ਪੰਜਾਬੀ ਸ਼ਾਇਰੀ ਦਾ ਚਰਚਿਤ ਹਸਤਾਖ਼ਰ : ਹਰੀ ਸਿੰਘ ਮੋਹੀ .......... ਲੇਖ਼ / ਪਰਮਿੰਦਰ ਸਿੰਘ ਤੱਗੜ (ਡਾ.)

ਹਰੀ ਸਿੰਘ ਮੋਹੀ ਪੰਜਾਬੀ ਕਾਵਿ ਜਗਤ ਵਿਚ ਜਾਣਿਆਂ-ਪਛਾਣਿਆਂ ਹਸਤਾਖ਼ਰ ਹੈ। ਉਸਨੇ ਹੁਣ ਤੱਕ ‘ਸਹਿਮੇ ਬਿਰਖ਼ ਉਦਾਸੇ ਰੰਗ’ ਕਾਵਿ-ਸੰਗ੍ਰਿਹ, ‘ਮੁਖ਼ਾਲਿਫ਼ ਹਵਾ’ ਕਾਵਿ-ਸੰਗ੍ਰਿਹ, ‘ਬਾਜ਼ੀ’ ਗ਼ਜ਼ਲ-ਸੰਗ੍ਰਿਹ, ‘ਮਣਕੇ’ ਕਾਵਿ-ਸੰਗ੍ਰਿਹ ਪੰਜਾਬੀ ਸਾਹਿਤ ਦੀ ਝੋਲ਼ੀ ਪਾਏ ਹਨ। ਇਸ ਤੋਂ ਬਿਨਾਂ ਪਾਸ਼ ਦੀਆਂ ਚੋਣਵੀਆਂ 79 ਕਵਿਤਾਵਾਂ ਦਾ ਅੰਗਰੇਜ਼ੀ ਵਿਚ ਉਲ਼ੱਥਾ ਕਰਕੇ ‘ਪਾਸ਼ ਐਂਥਾਲੋਜੀ’ ਸਿਰਲੇਖ ਤਹਿਤ ਕਿਤਾਬੀ ਰੂਪ ਦਿੰਦਿਆਂ ਪਾਸ਼ ਦੀ ਸ਼ਾਇਰੀ ਨੂੰ ਅੰਗਰੇਜ਼ੀ ਦੇ ਸ਼ੌਕੀਨ ਪਾਠਕਾਂ ਤੱਕ ਪੁਚਾ ਕੇ ਪਾਸ਼ ਨੂੰ ਵਿਹਾਰਕ ਸ਼ਰਧਾਂਜਲੀ ਦਿੱਤੀ। ਉਸ ਦੀ ਪੰਜਵੀਂ ਅਤੇ ਨਵੀਆਂ ਕਾਵਿ-ਕ੍ਰਿਤਾਂ ਦੀ ਕਿਤਾਬ ‘ਰੂਹ ਦਾ ਰਕਸ’ 15 ਨਵੰਬਰ 2009 ਨੂੰ ਕੋਟਕਪੂਰੇ ਗਿਆਨ ਪੀਠ ਪੁਰਸਕਾਰ ਵਿਜੇਤਾ ਪਦਮ ਸ੍ਰੀ ਪ੍ਰੋ. ਗੁਰਦਿਆਲ ਸਿੰਘ ਦੇ ਕਰ-ਕਮਲਾਂ ਦੁਆਰਾ ਲੋਕ-ਅਰਪਿਤ ਹੋ ਚੁੱਕੀ ਹੈ। ਅਸੀਂ ਇੱਥੇ ਉਸ ਦੀ ਇਕ ਤਾਜ਼ਾ ਅਤੇ ਅਣਛਪੀ ਕਾਵਿ-ਰਚਨਾ ਤੁਹਾਡੇ ਸਨਮੁੱਖ ਕਰਨ ਦੀ ਖ਼ੁਸ਼ੀ ਲੈ ਰਹੇ ਹਾਂ-

ਆਥਣ-ਉਗਣ ਜੋ ਸ਼ਬਦਾਂ ਦੀ ਛਾਵੇਂ ਉਠਦੇ ਬਹਿੰਦੇ ਨੇ, ਗਿਣਤੀ ਦੇ ਕੁਝ ਸ਼ਾਇਰ ਨੇ
ਨਜ਼ਰਾਂ ਵਾਲ਼ੀਆਂ ਅੱਖਾਂ ਵਿਚ ਜੋ ਹਰ ਪਲ ਜਗਦੇ ਰਹਿੰਦੇ ਨੇ, ਗਿਣਤੀ ਦੇ ਕੁਝ ਸ਼ਾਇਰ ਨੇ।

ਗੋਰਖ਼, ਬੁੱਲੇ, ਸ਼ਾਹ ਹੁਸੈਨ, ਨਾਮੇ, ਕਬੀਰ, ਰਵਿਦਾਸ, ਫ਼ਰੀਦ ਤੇ ਨਾਨਕ ਸ਼ਬਦ ਸਵਾਰੇ ਨੇ
ਵਾਰਿਸ ਜਿਹੇ ਵਿਰਸੇ ਦੇ ਵਾਰਿਸ ਜੋ ’ਵਾਵਾਂ ਸੰਗ ਵਹਿੰਦੇ ਨੇ, ਗਿਣਤੀ ਦੇ ਕੁਝ ਸ਼ਾਇਰ ਨੇ।

ਤੂੰ ਮੈਂ ਜਦ ਵੀ ਮਿਲ਼ਦੇ ਹਾਂ, ਇਕ ਦੂਜੇ ਦੇ ਗਲ਼ ਲਗਕੇ, ਆਪਣੇ ਦੁੱਖ ਹੀ ਰੋਂਦੇ ਹਾਂ
ਵਿਰਵੇ ਵਾਂਝੇ ਜੱਗ ਦੀ ਪੀੜਾ ਜਿਹੜੇ ਸੁਣਦੇ ਨੇ, ਗਿਣਤੀ ਦੇ ਕੁਝ ਸ਼ਾਇਰ ਨੇ।

ਚੇਤਿਆਂ ਦੇ ਵਿਚ ਵਸ ਜਾਣਾ ਸਦਾ ਹੀ ਨਜ਼ਰਾਂ ਵਿਚ ਰਹਿਣਾ, ਕੌਣ ਨਹੀਂ ਚਾਹੁੰਦਾ ਐਪਰ
ਬੋਲ ਜਿਨਾਂ ਦੇ ਹਰ ਇਕ ਦੇ ਬੁੱਲਾਂ ’ਤੇ ਸਦਾ ਹੀ ਰਹਿੰਦੇ ਨੇ, ਗਿਣਤੀ ਦੇ ਕੁਝ ਸ਼ਾਇਰ ਨੇ।

ਸੁਆਰਥ ਹਉਮੈਂ ਸਨਮਾਨਾਂ ਲਈ ਤਲ਼ੀਆਂ ਚੱਟਦੇ ਫ਼ਿਰਦੇ ਜੋ, ਭਾਟੜਿਆਂ ਦੀ ਕਮੀ ਨਹੀਂ,
ਪੈਰਾਂ ਸੰਗ ਜੋ ਤੁਰਦੇ ਨੇ, ਹੱਥਾਂ ਦਾ ਹੱਥ ਵਟਾਉਂਦੇ ਨੇ, ਗਿਣਤੀ ਦੇ ਕੁਝ ਸ਼ਾਇਰ ਨੇ।

ਆਥਣ-ਉਗਣ ਜੋ ਸ਼ਬਦਾਂ ਦੀ ਛਾਵੇਂ ਉਠਦੇ ਬਹਿੰਦੇ ਨੇ, ਗਿਣਤੀ ਦੇ ਕੁਝ ਸ਼ਾਇਰ ਨੇ
ਨਜ਼ਰਾਂ ਵਾਲ਼ੀਆਂ ਅੱਖਾਂ ਵਿਚ ਜੋ ਹਰ ਪਲ ਜਗਦੇ ਰਹਿੰਦੇ ਨੇ, ਗਿਣਤੀ ਦੇ ਕੁਝ ਸ਼ਾਇਰ ਨੇ।