾਜਕ ਸੰਸਥਾਵਾਂ ਵੱਲੋਂ ਇਸ ਕਹਿਰੀ ਜ਼ਹਿਰ ਦੇ ਖਿਲਾਫ ਬੜਾ ਜ਼ੋਰਦਾਰ ਪ੍ਰਚਾਰ ਅਤੇ ਪ੍ਰਸਾਰ ਕਾਰਜ ਕੀਤਾ ਜਾ ਰਿਹਾ ਹੈ ਪਰ ਇਸ ਲਹਿਰ ਨੂੰ ਸਰਬ–ਧਰਮ ਮੰਨਣ ਵਾਲਿਆਂ ਨੂੰ ਅਪਨਾਉਣਾ ਚਾਹੀਦਾ ਹੈ, ਕਿਉਂਕਿ ਨਸ਼ਾ ਵਿਰੋਧੀ ਕਾਫਲਾ ਹੀ ਮਾਨਵ ਹਿਤੈਸ਼ੀ ਹੋਣ ਦਾ ਹੱਕ ਰੱਖੂ ਦਾ ਹੈ। ਇਹ ਗੱਲ ਵੀ ਵਿਗਿਆਨੀ ਹੀ ਦੱਸਦੇ ਹਨ ਕਿ ਲੁਧਿਆਣੇ ਵਰਗੇ ਧੂੰਆਂਧਾਰ ਸ਼ਹਿਰ ਦਾ ਧੂੰਆਂ ਵੀ ਤੰਬਾਕੂ ਦੇ ਧੂੰਏਂ ਨਾਲੋਂ 20ਵਾਂ ਹਿੱਸਾ ਘੱਟ ਖਤਰਨਾਕ ਹੈ। ਜੇਕਰ ਅਸੀਂ ਇਸ ਗੱਲ ਨੂੰ ਸਮਝਦੇ ਅਤੇ ਜਾਣਦੇ ਹਾਂ ਤਾਂ ਇਸ ਦੇ ਖਿਲਾਫ ਲੋਕ ਲਾਮਬੰਦੀ ਕਰਨ ਲਈ ਕਿਉ ਨਹੀਂ ਤੁਰਦੇ? ਤੰਬਾਕੂ ਦੇ ਖਿਲਾਫ ਸਿਰਫ ਪ੍ਰਚਾਰ ਹੀ ਨਹੀਂ ਸਗੋਂ ਪ੍ਰੇਰਨਾ ਕੇਂਦਰ ਖੋਲ ਕੇ ਅਣਭੋਲ ਜਵਾਨੀਆਂ ਨੂੰ ਸਿੱਖਿਅਤ ਕਰਨ ਦੀ ਵੀ ਜ਼ਰੂਰਤ ਹੈ। ਸਕੂਲਾਂ, ਕਾਲਜਾਂ, ਧਰਮ ਅਸਥਾਨਾਂ, ਸਮਾਜਿਕ ਭਲਾਈ ਕੇਂਦਰਾਂ, ਸਰਕਾਰੀ ਦਫਤਰਾਂ, ਬਸ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ਤੇ ਵਿਕ ਰਹੇ ਇਸ ਜ਼ਹਿਰ ਦੇ ਖਿਲਾਫ ਕਾਰਵਾਈ ਕਰਨ ਲਈ ਸਰਕਾਰ ਨੂੰ ਤੁਰੰਤ ਹਰਕਤ ਵਿਚ ਆਉਣਾ ਚਾਹੀਦਾ ਹੈ।
ਤੰਬਾਕੂ ਦੇ ਖਿਲਾਫ ਹਰ ਵਰ੍ਹੇ ਵਿਸ਼ਵ ਪਧਰ ਤੇ ਇਕ ਦਿਹਾੜਾ ਨਿਸ਼ਚਿਤ ਹੈ। 31 ਮਈ ਦੇ ਦਿਨ ਇਸ ਦੇ ਖਿਲਾਫ ਬੜੀਆਂ ਤਕਰੀਰਾਂ ਹੁੰਦੀਆਂ ਹਨ। ਬੈਨਰ ਚੁੱਕ ਕੇ ਤਸਵੀਰਾਂ ਖਿਚਵਾਈਆਂ ਜਾਂਦੀਆਂ ਹਨ। ਅਖਬਾਰਾਂ ਦੇ ਕਾਲਮ ਇਸ ਦਿਨ ਬਹੁਤ ਕੁਝ ਬੋਲਦੇ ਹਨ ਪਰ ਕਹਾਣੀ ਉਥੇ ਦੀ ਉਥੇ ਹੀ ਅਟਕੀ ਹੋਈ ਹੈ। ਕੋਈ ਵੀ ਤੰਬਾਕ ਵੇਚਦਾ ਖੋਖਾ ਇਕ ਇੰਚ ਵੀ ਅੱਗੇ ਪਿੱਛੇ ਨਹੀਂ ਹੁੰਦਾ। ਆਖਰ ਅਸੀਂ ਸਾਰੇ ਜਣੇ ਕਿਸ ਨੂੰ ਧੋਖਾ ਦੇ ਰਹੇ ਹਾਂ, ਸਿਰਫ ਆਪਣੇ ਆਪ ਨੂੰ । ਤੰਬਾਕੂ ਪੀਣ ਵਾਲਾ ਵਿਅਕਤੀ ਹੀ ਸਿਰਫ ਇਸ ਦੇ ਮਾਰੂ ਅਸਰ ਤੋਂ ਪੀੜਤ ਨਹੀਂ ਹੁੰਦਾ ਸਗੋਂ ਇਸ ਦੇ ਧੂੰਏਂ ਵਿਚ ਸ਼ਾਮਲ ਜ਼ਹਿਰੀਲੇ ਕਣ ਕਿਸੇ ਕੋਲੋਂ ਲੰਘਦੇ ਆਦਮੀ ਨੂੰ ਵੀ ਬੀਮਾਰੀ ਦਾ ਤੋਹਫਾ ਦੇ ਸਕਦੇ ਹਨ। ਇਹ ਗੱਲ ਸਾਰੇ ਹੀ ਜਾਣਦੇ ਹਨ ਕਿ ਇਸ ਤੰਕਾਬੂਨੋਸ਼ੀ ਕਾਰਨ ਹਰ ਵਰ੍ਹੇ ਕਿੰਨੇ ਘਰਾਂ ਦੇ ਸੁਹਾਗ ਉਜੜਦੇ ਹਨ ਬੱਚੇ ਅਨਾਥ ਹੁੰਦੇ ਹਨ ਪਰ ਸਾਡੀ ਢੀਠਤਾਈ ਦੀ ਹੱਦ ਇਹ ਹੈ ਕਿ ਤੰਬਾਕੂ ਪੀ ਪੀ ਕੇ ਫੇਫੜੇ ਦਾ ਕੈਂਸਰ ਕਰਵਾ ਕੇ ਮਰੇ ਆਦਮੀ ਦੀ ਮਾਤਮ ਪੁਰਸੀ ਵੇਲੇ ਵੀ ਸਾਡੇ ਮੂੰਹੋਂ ਸੱਚ ਨਹੀਂ ਨਿਕਲਦਾ ਕਿ ਇਹ ਭੱਦਰ ਪੁਰਸ਼ ਕਿਸ ਕਰਤੂਤ ਕਰਕੇ ਮਰਿਆ ਹੈ। ਸਗੋਂ ਇਹੀ ਆਖਦੇ ਹਾਂ ਕਿ ਇਸ ਦੀ ਕਿਸਮਤ ਵਿਚ ਹੀ ਥੋੜ੍ਹੀ ਉਮਰ ਲਿਖੀ ਹੋਈ ਸੀ। ਇਹ ਕਦੇ ਨਹੀਂ ਆਖਦੇ ਕਿ ਤੰਬਾਕੂ ਇਸ ਦੀ ਉਮਰ ਨੂੰ ਹਰ ਰੋਜ਼ ਘਟਾਈ ਗਿਆ ਜਿਸ ਲਈ ਮਰਨ ਵਾਲਾ ਵਿਅਕਤੀ ਇਕੱਲਾ ਜ਼ਿੰਮੇਂਵਾਰ ਨਹੀਂ ਸਗੋਂ ਅਸੀਂ ਸਾਰੇ ਹੀ ਉਸ ਦੇ ਕਾਤਲ ਹਾਂ ਜਿਨ੍ਹਾਂ ਨੇ ਨਸ਼ਾ ਰਹਿਤ ਸਮਾਜ ਸਿਰਜਣ ਵਿਚ ਦੇਰੀ ਕੀਤੀ ਹੈ। ਕਈ ਕਾਹਲੇ ਲੋਕ ਇਹ ਵੀ ਆਖਦੇ ਹਨ ਕਿ ਨਸ਼ਿਆਂ ਦੇ ਖਿਲਾਫ ਕਾਨੂੰਨ ਨੂੰ ਸਖਤੀ ਵਰਤਣੀ ਚਾਹੀਦੀ ਹੈ ਪਰ ਅਜਿਹਾ ਆਖ ਕੇ ਅਸੀਂ ਆਪਣੀ ਜਿੰਮੇਂਵਾਰੀ ਤੋਂ ਭੱਜਦੇ ਹਾਂ। ਕਾਨੂੰਨ ਦੀ ਸਖਤੀ ਇੱਕ ਪਹਿਲੂ ਹੈ ਬਾਕੀ ਜ਼ਿੰਮੇਂਵਾਰੀ ਸਮਾਜ ਦੇ ਉਨ੍ਹਾਂ ਲੋਕਾਂ ਦੀ ਹੈ ਜਿਨ੍ਹਾਂ ਨੂੰ ਇਸ ਭਿਆਨਕ ਨਸ਼ੇ ਦੀ ਭਿਆਨਕਤਾ ਬਾਰੇ ਚੇਤਨਾ ਹੈ। ਕਾਨੂੰਨੀ ਸਖਤੀ ਤੀਕ ਨੌਬਤ ਹੀ ਕਿਉਂ ਆਵੇ?
ਇਹ ਗੱਲ ਸਾਡੇ ਲੋਕ ਗੀਤਾਂ ਵਿਚ ਵੀ ਵਾਰ–ਵਾਰ ਆਈ ਹੈ ਕਿ ਨਸ਼ਿਆਂ ਨੇ ਲਖਾਂ ਘਰਾਂ ਗਾਲ੍ਹੇ ਹਨ ਅਤੇ ਨਸ਼ਿਆਂ ਦੀ ਬਰਬਾਦੀ ਨਾਲ ਵਸਦੇ ਰਸਦੇ ਘਰ ਉਜਾੜ ਬੀਆ–ਬਾਨ ਬਣ ਜਾਂਦੇ ਹਨ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਸ਼ਰਾਬ ਵਰਗੇ ਨਸ਼ੇ ਦਾ ਸੂਬਿਆਂ ਦੀ ਆਰਥਿਕਤਾ ਲਈ ਮੁੱਖ ਕਮਾਈ ਸਾਧਨ ਬਣ ਜਾਣਾ ਵੀ ਅਫਸੋਸਨਾਕ ਪਹਿਲੂ ਹੈ। ਤੁਸੀਂ ਆਪ ਸੋਚੋ ਜਿਸ ਸ਼ਰਾਬ ਦੀ ਕਮਾਈ ਨਾਲ ਸੂਬਿਆਂ ਦਾ ਰਾਜ ਪ੍ਰਬੰਧ ਚੱਲ ਰਿਹਾ ਹੋਵੇ ਉਥੇ ਨਸ਼ਾਬੰਦੀ ਦਾ ਸੁਪਨਾ ਕਿਵੇਂ ਲਿਆ ਜਾ ਸਕਦਾ ਹੈ। ਅਸੀਂ ਆਪਣੇ ਲੋਕਾਂ ਨੂੰ ਇਸ ਹੱਦ ਤ¤ਕ ਨਸ਼ਿਆਂ ਦਾ ਗੁਲਾਮ ਬਣਾ ਲਿਆ ਹੈ ਕਿ ਨਸ਼ਾ ਨਾ ਮਿਲਣ ਦੀ ਸੂਰਤ ਵਿਚ ਉਹ ਕੁਝ ਵੀ ਕਰ ਸਕਦੇ ਹਨ। ਗੁਆਂਢੀ ਰਾਜ ਹਰਿਆਣਾ ਵਿਚ ਕੁਝ ਸਮੇਂ ਲਈ ਕੀਤੀ ਨਸ਼ਾਬੰਦੀ ਨੇ ਜਿਥੇ ਇਸ ਸੁਪਨੇ ਦੇ ਸੁਪਨਕਾਰ ਨੂੰ ਰਾਜ ਗੱਦੀ ਤੋਂ ਲਾਂਭੇ ਹਟਾਇਆ ਉਥੇ ਕਰੋੜਾਂ ਰੁਪਏ ਦੀ ਸ਼ਰਾਬ ਨਜ਼ਾਇਜ਼ ਰੂਪ ਵਿਚ ਵਿਕਣ ਦਾ ਵੀ ਉਲਾਂਭਾ ਖੱਟਿਆ। ਸਾਡੇ ਹੁਕਮਰਾਨ ਭਾਵੇਂ ਕਿਸੇ ਵੀ ਸਿਆਸੀ ਰੰਗ ਦੇ ਹੋਣ, ਹੁਣ ਕਦੇ ਵੀ ਇਹ ਖਤਰਾ ਮੁੱਲ ਨਹੀਂ ਲੈਣਗੇ ਕਿ ਨਸ਼ਾਬੰਦੀ ਕਰਕੇ ਰਾਜ ਭਾਗ ਨੂੰ ਹੱਥੋਂ ਛੱਡਿਆ ਜਾਵੇ, ਜਵਾਨੀ ਭਾਵੇਂ ਤਬਾਹ ਹੋ ਜਾਵੇ। ਇਕ ਗੀਤ ਸੁਣਿਆ ਸੀ।
ਅੱਗੇ ਰਾਹੀ ਰਾਹ ਪੁੱਛਦੇ, ਹੁਣ ਪੁੱਛਦੇ ਸ਼ਰਾਬ ਵਾਲੇ ਠੇਕੇ।
ਪਰ ਹੁਣ ਇਹ ਗੱਲ ਸਿਰਫ ਗੀਤਾਂ ਵਿਚ ਹੀ ਸੱਚ ਲੱਗਦੀ ਹੈ ਕਿਉਂਕਿ ਹੁਣ ਸ਼ਰਾਬੀਆਂ ਨੂੰ ਠੇਕਾ ਪੁੱਛਣ ਦੀ ਲੋੜ ਨਹੀਂ, ਹਰ ਚੌਂਕ ਵਿਚ ਹੀ ਠੇਕਾ ਹੈ। ਉਸ ਤੋਂ ਬਚ ਕੇ ਕੋਈ ਵੀ ਸ਼ਰਾਬੀ ਘਰ ਕਿਵੇਂ ਸੁੱਕਾ ਪਹੁੰਚ ਸਕਦਾ ਹੈ। ਪਿਛਲੇ ਦਿਨੀਂ ਲੰਮਾ ਸਮਾਂ ਸ਼ਰਾਬ ਪੀ ਕੇ ਗੁਰਦਿਆਂ ਦੀ ਬੀਮਾਰੀ ਸਹੇੜੀ ਬੈਠੇ ਇੱਕ ਸੱਜਣ ਨੇ ਬੜੇ ਕਸ਼ਟ ਨਾਲ ਇਹ ਗੱਲ ਦੱਸੀ ਕਿ ਸ਼ਰਾਬ ਦਾ ਠੇਕਾ ਜੇ ਘਰ ਦੇ ਨੇੜੇ ਨਾ ਹੁੰਦਾ ਤਾਂ ਮੇਰੀ ਇਹ ਹਾਲਤ ਨਾ ਹੁੰਦੀ।
ਦੱਸ ਨੀ ਸ਼ਰਾਬ ਦੀਏ ਬੋਤਲੇ ਕਮੀਨੀਏ,
ਮੈਂ ਤੈਨੂੰ ਪੀਂਦਾ ਹਾਂ ਜਾਂ ਤੂੰ ਮੈਨੂੰ ਪੀਨੀ ਏਂ।
ਇਹ ਗੱਲ ਵਿਚਾਰਨ ਵਾਲੀ ਹੈ ਕਿ ਅਸੀਂ ਕਿੰਨਾ ਕੁ ਚਿਰ ਇਸ ਨਸ਼ੇ ਦੀ ਵਿਕਰੀ ਕਰ–ਕਰ ਕੇ ਰਾਜ ਪ੍ਰਬੰਧ ਦੀਆਂ ਜਰਜਰੀਆਂ ਕੋਠੜੀਆਂ ਨੂੰ ਠੁੰਮਣਾ ਦੇਈ ਰੱਖਾਂਗੇ। ਅਖੀਰ ਸਾਨੂੰ ਆਪਣੇ ਨਿਜ਼ਾਮ ਦੀ ਛੱਤ ਹੇਠਾਂ ਪਾਏਦਾਰ ਆਰਥਿਕ ਕੰਧਾਂ ਦੀ ਉਸਾਰੀ ਕਰਨੀ ਪਵੇਗੀ।
ਇਹ ਗੱਲ ਵੀ ਵਿਚਾਰ ਮੰਗਦੀ ਹੈ ਕਿ ਅਸੀਂ ਨਸ਼ਿਆਂ ਨੂੰ ਕਿਸੇ ਖੁਸ਼ੀ ਨੂੰ ਮਨਾਉਣ ਜਾਂ ਗਮੀ ਨੂੰ ਦੂਰ ਕਰਨ ਦਾ ਵਸੀਲਾ ਕਿਉਂ ਬਣਾਇਆ ਹੈ? ਕੀ ਅਸੀਂ ਇਸ ਗੁਲਾਮੀ ਤੋਂ ਮੁਕਤ ਨਹੀਂ ਹੋ ਸਕਦੇ। ਸਾਨੂੰ ਇਹ ਵਿਚਾਰਨਾ ਪਵੇਗਾ ਕਿ ਆਪਣੇ ਘਰਾਂ ਵਿਚ ਸ਼ਰਾਬ ਰੁਤਬੇ ਦੀ ਬੁਲੰਦੀ ਦਾ ਸਬੂਤ ਬਣ ਕੇ ਪੇਸ਼ ਨਾ ਹੋਵੇ ਸਗੋਂ ਇਸ ਨੂੰ ਇਕ ਮਾਨਸਿਕ ਕਮਜ਼ੋਰੀ ਸਮਝ ਕੇ ਪਛਾਣਿਆ ਜਾਵੇ।
ਕੋਈ ਸਮਾਂ ਸੀ ਜਦ ਸ਼ਰਾਬ ਪੀਣ ਵਾਲਾ ਆਦਮੀ ਆਪਣੇ ਘਰ ਮੂੰਹ ਘੁੱਟ ਕੇ ਵੜਦਾ ਸੀ ਕਿ ਕਿਤੇ ਮੇਰੀ ਪਤਨੀ, ਜਵਾਨ ਪੁੱਤਰ ਜਾਂ ਮੁਟਿਆਰ ਧੀ ਨੂੰ ਇਸ ਦੀ ਬਦਬੂ ਨਾ ਆ ਜਾਵੇ। ਪਰ ਹੁਣ ਘਰ ਆਏ ਮਹਿਮਾਨ ਦੀ ਉਡੀਕ ਕਈ ਵਾਰ ਸਿਰਫ ਏਸ ਵਾਸਤੇ ਕੀਤੀ ਜਾਂਦੀ ਹੈ ਕਿ ਕੋਈ ਮਹਿਮਾਨ ਆ ਜਾਵੇ ਘੜੀ ਬੈਠਾਂਗੇ, ਪੀਵਾਂਗੇ। ਬਹੁਤ ਸਾਰੇ ਨਵੇਂ ਅਮੀਰ ਹੋਏ ਸ਼ਹਿਰੀ ਘਰਾਂ ਵਿਚ ਜਿਥੇ ਪੂਜਾ ਸਥਾਨਾਂ ਦੀਆਂ ਉਸਾਰੀਆਂ ਵੀ ਜ਼ੋਰਾਂ ਤੇ ਹਨ ਉਨ੍ਹਾਂ ਹੀ ਘਰਾਂ ਵਿਚ ਬਹੁਤ ਥਾਈਂ ਸ਼ਰਾਬ ਦੇ ਲੁਕਵੇਂ ਪ੍ਰਬੰਧ ਕੀਤੇ ਹੋਏ ਮੈਂ ਖੁਦ ਵੇਖੇ ਹਨ। ਕਿਸੇ ਨੇ ਨਹਾਉਣ ਵਾਲੇ ਗੁਸਲਖਾਨੇ ਦੀ ਟਂਕੀ ਵਿਚ ਬੋਤਲ ਲੁਕਾਈ ਹੋਈ ਹੈ ਕਿਸੇ ਨੇ ਕਿਤਾਬਾਂ ਵਾਲੀ ਅਲਮਾਰੀ ਦੇ ਪਿਛਵਾੜੇ ਲੁਕਵੇਂ ਖਾਨੇ ਬਣਾਏ ਹੋਏ ਨੇ। ਕੀ ਅਸੀਂ ਇਸ ਦੋਗਲੀ ਜ਼ਿੰਦਗੀ ਤੋਂ ਮੁਕਤ ਨਹੀਂ ਹੋ ਸਕਦੇ? ਅਸਲ ਵਿਚ ਉਸ ਭਟਕਣ ਤੋਂ ਮੁਕਤੀ ਦੀ ਲੋੜ ਹੈ ਜੋ ਸਾਨੂੰ ਆਪਣੇ ਆਪ ਦੇ ਰੂ–ਬ–ਰੂ ਨਹੀਂ ਹੋਣ ਦਿੰਦੀ। ਹਮੇਸ਼ਾਂ ਅਸੀਂ ਕਿਸੇ ਹੋਰ ਥਾਂ ਜਾਂ ਨਸ਼ੇ ਤੋਂ ਹੀ ਦੁੱਖਾਂ ਦੀ ਦਵਾਈ ਮੰਗਦੇ ਹਾਂ। ਇਹ ਗੱਲ ਭਾਵੇਂ ਤੁਹਾਨੂੰ ਕੌੜੀ ਲੱਗੇ ਪਰ ਇਹ ਹਜ਼ਮ ਕਰਨੀ ਹੀ ਪਵੇਗੀ ਕਿ ਜਿੰਨਾ ਚਿਰ ਨਸ਼ਾ ਕਰਨ ਵਾਲੇ ਪੁੱਤਰ, ਬਾਪ ਜਾਂ ਪਤੀ ਨੂੰ ਔਰਤ ਨੱਥ ਨਹੀਂ ਪਾਉਂਦੀ ਉਨ੍ਹਾਂ ਚਿਰ ਇਸ ਕੋਹੜ ਤੋਂ ਮੁਕਤੀ ਹਾਸਲ ਨਹੀਂ ਹੋ ਸਕਦੀ। ਜੇਕਰ ਪੰਜਾਬ ਦੀਆਂ ਔਰਤਾਂ ਹੀ ਇਕੱਠੀਆਂ ਹੋਣ ਦੀ ਥਾਂ ਆਪੋ ਆਪਣੇ ਘਰੀਂ ਸ਼ਰਾਬਬੰਦੀ ਦਾ ਬਿਗਲ ਵਜਾ ਦੇਣ ਤਾਂ 50 ਫੀ ਸਦੀ ਨਸ਼ਾਬੰਦੀ ਇਕ ਰਾਤ ਵਿਚ ਹੀ ਸੰਭਵ ਹੈ। ਬਦੇਸ਼ਾਂ ਵਿਚ ਪੰਜਾਬੀ ਭਰਾ ਆਪਣੀਆਂ ਪਤਨੀਆਂ ਨੂੰ ਪਾਰਟੀਆਂ ’ਚ ਜ਼ਰੂਰ ਲੈ ਕੇ ਜਾਂਦੇ ਨੇ। ਕਾਰਨ ਇਹ ਨਹੀਂ ਕਿ ਸਤਿਕਾਰ ਹੈ, ਸਗੋਂ ਇਹ ਹੈ ਕਿ ਪਾਰਟੀ ਮਗਰੋਂ ਸ਼ਰਾਬੀ ਪਤੀ ਨੂੰ ਕਾਰ ਤੇ ਲੱਦ ਕੇ ਵੀ ਵਾਪਸ ਘਰ ਲਿਆਉਣਾ ਹੈ। ਸ਼ਰਾਬ ਪੀ ਕੇ ਕਾਰ ਚਲਾਉਣ ਦੀ ਮਨਾਹੀ ਹੋਣ ਕਾਰਨ ਪੰਜਾਬੀ ਵੀਰਾਂ ਨੇ ਇਹ ਰਾਹ ਕੱਢ ਲਿਐ। ਨਸ਼ੇ ਵਿਚ ਗਲਤਾਨ ਆਦਮੀ ਆਪਣੇ ਘਰਾਂ ਨੂੰ ਨਰਕ ਬਣਾ ਕੇ ਇਸ ਜੀਵਨ ਜਾਚ ਦੇ ਚੱਕਰਵਿਊ ਵਿਚੋਂ ਨਿਕਲਣ ਦੇ ਸਮਰੱਥ ਨਹੀਂ ਰਹਿੰਦੇ। ਇਸ ਚੱਕਰਵਿਊ ਨੂੰ ਤੋੜਨਾ ਧਾਰਮਿਕ ਜਥੇਬੰਦੀਆਂ, ਸਹਿਤ ਚੇਤਨਾ ਕੇਂਦਰਾਂ ਅਤੇ ਸਮਾਜਿਕ ਵਿਕਾਸ ਜਥੇਬੰਦੀਆਂ ਦਾ ਫਰਜ਼ ਹੈ।
ਪੰਜਾਬ ਵਿਚ ਪ੍ਰਵਾਸੀ ਮਜ਼ਦੂਰਾਂ ਅਤੇ ਟਰਾਂਸਪੋਰਟ ਦੇ ਕਾਰੋਬਾਰ ਵਿਚ ਲੱਗੇ ਪੰਜਾਬੀਆਂ ਰਾਹੀਂ ਜ਼ਰਦਾ, ਅਫੀਮ, ਭੰਗ ਅਤੇ ਪੋਸਤ ਦੇ ਨਸ਼ੇ ਆਏ ਹਨ। ਪਹਿਲਾਂ ਸਿਰਫ ਟਰਾਂਸਪੋਰਟ ਦੇ ਕਾਰੋਬਾਰ ਵਿਚ ਕੰਮ ਕਰਦੇ ਡਰਾਈਵਰ ਖਲਾਸੀ ਅਤੇ ਹੋਰ ਸਹਾਇਕ ਮਜ਼ਦੂਰ ਵਰਗ ਦੇ ਲੋਕ ਹੀ ਇਸ ਤੋਂ ਪੀੜਤ ਸਨ। ਪਰ ਹੁਣ ਪਿੰਡ–ਪਿੰਡ, ਸ਼ਹਿਰ–ਸ਼ਹਿਰ ਆਏ ਪ੍ਰਵਾਸੀ ਮਜ਼ਦੂਰ ਇੰਨੀ ਗਿਣਤੀ ਵਿਚ ਪੰਜਾਬ ਅੰਦਰ ਵੱਸ ਗਏ ਹਨ ਕਿ ਉਨ੍ਹਾਂ ਦੀ ਨਸ਼ਾ ਪੂਰਤੀ ਲਈ ਨਸ਼ਿਆਂ ਦੀਆਂ ਨਵੀਆਂ ਮੰਡੀਆਂ ਵੀ ਵਿਕਸਤ ਹੋ ਗਈਆਂ ਹਨ। ਤਲੀ ਤੇ ਮਲ ਕੇ ਬੁੱਲਾਂ ਹੇਠ ਰੱਖਣ ਵਾਲਾ ਜ਼ਰਦਾ ਪਿੰਡ–ਪਿੰਡ ਵਿਕ ਰਿਹਾ ਹੈ। ਬੜੇ ਦਿਲਕਸ਼ ਨਾਵਾਂ ਤੇ ਪੁੜੀਆਂ ਵਿਚ ਵਿਕਦੇ ਇਸ ਜ਼ਹਿਰ ਦੇ ਦਰਸ਼ਨ ਤੁਸੀਂ ਅਕਸਰ ਕਰਦੇ ਹੋਵੇਗੇ। ਪਰ ਕਿਸੇ ਕੈਂਸਰ ਹਸਪਤਾਲ ਵਿਚ ਪਏ ਦੰਦਾਂ ਅਤੇ ਜਬਾੜੇ ਦੇ ਕੈਂਸਰ ਵਾਲੇ ਰੋਗੀ ਨੂੰ ਪੁੱਛਿਓ ਉਸ ਨੂੰ ਇਹ ਸੁਗਾਤ ਕਿਥੋਂ ਮਿਲੀ ਹੈ ਉਹ ਆਪੇ ਹੀ ਇਨ੍ਹਾਂ ਪੁੜੀਆਂ ਦਾ ਸਿਰਨਾਵਾਂ ਦੱਸ ਦੇਵੇਗਾ।
ਸਾਡੇ ਸੁ¤ਤਿਆਂ ਸੁ¤ਤਿਆਂ ਨਸ਼ਿਆਂ ਦੇ ਹੜ੍ਹ ਦਾ ਪਾਣੀ ਸਾਡੇ ਘਰਾਂ ਦੀਆਂ ਕੰਧਾਂ ਤੋੜ ਕੇ ਅੰਦਰ ਆ ਵੜਿਆ ਹੈ ਪਰ ਅਸੀਂ ਅਜੇ ਵੀ ਘੂਕ ਸੁ¤ਤੇ ਪਏ ਹਾਂ। ਸਾਨੂੰ 365 ਦਿਨਾਂ ਵਿਚੋਂ ਸਿਰਫ ਇਕੋ ਦਿਨ ਮਾਰੀ ਆਵਾਜ਼ ਕਦੇ ਨਹੀਂ ਜਗਾ ਸਕਦੀ। ਸਾਨੂੰ ਹਰ ਪਲ, ਹਰ ਦਿਨ ਇਸ ਨਸ਼ੀਲੇ ਨਿਜ਼ਾਮ ਦੇ ਖਿਲਾਫ ਬੋਲਣਾ ਪਵੇਗਾ, ਜਾਗਣਾ ਪਵੇਗਾ ਅਤੇ ਇਹ ਨਸ਼ੀਲਾ ਹੜ੍ਹ ਰੋਕਣਾ ਪਵੇਗਾ।
ਅੱਜ ਸਮਾਂ ਕਿਸੇ ਇਕ ਧਿਰ ਤੇ ਇਲਜ਼ਾਮ ਲਗਾਉਣ ਦਾ ਨਹੀਂ, ਸੋਚਣ ਦਾ ਵੇਲਾ ਹੈ ਕਿ ਪੰਜਾਬ ਦਾ ਮਿਹਨਤੀ ਹੱਥ, ਸੋਚਵਾਨ ਦਿਮਾਗ ਰੋਸ਼ਨ ਭਵਿੱਖ ਕਿਵੇਂ ਬਚਾਉਣਾ ਹੈ। ਇਸ ਕੰਮ ਲਈ ਨਸ਼ੇ ਦੇ ਜਾਇਜ਼, ਨਜ਼ਾਇਜ ਕਾਰੋਬਾਰ ਵਿਚ ਲੱਗੇ ਵਿਅਕਤੀਆਂ, ਸਮੂਹਾਂ ਅਤੇ ਵਿਭਾਗਾਂ ਨੂੰ ਇਸ ਨਿਜ਼ਾਮ ਦੀ ਭਿਆਨਕਤਾ ਬਾਰੇ ਚੇਤਨਾ ਤਾਂ ਹੈ ਪਰ ਇਸ ਦੇ ਦੂਰ ਰਸ ਸਿੱਟਿਆਂ ਦੀ ਸੋਝੀ ਨਹੀਂ, ਸ਼ਾਇਦ ਇਸੇ ਕਰਕੇ ਸੱਤਾਵਾਨ ਲੋਕ ਬਹੁ–ਗਿਣਤੀ ਵਿਚ ਨਸ਼ਿਆਂ ਦੇ ਕਾਰੋਬਾਰ ਵਿਚ ਆਪਣੇ ਸਾਧਨ ਲਗਾ ਰਹੇ ਹਨ। ਉਤਪਾਦਕ ਸ਼ਕਤੀਆਂ ਦਿਨੋ ਦਿਨ ਕਮਜ਼ੋਰ ਹੋ ਰਹੀਆਂ ਹਨ। ਜੇਕਰ ਨਸ਼ਿਆਂ ਦੇ ਕਾਰੋਬਾਰ ਵਿਚ ਲੱਗਿਆ ਸਰਮਾਇਆ ਨਵੇਂ ਉਦਯੋਗਾਂ ਅਤੇ ਕਾਰੋਬਾਰਾਂ ਵਿਚ ਲੱਗੇ ਤਾਂ ਕਿੰਨੇ ਵਿਹਲੇ ਹੱਥਾਂ ਨੂੰ ਰੋਜ਼ਗਾਰ ਮੁਹੱਈਆ ਹੋ ਸਕਦਾ ਹੈ। ਪਰ ਹੁਣ ਬੇਰੁਜ਼ਗਾਰੀ ਅਤੇ ਅਸੁਰ¤ਖਿਅਤ ਭਵਿੱਖ ਦਾ ਭੈ ਸਾਡੀ ਜਵਾਨੀ ਨੂੰ ਨਸ਼ਿਆਂ ਵਾਲੇ ਪਾਸੇ ਤੋਰ ਕੇ ਹੋਰ ਵੀ ਤਬਾਹੀ ਵਾਲੇ ਪਾਸੇ ਲਿਜਾ ਰਿਹਾ ਹੈ। ਇਸ ਕੰਮ ਵਿਚ ਸੰਚਾਰ ਮਾਧਿਅਮ ਵੀ ਬੜਾ ਮਾੜਾ ਰੋਲ ਅਦਾ ਕਰ ਰਹੇ ਹਨ। ਫਿਲਮਾਂ, ਟੈਲੀ ਸੀਰੀਅਲ ਅਤੇ ਸਭਿਆਚਾਰਕ ਪ੍ਰੋਗਰਾਮਾਂ ਦੇ ਨਾਮ ਹੇਠ ਹੋ ਰਿਹਾ ਵਣਜ–ਵਪਾਰ ਸ਼ਰਾਬ ਦੇ ਦਖਲ ਨੂੰ ਘੱਟ ਕਰਨ ਦੀ ਥਾਂ ਵਧਾ ਰਿਹਾ ਹੈ। ਸ਼ਰਾਬ ਦੀ ਮਹਿਮਾ ਵਾਲੇ ਗੀਤਾਂ ਤੇ ਪਾਬੰਦੀ ਸਮੇਂ ਦੀ ਲੋੜ ਹੈ। ਆਪਣਾ ਪੰਜਾਬ ਹੋਵੇ, ਘਰ ਦੀ ਸ਼ਰਾਬ ਹੋਵੇ, ਮੰਜੇ ਉੱਤੇ ਬੈਠਾ ਜੱਟ ਬਣਿਆ ਨਵਾਬ ਹੋਵੇ, ਮਾਡਲ ਨੂੰ ਆਪਣੇ ਘਰ ਵਿਚ ਉਸਾਰ ਕੇ ਵੇਖੋ ! ਮੰਜੇ ਤੇ ਚੌੜਾ ਹੋ ਕੇ ਪਏ ਸ਼ਰਾਬੀ ਪੁੱਤਰ ਜਾਂ ਪਤੀ ਨੰ ਕਿੰਨਾ ਕੁ ਚਿਰ ਸਹਿਣ ਕਰੋਗੇ? ਇਹੋ ਜੇ ਗੈਰ ਜ਼ਿੰਮੇਂਵਾਰ ਗੀਤ ਸਾਡੀ ਮਾਨਸਿਕਤਾ ਨੂੰ ਪਲੀਤ ਕਰਦੇ ਹਨ। ਨਸ਼ੇ ਨੂੰ ਲਾਹਣਤ ਵਾਲੇ ਗੀਤ ਹੀ ਅੱਜ ਸਾਡੀ ਲੋੜ ਹਨ। ਸ਼ਰਾਬ ਦੀਆਂ ਬਹੁ–ਕੌਮੀ ਕੰਪਨੀਆਂ ਨੰਗੇਜ਼ ਦੇ ਸਹਾਰੇ ਸਾਡੇ ਘਰਾਂ ਵਿਚ ਅਜਿਹਾ ਕੁਝ ਬੀਜ ਰਹੀਆਂ ਹਨ ਜਿਸ ਦਾ ਫਲ ਤਬਾਹੀ ਦੇ ਰੂਪ ਵਿਚ ਸਾਨੂੰ ਹੀ ਵੱਢਣਾ ਪਵੇਗਾ। ਇਸ ਘੜੀ ਮੈਂ ਸਿਰਫ ਇਹੀ ਕਹਾਂਗਾ ਕਿ ਨਸ਼ਿਆਂ ਦੇ ਖਿਲਾਫ ਸਿਹਤਮੰਦ ਸਮਾਜ ਸਿਰਜਣ ਲਈ ਆਓ ਜਾਗੀਏ, ਉਠੀਏ ਅਤੇ ਕਾਫਲਾ ਬਣੀਏ।
ਜਦੋਂ ਮਾਵਾਂ, ਧੀਆਂ, ਪਤਨੀਆਂ ਆਪਣੇ ਘਰਾਂ ਵਿਚ ਨਸ਼ੀਲੀਆਂ ਬੋਤਲਾਂ ਦਾ ਦਾਖਲਾ ਬੰਦ ਕਰਨਗੀਆਂ ਜਾਂ ਸ਼ਰਾਬ ਅਤੇ ਹੋਰ ਨਸ਼ਿਆਂ ਦੀ ਬਦਬੂ ਨੂੰ ਨਫਰਤ ਕਰਨਗੀਆਂ ਤਾਂ ਉਹ ਦਿਨ ਦੂਰ ਨਹੀਂ ਜਦ ਪੰਜਾਬ ਦਾ ਗੱਭਰੂ ਨਸ਼ਾ ਤਿਆਗ ਕੇ ਸਹੀ ਰਸਤੇ ਉਪਰ ਤੁਰੇਗਾ। ਅਸੀਂ ਰਲ ਕੇ ਉਹ ਨਿਜ਼ਾਮ ਸਿਰਜਣਾ ਹੈ ਜਿਸ ਵਿਚ ਨਸ਼ਿਆਂ ਦੀ ਵਰਤੋਂ ਕੁਰਹਿਤ ਹੋਵੇ। ਧਰਮ ਸਥਾਨਾਂ, ਖੇਡਾਂ ਅਖਾੜਿਆਂ, ਸਭਿਆਚਾਰਕ ਸੱਥਾਂ, ਮਿੱਤਰ ਮਿਲਣੀਆਂ, ਸਾਹਿਤ ਸਭਾਵਾਂ ਅਤੇ ਟਰੇਡ ਯੂਨੀਅਨ ਮੀਟਿੰਗਾਂ ਵਿਚ ਇਹ ਗੱਲ ਸਾਨੂੰ ਸਾਰਿਆਂ ਨੂੰ ਮੁੱਖ ਮੁੱਦੇ ਦੇ ਤੌਰ ਤੇ ਵਿਚਾਰਨੀ ਪਵੇਗੀ ਕਿ ਜੇਕਰ ਨਸ਼ਿਆਂ ਦੇ ਪਿਆਲੇ ਵਿਚ ਪੰਜਾਬ ਹੋਰ ਕੁਝ ਚਿਰ ਡੁੱਬਿਆ ਰਿਹਾ ਤਾਂ ਅਸੀਂ ਖੁਦ ਕਿਵੇਂ ਜੀਵਾਂਗੇ। ਇਹ ਗੱਲ ਸਾਨੂੰ ਸਿਰਫ ਆਪਣੇ ਪਰਿਵਾਰ ਤਕ ਹੀ ਨਹੀਂ ਸਗੋਂ ਕੁੱਲ ਸੰਸਾਰ ਤੱਕ ਲੈ ਕੇ ਜਾਣੀ ਪਵੇਗੀ ਕਿ ਨਸ਼ਿਆਂ ਦੀ ਖੁਮਾਰੀ ਸਾਡੇ ਭਵਿੱਖ ਦੀ ਖੁਆਰੀ ਬਣ ਸਕਦੀ ਹੈ। ਜ਼ਿੰਦਗੀ ਦੇ ਸੁਹਜਵੰਤੇ ਰੂਪ ਦੀ ਉਸਾਰੀ ਲਈ ਘਰ ਘਰ ਮਹਿਕਦੀ ਫੁੱਲਾਂ ਦੀ ਕਿਆਰੀ ਲਈ, ਪੰਜਾਬ ਦੀ ਚੰਗੀ ਉਸਾਰੀ ਲਈ, ਆਓ ਨਸ਼ਿਆਂ ਨੂੰ ਇਸ ਧਰਤੀ ਤੋਂ ਦੂਰ ਭਜਾਈਏ, ਖੁਦ ਵੀ ਸਮਝੀਏ, ਹੋਰਨਾਂ ਨੂੰ ਵੀ ਸਮਝਾਈਏ।