ਕਦੇ ਕਦਾਈਂ.......... ਗ਼ਜ਼ਲ / ਦੀਪ ਜ਼ੀਰਵੀ

ਕਦੇ ਕਦਾਈਂ ਆਵੇਂ ਤਾਂ ਦੋ ਘੜੀਆਂ ਬਹਿ ਵੀ ਜਾਇਆ ਕਰ,
ਜਾਣੈ, ਜਾਣੈ ਆਖ ਆਖ ਨਾ ਮੇਰਾ ਦਿਲ ਤੜਫਾਇਆ ਕਰ।

ਢੁੱਕ ਢੁੱਕ ਬਹਿਣੈ ਗੈਰਾਂ ਲਾਗੇ, ਜੀ ਸਦਕੇ ਬਹਿ ਜਿਉਂਦਾ ਰਹੁ,
ਕਦੇ ਕਦਾਈਂ ਲੜਨ ਲਈ ਸਹੀ, ਸਾਡੇ ਵੱਲ ਵੀ ਆਇਆ ਕਰ।

ਡਾਢਿਆ ਢੋਲਾ ਤੂੰ ਤੜਫਾਉਨੈਂ, ਮੇਰੀ ਰੂਹ ਨੂੰ ਅਸ਼ਕੇ ਬਈ,

ਲਿਖ ਲਿਖ ਥੱਕਣੈਂ ਗੈਰਾਂ ਨੂੰ, ਦੋ ਹਰਫ ਮੇਰੇ ਨਾਂ ਪਾਇਆ ਕਰ।

ਗੈਰਾਂ ਦੀ ਸੁਣਦੈਂ ਤੂੰ ਆਖਦੈਂ, ਗੈਰਾਂ ਨੂੰ ਹੀ ਦਿਲ ਦੀ ਗੱਲ,
ਕਦੇ ਤਾਂ ਆਪਣੇ ਬੋਲ ਦੀ ਮਿਸ਼ਰੀ, ਮੇਰੇ ਕੰਨੀਂ ਪਾਇਆ ਕਰ।

ਗੈਰਾਂ ਸਾਹਵੇਂ ਰੋਲਦੈਂ ਲੱਜ ਤੂੰ ਇਸ਼ਕ ਮੇਰੇ ਦੀ ਡਾਹਡਿਆ ਵੇ,
ਲੋਕ ਤਾਂ ਲੋਕ ਨੇ, ਲੋਕਾਂ ਸਾਹਵੇਂ ਨਾ ਤੂੰ ਇੰਞ ਰੁਆਇਆ ਕਰ।

ਸ਼ਰਬਤ ਜਾਣ ਕੇ ਘੁੱਟ ਘੁੱਟ ਪੀਵਾਂ ਬਿਰਹੜਾ ਵਿਹੁ ਪਿਆਲਾ ਵੇ,
ਆਪਣੇ ਆਣ ਦੀ ਆਸ ਦੀ ਏਹਦੇ ਵਿੱਚ ਇੱਕ ਬੂੰਦ ਰਲਾਇਆ ਕਰ।

ਦਿਲ ਮੇਰੇ ਦੀ ਮਮਟੀ ਸੱਖਣੀ, ਚਾਰ ਚੁਫੇਰੇ ਨੇਰ੍ਹਾ ਏ,
ਕਦੇ ਤਾਂ ਰਾਤ ਬਰਾਤੇ ਆ ਕੇ ਦਰਸ਼ ਦੇ 'ਦੀਪ' ਜਗਾਇਆ ਕਰ।


No comments: