ਬਣਵਾਸ ਬਾਕੀ ਹੈ.......... ਕਹਾਣੀ / ਭਿੰਦਰ ਜਲਾਲਾਬਾਦੀ


ਸਵੇਰੇ ਅੱਠ ਕੁ ਵਜੇ ਪੁਲੀਸ ਨੇ ਛਾਪਾ ਮਾਰ ਕੇ ਕੁਝ ਬੱਚੇ ਮਜਦੂਰੀ ਕਰਦੇ ਗ੍ਰਿਫ਼ਤਾਰ ਕਰ ਲਏ। ਕੋਈ ਢਾਬੇ ਤੋਂ ਬਰਤਨ ਸਾਫ਼ ਕਰਦਾ, ਕੋਈ ਗੰਦ ਦੇ ਢੇਰ ਤੋਂ ਪਲਾਸਟਿਕ ਦੇ ਬੈਗ ਇਕੱਠੇ ਕਰਦਾ ਅਤੇ ਕੋਈ ਕਿਸੇ ਦੁਕਾਨ 'ਤੇ ਚੱਕਣ-ਧਰਨ ਕਰਦਾ ਫ਼ੜ ਕੇ ਪੁਲੀਸ ਨੇ ਜਿਪਸੀ ਵਿਚ ਬਿਠਾ ਲਿਆ ਸੀ ਅਤੇ ਠਾਣੇ ਲਿਆ ਤਾੜਿਆ। ਉੱਜੜੀਆਂ ਨਜ਼ਰਾਂ ਅਤੇ ਪਿਲੱਤਣ ਫ਼ਿਰੇ ਚਿਹਰਿਆਂ ਵਾਲੇ ਬੱਚੇ ਸਹਿਮੇਂ ਹੋਏ ਸਨ। ਗੌਰਮਿੰਟ ਵੱਲੋਂ ਸਖ਼ਤ ਹਦਾਇਤ ਸੀ ਕਿ 'ਬਾਲ-ਮਜਦੂਰੀ' ਗ਼ੈਰ ਕਾਨੂੰਨੀ ਹੈ ਅਤੇ ਬੱਚਿਆਂ ਦੇ ਖੇਡਣ-ਮੱਲਣ ਦੇ ਦਿਨਾਂ ਵਿਚ ਮਾਪੇ ਅਤੇ ਹੋਰ ਲੋਕ ਇਹਨਾਂ ਤੋਂ ਮਿਹਨਤ-ਮਜਦੂਰੀ ਕਰਵਾ ਕੇ ਇਹਨਾਂ ਦੀ ਜ਼ਿੰਦਗੀ ਅਤੇ ਭਵਿੱਖ ਤਬਾਹ ਕਰ ਰਹੇ ਹਨ। ਕੁਝ ਬੁੱਧੀਜੀਵੀਆਂ ਨੇ ਵੀ ਬਾਲ-ਮਜਦੂਰੀ 'ਤੇ ਅਖ਼ਬਾਰਾਂ-ਰਸਾਲਿਆਂ ਵਿਚ ਲੇਖ ਲਿਖ ਕੇ ਛੱਤ ਸਿਰ 'ਤੇ ਚੁੱਕ ਲਈ ਸੀ। ਗੌਰਮਿੰਟ ਇਸ ਪੱਖੋਂ ਸੁਚੇਤ ਹੋ ਗਈ ਸੀ ਅਤੇ ਹਫ਼ੜਾ-ਦਫ਼ੜੀ ਵਿਚ ਫ਼ੜੋ-ਫ਼ੜੀ ਦਾ ਸਿਲਸਲਾ ਚੱਲ ਪਿਆ ਸੀ। ਗੌਰਮਿੰਟ ਨੇ ਬਾਲ-ਮਜਦੂਰੀ ਖ਼ਿਲਾਫ਼ ਕਾਨੂੰਨ ਬਣਾ ਕੇ ਐਲਾਨ ਕੀਤਾ ਸੀ ਕਿ ਹਰ ਕੰਮ ਦੇਣ ਵਾਲੇ ਮਾਲਕ ਨੂੰ ਇਹ ਪੱਕਾ ਪਤਾ ਕਰ ਲੈਣਾ ਚਾਹੀਦਾ ਹੈ ਕਿ ਕੰਮ ਕਰਨ ਵਾਲਾ ਬੱਚਾ ਵਾਕਿਆ ਹੀ 14 ਸਾਲ ਤੋਂ ਉਪਰ ਹੈ? ਅਗਰ ਕੋਈ ਬੱਚਾ 14 ਸਾਲ ਦੀ ਉਮਰ ਤੋਂ ਹੇਠ ਕਿਸੇ ਕੋਲ ਮਜਦੂਰੀ ਕਰਦਾ ਫ਼ੜਿਆ ਗਿਆ, ਤਾਂ ਚਲਾਣ ਕੱਟਿਆ ਜਾਵੇਗਾ! ਕੰਮ ਕਰਵਾਉਣ ਵਾਲੇ ਨੂੰ ਭਾਰੀ ਜ਼ੁਰਮਾਨਾਂ ਅਤੇ ਜੇਲ੍ਹ ਦੀ ਸਜ਼ਾ ਵੀ ਹੋ ਸਕਦੀ ਹੈ! ਫ਼ੈਸਲਾ ਸੁਣ ਕੇ ਲੋਕ ਡਰ ਨਾਲ ਠਠੰਬਰ ਗਏ ਸਨ। 
ਅੱਜ ਸਵੇਰੇ-ਸਵੇਰੇ ਪੰਜ ਬੱਚੇ ਅਤੇ ਤਿੰਨ ਢਾਬਿਆਂ ਵਾਲੇ ਗ੍ਰਿਫ਼ਤਾਰ ਕਰ ਲਏ ਗਏ ਸਨ। ਅਖ਼ਬਾਰਾਂ ਦੇ ਨੁਮਾਇੰਦੇ ਬੁਲਾ ਕੇ ਅਖ਼ਬਾਰਾਂ ਦਾ ਢਿੱਡ ਭਰਨ ਵਾਸਤੇ ਉਹਨਾਂ ਨੂੰ ਖ਼ਬਰਾਂ ਵੀ ਦੇ ਦਿੱਤੀਆਂ ਸਨ। ਢਾਬਿਆਂ ਦੇ ਮਾਲਕ ਅਤੇ ਬੱਚੇ ਪੁਲੀਸ ਠਾਣੇ ਹੱਥ ਜੋੜੀ, ਫ਼ਰਿਆਦੀ ਬਣੇ ਬੈਠੇ ਸਨ। ਪਰ ਪੁਲੀਸ ਕਰਮਚਾਰੀ ਆਪਣੀ ਕਾਰਵਾਈ ਵਿਚ ਮਸਰੂਫ਼ ਸਨ। ਢਾਬੇ ਵਾਲਿਆਂ ਦਾ 'ਚਲਾਣ' ਕੱਟ ਕੇ ਉਹਨਾਂ ਦਾ ਖਹਿੜਾ ਤਾਂ ਛੁੱਟ ਗਿਆ। ਪਰ ਹੁਣ ਵਾਰੀ ਬੱਚਿਆਂ ਦੀ ਆ ਗਈ। ਹੁਣ ਉਹਨਾਂ ਦੇ ਅਤੇ-ਪਤੇ ਲੈ ਕੇ ਪੁਲੀਸ ਕਰਮਚਾਰੀਆਂ ਨੂੰ ਉਹਨਾਂ ਦੇ ਮਾਂ-ਬਾਪ ਨੂੰ ਬੁਲਾਉਣ ਲਈ ਉਹਨਾਂ ਦੀ ਬਸਤੀ ਵਿਚ ਭੇਜ ਦਿੱਤਾ। ਉਹ ਸੁਨੇਹਾਂ ਮਿਲਦਿਆਂ ਸਾਰ ਹੀ ਬੱਚਿਆਂ ਨਾਲੋਂ ਵੀ ਨਿੱਘਰੀ ਹਾਲਤ ਵਿਚ ਠਾਣੇ ਪਹੁੰਚ ਗਏ ਅਤੇ ਬਹੁੜੀਆਂ ਘੱਤਦੇ ਠਾਣਾਂ ਮੁਖੀ ਦੇ ਪੈਰਾਂ ਵਿਚ ਜਾ ਡਿੱਗੇ।
"ਸਾਨੂੰ ਮਾਫ਼ ਕਰੋ ਸਰਕਾਰ ਜੀ! ਸਾਨੂੰ ਮਾਫ਼ ਕਰੋ! ਅਸੀਂ ਗਰੀਬ ਲੋਕ! ਸਾਨੂੰ ਬਖ਼ਸ਼ ਲਵੋ ਸਰਕਾਰ!" 
ਪਰ ਉਹਨਾਂ ਦੀਆਂ ਮਿੰਨਤਾਂ ਅਤੇ ਤਰਲਿਆਂ ਦਾ ਠਾਣਾਂ-ਮੁਖੀ 'ਤੇ ਕੋਈ ਅਸਰ ਨਹੀਂ ਸੀ। 
"ਤੁਹਾਨੂੰ ਪਤਾ ਨਹੀਂ ਕਿ ਬਾਲ ਮਜਦੂਰੀ ਕਰਵਾਉਣੀ ਗ਼ੈਰ ਕਾਨੂੰਨੀ ਹੈ?"
"ਸਰਕਾਰ ਕੀ ਕਰੀਏ? ਮਹਿੰਗਾਈ ਦੇਖੋ ਕਿੱਥੇ ਪਹੁੰਚ ਗਈ ਏ! ਘਰ ਦਾ ਤੋਰਾ ਵੀ ਤਾਂ ਕਿਵੇਂ ਨਾ ਕਿਵੇਂ ਤੋਰਨਾ ਹੀ ਹੋਇਆ? ਹੋਰ ਸਾਡੇ ਪਾਸ ਕੋਈ ਸਾਧਨ ਨਹੀਂ, ਕੀ ਕਰੀਏ?"
"ਇਹਦੀ ਸਜ਼ਾ ਪਤਾ ਕਿੰਨੀ ਏ?" ਆਖ ਕੇ ਠਾਣਾਂ ਮੁਖੀ ਨੇ ਉਹਨਾਂ ਦੀ ਰਹਿੰਦੀ ਫ਼ੂਕ ਵੀ ਕੱਢ ਧਰੀ। ਹੁਣ ਉਹਨਾਂ ਦੇ ਕੰਨਾਂ ਵਿਚ ਜੇਲ੍ਹ ਦੀਆਂ ਸਲਾਖਾਂ ਕੀਰਨੇ ਪਾਉਣ ਲੱਗੀਆਂ। ਕੰਧਾਂ ਡਰਾਉਣ ਲੱਗੀਆਂ।
"ਸਰਦਾਰ ਜੀ, ਇਕ ਵਾਰੀ ਮਾਫ਼ ਕਰ ਦਿਓ, ਮੁੜ ਇਹ ਗਲਤੀ ਨਹੀਂ ਹੋਵੇਗੀ!" ਉਹਨਾਂ ਦੇ ਜੁੜੇ ਹੱਥ ਹੋਰ ਕੱਸੇ ਗਏ।
ਖ਼ੈਰ, ਮੁਆਫ਼ੀਨਾਮੇਂ 'ਤੇ ਦਸਤਖ਼ਤ ਕਰਵਾ ਕੇ ਠਾਣੇਦਾਰ ਨੇ ਬੱਚਿਆਂ ਨੂੰ ਉਹਨਾਂ ਦੇ ਮਾਂ-ਬਾਪ ਨਾਲ ਘਰ ਨੂੰ ਤੋਰ ਦਿੱਤਾ ਅਤੇ ਨਾਲ ਦੀ ਨਾਲ ਸਖ਼ਤ ਹਦਾਇਤ ਵੀ ਜਾਰੀ ਕੀਤੀ ਸੀ ਕਿ ਅਗਰ ਇਸ ਅਪਰਾਧ ਨੂੰ ਦੁਬਾਰਾ ਦੁਹਰਾਇਆ ਗਿਆ ਤਾਂ ਕੇਸ ਦਰਜ ਕਰਕੇ ਸਿੱਧਾ ਹਵਾਲਾਤ ਵਿਚ ਦੇ ਦਿੱਤੇ ਜਾਉਗੇ! ਉਹ ਬੇਨਤੀਆਂ ਕਰਦੇ ਅਤੇ ਖ਼ਿਮਾਂ ਜਾਚਨਾ ਮੰਗਦੇ ਘਰ ਨੂੰ ਤੁਰ ਗਏ।
ਬਾਲ-ਮਜਦੂਰੀ ਨੂੰ ਰੋਕਣ ਦੇ ਬਣੇ ਨਵੇਂ ਕਾਨੂੰਨ ਨੇ ਗ਼ਰੀਬ ਬੱਚਿਆਂ ਅਤੇ ਮਾਪਿਆਂ ਨੂੰ ਘਰ ਚਲਾਉਣ ਦਾ ਫ਼ਿਕਰ ਪਾਇਆ ਹੋਇਆ ਸੀ। ਸਰਕਾਰ ਨੇ ਬਾਲ-ਮਜਦੂਰੀ ਦੇ ਖ਼ਿਲਾਫ਼ ਕਾਨੂੰਨ ਤਾਂ ਬਣਾ ਦਿੱਤਾ ਸੀ, ਪਰ ਉਹਨਾਂ ਨੂੰ ਮਾੜੀ ਮੋਟੀ ਆਮਦਨ ਦੇ ਸੋਮੇਂ-ਸਾਧਨ ਵੀ ਮੁਹੱਈਆ ਕਰਵਾਉਣੇ ਚਾਹੀਦੇ ਸਨ। ਮੁਫ਼ਤ ਪੜ੍ਹਾਈ ਦਾ ਪ੍ਰਬੰਧ ਕਰਵਾਉਣਾ ਚਾਹੀਦਾ ਸੀ। ਸਰਕਾਰ ਇਹ ਨਹੀਂ ਸੋਚ ਰਹੀ ਸੀ ਕਿ ਇਕੱਲੇ ਬਾਲ-ਮਜਦੂਰੀ ਦੇ ਖ਼ਿਲਾਫ਼ ਕਾਨੂੰਨ ਬਣਾ ਕੇ ਮਾਮਲਾ ਸਿੱਧ ਨਹੀਂ ਸੀ ਹੋ ਸਕਣਾਂ! ਜਿੰਨੀ ਦੇਰ ਬਿਮਾਰੀ ਦੀ ਜੜ੍ਹ ਨੂੰ ਨਹੀਂ ਸੀ ਪੁੱਟਿਆ ਜਾਂਦਾ, ਬਿਮਾਰੀ ਕਦੇ ਕਾਬੂ ਹੇਠ ਨਹੀਂ ਸੀ ਆ ਸਕਦੀ! ਪਹਿਲਾਂ ਬੱਚਿਆਂ ਲਈ ਮੁਫ਼ਤ ਪੜ੍ਹਾਈ, ਕੁੱਲੀ, ਗੁੱਲੀ ਅਤੇ ਜੁੱਲੀ ਦਾ ਪ੍ਰਬੰਧ ਵੀ ਜ਼ਰੂਰੀ ਸੀ। ਨਹੀਂ ਤਾਂ ਇਹ ਸਿਰਾਂ 'ਚ ਕਿੱਲੇ ਵਾਂਗ ਠੋਕਿਆ ਕਾਨੂੰਨ ਕੈਂਸਰ ਦੇ ਮਰੀਜ਼ ਲਈ ਦਰਦ ਨਾਸ਼ਕ ਗੋਲੀਆਂ ਹੀ ਸਾਬਤ ਹੋਣੀਆਂ ਸਨ, ਜਿੰਨ੍ਹਾਂ ਨੇ ਉਹਨਾਂ ਦੀ ਬਿਮਾਰੀ ਹੋਰ ਵੀ ਅਸਾਧ ਬਣਾ ਦੇਣੀ ਸੀ। ਗੌਰਮਿੰਟ ਨੂੰ ਸ਼ਾਇਦ ਇਹ ਨਹੀਂ ਸੀ ਪਤਾ ਕਿ ਜਿੰਨਾਂ ਚਿਰ ਬੱਚਿਆਂ ਦੀ ਪੜ੍ਹਾਈ, ਰਹਿਣ-ਸਹਿਣ ਅਤੇ ਖਾਣੇ ਦਾ ਯੋਗ ਪ੍ਰਬੰਧ ਨਹੀਂ ਹੁੰਦਾ, ਬਾਲ-ਮਜਦੂਰੀ ਹੁੰਦੀ ਰਹਿਣੀ ਸੀ। ਪਹਿਲਾਂ ਗੌਰਮਿੰਟ ਨੂੰ ਬੱਚਿਆਂ ਦੇ ਪ੍ਰੀਵਾਰਾਂ ਦੀ ਮਾਲੀ ਹਾਲਤ ਦਾ ਜਾਇਜ਼ਾ ਲੈ ਕੇ ਸਹੂਲਤਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਸਨ, ਨਾ ਕਿ ਗ਼ਰੀਬ ਲੋਕਾਂ ਉੱਪਰ ਬਾਲ-ਮਜਦੂਰੀ ਦੇ ਵਿਰੋਧ ਵਿਚ ਕਾਨੂੰਨ ਠੋਸਣਾਂ! ਇਹ ਕੋਈ ਸਾਰਥਿਕ 'ਹੱਲ' ਨਹੀਂ ਸੀ!
ਹਫ਼ਤੇ ਕੁ ਬਾਅਦ ਅਖ਼ਬਾਰਾਂ ਵਿਚ ਇਕ ਹੋਰ ਖ਼ਬਰ ਆਈ: 
"ਤਿੰਨ ਬੱਚੇ ਬੈਂਕ ਵਿਚ ਚੋਰੀ ਕਰਦੇ ਕਾਬੂ! ਪੰਜ ਬੱਚਿਆਂ ਦਾ ਗੈਂਗ ਕਰਦਾ ਸੀ ਵਾਰਦਾਤਾਂ! ਪੁਲੀਸ ਵੱਲੋਂ ਬਾਕੀਆਂ ਦੀ ਭਾਲ ਵਿਚ ਛਾਪੇ!"
ਖ਼ਬਰ ਨੇ ਲੋਕਾਂ ਦੇ ਸਾਹ ਸੂਤ ਲਏ।
ਪੰਜ ਬੱਚਿਆਂ ਦੇ ਮਾਪੇ ਪੁਲੀਸ ਨੇ ਠਾਣੇਂ ਲਿਆ ਸੁੱਟੇ ਅਤੇ ਕੁੱਟ ਕੇ ਮੱਛੀਓਂ ਮਾਸ ਕਰ ਦਿੱਤੇ। ਮਾਪੇ ਫ਼ਿਰ ਹੱਥ ਜੋੜਨ ਅਤੇ ਤਰਲੇ ਕਰਨ ਵਿਚ ਜੁਟੇ ਹੋਏ ਸਨ। ਪਰ ਪੁਲੀਸ ਵਾਲੇ ਮਾਪਿਆਂ 'ਤੇ ਘੋਰ ਖਿਝੇ ਹੋਏ ਸਨ। ਕੁੱਟ ਮਾਰ ਤਾਂ ਉਹਨਾਂ ਦੀ ਪਹਿਲਾਂ ਹੀ ਬਹੁਤ ਕੀਤੀ ਜਾ ਚੁੱਕੀ ਸੀ।
ਦੁਪਿਹਰੋਂ ਬਾਅਦ ਬਸਤੀ ਦਾ ਪ੍ਰਧਾਨ ਠਾਣੇਂ ਆਇਆ ਅਤੇ ਉਸ ਨੇ ਕਰਮਚਾਰੀਆਂ ਨਾਲ ਗੱਲ ਬਾਤ ਕੀਤੀ।
"ਪ੍ਰਧਾਨ ਜੀ, ਇਹ ਬੱਚਿਆਂ ਨੂੰ ਉਕਸਾ ਕੇ ਚੋਰੀ ਕਰਵਾਉਂਦੇ ਨੇ, ਛੱਡ ਕਿਵੇਂ ਦੇਈਏ?" ਠਾਣੇਦਾਰ ਨੇ ਨੱਕ ਵਿਚੋਂ ਠੂੰਹੇਂ ਸੁੱਟੇ।
"ਮੇਰੀ ਬੇਨਤੀ ਸੁਣੋ, ਸਰਕਾਰ! ਜਦ ਬੱਚੇ ਮਜਦੂਰੀ ਕਰਦੇ ਸਨ, ਭੱਠਿਆਂ 'ਤੇ ਇੱਟਾਂ ਢੋਂਹਦੇ ਜਾਂ ਇੱਟਾਂ ਪੱਥਦੇ ਸਨ, ਉਸ ਟਾਈਮ ਗੌਰਮਿੰਟ ਨੇ ਕਾਨੂੰਨ ਬਣਾ ਕੇ ਉਹਨਾਂ ਨੂੰ ਕੰਮ ਕਰਨ ਤੋਂ ਸਖ਼ਤੀ ਨਾਲ ਵਰਜ ਦਿੱਤਾ। ਨਾ ਉਹਨਾਂ ਨੂੰ ਕੋਈ ਸਹੂਲਤ ਮਿਲੀ ਅਤੇ ਨਾ ਹੀ ਉਹਨਾਂ ਦਾ ਕੋਈ ਖਾਣ ਪੀਣ, ਦੁਆਈ ਜਾਂ ਰਹਾਇਸ਼ ਦਾ ਹੀਲਾ ਕੀਤਾ। ਆਹ ਮੁੰਡਾ, ਜਿਸ ਨੂੰ ਤੁਸੀਂ ਗੈਂਗ ਦਾ ਮੁਖੀ ਬਣਾਈ ਬੈਠੇ ਓ, ਇਹਦੀ ਮਾਂ ਬਿਮਾਰੀ ਖੁਣੋਂ ਮਰਨ ਕਿਨਾਰੇ ਹੈ, ਉਹਦੀ ਵੀਹ ਰੁਪਏ ਦੀ ਤਾਂ ਹਰ ਰੋਜ਼ ਦੁਆਈ ਆਉਂਦੀ ਹੈ! ਇਹ ਢਾਬੇ 'ਤੇ ਬਰਤਨ ਮਾਂਜ ਕੇ ਆਪਣੀ ਮਾਂ ਦੀ ਦੁਆਈ ਦਾ ਖ਼ਰਚਾ ਚਲਾਉਂਦਾ ਸੀ ਤੇ ਸਰਕਾਰ ਨੇ ਨਵਾਂ ਕਾਨੂੰਨ ਬਣਾ ਕੇ ਇਹਨਾਂ ਦਾ ਉਹ ਮਜਦੂਰੀ ਵਾਲਾ ਰਸਤਾ ਵੀ ਬੰਦ ਕਰ ਦਿੱਤਾ, ਦੱਸੋ ਇਹ ਹੁਣ ਚੋਰੀ ਕਰਕੇ ਆਪਣਾ ਡੰਗ ਨਹੀਂ ਟਪਾਉਣਗੇ ਤਾਂ ਕੀ ਕਰਨਗੇ? ਇਹ ਐਸ਼-ਪ੍ਰਸਤੀ ਵਾਸਤੇ ਚੋਰੀ ਨਹੀਂ ਕਰਦੇ ਜਨਾਬ! ਇਹ ਆਪਣਾ ਪੇਟ ਪਾਲਣ ਲਈ ਤੇ ਆਪਣੇ ਬਿਮਾਰ ਮਾਂ-ਪਿਉ ਦੀ ਦੁਆਈ ਖ਼ਰੀਦਣ ਵਾਸਤੇ ਚੋਰੀ ਕਰਦੇ ਐ!! ਹੁਣ ਤੁਸੀਂ ਇਹਨਾਂ ਨੂੰ ਲੋਕਾਂ ਦੀਆਂ ਨਜ਼ਰਾਂ 'ਚ ਗੈਂਗ ਬਣਾਈ ਚੱਲੋ ਤੇ ਚਾਹੇ ਗੈਂਗ ਦੇ ਮੁਖੀ! ਸੱਚੀ ਗੱਲ ਮੈਂ ਤੁਹਾਨੂੰ ਦੱਸ ਦਿੱਤੀ ਹੈ ਬਾਕੀ ਕੰਮ ਹੁਣ ਤੁਹਾਡਾ ਹੈ ਮਹਾਰਾਜ!"
ਠਾਣੇਦਾਰ ਚੁੱਪ ਧਾਰ ਗਿਆ।
ਪ੍ਰਧਾਨ ਦੀ ਗੱਲ ਸੱਚੀ ਹੀ ਤਾਂ ਸੀ।
"ਜੇ ਤੁਸੀਂ ਮੇਰੀ ਇਕ ਬੇਨਤੀ ਮੰਨੋ ਤਾਂ ਇਹਨਾਂ ਦੇ ਘਰੀਂ ਜਾ ਕੇ ਇਹਨਾਂ ਦੀ ਗ਼ਰੀਬੀ ਤੇ ਇਹਨਾਂ ਦੇ ਮਾਪਿਆਂ ਦੀ ਸਿਹਤ ਦਾ ਅਨੁਮਾਨ ਲਾਓ ਤੇ ਫ਼ੇਰ ਲੇਖਾ ਜੋਖਾ ਕਰੋ! ਤੇ ਨਾਲ ਦੀ ਨਾਲ ਇਹ ਵੀ ਜਾਂਚ ਕਰ ਲਿਓ ਕਿ ਇਹ ਚੋਰੀ ਕਰਕੇ ਕਿੰਨੀ ਕੁ ਆਲੀਸ਼ਾਨ ਜ਼ਿੰਦਗੀ ਜਿਉਂਦੇ ਨੇ! ਤੇ ਨਹੀਂ ਸਰਕਾਰ ਇਹਨਾਂ ਨੂੰ ਜਾਂ ਤਾਂ ਬਖ਼ਸ਼ੋ, ਤੇ ਜਾਂ ਇਹਨਾਂ ਨੂੰ ਸਰਕਾਰ ਤੋਂ ਮਾਲੀ ਮੱਦਦ ਦਿਵਾਓ, ਤੇ ਜਾਂ ਫ਼ੇਰ ਉਹੀ ਮਿਹਨਤ ਮਜਦੂਰੀ ਕਰਨ ਦਿਓ, ਜਿਹੜੀ ਇਹ ਪਹਿਲਾਂ ਕਰਦੇ ਸੀ! ਹੋਰ ਇਹਨਾਂ ਦਾ ਕੋਈ ਇਲਾਜ ਨਹੀਂ ਸਰਕਾਰ! ਖ਼ਾਰਿਸ਼ ਦੀ ਬਿਮਾਰੀ ਵਾਲਾ ਤਾਂ ਖੁਰਕ ਕਰੂ ਹੀ ਕਰੂ ਜਨਾਬ! ਉਹਦੇ ਕੋਈ ਵੱਸ ਨਹੀਂ ਹੁੰਦਾ! ਖੁਰਕ ਕਰਨਾ ਉਹਦੀ ਜ਼ਰੂਰਤ ਹੁੰਦੀ ਹੈ, ਕੋਈ ਸ਼ੌਕ ਨਹੀਂ!"
"ਪਰ ਗੁਨਾਂਹ ਤਾਂ ਗੁਨਾਂਹ ਹੀ ਹੈ ਪ੍ਰਧਾਨ ਸਾਹਿਬ! ਇਹਨਾਂ ਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ!" ਠਾਣੇਦਾਰ ਨੇ ਕਿਹਾ ਤਾਂ ਪ੍ਰਧਾਨ ਹੱਸ ਪਿਆ।
"ਕਰੋੜਾਂ ਦੀ ਡਰੱਗ ਵੇਚਣ ਵਾਲੇ ਕਾਨੂੰਨ ਦੀ ਉਲੰਘਣਾ ਨਹੀਂ ਕਰਦੇ ਜਨਾਬ? ਉਹਨਾਂ ਦੇ ਮਗਰ ਪੈਸਾ ਤੇ ਸਿਫ਼ਾਰਸ਼ਾਂ ਪਾਣੀ ਵਾਂਗ ਤੁਰੀਆਂ ਆਉਂਦੀਐਂ! ਪਰ ਇਹਨਾਂ ਗਰੀਬਾਂ ਦੇ ਪੱਲੇ ਤਾਂ ਸੱਚ ਬੋਲਣ ਜਾਂ ਹੱਥ ਜੋੜਨ ਤੋਂ ਬਿਨਾ ਕੱਖ ਨਹੀਂ! ਚੋਰੀ ਕਰਨ ਤੋਂ ਬਿਨਾਂ ਇਹਨਾਂ ਨੂੰ ਕੋਈ ਦੂਜਾ ਰਸਤਾ ਹੀ ਨਜ਼ਰ ਨਹੀਂ ਆਉਂਦਾ! ਜਾਂ ਤਾਂ ਇਹਨਾਂ ਨੂੰ ਕੋਈ ਘਰ ਚਲਾਉਣ ਦਾ ਹੋਰ ਰਸਤਾ ਦੱਸ ਦਿਓ, ਉਸ ਰਸਤੇ ਇਹਨਾਂ ਨੂੰ ਤੋਰਨਾ ਮੇਰਾ ਕੰਮ!" ਚਾਹੇ ਉਹ ਇਹਨਾਂ ਸਾਰੀਆਂ ਗੱਲਾਂ ਨਾਲ ਸਹਿਮਤ ਸੀ, ਪਰ ਪ੍ਰਧਾਨ ਦੀਆਂ ਇਹਨਾਂ ਗੱਲਾਂ ਦਾ ਠਾਣਾ-ਮੁਖੀ ਕੋਲ ਕੋਈ ਉੱਤਰ ਨਹੀਂ ਸੀ। ਉਹ ਸੋਚ ਰਿਹਾ ਸੀ ਕਿ ਇਹਨਾਂ ਗ਼ਰੀਬਾਂ ਲਈ ਅਜੇ ਬਣਵਾਸ ਬਾਕੀ ਸੀ। ਉਹ ਕਦੇ ਪ੍ਰਧਾਨ ਦੀਆਂ ਕੀਤੀਆਂ ਸੱਚੀਆਂ ਗੱਲਾਂ ਵੱਲ ਅਤੇ ਕਦੇ ਗ੍ਰਿਫ਼ਤਾਰ ਕੀਤੇ ਬੱਚਿਆਂ ਵੱਲ ਦੇਖ ਰਿਹਾ ਸੀ।

***

No comments: