ਦੋ ਮੂੰਹੇਂ.......... ਨਜ਼ਮ/ਕਵਿਤਾ / ਮਿੰਟੂ ਬਰਾੜ

ਬਚ-ਬਚ ਕੇ ਕਈ ਬਾਰੀ ਮੈਂ ਡੂੰਘੇ ਪਾਣੀਓਂ ਲੰਘਿਆ,
ਪਰ ਜਦ ਵੀ ਮੈਨੂੰ ਡੰਗਿਆ, ਦੋ ਮੁੰਹੇ ਡੰਗਿਆ।

ਰਾਹ ਜਾਂਦੇ ਹਰ ਰਾਹੀ ਦੇ, ਜਜ਼ਬਾਤਾਂ ਨਾਲ ਜੁੜ ਜਾਣਾ,
ਭੋਲੇ ਭਾਲੇ ਮੂੰਹਾਂ ਦੀਆਂ ਤਦਬੀਰਾਂ ਵਿੱਚ ਰੁੜ੍ਹ ਜਾਣਾ।

ਵਗਦੇ ਦਰਿਆਵਾਂ ਦਾ ਕਈ ਬਾਰੀ ਮੁੱਖ ਮੋੜ ਦਿੰਦਾ,
ਪਰ ਇਕ ਅੱਖ ਦਾ ਅੱਥਰੂ ਹੀ ਮੈਨੂੰ ਯਾਰੋ ਡੋਬ ਦਿੰਦਾ।

ਹਰ ਰੋਜ ਲੈਂਦੇ ਰਹੇ ਲੋਕੀ ਇਮਤਿਹਾਂ ਮੇਰੀ ਮੁਰੱਵਤ ਦਾ,
ਲੈ ਗਏ ਕਈ ਲਾਹਾ, ਮੇਰੀ ਪਾਕ ਮੁਹੱਬਤ ਦਾ।

ਮੈਨੂੰ ਹਰਾ ਭਰਾ ਰੱਖਣ ਦੀ ਸਦਾ ਜੋ ਹਾਮੀ ਭਰਦੇ ਰਹੇ,
ਅਸਲੋਂ ਉਹੀ ਲੋਕ ਮੇਰੀ ਜੜ੍ਹ ਨੂੰ ਵੱਢਦੇ ਰਹੇ।

ਲੋਕਾਚਾਰੀ ’ਚ ਸਦਾ ਹੀ ਜਿਉਣਾ ਲੋਚਦਾ ਹਾਂ,
ਜਿਉਣ ਨਾ ਦੇਣ ਇਹ ਦੋ ਮੂੰਹੇਂ, ਆਪਾ ਬੋਚਦਾ ਹਾਂ।

ਇਕ ਮੂੰਹੋਂ, ਜੋ ਮੂੰਹ ਤੇ ਕਹਿੰਦੇ ਸਰਫਰਾਜ ਏ ਮਿੰਟੂ ਨੂੰ,
ਦੂਜੇ ਮੂੰਹੋਂ, ਪਿੱਠ ਤੇ ਖ਼ਬਤੀ ਕਹਿਕੇ ਜਾਣ ਨਿਵਾਜ ਏ ਮਿੰਟੂ ਨੂੰ।

ਬਿਨਾਂ ਉਜ਼ਰ ਦੇ ਕਦੇ ਨਾ ਯਾਰੋ, ਇਕ ਮੂੰਹੇ ਡੰਗਿਆ
ਪਰ ਦੋ ਮੂੰਹਾਂ ਕਦੇ ਨਾ ਪਿੱਠ ਪਿੱਛੇ ਬਾਰ ਕਰਨੋ ਸੰਗਿਆ
ਸੋ ਜਦ ਵੀ ਮੈਨੂੰ ਡੰਗਿਆ, ਦੋ ਮੁੰਹੇ ਡੰਗਿਆ।1. ਤਦਬੀਰਾਂ/ਚਾਲਾਂ, 2. ਮੁਰੱਵਤ/ਭਲਮਾਣਸੀ, 3. ਸਰਫਰਾਜ/ਸਰਬੋਤਮ, 4. ਖ਼ਬਤੀ/ਕਮਲਾ, 5. ਉਜ਼ਰ/ਕਾਰਣ


No comments: