ਓਲੰਪਿਕ ਖੇਡਾਂ ਵਿੱਚ ਪਤੀ-ਪਤਨੀ ਦਾ ਕਿੱਸਾ.......... ਲੇਖ / ਰਣਜੀਤ ਸਿੰਘ ਪ੍ਰੀਤ


ਐਮਿਲ ਜਾਤੋਪਿਕ ਜਿਸ ਦੇ ਨਾਂਅ  ਨਾਲ “ਹਿਊਮਨ ਲੋਕੋਮੋਟਿਵ” ਅਤੇ ਰੇਲ ਗੱਡੀ ਵਰਗੇ ਵਿਸੇ਼ਸ਼ਣ ਵੀ ਜੁੜਦੇ ਰਹੇ, ਦਾ ਜਨਮ 19 ਸਤੰਬਰ 1922 ਨੂੰ ਕੋਪਰਿਵਨੀ ਵਿੱਚ ਹੋਇਆ । ਐਮਿਲ ਦੇ ਖੇਡ ਜੀਵਨ ਦਾ ਬਹੁਤ ਗੂੜਾ ਅਸਰ ਉਹਦੀ ਪਤਨੀ ਉਤੇ ਵੀ ਪਿਆ । ਜਦ 1968 ਦੀਆਂ ਓਲੰਪਿਕ ਖੇਡਾਂ ਸਮੇ ਮੈਕਸੀਕੋ ਵਿਖੇ ਕੁਝ ਖਿਡਾਰੀਆਂ ਦਾ ਸਨਮਾਨ ਵੀ ਕੀਤਾ ਗਿਆ ਤਾਂ ਉਹਨਾਂ ਵਿੱਚ ਇਹ ਜੋੜਾ ਵੀ ਸ਼ਾਮਲ ਸੀ । ਹੈਲਸਿੰਕੀ ਓਲੰਪਿਕ 1952 ਸਮੇ ਐਮਿਲ ਜਾਤੋਪਿੱਕ ਨੇ 10000 ਮੀਟਰ ਦੌੜ 14:06:6 (ਓਲੰਪਿਕ ਰਿਕਾਰਡ), ਦੇ ਸਮੇਂ ਨਾਲ ਜਿੱਤੀ ਅਤੇ ਫਿਰ 19 ਸਤੰਬਰ ਦੇ ਦਿਨ ਏਸੇ ਹੀ ਚੈਕੋਸਲਵਾਕੀਆ ਦੇ ਅਥਲੀਟ ਨੇ 5000 ਮੀਟਰ ਦੌੜ 29:17:0 (ਓਲੰਪਿਕ ਰਿਕਾਰਡ), ਨਾਲ ਜਿੱਤ ਕੇ ਸੋਨ ਤਮਗਾ ਹਾਸਲ ਕਰਿਆ । ਫਿਰ ਲਹੂ ਪੀਣੀ ਦੌੜ ਮੈਰਾਥਨ 2:23:03:2 ਦੇ ਸਮੇਂ ਨਾਲ ਜਿੱਤ ਕੇ ਖੁਸ਼ੀ ਵਿੱਚ ਸਟੇਡੀਅਮ ਦਾ ਚੱਕਰ ਲਾਇਆ । ਐਮਿਲ ਪਹਿਲਾਂ ਬਾਬਾ ਸੂਅ ਕੰਪਨੀ ਵਿੱਚ ਕੰਮ ਕਰਦਾ ਸੀ ਪਰ ਫਿਰ ਉਸ ਨੇ ਇਹ ਨੌਕਰੀ ਛੱਡਦਿਆਂ ਸੈਨਿਕ ਸੇਵਾਵਾਂ ਨਿਭਾਈਆਂ । ਪਰ ਇਹ ਅਥਲੀਟ 22 ਨਵੰਬਰ 2000 ਨੂੰ ਇਸ ਦੁਨੀਆਂ ਤੋਂ ਸਦਾ ਸਦਾ ਲਈ ਕੂਚ ਕਰ ਗਿਆ ।

ਜਦ ਐਮਿਲ ਨੇ ਲੰਬੀ ਦੂਰੀ ਦੀਆਂ ਦੌੜਾਂ ਜਿੱਤੀਆਂ ਤਾਂ ਉਸ ਦੀ ਪਤਨੀ ਡਾਨਾ ਜਾਤੋਪਕੋਵਾ ਵੀ ਖੁਸ਼ੀ ਦਾ ਇਜ਼ਹਾਰ ਕਰਨ ਵਾਲਿਆਂ ਵਿੱਚ ਬੈਠੀ ਸੀ । ਕਰਵੀਨਾ ਫਰੇਸਟਿਟ ਵਿਖੇ 19 ਸਤੰਬਰ 1922 ਨੂੰ ਜਨਮੀ ਡਾਨਾ ਨੇ 19 ਸਤੰਬਰ ਨੂੰ ਜਦ ਉਹਦੇ ਪਤੀ ਨੇ 5000 ਮੀਟਰ ਦੌੜ ਨਵਾਂ ਰਿਕਾਰਡ ਬਣਾ ਕੇ ਜਿੱਤੀ ਤਾਂ ਇਸ ਤੋਂ 30 ਕੁ ਮਿੰਟ ਪਿੱਛੋਂ ਹੀ ਡਾਨਾ ਨੇ 50:47 ਮੀਟਰ ਜੈਵਲੀਨ ਸੁੱਟਕੇ ਓਲੰਪਿਕ ਰਿਕਾਰਡ ਬਣਾਉਂਦਿਆਂ ਸੋਨ ਤਮਗਾ ਜਿੱਤਿਆ । ਇਸ ਨੇ 1960 ਦੀਆਂ ਓਲੰਪਿਕ ਵਿੱਚ ਵੀ ਹਿੱਸਾ ਲਿਆ । ਪਰ 53:78 ਮੀਟਰ ਨਾਲ ਦੂਜਾ ਸਥਾਨ ਹੀ ਲੈ ਸਕੀ । ਇਹ 1954 ਅਤੇ 1958 ਵਿੱਚ  ਯੂਰਪੀਅਨ ਚੈਂਪੀਅਨ ਵੀ ਬਣੀ ਅਤੇ 1958 ਵਿੱਚ 55:73 ਮੀਟਰ ਨਾਲ ਵਿਸ਼ਵ ਰਿਕਾਰਡ ਵੀ ਬਣਾਇਆ ।

ਇਸ ਜੋੜੀ ਦੇ ਜੀਵਨ ਵਿੱਚ 19 ਸਤੰਬਰ ਦਾ ਬਹੁਤ ਮਹੱਤਵ ਰਿਹਾ । ਦੋਹਾਂ ਦਾ ਜਨਮ ਦਿਨ 19 ਸਤੰਬਰ ਸੀ । 19 ਸਤੰਬਰ 1952 ਨੂੰ ਹੀ ਦੋਹਾਂ ਨੇ ਓਲੰਪਿਕ ਰਿਕਾਰਡ ਬਣਾਉਂਦਿਆਂ ਸੋਨ ਤਮਗੇ ਜਿੱਤੇ । ਦੋਹਾਂ ਦਾ ਵਿਆਹ ਵੀ 19 ਸਤੰਬਰ ਨੂੰ ਹੀ ਹੋਇਆ । ਇਹ ਇੱਕ ਰੌਚਕ ਤੱਥ ਹੈ ਕਿ ਕਿਸੇ ਪਤੀ-ਪਤਨੀ ਦੀ ਜਿੰਦਗੀ ਵਿੱਚ ਕਿਸੇ ਦਿਨ ਦਾ ਏਨਾ ਮਹੱਤਵ ਹੋਵੇ ।

****


No comments: