ਤੱਤ ਲੀਲਾ..........ਨਜ਼ਮ/ਕਵਿਤਾ / ਦਰਸ਼ਨ ਬੁੱਟਰ (ਸ਼੍ਰੋਮਣੀ ਕਵੀ)


ਜਗਿਆਸਾ

ਰੰਗ ਬਿਰੰਗੀਆਂ ਤਿਤਲੀਆਂ ਦੀ
ਕਬਰ ਹੈ ਮੇਰੇ ਅੰਦਰ
ਸੱਜਰੇ ਫੁੱਲ
ਕੰਬ ਰਹੇ ਮੇਰੇ ਹੱਥਾਂ ਵਿਚ

ਕਿਵੇਂ ਝੱਲਾਂ
ਸਿਜਦੇ ਵਿਚ ਝੁਕਣ ਦਾ ਦਰਦ

ਹਾਸ਼ੀਏ ਦੇ ਕੈਦ ਅੰਦਰ
ਭਾਵਨਾਵਾਂ ਦਾ ਦਮ ਘੁਟਦਾ ਹੈ
ਹਾਸੀ਼ਏ ਦੇ ਬਾਹਰ ਵੀ
ਸੰਸਿਆਂ ਦੀ ਵਲਗਣ ਹੈ

ਝਾਂਜਰ ਦੇ ਬੋਰ ਛਣਕਦੇ ਨਹੀਂ
ਬਸ ਰੜਕਦੇ ਨੇ
ਅੱਖ ਦਾ ਸੁਰਮਾਂ ਫੈਲ ਜਾਂਦਾ
ਖ਼ਾਬਾਂ ‘ਚ ਕਾਲ਼ਖ ਬਣ ਕੇ

ਪਲਕਾਂ ਭਰਦੀ ਹਾਂ
ਤਾਂ ਮਜ਼ਾਕ ਕਰਦੀਆਂ ਨੇ ਹਵਾਵਾਂ
ਖਿੜ ਖਿੜ ਹੱਸਦੀ ਹਾਂ
ਤਾਂ ਇਤਰਾਜ਼ ਕਰਦੀਆਂ ਨੇ ਦਰਗਾਹਾਂ

ਅੰਦਰਲੇ ਨੰਗੇ ਸੱਚ ਨੂੰ
ਕਿਵੇਂ ਪਹਿਨਾਵਾਂ ਹਰਫ਼ਾਂ ਦਾ ਜਾਮਾ
ਬਾਹਰਲੇ ਕੱਜੇ ਕੂੜ ਨੂੰ
ਕਿਵੇਂ ਕਰਾਂ ਤਾਰ ਤਾਰ

ਅੱਗ 'ਤੇ ਤੁਰਦੀ ਹਾਂ
ਬਰਫ਼ ਦਾ ਦੀਵਾ ਲੈ ਕੇ
ਇਹ ਲੱਭਣ
ਕਿ ਮੇਰਾ ਕੀ ਗੁਆਚਾ ਹੈ

ਤੂੰ ਬਾਹਵਾਂ ਤਾਂ ਖੋਲ੍ਹ ਗੁਰੂਦੇਵ!
ਮੈਂ ਆਪਣਾ ਆਕਾਸ਼ ਢੂੰਡਣਾ ਹੈ
ਤੇਰੇ ਪਾਸਾਰ ਵਿਚੋਂ........

.....ਗੁਰੂਦੇਵ.....

ਇਕ ਅੱਗ ਹੈ
ਜੋ ਨਿਰੰਤਰ ਸੁਲਘਦੀ
ਸੁਫ਼ਨਿਆਂ 'ਚ...ਸਾਹਾਂ 'ਚ
ਹੰਝੂਆਂ 'ਚ ਹਾਸਿਆਂ 'ਚ
ਰੁਦਨ 'ਚ...ਰੰਗ ਤਮਾਸਿ਼ਆਂ 'ਚ

ਇਕ ਪੌਣ ਹੈ
ਜੋ ਨਿਰੰਤਰ ਵਗਦੀ
ਜਿਸਮਾਂ 'ਚ...ਰੂਹ ਦੇ ਖਲਾਵਾਂ 'ਚ
ਸੂਖ਼ਮ ਤੇ ਸਥੂਲ ਭਾਵਨਾਵਾਂ 'ਚ
ਅੰਤਰ ਮਨ ਦੀਆਂ ਕਿਰਿਆਵਾਂ 'ਚ

ਇਕ ਨੀਰ ਹੈ
ਜੋ ਨਿਰੰਤਰ ਵਹਿੰਦਾ
ਮਨੁੱਖ ਦੀਆਂ ਉਮੰਗਾਂ 'ਚ
ਕੁਦਰਤ ਦੇ ਰੰਗਾਂ 'ਚ
ਪੰਛੀਆਂ ਪਤੰਗਾਂ 'ਚ

ਇਕ ਮਿੱਟੀ ਹੈ
ਜੋ ਨਿਰੰਤਰ ਉੱਡਦੀ
ਮੁਹੱਬਤ 'ਚ...ਮਾਇਆ 'ਚ
ਫੈਲਦੀ ਸਿਮਟਦੀ ਛਾਇਆ 'ਚ
ਹਰ ਸਾਹ ਲੈਂਦੀ ਕਾਇਆ 'ਚ

ਇਕ ਆਕਾਸ਼ ਹੈ
ਜੋ ਨਿਰੰਤਰ ਵਸਦਾ
ਕਲਬੂਤਾਂ 'ਚ ...ਰੂਹਾਂ 'ਚ
ਅਨੰਤਾਂ 'ਚ ... ਜੂਹਾਂ 'ਚ
ਗੁੰਬਦਾਂ 'ਚ... ਖੂਹਾਂ 'ਚ

ਅਨੰਤ ਕਾਲ ਤੋਂ ਜਾਰੀ ਹੈ ਇਹ ਲੀਲਾ
ਅਸੀਂ ਮਿੱਟੀ ਦੇ ਬਾਵੇ
ਖੇਡਦੇ ਖੇਡਦੇ ਸੌਂ ਜਾਈਏ ਏਸੇ ਮਿੱਟੀ ਅੰਦਰ

ਫੁੱਲ ਤੇਰੇ ਲਈ ਖਿੜਦੇ
ਪੰਛੀ ਤੇਰੇ ਲਈ ਗਾਉਂਦੇ
ਕੁਦਰਤ ਤੇਰੇ ਲਈ ਮੌਲ਼ਦੀ
ਮੈਂ ਵੀ ਹਾਜ਼ਰ ਹਾਂ
ਕੋਰੀ ਕੈਨਵਸ ਲਈ ਸਾਰੇ ਰੰਗ ਲੈ ਕੇ......
No comments: