ਨੀਤਸ਼ੇ ਦਾ ‘ਮਹਾਂ ਮਾਨਵ’.......... ਲੇਖ਼ / ਦਵਿੰਦਰ ਸੈਫੀ਼ (ਡਾ.)

(ਡਾ. ਦਵਿੰਦਰ ਸੈਫ਼ੀ ਅਜਿਹਾ ਨੌਜਵਾਨ ਸ਼ਾਇਰ, ਸੂਝਵਾਨ ਚਿੰਤਕ ਅਤੇ ਅਲੋਚਕ ਹੈ ਜਿਸਨੇ ਆਪਣੀ ਪ੍ਰਤਿਭਾ ਸਦਕਾ ਸਾਹਿਤਕ ਹਲਕਿਆਂ ਵਿਚ ਥੋੜ੍ਹੇ ਸਮੇਂ ਵਿਚ ਹੀ ਅਪਣੀ ਪਕੇਰੀ ਪਹਿਚਾਣ ਬਣਾ ਲਈ ਹੈ। ‘ਦੁਪਹਿਰ ਦਾ ਸਫ਼ਾ’ ਉਸਦਾ ਪਲੇਠਾ ਕਾਵਿ ਸੰਗ੍ਰਹਿ ਉਸਦੀ ੳਚੇਰੀ ਕਾਵਿ ਉਡਾਰੀ ਅਤੇ ਡੂੰਘੇਰੀ ਸਮਝ ਦਾ ਮਾਣਨਯੋਗ ਨਮੂਨਾ ਹੈ। ਫਰੈਡਰਿਕ ਨੀਤਸ਼ੇ ਦੀ ਫਿਲਾਸਫੀ ਨੂੰ ਡਾ. ਸੈਫੀ਼ ਨੇ ਆਪਣੀ ਸਿਰਜਣਾ ਸ਼ਕਤੀ ਨਾਲ਼ ‘ਮਹਾਂਮਾਨਵ’ ਪੁਸਤਕ ਵਜੋਂ ਤਿਆਰ ਕੀਤਾ ਹੈ।
ਜੋ ਜਲਦੀ ਹੀ ਪ੍ਰਕਾਸਿ਼ਤ ਹੋ ਕੇ ਆਪ ਸੱਭ ਦੇ ਸਾਹਮਣੇ ਆ ਰਹੀ ਹੈ।

ਫਰੈਡਰਿਕ ਨੀਤਸ਼ੇ ਜਰਮਨ ਦਾ ਪ੍ਰਸਿੱਧ ਫਿਲਾਸਫਰ ਹੋਇਆ ਹੈ। ਉਸਨੇ ‘ਮਹਾਂਮਾਨਵ’ ਦਾ ਸੰਕਲਪ ਦਿੱਤਾ। ਇਹ ਸੰਕਲਪ ਪੇਸ਼ ਕਰਨ ਲਈ ਉਸਨੇ ‘ਜ਼ਰਥੁਸਟਰ’ ਨਾਂ ਦਾ ਪਾਤਰ ਚੁਣਿਆ ਹੈ। ‘ਮਹਾਂਮਾਨਵ’ ਮਾਨਵ ਤੋਂ ਅਗਲਾ ਤੇ ਸਿਖਰਲਾ ਪੜਾਅ ਹੈ। ਜ਼ਰਥੁਸਟਰ ਰੱਬ, ਧਰਮ, ਰਾਜਨੀਤੀ, ਨਿਆਂ, ਨੀਤੀ, ਕਨੂੰਨ, ਵਿਆਹ, ਔਰਤ, ਬੱਚਿਆਂ,ਦੋਸਤੀਆਂ, ਦੁਸ਼ਮਣੀਆਂ ਆਦਿ ਬਾਰੇ ਕਮਾਲ ਦੀਆਂ ਗੱਲਾਂ ਕਰਦਾ ਹੈ। ਇਸ ਖ਼ੂਬਸੂਰਤ ਰਚਨਾ ਨੂੰ ਅਗਲੇ ਅੰਕਾਂ ਵਿਚ ਲੜੀਵਾਰ ਪੇਸ਼ ਕਰਨ ਦੀ ਖੁਸ਼ੀ ਲੈ ਰਹੇ ਹਾਂ ।
-ਮੁੱਖ ਸੰਪਾਦਕ)

ਪੁਜਾਰੀਆਂ ਵਾਲ਼ਾ ਰੱਬ ਮਰ ਚੁੱਕਾ ਹੈ,
ਮਹਾਂਮਾਨਵ ਵਾਲ਼ੇ ਰੱਬ ਦੀ ਖੋਜ ਕਰੋ

ਅਪਣੀ ਉਮਰ ਦੇ ਤੀਹਵੇਂ ਵਰ੍ਹੇ ਜ਼ਰਥੁਸਟਰ ਘਰ ਛੱਡ ਕੇ ਪਹਾੜਾਂ ‘ਤੇ ਚਲਾ ਗਿਆ ਤੇ ਉਥੇ ਹੀ ਇਕ ਗੁਫਾ ਬਣਾ ਕੇ ਰਹਿਣ ਲੱਗ ਪਿਆ। ਉਸ ਗੁਫਾ ਵਿਚ ਲਗਾਤਾਰ ਦਸ ਸਾਲ ਰਹਿ ਕੇ ਉਸ ਨੇ ਅਪਣੇ ਮਨ ਦੇ ਘੋੜੇ ‘ਤੇ ਸਵਾਰ ਹੋਣਾ ਸਿੱਖਿਆ। ਇਕ ਸਵੇਰ ਅਜਿਹੀ ਆਈ ਜੋ ਉਸ ਨੂੰ ਆਨੰਦ ਨਾਲ਼ ਭਰਪੂਰ ਕਰ ਗਈ। ਉਸ ਨੂੰ ਆਪਣੇ ਅੰਦਰ ਬਾਹਰ ਵਾਪਰੀਆਂ ਕਈ ਤਬਦੀਲੀਆਂ ਦਾ ਅਹਿਸਾਸ ਹੋਇਆ। ਉਸਨੂੰ ਸਾਰਾ ਕੁਝ ਹੀ ਬਦਲ ਗਿਆ ਜਾਪਿਆ। ਚੜ੍ਹਦੇ ਸੂਰਜ ਦੀਆਂ ਅੱਖਾਂ ‘ਚ ਅੱਖਾਂ ਪਾ ਕੇ ਉਹ ਕਹਿਣ ਲੱਗਾ:
“ਓ ਮਹਾਨ ਸਿਤਾਰੇ! ਜ਼ਰਾ ਸੋਚ! ਜੇ ਇਹ ਸੰਸਾਰ ਨਾ ਹੋਵੇ ਤਾਂ ਤੂੰ ਆਪਣੀ ਰੌਸ਼ਨੀ ਕਿਸ ਨੂੰ ਦੇਵੇਂਗਾ? ਕੀ ਫਿਰ ਵੀ ਤੂੰ ਹੁਣ ਜਿੰਨੀ ਖੁਸ਼ੀ ਮਹਿਸੂਸ ਕਰ ਸਕੇਂਗਾ? ਤੂੰ ਦਸ ਸਾਲ ਮੇਰੀ ਗੁਫਾ ਵਿਚ ਆਪਣੀ ਰੌਸ਼ਨੀ ਭੇਜਦਾ ਰਿਹੈਂ। ਤੂੰ ਆਪਣੀ ਰੋਸ਼ਨੀ ਦੇ ਬੋਝ ਤੋਂ ਹੁਣ ਨੂੰ ਕਦੋਂ ਦਾ ਅੱਕ ਜਾਣਾ ਸੀ, ਜੇ ਮੈਂ ਅਤੇ ਮੇਰੇ ਸਾਥੀ, ਬਾਜ ਤੇ ਸੱਪ, ਤੈਥੋਂ ਇਹ ਰੌਸ਼ਨੀ ਨਾ ਲੈਂਦੇ ਹੁੰਦੇ। ਮੈਨੂੰ ਪਤੈ, ਤੈਨੂੰ ਅਪਣੀ ਰੌਸ਼ਨੀ ਵੰਡ ਕੇ ਹੀ ਖੁਸ਼ੀ ਮਿਲਦੀ ਹੈ। ਇਉਂ ਹੀ ਤੂੰ ਆਪਣੇ ਬੋਝ ਤੋਂ ਮੁਕਤ ਹੁੰਦਾ ਏਂ।"
ਫਿਰ ਜ਼ਰਥੁਸਟਰ ਅਪਣੇ ਆਪ ਵੱਲ ਇਸ਼ਾਰਾ ਕਰਕੇ ਸੂਰਜ ਨੂੰ ਕਹਿਣ ਲੱਗਾ, "ਮੇਰੇ ਵੱਲ ਵੇਖ ਹੁਣ ਮੈਂ ਵੀ ਤੇਰੇ ਵਾਂਗ ਗਿਆਨ ਦੀ ਰੌਸ਼ਨੀ 'ਤੇ ਆਨੰਦ ਨਾਲ਼ ਭਰ ਚੁੱਕਾ ਹਾਂ। ਮੇਰੀ ਹਾਲਤ ਉਸ ਮਧੂ ਮੱਖੀ ਵਰਗੀ ਹੋ ਚੁੱਕੀ ਹੈ, ਜਿਸ ਨੇ ਬਹੁਤ ਸਾਰਾ ਸ਼ਹਿਦ ਇਕੱਠਾ ਕਰ ਲਿਆ ਹੋਵੇ। ਹੁਣ ਮੈਨੂੰ ਲੋੜ ਹੈ ਉਨ੍ਹਾਂ ਹੱਥਾਂ ਦੀ, ਜਿਹੜੇ ਅੱਗੇ ਵਧ ਕੇ ਸ਼ਹਿਦ ਚੋ ਲੈਣ। ਜਿਵੇਂ ਤੂੰ ਰੋਜ਼ ਆਪਣੀ ਰੌਸ਼ਨੀ ਵੰਡ ਕੇ ਕਿਧਰੇ ਗਵਾਚ ਜਾਨੈ,ਉਵੇਂ ਹੀ ਮੇਰਾ ਵੀ ਸੱਭ ਕੁਝ ਵੰਡ ਕੇ ਗਵਾਚਣ ਨੂੰ ਦਿਲ ਕਰਦੈ। ਮੈਨੂੰ ਇਹ ਸੌਗਾਤ ਉਦੋਂ ਤੱਕ ਵੰਡਣੀ ਪਵੇਗੀ, ਜਦੋਂ ਤੱਕ ਸਿਆਣੇ ਅਖਵਾਉਣ ਵਾਲ਼ੇ ਆਪਣੀ ਮੂਰਖਤਾ ਦੇ ਸਨਮੁਖ ਨਹੀਂ ਹੋ ਜਾਂਦੇ ਅਤੇ ਕੰਗਾਲ ਆਪਣੇ ਖ਼ਜ਼ਾਨਿਆਂ ਦੀ ਖੋਜ ਕਰਕੇ ਮਾਲਾਮਾਲ ਨਹੀਂ ਹੋ ਜਾਂਦੇ।"
ਇਕ ਪਲ ਰੁਕ ਕੇ ਜ਼ਰਥੁਸਟਰ ਨੇ ਫਿਰ ਸੂਰਜ ਨੂੰ ਕਿਹਾ: "ਓ ਮਹਾਨ ਸਿਤਾਰੇ! ਜਿਵੇਂ ਸੰਧਿਆ ਵੇਲੇ ਤੋਂ ਸਮੁੰਦਰ ਦੇ ਪਿੱਛੇ ਦੂਸਰੇ ਲੋਕ ਵਿਚ ਜਾ ਕੇ ਚਾਨਣ ਵੰਡਣ ਲੱਗ ਪੈਨੈਂ, ਉਵੇਂ ਮੈਂ ਵੀ ਆਪਣੀ ਰੌਸ਼ਨੀ ਵੰਡਣ ਲਈ ਹੁਣ ਪਹਾੜ ਤੋਂ ਹੇਠਾਂ ਉਤਰਾਂਗਾ। ਓ ਮਹਾਨ ਨਜ਼ਰ! ਮੈਨੂੰ ਸ਼ੁਭਕਾਮਨਾਵਾਂ ਭੇਜ। ਸ਼ੁਭ ਕਾਮਨਾਵਾਂ ਭੇਜ,ਉਸ ਪਿਆਲੇ ਲਈ, ਜਿਸ ਨੇ ਹੁਣ ਛਲਕਣਾ ਹੈ। ਤੂੰ ਦੁਆ ਕਰ, ਇਹ ਪਿਆਲਾ ਛਲਕਣ ਤੋਂ ਪਹਿਲਾਂ ਅਪਣੀ ਚਮਕ ਵਿਖਾ ਜਾਵੇ। ਇਹ ਪਿਆਲਾ ਹੁਣ ਛਲਕਣ ਲੱਗਾ ਹੈ।
ਹਾਂ! ਹੁਣ ਮੈਂ ਲੋਕਾਂ ਵਿਚ ਜਾਣ ਲੱਗਾ ਹਾਂ।”
ਜ਼ਰਥੁਸਟਰ ਪਹਾੜਾਂ ਤੋਂ ਹੇਠਾਂ ਉਤਰਨ ਲੱਗਾ। ਰਾਹ ਵਿਚ ਉਸਨੂੰ ਇਕ ਸਾਧੂ ਮਿਲਿਆ। ਇਹ ਸਾਧੂ ਅਪਣੀ ਕੁਟੀਆ ਛੱਡ ਕੇ ਖਾਣ ਵਾਸਤੇ ਕੁਝ ਜੜ੍ਹਾਂ ਇਕੱਠੀਆਂ ਕਰਨ ਆਇਆ ਸੀ। ਜ਼ਰਥੁਸਟਰ ਵੱਲ ਵੇਖ ਕੇ ਉਹ ਅਪਣੇ ਮਨ ਨਾਲ਼ ਹੀ ਗੱਲਾਂ ਕਰਨ ਲੱਗਾ, ਇਹ ਉਹੀ ਜ਼ਰਥੁਸਟਰ ਲੱਗਦੈ ਜਿਹੜਾ ਕਈ ਸਾਲ ਪਹਿਲਾਂ ਇਧਰੋਂ ਦੀ ਲੰਘਿਆ ਸੀ। ਪਰ ਇਹ ਤਾਂ ਪੂਰੀ ਤਰ੍ਹਾਂ ਬਦਲ ਗਿਆ ਹੈ। ਕਮਾਲ ਦਾ ਨੂਰਾਨੀ ਚਿਹਰਾ! ਪਿਆਰ ਤੇ ਮਸਤੀ ਨਾਲ਼ ਭਰੀਆਂ ਨਿਰਮਲ ਅੱਖਾਂ! ਬੱਚਿਆਂ ਵਰਗੀ ਨਿਰਛਲਤਾ, ਇਹਦਾ ਤਾਂ ਰੋਮ ਰੋਮ ਨੱਚਦਾ ਗਾਉਂਦਾ ਜਾ ਰਿਹਾ ਹੈ। ਉਦੋਂ ਜਦੋਂ ਮੈਂ ਉਸਨੂੰ ਵੇਖਿਆ ਸੀ, ਇਹ ਆਪਣੀ ਰਾਖ ਚੁੱਕ ਕੇ ਪਹਾੜਾਂ ਉੱਤੇ ਚੜ੍ਹਾ ਰਿਹਾ ਸੀ ਤੇ ਹੁਣ ਆਪਣੀ ਅੱਗ ਲੈ ਕੇ ਲੋਕਾਂ ਵਿਚ ਜਾ ਰਿਹਾ ਹੈ ਹੁਣ ਇਹਨੇ ਲੋਕਾਂ ਵਿਚ ਜਾ ਕੇ ਅੱਗ ਵੰਡਣ ਲੱਗ ਪੈਣਾ ਹੈ। ਲੱਗਦੈ ਇਹਨੂੰ ਅੱਗ ਵੰਡਣ ਵਾਲਿ਼ਆਂ ਦੇ ਹਸ਼ਰ ਦਾ ਅੰਦਾਜ਼ਾ ਨਹੀਂ।”
ਆਪਣੇ ਮਨ ਨਾਲ਼ ਇਹ ਗੱਲਾਂ ਕਰਕੇ ਬੁੱਢੇ ਸਾਧੂ ਨੇ ਜ਼ਰਥੁਸਟਰ ਨੂੰ ਆਵਾਜ਼ ਮਾਰੀ। ਜ਼ਰਥੁਸਟਰ ਦੇ ਰੁਕਣ ‘ਤੇ ਉਹ ਉਹਦੇ ਕੋਲ਼ ਜਾ ਕੇ ਆਖਣ ਲੱਗਾ, “ਜ਼ਰਥੁਸਟਰ ਹੁਣ ਤੁੂੰ ਜਾਗ ਚੁੱਕਾ ਹੈਂ, ਤੇਰੀ ਚੇਤਨਾ ਬਹੁਤ ਉਚੀ ਉਠ ਚੁੱਕੀ ਹੈ, ਹੁਣ ਤੂੰ ਸੁੱਤਿਆਂ ਦੀ ਬਸਤੀ ਵਲ ਕੀ ਲੈਣ ਜਾ ਰਿਹਾ ਹੈਂ?”
ਬੁੱਢੇ ਸਾਧੂ ਦੀ ਗੱਲ ਸੁਣ ਕੇ ਜ਼ਰਥੁਸਟਰ ਨੇ ਕਿਹਾ, “ਮੈਂਨੂੰ ਮਨੁੱਖ ਨਾਲ਼ ਪਿਆਰ ਹੈ, ਮੈਂ ਉਸ ਲਈ ਰੌਸ਼ਨੀ ਦੀ ਸੌਗਾਤ ਲੈ ਕੇ ਜਾ ਰਿਹਾ ਹਾਂ।”
ਤਦ ਸਾਧੂ ਨੇ ਕਿਹਾ, “ਪਰ ਆਦਮੀ ਤਾਂ ਭਿਖਾਰੀ ਹੈ, ਉਹਨੂੰ ਤੇਰੀ ਚੇਤਨਾ ਦੀ ਸੌਗਾਤ ਨਾਲ਼ ਕੋਈ ਮਤਲਬ ਨਹੀਂ। ਉਹ ਤਾਂ ਤੈਥੋਂ ਭੀਖ ਮੰਗੇਗਾ।”
ਇਹ ਗੱਲ ਸੁਣ ਕੇ ਜ਼ਰਥੁਸਟਰ ਕਹਿਣ ਲੱਗਾ, “ਆਦਮੀ ਦੀ ਤਰਸਯੋਗ ਹਾਲਤ ਦੇਖ ਕੇ ਮੈਥੋਂ ਜਰਿਆ ਨਹੀਂ ਜਾਂਦਾ। ਮੈਨੂੰ ਮਨੁੱਖ ਜਾਤੀ ਨਾਲ਼ ਪਿਆਰ ਹੈ। ਮੈਂ ਉਸ ਲਈ ਭੀਖ ਨਹੀਂ, ਆਨੰਦ ਦਾ ਤੋਹਫਾ ਲੈ ਕੇ ਜਾ ਰਿਹਾ ਹਾਂ।”
ਜ਼ਰਥੁਸਟਰ ਦੀ ਗੱਲ ਸੁਣ ਕੇ ਬੁੱਢਾ ਸਾਧੂ ਕਹਿਣ ਲੱਗਾ, “ਤੂੰ ਮੇਰੇ ਵੱਲ ਵੇਖ! ਮੈਂ ਭਲਾ ਇਹਨਾਂ ਜੰਗਲਾਂ ਵਿਚ ਕਿਉਂ ਆਇਆ ਹਾਂ? ਮੈਂ ਵੀ ਕਦੇ ਮਨੁੱਖ ਨੂੰ ਬਹੁਤ ਪਿਆਰ ਕਰਦਾ ਹੁੰਦਾ ਸੀ ਪਰ ਹੁਣ ਮੈਂ ਸਿਰਫ਼ ਰੱਬ ਨੂੰ ਹੀ ਪਿਆਰ ਕਰਦਾ ਹਾਂ। ਮੈਨੂੰ ਪਤਾ ਲੱਗ ਚੁੱਕਾ ਹੈ ਕਿ ਮਨੁੱਖ ਨੂੰ ਪਿਆਰ ਕਰਨਾ ਬੜਾ ਘਾਤਕ ਸਿੱਧ ਹੁੰਦਾ ਹੈ।
ਜ਼ਰਥੁਸਟਰ ਕਹਿਣ ਲੱਗਾ, “ਪਰ ਮੇਰੇ ਪਿਆਰ ਦਾ ਢੰਗ ਤਾਂ ਬਿਲਕੁਲ ਵੱਖਰੀ ਤਰ੍ਹਾਂ ਦਾ ਹੈ। ਮੈਂ ਮਨੁੱਖ ਨੂੰ ਕੋਈ ਭੀਖ ਨਹੀਂ ਦੇਣੀ ਕਿਉਂਕਿ ਮੈਂ ਏਨਾ ਗਰੀਬ ਨਹੀਂ।”
ਇਹ ਸੁਣ ਕੇ, ਬੁੱਢਾ ਸਾਧੂ ਜ਼ਰਥੁਸਟਰ ਨੁੰ ਫਿਰ ਆਖਣ ਲੱਗਾ, “ ਜ਼ਰਥੁਸਟਰ ਮੇਰੀ ਬੇਨਤੀ ਸੁਣ। ਮਨੁੱਖ ਦਾ ਖਿਆਲ ਛੱਡ ਦੇ। ਮਨੁੱਖ ਨੂੰ ਮਿਲਣ ਨਾਲ਼ੋਂ ਤਾਂ ਚੰਗਾ ਹੋਵੇਗਾ, ਇਥੋਂ ਦੇ ਪਸ਼ੂਆਂ ਜਾਨਵਰਾਂ ਨੂੰ ਮਿਲ ਲੈ।”
ਬੁੱਢੇ ਸਾਧੂ ਦੀਆਂ ਗੱਲਾਂ ਸੁਣ ਕੇ ਜ਼ਰਥੁਸਟਰ ਬੱਚਿਆਂ ਵਾਂਗ ਹੱਸਣ ਲੱਗਾ, ਜਦੋਂ ਬੁੱਢਾ ਸਾਧੂ ਉਹਦੇ ਕੋਲੋਂ ਚਲਾ ਗਿਆ ਤਾਂ ਜ਼ਰਥੁਸਟਰ ਆਪਣੇ ਮਨ ਵਿਚ ਸੋਚਣ ਲੱਗਾ, “ਭਲਾ ਇਸ ਬੁੱਢੇ ਸਾਧੂ ਨੂੰ ਅਜੇ ਤੱਕ ਪਤਾ ਹੀ ਨਹੀਂ ਲੱਗਾ ਕਿ ਜਿਹੜੇ ਰੱਬ ਨੂੰ ਲੱਭਣ ਲਈ ਉਹ ਇਥੇ ਟੱਕਰਾਂ ਮਾਰ ਰਿਹਾ ਹੈ, ਉਹ ਤਾਂ ਮਰ ਚੁੱਕਾ ਹੈ।”
ਜਦੋਂ ਜ਼ਰਥੁਸਟਰ ਸ਼ਹਿਰ ਵਿਚ ਆਇਆ ਤਾਂ ਉਸ ਨੇ ਬਹੁਤ ਸਾਰੇ ਲੋਕਾਂ ਦਾ ਇਕੱਠ ਵੇਖਿਆ। ਇਸ ਸ਼ਹਿਰ ਵਿਚ ਹੋਕਾ ਦਿੱਤਾ ਗਿਆ ਸੀ ਕਿ ਅੱਜ ਰੱਸੇ ਉਤੇ ਨੱਚਣ ਵਾਲ਼ਾ ਆਪਣੇ ਨਾਲ਼ ਲਿਆਂਦੇ ਬਾਂਦਰ ਦੇ ਕਰਤੱਵ ਦਿਖਾ ਕੇ ਸੱਭ ਦਾ ਮਨੋਰੰਜਨ ਕਰੇਗਾ। ਇਹ ਸਾਰੇ ਲੋਕ ਹੋਕਾ ਸੁਣ ਕੇ ਤਮਾਸ਼ਾ ਦੇਖਣ ਲਈ ਇਕੱਠੇ ਹੋਏ ਸਨ। ਇਨ੍ਹਾਂ ਦੀ ਭੀੜ ਕੋਲ਼ ਰੁਕ ਕੇ ਜ਼ਰਥੁਸਟਰ ਨੇ ਉਚੀ ਆਵਾਜ਼ ਵਿਚ ਕਿਹਾ, “ਦੋਸਤੋ! ਤਮਾਸ਼ੇ ਤੋਂ ਪਹਿਲਾਂ ਮੇਰੀ ਨਿੱਕੀ ਜਿਹੀ ਗੱਲ ਸੁਣੋ।”

(ਬਾਕੀ ਅਗਲੇ ਅੰਕ ਵਿਚ....)

No comments: