ਪੰਜਾਬੀ ਭਾਸ਼ਾ ਨਾਲ ਮਜ਼ਾਕ, ਕਿਉਂ ਹੋਈ ਜਾਂਦਾ ਅਜੇ ਤੱਕ – 2......... ਲੇਖ / ਸ਼ਾਮ ਸਿੰਘ ‘ਅੰਗ ਸੰਗ’

ਪੰਜਾਬੀ ਭਾਸ਼ਾ ਪੰਜਾਬੀਆਂ ਦੀ ਮਾਂ ਬੋਲੀ ਹੈ, ਸਾਰੀਆਂ ਭਾਸ਼ਾਵਾਂ ਤੋਂ ਮਿੱਠੀ ਅਤੇ ਪਿਆਰੀ। ਆਪਣੀ ਮਾਂ-ਬੋਲੀ ਨੂੰ ਪਿਆਰ ਕੌਣ ਨਹੀਂ ਕਰੇਗਾ? ਮਾਂ ਦੀ ਗੋਦ ’ਚੋਂ ਇਸ ਨਾਲ ਜੁੜਿਆ ਕੋਈ ਵੀ ਇਸ ਨਾਲ ਭਾਵਕ ਵੀ ਹੋ ਸਕਦਾ ਹੈ ਅਤੇ ਅੰਤਾਂ ਦਾ ਪ੍ਰਤੀਬੱਧ ਵੀ। ਅਜਿਹਾ ਹੋਣਾ ਕੁਦਰਤੀ ਹੈ, ਬਨਾਵਟੀ ਨਹੀਂ। ਇਸੇ ਲਈ ਭਾਸ਼ਾ ਵਾਸਤੇ ਫਿਕਰਮੰਦ ਹੋਣ ਵਾਲੇ ਇਸ ਵਿਚ ਪਾਏ ਜਾਂਦੇ ਵਿਗਾੜਾਂ ਨੂੰ ਸਹਿ ਨਹੀਂ ਸਕਦੇ।


ਜੇ ਕੋਈ ਸ਼ੁੱਧ ਭਾਸ਼ਾ ਬੋਲੇ, ਭਾਸ਼ਾ ਦੀ ਵਿਸ਼ੇਸ਼ਤਾ, ਠੁੱਕ ਅਤੇ ਸ਼ਾਨ ਲਈ ਕੰਮ ਕਰੇ ਤਾਂ ਉਸ ਦੀ ਜਿੰਨੀ ਵੀ ਪ੍ਰਸ਼ੰਸਾ ਕੀਤੀ ਜਾਵੇ ਓਨੀ ਹੀ ਥੋੜ੍ਹੀ। ਪਰ ਜਦੋਂ ਕੋਈ ਇਸ ਵਿਚ ਵਿਗਾੜ ਪੈਦਾ ਕਰੇ ਤਾਂ ਉਸਦੇ ਅਜਿਹਾ ਕਰਨ ’ਤੇ ਚੁੱਪ ਨਹੀਂ ਰਹਿਣਾ ਚਾਹੀਦਾ। ਸੁਚੇਤ ਅਤੇ ਜਾਗਦੇ ਲੋਕ ਚੁੱਪ ਰਹਿੰਦੇ ਵੀ ਨਹੀਂ। ਬਚਾਅ ਕਾਰਨ ਹੀ ਪੰਜਾਬੀ ਭਾਸ਼ਾ ਕਈ ਤਰ੍ਹਾਂ ਦੇ ਹਮਲਿਆਂ ਦੇ ਬਾਵਜੂਦ ਕਾਇਮ ਦੀ ਕਾਇਮ ਹੀ ਰਹੀ।

ਯੂਨੀਵਰਸਿਟੀਆਂ ’ਚ ਅਧਿਆਪਨ ਅਤੇ ਖੋਜ ਕਰਨ ਵਾਲਿਆਂ ਦੀ ਭਾਸ਼ਾ ‘ਮੈਥੋਡੌਲੋਜੀ’ ਦੀ ਆੜ ’ਚ ਉਹ ਕੁੱਝ ਬਣੀ ਜਾ ਰਹੀ ਹੈ ਜਿਹੜੀ ਚੰਗੇ-ਭਲੇ ਪਾਠਕਾਂ ਦੇ ਪੱਲੇ ਨਹੀਂ ਪੈਂਦੀ। ਵਿਦਿਆਰਥੀ ਅਤੇ ਖੋਜਾਰਥੀ ਚੰਗੇ ਨੰਬਰ ਅਤੇ ਚੰਗੇ ਦਰਜੇ ਹਾਸਲ ਕਰਨ ਦੇ ਲੋਭ ਵਜੋਂ ਅਧਿਆਪਕ ਵਰਗ ਨੂੰ ਚਣੌਤੀ ਨਹੀਂ ਦੇ ਸਕਦੇ ਅਤੇ ਆਪੋ ਆਪਣੀ ਜਾਣਕਾਰੀ ਅਤੇ ਗਿਆਨ ਦੀ ਸੀਮਾ ਕਾਰਨ ਵੀ ਅਜਿਹਾ ਕਰਨ ਦੇ ਸਮਰੱਥ ਨਹੀਂ ਹੁੰਦੇ। ਜਿੰਨਾ ਵੱਡਾ ਵਿਦਵਾਨ, ਓਨੀ ਹੀ ਵੱਡੀ ਮਾਤਰਾ ’ਚ ਉਲ਼ਝਣਾਂ ਅਤੇ ਭੰਬਲ਼ਭੁਸਾ।

ਦੂਜੀਆਂ ਭਾਸ਼ਾਵਾਂ ਦੇ ਅਨੁਵਾਦਤ ਸ਼ਬਦ ਵੀ ਬਹੁਤੀ ਵਾਰ ਉਹ ਵਰਤੇ ਜਾਂਦੇ ਹਨ ਜਿਹੜੇ ਢੁੱਕਵੇਂ ਨਹੀਂ ਹੁੰਦੇ। ਅਰਥ ਹੋਰ ਦਾ ਹੋਰ ਬਣ ਕੇ ਰਹਿ ਜਾਂਦਾ। ਜਿਨ੍ਹਾਂ ਦੇ ਠੇਠ ਪੰਜਾਬੀ ਸ਼ਬਦ ਸਾਡੇ ਕੋਲ ਹਨ ਉਨ੍ਹਾਂ ਨੂੰ ਵੀ ਲੱਭਣ ਤੇ ਵਰਤਣ ਦੀ ਅਸੀਂ ਕੋਸਿ਼ਸ਼ ਨਹੀਂ ਕਰਦੇ। ਕਈ ਤਾਂ ਅਜਿਹੇ ਸ਼ਬਦ ਵਰਤੇ ਜਾਂਦੇ ਹਨ ਜਿਹੜੇ ਗਲ਼ੋਂ ਹੇਠ ਨਹੀਂ ਉਤਰਦੇ ਪਰ ਫੇਰ ਵੀ ਅਸੀਂ ਵਰਤਣ ਤੋਂ ਗੁਰੇਜ਼ ਨਹੀਂ ਕਰਦੇ। ਸ਼ਬਦ ਓਹੀ ਵਰਤੇ ਜਾਣੇ ਚਾਹੀਦੇ ਹਨ ਜਿਹੜੇ ਭਾਸ਼ਾ ਦੇ ਅਨੁਸਾਰ ਹੋਣ, ਹਾਣੀ ਹੋਣ ਅਤੇ ਸੱਭਿਆਚਾਰ ’ਚ ਸਹਿਜ ਨਾਲ ਸਮਾ ਰਹੇ ਹੋਣ। ਔਖੇ ਤੇ ਓਪਰੇ ਸ਼ਬਦ ਪੰਜਾਬੀ ਭਾਸ਼ਾ ਨੂੰ ਨਾ ਸਹਿਜ ਰਹਿਣ ਦਿੰਦੇ ਹਨ ਨਾ ਰਵਾਂ।

ਭਾਸ਼ਾ ਦੀ ਬੁਨਿਆਦ ਰੱਖਣ ਵਾਲੇ ਅਧਿਆਪਕ ਬਾਲ ਮਨਾਂ ਦੇ ਕੋਰੇ ਵਰਕਿਆਂ ’ਤੇ ਜੇ ਸਹੀ ਸ਼ਬਦ-ਜੋੜ ਤੇ ਸਹੀ ਵਾਕ-ਬਣਤਰ ਉਕਰ ਦੇਣ ਤਾਂ ਉਹ ਉਮਰ ਭਰ ਨਹੀਂ ਮਿਟ ਸਕਦੇ। ਉਹ ਤਾਂ ਹੀ ਅਜਿਹਾ ਕਰ ਸਕਣਗੇ ਜੇ ਉਨ੍ਹਾਂ ਨੂੰ ਭਾਸ਼ਾ ਦੀ ਸਹੀ ਜਾਣਕਾਰੀ ਤੇ ਮੁਹਾਰਤ ਹੋਵੇਗੀ। ਬਹੁਤੀ ਵਾਰ ਦੇਖਿਆ ਜਾਂਦਾ ਹੈ ਕਿ ਦਸਵੀਂ ਪਾਸ ਵਿਦਿਆਰਥੀ ਨਾ ਸਹੀ ਵਾਕ ਲਿਖ ਸਕਦੇ ਹਨ ਨਾ ਸਹੀ ਸ਼ਬਦ–ਜੋੜ। ਉਨ੍ਹਾਂ ਦੀ ਲਿਖਤ ਨੂੰ ਦੇਖ-ਵਾਚ ਕੇ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅਧਿਆਪਕਾਂ ਨੇ ਉਨ੍ਹਾਂ ਨੂੰ ਸਹੀ ਜਾਣਕਾਰੀ ਨਹੀਂ ਦਿੱਤੀ ਅਤੇ ਲੋੜੀਂਦਾ ਅਭਿਆਸ ਵੀ ਨਹੀਂ ਕਰਵਾਇਆ। ਜਰੂਰੀ ਹੈ ਕਿ ਬੁਨਿਆਦ ਰੱਖਣ ਵਾਲਿਆਂ ਨੂੰ ਗਾਹੇ-ਬਗਾਹੇ ਭਾਸ਼ਾ ਬਾਰੇ ਸਿੱਖਿਅਤ ਕੀਤਾ ਜਾਂਦਾ ਰਹੇ। ਅਜਿਹਾ ਨਾ ਹੋਣ ਦੀ ਸੂਰਤ ਵਿਚ ਭਾਸ਼ਾ ਨਾਲ ਇਵੇਂ ਹੀ ਮਜ਼ਾਕ ਹੁੰਦਾ ਰਹੇਗਾ।

ਵੱਖ ਵੱਖ ਤਰ੍ਹਾਂ ਦੀਆਂ ਮੋਟਰ-ਗੱਡੀਆਂ, ਟਰੱਕਾਂ ਪਿੱਛੇ ਲਿਖੀ ਪੰਜਾਬੀ ਅਕਸਰ ਹੀ ਸਹੀ ਸ਼ਬਦ-ਜੋੜਾਂ ਵਾਲੀ ਨਹੀਂ ਹੁੰਦੀ। ਸੜਕਾਂ ’ਤੇ ਗੱਡੇ ਮੀਲ-ਪੱਥਰਾਂ ਅਤੇ ਦਿਸ਼ਾ-ਸੂਚਕਾਂ ਵਿਚ ਸ਼ਹਿਰਾਂ, ਪਿੰਡਾਂ ਦੇ ਨਾਂ ਇਸ ਕਰਕੇ ਗਲਤ ਲਿਖੇ ਰਹਿ ਜਾਂਦੇ ਹਨ ਕਿਉਂਕਿ ਬੁਰਸ਼ ਨਾਲ ਲਿਖਣ ਵਾਲੇ ਕਲਾਕਾਰ ਨੂੰ ਭਾਸ਼ਾ ਦੇ ਸਹੀ ਸ਼ਬਦ-ਜੋੜਾਂ ਬਾਰੇ ਪਤਾ ਨਹੀਂ ਹੁੰਦਾ। ਉਹ ਤਾਂ ਉਹ ਹੀ ਨਾਂ ਲਿਖਦੇ ਹਨ ਜੋ ਉਨ੍ਹਾਂ ਨੂੰ ਲਿਖ ਕੇ ਦਿੱਤੇ ਜਾਂਦੇ ਹਨ। ਏਹੀ ਹਾਲ ਦੁਕਾਨਾਂ / ਦਫਤਰਾਂ / ਜਨਾਨਾਂ-ਮਰਦਾਨਾਂ ਘਰਾਂ ਦੇ ਮੱਥਿਆਂ ’ਤੇ ਪੰਜਾਬੀ ਸਹੀ / ਢੁੱਕਵੇਂ ਸ਼ਬਦ-ਜੋੜਾਂ ਵਾਲੀ ਨਹੀਂ ਹੁੰਦੀ। ਅਜਿਹੇ ਵਰਤਾਰੇ ’ਚ ਪੰਜਾਬੀ ਆਪਣੇ ਆਪ ਹੀ ਮਜ਼ਾਕ ਦਾ ਪਾਤਰ ਬਣੀ ਰਹਿੰਦੀ ਹੈ ਜਿਸ ਬਾਰੇ ਕਦੇ ਕੋਈ ਵੀ ਫਿਕਰ ਨਹੀਂ ਕਰਦਾ।

ਅਖਬਾਰਾਂ, ਰਸਾਲਿਆਂ, ਚੈਨਲਾਂ ’ਤੇ ਵਰਤੇ ਜਾਂਦੇ ਸ਼ਬਦਾਂ ਬਾਰੇ ਇਸ ਕਰਕੇ ਬਹੁਤ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਇਹ ਲੋਕਾਂ ਤੋਂ ਦੂਰ ਨਹੀਂ ਹੁੰਦੇ। ਇਨ੍ਹਾਂ ਦਾ ਨਿੱਤ ਹੀ ਵਾਰ ਵਾਰ ਲੋਕਾਂ ਨਾਲ ਟਾਕਰਾ ਹੁੰਦਾ ਰਹਿੰਦਾ ਹੈ ਜਿਸ ਕਰਕੇ ਲੋਕਾਂ ’ਤੇ ਇਨ੍ਹਾਂ ਦਾ ਅਸਰ ਤਾਂ ਹੋਣਾ ਹੀ ਹੋਇਆ। ਇਨ੍ਹਾਂ ਨੂੰ ਉਹ ਸ਼ਬਦ ਵਰਤਣੇ ਚਾਹੀਦੇ ਹਨ ਜਿਹੜੇ ਲੋਕਾਂ ਦੇ ਦਿਲਾਂ ਤੋਂ ਦੂਰ ਨਾ ਹੋਣ, ਹਰ ਆਮ-ਖਾਸ ਦੀ ਸਮਝ ਵਿਚ ਆਉਣ ਵਾਲੇ ਹੋਣ। ਵਿਦਵਤਾ ਦਾ ਫੋਕਾ ਰੋਅਬ ਪਾਉਣ ਵਾਲੇ ਪਹਿਲਾਂ ਹੀ ਵੱਖ ਵੱਖ ਥਾਵਾਂ ’ਤੇ ਬਥੇਰੇ ਹਨ ਜਿਹੜੇ ਕਦੇ ਮੌਕਾ ਹੱਥੋਂ ਨਹੀਂ ਜਾਣ ਦਿੰਦੇ। ਅਖਬਾਰਾਂ ਨੂੰ ਮੁਸਤੈਦ, ਕਵਾਇਦ, ਡਾਫ, ਏਕੀਕ੍ਰਤਕ ਜਹੇ ਸ਼ਬਦ ਨਹੀਂ ਵਰਤਣੇ ਚਾਹੀਦੇ ਕਿਉਂਕਿ ਇਨ੍ਹਾਂ ਦੇ ਅਰਥ ਪਾਠਕਾਂ ਤੱਕ ਨਹੀਂ ਪਹੁੰਚਦੇ ਸਗੋਂ ਕਿਧਰੇ ਅੱਧ-ਅਸਮਾਨੇ ਹੀ ਟੰਗੇ ਰਹਿ ਜਾਂਦੇ ਹਨ। ਜੇ ਬੋਲੇ, ਲਿਖੇ ਤੇ ਵਰਤੇ ਗਏ ਸ਼ਬਦਾਂ ਦਾ ਸਹੀ ਤੇ ਸਹਿਜ ਸੰਚਾਰ ਨਾ ਹੋਵੇ ਤਾਂ ਇਹ ਭਾਸ਼ਾ ਨਾਲ ਮਜ਼ਾਕ ਹੋਣ ਤੋਂ ਬਿਨਾਂ ਹੋਰ ਕੁੱਝ ਨਹੀਂ ਹੁੰਦਾ।

ਸ਼ਬਦ-ਜੋੜਾਂ ਦੇ ਮਿਆਰੀਕਰਨ ਵੱਲ

ਪਿਛਲੀ ਵਾਰ ਵੀ ਇਨ੍ਹਾਂ ਕਾਲਮਾਂ ’ਚ ਸ਼ਬਦ-ਜੋੜਾਂ ਦੇ ਮਿਆਰੀਕਰਨ ਕੀਤੇ ਜਾਣ ਦੀ ਲੋੜ ਦੀ ਗੱਲ ਛੇੜੀ ਗਈ ਸੀ ਜਿਸ ਨੂੰ ਪੜ੍ਹਨ ਬਾਅਦ ਕਈ ਸੱਜਣਾਂ ਨੇ ਫੋਨ ’ਤੇ ਬਹਿਸ ਰਚਾਈ। ਇਕ, ਦੋ ਨੇ ਇਹ ਵੀ ਕਿਹਾ ਕਿ ਗਲਤ ਸ਼ਬਦ ਲਿਖਣ ਦੀ ਲੋੜ ਨਹੀਂ ਸੀ ਸਗੋਂ ਸਹੀ ਸ਼ਬਦ-ਜੋੜ ਲਿਖੇ ਜਾਂਦੇ ਤਾਂ ਕਿ ਪਾਠਕਾਂ ਨੂੰ ਕੋਈ ਸੇਧ ਮਿਲਦੀ। ਇਹ ਕਾਲਮ ਕਈ ਸਾਈਟਾਂ ’ਤੇ ਵੀ ਚਲਾ ਗਿਆ ਜਿਸ ਨਾਲ ਪਾਠਕ ਵਰਗ ਦਾ ਘੇਰਾ ਵਧ ਗਿਆ ਅਤੇ ਸੋਚ ਵਿਚਾਰ ਦੀ ਉਮੀਦ ਵੀ ਵਧ ਗਈ। ਜਿੰਨੀਆਂ ਮਰਜ਼ੀ ਕਮੇਟੀਆਂ ਬਣੀ ਜਾਣ, ਜਿੰਨਾ ਚਿਰ ਸਹੀ, ਸੁਹਿਰਦ ਅਤੇ ਸਾਂਝੀ ਸੋਚ ਨਹੀਂ ਅਪਣਾਈ ਜਾਂਦੀ ਓਨਾ ਚਿਰ ਚੰਗੇ ਨਤੀਜਿਆਂ ਦੀ ਆਸ ਨਹੀਂ ਰੱਖੀ ਜਾ ਸਕਦੀ। ਇਹ ਵੀ ਕਿ ਸ਼ਬਦਾਂ ਦੇ ਪਿਛੋਕੜ, ਜੜ੍ਹਾਂ ਅਤੇ ਸੱਭਿਆਚਾਰਕ ਕਦਰਾਂ ਨਾਲ ਮੇਲ ਕੇ ਉਨ੍ਹਾਂ ਦੇ ਸ਼ਬਦ-ਜੋੜ ਨਿਸਚਤ ਕੀਤੇ ਜਾਣ। ਫੇਰ ਹੋਰ ਕਮੇਟੀ ਨੂੰ ਸੌਂਪੇ ਜਾਣ ਜਿਹੜੀ ਜਿਨਂੀਆਂ ਊਣਤਾਈਆਂ,ਨੁਕਸ, ਘਾਟਾਂ ਰਹਿ ਗਈਆਂ ਹੋਣ ਉਨ੍ਹਾਂ ਨੂੰ ਦੂਰ ਕਰਨ ਦਾ ਜਤਨ ਕਰੇ। ਅਜਿਹਾ ਹੋਣ ਨਾਲ ਭਾਸ਼ਾ ਕੇਵਲ ਸ਼ਬਦ-ਜੋੜਾਂ ਪੱਖੋਂ ਹੀ ਨਹੀਂ ਸੱਭਿਆਚਾਰਕ ਪੱਖੋਂ ਵੀ ਨਿੱਖਰ ਤੇ ਸੁਧਰ ਜਾਵੇਗੀ।

ਪਿਛਲੀ ਵਾਰ ਲਿਖੇ ਸ਼ਬਦਾਂ ਦੇ ਸ਼ਬਦ-ਜੋੜ ਗਲਤ ਲਿਖੇ ਗਏ ਸਨ, ਇਸ ਵਾਰ ਗਲਤ ਨਹੀਂ ਠੀਕ ਸ਼ਬਦ-ਜੋੜ ਲਿਖੇ ਜਾ ਰਹੇ ਹਨ ਜਿਹੜੇ ਆਮ ਕਿਤਾਬਾਂ ਅਤੇ ਅਖਬਾਰਾਂ ਵਿਚ ਆਮ ਲਿਖੇ ਮਿਲਦੇ ਹਨ ਅਤੇ ਸਾਨੂੰ ਸਾਰਿਆਂ ਨੂੰ ਇਹ ਹੀ ਆਪਣੀਆਂ ਲਿਖਤਾਂ ਵਿਚ ਅਪਣਾ ਲੈਣੇ ਚਾਹੀਦੇ ਹਨ। ਇਹ ਸਹੀ ਸ਼ਬਦ-ਜੋੜ ਇਸ ਪ੍ਰਕਾਰ ਹਨ – ਰਹਿਣਾ, ਸਹਿਣਾ, ਲਹਿਰ, ਅਹੁਦੇਦਾਰ, ਸਹਿਮ, ਮੈਨ੍ਹਿਆਂ, ਅੱਜ, ਅਹਿਸਾਨ, ਢਿੱਲੀ, ਲੱਗਦਾ, ਚੱਲਣ, ਜਜ਼ਬਾਤ, ਸਹਿਬਾਨ, ਠਹਿਰਨਾ, ਮਹਿਕਮਾ, ਹਾਲਾਤ, ਸਹਿਯੋਗ, ਵਾਗਡੋਰ, ਗੱਡੀ, ਸ਼ਹਿਰ, ਬਹੁਤ, ਰਹਿੰਦੇ, ਪਹਿਲੋਂ / ਪਹਿਲਾਂ, ਵੱਡੀਆਂ, ਪੱਠੇ, ਮੁੱਖ ਮੰਤਰੀ ਆਦਿ।

ਕਾਵਿ ਟੋਟਕਾ

ਅਮਲਾਂ ’ਤੇ ਗੱਲ ਮੁਕਣੀ ਤੇਰਾ ਪੁੱਛਣਾਂ ਕਿਸੇ ਨਾ ਸਿਰਨਾਵਾਂ
ਤੁਰੀ ਚੱਲ ਮਨ ਖੋਲ੍ਹ ਕੇ, ਅੱਖਾਂ ਖੋਲ੍ਹ ਕੇ ਮਿਲਣੀਆਂ ਰਾਹਵਾਂ।

No comments: