ਪਿਆਸੀ ਰੇਤ………. ਗ਼ਜ਼ਲ / ਗੁਰਮੀਤ ਖੋਖਰ

ਪਿਆਸੀ ਰੇਤ ਦਾ ਉਹ ਦਰਦ ਦਿਲ ਚੋਂ ਧੋਣ ਲੱਗੀ ਸੀ
ਨਦੀ ਅਪਣੇ ਕਿਨਾਰੇ ਦੇ ਗਲੇ ਲੱਗ ਕੇ ਰੋਣ ਲੱਗੀ ਸੀ
ਸਿਆਹੀ ਰਾਤ ਦੀ ਡੁੱਲ੍ਹੀ ਜਦੋਂ ਮੇਰੇ ਨਗਰ ਉੱਤੇ
ਬਨੇਰਿਉਂ ਲਾਹ ਕੇ ਸੂਰਜ ਸ਼ਾਮ ਬੂਹਾ ਢੋਣ ਲੱਗੀ ਸੀ
ਚਮਕ ਆਏ ਸੀ ਰਾਹਾਂ ਵਿੱਚ ਬੜੇ ਚੰਨ ਤਾਰਿਆਂ ਦੇ ਰੁੱਖ
ਜਦੋਂ ਡੁੱਬਿਆ ਸੀ ਸੁਰਜ ਰਾਤ ਕਾਲੀ ਹੋਣ ਲੱਗੀ ਸੀ
ਮੈਂ ਸਭ ਤੇਹਾਂ ਦੇ ਨਾਂ ਬਸ ਕੁੱਝ ਕੁ ਬੂੰਦਾਂ ਲਿਖਕੇ ਆਇਆ ਸੀ
ਮੇਰੀ ਗਿਣਤੀ ਵੀ ਫਿਰ ਤਾਂ ਰਹਿਬਰਾਂ ਵਿੱਚ ਹੋਣ ਲੱਗੀ ਸੀ
ਜਦੋਂ ਉਸਨੂੰ ਕਿਹਾ ਮੈਂ ਝਰਨਿਆਂ ਦੇ ਗੀਤ ਗਾਉਂਦਾ ਹਾਂ
ਮੇਰੀ ਹਰ ਸੁਰ ਦੇ ਦਰ ‘ਤੇ ਰੇਤ ਹੰਝੂ ਚੋਣ ਲੱਗੀ ਸੀ
ਸਫਰ ਵਿੱਚ ਧੁੰਦਲੇ ਰਸਤੇ ਤੇ ਮੈਲੀ ਸ਼ਾਮ ਢਲ ਆਈ
ਕਿਸੇ ਦੀ ਯਾਦ ਚੰਨ ਬਣਕੇ ਨੁਮਾਇਆ ਹੋਣ ਲੱਗੀ ਸੀ
ਹਜ਼ਾਰਾਂ ਅੱਥਰੂ ਸਨ ਕਲਮ ਦੇ ਨੈਣਾਂ ਚ ਉਸ ਵੇਲੇ
ਉਦਾਸੇ ਵਕਤ ਦੀ ਜਦ ਵੀ ਇਹ ਗਾਥਾ ਛੋਣ੍ਹ ਲੱਗੀ ਸੀ

No comments: