ਹਾਕੀ .......... ਨਜ਼ਮ/ਕਵਿਤਾ / ਸੁਮਿਤ ਟੰਡਨ

ਸੌਖੀ ਖੇਡ ਨਾ ਹਾਕੀ ਮਿੱਤਰਾ, ਦਸਦੇ ਖੇਡਣ ਜਿਹੜੇ,
ਧੜ੍ਹ ਦੀ ਬਾਜ਼ੀ ਲਾ ਕੇ ਜਿੱਤੀਏ ਮੈਚ ਯਾਰ ਦੇ ਵਿਹੜੇ।
ਇੱਕ ਖਿੱਦੋ ਨਾਲ ਪਿੜ ਨੂੰ ਮੱਲਣਾ, ਸੌਖੀ ਗੱਲ ਨਾ ਜਾਣੀ,
ਜਿੱਤ ਹਾਰ ਲਈ ਚੱਲਦੀ ਰੱਜ ਕੇ, ਆਪਸ ਖਿੱਚੋਤਾਣੀ।
ਗੋਲ ਬਣਾਉਂਦੇ ਉਹੀ ਮੁੱਢ ਤੋਂ, ਜੋ ਹਿੰਮਤਾਂ ਦੇ ਹਾਣੀ
ਬਾਕੀ ਤਾਂ ਫਿਰ ਫਾਡੀ ਰਹਿ ਕੇ, ਪਾਉਂਦੇ ਨੀਵੀਂ ਕਾਣੀ।
‘ਖਿੱਦੋ-ਖੁੰਡੀ’ ਨੂੰ ਲਿੱਪ ਕੇ ਭੋਰਾ, ਹਾਕੀ ਬਣੀ ਸਿਆਣੀ
ਚਿਰਾਂ ਤਾਈਂ ਜਿਸ ਧੂਮਾਂ ਪਾਈਆਂ, ਰੁਲ ਗਈ ਅੱਜ ਨਿਮਾਣੀ।
ਕਦੇ ਹਾਕੀ ਖੇਡ ਪੰਜਾਬ ਦੀ ਸੀ ਤੇ ਹਾਕੀ ਸੀ ਮਹਾਰਾਣੀ,
ਸਾਫ਼ ਸਫ਼ੇ ਤੇ ਧੁੰਦਲੀ ਪੈ ਗਈ, ਜਿਸਦੀ ਅੱਜ ਕਹਾਣੀ।
ਧਿਆਨ, ਪਿੱਲੇ ਤੇ ਪਰਗਟ ਕਹਿੰਦੇ ਭਰ ਗਏ ਇਸਦਾ ਪਾਣੀ
ਹੁਣ ਵੀ ਸੱਥ ਵਿੱਚ ਚਰਚਾ ਛਿੜਦੀ, ਜੁੜਦੀ ਜਦ ਕੋਈ ਢਾਣੀ।
ਸਿਆਸਤ ਦੇ ਇਸ ਕਾਲਚੱਕਰ ਵਿੱਚ, ਉਲਝੀ ਜਦ ਦੀ ਤਾਣੀ
ਬੈਟ ਬਾਲ ਦਾ ਵਧਿਆ ਰੌਲਾ, ਹਾਕੀ ਬਣੀ ਪ੍ਰਾਹੁਣੀ।
ਆਪਣਿਆਂ ਘਰ ਜਾਇਆਂ ਨੇ ਜਦੋਂ ਇਸਦੀ ਕਦਰ ਪਛਾਣੀ
ਮੁੜ ਕੇ ਜਿਊਂਦੀ ਕਰਨਗੇ ਇਸ ਨੂੰ, ਖੇਡ ਕੇ ਰੀਤ ਪੁਰਾਣੀ।
****

No comments: