ਇਕ ਯਮਲਾ ਜੱਟ ਸੀ... ਲੇਖ / ਨਿਸ਼ਾਨ ਸਿੰਘ ਰਾਠੌਰ


ਅਜੋਕੇ ਪੰਜਾਬੀ ਸੰਗੀਤ ਸੰਸਾਰ ਵਿੱਚ ਨਿੱਤ ਨਵੇਂ ਗਾਇਕ/ਗਾਇਕਾਵਾਂ ਪ੍ਰਵੇਸ਼ ਕਰ ਰਹੇ ਹਨ। ਇਹਨਾਂ ਵਿਚੋਂ ਕੁੱਝ ਸਫ਼ਲਤਾ ਦੀਆਂ ਪੋੜੀਆਂ ਚੜ ਕੇ ਅੰਬਰੀਂ ਉਡਾਰੀਆਂ ਮਾਰਦੇ ਹਨ ਪਰ ਕੁੱਝ ਕਲਾਕਾਰ ਇਕ ਦੋ ਅਸਫ਼ਲ ਕੈਸੇਟਾਂ ਬਾਅਦ ਫਿਰ ਪਹਿਲਾਂ ਵਾਲੀ ਗੁਮਨਾਮੀ ਦੀ ਦੁਨੀਆਂ ਵਿਚ ਹੀ ਗੁਆਚ ਜਾਂਦੇ ਹਨ। ਜਿਨ੍ਹਾਂ ਬਾਰੇ ਆਮ ਸਰੋਤਿਆਂ ਨੂੰ ਕੋਈ ਜਿਆਦਾ ਜਾਣਕਾਰੀ ਨਹੀਂ ਹੁੰਦੀ। ਜਿਹੜੇ ਗਾਇਕ ਸਫ਼ਲਤਾ ਹਾਸਲ ਕਰਦੇ ਹਨ ਉਹ ਸਰੋਤੇ ਵਰਗ ਲਈ ਕਿਸੇ ਰੋਲ ਮਾਡਲ ਤੋਂ ਘੱਟ ਨਹੀਂ ਹੁੰਦੇ। ਲੋਕ ਉਹਨਾਂ ਦੇ ਪਹਿਰਾਵੇ, ਗੱਲਬਾਤ, ਰਹਿਣ-ਸਹਿਣ, ਖਾਣ-ਪੀਣ ਅਤੇ ਜੀਵਨ ਜਿਊਣ ਦੇ ਢੰਗ ਦੀ ਨਕਲ ਕਰਦੇ ਹਨ। ਉਹਨਾਂ ਵੱਲੋਂ ਕਹੀ ਗਈ ਹਰੇਕ ਗੱਲ ਨੂੰ ਆਮ ਸਰੋਤਾ ਵਰਗ ਸੱਚ ਮੰਨਦਾ ਹੈ ਪਰ ਅਸਲ ਹਕੀਕਤ ਕੁੱਝ ਹੋਰ ਹੁੰਦੀ ਹੈ।

ਪੁਰਾਤਨ ਕਾਲ ਵਿਚ ਜਿਸ ਸਮੇਂ ਪੰਜਾਬੀ ਸੰਗੀਤ ਦੀ ਆਰੰਭਤਾ ਹੋਈ ਤਾਂ ਇਸ ਦਾ ਸੰਬੰਧ ਧਾਰਮਿਕਤਾ/ਅਧਿਆਤਮਕਤਾ ਨਾਲ ਜੋੜਿਆ ਜਾਂਦਾ ਸੀ। ਸਭ ਤੋਂ ਪਹਿਲਾਂ ਨਾਥਾਂ/ਜੋਗੀਆਂ ਨੇ ਪੰਜਾਬੀ ਜੁਬਾਨ ਨੂੰ ਆਪਣੇ ਗੀਤਾਂ/ਬੋਲਾਂ ਰਾਹੀਂ ਲੋਕਾਂ ਤੱਕ ਪਹੁੰਚਾਇਆ। ਇਸ ਸਮੇਂ ਸੰਗੀਤ ਆਮ ਲੋਕਾਂ ਦੀ ਸੋਚ ਅਤੇ ਪਹੁੰਚ ਤੋਂ ਕੋਹਾਂ ਦੂਰ ਸੀ।
ਇਸ ਤੋਂ ਬਾਅਦ ਯੁਗ ਆਇਆ ਗੁਰਮਤਿ ਸੰਗੀਤ ਦਾ, ਜਿਸ ਵਿਚ ਬਾਬੇ ਨਾਨਕ ਨੇ ਲੋਕਾਂ ਨੂੰ ਰੱਬੀ ਗਿਆਨ ਦੇ ਪ੍ਰਕਾਸ਼ ਵਿੱਚ ਅੰਧਵਿਸ਼ਵਾਸਾਂ ਤੋਂ ਦੂਰ ਰਹਿਣ ਦਾ ਉਪਦੇਸ਼ ਦਿੱਤਾ। ਜਦੋਂ ਭਾਈ ਮਰਦਾਨਾ ਰਬਾਬ ਛੇੜਦਾ ਅਤੇ ਗੁਰੂ ਨਾਨਕ ਸਾਹਿਬ ਧੁਰ ਤੋਂ ਆਈ ਅਲਾਹੀ ਬਾਣੀ ਨੂੰ ਮਿੱਠੀ ਧੁਨ ਵਿੱਚ ਗਾਉਂਦੇ ਤਾਂ ਸੱਜਣ ਠੱਗ ਵਰਗੇ ਠੱਗ ਵੀ ਸੱਚਮੁਚ ਦੇ ਸੱਜਣ ਪੁਰਸ਼ ਬਣ ਜਾਂਦੇ।
ਬਾਬੇ ਨਾਨਕ ਦੇ ਗੁਰਮਤਿ ਸੰਗੀਤ ਕਾਲ ਤੋਂ ਬਾਅਦ ਪੰਜਾਬੀ ਸੰਗੀਤ ਬੀਰ ਰਸੀ ਵਾਰਾਂ ਨਾਲ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਬਾਰ ਦਾ ਸਿੰ਼ਗਾਰ ਬਣਿਆ। ਇਹ ਜੁਗ ਸੀ ਵੈਰੀ ਨੂੰ ਮੂੰਹ ਤੋੜ ਜਵਾਬ ਦੇਣ ਦਾ, ਤੇ ਇਸ ਲਈ ਯੋਧਿਆਂ ਨੂੰ ਤਿਆਰ ਕੀਤਾ ਪੰਜਾਬੀ ਸੰਗੀਤ ਨੇ। ਜਾਲਮਾਂ ਦੇ ਜੁ਼ਲਮ ਦਾ ਮੂੰਹ ਤੋੜ ਜਵਾਬ ਦੇਣ ਲਈ ਸੂਰਮਿਆਂ ਨੂੰ ਤਿਆਰ ਕਰਨ ਲਈ ਪੰਜਾਬੀ ਸੰਗੀਤ ਦੇ ਢੱਡ ਤੇ ਸਾਰੰਗੀ ਨਾਲ ਆਪਣੇ ਰੋਲ ਨੂੰ ਬਾਖੂਬੀ ਨਿਭਾਇਆ।
ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਬਾਰ ਤੋਂ ਬਾਅਦ ਪੰਜਾਬੀ ਸੰਗੀਤ ਆਇਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਇੱਕ ਅਨਮੋਲ ਗਹਿਣਾ ਬਣ ਕੇ। ਕਹਿੰਦੇ ਹਨ ਕਿ, “ਮਹਾਰਾਜਾ ਰਣਜੀਤ ਸਿੰਘ ਜਿੱਥੇ ਗੁਰਬਾਣੀ ਸ਼ਬਦ ਕੀਰਤਨ ਪੂਰੀ ਸ਼ਰਧਾ ਭਾਵਨਾ ਨਾਲ ਸੁਣਿਆ ਕਰਦਾ ਸੀ ਉੱਥੇ ਨਾਲ ਹੀ ਪੰਜਾਬੀ ਸੂਫ਼ੀ ਸੰਗੀਤ ਦਾ ਵੀ ਆਨੰਦ ਮਾਣਦਾ ਸੀ। ਉਸ ਨੇ ਆਪਣੇ ਦਰਬਾਰ ਵਿੱਚ ਚੰਗੇ ਗੱਵੀਏ ਰੱਖੇ ਹੋਏ ਸਨ ਤੇ ਚੰਗਾ ਗਾਉਣ ਵਾਲਿਆਂ ਨੂੰ ਉਹ ਕੀਮਤੀ ਸੁਗਾਤਾਂ ਇਨਾਮ ਵੱਜੋਂ ਦਿੰਦਾ ਹੁੰਦਾ ਸੀ।”
ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਤੋਂ ਬਾਅਦ ਪੰਜਾਬੀ ਸੰਗੀਤ ਪਹੁੰਚਿਆ ਭਾਰਤ ਦੀ ਆਜਾਦੀ ਦੇ ਸੰਗ੍ਰਾਮ ਵਾਲੇ ਪਾਸੇ। ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਸੋਹਣ ਸਿੰਘ ਭਕਨਾ, ਊਧਮ ਸਿੰਘ ਅਤੇ ਲਾਲਾ ਲਾਜਪਤ ਰਾਏ ਦੇ ਗੀਤ ‘ਮੇਰਾ ਰੰਗ ਦੇ ਬਸੰਤੀ ਚੋਲਾ’ ਅਤੇ ‘ਪਗੜੀ ਸੰਭਾਲ ਜੱਟਾ’ ਨੇ ਪੂਰੇ ਦੇਸ਼ ਵਿੱਚ ਇਨਕਲਾਬ ਦੀ ਲਹਿਰ ਪੈਦਾ ਕਰ ਦਿੱਤੀ। ਪੰਜਾਬੀ ਸੰਗੀਤ ਨੇ ਪੰਜਾਬੀਆਂ ਵਿੱਚ ਅਜਿਹਾ ਜੋਸ਼ ਪੈਦਾ ਕੀਤਾ ਕਿ ਅੰਗ੍ਰੇਜ ਹਿੰਦੂਸਤਾਨ ਨੂੰ ਛੱਡ ਕੇ ਵਾਪਸ ਆਪਣੇ ਦੇਸ਼ ਪਰਤ ਗਏ। ਭਾਰਤ ਆਜਾਦ ਹੋ ਗਿਆ ਤੇ ਇਸ ਤਰ੍ਹਾਂ ਜੰਗੇ-ਏ-ਆਜਾਦੀ ਵਿੱਚ ਪੰਜਾਬੀ ਸੰਗੀਤ ਨੇ ਅਹਿਮ ਯੋਗਦਾਨ ਅਦਾ ਕੀਤਾ।
ਅਜੋਕੀ ਪੰਜਾਬੀ ਗਾਇਕੀ ਦਾ ਆਰੰਭ ਆਜ਼ਾਦੀ ਤੋਂ ਬਾਅਦ ਹੋਇਆ ਜਦੋਂ ਹਿੰਦੂਸਤਾਨ ਅਤੇ ਪੰਜਾਬ 2 ਟੁਕੜਿਆਂ ਵਿਚ ਵੰਡੇ ਗਏ। ਪੰਜਾਬ ਦਾ ਇਕ ਹਿੱਸਾ ਹਿੰਦੂਸਤਾਨ ਵਿਚ ਆ ਗਿਆ ਤੇ ਦੂਜਾ ਪਾਕਿਸਤਾਨ ਵਿੱਚ ਚਲਾ ਗਿਆ। ਪਾਕਿਸਤਾਨੀ ਪੰਜਾਬ ਵਿਚ ਜਿੱਥੇ ਸੂਫ਼ੀ ਕਲਾਮ ਨੂੰ ਗਾਉਣ ਵਾਲੇ ਜਨਾਬ ਨੁਸਰਤ ਫਤਹਿ ਅਲੀ ਖਾਨ, ਗੁਲਾਮ ਅਲੀ ਖਾਨ, ਰੇਸ਼ਮਾ ਵਰਗੇ ਗਾਇਕ ਰਵਾਇਤੀ ਧੁਨਾਂ ਨੂੰ ਸਾਂਭਣ ਵਿੱਚ ਲੱਗ ਪਏ ਉੱਧਰ ਦੂਜੇ ਪਾਸੇ ਭਾਰਤੀ ਪੰਜਾਬ ਵਿੱਚ ਉਸਤਾਦ ਲਾਲ ਚੰਦ ਯਮਲਾ ਜੱਟ, ਕੁਲਦੀਪ ਮਾਣਕ, ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਗੁਰਮੀਤ ਬਾਵਾ ਆਦਿ ਵਰਗੇ ਪੰਜਾਬੀ ਲੋਕ ਗਾਇਕ ਪੰਜਾਬੀ ਅਤੇ ਸਿੱਖ ਇਤਿਹਾਸ ਦੇ ਗੌਰਵਮਈ ਪਿਛੋਕੜ ਨੂੰ ਆਪਣੀਆਂ ਆਵਾਜਾਂ ਨਾਲ ਸਾਂਭਣ ਵਿੱਚ ਜੁੱਟ ਗਏ।
‘ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ ਏ, ਰੀਝਾਂ ਲਾ-ਲਾ ਵੇਹੰਦੀ ਦੁਨੀਆਂ ਸਾਰੀ ਏ’ ਯਮਲੇ ਜੱਟ ਦੇ ਇਹ ਬੋਲ ਜਦੋਂ ਪਿੰਡਾਂ ਵਿੱਚ ਮੰਜਿਆਂ ਨੂੰ ਜੋੜ ਕੇ ਲੱਗੇ ਸਪੀਕਰਾਂ ਵਿੱਚ ਵੱਜਦੇ ਤਾਂ ਸੱਚਮੁੱਚ ਪੰਜਾਬੀ ਸੰਗੀਤ ਵਿਚ ਅਧਿਆਤਮਕਤਾ ਦਾ ਪਸਾਰਾ ਹੁੰਦਾ। ਯਮਲੇ ਜੱਟ ਦੇ ਅਖਾੜੇ ਦੇਖਣ ਲਈ ਪਿੰਡਾਂ ਦੇ ਪਿੰਡ ਜੁੜ ਜਾਂਦੇ ਤੇ ਕੋਈ ਆਪਣੀ ਮਾਂ/ਧੀ/ਭੈਣ ਨੂੰ ਯਮਲੇ ਦੇ ਅਖਾੜੇ ਵਿਚ ਲੈ ਕੇ ਜਾਣ ਤੋਂ ਨਾ ਡਰਦਾ। ਮਾਂਵਾਂ, ਭੈਣਾਂ, ਧੀਆਂ, ਬੱਚੇ ਅਤੇ ਬਜ਼ੁਰਗ ਯਮਲੇ ਜੱਟ ਦੇ ਅਖਾੜੇ ਦੀ ਪਹਿਲੀ ਲਾਈਨ ਵਿਚ ਬੈਠੇ ਹੁੰਦੇ। 
ਪਿੰਡਾਂ ਦੇ ਸਿਆਣੇ/ਬਜੁ਼ਰਗ ਲੋਕ ਕਹਿੰਦੇ ਨੇ ਕਿ “ਯਮਲੇ ਜੱਟ ਕੋਲ ਆਪਣੀ ਕੋਈ ਕਾਰ ਨਹੀਂ ਸੀ।” ਉਸ ਜਮਾਨੇ ਵਿਚ ਮੋਟਰਸਾਈਕਲ ਵੀ ਨਹੀਂ ਸੀ ਹੁੰਦੇ ਪਿੰਡਾਂ ਦੇ ਲੋਕਾਂ ਕੋਲ। ਸੋ ਮੁੱਕਦੀ ਗੱਲ ਆਪਣੇ ਸੰਗੀਤਕ ਸਫ਼ਰ ਦੇ ਸੁ਼ਰੂਆਤੀ ਦਿਨਾਂ ਵਿਚ ਯਮਲਾ ਜੱਟ ਆਪਣੇ ਪਿੰਡੋਂ ਸਾਈਕਲ ਤੇ ਆਸਪਾਸ ਦੇ ਪਿੰਡਾਂ ਵਿਚ ਅਖਾੜੇ ਲਾਉਣ ਜਾਂਦਾ ਹੁੰਦਾ ਸੀ। ਉਹ ਤਾਂ ਸਾਈਕਲ ਤੇ ਚੜ ਕੇ ਹੀ ਮਾਂ ਬੋਲੀ ਦੀ ਇਤਨੀ ਸੇਵਾ ਕਰ ਗਿਆ ਕਿ ਪੰਜਾਬੀ ਮਾਂ ਬੋਲੀ ਅੰਬਰਾਂ ਤੇ ਉਡਾਰੀਆਂ ਮਾਰਨ ਲੱਗੀ ਤੇ ਉਸ ਦੀ ਇਸ ਸੇਵਾ ਬਦਲੇ ਆਉਣ ਵਾਲੀਆਂ ਪੀੜੀਆਂ ਉਸ ਨੂੰ ਹਮੇਸ਼ਾ ਯਾਦ ਰੱਖਣਗੀਆਂ ਪਰ ਅਜੋਕੇ ਗਾਇਕ ਕਾਰਾਂ ਤੇ ਚੜ ਕੇ ਵੀ...?”
ਯਮਲੇ ਨਾਲ ਨਾ ਤਾਂ ਅੱਧ ਨੰਗੀਆਂ ਕੁੜੀਆਂ ਦਾ ਟੋਲਾ ਹੁੰਦਾ ਸੀ ਤੇ ਨਾ ਹੀ ਗੰਦੀ ਤੇ ਅਸ਼ਲੀਲ ਸ਼ਬਦਾਵਲੀ ਵਾਲੇ ਬੋਲ। ਨਾ ਤਾਂ ਉਹ ਸਟੇਜ ਤੇ ਬੰਦਰ ਵਾਂਗ ਟਪੂਸੀਆਂ ਮਾਰਦਾ ਸੀ ਤੇ ਨਾ ਹੀ ਸਾਰੀ ਉੱਮਰ ਉਸ ਨੇ ਪੱਗ ਸਿਰ ਤੋਂ ਲਾਹੀ, ਸਗੋਂ ਸ਼ਾਨ ਨਾਲ ਮਾਵੇ ਵਾਲੀ ਪੱਗ ਤੇ ਤੁਰਲਾ ਛੱਡ ਕੇ ਉਹ ਸਟੇਜ ਤੇ ਚੜਦਾ ਤੇ ਲੱਖਾਂ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਹੋਇਆ ਪੂਰਾ ਮੇਲਾ ਲੁੱਟ ਲੈਂਦਾ।
ਯਮਲੇ ਦਾ ਅਖਾੜਾ ਦੇਖਣ ਲੋਕ 20/20 ਮੀਲ ਤੋਂ ਆਪਣੇ ਗੱਡਿਆਂ ਤੇ ਚੜ ਕੇ ਆਉਂਦੇ। ਪਿੰਡਾਂ ਦੇ ਪਿੰਡ ਬਿੰਦਝੱਟ ਵਿਚ ਜੁੜ ਜਾਂਦੇ। ਲੋਕ ਕੋਠਿਆਂ ਦੀਆਂ ਛੱਤਾਂ ਸਵੇਰ ਸਾਰ ਹੀ ਮੱਲ ਲੈਂਦੇ ਕਿ ਅੱਜ ਯਮਲੇ ਨੇ ਅਖਾੜਾ ਲਾਉਣਾ ਏ। ਪਰ ਅੱਜ ਦੇ ਬਹੁਤੇ ਗਾਇਕਾਂ ਨੇ ਜੇ ਕਿਤੇ ‘ਪ੍ਰੋਗਰਾਮ’ ਪੇਸ਼ ਕਰਨਾ ਹੋਵੇ ਤਾਂ ਲੱਖਾਂ ਰੁਪੱਈਏ ਦੀ ਇਤਿਸ਼ਹਾਰਬਾਜੀ ਕਰਕੇ ਵੀ ਖਾਲੀ ਪਈਆਂ ਕੁਰਸੀਆਂ ਸਰੋਤਿਆਂ ਨੂੰ ਤਰਸਦੀਆਂ ਰਹਿੰਦੀਆਂ ਹਨ। 
ਦੂਜੇ ਪਾਸੇ ਜੇਕਰ ਅਜੋਕੇ ਪੰਜਾਬੀ ਗਾਇਕਾਂ ਦੀ ਗੱਲ ਕੀਤੀ ਜਾਵੇ ਤਾਂ ਮਾਰਕੀਟ ਵਿਚ ਕੈਸੇਟ ਭਾਵੇਂ ਅਜੇ 2 ਸਾਲ ਬਾਅਦ ਆਉਣੀ ਹੋਵੇ ਕੰਨਾਂ ਵਿੱਚ ਨੱਤੀਆਂ ਤੇ ਭੇਡ ਵਰਗੇ ਵਾਲ ਪਹਿਲਾਂ ਹੀ ਬਣਾਈ ਫਿਰਦੇ ਨੇ ਪੰਜਾਬੀ ਮਾਂ ਬੋਲੀ ਦੇ ਇਹ ‘ਸਰਵਨ ਪੁੱਤਰ।’ ਬਾਪ-ਦਾਦੇ ਦੀਆਂ ਜਮੀਨਾਂ ਵੇਚ ਕੇ ਜਾਂ ਫਿਰ 4 ਸਾਲ ਕਨੇਡਾ-ਅਮਰੀਕਾ ਵਿੱਚ ਲਾ ਕੇ ਪੰਜਾਬੀ ਜੁ਼ਬਾਨ ਦੀ ਸੇਵਾ ਦਾ ਫੁਰਨਾ ਫੁਰਦਾ ਏ ਇਹਨਾਂ ਨੂੰ ਕਿ ਚੱਲੋ ਜੇ ਚੱਲ ਗਿਆ ਤਾਂ ਤੀਰ ਨਹੀਂ ਤਾਂ ਤੁੱਕਾ ਹੀ ਸਹੀ।
ਇਸ ਸਮੇਂ ਪੰਜਾਬ ਵਿੱਚ ਜਿਤਨੇ ਗਾਇਕ/ਗਾਇਕਾਵਾਂ ਨੇ ਇਹਨੋਂ ਵਿੱਚੋਂ 90 ਫ਼ੀਸਦੀ ‘ਮਾਂ ਬੋਲੀ ਦੇ ਸੇਵਕਾਂ’ ਨੂੰ ਤਾਂ ਹਾਰਮੋਨਿਯਮ ਦੇ ਸਾ, ਰੇ, ਗਾ, ਮਾ, ਪਾ ਦਾ ਵੀ ਪੂਰਾ ਗਿਆਨ ਨਹੀਂ ਹੋਣਾ ਤੇ ਤੁਰੇ ਨੇ ਬਾਬੇ ਯਮਲੇ ਦੇ ਨਕਸ਼ੇ ਕਦਮਾਂ ਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ। ਪਤਾ ਨਹੀਂ ਇਹ ਪੰਜਾਬੀ ਜੁਬਾਨ/ਗਾਇਕੀ ਨੂੰ ਵਿਕਾਸ ਵੱਲ ਲੈ ਕੇ ਜਾ ਰਹੇ ਹਨ ਜਾਂ ਵਿਨਾਸ਼ ਵੱਲ...?
ਅੱਜ ਭਾਵੇਂ ਕਿਸੇ ਗਾਇਕ ਦੀਆਂ 20 ਕੈਸੇਟਾਂ ਵੀ ਮਾਰਕੀਟ ਵਿੱਚ ਨਾ ਵਿਕੀਆਂ ਹੋਣ ਪਰ ਗੱਡੀ ਉਹ 10/12 ਲੱਖ ਤੋਂ ਧੱਲੇ ਨਹੀਂ ਰੱਖਦਾ, ਪਰ ਯਮਲਾ ਤਾਂ ਸਾਰੀ ਉੱਮਰ ਸਾਈਕਲ ਤੇ ਹੀ ਗਾਉਂਦਾ ਰਿਹਾ। ਉਹ ਤਾਂ ਸਾਈਕਲ ਤੇ ਵੀ ਗਾ ਕੇ ਲੋਕਾਂ ਤੇ ਮਨਾਂ ਵਿੱਚ ਵਸਿਆ ਬੈਠਾ ਹੈ ਪਰ ਅਜੋਕੇ ਗਾਇਕ ਕਾਰਾਂ ਛੱਡ ਕੇ ਭਾਵੇਂ ਹਵਾਈ ਜਹਾਜ ਤੇ ਕਿਉਂ ਨਾ ਬੈਠ ਕੇ ਗਾਉਣ ਪਰ ਯਮਲੇ ਦੇ ਪੈਰਾਂ ਦੀ ਮਿੱਟੀ ਵੀ ਨਹੀਂ ਬਣ ਸਕਦੇ।
ਯਮਲਾ ਤਮਾਮ ਉੱਮਰ ਚਿੱਟੇ ਕੁੜਤੇ ਚਾਦਰੇ’ਚ ਰਿਹਾ ਤੇ ਦਰਵੇਸ਼ ਬਣ ਕੇ ਲੋਕਾਂ ਦੇ ਮਨਾਂ ਵਿੱਚ ਘਰ ਕਰ ਗਿਆ ਪਰ ਅੱਜ ਦੇ ਗੱਵੀਏ ਪਾਟੀਆਂ ਜੀਨਸਾਂ ਤੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਵਿਲਾਇਤੀ ਕਪੜੇ ਪਾ ਕੇ ਵੀ ਪੰਜਾਬੀ ਵਿਰਸੇ ਨੂੰ ਸੰਭਾਲਣ ਦਾ ਢੋਲ ਵਜਾੳਂੁਦੇ ਫਿਰਦੇ ਨੇ ਅਤੇ ਸਸਤੀ ਸੋ਼ਹਰਤ ਖਾਤਰ ਲੋਕਾਂ ਦੀਆਂ ਧੀਆਂ-ਭੈਣਾਂ ਨੂੰ ਹੀਰਾਂ, ਸੱਸੀਆਂ, ਸਹਿਬਾਂ, ਸੋਹਣੀਆਂ ਬਣਾਉਂਦੇ ਫਿਰਦੇ ਨੇ।
ਗੁਰਮੀਤ ਬਾਵਾ, ਪ੍ਰਕਾਸ਼ ਕੌਰ, ਸੁਰਿੰਦਰ ਕੌਰ ਦੇ ਮਾਂਵਾਂ ਧੀਆਂ ਦੇ ਰਿਸ਼ਤੇ ਨੂੰ ਸਹੇਲੀਆਂ ਵਾਲਾ ਰਿਸ਼ਤਾ ਬਣਾਇਆ “ਮਾਂਵਾਂ ਤੇ ਧੀਆਂ ਰੱਲ ਬੈਠੀਆਂ ਨੀਂ ਮਾਏਂ” ਪਰ ਅਜੋਕੀ ਗਾਇਕੀ ਜਿੱਥੇ ਮਾਂ ਨੂੰ ਫੱਫੇਕੁੱਟਣੀ / ਪਾਪਣ / ਧੀ ਦੀ ਵੈਰੀ ਬਣਾ ਕੇ ਪੇਸ਼ ਕਰਦੀ ਹੈ ਉੱਥੇ ਦੂਜੇ ਪਾਸੇ ਧੀ ਨੂੰ ਸਿਰਫ਼ ਤੇ ਸਿਰਫ਼ ਮਾਸ਼ੂਕ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਅੱਜ ਦੇ ਗਾਇਕਾਂ ਅਨੁਸਾਰ ਇੱਕ ਕੁੜੀ ਸਿਰਫ਼ ਕਿਸੇ ਦੀ ਮਾਸ਼ੂਕ ਹੋ ਸਕਦੀ ਹੈ ਕਿਸੇ ਦੀ ਭੈਣ, ਮਾਂ ਜਾਂ ਧੀ ਨਹੀਂ।
ਕਿੱਧਰ ਗਿਆ ਪੰਜਾਬੀ ਗਾਇਕੀ ਦਾ ਉਹ ‘ਬਾਬਾ ਬੋਹੜ’ ਜਿਸ ਦੇ ਆਪਣੇ ਪਰਛਾਵੇਂ ਹੇਠ ਕਦੇ ਐਸੀ ਗਾਇਕੀ ਦੀ ਕਲਪਣਾ ਸੀ ਨਹੀਂ ਕੀਤੀ ਹੋਣੀ? ਜੇ ਕਿਤੇ ਅੱਜ ਤੂੰਬੇ ਦੀ ਤਾਰ ਵਾਲਾ ਉਹ ਬਾਪੂ ਮੁੜ ਆਵੇ ਤਾਂ ਸ਼ਾਇਦ ਉਸ ਦਾ ਸਿਰ ਵੀ ਸ਼ਰਮ ਨਾਲ ਝੁੱਕ ਜਾਵੇ ਕਿ ਮੈਂ ਵੀ ਇਸੇ ਪੰਜਾਬੀ ਸੰਗੀਤ ਦਾ ਇੱਕ ਮੈਂਬਰ ਰਿਹਾ ਹਾਂ। ਅੱਜ ਮੇਰੇ ਵੱਲੋਂ ਤੋਰੀ ਇਸ ਆਧੁਨਿਕ ਪੰਜਾਬੀ ਗਾਇਕੀ ਨੂੰ ਮੇਰੇ ਵਾਰਿਸ ਕਿੱਧਰ ਨੂੰ ਲੈ ਕੇ ਜਾ ਰਹੇ ਹਨ? ਰਾਤੋ-ਰਾਤ ਸ਼ੋਹਰਤ ਪਾਉਣ ਦੀ ਲਾਲਸਾ ਵੱਸ ਅਸੀਂ ਆਪਣੀ ਮਾਂਵਾਂ/ਧੀਆਂ/ਭੈਣਾਂ ਨੂੰ ਵੀ ਦਾਅ ਦੇ ਲਾਉਣ ਤੋਂ ਬਾਜ਼ ਨਹੀਂ ਆ ਰਹੇ। 
ਅਜੋਕੇ ਸਮੇਂ ਦੇ ਗਾਇਕ ਸਫ਼ਲਤਾ ਪਾਉਣ ਖਾਤਰ ਬਾਪੂ ਦੀ ਜ਼ਮੀਨ, ਬੇਬੇ ਦੇ ਗਹਿਣੇ, ਕਨੇਡਾ ਅਮਰੀਕਾ ਦੀ ਕਮਾਈ ਪਾਣੀ ਵਾਂਗ ਰੋੜ ਰਹੇ ਹਨ। ਅੱਧ ਨੰਗੀਆਂ ਕੁੜੀਆਂ ਦੇ ਨਾਚ, ਗੰਦੇ ਅਸ਼ਲੀਲ ਗਾਣੇ, ਬੇਹੁਦਾ ਕਪੜੇ ਤੇ ਬਾਂਦਰਾਂ/ਭੇਡਾਂ/ਕੁੱਤਿਆਂ ਵਰਗੇ ਵਾਲ ਬਣਾ ਕੇ ਅਸੀਂ ਪੱਗ ਨੂੰ ਸਿਰੋਂ ਲਾਹ ਕੇ ਪਰਾਂ ਧਰ ਦਿੱਤਾ ਹੈ। ਅਸੀਂ ਸ਼ਹੋਰਤ ਖਾਤਰ ਕਿਸੇ ਨੂੰ ਵੀ ਨਹੀਂ ਬਖਸ਼ ਰਹੇ। ਨਾ ਹੀ ਧਰਮ ਨੂੰ, ਨਾ ਹੀ ਧਰਮ ਪ੍ਰਚਾਰਕਾਂ ਨੂੰ, ਨਾ ਆਪਣੀ ਮਾਂ ਬੋਲੀ ਨੂੰ, ਨਾ ਆਪਣੀਆਂ ਮਾਂਵਾਂ ਨੂੰ, ਨਾ ਭੈਣਾਂ ਨੂੰ, ਨਾ ਧੀਆਂ ਨੂੰ ਅਤੇ ਨਾ ਹੀ ਖੁਦ ਉਸ ਪਰਮਾਤਮਾ ਨੂੰ।
ਅੱਲਾ ਖੈ਼ਰ ਕਰੇ ਜੇ ਕਿਤੇ ਹੱਥ ਵਿੱਚ ਡਾਂਗ ਫੜੀ ਉਹ ਬਾਬਾ ਬੋਹੜ ਮੁੜ ਵਾਪਸ ਆ ਜਾਵੇ ਜਿਸ ਨੇ ਕਦੀ ਗਾਇਆ ਸੀ ‘ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ ਏ, ਰੀਝਾਂ ਲਾ-ਲਾ ਵੇਹੰਦੀ ਦੁਨੀਆਂ ਸਾਰੀ ਏ’ ਤੇ ਇਹਨਾਂ ‘ਮਾਂ ਬੋਲੀ ਦੇ ਸੇਵਕਾਂ’ ਦੇ ਪਾਸੇ ਸੇਕ ਦੇਵੇ ਤੇ ਕਹੇ, “ਉਏ ਕੰਜਰੋ..., ਜਿਸ ਪੰਜਾਬੀ ਸੰਗੀਤ ਵਿੱਚ ਬਾਬੇ ਨਾਨਕ ਦੀ ਮਿੱਠੀ ਬਾਣੀ ਰੂਹਾਨੀਅਤ ਦਾ ਸੰਦੇਸ਼ ਦਿੰਦੀ ਹੈ, ਜਿਸ ਪੰਜਾਬੀ ਸੰਗੀਤ ਵਿੱਚ ਸੂਫ਼ੀ ਫਕੀਰ ਮਨੁੱਖ ਨੂੰ ਜੀਵਨ ਜਿਊਣ ਦਾ ਦਰਸ਼ਨ ਸਮਝਾਉਂਦੇ ਨੇ, ਜਿਸ ਪੰਜਾਬੀ ਸੰਗੀਤ ਵਿੱਚ ਸੂਰਮਿਆਂ ਨੂੰ ਜੋਸ਼ ਦਵਾਇਆ ਜਾਂਦਾ ਹੈ, ਜਿਸ ਪੰਜਾਬੀ ਸੰਗੀਤ ਵਿੱਚ ਮਾਂ ਆਪਣੇ ਪੁੱਤਰ ਨੂੰ ਮਿੱਠੀਆਂ ਲੋਰੀਆਂ ਦੇ ਕੇ ਸੁਵਾਉਂਦੀ ਏ, ਜਿਸ ਪੰਜਾਬੀ ਸੰਗੀਤ ਵਿੱਚ ਸਾਡਾ ਇਤਿਹਾਸ, ਸਾਡਾ ਵਿਰਸਾ, ਸਾਡੀ ਅਣਖ਼, ਸਾਡੀ ਗੈ਼ਰਤ ਨਿੱਘ ਮਾਣ ਰਹੀ ਹੈ ਉਸ ਨੂੰ ਤੁਸੀਂ ਮਿੱਟੀ ਵਿੱਚ ਮਿਲਾ ਰਹੇ ਹੋ।”
“ਠਹਿਰੋ..., ਮੈਂ ਦੱਸਦਾ ਹਾਂ ਤੁਹਾਨੂੰ ਮਾਂ ਬੋਲੀ ਦਾ ਸਤਿਕਾਰ ਕਿੱਦਾਂ ਕਰੀਦਾ ਹੈ? ਉਏ ਕੰਜਰੋ..., ਕੁੱਝ ਤਾਂ ਸ਼ਰਮ ਕਰੋ। ਆਪਣੀ ਮਾਂ ਦੀ ਕਮਾਈ ਨਾ ਖਾਓ। ਆਪਣੀ ਮਾਂ ਨੂੰ ਨਾ ਵੇਚੋ। ਆਪਣੀ ਮਾਂ ਬੋਲੀ ਦਾ ਸੌਦਾ ਨਾ ਕਰੋ। ਇਸ ਕਾਰੇ ਤੋਂ ਵਾਸਾ ਵੱਟ ਲਵੋ, ਜੇਕਰ ਹੁਣ ਵੀ ਤੁਸੀਂ ਨਾ ਸੁਧਰੇ ਤੇ ਆਉਣ ਵਾਲੀਆਂ ਨਸਲਾਂ ਤੁਹਾਨੂੰ ਕਦੇ ਮੁਆਫ਼ ਨਹੀਂ ਕਰਨਗੀਆਂ..., ਕਦੇ ਮੁਆਫ਼ ਨਹੀਂ ਕਰਨਗੀਆਂ।”

****

No comments: