ਗੱਲ ਇਹ 1958 ਦੀਆਂ ਗਰਮੀਆਂ ਦੇ ਮਈ ਮਹੀਨੇ ਦੀ ਹੈ। ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੀ ਸੰਗੀਤ ਕਲਾਸ ਵਿਚ, ਸਾਨੂੰ ਪ੍ਰੋਫ਼ੈਸਰ ਰਾਜਿੰਦਰ ਸਿੰਘ ਜੀ ਭੈਰਉਂ ਰਾਗ ਵਿਚ ਦਾਦਰਾ ਤਾਲ ਦਾ ਸ਼ਬਦ ਸਿਖਾ ਰਹੇ ਸਨ। ਸ਼ਬਦ
ਸੀ, “ਗੁਰ ਕੀ ਮੂਰਤਿ ਮਨ ਮਹਿ ਧਿਆਨੁ॥’ ਜਦੋਂ ਅੰਤਰੇ ਵਿਚ ਇਹ ਤੁਕ ਆਈ, “ਗੁਰ ਪ੍ਰਸਾਦਿ ਊਰਧ ਕਮਲ ਬਿਗਾਸ॥” ਤਾਂ
ਬੋਰਡ ਉਪਰ ਇਸ ਦੀ ਨੋਟੇਸ਼ਨ ਲਿਖਣ ਸਮੇ ਜਦੋਂ ‘ਊਰਧ’ ਲਫ਼ਜ਼
ਆਇਆ ਤਾਂ ਇਹਨਾਂ ਤਿੰਨਾਂ ਅੱਖਰਾਂ ਨੂੰ ਤਾਰ ਸਪਤਕ ਦੇ ‘ਸਾਂ’ ਦੀਆਂ ਦੋ ਮਾਤਰਾਂ ਵਿਚ ਬੋਲਣਾ ਸੀ। ਇਸ ਨੁਕਤੇ ਨੂੰ ਸਮਝਾਉਣ ਲਈ ਉਹ ਦੱਸਣ ਕਿ ਜਿਸ ਤਰ੍ਹਾਂ ਅੰਗ੍ਰੇਜ਼ੀ ਦਾ ਪਦ ‘ਆਰਟ’ ਬੋਲਣਾ ਹੈ, ਕੀਰਤਨ ਕਰਦੇ ਸਮੇ ਉਸ ਤਰ੍ਹਾਂ ਇਸ ਲਫ਼ਜ਼ ‘ਊਰਧ’ ਨੂੰ
ਬੋਲਣਾ ਹੈ। ਅਰਥਾਤ ‘ਊ’ ਅਤੇ
‘ਧ’ ਦੇ ਵਿਚਕਾਰਲੇ ਰ ਨੂੰ ਇਸ ਤਰ੍ਹਾਂ ਬੋਲਣਾ ਹੈ ਕਿ ਇਸ ਦੀ ਮਾਤਰਾ ਵੱਖਰੀ ਨਾ ਲੱਗੇ ਜਿਵੇਂ ‘ਆਰਟ’ ਸ਼ਬਦ
ਵਿਚ ਰ ਬੋਲਣੀ ਹੈ; ਏਥੇ ਵੀ ਰ ਨੂੰ ਉਸ ਰ ਵਾਂਙ ਹੀ ਬੋਲਣਾ ਹੈ। ਹੋਰ
ਕਿਸੇ ਵਿਦਿਆਰਥੀ ਨੂੰ ਇਸ ਗੱਲ ਦੀ ਸਮਝ ਆਈ ਹੋਵੇ ਚਾਹੇ ਨਾ ਪਰ ਮੇਰੇ ਖਾਨੇ ਵਿਚ ਤਾਂ ਇਹ ਗੱਲ ਓਦੋਂ ਬਿਲਕੁਲ ਨਹੀਂ ਸੀ ਵੜੀ।
ਇਹ ਤਾਂ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਸੰਸਾਰ ਦੀ ਕੋਈ ਵੀ ਲਿੱਪੀ ਮਨੁਖ ਦੇ ਹਰੇਕ ਭਾਵ ਨੂੰ ਪਰਗਟ ਕਰਨ ਵਿਚ ਪੂਰੀ ਤਰ੍ਹਾਂ ਸਫ਼ਲ ਨਹੀਂ ਹੈ। ਮਨੁਖ ਨੂੰ ਬਹੁਤ ਕੁਝ ਆਪਣੇ ਹਾਵਾਂ ਭਾਵਾਂ ਨਾਲ਼ ਹੀ ਦਰਸਾਉਣਾ ਪੈਂਦਾ ਹੈ ਜੋ ਅੱਖਰਾਂ ਰਾਹੀਂ ਨਹੀਂ ਪ੍ਰਗਟਾਇਆ ਜਾ ਸਕਦਾ।























