ਜਦੋਂ ਦਾਦੇ ਦੇ ਜਿੱਤੇ ਤਮਗੇ ਪੋਤਿਆਂ ਨੂੰ ਮਿਲੇ.......... ਲੇਖ / ਰਣਜੀਤ ਸਿੰਘ ਪ੍ਰੀਤ


1912 ਦੀਆਂ ਸਟਾਕਹੋਮ ਓਲੰਪਿਕ ਸਮੇਂ ਅਮਰੀਕਾ ਦੇ ਜਿਮ ਥੌਰਪੇ ਨੇ ਕਮਾਲਾਂ ਕਰ ਵਿਖਾਈਆਂ । ਉਸ ਨੇ ਔਖੇ ਮੁਕਾਬਲੇ ਡੈਕਾਥਲੋਨ ਅਤੇ ਪੈਟਾਥਲੋਨ ਵਿੱਚੋਂ ਸੋਨ ਤਮਗੇ ਜਿੱਤੇ । ਅਮਰੀਕਾ ਦੇ ਰਾਸ਼ਟਰਪਤੀ ਨੇ ਉਸ ਨੂੰ ਸਨਮਾਨਿਤ ਕੀਤਾ,ਉਸ ਨਾਲ ਹੱਥ ਮਿਲਾਇਆ । ਥੌਰਪੇ ਨੂੰ ਵੀ ਲੱਗਿਆ ਕਿ ਹੁਣ ਉਹਦੇ ਬੁਰੇ ਦਿਨਾਂ ਦਾ ਅੰਤ ਹੋ ਗਿਆ ਹੈ।

ਪਰ 1913 ਵਿੱਚ ਪੁੱਠਾ ਚੱਕਰ ਚੱਲ ਗਿਆ । ਇੱਕ ਅਖ਼ਬਾਰ ਨੇ ਹਵਾਲੇ ਪੇਸ਼ ਕਰਦਿਆਂ ਲਿਖਿਆ ਕਿ ਥੌਰਪੇ ਨੇ 1909 ਅਤੇ 1910 ਵਿੱਚ ਪੈਸੇ ਲੈ ਕੇ ਫੁਟਬਾਲ ਅਤੇ ਬੇਸਬਾਲ ਖੇਡਾਂ ਵਿੱਚ ਹਿੱਸਾ ਲਿਆ ਹੈ । ਇੱਕ ਦਮ ਪੁੱਠੀ ਹਵਾ ਵਗ ਗਈ । ਖੰਡ, ਮਿਰਚਾਂ ਬਣ ਗਈ । ਥੌਰਪੇ ਨੇ ਦਲੀਲ ਦਿੱਤੀ ਕਿ ਉਦੋਂ ਉਹ ਬਹੁਤ ਛੋਟਾ ਸੀ ਅਤੇ ਇਸ ਬਾਰੇ ਉਸ ਨੂੰ ਕੋਈ ਗਿਆਨ ਨਹੀਂ ਸੀ । ਇਸ ਲਈ ਉਸ ਨੂੰ ਮੁਆਫ਼ ਕਰ ਦੇਣਾ ਚਾਹੀਦਾ ਹੈ । ਪਰ ਕਿਸੇ ਨੇ ਵੀ ਉਹਦੀ ਕੋਈ ਦਾਦ ਫਰਿਆਦ ਨਾ ਸੁਣੀ । ਉਹ ਬਹੁਤ ਵਿਲਕਿਆ-ਚੀਖਿਆ । ਉਸ ਤੋਂ ਜਿੱਤੇ ਹੋਏ ਤਮਗੇ ਵਾਪਸ ਲੈ ਲਏ ਗਏ ਅਤੇ ਓਲੰਪਿਕ ਇਤਿਹਾਸ ਦੇ ਪੰਨਿਆਂ ਤੋਂ ਉਸ ਦਾ ਨਾਂ ਮਿਟਾ ਦਿੱਤਾ ਗਿਆ ।

ਅਮਰੀਕਾ ਦੇ ਸਾਹਨੀ (ਪਰਾਗ) ਖੇਤਰ ਵਿੱਚ 28 ਮਈ 1888 ਨੂੰ ਜਨਮੇ ਜੇਮਜ਼ ਫਰਾਂਸਿਸ ਥੌਰਪੇ ਤੋਂ ਤਮਗੇ ਵਾਪਸ ਲੈ ਕੇ ਜਦ ਦੂਜੇ ਸਥਾਨ ਵਾਲੇ ਨੂੰ ਦੇਣ ਲਈ ਬੁਲਾਇਆ ਗਿਆ ਤਾਂ ਉਸ ਨੇ ਇਹ ਤਮਗੇ ਲੈਣ ਤੋਂ ਇਨਕਾਰ ਕਰ ਦਿੱਤਾ । ਉਧਰ ਹੀਰੋ ਤੋਂ ਜ਼ੀਰੋ ਬਣਿਆ ਜਿਮ ਥੌਰਪੇ ਕੰਗਾਲਾਂ ਵਰਗੀ ਜ਼ਿੰਦਗੀ ਬਤੀਤ ਕਰਨ ਲਈ ਮਜ਼ਬੂਰ ਹੋ ਗਿਆ । ਉਹ ਹਾਲੀਵੁੱਡ ਫ਼ਿਲਮਾਂ ਵਿੱਚ ਛੋਟੇ ਛੋਟੇ ਰੋਲ ਕਰਕੇ ਦਿਨ ਕਟੀ ਕਰਨ ਲੱਗਿਆ । ਕਿਸੇ ਸਮੇਂ ਇਹ ਛੇ ਫੁੱਟਾ, 190 ਪੌਂਡ ਵਜ਼ਨੀ ਜੁਆਨ ਘੋੜ ਸਵਾਰੀ ਦਾ ਠਰਕੀ ਹੋਇਆ ਕਰਦਾ ਸੀ । ਹੁਣ ਪੈਦਲ ਹੀ ਸੜਕਾਂ ‘ਤੇ ਕੰਮ ਦੀ ਤਲਾਸ਼ ਵਿੱਚ ਘੁੰਮਦਾ ਰਹਿੰਦਾ । ਉਸ ਨੇ ਚੌਕੀਦਾਰੀ ਅਤੇ ਮਜ਼ਦੂਰੀ ਕਰਕੇ ਵੀ ਪੇਟ ਪੂਰਤੀ ਕੀਤੀ ।

ਜਦ ਉਹਦੇ ਮੁਲਕ ਵਿੱਚ 1932 ਵਾਲੀਆਂ ਓਲੰਪਿਕ ਖੇਡਾਂ ਹੋਈਆਂ ਤਾਂ ਉਹ ਮੁੱਖ ਸਟੇਡੀਅਮ ਦੇ ਗੇਟ ਕੋਲ ਪਾਟੇ ਕਪੜਿਆਂ ਵਿੱਚ ਭਿਖਾਰੀਆਂ ਵਾਂਗ ਖੜੋਤਾ ਸੀ । ਰਾਸ਼ਟਰਪਤੀ ਨਾਲ ਮਿਲਾਏ ਹੱਥ ਨੂੰ ਵੇਖ ਰਿਹਾ ਸੀ । ਜੋ ਵੀ ਕੋਲ ਦੀ ਲੰਘਦਾ, ਧੱਕਾ ਮਾਰਕੇ ਪਾਸੇ ਕਰ ਜਾਂਦਾ । ਜਾਣ-ਪਛਾਣ ਵਾਲੇ ਵੀ ਨਜ਼ਰਾਂ ਫੇਰ ਗਏ ਸਨ ਕਿਓਂਕਿ ਉਹ ਸੋਚਦੇ ਸਨ ਕਿ ਹੁਣ ਜਾਂ ਤਾਂ ਇਹ ਪੈਸੇ ਮੰਗੇਗਾ ਜਾਂ ਸਟੇਡੀਅਮ ਅੰਦਰ ਲਿਜਾਣ ਲਈ ਕਹੇਗਾ । ਉਸ ਦੇ ਚੀਥੜੇ ਕਪੜੇ ਅਤੇ ਖਿਲਰੇ ਵਾਲ ਉਹਦਾ ਹੁਲੀਆ ਅਤੇ ਉਹਦੇ ਹਾਲਾਤਾਂ ਦੀ ਜ਼ਾਮਨੀ ਭਰ ਰਹੇ ਸਨ ।

“ਰਾਕੀ ਮਾਊਂਟ” ਦਾ ਪਹਿਰਾਵਾ ਪਹਿਨਣ ਮਗਰੋਂ ਉਹ ਤਮਗਿਆਂ ਦੀ ਵਾਪਸੀ ਦੇ ਗਮ ਵਿੱਚ ਪੇਸ਼ਾਵਰ ਖਿਡਾਰੀ ਹੀ ਬਣ ਗਿਆ ਅਤੇ ਸ਼ਰਾਬ ਨਾਲ ਗੁੱਟ ਰਹਿਣ ਲੱਗਿਆ । ਉਹਦੇ ਅੰਦਰੋਂ ਜੀਵਤ ਰਹਿਣ ਦੀ ਚਾਹਤ ਖ਼ਤਮ ਹੋ ਗਈ ਸੀ । ਇਹਨਾਂ ਹੀ ਬੁਰੇ ਹਾਲਾਤਾਂ ਵਿੱਚ ਉਹ 28 ਮਾਰਚ 1953 ਨੂੰ ਅਕਾਲ ਚਲਾਣਾ ਕਰ ਗਿਆ । ਇਤਿਹਾਸਕਾਰ ਰਾਬਰਟ ਵੀਲ੍ਹਰ ਉਹਦੇ ਲਈ ਸਫਾਈ ਪੇਸ਼ ਕਰਨ ਵਾਸਤੇ ਲੜਾਈ ਲੜਦਾ ਰਿਹਾ । ਉਸ ਨੇ ਥੌਰਪੇ ਨਾਂ ਦੀ ਇੱਕ ਸੰਸਥਾ ਦਾ ਗਠਨ ਵੀ ਕਰਿਆ । ਵਿਸ਼ਵ ਦੀਆਂ 400 ਤੋਂ ਵੱਧ ਅਖ਼ਬਾਰਾਂ ਨੇ ਥੌਰਪੇ ਨੂੰ ਮਹਾਨ ਅਥਲੀਟ ਲਿਖਿਆ ਅਤੇ ਉਸ ਲਈ ਸਫ਼ਾਈ ਵੀ ਪੇਸ਼ ਕੀਤੀ ।

ਰਾਬਰਟ ਵੀਲ੍ਹਰ ਦੀਆਂ ਕੋਸ਼ਿਸ਼ਾਂ ਸਫ਼ਲ ਹੋਈਆਂ ਅਤੇ ਓਲੰਪਿਕ ਕਮੇਟੀ ਨੇ ਪੁਨਰ ਵਿਚਾਰ ਕਰਨਾ ਮੰਨ ਲਿਆ । ਕਿਓਂਕਿ ਥੌਰਪੇ ਦੀ ਜ਼ਿੰਦਗੀ ‘ਤੇ ਬਣੀ ਫ਼ੀਚਰ ਫ਼ਿਲਮ ਨੇ ਵੀ ਦਰਸ਼ਕਾਂ ‘ਤੇ ਕਾਫ਼ੀ ਅਸਰ ਪਾਇਆ ਸੀ ਅਤੇ ਉਹਦੇ ਹੱਕ ਵਿੱਚ ਆਵਾਜ਼ ਉਠਣ ਲਗੀ ਸੀ । ਜਿਮ ਥੌਰਪੇ ਦੀ ਮੌਤ ਤੋਂ 19 ਸਾਲ ਬਾਅਦ 13 ਅਕਤੂਬਰ 1972 ਨੂੰ ਓਲੰਪਿਕ ਕਮੇਟੀ ਨੇ ਉਸ ਨੂੰ ਮੁਆਫ਼ ਕਰ ਦਿੱਤਾ । ਓਲੰਪਿਕ ਇਤਿਹਾਸ ਵਿੱਚੋਂ ਮਿਟਾਇਆ ਨਾਂ ਮੁੜ ਦਰਜ ਕੀਤਾ ਗਿਆ ਅਤੇ 18 ਜਨਵਰੀ 1973 ਨੂੰ ਦਾਦੇ ਤੋਂ ਵਾਪਸ ਲਏ ਤਮਗੇ ਪੋਤਿਆਂ ਨੂੰ ਸੌਂਪੇ ਗਏ । ਜਿੰਨ੍ਹਾਂ ਦੀ ਇੱਕ ਝਲਕ ਵੇਖਣ ਲਈ ਥੌਰਪੇ ਸਾਰੀ ਉਮਰ ਤੜਪਦਾ-ਭਟਕਦਾ ਰਿਹਾ । ਅਫ਼ਸੋਸ ਕਿ ਉਸ ਦੀ ਮੌਤ ਬਾਅਦ ਹੀ ਉਸ ਵੱਲੋਂ ਦਿੱਤੀ ਦਲੀਲ ਨੂੰ ਤਸਲੀਮ ਕੀਤਾ ਗਿਆ ।

****


No comments: